ਨੌੰਂ ਖ਼ਤ/ਇਕ ਕਹਾਣੀ – ਰੂਪ ਢਿੱਲੋਂ

ਨਾ ਵੰਞ ਨਾ ਵੰਞ ਢੋਲਣ ਯਾਰ
ਟਿਕ ਪਊ ਇਥਾਈਂ ਵੇ ਢੋਲਣ ਯਾਰ।
ਲੋਕੀਂ ਕਮਲੇ ਲੱਦੀ ਲੱਦੀ ਜਾਂਦੇ
ਟੁੱਟ ਗਈਆਂ ਯਾਰੀਆਂ ‘ਤੇ ਫੁੱਲ ਕੁਮਲਾਂਦੇ।
ਟਿਕ ਪਊ ਇਥਾਈਂ ਵੇ ਢੋਲਣ ਯਾਰ
ਨਾ ਵੰਞ ਨਾ ਵੰਞ ਢੋਲਣ ਯਾਰ।ਰੋਟੀ ਤੇ ਰਿਜ਼ਕ ਅੱਲ੍ਹਾ ਦੇਂਦਾ ਏ ਸਾਈ ਵੇਂ
ਅਪਣੇ ਵਤਨ ਦੀਆਂ ਠੰਢੀਆਂ ਛਾਈਂ ਵੇਂ
ਟਿਕ ਪਊ ਇਥਾਈਂ ਵੇ ਢੋਲਣ ਯਾਰ
ਨਾ ਵੰਞ ਨਾ ਵੰਞ ਢੋਲਣ ਯਾਰ

**

ਭਾਦੋਂ ਦਾ ਬਾਹਈਵਾਂ ਦਿਨ

ਪਿਆਰੇ ਭਾਪਾ ਜੀ,
ਸਤਿ ਸ੍ਰੀ ਅਕਾਲ।

ਮੈਂ ਠੀਕ ਠਾਕ ਹਾਂ? ਭੈਣ ਕਿਵੇਂ ਹੈ? ਸਾਰੇ ਰਾਜ਼ੀ ਤਾਂ ਹੋ? ਭੈਣ ਨੂੰ ਕਹਿਣਾ ਕਿ ਮੈਂ ਉਸ ਦੇ ਹੱਥੋਂ ਬਣਾਏ ਪਰ੍ਹਾਠਿਆਂ ਦੇ ਸੁਪਨੇ ਲੈਂਦਾ। ਮਾਂ ਨੂੰ ਵੀ ਦੱਸਣਾ, ਹੁਣ ਤਾਂ ਘਾਟ ਮਹਿਸੂਸ ਕਰਨੀ ਹੀ ਹੈ। ਮਾਂਮ ਵਿਗੋਚਾ ਪੈਂਦਾ। ਅਕਸਰ ਮਾਵਾਂ ਹੁੰਦੀਆਂ ਠੰਢੀਆਂ ਛਾਵਾਂ। ਹੁਣ ਘਰੋਂ ਦੂਰ, ਇੰਨੇ ਦਿਨਾਂ ’ਚ ਹੀ, ਇਸ ਸੱਚ ਦਾ ਯਕੀਨ ਹੋ ਰਿਹਾ ਹੈ। ਸਾਰੇ ਬਹੁਤ ਯਾਦ ਆਉਂਦੇ ਨੇ। ਭਾਪਾ, ਤੁਸੀਂ ਠੀਕ ਹੋ? ਖੇਤ ਕਿਵੇਂ? ਪੈਸੇ ਭੇਜੂੰਗਾ, ਫ਼ਿਕਰ ਨਹੀਂ ਕਰਨਾ। ਮੈਂ ਠੀਕ ਹਾਂ। ਹਾਲੇ ਸਫ਼ਰ ਤੇ ਹੀ ਹਾਂ। ਕਈ ਯਾਰ ਵੈਲੀ ਬਣਾ ਲਏ ਭਾਪਾ ਜੀ। ਚਾਰ ਤਾਂ ਖ਼ਾਸ ਮਿੱਤਰ ਬਣ ਚੁੱਕੇ ਨੇ। ਇੱਕ ਹੈ ਚਿਰਾਗ ਅਾਲਮ। ਉਹ ‘ਪਿੰਡੀ ਤੋਂ ਆਇਆ। ਇੱਕ ਹੈ ਦਰਸ਼ਨ ਸਿੰਘ। ਬਹੁਤ ਬੀਬਾ ਮੁੰਡਾ ਹੈ। ਲੁਧਿਆਣੇ ਪਾਸਿਉਂ ਹੈ, ਬੱਗੀ ਤੋਂ। ਗਿਆਨ ਸਿੰਘ ਵੀ ਚੰਗਾ ਹੈ। ੳੁਹ ਜਲੰਧਰ ਦੇ ਕੋਲੋਂ ਹੈ, ਗੋਰਿਆ ਤੋਂ। ਜੋਧਾ ਰਾਮ ਲਾਹੋਰ ਤੋਂ ਹੈ। ਉਹ ਸਾਥੋਂ ਵੱਡਾ ਹੈ। ਚਾਰੇ ਹੀ ਚੰਗੇ ਮੁੰਡੇ ਨੇ। ਫ਼ਿਕਰ ਨਾ ਹੁਣ ਕਰੋ। ਮੇਰਾ ਸਾਥ ਕਰੂਗੇ। ਸ਼ੁਗਲ ‘ਚ ਹੋਰ ਸਾਰੇ ਸਾਨੂੰ ਪੰਜ ਪਿਆਰੇ ਆਖਦੇ ਨੇ। ਤਿੰਨ ਤਾਂ ਮੇਰੀ ਜਥੇ ’ਚ ਹਨ।

ਹੁਣ ਦਸ ਦਿਨ ਹੋ ਚੁੱਕੇ ਹਨ ਜਦ ਦਾ ਜਹਾਜ਼ ਕਰਾਚੀ ਤੋਂ ਤੁਰਿਆ। ਜਹਾਜ਼ ‘ਚ ਹਰ ਇਲਾਕੇ ਤੋਂ ਸਿਪਾਹੀ ਹਨ। ਜਿਵੇਂ ਹਰ ਸਿੱਖ, ਹਿੰਦੂ ਤੇ ਮੁਸਲਮਾਨ ਨੇ ਫ਼ੌਜ ‘ਚ ਭਰਤੀ ਕੀਤੀ ਹੋਵੇ! ਸਾਨੂੰ ਜਹਾਜ਼ ਦੇ ਢਾਂਚੇ ਗੋਦੀ ਵਿੱਚ ਰਖਿਅਾ ਹੈ। ਪਤਾ ਨਹੀਂ ਅਸੀਂ ਕੁਲ ਕਿੰਨੇ ਬੰਦੇ ਹਾਂ! ਬੰਦਾ ਤਾਂ ਅੰਗੜਾਈ ਵੀ ਨਹੀਂ ਲੈ ਸਕਦਾ! ਖ਼ੈਰ ਕਈ ਬੁੱਢੇ ਵੀ ਹਨ, ਪਰ ਕਾਫ਼ੀ ਨੌਜਵਾਨ ਵੀ ਹਨ। ਮੇਰੇ ਖਿਆਲ ਵਿੱਚ ਮੁੰਡੇ ਪੰਦਰਾਂ ਜਾਂ ਸੋਲ਼ਾਂ ਸਾਲ ਦੇ ਵੀ ਭਰਤੀ ਹਨ। ਦਰਸ਼ਨ ਸਿਰਫ਼ ਸੋਲਾਂ ਸਾਲਾਂ ਦਾ ਹੈ। ਸਭ ਨੂੰ ਇੱਕ ਰਫ਼ਲ ਦਿੱਤੀ ਹੋਈ ਹੈ ਅਤੇ ਹਲਕੀ ਜਿਹੀ ਖਾਕੀ ਬਰਦੀ। ਸਾਨੂੰ ਭਰਤੀ ਤੇ ਦੱਸਿਆ ਗਿਆ ਸੀ ਕਿ ਅਸੀਂ ਇੱਕ ਵੱਡੇ ਵਿਕਾਰੀ ਨਾਲ਼ ਲੜਨ ਲੱਗੇ ਹਾਂ। ਅਸੀਂ ਦੁਨੀਆਂ ਨੂੰ ਬਚਾਉਣ ਲੱਗੇ ਹਾਂ। ਪਰ ਸੱਚ ਹੈ, ਮੇਰੇ ਵਾਂਗਰ ਉਹ ਸਾਰੇ ਵੀ ਇਸ਼ਤਿਹਾਰ ਵੇਖ ਕੇ ਬੰਦੇ ਭਰਤੀ ਹੋਏ ਨੇ। ਸਾਨੂੰ ਆਸ ਦਿੱਤੀ ਗਈ ਹੈ ਕਿ ਪੰਜਾਬ ਤੋਂ ਬਿਹਤਰ ਹਾਲ ਹੋਵੇਗਾ। ਖਾਣਾ ਹੋਵੇਗਾ, ਚੰਗੇ ਲੀੜੇ ਅਤੇ ਸੋਹਣੀਆਂ ਜੁੱਤੀਆਂ। ਖ਼ਾਸ ਗੱਲ ਹੈ ਪੈਸੇ! ਪੰਦਰਾਂ ਰੁਪਈਏ ਹਰ ਮਹੀਨੇ ਮਿਲਣੇ ਹਨ।

ਰਾਹ ਵਿੱਚ ਅਸੀਂ ‘ਮੇਸੋਪਤੇਮੀਆ’ ’ਚ ਰੁੱਕੇ। ਕਈ ਫ਼ੌਜੀ ਉੱਥੇ ਲਾਹ ਦਿੱਤੇ ਸੀ। ਫ਼ੇਰ ਜਹਾਜ਼ ਕਿਸੇ ਵੱਡੀ ਚੌੜੀ ਨਹਿਰ’ਚੋਂ ਲੰਘ ਕੇ ਸਾਨੂੰ ਮਿਸਰ ਲੈ ਆਇਆ। ਭਾਪਾ ਜੀ, ਦੇਖਣ ਵਾਲ਼ਾ ਥਾਂ ਹੈ। ਮੈਂ ਇੱਥੋਂ ਖ਼ੱਤ ਲਿਖ ਰਿਹਾ ਹਾਂ। ਮਾਰੂਥਲ ਮੁਲਕ ਹੈ। ਚਾਰ ਚੁਫੇਰ ਰੇਗਿਸਤਾਨ। ਪਰ ਦੇਖਣ ਵਾਲਾ। ਜਦ ਬੰਦਰਗਾਹ ਪੁੱਜੇ, ਕੰਢੇ ਦੇ ਨਾਲ ਨਾਲ ਕਈ ਮਸੀਤਾਂ ਸਨ। ਪਰ ਜਹਾਜ਼ ਥੋੜ੍ਹਾ ਜਿਹਾ ਦਰਿਆ ਪਾਰ ਕਰ ਕੇ ਅੰਦਰ ਗਿਆ। ਦੋਹੀਂ ਪਾਸੇ ਖਾਦਰ ਹੀ ਹੈ। ਇੱਕ ਸ਼ਹਿਰ ਦੇ ਬਾਹਰ ਟਿਕੇ, ਜਿੱਥੇ ਸਾਨੂੰ ਸਾਹਿਲ ਤੇ ਲਾਹ ਦਿੱਤਾ ਸੀ। ਸਾਨੂੰ ਦੋ ਦਿਨ ਲਈ ਇੱਥੇ ਅਰਾਮ ਕਰਨ ਦਾ ਮੌਕਾ ਦਿੱਤਾ ਗਿਆ ਹੈ। ਭਾਪਾ ਜੀ, ਸ਼ਹਿਰ ਦੇ ਲਾਗੇ ਇੱਕ ਅਜੂਬਾ ਹੀ ਹੈ। ਇੱਕ ਨਹੀਂ, ਕਈ। ਤਿੰਨ ਚਾਰ ਖੰਡਰ ਜਾਂ ਮੰਦਰ ਦਿਸਦੇ ਸੀ, ਜੋ ਬਹੁਤ ਅਜੀਬ ਹਨ। ਅਸੀਂ ਉਨ੍ਹਾਂ ਦੇ ਨੇੜੇ ਵੀ ਗਏ ਸੀ। ਲੰਮੀਅਾਂ ਇਮਾਰਤਾਂ ਹਨ, ਜੋ ਦੇਖਣ ਵਿੱਚ ਬਿਨਾ ਬੂਹਾ ਬਾਰੀਆਂ ਤਿਕੋਣੇ ਹਨ। ਪਤਾ ਨਹੀਂ ਕਿੰਨੇ ਉੱਚੇ ਨੇ। ਪਤਾ ਨਹੀਂ ਕਿੰਨੀਆਂ ਮੰਜ਼ਲਾਂ ਜਿੱਡੇ ਨੇ। ਅਸੀਂ ਤਾਂ ਉਸ ਦੇ ਪਾਸਿਉਂ ਚੜ੍ਹ ਕੇ ਉੱਪਰ ਤੱਕ ਵੀ ਜਾਣ ਦੀ ਕੋਸ਼ਿਸ਼ ਕੀਤੀ ਸੀ। ਜ਼ਿਆਦਾ ਤਾਂ ਗੋਰੇ ਅਫਸਰ ਚੜ੍ਹ ਰਹੇ ਸੀ। ਤਿਕੋਣਿਆਂ ਦੇ ਦਾਮਨ ਤੇ ਇੱਕ ਗੇਂਦ ਨੂੰ ਪੈਰ ਮਾਰ ਕੇ ਖੇਲ਼ਦੇ ਸੀ। ਅਸੀਂ ਉਨ੍ਹਾਂ ਤੋਂ ਦੂਰ ਹੀ ਰਹੇ। ਬਹੁਤਾ ਸਾਡੇ ਨਾਲ ਬੋਲਣਾ ਨਹੀਂ ਚਾਹੁੰਦੇ ਸੀ। ਅਸੀਂ ਤਾਂ ਦਰਿਆ ’ਚ ਨਾਹ ਕੇ ਦਸ ਦਿਨਾਂ ਬਾਅਦ ਪਿੰਡੇ ਸਾਫ਼ ਕੀਤੇ। ਬਹੁਤ ਮਜ਼ਾ ਆਇਆ।

ਵੈਸੇ ਜਹਾਜ਼ ਵਿੱਚ ਰਹਿਣਾ ਔਖਾ ਹੀ ਸੀ। ਲੋਕ ਜ਼ਿਆਦਾ ਸੀ, ਢਾਂਚੇ ’ਚ ਥਾਂ ਘੱਟ ਸੀ। ਉੱਪਰਲੀਅਾਂ ਮੰਜ਼ਲਾਂ ਤੇ ਗੋਰੇ ਸਨ, ਜਿੱਥੇ ਚੱਜ ਦੇ ਕਮਰੇ ਸਨ। ਢਾਂਚੇ ਵਿੱਚ ਬਹੁਤ ਗਰਮੀ ਹੈ। ਸਾਨੂੰ ਦੱਸਿਆ ਗਿਆ ਹੈ ਕਿ ਤਿੰਨ ਹਫਤਿਆਂ ‘ਚ ਅਸੀਂ ਰਣ ਤੱਕ ਪਹੁੰਚ ਜਾਣਾ ਹੈ। ਇਸ ਵੇਲੇ ‘ਕਾਈਰੋ’ ਸ਼ਹਿਰ ‘ਚ ਹਾਂ। ਇੱਥੋਂ ਚਿੱਠੀ ਭੇਜ ਰਿਹਾ ਹਾਂ। ਅਗਲਾ ਖ਼ਤ ਵਲੈਤ ਪੁੱਜ ਕੇ ਲਿਖਾਂਗਾਂ।

ਰੱਬ ਰਾਖਾ!
ਤੁਹਾਡਾ ਪਿਆਰਾ ਪੁੱਤ ਖੇਮਾ
***

ਭਾਦੋਂ ਦਾ ਬਾਹਈਵਾਂ ਦਿਨ

ਪਿਆਰੇ ਬੂਟਾ ਸਿਆਂ!

ਤੰੂ ਠੀਕ ਠਾਕ ਹੈ? ਸਾਰਾ ਟੱਬਰ ਰਾਜ਼ੀ ਹੈ? ਅਸੀਂ ਮਿਸਰ ਪਹੁੰਚ ਚੁੱਕੇ ਅੱਜ। ਕਰਾਚੀ ਤੋਂ ਹਫ਼ਤੇ ਤੋਂ ਉੱਪਰ ਨਿਕਲੇ ਸੀ। ਕੁਝ ਦਿਨਾਂ ਵਿੱਚ ਅਸੀਂ ਗੋਰਿਆਂ ਦੀ ਜੰਗ ਦੇ ਮੈਦਾਨ ਪੁੱਜ ਜਾਣਾ ਹੈ। ਮੈਂ ਭਾਪੇ ਜੀ ਨੂੰ ਇੱਕ ਚਿੱਠੀ ਲਿਖ ਕੇ ਹਟਿਆ ਹਾਂ, ਪਰ ਜੀ ਨਹੀਂ ਕਰਦਾ ਉਸ ਨੂੰ ਸਭ ਕੁਝ ਦੱਸਣ ਦਾ।

ਪਿੰਡ ਬਹੁਤ ਚੇਤੇ ਆਉਂਦਾ ਹੈ ਯਾਰ। ਖੇਤਾਂ ਦੀਆਂ ਕਣਕਾਂ, ਗੰਨੇ ਚੂਪਣ ਦੀ ਯਾਦ ਵੀ ਆਉਂਦੀ ਹੈ। ਅਸੀਂ ਤਾਂ ਕਈ ਦਿਨਾਂ ਲਈ ਜਹਾਜ਼ ਵਿੱਚ ਫਸੇ ਹਾਂ, ਸਾਡੀ ਹਲਾਤ ਤਾਂ ਤੇਰੇ ਖਿਆਲਾਂ ਚ ਵੀ ਨਹੀਂ ਹੋ ਸਕਦੀ ਹੈ।ਮੈਂ ਜੋ ਤੈਨੂੰ ਦੱਸ ਸਕਦਾਂ ਹੋਰ ਕਿਸੇ ਨੂੰ ਨਹੀਂ ਕਹਿ ਸਕਦਾਂ ਯਾਰ! ਹੁਣ ਆਪਣੇ ਘਰ ਵਾਲਿਆਂ ਨੂੰ ਇਹ ਖਤ ਨਹੀਂ ਦਿਖਾਉਣਾ। ਮੇਰੇ ਟਬੱਰ ਨੂੰ ਵੀ ਨਹੀਂ ਦੱਸਣਾ। ਜੇ ਮਾਂ ਨੂੰ ਪਤਾ ਲੱਗ ਗਿਆ ਅਸੀਂ ਤਾਂ ਜਿੱਦਾਂ ਇਜੜ ਵਾੜੇ ’ਚ ਫਸੇ ਹੁੰਦੇ ਹਨ, ਉਂਝ ਢਾਂਚੇ ’ਚ ਰੱਖੇ ਹੋੲੇ ਹਾਂ, ਉਸ ਦਾ ਕਲੇਜਾ ਦੁਖਣਾ। ਮੇਰੇ ਨਾਲ ਕੁਝ ਬਜ਼ੁਰਗ ਲੋਕ ਹਨ, ਪਰ ਜ਼ਿਆਦਾ ਭਰਤੀ ਬਚੀਆਂ ਦੀ ਕੀਤੀ ਲੱਗਦੀ ਹੈ। ਚੌਦਾਂ ਸਾਲ ਤੋਂ ਲੈ ਕੇ ਮੁੰਡੇ ‘ਕੱਠੇ ਕੀਤੇ ਹਨ। ਮੈਨੂੰ ਚਾਰ ਦੋਸਤ ਮਿਲ ਗਏ ਨੇ।

ਚਿਰਾਗ ਅਾਲਮ, ਦਰਸ਼ਨ ਸਿੰਘ, ਗਿਆਨ ਸਿੰਘ ਤੇ ਜੋਧਾ ਰਾਮ। ਉਮਰ ਵਿੱਚ ਜੋਧਾ ਸਭ ਤੋਂ ਵੱਡਾ ਹੈ। ਮੈਨੂੰ ਲੱਗਦਾ ਸ਼ਾਇਦ ਪੰਝੀ ਸਾਲਾਂ ਦਾ ਹੈ। ਦਰਸ਼ਨ ਤਾਂ ਲੇਲਾ ਹੀ ਹੈ। ਮਸਾਂ ਪੰਦਰਾਂ ਕੁ ਸਾਲਾਂ ਦਾ ਹੋਵੇਗਾ। ਦਾੜ੍ਹੀ ਦੀ ਥਾਂ ਉਸ ਕੋਲ਼ ਖੋਦਾ ਜਿਹਾ ਹੈ। ਨਾਲੇ ਹਰ ਭਰਤੀ ਮੇਰੇ ਵਾਂਗਰ ਨਹੀਂ ਕਰ ਕੇ ਆਇਆ ਹੈ। ਮੈਂ ਤਾਂ ਪੈਸੇ ਦੇ ਲਾਲਚ ਹੋ ਗਿਆ ਸੀ। ਖ਼ੈਰ ਅੱਜ ਕੱਲ੍ਹ ਪੈਸੇ ਚਾਹੀਦੇ ਨੇ ਤੇ ਭਾਪੇ ਦੀ ਮੱਦਦ ਹੋਜੂਗੀ। ਪਰ ਚਿਰਾਗ ਤੇ ਗਿਆਨ ਨੂੰ ਤਾਂ ਡਰਾਕੇ ਗੋਰਿਆਂ ਨੇ ਭਰਤੀ ਕਰਵਾਈ ਹੈ। ਹੋਰ ਵੀ ਉਨ੍ਹਾਂ ਵਰਗੇ ਨੇ। ਇਹ ਗੱਲ ਫੌਜੀਆਂ ਤੋਂ ਸੁਣ ਕੇ ਮੈਂ ਹੈਰਾਨ ਹੋ ਗਿਆਂ। ਕਹਿੰਦੇ ਕਈ ਪਿੰਡਾਂ ਚ ਗੋਰਿਆਂ ਨੇ ‘ਨੌਂਗਾ’ ਕੀਤਾ ਹੈ। ਪਹਿਲਾਂ ਫ਼ੈਸਲਾ ਸੀ ਕਿੰਨੇ ਸਿਪਾਹੀ ਚਾਹੀਦੇ ਨੇ, ਹਰ ਪਿੰਡ ਤੋਂ। ਮੈਂ ਇਹ ਗੱਲ ਸੁਣ ਕੇ ਹੈਰਾਨ ਹਾਂ। ਨੌਂਗਾ ਪੂਰਾ ਕਰਨ ਵਾਸਤੇ ਨੌਜਵਾਨ ਵੀ ਭਰਤੀ ਕਰ ਲਏ, ਪਿੰਡ ਪਿੰਡ ਜਾ ਕੇ। ਜਦ ਗਿਆਨ ਨੇ ਨਾਹ ਕੀਤੀ ਉਸ ਨੂੰ  ਡਰਾਵਾ ਦੇ ਕਿ ਦੋ ਵਿਕਲਪ ਦਿੱਤੇ ਗਏ। ਜੇਲ੍ਹ ਜਾਹ ਜਾਂ ਲੜਨ ਵਾਸਤੇ ਭਰਤੀ ਹੋ। ਇਸੇ ਤਰ੍ਹਾਂ ਹੀ ਚਿਰਾਗ ਨਾਲ ਬੀਤਿਆ, ਪਰ ਗੱਲ ਥੋੜ੍ਹੀ ਜਿਹੀ ਅਲੱਗ ਸੀ। ਚਿਰਾਗ ਨੇ ਡਾਕਾ ਮਾਰਿਅਾ ਸੀ ਤੇ ਉਸ ਨੂੰ ਫੜ ਲਿਆ ਸੀ। ਉਸ ਦੇ ਅੱਗੇ ਦੋ ਹੀ ਰਸਤੇ ਖੜ੍ਹੇ ਕੀਤੇ। ਜੇਲ੍ਹ ਜਾਹ ਜਾਂ ਜੰਗ ‘ਚ ਲੜ। ਮਜ਼ਬੂਰ ਕੀਤਾ ਗਿਆ। ਹੈਰਾਨੀ ਦੀ ਗੱਲ ਹੈ। ਚਿਰਾਗ ਭੀਮਾ ਵਾਂਗ ਵੱਡਾ ਬੰਦਾ ਹੈ, ਹਟਾ ਕਟਾ ਭਲਵਾਨ। ਗਿਆਨ ਪਤਲਾ ਅਤੇ ਲੰਮਾ ਜਿਹਾ ਸੋਹਲ ਮੁੰਡਾ ਹੈ। ਤੇਰਾ ਹਾਣ ਹੈ। ਸੋ ਚਿਰਾਗ ਨੂੰ ਡਰਾਉਣਾ ਸੌਖਾ ਨਹੀਂ ਹੈ। ਜੱਗਾ ਜੱਟ ਵਾਂਗ ਹੈ। ਪਰ ਡਰਾ ਦਿੱਤਾ। ਸੁਣਿਆ ਹੋਰਾਂ ਨਾਲ ਵੀ ਇੰਝ ਹੀ ਬੀਤਿਆ। ਕਈ ਤਾਂ ਗੁਸੇ ਨੇ ਕਿ ਉਹ ਮਜ਼ਬੂਰ ਹਨ ਗੋਰਿਆਂ ਵਾਸਤੇ ਲੜਨਾ ਪੈ ਰਿਹਾ ਹੈ। ਦੇਸ਼ ਵਾਪਸ ਲੈਣਾ ਚਾਹੁੰਦੇ ਨੇ। ਪਰ ਹੁਣ ਸਾਡੇ ਸਰਤਾਜਾਂ ਨੇ ਹੀ ਹਾਂ ਕੀਤੀ ਹੈ। ਇਹ ਲੋਕ ਖ਼ੁਸ਼ ਨਹੀਂ ਪਰ ਭਰਤੀ ਫੇਰ ਵੀ ਹੋ ਗਏ। ਪਰ ਸੱਚ ਹੈ ਜ਼ਿਆਦਾ ਜਣੇ ਤਾਂ ਮੇਰੇ ਵਾਂਗ ਖ਼ੁਸ਼ੀ ਸਨ ਭਰਤੀ ਕੀਤੇ ਜਾਣ ਵਿਚ। ਜੇ ਤੰੂ ਕੈਦੋ ਵਾਂਗ ਲੰਙ ਨਾ ਮਾਰਦਾ ਹੁੰਦਾ ਤਾਂ ਮੈਨੂੰ ਪੂਰਾ ਯਕੀਨ ਹੈ ਕਿ ਤੰੂ ਵੀ ਹੁਣ ਮੇਰੇ ਨਾਲ ਇੱਥੇ ਹੋਣਾ ਹੀ ਸੀ। ਅਸੀਂ ਦੇਸ ਲਈ ਹੀ ਲੜ ਰਹੇ ਹਾਂ। ਇਨਸਾਫ਼ ਲਈ, ਅਦਲ ਵਾਸਤੇ। ਸਾਡੇ ਵਾਸਤੇ ਤਾਂ ਆਰਾਮ ਹੈ। ਸਾਹਸ ਹੈ ਯਾਰਾ।

ਜਦ ਉਸ ਵੱਡੇ ਨਹਿਰ ਰਾਹੀਂ ਮਿਸਰ ਵੱਲ ਆ ਰਹੇ ਸੀ, ਇੱਕ ਦਿਨ ਮੌਕਾ ਮਿਲਿਆ ਸੀ ਜਹਾਜ਼ ਦੇ ਡੈੱਕ ਤੇ ਜਾਣ ਦਾ, ਹਵਾ ਲੈਣ ਵਾਸਤੇ। ਦੋਵੇਂ ਪਾਸੇ ਰੇਤ ਤਟ ਹੀ ਸੀ। ਅੰਬਰ ‘ਚ ਇੱਕ ਦਿਲਾਸਾ ਦੇਣ ਵਾਲਾ ਨਿਸ਼ਾਨ ਤੱਕਿਆ ਸੀ। ਸਾਡੇ ਨਾਲ ਬਾਜ਼ ਉੱਡ ਰਿਹਾ ਸੀ ਜੋ ਐਣ ਸਾਡੇ ਪੰਜਾਬ ਦੇ ਬਾਜ਼ਾਂ ਵਰਗਾ ਲੱਗਦਾ ਸੀ।

ਜਹਾਜ਼ ਦੇ ਵਿੱਚ ਹਾਲਤ ਭੈੜੀ ਹੈ। ਚੂਹੇ ਭੱਜੇ ਨੱਸਦੇ ਦੇਖੇ ਨੇ ਅਤੇ ਢਾਂਚੇ ਵਿੱਚ ਠੰਢੇ ਫ਼ਰਸ਼ ਤੇ ਪਈ ਦਾ ਹੈ। ਜ਼ਬਰਦਸਤ ਗਰਮੀ ਹੈ। ਦੰਮ ਘੁੱਟਵੀਂ ਗਰਮੀ। ਖ਼ੈਰ ਅੱਧੇ ਤਾਂ ‘ਮੇਸੋਪੀਤੇਨੀਆ’ ‘ਚ ਛੱਡ ਦਿੱਤੇ ਗਏ। ਗੋਰੇ ਸਾਡੇ ਨੇੜੇ ਨਹੀਂ ਆਉਂਦੇ। ਅਸੀਂ ਇਸ ਲਈ ਉਨ੍ਹਾਂ ਤੋਂ ਦੂਰ ਰਹਿੰਦੇ ਹਾਂ। ਸ਼ਾਮਲ ਨਹੀਂ ਹੁੰਦੇ। ਮਿਸਰ ਵਿੱਚ ਲੰਮੀਅਾਂ ਤਿਕੋਣੀਅਾਂ ਇਮਾਰਤਾਂ ਹਨ ਜੋ ਦੇਖਣ ਵਾਲੀਅਾਂ ਨੇ! ਲਾਜਵਾਬ ਹਨ। ਪਹਿਲੀ ਵਾਰੀ ਇੱਦਾਂ ਦੀਅਾਂ ਦੇਖੀਅਾਂ ਨੇ। ਦਰਿਆ ਦੇ ਨੇੜੇ ਤੰਬੂਆਂ ‘ਚ ਸੋਂਦੇ ਨੇ। ਬਾਹਰ ਜਿੱਥੇ ਤੱਕ ਦੇਖ ਸਕਦੇ ਹਾਂ, ਰੇਤ ਹੀ ਰੇਤ ਹੈ। ਮੈਨੂੰ ਲੱਗਦਾ ਇੱਥੇ ਜੱਗ ਦੀ ਹਰ ਕੋਮ ਹੋਵੇਗੀ। ਮੈਨੂੰ ਤਾਂ ਅੱਜ ਤੱਕ ਪਤਾ ਨਹੀਂ ਸੀ ਕਿ ਕਿੰਨੇ ਕਿਸਮ ਦੇ ਗੋਰੇ ਲੋਕ ਹਨ ਅਤੇ ਤਰ੍ਹਾਂ ਤਰ੍ਹਾਂ ਦੇ ਮੁਲਕਾਂ ਤੋਂ। ਇੱਥੇ ਕਾਲ਼ੇ ਰੰਗ ਦੇ ਲੋਕ ਵੀ ਹਨ ਅਤੇ ਕਈ ਤਰ੍ਹਾਂ ਦੇ ਮੁਸਲਮਾਨ, ਮਤਲਬ ਅਰਬੀ ਲੋਕ ਬਗੈਰਾ ਬਗੈਰਾ। ਹਰ ਦਿਨ ਜਹਾਜ਼ਾਂ ਚ ਨਵੇਂ ਲੋਕ ਆਉਂਦੇ ਜਾਂਦੇ ਨੇ। ਹੁਣ ਜਦ ਅੱਗਲੀ ਵਾਰੀ ਤੈਨੂੰ ਚਿੱਠੀ ਲਿਖੂੰਗਾ, ਅਸੀਂ ਗੋਰਿਆਂ ਦੇ ਜੁੱਧ ਖੇਤਰ ਪੁੱਜ ਜਾਣਾ ਹੈ।
ਖੇਮ ਸਿੰਘ
**

ਪਿਆਰੇ ਬੂਟਾ ਸਿਆਂ!

ਰੱਬ ਤੁਹਾਡੀ ਖ਼ੈਰ ਕਰੇ। ਅਸੀਂ ‘ਮਾਰਸੇ’ ਪੁੱਜ ਗਏ। ਉਹ ਬਾਜ਼ ਵੀ ਲੱਗਦਾ ਸਾਰੇ ਰਾਹ ਸਾਡੇ ਨਾਲ ਰਿਹਾ। ਜਹਾਜ਼ ਦੇ ਉੱਤਰਨ ਦੌਰਾਨ ਫ਼ਲਕ ਤੇ ਦੇਖ ਲਿਆ ਸੀ। ਮੈਨੂੰ ਲੱਗਾ ਜਿੱਦਾਂ ਸਾਡੇ ਤੇ ਅੱਖ ਰੱਖ ਰਿਹਾ ਹੋਵੇ। ਮਾਰਸੇ ਕਰਾਚੀ ਵਾਂਗਰ ਨਹੀਂ ਹੈ। ਦਿਨੇ ਗਰਮੀ ਹੈ ਪਰ ਪੰਜਾਬ ਜਿੰਨੀ ਨਹੀਂ, ਰਾਤ ਨੂੰ ਕਾਫ਼ੀ ਠੰਢ ਹੁੰਦੀ ਹੈ। ਪਹਾੜੀਆਂ ਵਿੱਚ ਸ਼ਹਿਰ ਖੜ੍ਹਾ ਹੈ। ਜਦ ਬੰਦਰਗਾਹ ਵਿੱਚ ਜਹਾਜ਼ ਪਹੁੰਚਿਆ, ਗੁਲਾਬੀ ਜਿਹੇ ਮਕਾਨ ਦਿਸਦੇ ਸਨ। ਤਿੰਨ ਚਾਰ ਮੰਜ਼ਲਾਂ ਵਾਲੇ ਸਨ ਅਤੇ ਉਨ੍ਹਾਂ ਦੇ ਉੱਪਰ ਇੱਕ ਪਹਾੜੀ ਹੈ ਜਿੱਥੇ ਲੰਮੇ ਬੁਰਜ ਵਾਲ਼ਾ ਗਿਰਜਾ ਖਲੋਇਆ ਹੈ। ਗੋਰੇ ਉਸ ਨੂੰ ਚਰਚ ਆਖਦੇ ਨੇ। ਫਰਾਂਸੀਸੀ ਲੋਕ, ਜਿਨ੍ਹਾਂ ਦਾ ਮੁਲਕ ਹੈ, ਉਸ ਨੂੰ ‘ਇਗਲੀਸ’ ਸਦਦੇ ਨੇ। ਸ਼ਹਿਰ ਦੇ ਆਲੇ ਦੁਆਲੇ, ਖ਼ਾਸ ਸਮੁੰਦਰ ਵੱਲ ਇੱਕ ਵੱਡੀ ਕੰਧ ਹੈ। ਬੰਦਰਗਾਹ  ਦੇ ਨਾਲ ਲੰਮੇ ਸੰਦਲੀ ਮਲ਼ਾਈ ਪਤਾਈ ਰੰਗੇ ਮਕਾਨ ਹਨ।

ਸਾਨੂੰ ਇੱਥੇ ਬਹੁਤਾ ਰਹਿਣ ਨਹੀਂ ਦਿੱਤਾ। ਕੂਚ ਕਰਾਕੇ ਕੇ ਸਭ ਨੂੰ ਜਨਤਾ ਤੋਂ ਪਰ੍ਹਾਂ ਬੈਰੱਕ ਚ ਲੈ ਗਏ, ਜਿੱਥੇ ਰਾਤ ਬੀਤੀ। ਖ਼ੂਬ ਖਾਣਾ ਵੀ ਮਿਲਿਆ। ਇਸ ਤੋਂ ਬਾਅਦ ਸਾਨੂੰ ਟਰਕਾਂ ’ਚ ਬਿਠਾ ਕੇ ਉੱਥੋਂ ਲੈ ਗਏ ਸੀ। ਸਾਨੂੰ ਰੇਲ ਗੱਡੀ ਵੱਲ ਲੈ ਗਏ, ਜਿੱਥੇ ਸਾਨੂੰ ਸਿੱਧਾ ‘ਰਣ’ ਵੱਲ ਭੇਜ ਦਿੱਤਾ ਸੀ। ਉੱਥੇ ਜਦ ਅੱਡੇ ਤੇ ਪਹੁੰਚੇ, ਕੂਚ ਕਰ ਕੇ ਰਣ ਵੱਲ ਲੈ ਗਏ। ਅਸੀਂ ਰਫ਼ਲਾਂ ਚੁੱਕ ਕੇ ਤੁਰੇ। ਸੜਕਾਂ ਦੇ ਪਾਸੇ ਫ਼ਰਾਂਸੀਸੀ ਗੋਰੇ ਤੇ ਗੋਰੀਆਂ ਖੜ੍ਹੇ ਸਨ। ਜਿ਼ਆਦਾ ਗੋਰੀਆਂ ਤੇ ਉਨ੍ਹਾਂ ਦੇ ਬਚੇ ਸਨ। ਬੰਦੇ ਤਾਂ ਅਕਸਰ ਸਾਰੇ ਜੰਗ ‘ਚ ਸ਼ਾਮਲ ਸੀ। ਕੋਈ ਕੋਈ ਸਾਡੇ ਵੱਲ ਭੱਜ ਭੱਜ ਕੇ ਫੁੱਲ ਲੈ ਆਉਂਦੀਆਂ ਸਨ। ਚਿਰਾਗ ਨੂੰ ਗੁਲਦਸਤਾ ਦਿੱਤਾ ਗਿਆ ਸੀ।

ਇੱਥੋਂ ਸਿੱਖਾਂ ਦੀ ਫ਼ੌਜ ਅਤੇ ਹੋਰ ਭਾਰਤੀਆਂ ਦੀਆਂ ਫ਼ੌਜਾਂ ਨੂੰ ਵੱਖ ਵੱਖ ਕਰ ਦਿੱਤਾ ਗਿਆ ਸੀ। ਮੈਂ ਸਿੱਖਾਂ ਦੀ ਬਟਾਲੀਅਨ ‘ਚ ਸ਼ਾਮਲ ਸੀ। ਮੈਂ, ਗਿਆਨ ਤੇ ਦਰਸ਼ਨ ਨਾਲ ਸੀ। ਗੋਰਿਆਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਦੇ ਕਲੰਡਰ ਦੇ ਹਿਸਾਬ ਨਾਲ 22 ਅਕਤੂਬਰ ਸੰਨ 1914 ਸੀ। ਸਾਨੂੰ ਇੱਕ ਦਮ ਖ਼ੰਦਕਾਂ ਵੱਲ ਲੈ ਕੇ ਗਏ। ਵੈਸੇ ਜਦ ਦੇ ਇੱਥੇ ਆਏ ਹਾਂ, ਕਈ ਅੰਗ੍ਰੇਜ਼ੀ ਲਫ਼ਜ਼ ਸਿੱਖੇ ਨੇ। ਫ਼ਰਾਂਸੀਸੀ ਸ਼ਬਦ ਵੀ ਸਿੱਖੇ ਨੇ।

ਫ਼ਰਾਂਸੀਸੀ ਲੋਕਾਂ ਦੇ ਘਰ ਸਾਡੇ ਘਰਾਂ ਵਰਗੇ ਨਹੀਂ ਹਨ। ਪੱਥਰਾਂ ਦੇ ਬਣਾਏ ਲੱਗਦੇ ਨੇ, ਜਾਂ ਲਾਲ ਇੱਟਾਂ ਦੇ। ਇੱਥੋਂ ਦੀਅਾਂ ਨਾਰੀਆਂ ਸਿਰ ਨਹੀਂ ਢਕ ਦੀਆਂ। ਮੈਂ ਸੋਚਦਾ ਹੁੰਦਾ ਸੀ ਕਿ ਗੋਰੇ ਮੁਲਕ ਦੇਵਤਿਅਾਂ ਨਾਲ ਭਰੇ ਹੋਣਗੇ। ਜੋ ਸਾਡੇ ਤੇ ਰਾਜ ਕਰ ਰਹੇ ਆ। ਪਰ ਇੱਥੇ ਬਹੁਤ ਗਰੀਬੀ ਹੈ। ਠੰਢ ਵੀ ਬਹੁਤ ਹੈ। ਸਾਡੀਆਂ ਬਰਦੀਆਂ ਤਾਂ ਪਤਲੀਆਂ ਨੇ। ਇਨ੍ਹਾਂ ‘ਚ ਇਸ ਮੌਸਮ ‘ਚ ਮਰ ਜਾਣਾ।

ਤੇ ਖ਼ੰਦਕਾਂ! ਖ਼ੰਦਕਾਂ ਵਿੱਚ ਰਹਿ ਕੇ ਲੜਨਾ ਜਚਦਾ ਨਹੀਂ ਹੈ ਯਾਰਾ। ਸਾਨੂੰ ਤਾਂ ਘੋੜੇ ਤੇ ਸਵਾਰ ਹੋ ਕੇ ਲੜਨਾ ਆਉਂਦਾ ਹੈ। ਪਰ ਇਹ ਤਾਂ ਕਹਿੰਦੇ ਖ਼ੰਦਕਾਂ ਚ ਲੁਕ ਕੇ ਰਹਿਓ, ਨਹੀਂ ਤਾਂ ਵੈਰੀ ਦੀ ਗੋਲ਼ੀ ਖਾ ਲੈਣੀ ਹੈ। ਸ਼ਰਮ ਆਉਂਦੀ ਹੈ ਇਸ ਤਰ੍ਹਾਂ ਲੜਨ ਲਈ। ਕੀ ਕਰੀਏ? ਖੰਦਕ ਲੰਮੇ ਬੰਦੇ ਤੋਂ ਤਿੰਨ ਗੱਜ਼ ਉੱਚੀ ਹੈ। ਇਸ ਤਰ੍ਹਾਂ ਬੰਦਾ ਤੁਰ ਫਿਰ ਸਕਦਾ ਹੈ। ਕਹਿੰਦੇ ਮਸ਼ੀਨ ਗੰਨ ਤੋਂ ਬਚ ਕੇ ਰਹਿਣ ਵਾਸਤੇ ਚੰਗੇ ਨੇ। ਮੈਨੂੰ ਲੱਗਦਾ ਚੌੜਾਈ ਵੀ ਦੋ ਗੱਜ ਦੀ ਹੋਵੇਗੀ, ਉਸ ਤੋਂ ਬਾਅਦ ਟੇਢੇ ਹੋ ਕੇ ਹੋਰ ਪਾਸੇ ਚਲਿਅਾ ਜਾਂਦਾ ਹੈ, ਉਹ ਵੀ ਦੋ ਗੱਜ ਵਾਸਤੇ, ਫੇਰ ਟੇਢਾ ਹੋ ਜਾਂਦਾ, ਜਿਵੇਂ ਸੱਪ ਵੱਟਦਾ ਹੋਵੇ। ਖ਼ੰਦਕਾਂ ਦੇ ਉੱਪਰ ਤਿੱਖੇ ਤਿੱਖੇ ਜਾਲ਼ ਰੱਖੇ ਹਨ ਜਿਸ ਨੂੰ ‘ਬਾਰਬ ਵਾਿੲਅਰ’ ਆਖਦੇ ਨੇ। ਇਸ ਵਿੱਚ ਬੰਦੇ ਦੇ ਕੱਪੜੇ ਫ਼ਸ ਸਕਦੇ ਨੇ। ਖ਼ੰਦਕ ਦੀਆਂ ਕੰਧਾਂ ਤੇ ਰੇਤੇ ਵਾਲ਼ੀਆਂ ਬੋਰੀਆਂ ਦੀਆਂ ਢੇਰੀਆਂ ਲੱਗੀਅਾਂ ਹੋਈਅਾਂ ਹਨ। ਇਸ ਤਰ੍ਹਾਂ ਸਾਨੂੰ ਰਾਖੀ ਰੱਖਣੀ ਪੈ ਰਹੀ ਹੈ। ਅਸੀਂ ਤਾਂ ਇੰਝ ਲੁਕ ਕੇ ਖ਼ੁਸ਼ ਨਹੀਂ ਸਾਂ। ਵੈਰੀ ਨਾਲ਼ ਅੱਖਾਂ ਚਾਰ ਕਰਨੇ ਚਾਹੁੰਦੇ ਸਾਂ। ਪਰ ਕੀ ਕਰੀਏ। ਜਿਵੇਂ ਦੱਸਿਆ ਜਾਵੇ ਕਰਨਾ ਹੀ ਪੈਂਦਾ ਹੈ। ਰਾਤ ਨੂੰ ਹਮਲਾ ਕਰਨਾ। ਤਾਂ ਹੀ ਹੁਣ ਲਿੱਖ ਰਿਹਾ ਹਾਂ। ਰੱਬ ਕਰੇ ਸਾਡੀ ਫਤਿਹ ਹੋ ਜਾਵੇ ਤੇ ਮੈਂ ਬਾਅਦ ‘ਚ ਫੇਰ ਚਿੱਠੀ ਲਿਖੂੰਗਾ। ਹੁਣ ਭਾਪੇ ਜੀ ਨੂੰ ਵੀ ਥੋੜ੍ਹਾ ਜਿਹਾ ਦੱਸਣਾ ਹੈ, ਪਰ ਭੈੜੀਅਾਂ ਹਾਲਤਾਂ ਬਾਰੇ ਨਹੀਂ।
ਤੰਦਰੁਸਤ ਰਹਿ ਯਾਰ,
ਖੇਮ ਸਿੰਘ
**

ਪਿਆਰੇ ਭਾਪਾ ਜੀ,

ਤੁਸੀਂ ਸਾਰੇ ਰਾਜ਼ੀ ਹੋ? ਮੈਂ ਠੀਕ ਠਾਕ ਹਾਂ। ਅਸੀਂ ਫਰਾਂਸ ਪਹੁੰਚ ਗਏ। ਇੱਥੇ ਲੜਨਾ ਹੈ। ਮਿਸਰ ਤੋਂ ਸਮੁੰਦਰ ਪਾਰ ਕਰ ਕੇ ‘ਮਾਰਸੇ’ ਤੇ ਪੁੱਜ ਗਏ, ਇੱਕ ਫਰਾਂਸੀਸੀ ਸ਼ਹਿਰ। ਸਾਰੇ ਰਾਹ ਇੱਕ ਬਾਜ਼ ਨਾਲ ਉਡ ਰਿਹਾ ਸੀ। ਮੇਰੇ ਖਿਆਲ ਵਿੱਚ ਇਹ ਚੰਗਾ ਸ਼ਗਨ ਹੈ। ਜਿਵੇਂ ਬਾਜ਼ਾਂ ਵਾਲਾ ਸਾਡੇ ਨਾਲ ਹੈ।

ਮੈਂ ਠੀਕ ਹਾਂ। ਮਾਂ ਤੇ ਭੈਣ ਨੂੰ ਦੱਸਣਾ। ਹੁਣ ਸਿੱਖਾਂ ਦੀ ਫ਼ੌਜ, ਦੂਜੀਆਂ ਭਾਰਤੀ ਫ਼ੌਜਾਂ ਤੋਂ ਵਖਰੀ ਕਰ ਦਿੱਤੀ ਹੈ। ਸਾਡੀ ਬਟਾਲੀਅਨ ‘ਚ ਮੈਂ, ਦਰਸ਼ਨ ਤੇ ਗਿਆਨ ਹਾਂ। ਅਸੀਂ ਮਾਰਸੇ ਤੋਂ ਈਪਰ ਵੱਲ ਰੇਲ ਗੱਡੀ ਤੇ ਆ ਗਏ ਹਾਂ।

ਠੰਢਾ ਮੁਲਕ ਹੈ ਭਾਪਾ ਜੀ। ਭਾਰੀ ਬਰਸਾਤੀ ਬਰਾਂਡੀ ਦੀ ਲੋੜ ਹੈ। ਸਾਡੀਆਂ ਬਰਦੀਆਂ ਪਤਲੀਆਂ ਹਨ। ਇੱਥੇ ਖ਼ੰਦਕਾਂ ’ਚ ਲੁਕ ਲੁਕ ਕੇ ਲੜਨਾ ਪੈਂਦਾ ਹੈ। ਹਰ ਕਿਸਮ ਦੇ ਲੋਕ ਹਨ। ਗੋਰੇ, ਕਾਲ਼ੇ ਤੇ ਸਾਡੇ ਲੋਕ। ਖ਼ਾਸ ਸਿੱਖ ਸਿਪਾਹੀ। ਪਰ ਫਰਾਂਸੀਸੀ ਲੋਕ ਵਲੈਤੀ ਰਾਜ ਹੇਠ ਨਹੀਂ ਹਨ। ਉਨ੍ਹਾਂ ਦੀ ਮੱਦਦ ਕਰ ਰਹੇ ਹਾਂ। ਉਨ੍ਹਾਂ ਦੇ ਦੇਸ਼ ੳੱੁਤੇ ਜਰਮਨਾਂ ਨੇ ਚੜ੍ਹਾਈ ਕੀਤੀ ਹੈ। ਅਸੀਂ ਹੈਰਾਨ ਹਾਂ ਆਲੇ ਦੁਆਲੇ ਵੇਖ ਕੇ ਚਿੱਟੇ ਲੋਕ ਕਿੰਨੀ ਆਈ ਚਲਾਈ ਵਿੱਚ ਵਸਦੇ ਹਨ। ਕੱਪੜੇ ਲੀੜੇ ਸਾਡੇ ਵਰਗੇ ਨਹੀਂ ਹਨ। ਫਰਾਂਸੀਸਣਾਂ ਮੋਟੀਆਂ ਘੱਗਰੀਆਂ ਪਾਉਂਦੀਆਂ ਨੇ ਤੇ ਉਨ੍ਹਾਂ ਦੇ ਸਿਰ ਆਮ ਨਹੀਂ ਢੱਕੇ ਹੁੰਦੇ। ਜਦ ਜ਼ਿਆਦਾ ਠੰਢੀ ਹੁੰਦੀ ਸਾਫ਼ਾ ਵਰਗਾ ਲੀੜਾ ਪਹਿਨਦੀਅਾਂ ਨੇ। ਬੁਜ਼ੁਰਗਾਂ ਤੋਂ ਛੁੱਟ ਉਨ੍ਹਾਂ ਦੇ ਸਾਰੇ ਮਰਦ ਸਾਡੇ ਨਾਲ਼ ਹੀ ਜੰਗ ਵਿੱਚ ਹਨ। ਰੇਲ ਗੱਡੀ ਉੱਤਰਨ ਵੇਲੇ ਨਿੱਕੀਆਂ ਫਰਾਂਸੀਸੀ ਕੁੜੀਆਂ ਨੇ ਸਾਨੂੰ ਕੂਚ ਕਰਦਿਆਂ ਨੂੰ ਫੁੱਲ ਦਿੱਤੇ। ਬਹੁਤ ਮੌਹ ਹੈ ਸਾਡੇ ਵੱਲ ਭਾਪਾ ਜੀ। ਖ਼ੁਸ਼ ਨੇ ਕਿ ਅਸੀਂ ਉਨ੍ਹਾਂ ਨੂੰ ਖੁਦਮੁਖਤਿਆਰੀ ਦਿਲਾਉਣ ਵਾਸਤੇ ਆਏ ਹਾਂ, ਅਜ਼ਾਦੀ ਦਿਵਾਉਣ ਵਾਸਤੇ। ਇਹ ਵੇਖ ਕੇ ਸਾਨੂੰ ਇੱਥੇ ਆਉਣ ਤੇ ਮਾਣ ਹੈ। ਖ਼ੁਸ਼ੀ ਹੈ। ਹੁਣ ਤੱਦ ਹੀ  ਜਰਮਨਾਂ ਖਿਲਾਫ਼ ਲੜਨ ਲਈ ਹੋਰ ਹੌਂਸਲਾ ਹੋ ਚੁੱਕਾ ਹੈ।

ਸਾਡਾ ਫ਼ਿਕਰ ਨਾ ਕਰਿਉ। ਭੈਣ ਨੂੰ ਦੱਸਣਾ ਮੈਂ ਠੀਕ ਹਾਂ ਨਾਲੇ ਮਾਂ ਨੂੰ ਵੀ। ਸਾਨੂੰ ਖਾਣਾ ਵੀ ਮਿਲਦਾ ਹੈ ਅਤੇ ਗੁਰੂ ਗ੍ਰੰਥ ਵੀ ਸਾਡੇ ਨਾਲ਼ ਹੈ। ਰੱਬ ਕਰੇ ਲੜਾਈ ਛੇਤੀ ਜਿੱਤ ਕਿ ਵਾਪਸ ਛੇਤੀ ਪਰਤਾਂਗੇ।

ਤੁਹਾਡਾ ਪਿਆਰਾ ਪੱੁਤ
ਖੇਮਾ
**

ਕੱਤਕ ਦਾ ਮਹਿਨਾ

ਪਿਆਰੇ ਬੂਟਾ ਸਿਆਂ!

ਮੈਨੂੰ ਨਹੀਂ ਪਤਾ ਕਿੰਨਾ ਚਿਰ ਹੋ ਚੁੱਕਾ ਜਦ ਦੇ ਅਸੀਂ ਇਹ ਕੁੰਭੀ ਨਰਕ’ਚ ਆ ਖਲੋਏ ਹਾਂ। ਮੈਨੂੰ ਲੱਗਦਾ ਹੁਣ ਕੱਤਕ ਦਾ ਮਹੀਨਾ ਹੈ। ਯਾਰ ਤੈਨੂੰ ਕੀ ਦੱਸ ਸਕਦਾਂ? ਸਿੱਧੀ ਗੱਲ ਸਫ਼ੈਦਾਂ ਸਾਹਿਬਾਂ ਬਾਰੇ ਕਰਨੀ ਔਖੀ ਹੈ। ਸੁਣਿਆ ਕਿ ਹਰ ਚਿੱਠੀ ਭੇਜੀ ਨਹੀਂ ਜਾਂਦੀ। ਕੀ ਪਤਾ ਇਹ ਤੈਨੂੰ ਮਿਲੇਗੀ ਜਾਂ ਨਹੀਂ। ਜੋ ਹਾਲ ਭਾਦੋਂ ਦੇ ਮਹੀਨੇ ਝੋਟੇ ਦਾ ਹੁੰਦਾ ਟ੍ਹੋਬੇ ਵਿੱਚ, ਸੋ ਸਾਡਾ ਹਾਲ ਹੈ। ਜੁੱਤੇ ਪਾਏ ਹੋਏ ਹਨ ਜਿਨ੍ਹਾਂ’ਚ ਅਸੀਂ ਪੰਜਾਬ ‘ਚੋਂ ਆਏ ਸਾਂ। ਨਵੇਂ ਜੁੱਤੇ ਤਾਂ ਦਿੱਤੇ ਨਹੀਂ। ਇਨ੍ਹਾਂ ਵਿੱਚ ਹਰ ਦਿਨ ਰਾਤ ਖ਼ੰਦਕਾਂ ‘ਚ ਖੜ੍ਹਦੇ ਹਾਂ। ਹਰ ਰਾਤ ਇਸ ਤਰ੍ਹਾਂ ਸਿੱਧਾ ਖੜ੍ਹਣਾ ਪੈਂਦਾ ਖ਼ੰਦਕਾਂ ‘ਚ ਰਾਖੀ ਰੱਖਣ ਵਾਸਤੇ। ਪੈਰ ‘ਬੇਪੋਹ’ ਹੋ ਜਾਂਦੇ। ਪਤਾ ਨਹੀਂ ਲੱਗਦਾ ਅਨੁਭਵ ਹੋ ਰਿਹਾ ਜਾਂ ਨਹੀਂ। ਲੱਤਾਂ ਜਿਵੇਂ ਕੱਟ ਦਿੱਤੀਆਂ ਹੁੰਦੀਆਂ ਲੱਗਦੀਆਂ ਨੇ। ਜੱੁਤਿਆਂ ਦਾ ਚੇਤਾ ਭੁੱਲਾ। ਸਾਡੇ ਤਾਂ ਠੰਢ ਵਿੱਚ ਪੰਜਾਬ ’ਚ ਪਾਈ ਹੋਈ ਬਰਦੀ ਹੀ ਹੈ। ਕਿਸਮਤ ਦੀ ਗੱਲ ਹੈ ਕਿ ‘ਬੇਲਜਨਾਂ’ ਨੇ ਸਾਡੇ ਤੇ ਤਰਸ ਕੀਤਾ। ਆਹੋ ਮੈਨੂੰ ਲੱਗਦਾ ਸੀ ਈਪਰ, ਜਿੱਥੇ ਅਸੀਂ ਹੁਣ ਹਾਂ, ਫਰਾਂਸ ਸੀ। ਪਰ ਇਸ ਮੁਲਕ ਨੂੰ ਬੇਲਜਨ ਆਖਦੇ ਨੇ। ਫਰਾਂਸ ਦੀ ਧਰਤ ਪਾਰ ਕਰਕੇ ਇੱਥੇ ਆਏ ਹਾਂ।

ਸਾਨੂੰ ਠੰਢ ਤੋਂ ਬਚਾਉਣ ਵਾਸਤੇ ਬੇਲਜਨਾਂ ਨੇ ਆਪਣੇ ਘਰਾਂ ਤੋਂ ਪਰਦੇ ਲਾਹ ਲਾਹ ਕੇ ਦਿੱਤੇ ਹਨ। ਅਸੀਂ ਕੰਬਲ ਵਾਂਗ ਆਪ ਨੂੰ ਵਿੱਚ ਲੁਪੇਟ ਦਿੰਦੇ ਹਾਂ। ਮੂੰਹਾਂ ਵਿੱਚੋਂ ਭਾਫ਼ ਨਿਕਲਦੀ ਹੈ। ਜਰਾਬਾਂ ਗਿਲੀਆਂ ਹੀ ਰਹਿੰਦੀਆਂ। ਕਈ ਕਈ ਵਾਰੀ ਘੰਟਿਆਂ ਵਾਸਤੇ ਕੂਚ ਕਰਨਾ ਪੈਂਦਾ। ਪੈਰ ਤਾਂ ਸੁੱਜ ਕੇ ਫੁੱਲ ਜਾਂਦੇ ਹਨ।  ਇਸ ਹਾਲ ਨੂੰ ਖ਼ੰਦਕ ਪੈਰ ਦਾ ਨਾਂ ਦਿੰਦੇ ਹਨ।

ਹਰ ਦਿਨ ਸਾਨੂੰ ਖ਼ੰਦਕਾਂ ਦਾ ਕਿਨਾਰਾ ਟੱਪ ਕੇ ਜਾਲ ਲੰਘ ਕੇ ਦੋ ਸੌ ਗਜ ਦੌੜ ਕੇ ਵੈਰੀ ਦੀਅਾਂ ਖ਼ੰਦਕਾਂ ਜਿੱਤਣ ਦੀ ਕੋਸ਼ਿਸ਼ ਕਰਨੀ ਪੈਂਦੀ ਹੈ। ਕੀ ਦੱਸਾਂ? ਮੈਨੂੰ ਲੱਗਦਾ ਕਿ ਕਿਆਮਤ ਆ ਚੁੱਕੀ। ਕਾਲ਼ੀ ਮਿਰਚ ਬਹੁਤ ਟਾਵਾਂ ਟਾਵਾਂ ਹੁੰਦੀ ਹੈ। ਸੋਚ ਸੋਚ ਕੇ ਵਰਤਨੀ ਚਾਹੀਦੀ ਹੈ। ਪਰ ਇੱਥੇ ਤਾਂ ਇੰਝ ਛਿੜਕਦੇ ਜਿਵੇਂ ਧੇਲੇ ਦਾ ਮੁੱਲ ਵੀਂ ਨਹੀਂ ਹੁੰਦਾ। ਚਿੱਟੀ ਮਿਰਚ ਤਾਂ ਖ਼ੂਬ ਹੈ। ਪਰ ਇਹ ਵੀ ਘਰ ਦੀ ਮੁਰਗੀ ਦਾਲ ਬਰਾਬਰ ਹੈ। ਧਰਤ ਤਾਂ ਖਿਲਰੀ ਪਈ ਚਿੱਟੀ ਮਿਰਚ ਨਾਲ। ਜਦ ਵੀ ਛਿੜਕਦੇ, ਠਾਹ ਠਾਹ ਹੋ ਕੇ ਮੁਕ ਜਾਂਦੀ ਹੈ।

ਫੱਲ ਦੇਖਣ ਵਿੱਚ ਸੁਆਦ ਹੈ ਯਾਰਾ। ਸੁਿਣਆ ਕਿ ਫੱਲ ਤੇ ਵੀ ਕਾਲ਼ੀ ਮਿਰਚ ਲਾਉਣ ਦਾ ਸੁਆਦ ਹੈ। ਲਾਈ ਵੀ ਜਾਂਦੀ ਹੈ। ਮੈਂ ਵੀ ਫੱਲ ਸੁਆਦੀ ਕਰ ਲਵਾਂ ਜੇ ਮੌਕਾ ਮਿਲਿਆ। ਪਰ ਹਰ ਦਿਹਾੜ ਡਰ ਹੈ ਕਿ ਵਿਆਹ ਫੇਰ ਹੋਣ ਲੱਗਾ। ਵਿਆਹ ਪੁੱਜਨ ਤੋਂ ਪਹਿਲਾਂ ਹੀ ਬਰਾਤ ਢੁੱਕ ਜਾਂਦੀ। ਵਹੁਟੀ ਵੀ ਲਾਲ ਲਾਲ ਨਾਲ਼ ਭਿਜੀ ਹੁੰਦੀ ਏ। ਕੀ ਦੱਸਾਂ, ਤੰੂ ਹੁਣ ਖ਼ੁਦ ਸਮਝ ਲੈ ਯਾਰਾ।

ਸਾਨੂੰ ਉਨ੍ਹਾਂ ਦੀ ਬੋਲੀ ਸਮਝ ਨਹੀਂ ਲੱਗਦੀ। ਉਨ੍ਹਾਂ ਨੂੰ ਸਾਡੀ ਨ੍ਹੀਂ ਪਲੇ ਪੈਂਦੀ। ਤੇ ਫੇਰ ਕਿਸ ਨੂੰ ਜਰਮਨਾਂ ਦੀ ਪਲੇ ਪੈਣੀ ਆਂ? ਨਹੀਂ। ਇੰਝ ਹੀ ਹਰ ਘੰਟਾ ਬੀਤਦਾ ਹੈ, ਕੀ ਦੱਸਾਂ।

ਜੇ ਤੇਰੇ ਹੱਥ ਖ਼ਤ ਪੁੱਜੇ, ਚੰਗਾ ਹੈ। ਜੇ ਕੋਈ ਬੇਗਾਨੇ ਅਫਸਰ ਦੇ ਹੱਥ! ਇਹ ਨਹੀਂ ਜਰ ਸਕਦਾਂ ਮੈਂ। ਕਿਸੇ ਨੇ ਮੈਨੂੰ ਦੱਸਿਆ ਕਿ ਜਿੱਥੇ ਸਾਨੂੰ ਪੰਦਰਾਂ ਰੁਪਈਏ ਹਰ ਦਿਹਾੜੀ ਵਾਸਤੇ ਮਿਲਦੇ ਹਨ, ਅਸਟਰੇਲੀਅਨ ਮਿਰਚ ਦਾ ਭਾ ਤਾਂ ਪੰਜ ਸ਼ੱਲੰਿਗ ਨੇ! ਇਨਸਾਫ਼ੀ ਨਹੀਂ ਹੋਈ? ਚਿੱਟੀ ਮਿਰਚ ਮਹਿੰਗੀ ਲੱਗਦੀ, ਕਾਲ਼ੀ ਸਸਤੀ। ਖ਼ੈਰ ਐਵੇਂ ਤੋਂ ਸਾਵਾਂ। ਕਈ ਸ਼ਾਦੀਆਂ ‘ਚ ਚਲੇ ਗਏ। ਤੇ ਉਨ੍ਹਾਂ ਸ਼ਾਦੀਆਂ ‘ਚ ਕਿਵੇਂ ਭੰਗੜਾ ਪਾਉਂਦੇ! ਸ਼ੋਰ ਮਚਾਉਂਦੇ ਨੇ! ਪਲ ਵਿਚ ਨੱਚਣ ਵਾਲੇ ਧਰਤ ਚੁੰਮਦੇ ਨੇ। ਜਰਮਨਾਂ ਦੀਆਂ ਮਸ਼ੀਨਾਂ ਹੋਰ ਚੀਜ਼ ਨੇ। ਸੁਣਿਆਂ ਕਈ ਨਵ ਚਾਪੇਲ ਵਿਆਹ ਗਏ ਸੀ। ਚਾਰ ਘੰਟਿਆਂ ਵਿੱਚ ਹੀ ਚਿੱਟੀ ਮਿਰਚ ਖ਼ਤਮ ਹੋ ਚੁੱਕੀ ਸੀ। ਕਾਲ਼ੀ ਮਿਰਚ ਨਾਲ਼ ਸਬਜ਼ੀ ਮਹਿਕਣੀ ਪਈ ਬਹੱਤਰ ਘੰਟਿਆਂ ਵਾਸਤੇ ਤਾਂ ਮਹਾਂਭਾਰਤ ਹੀ ਚਲਿਆ।

ਵਿਆਹ ਨਹੀਂ ਸੀ। ਜੱਗ ਦਾ ਅੰਤ ਸੀ। ਮਾਫ਼ ਕਰਨਾ ਜੇ ਜੋ ਲਿਖਿਆ ਥੋੜ੍ਹਾ ਜਿਹਾ ਭੁੱਲ ਭੁਲਈਆਂ ਵਾਂਗਰ ਹੈ। ਹੁਣ ਜਿੰਨਾ ਦੱਸ ਸਕਦਾਂ ਦੱਸ ਹੀ ਦਿੱਤਾ। ਆਪ ਸਮਝ ਲੈ। ਐਤਕੀਂ ਭਾਪੇ ਨੂੰ ਕੁਝ ਲਿਖਣ ਦੀ ਹਿੰਮਤ ਨਹੀਂ ਹੈ, ਮੈਨੂੰ।

ਖੇਮ ਸਿੰਘ
**

ਕੱਤਕ ਵੇਲਾ

ਪਿਆਰੇ ਬੂਟਾ ਸਿਆਂ!

ਮਾਫ਼ ਕਰਨਾ। ਅੱਜ ਹੀ ਚਿੱਠੀ ਲਿਖਣ ਦਾ ਮੌਕਾ ਮਿਲਿਆ ਹੈ। ਅੱਜ ਹੀ ਸ਼ਾਂਤੀ ਮਿਲੀ। ਖ਼ੈਰ ਭਾਪੇ ਨੂੰ ਵੀ ਚਿੱਠੀ ਲਿਖ ਕੇ ਭੇਜੂੰਗਾ। ਪਤਾ ਨਹੀਂ ਜੇ ਟੱਬਰ ਨੂੰ ਸਾਫ਼ ਦਿਲ ਵਾਲ਼ੀ ਲਿਖ ਸਕਾਂਗਾ। ਮੈਨੂੰ ਕੋਈ ਪਰਵਾਹ ਨਹੀਂ ਹੈ ਜੇ ਅੰਗ੍ਰੇਜ਼ਾਂ ਨੇ ਇਸ ਨੂੰ ਤੇਰੇ ਕੋਲ਼ ਪਹੁੰਚਣ ਤੋਂ ਰੋਕ ਦਿੱਤਾ। ਫੇਰ, ਹੁਣ ਤੰੂ ਨਹੀਂ ਪਰ, ਕੋਈ ਕੁੱਤਾ ਅਫਸਰ ਪੜ੍ਹ ਰਿਹਾ ਹੋਵੇਗਾ। ਅੱਜ ਸਿੱਧੀ ਗੱਲ ਕਰਾਂਗਾ। ਕੀ ਪਤਾ ਫੇਰ ਵੀ ਤੈਨੂੰ ਮਿਲ ਜਾਵੇਗੀ। ਜੇ ਅਫਸਰ ਇਮਾਨਦਾਰ ਹੋਵੇ।

ਇਹ ਨਾ ਸੋਚੀ ਅਸੀਂ ਕੋਈ ਜੰਗ ਵਿੱਚ ਸੰਗਰਾਮੀਏ ਹਾਂ। ਇਹ ਤਾਂ ਦੁਨੀਆਂ ਦਾ ਸੱਚਾ ਸੁੱਚਾ ਅੰਤ ਹੈ। ਹਰ ਦਿਨ ਕੁਝ ਯਾਰਡਾਂ ਗਜਾਂ ਵਾਸਤੇ ਅਸੀਂ ਜਰਮਨ ਫਾਇਰਿੰਗ ਸਾਹਮਣੇ ਡਿੱਗਦੇ ਹਾਂ। ਪਲ ਵਿੱਚ ਉਨ੍ਹਾਂ ਦੀਆਂ ਮਸ਼ੀਨ ਗੰਨਾਂ ਪੂਰੀ ਸ਼ੀਰਣੀ ਸੁੱਟ ਦਿੰਦੀਆਂ ਨੇ। ਕਤਾਰ ਉੱਤੇ ਕਤਾਰ ਧਰਤ ਉੱਤੇ ਪਲਟੇ। ਇੰਝ ਹਰ ਵਿਆਹ ਲੰਘਦਾ ਹੈ। ਫੱਲਾਂ ਤੋਂ ਸਾਨੂੰ ਚਾਦਰਾਂ ਮਿਲਦੀਆਂ ਰਹਿੰਦੀਆਂ ਅਤੇ ਉਨ੍ਹਾਂ ਤੋਂ ਖਾਣਾ ਪੀਣ ਲਈ ਵੀ ਰਸਦ ਵੀ ਮਿਲ ਜਾਂਦੀ। ਆਟਾ ਮੁਕ ਗਿਆ। ਗੋਰੇ ਦੀ ਖੁਰਾਕ ਖਾਣੀ ਪੈਂਦੀ ਹੈ। ਉਹ ਵੀ ਗੋਰੇ ਦੀ ਆਮ ਖੁਰਾਕ ਨਹੀਂ। ਖ਼ੰਦਕ ਖੁਰਾਕ ਹੈ। ਕਾਹਵਾ ਪੀਣਾ ਪੈਂਦਾ ਜਾਂ ਚਾਹ ਵਿੱਚ ਖੰਡ ਢੇਰ ਕਰਨੀ ਪੈਂਦੀ। ਜੇ ਦੁੱਧ ਹੋਵੇ, ਜ਼ਿਆਦਾ ਦੁੱਧ ਤੇ ਖੰਡ ਭਰਦੇ ਨੇ ਆਪਣੇ ਆਪ ਚ ਸੱਤਿਆ ਵਧਾਉਣ ਵਾਸਤੇ। ਆਮ ਤਾਂ ਸਿਰਫ਼ ਹੰਘਾਲ਼ ਪੀਣ ਵਾਸਤੇ ਮਿਲਦਾ ਹੈ। ਲੋਕ ਤਾਂ ਚੂਹੇ ਖਾਂਦੇ ਨੇ। ਖਸਤੇ ਬਿਸਕੁਟਾਂ ਤੇ ਦਿਹਾੜ ਗੁਜ਼ਾਰਣਾ ਪੈਂਦਾ ਹੈ। ਹੁਣ ਤਾਂ ਮੈਂ ਅੰਗ੍ਰਜ਼ੀ ਤੇ ਫਰੈਂਚ ਵੀ ਥੋੜ੍ਹੀ ਬਹੁਤੀ ਸਿਖ ਲਈ ਹੈ। ਸਮਝ ਗਿਆ ਕਿ ਆਮ ਚਿੱਟੇ ਫ਼ੌਜੀ ਵਾਸਤੇ ਵੀ ਔਖਾ ਹੈ। ਉਨ੍ਹਾਂ ਨੂੰ ਵੀ ਸਾਡੇ ਵਾਂਗਰ ਹੁੱਬਲਵਤਨ ਲੜਾਈ ਸੀ। ਪਰ ਇਹ ਤਾਂ ਲੜਾਈ ਨਹੀਂ ਹੈ। ਸ਼ਤਾਨ ਦੀ ਖੇਲ਼ ਹੈ।

ਕੁਝ ਚਿੱਟੀ ਮਿਰਚ ਦੀ ਮਿਲਾਵਟ ਕਾਲ਼ੀ ਮਿਰਚ ਹੋ ਜਾਂਦੀ। ਪਰ ਜ਼ਿਆਦਾ ਤਾਂ ਸਾਡੀ ਕੁਰਬਾਨੀ ਨੂੰ ਕਦਰ ਨਹੀਂ ਦਿੰਦੇ। ਕਾਲ਼ੀ ਮਿਰਚ ਤਾਂ ਇੱਕ ਦਮ ਉਨ੍ਹਾਂ ਵਾਸਤੇ ਬੇਸੁਆਦੀ ਹੈ। ਕਾਲ਼ਾ ਰੰਗ ਨੂੰ ਦੇਖ ਕੇ ਹੀ ਥੁੱਕ ਦੇ ਨੇ। ਉਨ੍ਹਾਂ ਦੀ ਥੂਹ ਥੂਹ ਕਰਨ ਨਾਲ਼ ਅੱਕ ਗਏ। ਪਰ ਕੀ ਕਰੀਏ? ਵਿਆਹ ’ਚ ਤਾਂ ਸਾਰਿਆਂ ਨੇ ਹੀ ਬਰਾਬਰ ਸ਼ਾਮਲ ਹੋਣਾ, ਹੈ ਨਾ? ਅਕਸਰ ਉਨ੍ਹਾਂ ਦਾ ਰਾਜ ਹੀ ਹੈ। ਪਰ ਇਸ ਰਾਜ ‘ਚ ਕੋਈ ਮੁੱਲ ਨਹੀਂ ਹੈ ਯਾਰ। ਬੰਨੀ ਸਭ ਨੂੰ ਕਾਇਲ ਕਰ ਰਹੀ ਹੈ।

ਜਦ ਵੀ ਖ਼ੰਦਕ ਚੋਂ ਨਿਕਲੀਦਾ, ਗੋਲ਼ੀਆਂ ਦਾ ਮੀਂਹ ਹੀ ਪੈਂਦਾ। ਜਦ ਕਾਲ਼ੀ ਮਿਰਚ ਮੁਕੀ ਜਾਂਦੀ ਹੋਰ ਲੈ ਆਉਂਦੇ ਨੇ। ਦੋ ਮੰਜ਼ਲ ਬਸਾਂ ਤੇ ਆਰਲੀਆਨ ਤੋਂ ਨਿੱਤ ਨਿੱਤ ਕਾਲ਼ੀ ਮਿਰਚ ਵਿਆਹ ’ਚ ਆ ਪਹੁੰਚ ਦੀ।

ਪਹਿਲਾਂ ਸਿੰਘਾਂ ਦਾ ਬਟਾਲੀਅਨ ਰਣ ’ਚ ਵੜਿਆ। ਫੇਰ ਜਦ ਸਭ ਰਬ ਨੂੰ ਪਿਆਰੇ ਹੋ ਗਏ, ਅਗਲੇ ਦਿਨ ਬਲੋਚੀ ਲਿਆਂਦੇ। ਦੂਜੇ ਸਾਰੇ ਫ੍ਰੈਂਚ ਸੀਮਾ ਦੇ ਦੂਜੇ ਪਾਸੇ ਘੱਲ ਦਿੱਤੇ ਸੀ।

ਮੈਨੂੰ ਦਿਨਾਂ ਦਾ ਨਾ ਹੁਣ ਆਖੀਂ। ਪਤਾ ਨਹੀਂ ਲੱਗਦਾ ਇੱਥੇ ਕਿਹੜਾ ਦਿਨ ਕਿਹੜਾ ਹੈ। ਹਰ ਦਿਨ ਰਾਤ ਪਹਿਲੇ ਦੇ ਮੁਕੱਰਰ ਹਨ। ਮੈਂ ਇਹ ਕਹਿ ਸਕਦਾ ਮੇਰੀ ਪੰਜਵੀਂ ਵਾਰੀ ਸੀ ਸ਼ਾਦੀ ’ਚ ਸ਼ਾਮਲ ਹੋਣ ਦੀ। ਇੱਕ ਧੌਲ਼ਾਂ ਭੂਸਲਾ ਧੁੰਧਲਾ ਦਿਹਾੜਾਾ ਸੀ। ਰਾਤੀ ਮੀਂਹ ਪੈਂਦਾ ਸੀ। ਅਸੀਂ ਸਭ ਭਿੱਜੇ ਹੋਏ ਸਾਂ। ਭਿੱਜੇ ਕਿੱਥੇ, ਖ਼ੰਦਕਾਂ ’ਚ ਤਾਂ ਡੋਬੂ ਵਾਂਗ ਸਾਂ। ਖ਼ੰਦਕਾਂ ਪਾਣੀ ਨਾਲ਼ ਭਰੀਅਾਂ ਹੋਈਅਾਂ ਸਨ ਅਤੇ ਗਾਬ ਨਾਲ ਲਿਬੜੇ ਸਨ। ਜਿਸ ਖ਼ੰਦਕ ’ਚ ਸਾਨੂੰ ਹੁਣ ਪਾਇਆ ਸੀ, ਚੱਠਾ ਵਰਗਾ ਖੱਡਾ ਹੀ ਸੀ। ਖ਼ੈਰ ਅਸੀਂ ਵਿਆਹ ‘ਚ ਇੱਕ ਵਾਰ ਫੇਰ ਸ਼ਾਮਲ ਹੋ ਗਏ। ਕਈ ਮਰੇ। ਕਈ ਡਿਗੇ। ਜਿਹੜੇ ਦੋ ਤਿੰਨ ਮਸ਼ੀਨ ਗੰਨਾਂ ਤੋਂ ਬਚ ਗਏ, ਜਦ ਜਰਮਨ ਲਾਈਨ ਪੁੱਜੇ, ਮਾਰੇ ਗਏ। ਮੈਂ ਪਹਿਲੀ ਵਾਰੀ ਜਰਮਨ ਫ਼ੌਜੀ ਨੇੜੇ ਹੋ ਕੇ ਦੇਖੇ। ਉਹ ਵੀ ਡਰ ਰਹੇ ਸੀ। ਟੋਪੀਆਂ ਉੱਤੇ ਤਿੱਖੀ ਕਿੱਲੀ ਸੀ। ਨਹੀਂ ਤਾਂ ਸਾਡੇ ਵਰਗੇ ਸਨ। ਮੂੰਹ ਉੱਤੇ ਡਰ ਸੀ। ਮੈਨੂੰ ਇੱਕ ਵਿੱਚ ਸੰਗੀਨ ਖੋਭਣਾ ਪਿਆ। ਹਾਲੇ ਤੱਕ ਉਸ ਦਾ ਮੁਖੜਾ ਦੀਂਹਦਾ। ਅੱਖਾਂ’ਚ ਡਰ। ਮੈਨੂੰ ਲੱਗਦਾ ਪੰਦਰਾ ਸਾਲ ਦਾ ਹੀ ਸੀ। ਅਸੀਂ ਲਾਈਨ ਤਾਂ ਜਿੱਤ ਲਈ ਸੀ। ਪਰ ਇਸ ਦਾ ਫ਼ਾਇਦਾ ਹਾਲੇ ਵੀ ਨਹੀਂ ਪੱਲੇ ਪੈ ਰਿਹਾ ਹੈ। ਸਗੋਂ ਸਵੇਰੇ ਬਿਹਤਰ ਹਾਲ ਸੀ। ਹੁਣ ਕਿੰਨੇ ਮਰੇ, ਪਰ ਇੱਥੇ ਤਾਂ ਫ਼ਸ ਗਏ। ਕੁਝ ਚਾਲ ਵਾਲਾ ਫ਼ਾਇਦਾ ਨਹੀਂ ਸੀ। ਸਾਨੂੰ ਹਾਰ ਕੇ ਛੱਡ ਕੇ ਵਾਪਸ ਜਾਣਾ ਪਿਆ ਉਸ ਹੀ ਖ਼ੰਦਕ ਵੱਲ ਜਿੱਥੇ ਦਿਨ ਸ਼ੁਰੂ ਹੋਇਆ ਸੀ। ਮੈਨੂੰ ਚਿੱਟੀ ਮਿਰਚ ਦਾ ਕੋਈ ਸੁਆਦ ਨਹੀਂ। ਉਸ ਦਾ ਮੰਤਕ ਤਾਂ…ਕੀ ਕਵਾਂ? ਲੱਤਾਂ ਦੇ ਭੂਤ ਗੱਲਾਂ ਨਾਲ਼ ਨਹੀਂ ਮੰਨਦੇ। ਖ਼ੈਰ ਮੈਂ ਤਾਂ ਨਾਇਕ ਹਾਂ। ਮੈਨੂੰ ਕੀ ਵੱਡੇ ਅਫਸਰਾਂ ਦਿਆਂ ਫ਼ੈਸਲਿਆਂ ਦੀ ਸਮਝ ਹੈ।

ਉਸ ਰਾਤ ਮੈਂ ਤੇ ਗਿਆਨ ਇੱਕ ਦੂਜੇ ਨਾਲ਼ ਬੈਠੇ ਸੀ। ਸਾਡੇ ਨਾਲ਼ ਵੱਡਾ ‘ਵੇਲੀ’ ਸੀ। ਉਸ ਦੀ ਪੀਲੀ ਪੁਸ਼ਾਕ ਚਮਕਦੀ ਸੀ। ਪੱਗ ਉੱਤੇ ਸਾਫ਼ ਲਿਸ਼ਕਦੇ ਚੱਕਰ ਸਨ। ਇੱਕ ਬਾਂਹ ਤੇ ਬਾਜ਼ ਅਰਾਮ ਕਰ ਰਿਹਾ ਸੀ। ਲੱਤਾਂ ਨਾਲ਼ ਤਰਕਸ਼ ਟਿਕਾਇਆਹੋਇਆ ਸੀ ਅਤੇ ਇੱਕ ਹੱਥ ਹੇਠ ਧਣਖ ਧਰਤ ਉੱਤੇ ਖਲੋਇਆ ਸੀ। ਸਾਡੀਆਂ ਗੱਲਾਂ ਧਿਆਨ ਨਾਲ਼ ਸੁਣ ਰਹੇ ਸੀ।

ਦਰਸ਼ਨ ਸਾਡੇ ਨਾਲ ਨਹੀਂ ਸੀ। ਯਾਰ ਤੈਨੂੰ ਕੀ ਦੱਸਾਂ? ਉਹਨੂੰ ਜਰਮਨ ਮਸ਼ੀਨ ਗੰਨਾਂ ਨੇ ਲਹੂ ਲੁਹਾਣ ਕਰ ਕੇ ਸਾਥੋਂ ਲੈ ਲਿਆ ਸੀ। ਫੇਰ ਵੀ ਦਰਸ਼ਨ ਤਾਂ ਬਹੁਤ ਖਾੜਕੂ ਹੀ ਨਿਕਲਿਆ। ਜਿਹੜੀ ਧਰਤੀ ਸਾਡੇ ਖ਼ੰਦਕ ਅਤੇ ਜਰਮਨ ਖ਼ੰਦਕ ਦੇ ਵਿਚਾਲੇ ਹੈ, ਉਸ ਨੂੰ – ਕਿਸੇ ਦੀ ਧਰਤ ਨਹੀਂ- ਆਖਦੇ ਹਾਂ। ਇਸ ਤੇ ਹਰ ਦਿਨ ਦੋ ਵਾਰੀ ਨਹੀਂ ਤਾਂ ਜਰਮਨ ਸਾਡੇ ਵੱਲ ਦੌੜ ਕੇ ਹਮਲਾ ਕਰਦੇ ਨੇ ਜਾਂ ਅਸੀਂ ਉਨ੍ਹਾਂ ਵੱਲ। ਕਈ ਕਈ ਵਾਰੀ ਦੋਵੇਂ ਪਾਸੇ ਹੀ ਦੌੜੇ ਨੇ। ਉਸ ਵੇਲ਼ੇ ਇੱਕ ਦੂਜੇ ਨਾਲ ਲੜ ਸਕਦੇ ਨੇ। ਕਿਰਪਾਨ ਵੀ ਕੱਢ ਸਕਦੇ ਨੇ। ਪਰ ਇਹ ਆਮ ਗੱਲ ਨਹੀਂ ਹੈ। ਆਮ ਜਦ ਉਹ ਸਾਡੇ ਵੱਲ ਭੱਜਦੇ, ਸਾਡੀਆਂ ਬੰਦੂਕਾਂ ਖ਼ੰਦਕਾਂ ‘ਚੋਂ ਉੱਚੀ ਹੋ ਕੇ ਕੱਟ ਦਿੰਦੀਆਂ ਨੇ। ਐਂ ਜਦ ਅਸੀਂ ਉਨ੍ਹਾਂ ਵੱਲ ਨੱਸਦੇ, ਉਨ੍ਹਾਂ ਦੀਆਂ ਮਸ਼ੀਨ ਗੰਨਾਂ ਵੱਢ ਦਿੰਦੀਆਂ ਨੇ। ਇੰਝ ਹੀ ਇੱਕ ਦਿਨ ਅਸੀਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਅੱਧੇ ਰਾਹ ਇੱਕ ਖੁੱਡ ਵਿੱਚ ਜਰਮਨਾਂ ਨੇ ਮਸ਼ੀਨ ਗੰਨ ਲਕੋਈ ਹੋਈ ਸੀ ਜਿਸ ਨਾਲ ਸਾਡਾ ਬੁਰਾ ਹਾਲ ਕਰ ਰਹੇ ਸੀ। ਉਸ ਦਾ ਗੰਨਰ ਮਰ ਗਿਆ ਸੀ। ਦਰਸ਼ਨ ਉਸ ਖੁੱਡ ਵਿੱਚ ਛਾਲ ਮਾਰ ਕੇ ਗੰਨ ਨੂੰ ਘੁੰਮਾ ਕੇ ਜਰਮਨਾਂ ਨੂੰ ਮਾਰਨ ਲੱਗ ਪਿਆ। ਇੰਝ ਸਾਨੂੰ ਸਭ ਨੂੰ ਬਚਾ ਦਿੱਤਾ ਅਤੇ ਜਰਮਨ ਘੱਟਾ ਦਿੱਤੇ। ਪਰ ਉਹ ਉੱਥੇ ਫ਼ਸ ਗਿਆ। ਸਾਨੂੰ ਮੌਕਾ ਨਹੀਂ ਮਿਲਿਆ ਉਸ ਨੂੰ ਖੁੱਡ ਵਿੱਚੋਂ ਕੱਢਨ ਦਾ। ਹਾਰ ਕੇ ਜਰਮਨ ਅੱਗੇ ਵੱਧ ਆਏ ਅਤੇ ਉਸ ਦੇ ਸਰੀਰ ਨੂੰ ਸੁਰਾਖਾਂ ਨਾਲ਼ ਭਰ ਦਿੱਤਾ ਸੀ। ਸਾਡਾ ਦਿਲ ਟੱੁਟ ਗਿਆ। ਬਹਾਦਰ ਭਰਾ ਸੀ। ਪਰ ਇਸ ਦੀ ਸਹਾਇਤਾ ਬਾਜ਼ਾਂ ਦੇ ਸ਼ਾਹ ਨੇ ਹੀ ਦਿੱਤੀ। ਹੁਣ ਉਸ ਪਾਤਸ਼ਾਹ ਦੀ ਸਲਾਹ ਲੈ ਰਹੇ ਸੀ।

ਸਾਰੇ ਰਾਹ ਉਸ ਦੇ ਬਾਜ਼ ਨੇ ਸਾਡੇ ਤੇ ਅੱਖ ਰੱਖੀ। ਵਿਆਹਾਂ ’ਚ ਵੀ ਸਾਡੇ ਨਾਲ਼ ਗਿਆ। ਫ਼ਲਕ ਵੱਲ ਜਰਮਨਾਂ ਨੇ ਤਾਂ ਦੇਖਿਆ ਵੀ ਨਹੀਂ ਸੀ। ਕਦੇ ਕਦੇ ਕਿਸਮਤ ਵਾਲੇ ਦੀ ਇਮਦਾਦ ਕੀਤੀ। ਬਾਜ਼ ਵੀ ਵੈਰੀ ਤੇ ਆ ਡਿਗਦਾ ਸੀ, ਉਨ੍ਹਾਂ ਨੂੰ ਪੰਜੇ ਮਾਰ ਮਾਰ ਕੇ ਅੰਨ੍ਹੇ ਕਰਦਾ। ਗੋਲ਼ੀ ਸਾਡੇ ਤੇ ਫੇਰ ਠੀਕ ਨਹੀਂ ਜਾਂਦੀ ਸੀ। ਕਾਸ਼! ਜੇ ਉਸ ਵੇਲ਼ੇ ਇੰਝ ਦਰਸ਼ਨ ਲਈ ਕੀਤਾ ਹੋਵੇ! ਪਰ ਪਾਤਸ਼ਾਹ, ਉਸ ਦਾ ਨੀਲਾ ਕੋਤਲ ਜਾਂ ਬਾਜ਼ ਹਰ ਜਣੇ ਨਾਲ਼ ਨਹੀਂ ਹੋ ਸਕਦੇ। ਜੇ ਇੱਕ ਨੂੰ ਬਚਾ ਦਿੱਤਾ, ਦੂਜੇ ਨੂੰ ਨਹੀਂ ਬਚਾ ਸਕਦੇ ਨੇ। ਜੇ ਇਸ ਵੇਲ਼ੇ ਸਾਡੇ ਕੋਲ਼ ਖੂਹਣੀ ਹੁੰਦੀ!

ਵਿਚਾਰਾ ਦਰਸ਼ਨ! ਫੇਰ ਵੀ ਹੋਰਾਂ ਤੋਂ ਚੰਗਾ ਰਹਿ ਗਿਆ। ਸੁਣਿਆਂ ਕਿ ਕਈ ਮੈਦਾਨਾਂ ’ਚ ਜਰਮਨ ਗੈਸ ਵਰਤਨ ਲੱਗ ਪਏ। ਗੋਲ਼ੀਆਂ ਨੇ ਜ਼ਰੂਰ ਪਿੰਡਾ ਪਾੜ ਦਿੱਤਾ, ਪਰ ਉਸ ਮੌਤ ਤੋਂ ਭਲੇਰੀ ਮੌਤ ਹੈ। ਚੰਗਾ ਹੋਇਆ ਕਿ ਉਸ ਖੇਤ ਰਹਿ ਗਿਆ ਸੀ। ਖ਼ੈਰ ਅਸੀਂ ਉਸ ਰਾਤ ਘਮਸਾਨ ਬਾਰੇ ਆਖਿਆ। ਚਿੱਟੀ ਮਿਰਚ ਦੀ ਰਣ ਨੀਤੀ ਬਾਰੇ ਪੁੱਛਿਆ। ਸਾਨੂੰ ਦੱਸਿਆ ਗਿਆ ਕਿ ਹਰ ਇਨਸਾਨ ਨੂੰ ਬਚਾ ਨਹੀਂ ਸਕਦੇ। ਜੰਗ ਚੰਗੀ ਗੱਲ ਨਹੀਂ। ਪਰ ਹੁਣ ਜੋ ਜੰਗ ਵਿੱਚ ਹਨ, ਉਨ੍ਹਾਂ ਨੂੰ ਮਨ ’ਚ ਦੇਖ ਕੇ ਸਵਾਲ ਪੁੱਛਣਾ ਚਾਹੀਦਾ ਕਿ ਤੁਸੀਂ ਆਪਣੇ ਵੱਲੋਂ ਇਨਸਾਫ਼ੀ ਦੇ ਪਾਸੇ ਹੋ? ਜੇ ਹੋ, ਫੇਰ ਬਹਾਦਰੀ ਨਾਲ਼ ਲੜੋਂ। ਪਰ ਚੇਤਾ ਨਹੀਂ ਭੁਲਾਉਣਾ ਕਿ ਦੂਜੇ ਪਾਸੇ ਵੀ ਇਨਸਾਨ ਲੜ ਰਹੇ। ਉਨ੍ਹਾਂ ਕੋਲ਼ ਵੀ ਟੱਬਰ ਹਨ। ਉਹ ਵੀ ਆਪਣੇ ਪੱਖ ਤੋਂ ਸਚਾਈ ਵਾਸਤੇ ਲੜ ਰਹੇ। ਜੇ ਲੜਾਈ ਇਨਸਾਫ਼ੀ ਵਾਸਤੇ ਹੈ ਇਹ ਸਾਡੇ ਲੀਡਰਾਂ ਤੇ ਹੈ। ਉਨ੍ਹਾਂ ਨੇ ਗ਼ਲਤੀਆਂ ਤਾਂ ਕਰਨੀਅਾਂ ਹਨ। ਉਹ ਵੀ ਇਨਸਾਨ ਹਨ। ਪਰ ਹੁਣ ਅਸੀਂ ਇੱਥੇ ਆ ਗਏ, ਰਣ ਤੇ ਸ਼ੇਰ ਮਰਦੀ ਕਰਨੀ। ਜੇ ਪਾਤਸ਼ਾਹ ਆਪਣਿਆਂ ਨੂੰ ਸਚਾਈ ਵਾਸਤੇ ਵਾਰ ਕਰ ਸਕਦਾ, ਫੇਰ ਸਾਨੂੰ ਵੀ ਉਸ ਤਰ੍ਹਾਂ ਲੜਨਾ ਚਾਹੀਦਾ ਹੈ। ਜੋ ਬਚ ਸਕਦਾ, ਬਚੇਗਾ ਅਤੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਹੋਵੇਗੀ। ਸਹੀ ਗੱਲ ਹੈ ਕਿ ਕੁਝ ਚਾਲਾਂ ਲੀਡਰਾਂ ਦੀਆਂ ਬੇਮਾਨ੍ਹੀ ਹਨ। ਪਰ ਹੁਣ ਇੱਥੇ ਹੀ ਹਾਂ। ਡਰਨ ਦੀ ਥਾਂ ਆਪਣੀ ਪੂਰੀ ਕੋਸ਼ਿਸ਼ ਕਰਨੀ ਹੈ ਲੜਨ ਦੀ ਅਤੇ ਇਸ ਜਿਉਂਦੇ ਜਹੰਨਮ ਤੋਂ ਬਚਣਾ। ਸਾਨੂੰ ਵਿਸ਼ਵਾਸ ਦੇ ਦਿੱਤਾ। ਆਸ ਦੇ ਦਿੱਤੀ। ਸੋ ਇਸ ਨਾਲ਼ ਵਿਆਹ ’ਚ ਸ਼ਾਮਲ ਹੋਣ ਫੇਰ ਤਿਆਰ ਹੋ ਗਏ।

ਦੋ ਕੁ ਦਿਨਾਂ ਬਾਅਦ ਜਰਮਨਾਂ ਨੇ ਸਾਡੇ ਉੱਤੇ ਸੱਚ ਮੁੱਚ ਜਹੰਨਮ ਲਿਆ ਦਿੱਤਾ ਸੀ। ਲਗਾਤਾਰ ਜਰਮਨਾਂ ਨੇ ਫ਼ਾਇਰਿੰਗ ਕੀਤੀ। ਖ਼ੰਦਕ ਉੱਤੇ ਸਿਰ ਉੱਪਰ ਕਰਨ ਤੋਂ ਡਰ ਲੱਗਦਾ ਸੀ। ਪਲ ਦੇ ਵਿੱਚ ਆਦਮੀ ਮਰ ਜਾਂਦੇ ਸੀ। ਫੇਰ ਵੀ ਬੇਵਕੂਫ਼ ਅਫਸਰ ਸਾਨੂੰ ਵਿਆਹ ’ਚ ਭੇਜਦੇ ਸਨ। ਹੁਣ ਸਾਡਾ ਗੋਲ਼ੀ ਸਿੱਕਾ ਮੁਕ ਰਿਹਾ ਸੀ। ਸਾਡੀ ਅਬਾਦੀ ਵੀ ਘੱਟ ਗਈ ਸੀ। ਦੋ ਦਿਨਾਂ ਵਿੱਚ ਗੋਰੇ ਅੱਧ ਕਰ ਦਿੱਤੇ ਸਨ ਅਤੇ ਸਾਡੇ ਬੰਦੇ ਵੀ ਹੁਣ ਘੱਟ ਸਨ। ਗੋਰਿਆਂ ਨੇ ਇਸ ਦਿਨ ਨੂੰ ਤੀਹ ਅਕਤੂਬਰ ਦੀ ਤਾਰੀਖ ਦਿੱਤੀ ਸੀ। ਆਲ਼ੇ ਦੁਆਲ਼ੇ ਜਰਮਨਾਂ ਦੀਆਂ ਫ਼ੌਜਾਂ ਹੀ ਫ਼ੌਜਾਂ ਸਨ। ਸਾਨੂੰ ਦਬਕ ਕੇ ਝੇਪਣਾ ਪਿਆ। ਇਸ ਗੱਲ ਨੇ ਸਾਡੀ ਅਣੱਖ ਨੂੰ ਫੱਟ ਮਾਰੀ, ਪਰ ਗੋਰਾ ਅਫਸਰ ਸੀ। ਜੋ ਬੋਲਦਾ, ਕਰਨਾ ਪਿਆ। ਖ਼ੈਰ ਉੱਥੇ ਰਹਿ ਕੇ ਮਰ ਜਾਣਾ ਸੀ। ਕਿਰਪਾਨ ਚੱਕ ਕੇ ਗੋਲ਼ੀਆਂ ਖਿਲਾਫ਼ ਕੀ ਕਰ ਦੇਣਾ ਸੀ। ਉੱਥੋਂ ਨੱਸੇ। ਲਾਗੇ ਇੱਕ ਨਗਰ ਸੀ, ਮੇਸੀਨ। ਉੱਥੇ ਜਾ ਕੇ ਸੜਕਾਂ ਤੇ ਖਿੰਡ ਗਏ ਸੀ। ਸਾਡੇ ਮਗਰ ਜਰਮਨ ਦੌੜੇ। ਸੜਕ ਦੇ ਇੱਕ ਪਾਸੇ ਹਵਾਈ ਚੌਂਕੀ ਸੀ। ਉਸ ਦੇ ਨਾਲ ਇੱਕ ਬੈਟਰੀ ਸੀ। ਉੱਥੇ ‘ਕੱਠੇ ਹੋ ਗਏ। ਇੱਕ ਯੂਨਿਟ ਨੇ ਝੇਪਨ ਦੀ ਥਾਂ ਖਲੋ ਕੇ ਜਰਮਨਾਂ ਦਾ ਸਾਹਮਣਾ ਕੀਤਾ। ਕਿਸੇ ਨੇ ਉਨ੍ਹਾਂ ਨੂੰ ਦਬਕਣੇ ਦਾ ਹੁਕਮ ਦੱਸਿਆ ਨਹੀਂ ਜਾਂ ਵਾਇਰਲੇਸ ਕੰਮ ਨਹੀਂ ਕੀਤਾ। ਜਦ ਸੰਦੇਸ਼ ਪੁੱੁਜਿਆ, ਜਰਮਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਸੀ।

ਬਾਜ਼ ਤੇ ਨੀਲਾ ਘੋੜਾ ਮੈਦਾਨ ਵਿੱਚ ਆ ਗਏ। ਜੋ ਕਰ ਸਕਦੇ ਸੀ ਕੀਤਾ। ਪਰ ਹਾਰ ਕੇ ਜਰਮਨ ਬਹੁਤੇ ਸਨ। ਸਾਨੂੰ ਚਾਰ ਚੁਫੇਰੇ ਘੇਰ ਲਿਆ। ਸਾਥੋਂ ਦੂਜੇ ਪਾਸੇ ਬਲੋਚੀ ਵੀ ਫ਼ਸ ਗਏ ਸੀ। ਸਰਦਾਰ ਕੀ ਕਰਦੇ? ਮੈਨੂੰ ਹਮੇਸ਼ਾਂ ਲਈ ਉਨ੍ਹਾਂ ਦੀ ਬਹਾਦਰੀ ਯਾਦ ਰਹਿਣੀ ਆ। ਮੈਂ ਤੇ ਗਿਆਨ ਸੜਕ ਦੇ ਦੂਜੇ ਪਾਸੇ ਫ਼ਸੇ ਹੋਏ ਸਾਂ। ਸਾਨੂੰ ਸਭ ਕੁਝ ਦਿਸਦਾ ਸੀ। ਬਾਜ਼ ਉੱਡ ਉੱਡ ਕੇ ਥੱਲੇ ਆ ਕੇ ਜਰਮਨਾਂ ਦੇ ਪੰਜੇ ਮਾਰ ਰਿਹਾ ਸੀ। ਘੋੜੇ ਨੇ ਸੀਖ ਪਾ ਕੇ ਆਪਣੇ ਸੁੰਮ ਸੀਸਾਂ ’ਚ ਮਾਰੇ ਸਨ। ਪਿੱਛੋਂ ਤੀਰ ਉੱਡ ਰਹੇ ਸਨ। ਪਰ ਇਹ ਮੱਦਦ ਕਿੰਨੇ ਦੇਰ ਲਈ ਹੋ ਸਕਦੀ ਸੀ। ਆਹੋ, ਹੌਂਸਲਾ ਮਿਲਿਆ ਅਤੇ ਬਹਾਦਰਾਂ ਨੇ ਵਾਪਸ ਲੜਿਆ। ਖਬਰੇ ਇਹ ਹੀ ਮੱਦਦ ਸੀ। ਪਰ ਹਾਰ ਕੇ ਜਰਮਨ ਜਿੱਤ ਗਏ।

ਅਗਲੇ ਦਿਨ ਸਿਆਪਾ ਪਿਆ। ਮੇਸੀਨ ਉੱਤੇ ਗੋਲੀਆਂ ਵਾਲੀਆਂ ਰਾਤ ਬਾਅਦ ਨੌਂ ਜਰਮਨ ਬਟਾਲੀਅਨਾਂ ਨੇ ਹਮਲਾ ਕੀਤਾ। ਅਸੀਂ ਜ਼ੋਰ ਦੇਣੀ ਲੜੇ। ਜਦ ਵੀ ਹਿੰਮਤ ਹਾਰਨ ਲੱਗੇ ਸੀ, ਬਾਜ਼ ਆ ਜਾਂਦਾ ਸੀ, ਜਾਂ ਘੋੜਾ ਵੀ ਅਪਣੇ ਖੁੱਰ ਮਾਰਦਾ ਸੀ। ਇੱਕ ਵਾਰ ਅਸੀਂ ਪਿੱਛੇ ਹੋ ਕੇ ਡਰ ਨਾਲ਼ ਖੜ੍ਹ ਗਏ। ਫੇਰ ਡਰਨ ਬਿੰਨਾ ਨੀਲਾ ਘੋੜਾ ਅੱਗੇ ਦੌੜਿਆ। ਉਸ ਨੂੰ ਵੇਖ ਕੇ ਅਸੀਂ ਵੀ ਕਿਰਪਾਨਾਂ ਕੱਢ ਕੇ, ਪਸਤੌਲਾਂ ’ਚੋਂ ਗੋਲ਼ੀਆਂ ਛੱਡ ਦੇ ਅੱਗੇ ਵੱਧੇ। ਸਾਡੇ ਕੰਨਾਂ ਦੇ ਆਲੇ ਦੁਆਲੇ ਉਹੀ ਤੀਰ ਦੁਸ਼ੱਮਣ ਵੱਲ ਗਏ। ਪਰ ਉਹ ਲੋਕ ਜ਼ਿਆਦਾ ਸਨ। ਹਰ ਜਣੇ ਨੂੰ ਪਾਤਸ਼ਾਹ ਬਚਾ ਨਹੀਂ ਸਕਦਾ ਸੀ। ਕਤਲਾਮ ਸੀ। ਹਾਰ ਕੇ ਚਾਰ ਜਣੇ ਹੀ ਖੜ੍ਹੇ ਰਹਿ ਗਏ ਸੀ। ਮੈਨੂੰ ਬਾਜ਼ ਨੇ ਬਚਾ ਕੇ ਉੱਥੋਂ ਨਿਕਲ਼ਣ ਦਾ ਰਾਹ ਦੇ ਦਿੱਤਾ ਸੀ। ਗਿਆਨ ਦੀ ਚੰਗੀ ਕਿਸਮਤ ਇਸ ਵੇਲੇ ਵੀ ਸੀ। ਮੈਥੋਂ ਵੱਖਰਾ ਹੋ ਚੁੱਕਾ ਸੀ। ਪਰ ਘੋੜਾ ਆ ਗਿਆ। ਉਸ ਨੂੰ ਸਵਾਰ ਕਰ ਕੇ ਗੋਲ਼ੀਆਂ ਵੈਰੀ ਵੱਲ ਛੱੱਡਦਾ ਨਿਕਲ਼ ਗਿਆ ਸੀ। ਦੋ ਹੋਰ ਹੀ ਸਾਰਿਆਂ ਵਿੱਚੋਂ ਬੱਚੇ ਸੀ। ਖ਼ੈਰ ਸੱਚ ਵਿੱਚ ਉਨ੍ਹਾਂ ’ਚੋਂ ਇਹ ਹੀ ਬਚਿਆ ਸੀ। ਜਮਾਦਾਰ ਰਾਮ ਸਿੰਘ। ਜਮਾਦਾਰ ਕਪੂਰ ਸਿੰਘ ਆਖਰੀ ਸਾਹ ਤੀਕਰ ਲੜਿਆ। ਹੋਰ ਸਾਰੇ ਹੁਣ ਮਰ ਗਏ ਸੀ। ਜਰਮਨ ਉਸ ਦੀ ਈਨ ਚਾਹੁੰਦੇ ਸਨ। ਉਸ ਨੂੰ ਮੌਕਾ ਵੀ ਦਿੱਤਾ ਕਿ ਇਤਾਇਤ ਕਬੂਲ ਕਰੇ। ਪਰ ਉਸ ਨੇ ਆਪਣਾ ਹੀ ਪਸਤੌਲ ਆਪ ਤੇ ਕਰ ਲਿਆ। ਇੱਕ ਹੀ ਗੋਲ਼ੀ ਰਹਿ ਗਈ ਸੀ। ਆਪਣੇ ਆਪ ਨੂੰ ਜੀਵਨ ਤੋਂ ਅਜ਼ਾਦ ਕਰ ਲਿਆ ਸੀ, ਯਾਰ। ਹੋਰ ਕੀ ਦੱਸਾਂ। ਉਸ ਦਿਨ ਹਰ ਅਫਸਰ ਮਾਰਿਆ ਗਿਆ ਸੀ।

ਜਦ ਅਸੀਂ ਮੇਸੀਨ ਦੀਆਂ ਸੜਕਾਂ ਤੇ ਪੁੱਜੇ, ਕਹਿੰਦੇ ਸਤ ਸੌ ਪੰਜਾਹ ਜਣੇ ਸਨ। ਦੋ ਦਿਨਾਂ ਬਾਅਦ ਤਿੰਨ ਸੌਆਂ ਨੂੰ ਮਾਰ ਦਿੱਤਾ ਸੀ ਜਾਂ ਜਰਮਨ ਕੈਦ ਵਿੱਚ ਉਨ੍ਹਾਂ ਨੂੰ ਲੈ ਗਏ ਸੀ। ਦੋ ਸੌ ਚਾਲੀ ਬਲੋਚੀ ਵੀ ਕੁਰਬਾਨ ਹੋ ਗਏ ਸੀ। ਉਸ ਹੀ ਵੇਲ਼ੇ ਨਵ ਚਾਪੇਲ ‘ਚ ਵੀ ਸਿੱਖ ਮਰ ਰਹੇ ਸੀ। ਅੱਜ ‘ਮੀਰੂਤ’ ਤੋਂ ਹੋਰ ਪੰਜਾਬੀ ਫ਼ੌਜੀ ਪੱੁਜੇ ਹਨ। ਸਾਡੇ ਨਾਲ਼ ਨਰਕ ਚ ਪੁੱਜ ਗਏ।

ਤੁਹਾਡਾ ਵੀਰ
ਖੇਮ ਸਿੰਘ
**

ਪਿਆਰੇ ਭਾਪਾ ਜੀ!

ਤੁਸੀਂ ਸਾਰੇ ਤੰਦਰੁਸਤ ਹੋ? ਤੁਹਾਨੂੰ ਜਿਹੜੇ ਪੈਸੇ ਭੇਜੇ ਸੀ ਮਿਲ ਗਏ? ਮਾਂ ਭੈਣ ਨੂੰ ਦੱਸਣਾ ਕਿ ਮੈਂ ਠੀਕ ਠਾਕ ਹਾਂ। ਜਿਹੜੇ ਹਿਸੇ ਚਿੱਠੀ ਦੇ ਮੈਂ ਉਨ੍ਹਾਂ ਨੂੰ ਸੁਣਾਉਣ ਵਾਸਤੇ ਲਖਾਏ ਨੇ, ਉਹ ਹੀ ਹਿਸੇ ਪੜ੍ਹ ਕੇ ਸੁਣਾਉਣੇ ਨੇ। ਇਹ ਬੇਨਤੀ ਹੈ। ਅਕਸਰ ਜੰਗ ਵਾਰੇ ਲਿੱਖ ਰਿਹਾ ਹਾਂ। ਉਨ੍ਹਾਂ ਨੂੰ ਦੱਸ ਦਿਓ ਕਿ ਇੱਥੇ ਬਹੁਤ ਜ਼ਬਰਦਸਤ ਠੰਢ ਹੈ। ਰੋਜ਼ ਮੀਂਹ ਪੈਂਦਾ ਹੈ। ਘੋਰ ਹਵਾ ਨਿੱਤ ਨਿੱਤ ਵਗਦੀ ਹੈ। ਪੰਜਾਬ ਵਾਂਗ ਨਹੀਂ ਹੈ। ਲੂੰ ਕੰਡੇ ਖੜ੍ਹੇ ਕਰਨ ਵਾਲੀ ਹਵਾ ਹੈ।

ਰੋਜ਼ ਚੰਗਾ ਖਾਣਾ ਪੀਣਾ ਨਹੀਂ ਮਿਲਦਾ। ਪਰ ਜਦ ਮੌਕਾ ਹੁੰਦਾ ਸਾਨੂੰ ਕੁਕੜੀ ਸੱਤ ਰੁਪਈਆਂ ‘ਚ ਮਿਲ ਜਾਂਦੀ ਖਾਣ ਵਾਸਤੇ ਤੇ ਬੱਕਰੀ ਪੱਚੀ ਰੁਪਈਆਂ ’ਚ। ਪਰ ਇਹ ਤਾਂ ਦੋ ਦਿਹਾੜ ਦੀ ਕਮਾਈ ਹੈ। ਦੋ ਦਿਨਾਂ ਦੀ ਲੜਾਈ ਦਾ ਮੁੱਲ। ਅਗਲੀ ਗੱਲ ਮਾਂ ਭੈਣ ਦੇ ਕੰਨਾਂ ਵਾਸਤੇ ਨਹੀਂ ਹੈ ਭਾਪਾ ਜੀ। ਸੱਚ ਹੈ ਕਿ ਇਹ ਜੰਗ ਨਹੀਂ ਹੈ ਭਾਪਾ ਜੀ। ਇਹ ਤਾਂ ਹੋਰ ਹੀ ਕੁਝ ਹੈ। ਵੈਰੀ ਕੋਲ਼ੇ ਮਸ਼ੀਨਾਂ ਹਨ, ਗੰਨਾਂ ਹਨ ਤੇ ਗੈਸ ਵੀ। ਉਨ੍ਹਾਂ ਕੋਲ਼ੇ ਘੋੜਿਆਂ ਤੋਂ ਬਗੈਰ ਚਲਣ ਵਾਲੇ ਰੱਥ ਹਨ ਜਿਨ੍ਹਾਂ ਨੂੰ ਟੈਂਕ ਆਖੀਦਾ ਹੈ। ਲੋਕ ਤਾਂ ਮੱਖੀਆਂ ਵਾਂਗਰ ਮਾਰਦੇ ਨੇ। ਕੀ ਤੁਹਾਨੂੰ ਤਸਲੀ ਦੇਣ ਲਈ ਦੱਸਾਂ? ਅਸੀਂ ਸਾਰਾ ਦਿਨ ਖ਼ੰਦਕਾਂ ’ਚ ਰਹਿੰਦੇ ਹਾਂ। ਜਦ ਨਿਕਲਦੇ, ਗੋਲ਼ੀਆਂ ਜੁੱਸਿਆਂ ਦੇ ਪਾਰ ਜਾਂਦੀਆਂ। ਕਈ ਡਿੱਗੇ ਨੇ। ਹੁਣ ਤੱਕ ਮੈਂ ਬਚ ਗਿਆ ਹਾਂ।

ਇੱਕ ਪਾਸੇ ਜਰਮਨਾਂ ਦੇ ਆਮਾਲ ਵੇਖ ਕੇ ਅੰਗ੍ਰੇਜ਼ੀ ਰਾਜਾ ਵਾਸਤੇ ਮਰਨ ਤੇ ਮਾਰਨ ਲਈ ਤਿਆਰ ਹਾਂ। ਜਰਮਨ ਤਾਂ ਕਸਾਈ ਕੌਮ ਹਨ। ਪਰ ਅੰਗ੍ਰੇਜ਼ ਵੀ ਚਲਾਕ ਹਨ। ਮੇਰੇ ਖਿਆਲ ਵਿੱਚ ਝੂਠ ਬੋਲਿਆ ਜਦ ਕਿਹਾ ਸੀ ਕਿ ਪੰਜਾਬ ’ਚ ਸੁੱਕੀ ਗੋਈ ਰੋਟੀ ਖਾਵਾਂਗੇ, ਮੈਦਾਨ ‘ਚ ਫੱਲ ਖਾਵਾਂਗੇ। ਕਿ ਪੰਜਾਬ ਦੇ ਲੀੜੇ ਫਟੇ ਹਨ ਅਤੇ ਮੈਦਾਨ ’ਚ ਸੂਟ ਪਾਵਾਂਗੇ। ਸੂਟ ਪਾਇਆ ਜੋ ਮੌਤ ਦੀ ਦੁਲਹਨ ਦਾ ਹੈ। ਪੰਜਾਬ ਦੀ ਟੁੱਟੀ ਜੁੱਤੀ ਇਹ ਕੰਬਕਤ ਬੂਟਾਂ ਤੋਂ ਬਿਹਤਰ ਹੈ। ਸਾਰਾ ਦਿਨ ਪੈਰ ਚੁੱਭਦੇ ਨੇ। ਸਿਪਾਹੀਆਂ ਦੀਆਂ ਘਰ ਵਾਲ਼ੀਆਂ ਨੂੰ ਤਾਂ ਰੰਡੀਆਂ ਕਰ ਦਿੱਤਾ ਭਾਪਾ!

ਦਰਸ਼ਨ ਰਬ ਨੂੰ ਪਿਆਰਾ ਹੋ ਚੁੱਕਾ। ਬਹਾਦਰੀ ਨਾਲ ਜਰਮਨ ਨਾਲ ਲੜਿਆ। ਸਾਡੇ ਤੇ ਬਾਜ਼ ਅੱਖ ਰੱਖ ਰਿਹਾ ਤੇ ਘੋੜਾ ਵੀ। ਉਸ ਦਾ ਘੋੜਾ, ਬਾਜ਼ਾਂ ਵਾਲੇ ਦਾ। ਤਾਾਂ ਹੀ ਹੁਣ ਤੱਕ ਜਿਉਂਦਾ ਹਾਂ। ਕੱਲ੍ਹ ਦਾ ਕੀ ਪਤਾ। ਕੱਲ੍ਹ ਕਿਸ ਨੇ ਦੇਖਿਆ ਹੈ। ਕਿਆਮਤ ਢਹਿ ਪਈ। ਰੋਜ਼ ਸੌ ਕੁ ਬੰਦੇ ਮਰ ਜਾਂਦੇ ਨੇ। ਹੁਣ ਤੱਕ ਮੈਂ ਬਚ ਗਿਆ ਹਾਂ। ਰੱਬ ਕਰੇ ਮੈਂ ਬੱਚ ਕੇ ਫੇਰ ਤੁਹਾਨੂੰ ਖ਼ਬਰ ਭੇਜੂੰਗਾ। ਇਹ ਜਰਮਨ ਬਹੁਤ ਈਰਖਾਲੂ ਲੋਕ ਹਨ। ਉਹ ਬਹੁਤ ‘ਔਲੜੇ’ ਹਥਿਆਰ ਸਾਡੇ ਤੇ ਵਰਤਦੇ ਨੇ। ਜਰਮਨਾਂ ਨੂੰ ਜੰਮਿਆਂ ਨੂੰ ਹੀ ਮਾਰ ਦੇਣਾ ਚਾਹੀਦਾ ਸੀ। ਸੱਚ ਹੈ ਹੁਣ ਤਾਂ ਲੜਨਾ ਰੋਜ਼ ਦੀ ਖੇਡ ਮੇਰੇ ਵਾਸਤੇ ਬਣ ਚੁੱਕੀ ਹੈ। ਮੈਨੂੰ ਹੋਰ ਕੁਝ ਯਾਦ ਨਹੀਂ ਆਉਂਦਾ। ਕਈ ਵਾਰੀ ਜਦ ਸੁਤਾ ਹੁੰਦਾ ਬਚਪਣ ਦੇ ਸੁਪਨੇ ਲੈਂਦਾਂ। ਫੇਰ ਲੱਗਦਾ ਕਿ ਜਦ ਜਾਗਦਾ ਹਾਂ, ਓਦੋਂ ਹੀ ਭਿਆਨਕ ਸੁਪਨੇ ‘ਚ ਹਾਂ। ਪਰ ਹੋਸ਼ ਬਹੁਤ ਛੇਤੀ ਆ ਜਾਂਦਾ ਹੈ। ਸੱਚ ਹੈ ਜੇ ਅੱਜ ਮਰ ਵੀ ਗਿਆ, ਰਾਜ ਲਈ ਲੜਦਾ, ਮੈਨੂੰ ਤਾਂ ਫਿਰਦੌਸ ‘ਚ ਗੱਦੀ ਮਿਲ ਜਾਣੀ ਹੈ। ਖ਼ੈਰ ਅਸੀਂ ਤਾਂ ਬਾਜ਼ਾਂ ਵਾਲੇ ਦੇ ਸੂਰਬੀਰ ਹਾਂ। ਅਖੀਰ ਤੱਕ ਲੜਾਂਗਾ ਭਾਪਾ, ਕੋਈ ਸ਼ੱਕ ਨਹੀਂ ਹੈ ਆਪਣੇ ਆਪ ਨੂੰ ਹੁਣ ਕੁਰਬਾਨ ਕਰਨ ’ਚ। ਮਾਂ ਭੈਣ ਨੂੰ ਦੱਸਣਾ ਕਿ ਪੁੱਤਰ ਖ਼ਾਲਸਾ ਹੈ!

ਭਾਪਾ ਜੀ, ਸਹੁੰ ਹੈ ਸਾਨੂੰ ਪਤਾ ਨਹੀਂ ਘਰ ਵਾਪਸੀ ਕਦ ਹੋਣੀ ਹੈ, ਇਸ ਲਈ ਪਤਾ ਨਹੀਂ ਫੇਰ ਤੁਹਾਨੂੰ ਕਦ ਚਿੱਠੀ ਲਿਖੂੰਗਾ। ਸੱਚ ਹੈ ਕੀ ਪਤਾ ਕਦ ਖ਼ਤ ਭੇਜ ਵੀ ਸਕਣਾ ਹੈ। ਹੁਣ ਸਭ ਨੂੰ ਸਮਝ ਹੈ ਕਿ ਸਾਡੇ ਥਾਂ ਹੋਰ ਕੋਈ ਨਹੀਂ ਆਉਣਾ। ਸਾਨੂੰ ਇਸ ਜੰਗ ਤੋਂ ਸ਼ਾਂਤੀ ਨਹੀਂ ਮਿਲਣੀ। ਹੌਲ਼ੀ ਹੌਲ਼ੀ ਪੈਸੇ ਘੱਟ ਰਹੇ ਨੇ। ਬੱਕਰੀ ਲੈਣ ਵਾਸਤੇ ਹੁਣ ਕੁਝ ਹੈ ਨਹੀਂ। ਕੁਕੜੀ ਵੀ ਪਹਿਲੇ ਦਿਨਾਂ ’ਚ ਹੀ ਮਿਲਦੀ ਸੀ। ਹਰ ਬੰਦੇ ਨੂੰ ਰਾਸ਼ਨ ਤੇ ਪਾਇਆ ਹੈ। ਹੁਣ ਭੁੱਖ ਨੇ ਮਾਰ ਦੇਣਾ ਜੇ ਉਹ ਕੁੱਤੇ ਜਰਮਨਾਂ ਨੇ ਨਹੀਂ ਖ਼ਤਮ ਕੀਤਾ। ਭੁੱਖਮਰੀ ਦੇ ਦਿਹਾੜ ਅੱਗੇ ਆ ਰਹੇ ਨੇ।

ਪਰ ਇਹ ਗੱਲਾਂ ਮਾਂ ਭੈਣ ਨੂੰ ਦੱਸਣ ਦੀ ਲੌੜ ਨਹੀਂ ਹੈ। ਇਸ ਖ਼ਤ ਲਿਖਣ ਵਾਸਤੇ ਮੈਨੂੰ ਸਿਆਹੀ ਨੂੰ ਅੱਗ ਦੇ ਸੇਕ ਉੱਤੇ ਘੋਲ਼ਨਾ ਪਿਆ ਸੀ। ਜੇ ਇੰਝ ਹੀ ਠੰਢ ਰਹੀ, ਮੈਂ ਤਾਂ ਦੁਨੀਆਂ ਨੂੰ ਖ਼ੁਸ਼ੀ ਨਾਲ ਹੀ ਛੱਡਾਂਗਾ ਭਾਪਾ ਜੀ।

ਇੱਕ ਗੱਲ ਮਾਂ ਭੈਣ ਨੂੰ ਤੁਸੀਂ ਦੱਸ ਸਕਦੇ ਹੋ। ਇੱਥੇ ਨਾਰੀ ਤੇ ਮਰਦ ’ਚ ਬਹੁਤਾ ਫ਼ਰਕ ਨਹੀਂ ਹੈ। ਹੈਰਾਨੀ ਦੀ ਗੱਲ ਹੈ। ਹਰ ਪਿੰਡ ਵਿੱਚ ਪੜ੍ਹੇ ਲਿਖੇ ਲੋਕ ਨੇ। ਗਰੀਬ ਅਮੀਰ ਇਸ ਗੱਲ ਵਿੱਚ ਤਾਂ ਬਰਾਬਰ ਨੇ। ਸਾਡੇ ਵਿੱਚੋਂ ਮੈਂ, ਤਾਂ ਇੱਕ ਦੋ ਹੋਰ ਹੀ ਲਿਖ ਸਕਦੇ ਨੇ। ਮੈਂ ਆਪਣੇ ਵਾਸਤੇ ਨਹੀਂ, ਪਰ ਕਈਆਂ ਵਾਸਤੇ ਚਿੱਠੀਆਂ ਲਿਖਦਾ ਹਾਂ। ਇੱਥੇ ਜ਼ਨਾਨੀਆਂ ਆਦਮੀ ਦੇ ਬਰਾਬਰ ਕੰਮ ਕਰਦੀਆਂ ਨੇ ਅਤੇ ਉਹ ਨੌਕਰੀਆਂ ਕੰਮ ਕਾਰਾਂ ਵਿੱਚ ਰੁੱਝੀਆਂ ਹਨ। ਕਹਿਣ ਦਾ ਮਤਲਬ ਕਿ ਸਕੂਲ ਮਾਸਟਰ ਜਾਂ ਮਾਸਟਰਾਨੀ ਨੇ। ਇੱਕ ਹੀ ਫ਼ਰਕ ਹੈ, ਰੱਬ ਨੇ ਇੱਕ ਨੂੰ ਬੰਦਾ ਬਣਾਇਆ, ਇੱਕ ਨੂੰ ਤੀਵੀਂ।

ਬੇਲਜਨ ਜਾਂ ਫਰਾਂਸੀਸੀ। ਇਹ ਲੋਕ ਬਹੁਤ ਹਮਦਰਦ ਅਤੇ ਨੇਕ ਦਿਲ ਵਾਲੇ ਹਨ। ਇੱਕ ਰਾਤ ਸਾਨੂੰ ਕਿਸੇ ਅਮੀਰ ਆਦਮੀ ਦੇ ਘਰ ਠਹਿਰਨਾ ਪਿਆ। ਸਾਨੂੰ ਸਿਗਨਲ ਦੀਅਾਂ ਤਾਰਾਂ ਸੈਟ ਕਰਨ ਉਸ ਥਾਂ ਭੇਜਿਆ ਹੋਇਆ ਸੀ। ਪਰ ਫੇਰ ਆਲ਼ੇ ਦੁਆਲ਼ੇ ਲੜਾਈ ਸ਼ੁਰੂ ਹੋ ਗਈ ਸੀ ਅਤੇ ਪਿੰਡ ’ਚ ਫ਼ਸ ਗਏ ਸੀ। ਖ਼ੰਦਕਾਂ ਤੋਂ ਦੂਰ ਸਾਂ। ਉੱਥੇ ਇੱਕ ਬੁੱਢੀ ਔਰਤ ਸੀ। ਉਸ ਦੇ ਦੋਵੇਂ ਪੁੱਤ ਕਿਤੇ ਜੰਗ ’ਚ ਸਾਡੇ ਵਾਂਗਰ ਸ਼ਾਮਲ ਸਨ। ਸਾਫ਼ ਦਿਸਦਾ ਸੀ ਕਿ ਉਹ ਆਪਣੇ ਮੁੰਡਿਆਂ ਨੂੰ ਬਹੁਤ ਪਿਆਰ ਕਰਦੀ ਸੀ। ਉਨ੍ਹਾਂ ਬਾਰੇ ਬੋਲ਼ੀ ਗਈ। ਜਿੰਨਾ ਜ਼ਮੀਨ ਫ਼ਲਕ ’ਚ ਫਾਸਲਾ ਹੈ, ਓਨਾ ਹੀ ਉਸ ਬੁੱਢੀ ਤੇ ਸਾਡੀਆਂ ਜ਼ਨਾਨੀਆਂ ਵਿੱਚ ਹੈ ਭਾਪਾ। ਜਿੰਨੇ ਘੰਟੇ ਅਸੀਂ ਉੱਥੇ ਫ਼ਸੇ ਰਹੇ, ਮੈਂ ਉਸ ਨੂੰ ਇੱਕ ਵਾਰ ਨਹੀਂ ਬੈਠੀ ਦੇਖਿਆ। ਭਾਵੇਂ ਵੱਡੇ ਘਰ ਦੀ ਸੀ, ਸਭ ਦੀ ਮੱਦਦ ਕਰ ਰਹੀ ਸੀ ਅਤੇ ਕੰਮ ਕਰ ਰਹੀ ਸੀ। ਕਿਤੇ ਨੌਕਰ ਨਹੀਂ ਦੀਂਹਦੇ। ਬੇਕਾਰ ਨਹੀਂ ਸੀ। ਸਾਡੇ ਫ਼ੌਜੀਆਂ ਦੇ ਮੈਲ਼ੇ ਲੀੜੇ ਉਸ ਨੇ ਹੀ ਧੋਤੇ! ਸਾਡੇ ਵਾਸਤੇ ਖਾਣਾ ਤਿਆਰ ਕੀਤਾ। ਮੇਰੇ ਬੂਟ ਪੋਲਿਸ਼ ਕੀਤੇ। ਹੋਰਾਂ ਦੇ ਵੀ ਕੀਤੇ ਸੀ। ਜਦ ਅੱਗਲੇ ਦਿਨ ਉੱਥੋਂ ਤੁਰੇ, ਉਹ ਤਾਂ ਬਹੁਤ ਰੋਈ। ਕਮਾਲ ਦੀ ਗੱਲ!

ਸੋ ਮਾਂ ਨੂੰ ਕਹਿਣਾ ਫ਼ਿਕਰ ਨਾ ਕਰੇ। ਇੱਥੇ ਸਾਡੇ ਕੋਲ਼ੇ ਗੋਰੀਆਂ ਮਾਵਾਂ ਹਨ। ਕੀ ਪਤਾ ਜੇ ਮੇਰੀ ਕਿਸਮਤ ਬਣ ਗਈ ਤੇ ਘਰ ਪਰਤਿਆ, ਨਾਲ਼ੇ ਮੇਮ ਨੂੰਹ ਲੈ ਕੇ ਆਵਾਂਗਾਂ।
ਇਹ ਗੱਲਾਂ ਮਾਂ ਭੈਣ ਨੂੰ ਦੱਸਣ ਵਾਲ਼ੀਆਂ ਹਨ ਭਾਪਾ ਜੀ। ਰਬ ਖ਼ੈਰ ਕਰੇ। ਹੁਣ ਜਦ ਮੌਕਾ ਫੇਰ ਮਿਲਿਆ, ਲਿਖਾਂਗਾ।

ਤੁਹਾਡਾ ਪੱੁਤ
ਖੇਮਾ
**

ਵੈਸਾਖ ਦਾ ਅਠਾਰਹਵਾਂ ਦਿਨ

ਪਿਆਰੇ ਬੂਟਾ ਸਿਆਂ!

ਕਿੱਦਾਂ ਯਾਰ। ਮਾਫ਼ ਕਰਨਾ ਜਿਹੜਾ ਮੈਂ ਲਿਖ ਨਹੀਂ ਸਕਿਆ। ਹੁਣ ਛੇ ਮਹਿਨੇ ਬੀਤ ਚੁੱਕੇ ਜਦ ਦਾ ਮੈਂ ਤੈਨੂੰ ਜਾਂ ਭਾਪਾ ਜੀ ਨੂੰ ਚਿੱਠੀ ਲਿੱਖੀ ਹੈ। ਮੌਕਾ ਨਹੀਂ ਮਿਲਿਆ। ਇਹ ਲੜਾਈ ਤਾਂ ਹੋਰ ਕੁਝ ਹੀ ਬਣ ਗਈ ਹੈ। ਪਧਿਆਣੇ’ਚ ਸਾਰੇ ਕਿਵੇਂ ਹਨ?

ਛੇ ਮਹੀਨੇ ਹੋ ਚੁੱਕੇ ਜਦ ਦੇ ਅਸੀਂ ਇੱਥੇ ਆਏ ਹਾਂ। ਹੁਣ ਤਾਂ ਮੈਨੂੰ ਤੇਰਾ ਮੂੰਹ ਵੀ ਨਹੀਂ ਯਾਦ ਆਉਂਦਾ ਹੈ। ਕੀ ਤੈਨੂੰ ਦੱਸਾਂ? ਉਹ ਜਰਮਨ ਬੜੇ ਬੇਈਮਾਨ ਲੋਕ ਹਨ। ਕੁਝ ਦਿਨ ਪਹਿਲਾਂ, ਮੈਨੂੰ ਲੱਗਦਾ ਵੈਸਾਖ ਦਾ ਨੌਂਵਾਂ ਦਿਨ ਸੀ। ਗੋਰੇ ਐਪਰਲ ਦਾ ਬਾਹੀਵਾਂ ਦਿਨ ਕਹਿ ਰਹੇ ਨੇ। ਉਸ ਦਿਹਾੜ ਸ਼ਾਮ ਦੇ ਪੰਜ ਵੱਜੇ, ਸਾਡੇ ਵੱਲ ‘ਅਸੁਰ’ ਭੇਜ ਦਿੱਤਾ ਸੀ। ਗੈਸ! ਮੈਨੂੰ ਬਾਅਦ ਵਿੱਚ ਦੱਸਿਆ ਗਿਆ ਕਿ ਖ਼ਬਰੇ ਦੋ ਹਜ਼ਾਰ ਫਰਾਂਸੀਸੀ ਫ਼ੌਜੀ ਮਰ ਗਏ ਸੀ! ਇਸ ਤਰੀਕੇ ਨਾਲ਼ ਜਰਮਨ ਸਾਡੇ ਲਾਗੇ ਆ ਚੁੱਕੇ, ਈਪਰ ਪਿੰਡ ਦੇ ਨਾਲ। ਅਗਲੇ ਦਿਨ ਸਾਨੂੰ, ਮਤਲਬ ਸਿੱਖਾਂ ਨੂੰ, ਉਨ੍ਹਾਂ ਵੱਲ ਭੇਜਿਆ ਗਿਆ। ਮੈਨੂੰ ਤੇ ਗਿਆਨ ਨੂੰ ਲਾਹੋਰ ਦੇ ਨਵੇਂ ਆਏ ਫ਼ੌਜ਼ੀਆਂ ਨੂੰ ਸਾਥ ਦੇ ਭੇਜਿਆ ਸੀ। ਉਨ੍ਹਾਂ ਨੂੰ ਇੱਥੇ ਫਿਰੋਜ਼ਪੂਰ ਵਾਲ਼ਿਆਂ ਨਾਲ ਰਲ਼ਾਉਣਾ ਸੀ। ਸੋ ਅਸੀਂ ਆਰਲੀਆਨ ਚਲੇ ਗਏ ਅਤੇ ਉਨ੍ਹਾਂ ਨਾਲ਼ ਈਪਰ ਵਾਪਸ ਆਏ। ਲੜਾਈ ਤੇ ਝੌਂਣਾ ਸੀ।

ਚੌਵੀ ਘੰਟਿਆਂ ਦੇ ਕੂਚ ਕਰਦਿਅਾਂ ਪੈਰ ਬੂਟਾਂ ਵਿੱਚ ਸੁੱਜ ਗਏ। ਅਸੀਂ ਓਦਰਡਾਮ ਪੁੱਜੇ। ਪਹਾੜੀਆਂ ਅਤੇ ਪੱਥਰੀ ਰਾਹਾਂ ਤੇ ਤੁਰੇ। ਮੀਂਹ ਨਾਲ਼ ਪੱਥ ਤੇ ਪੈਰ ਖਿਸਕਦੇ ਸੀ। ਸਾਨੂੰ ਦੱਸਿਆ ਗਿਆ ਕਿ ਜਰਮਨ ਗੈਸ ਵਰਤ ਰਹੇ ਸੀ। ਸਾਨੂੰ ਦੱਸਿਆ ਗਿਆ ਕਿ ਪਾਣੀ ਵਾਲੀ ਵਸਤ ਨਹੀਂ ਸੀ। ਸਾਨੂੰ ਦੱਸਿਆ ਗਿਆ ਉਸ ਤੋਂ ਬਚਾਉਣ ਵਾਸਤੇ ਪੱਗਾਂ ਦੀਅਾਂ ਕੰਨੀਆਂ ਉੱਤੇ ਧਾਰ ਮਾਰਨੀ ਪਵੇਗੀ। ਫੇਰ ਉਸ ਹਿੱਸੇ ਨੂੰ ਅੱਖਾਂ ਉੱਤੇ ਲੁਪੇਟਨਾ ਚਾਹੀਦਾ ਹੈ। ਜੇ ਪੱਗ ਨੂੰ ਇੰਝ ਨਹੀਂ ਕਰਨ ਲਈ ਤਿਆਰ ਸਨ ਅਸੀਂ ਰਮਾਲਾਂ ਉੱਤੇ ਮੂਤ ਕਰ ਕੇ ਮੂੰਹ ਤੇ ਬੰਨ੍ਹ ਸਕਦੇ ਸੀ। ਅੱਗਲੇ ਦਿਨ ਸਾਡੀਆਂ ਬ੍ਰੀਗੇਡਾਂ ‘ਗਾਂਹਾਂ ਗਈਆਂ। ਫਿਰੋਜ਼ਪੂਰ ਵਾਲ਼ੀ ਤੇ ਜਲੰਧਰ ਵਾਲੀ ਨਾਲ ਹੀ ਗਈਆਂ। ਇੱਕ ਕਿੱਲ੍ਹਾ ਜਿਹਾ ਸੀ ਜਿਸ ਦੇ ਆਲੇ ਦੁਆਲੇ ਵੱਡੀ ਪਾਣੀ ਭਰੀ ਖਾਈ ਸੀ। ਇੱਥੇ ਸਾਡੇ ਤੇ ਬੰਬ ਸੁੱਟੇ ਗੲੇ। ਕਿਸਮਤ ਨਾਲ ਜ਼ਿਆਦੇ ਬੰਬ ਤਾਂ ਖਾਈ ‘ਚ ਖਾ ਹੋ ਗਏ ਸੀ। ਇਸ ਕਰਕੇ ਅਸੀਂ ਤਾਂ ਖ਼ੁਸ਼ੀ ਨਾਲ ਤਾੜੀਆਂ ਵਜਾਈਆਂ।

ਫੇਰ ਸਾਡੀਆਂ ਅੱਖਾਂ ਸਾਹਮਣੇ ਇੱਕ ਬੰਬ ਪਠਾਣਾਂ ਉੱਤੇ ਆ ਡਿੱਗਿਆ। ਕਈ ਜਣੇ ਮਰ ਗਏ। ਅਸੀਂ ਵਿਲਟੇ ਪਿੰਡ ਦੇ ਆਲੇ ਦੁਆਲ਼ ਤਿਆਰ ਹੋ ਗਏ ਸੀ। ਉਸ ਹੀ ਵੇਲੇ ਸਾਡੇ ਤੇ ਗੈਸ ਛੱਡ ਦਿੱਤਾ ਗਿਆ। ਉੱਪਰ ਜਰਮਨ ਹਵਾਈ ਜਹਾਜ਼ ਵੀ ਉੱਡ ਰਹੇ ਸੀ। ਪਰ ਇਸ ਬਾਰੇ ਚਿੱਟੀ ਮਿਰਚ ਨੇ ਕੁਝ ਨਹੀਂ ਕਿਹਾ ਜਾਂ ਕੀਤਾ। ਫਿਰੋਜ਼ਪੁਰ ਵਾਲੇ ਖੱਬੇ ਪਾਸੇ ਸੀ ਅਤੇ ਜਲੰਧਰ ਵਾਲੇ ਸੱਜੇ ਪਾਸੇ ਸੀ। ਅੱਗਲੇ ਦਿਨ ਆਥਨ ਦੇ ਦੋ ਵੱਜੇ ਸੌ ਬੰਦੇ ‘ਗਾਂਹਾਂ ਭੇਜ ਦਿੱਤੇ ਸੀ। ਖ਼ੋਜ ਕਰਨ ਗਏ ਸੀ। ਦੇਖਣਾ ਸੀ ਕਿੰਨੇ ਦੂਰ ਜਰਮਨ ਖ਼ੰਦਕ ਸਨ। ਪਰ ਉਹ ਅਫਸਰ ਵਾਪਸ ਨਹੀਂ ਪਰਤੇ। ਲਾਹੌਰ ਵਾਲਿਆਂ ਨੂੰ ਮੀਲ ਤੁਰਨਾ ਪਿਆ ਖ਼ੰਦਕਾਂ ਤੇ ਹਮਲਾ ਕਰਨ ਵਾਲੇ ਥਾਂ ਪੁੱਜਣ ਵਾਸਤੇ। ਉਹ ਤਾਂ ਪਹਿਲਾਂ ਹੀ ਕਾਫ਼ੀ ਅੱਕੇ ਥੱਕੇ ਸਨ। ਸਾਹਮਣੇ ਜ਼ਮੀਨ ਉੱਪਰ ਹੇਠਾਂ ਜਾ ਰਹੀਂ ਸੀ। ਇਸ ਕਰਕੇ ਜਰਮਨ ਖ਼ੰਦਕ ਦੇ ਮੂਹਰੇ ਜ਼ਮੀਨ ਉੱਚੀ ਸੀ। ਉਹ ਲੋਕ ਨਜ਼ਰ ਨਹੀਂ ਆ ਰਹੇ ਸੀ। ਸਾਡਿਆਂ ਸਾਰਿਆ ਨੇ ਹਮਲਾ ਕੀਤਾ। ਕਾਲ਼ੀ ਮਿਰਚ, ਚਿੱਟੀ ਮਿਰਚ ਸ਼ਾਦੀ ਚ ਸ਼ਾਮਲ ਸੀ। ਪਤਾ ਨਹੀਂ ਲੱਗਿਆ ਕਿਹੜੇ ਪਾਸਿਉਂ ਕੋਣ ਅੱਗੇ ਦੌੜ ਰਿਹਾ ਸੀ। ਦੂਜੇ ਪਾਸਿਉਂ ਜਰਮਨ ਫ਼ਾਇਰਿੰਗ ਨੇ ਤਾਂ ਸਾਡਾ ਕੀਮਾ ਹੀ ਬਣਾ ਦਿੱਤਾ ਸੀ। ਨਾਲੋ ਨਾਲ ਹੀ ਗੈਸ ਦੀਅਾਂ ਬੋਤਲਾਂ ਸਾਡੇ ਵੱਲ ਸੁੱਟ ਰਹੇ ਸੀ। ਸਾਨੂੰ ਕੋਈ ਸਹਾਰਾ ਦੇਣ ਵਾਸਤੇ ਵੀ ਨਹੀਂ ਆਇਆ।

ਬਾਜ਼ ਇੱਕ ਵਾਰੀ ਫੇਰ ਪੁੱਜਿਆ।

ਨੀਲਾ ਘੋੜਾ ਵੀ। ਪਰ ਗੈਸ ਦੀ ਪੀਲੀ ਚਾਦਰ ਵਿੱਚ ਉਨ੍ਹਾਂ ਨੂੰ ਵੀ ਨਹੀਂ ਪਤਾ ਲੱਗਾ ਕਿਹੜੇ ਪਾਸੇ ਜਾਣ ਜਾਂ ਕੀ ਕਰਨ। ਹਫੜਾ ਦਫੜੀ ’ਚ ਕੁਝ ਨਹੀਂ ਪਤਾ ਲੱਗ ਰਿਹਾ ਸੀ। ਇੱਕ ਬਾਜ਼, ਇੱਕ ਘੋੜਾ ਅਤੇ ਕੁਝ ਚਲਾਏ ਤੀਰ ਕੀ ਕਰ ਸਕਦੇ ਸੀ? ਸਾਡੇ ਦੋ ਹਜ਼ਾਰ ਬੰਦੇ ਮਰ ਗਏ ਸੀ। ਖ਼ੈਰ! ਮੈਨੂੰ ਤਾਂ ਇੰਝ ਹੀ ਲੱਗਾ ਸੀ। ਗੋਰੇ, ਕਾਲ਼ੇ, ਆਪਣੇ। ਚਾਰ ਸੌ ਚੁਤਾਲੀ ਦੇਸੀਆਂ ’ਚੋਂ ਤਿੰਨ ਸੌ ਅਠਾਤਾਲ਼ੀ ਤਾਂ ਇੱਕ ਦਮ ਮਰ ਗਏ ਸੀ। ਪਰ ਮੈਂ ਬਹੁਤ ਬਹਾਦਰੀ ਵੀ ਉਸ ਦਿਨ ਦੇਖੀ ਸੀ ਯਾਰਾ! ਬਾਜ਼ ਨੇ ਫੇਰ ਵੀ ਕਈ ਮੂੰਹ ਪਾੜ ਦਿੱਤੇ ਸੀ। ਘੋੜੇ ਨੇ ਕਈਆਂ ਨੂੰ ਪੈਰਾਂ ਹੇਠ ਮਿੱਧ ਦਿੱਤਾ ਸੀ। ਤੀਰਾਂ ਨੇ ਵੀ ਥੌੜ੍ਹਾ ਜਿਹਾ ਕੰਮ ਸਾਡੇ ਵਾਸਤੇ ਕਰ ਦਿੱਤਾ ਸੀ, ਪਰ, ਕਾਸ਼! ਜਿਹੜੇ ਜਿਗਰੇ ਵਾਲੇ ਆਮ ਆਦਮੀ ਉਸ ਦਿਹਾੜ ਦੇਖੇ ਸੀ, ਉਹ ਤਾਂ ਲਾਜਵਾਬ ਸੀ। ਉਸ ਦਿਨ ਸੱਚੀ ਬਹਾਦਰੀ ਤਾਂ ਭਾਨ ਸਿੰਘ, ਮੁਲਾ ਸਿੰਘ ਤੇ ਰੂੜ੍ਹ ਸਿੰਘ ਨੇ ਦਿਖਾਈ ਸੀ। ਰੁੜ ਤੇ ਮੁਲੇ ਨੇ ਕਈ ਬੰਦੇ ਬਚਾਏ। ਭਾਨ ਸਿਆਂ ਨੇ ਤਾਂ ਸਾਡਾ ਗੋਰਾ ਕਪਤਾਨ, ਬੈਂਕਸ, ਨੂੰ ਵੀ ਬਚਾ ਦਿੱਤਾ ਸੀ। ਪਰ ਫੇਰ ਵੀ, ਸਾਡੇ ਵਿੱਚੋਂ ਇੱਕ ਜਣਾ ਜਰਮਨ ਖ਼ੰਦਕ ਕੋਲ਼ ਪਹੁੰਚ ਨਹੀਂ ਸਕਿਆ। ਇੱਕ ਵੀ ਨਹੀਂ। ਢਾਈ ਵੱਜੇ ਜਰਮਨਾਂ ਨੇ ਹੋਰ ਗੈਸ ਬੋਤਲਾਂ ਸਾਡੇ ਤੇ ਸੁੱਟੀਆਂ। ਇੱਕ ਦਮ ਬੰਦੇ ਧਰਤ ਉੱਤੇ ਦੁੱਖ ’ਚ ਡਿੱਗੇ। ਐਣਾ ਤਸੀਹਾ ਕੱਦੀ ਨਹੀਂ ਦੇਖਿਆ ਸੀ। ਸੋਚ ਵੀ ਨਹੀਂ ਸਕਦਾਂ ਕਿ ਆਦਮੀ, ਆਦਮੀ ਨੂੰ ਇੰਨਾ ਜ਼ਫ਼ਰ ਦੇ ਸਕਦਾ ਜਾਂ ਪੀੜ ਹੋ ਸਕਦੀ।

ਫਿਰੋਜ਼ਪੁਰ ਤੇ ਫਰਾਂਸੀਸੀਆਂ ਨੂੰ ਸਭ ਤੋਂ ਜ਼ਬਰਦਸਤ ਅਸਰ ਪਿਆ। ਮੈਂ ਉਸ ਵੇਲੇ ਉਨ੍ਹਾਂ ਦੇ ਨਾਲ ਸੀ। ਕਿਸਮਤ ਨਾਲ ਮੈਂ ਆਪਣੀ ਪੱਗ ਤੇ ਰੁਮਾਲ ਉੱਤੇ ਪਿਸ਼ਾਬ ਨਹੀਂ ਕੀਤਾ ਸੀ। ਮੇਰੇ ਖਿਆਲ ’ਚ ਇੰਝ ਕਰਨਾ ਪੱਗੜੀ ਦੀ ਅਹੀ ਤਹੀ ਸੀ। ਬਾਅਦ ‘ਚ ਪਤਾ ਲੱਗਾ ਕਿ ਗਿੱਲੇ ਕੱਪੜੇ ਨਾਲ਼ ਗੈਸ ਦਾ ਅਸਰ ਵੱਧਦਾ ਹੈ। ਮੇਰੇ ਆਲੇ ਦੁਆਲੇ ਮਿੱਤਰ ਸਨ, ਜਿਨ੍ਹਾਂ ਦੀ ਪੱਗ ਦੇ ਲੜ ਅੱਖਾਂ ਲਾਗੇ ਸਨ। ਅੱਖਾਂ ਇੱਕ ਦਮ ਸੜ ਗਈਆਂ ਉਨ੍ਹਾਂ ਦੀਆਂ! ਇੰਝ ਹੀ ਜਿਨ੍ਹਾਂ ਦੇ ਮੂੰਹਾਂ ਤੇ ਰੁਮਾਲ ਬੰਨ੍ਹੇ ਸੀ, ਉਨ੍ਹਾਂ ਦੇ ਫੇਫੜਿਆਂ ‘ ਚ ਜਲ਼ਦੀ ਗੈਸ ਭਰ ਗਈ ਸੀ। ਫ਼ਰਕ ਤਾਂ ਪੈਂਦਾ ਨਹੀਂ ਸੀ। ਹਰ ਫ਼ੌਜੀ, ਗੋਰਾ ਜਾਂ ਕਾਲ਼ਾ, ਗੈਸ ਤੋਂ ਬਚ ਨਹੀਂ ਸਕਿਆ। ਮੈਂ ਮੂੰਹ ਕਸੀਸ ਕਿ ਲੜਾਂ। ਯਾਰ ਪਹਿਲਾਂ ਮੇਰੀਆਂ ਅੱਖਾਂ ਜਲ਼ੀਆਂ, ਤੇ ਫੇਰ ਫੇਫੜੇ ਝੁਲ਼ਸ ਰਹੇ ਸਨ! ਸਾਰਿਆਂ ਦਾ ਮਾਸ ਸੜ ਰਿਹਾ ਸੀ। ਜੇ ਨਕਾਬ ਹੁੰਦਾ, ਜਾਂ ਅੱਖਾਂ ਉੱਤੇ ਬੰਦ ਐਨਕਾਂ ਹੁੰਦੀਆਂ! ਜਿਵੇਂ ਸਭ ਨੂੰ ਵਿਸ਼ਾਣੂ ਖ਼ਤਮ ਕਰਨ ਤੇ ਪਿਆ ਹੁੰਦਾ। ਪਰ ਮੇਰੀ ਕਿਸਮਤ ਚੰਗੀ ਸੀ। ਮੈਂ ਆਪਣੀ ਪੱਗ ਲਾਹ ਕੇ ਮੂੰਹ ਦੇ ਆਲੇ ਦੁਆਲੇ ਲਪੇਟ ਦਿੱਤੀ ਸੀ। ਫੇਰ ਵੀ ਮਾਸ ਸੜਿਆ। ਮੈਨੂੰ ਹਾਲੇ ਵੀ ਅੱਖਾਂ ਦੁੱਖ ਦਿੰਦੀਆਂ ਅਤੇ ਫੇਫੜਿਆਂ ’ਚ ਦਰਦ ਹੋ ਰਿਹਾ ਹੈ। ਕੁਝ ਫ਼ੌਜੀ ਜੋ ਮੇਰੇ ਆਲੇ ਦੁਆਲੇ ਸਨ ਬਦਕਿਸਮਤ ਸਨ। ਮੇਰੇ ਸਾਹਮਣੇ ਧਰਤ ਉੱਤੇ ਤੜਪਦੇ ਦੇ ਸੀ, ਧੂਹ ਪੈਂਦੀ ਸੀ। ਚੀਕਦੇ ਸੀ। ਟੀਸ ਨਾਲ਼ ਦੁੱਖ ਵਿੱਚ ਸਨ। ਅੱਖਾਂ ਦੀਆਂ ਪੁਤਲੀਆਂ ਖੁਰ ਗਈਆਂ ਸਨ। ਕਈ ਜਣੇ ਅੰਨ੍ਹੇ ਹੋ ਚੁੱਕੇ ਸੀ। ਫੇਫੜੇ ਪਾਟ ਰਹੇ ਸੀ। ਹਵਾ ਪੀਲੀ ਸੀ। ਧੁੰਦ ਹੀ ਧੁੰਦ ਸੀ। ਅਸੀਂ ਉੱਥੋਂ ਨੱਸੇ। ਗ਼ਲਤ ਨਾ ਸਮਝੀਂ। ਅਸੀਂ ਲਿੱਦ ਕਰਨ ਵਾਲ਼ੇ ਨਹੀਂ ਸੀ। ਪਰ ਇਹ ਤਾਂ ਇੱਕ ਪੀਲਾ ਪਤਾਲ਼ ਸੀ। ਜਿਹੜਾ ਕੋਈ ਜਿੰਨ੍ਹ ਨੇ ਨਹੀਂ ਸੀ ਬਣਾਇਆ, ਪਰ ਆਦਮੀਆਂ ਨੇ ਬਣਾਇਆ ਹੋਇਆ ਸੀ। ਜਰਮਨ ਦਹਿਸਿਰ ਨੇ ਮਚਾਇਆ ਸੀ। ਇਸ ਦੇ ਖ਼ਿਲਾਫ਼ ਕੀ ਸੂਰਮਾਂ ਕਰ ਸਕਦਾ ਸੀ? ਹਵਾ ਗੈਸ ਨਾਲ ਕਿਵੇਂ ਲੜਨਾ ਯਾਰ? ਜਿਹੜੇ ਮਰ ਗਏ ਸੀ ਤੇ ਮਰ ਰਹੇ ਸੀ, ਉਨ੍ਹਾਂ ਨੂੰ – ਕਿਸੇ ਦੀ ਧਰਤ ਨਹੀਂ- ਮੈਦਾਨ’ਚ ਛੱਡ ਦਿੱਤਾ ਸੀ।

ਮੈਂ ਦੇਖਿਆ ਕਿ ਗਿਆਨ ਪਿੱਛੇ ਰਿਹਾ। ਮੇਰੇ ਵਾਂਗਰ ਉਸ ਨੂੰ ਹਾਲੇ ਗੈਸ ਨੇ ਬਹੁਤਾ ਉਜਾੜਿਆ ਨਹੀਂ ਸੀ। ਉਹ ਇੱਕ ਨਿੱਕੇ ਟੋਲੇ ਨਾਲ਼ ਉੱਥੇ ਠਹਿਰਿਆ। ਉਸ ਦੇ ਨਾਲ਼ ਬਾਜ਼ ਸੀ ਅਤੇ ਜੇਮੰਦਰ ਮਿਰ ਦਸਤ, ਜਿਸ ਨੇ ਟੋਲੇ ‘ਕੱਠਾ ਕਰ ਕੇ ਨੂੰ ‘ਗਾਂਹਾਂ ਲੈ ਕੇ ਗਿਆ, ਨੀਲੇ ਘੋੜੇ ਮਗਰ। ਉਸ਼ੇਰ ਤੀਕਰ ਉੱਥੇ ਲੜੀ ਗਏ। ਉਸ਼ੇਰ ਸਾਰ ਪਰਤੇ, ਉਨ੍ਹਾਂ ਦੇ ਨਾਲ਼ ਘਾਇਲ ਜ਼ਖਮੀ ਫ਼ੌਜੀ। ਗਿਆਨ ਨੂੰ ਫੱਟੜ ਹੋਣ ਤੇ ਪਰਵਾਹ ਨਹੀਂ ਸੀ। ਜਦ ਉਗ ਘੋੜਾ ਅੱਗੇ ਦੌੜਿਆ ਅਤੇ ਇੱਕ ਵਾਰ ਫੇਰ ਤੀਰ ਪਿੱਛੋਂ ਜਰਮਨ ਵੱਲ ਛੱਛੇ ਗਏ ਸੀ, ਘੋੜੇ ਨੂੰ ਵੇਖ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਮਿਰ ਦਸਤ ਨਾਲ਼ ਗਿਆਨ ਮੁੜਿਆ ਸੀ।

ਉਸ ਰਾਤ ਗੈਸ ਦੀ ਹਮਕ ਹਵਾ ਵਿਚ ਰਹੀ। ਜਦ ਬਾਰਾਂ ਵੱਜ ਗੂੜੀ ਰਾਤ ਸੀ, ਫੇਰ ਹੀ ਫ਼ਾਇਰਿੰਗ ਹੱਟੀ। ਫੇਰ ਹੀ ਉਸ ਮੈਦਾਨ ਵਿਚ ਜਾ ਕੇ ਆਦਮੀਆਂ ਨੂੰ ਬਚਾ ਕੇ ਵਾਪਸ ਲੈ ਕੇ ਆ ਸੱਕੇ। ਸੰਚਾਰ ਟੁੱਟ ਗਿਆ ਸੀ। ਟਰਾਂਜ਼ਿਸਟਰ ਕੰਮ ਨਹੀਂ ਕਰ ਰਿਹਾ ਸੀ। ਫੇਰ ਦੋ ਬੰਦਿਆਂ ਨੇ, ਸੱਪਰ ਜਏ ਸਿੰਘ ਤੇ ਗੁਜਰ ਸਿੰਘ ਨੇ ਸੰਚਾਰ ਸਾਧਨ ਕੀਤਾ। ਸਿਰਹਮਦ ਦੀ ਬ੍ਰੇਗੇਡ ਨੇ ਇਵਜ਼ ਕੀਤਾ। ਫਰੋਜ਼ਪੁਰ ਤੇ ਜਲੰਧਰ ਬ੍ਰੇਗੇਡਾਂ ਨੂੰ ਬ੍ਰੇਕ ਪਿੰਡ ਜਾ ਰੱਖ ਦਿੱਤਾ ਸੀ। ਮੈਂ ਵੀ ਉਨ੍ਹਾਂ ’ਚ ਸੀ।

ਅੱਗਲੇ ਤਿੰਨ ਦਿਨ ਇਸ ਤਰ੍ਹਾਂ ਹੀ ਬੀਤੇ। ਹਰ ਦਿਹਾੜ ਅਸੀਂ ਜਰਮਨਾਂ ਤੇ ਹਮਲਾ ਕੀਤਾ। ਹਰ ਵਾਰੀ ਉਨ੍ਹਾਂ ਨੇ ਗੈਸ ਵਰਤਿਆ। ਹਰ ਵਾਰੀ ਅਸੀਂ ਅਸਫਲ ਹੋਏ, ਕਾਮਯਾਬੀ ਤੋਂ ਬਹੁਤ ਦੂਰ ਰਹੇ।

ਫਿਰੋਜ਼ਪੁਰ ਤੇ ਸਿਰਹੰਦ ਨੂੰ ਇੱਕ ਕਨੇਡਾ ਵਾਲ਼ੀ ਬ੍ਰੇਗੇਡ ਨੇ ਮੱਦਦ ਦਿੱਤੀ ਅਤੇ ਦੋ ਗੋਰਖੇ ਬਟਾਲੀਅਨਾਂ ਨੇ ਵੀ। ਅਸੀਂ ਤਾਂ ਉਨ੍ਹਾਂ ਦੀ ਤਿੱਖੀ ਤਾਰ, ਬਾਰਬਡ ਵਾਇਰ, ਤੱਕ ਨਾ ਪੁੱਜ ਸਕੇ। ਇਸ ਦੀ ਕੋਸ਼ਿਸ਼ ਵਿੱਚ ਚਾਰ ਪੰਜ ਦਿਨਾਂ ਵਿੱਚ ਜਿੰਨੇ ਗੱਲੇ ‘ਚ ਦਾਨੇ ਹੁੰਦੇ, ਉਨ੍ਹੇ ਮਰਦ ਗਵਾਚ ਗਏ ਸੀ। ਖ਼ੂਨ ਖ਼ਰਾਬਾ ਸੀ। ਜਰਮਨ ਗੰਨ ਗੋਲ਼ੀਆਂ ਸਾਡੇ ਵੱਲ ਥੁੱਕੀ ਗਈਆਂ ਅਤੇ ਅਸੀਂ ਧਰਤ ਨੂੰ ਚੁੰਮੀ ਗਏ। ਬਾਜ਼ ਤੇ ਘੋੜਾ ਥੱਕ ਗਏ ਸੀ। ਤੀਜਾ ਵਲ਼ੀ ਵੀ ਇਨਸਾਨ ਦੀ ਜਾਨ ਨਹੀਂ ਲੈਣਾ ਚਾਹੁੰਦਾ ਸੀ। ਤੀਰ ਰੁੱਕ ਗਏ।

ਫੇਰ ਫ਼ੈਸਲਾ ਕੋਈ ਵੱਡੇ ਅਫ਼ਸਰ ਨੇ ਲੈ ਲਿਆ ਸੀ ਕਿ ਉਸ਼ਕਲ ਨੂੰ ਤਰਕ ਕਰਨਾ। ਤਿਆਗਣਾ ਸਾਡੀ ਆਦਤ ਨਹੀਂ ਸੀ, ਪਰ ਹੁਣ ਕੀ ਕਰੀਏ? 

ਕੱਲ੍ਹ ਅਸੀਂ ਓਦਰਡਾਮ ਪਰਤ ਗਏ। ਇੱਥੇ ਵੀ ਜਰਮਨ ਬੰਬ ਛੱਡ ਰਹੇ ਸੀ। ਘੱਟ ਤੋਂ ਘੱਟ ਅਸੀਂ ਹੁਣ ਖ਼ੰਦਕਾਂ’ਚ ਨਹੀਂ ਲੁਕ ਰਹੇ ਸੀ। ਅਕਸਰ ਸ਼ੇਰ ਮਰਦ ਕੌਮ ਦੇ ਸੀ। ਖ਼ੈਰ ਵੀਰਆਮੀ ਹਮੇਸ਼ਾ ਸੋਚ ਬਿੰਨਾ ਹੁੰਦੀ ਹੈ? ਗੋਰੇ ਤਾਂ ਸੋਚਦੇ ਬਹੁਤ ਹਨ। ਡਰ ਹੈ ਗੈਸ ਦਾ। ਆਪਣੇ ਬਚਾ ਵਾਸਤੇ ਲੁਕਣ ਨੂੰ ਤਿਆਰ ਹਨ। ਸਾਡੇ ਵਾਂਗਰ ਕਿਰਪਾਨ ਨਹੀਂ ਚਲਾਉਣਾ ਚਾਹੁੰਦੇ। ਰਫ਼ਲ ਪਿੱਛੇ ਲੁੱਕ ਕੇ ਗੋਲ਼ੀਆਂ ਛੱਡਦੇ ਨੇ। ਦੂਰੋਂ ਬੰਦਾ ਮਾਰਦੇ ਨੇ। ਜਰਮਨ ਟੈਂਕਾਂ ਪਿੱਛੇ ਲੁੱਕਦੇ ਨੇ। ਸਾਥੋਂ ਅਲੱਗ ਕੌਮਾਂ ਹਨ। ਜਰਮਨ ਬੰਬ ਛੱਡੀ ਗਏ। ਇਸ ਕਰਕੇ ਖੈਮੇ ’ਚੋਂ ਬਾਹਰ ਰਹੇ, ਸੋ ਅੱਖ ਰੱਖ ਸਕਦੇ ਸੀ। ਕੀ ਪਤਾ ਕੱਦ ਬੰਬ ਜਾਂ ਗੈਸ ਆ ਜਾਵੇ? ਅੱਜ ਸਵੇਰੇ ਸਾਡੇ ਜਾਨਵਰਾਂ ਨੂੰ ਬੰਬਾਂ ਨੇ ਡਰਾ ਦਿੱਤਾ ਸੀ। ਆਸ ਪਾਸ ਘੋੜੇ ਨੱਸੇ। ਹਾਰ ਕੇ ਨੀਲੇ ਘੋੜੇ ਦੀ ਮੱਦਦ ਨਾਲ਼ ‘ਕੱਠ ਕੀਤੇ। ਪਰ ਕੋਈ ਕੋਈ ਤਾਂ ਬਚ ਨਿਕਲ ਗਿਆ ਸੀ। ਬੰਦੇ ਤੋਂ ਜ਼ਿਆਦਾ ਅੱਕਲ ਸੀ। ਖ਼ੈਰ ਘੋੜੇ ਗਧੇ ਜਰਮਨ ਟੈਂਕਾਂ ਨੂੰ ਕੀ ਕਰ ਸਕਦੇ ਸੀ?

ਸਿਰਹਿੰਦ ਬ੍ਰੇਗੇਡ ਨੂੰ ਵੀ ਕਹਿ ਦਿੱਤਾ ਕਿ ਮੈਦਾਨ ਨੂੰ ਛੱਡੋ। ਉਨ੍ਹਾਂ ਦੇ ਛੱਡਣ ਕੁਝ ਗੋਰੇ ਹੀ ਰਹਿ ਗਏ ਸੀ ਮੈਦਾਨ ਵਿੱਚ ਲੜਦੇ। ਜਿਓ ਉਨ੍ਹਾਂ ਦੀ ਲਾਈਨ ਖ਼ੰਦਕਾਂ ’ਚੋਂ ਨਿਕਲ਼ਦੀ ਸੀ, ਭਾਵੇਂ ਉੱਥੇ ਹੁਣ ਨਹੀਂ ਸੀ, ਮੈਨੂੰ ਪਤਾ ਸੀ ਕਿ ਕੱਟੀ ਜਾ ਰਹੇ ਸੀ, ਮਸ਼ੀਨ ਗੰਨ ਦੀ ਫ਼ਾਇਰਿੰਗ ਤੋਂ। ਮੈਂ ਸੁਣਿਆ ਕਿ ਤਿੰਨ ਹਜ਼ਾਰ ਤੋਂ ਉੱਤੇ ਭਾਰਤੀ ਬੰਦੇ ਮਰ ਚੁੱਕੇ ਸੀ। ਤੇ ਕੀ ਮਿਲਿਆ? ਕੁਝ ਨਹੀਂ।

ਗਿਆਨ ਨੂੰ ਵਲੈਤ ਲੈ ਕੇ ਚੱਲੇ। ਉਸ ਦੇ ਸੱਟ ਵੱਜ ਗਈ ਹੈ। ਕਹਿੰਦੇ ਉੱਥੇ ਇੱਕ ਹਸਪਤਾਲ ਹੈ, ਜਿੱਥੇ ਫ਼ੌਜੀ ਲੈ ਕੇ ਜਾਂਦੇ ਹਨ। ਹੁਣ ਜਿਹੜੇ ਸੱਟ ਤੋਂ ਬਚ ਗਏ ਸੀ, ਉਨ੍ਹਾਂ ਨੂੰ ਮੇਸੋਪਤੇਨਿਆ ਭੇਜਣ ਲੱਗੇ ਨੇ। ਜਹਾਜ਼ ਵਿੱਚ ਵਾਪਸ ਲੈ ਕੇ ਜਾਣਾ। ਮੈਨੂੰ ਵੀ ਉਸ ਹੀ ਮੈਦਾਨ ’ਚ ਭੇਜਣ ਲੱਗੇ ਨੇ। ਮੈਂ ਹੁਣ ਆਪਣੇ ਆਦੇਸ ਉਡੀਕਦਾ ਹਾਂ।

ਤੇਰਾ ਮਿੱਤਰ, ਹਮੇਸ਼ਾਂ ਵਾਸਤੇ,
ਖੇਮ ਸਿੰਘ

**

ਮੱਘਰ ਦਾ ਪਹਿਲਾ ਦਿਨ

ਪਿਆਰੇ ਭਾਪਾ ਜੀ!

ਮਾਫ਼ ਕਰਨਾ ਤੁਹਾਨੂੰ ਕਈ ਮਹੀਨੇ ਵਾਸਤੇ ਖ਼ਤ ਨਹੀਂ ਭੇਜਿਆ ਹੈ। ਫ਼ਿਕਰ ’ਚ ਪਏ ਹੋਵੋਗੇ। ਫ਼ਿਕਰ ਨਾ ਕਰੋ। ਮੈਂ ਠੀਕ ਹਾਂ। ਜੰਗ ਵਿੱਚ ਮੌਕਾ ਨਹੀਂ ਮਿਲਿਆ ਚਿੱਠੀ ਲਿਖਣ ਦਾ। ਮਾਂ ਠੀਕ ਹੈ? ਭੈਣ ਕਿਵੇਂ ਹੈ? ਰਾਜ਼ੀ ਹੋ? ਹਰ ਦਿਨ ਤੁਹਾਡੇ ਬਾਰੇ ਹੀ ਸੋਚਦਾਂ ਹਾਂ।

ਮੈਂ ਹੁਣ ਲੜਾਈ ‘ਚ ਸ਼ਾਮਲ ਨਹੀਂ ਹਾਂ। ਡਾਕਟਰ ਬਰਾਏਟਨ ਨੇ ਬਚਾ ਦਿੱਤਾ ਮੈਨੂੰ। ਦੱਸਦਾਂ ਕੌਣ ਹੈ। ਵੈਸੇ ਬੰਦਾ ਨਹੀਂ ਹੈ। ਇੱਕ ਹਾਸਪਤਾਲ ਹੈ। ਮੈਂ ਠੀਕ ਹਾਂ। ਜੇ ਕਿਸਮਤ ਹੁਣ ਚੰਗੀ ਹੋਈ, ਇੱਥੋਂ ਪੰਜਾਬ ਵਾਪਸ ਪਰਤੂੰਗਾ।

ਜਦ ਮੈਂ ਅੱਖਾਂ ਖੋਲ੍ਹੀਆਂ ਸਨ, ਮੈਨੂੰ ਲੱਗਾ ਕੇ ਮੈਂ ਸੁਪਨੇ ਲੈਂਦਾ ਸੀ। ਇੱਕ ਰਾਜ ਮੱਹਲ ਸੀ। ਕੀ ਮੈਂ ਪੰਜਾਬ ’ਚ ਵਾਪਸ ਆ ਚੁੱਕਾ ਸੀ? ਖ਼ੰਦਕਾਂ ਅਤੇ ਜੰਗ ਤੋਂ ਬਚ ਗਿਆ? ਨਜ਼ਰ ਉੱਪਰ ਛੱਤ ਵੱਲ ਗਈ। ਛੱਤ ਸ਼ੀਸ਼ ਮੱਹਲ ਦਾ ਵੱਡਾ ਗੁੰਬਦ ਸੀ। ਛੱਤ ਦੇ ਗੁੰਬਦ ਦੇ ਗੱਭੇ ਨੀਲਾ ਅੰਬਰ ਰੰਗਿਆ ਸੀ, ਜਿਸ ਤੇ ਸਬਜ਼ ਬੂਟਾ ਵਾਹਿਆ ਹੋਇਆ ਸੀ। ਉਸ ਦੇ ਪੱਤੇ ਕਈ ਜੀਭਾਂ ਵਾਂਗ ਆਸ ਪਾਸ ਵੱਧਦੇ ਸਨ। ਇਨ੍ਹਾਂ ਦੇ ਵਿਚਾਲੇ ਅਜਗਰ ਸੀ, ਮਤਲਬ ਅਜਗਰ ਦੀ ਤਸਵੀਰ। ਕੀ ਪਤਾ ਬੁੱਤ ਵੀ ਹੋ ਸਕਦਾ ਸੀ? ਤਾਹੀਂ ਮੈਨੂੰ ਲੱਗਿਆ ਕਿ ਮੈਂ ਕੋਈ ਮਹਾਂਰਾਜੇ ਦੇ ਮੱਹਲ ‘ਚ ਸੀ। ਲਾਲ ਨਮੂਨੇਦਾਰ ਘੜਤ ਸੀ। ਬਹੁਤ ਸੁਦੰਰ ਸਨ। ਛੱਤ ਦੇ ਗਭੋਂ ਇੱਕ ਲੰਮੀ ਤਾਰ ਲਮਕਦੀ ਸੀ ਜਿਸ ਤੋਂ ਬਹੁਤ ਵੱਡਾ ਫ਼ਾਨੂਸ ਵੀ ਲਮਕਦਾ ਸੀ। ਛੱਤ ਕੰਧਾਂ ਫਰਸ਼ ਸਭ ਲਾਲ ਸਨ। ਤਿੰਨ ਮੰਜ਼ਲਾਂ ਸਾਡੇ ਆਲੇ ਦੁਆਲੇ ਸਨ, ਹਰ ਮੰਜ਼ਲ ਤੇ ਕਈ ਮਹਿਰਾਬਾਂ ਸਨ। ਹਰ ਮਹਿਰਾਬ ਵਿਚ ਇੱਕ ਨਿਕਾ ਜਿਹਾ ਫ਼ਾਨੂਸ ਲਮਕਦਾ ਸੀ।  ਅਸੀਂ ਉਨ੍ਹਾਂ ਦੇ ਚੱਕਰ ਦੇ ਵਿਚਾਲੇ ਸਾਂ, ਵੱਡੇ ਫ਼ਾਨੂਸ ਥੱਲੇ, ਇੱਕ ਵੱਡੇ ਭਵਨ ਵਿਚ। ਦਰਅਸਲ ਮੈਨੂੰ ਤਾਂ ਦਰਬਾਰ ਵਰਗਾ ਕਮਰਾ ਜਾਪਿਆ ਸੀ। ਮੇਰੇ ਆਲੇ ਦੁਆਲੇ ਕਈ ਪਲੰਘ ਮੰਜੇ ਸਨ, ਜਿਨ੍ਹਾਂ ਉੱਤੇ ਮੇਰੇ ਵਰਗੇ ਲੜਾਈ ਦੇ ਮਰੀਜ਼ ਸਨ। ਜਦੌਂ ਗਿਣਨ ਦਾ ਮੌਕਾ ਮਿਲਿਆ, ਮੈਨੂੰ ਸਤ ਸੌ ਮੰਜੇ ਦਿਸੇ।

ਭਾਰਤੀ ਫ਼ੌਜੀ ਨੀਲੀਆਂ ਵਰਦੀਆਂ ਤੇ ਖ਼ਾਕੀ ਪੱਗਾਂ ਪਾ ਕੇ ਪਏ ਬੈਠੇ ਸਨ, ਇੱਕ ਦੂਜੇ ਨਾਲ ਗੱਲ ਬਾਤ ਕਰਦੇ। ਸਾਰਿਆਂ ਦੇ ਸੱਟਾਂ ਵੱਜੀਆਂ ਸੀ। ਜਦ ਇੱਕ ਦਿਨ ਬਾਹਰ ਜਾਣ ਦਾ ਮੌਕਾ ਮਿਲਿਆ, ਸੱਚ ਮੁੱਚ ਹਸਪਤਾਲ ਬਾਹਰੋਂ ਇੱਕ ਮੱਹਲ ਲੱਗਦਾ ਸੀ। ਪੰਜਾਬ ਦਾ ਮੱਹਲ। ਬਾਹਰ ਜਾ ਸਕਦੇ ਸੀ, ਪਰ ਜੋ ਉਸ ਸ਼ਹਿਰ ਵਿੱਚ ਰਹਿੰਦੇ ਸੀ, ਉਨ੍ਹਾਂ ਵਿੱਚ ਜਾਣ ਨਹੀਂ ਦਿੰਦੇ ਸੀ। ਸਮੁੰਦਰ ਤੱਕ ਜਾ ਸਕਦੇ ਸੀ, ਜੇ ਸਾਡੇ ਨਾਲ ਕੋਈ ਅੱਖ ਰੱਖਣ ਵਾਸਤੇ ਨਾਲ ਹੋਵੇ। ਹਾਸਪਤਾਲ ਦੇ ਕਾਮੇ ਸਾਡੇ ਨਾਲ ਸਮੁੰਦਰ ਦੇ ਕਿਨਾਰੇ ਤੱਕ ਜਾਂਦੇ ਸੀ। ਮੈਨੂੰ ਸ਼ੱਕ ਸੀ ਕਿ ਲੋਕ ਇਸ ਵਲੈਤ ਵਿੱਚ ਖਾਸੇ ਨਹੀਂ ਹਨ। ਉਹ ਚੀਜ਼ ਨਹੀਂ ਜੋ ਅਸੀਂ ਦੇਸ ’ਚ ਬੈਠੇ ਸੋਚਦੇ ਹਾਂ। ਕੀ ਸਾਡੇ ਤੇ ਆਮ ਟੁੱਟੀ ਫੁੱਟੀ ਕੌਮ ਨੇ ਰਾਜ ਕਰ ਲਿਆ? ਉਹ ਕਿਵੇਂ? ਕਿਸ ਦੀ ਮੱਦਦ ਨਾਲ? ਮੈਨੂੰ ਲੱਗਦਾ ਇਸ ਦੀ ਸਚਾਈ ਸਾਥੋਂ ਪਰ੍ਹੇ ਰੱਖਣਾ ਚਾਹੁੰਦੇ ਸੀ। ਆਮ ਗਰੀਬ ਲੋਕ ਹੀ ਇੱਥੇ ਵੱਸਦੇ ਨੇ। ਖ਼ਬਰੇ ਤਾਂ ਹੀ? ਕੀ ਪਤਾ।

ਸੋ ਮੈਂ ਇੱਥੇ ਵਲੈਤ ਕਿਵੇਂ ਪੁੱਜਾ? ਇਹ ਅਸਲ ਸਵਾਲ ਹੈ, ਹੈ ਨਾ। ਜਦ ਗਿਆਨ ਨੂੰ ਲੈ ਕੇ ਗਏ, ਮੈਨੂੰ ਤੇ ਮਰੇਰ ਬਟਾਲੀਅਨ ਨੂੰ ਆਰਲੀਅਨ ਤੱਕ ਕੂਚ ਕਰਨ ਲਈ ਤਿਆਰ ਹੀ ਕੀਤਾ ਸੀ, ਜਦ ਜਰਮਨ ਬੰਬ ਸਾਡੇ ਉੱਤੇ ਡਿੱਗ ਗਿਆ। ਕਈ ਜਣੇ ਥਾਂ ਖਲੋਤੇ ਮਰ ਗਏ। ਮੈਨੂੰ ਕੁਝ ਹੋਰ ਯਾਦ ਨਹੀਂ ਹੈ। ਜਦ ਹਸਪਤਾਲ ਹੋਸ਼ ਆਇਆ, ਮੈਨੂੰ ਸਮਝ ਨਹੀਂ ਸੀ ਕਿ ਮੈਂ ਫਰਾਂਸ ਤੋਂ ਬੇਹੋਸ਼ ਹੋਇਆ ਇੱਥੇ ਲਿਆਇਆ ਗਿਆ ਸੀ। ਮੇਰੀ ਖੱਬੀ ਬਾਂਹ ਟੱੁਟ ਗਈ ਸੀ ਤੇ ਸਿਰ ਤੇ ਵੀ ਸੱਟ ਵੱਜ ਗਈ ਸੀ। ਮੈਂ ਤਾਂ ਚੰਗਾ ਭਲਾ ਸੀ। ਕੁਝ ਫੌਜੀਆਂ ਨੂੰ ਦੱਸਿਆ ਗਿਆ ਕਿ ਜੇ ਵਾਲ਼ ਕੱਟ ਕੇ ਆਪਰੇਸ਼ਨ ਨਹੀਂ ਕੀਤਾ ਗਿਆ, ਉਨ੍ਹਾਂ ਦੇ ਪਿੰਡੇ ਫਾਲਜ ਹੋ ਜਾਣੇ ਸੀ। ਪਰ ਅਸੀਂ ਕਿੱਥੇ ਹਿੰਦੂ ਜਾਂ ਮੁਸਲਮਾਲ ਹਾਂ? ਉਨ੍ਹਾਂ ਦੀ ਤਾਂ ਹਜਾਮਤ ਕਰ ਸਕਦੇ ਸੀ, ਪਰ ਸਾਡੇ ਕੇਸਾਂ ਨੂੰ ਹੱਥ ਨਹੀਂ ਲਾ ਸਕਦੇ ਸੀ। ਇਸ ਕਰਕੇ ਕਈਆਂ ਨੇ ਨਾਂਹ ਕਰ ਦਿੱਤੀ। ਉਨ੍ਹਾਂ ਨੂੰ ਸਮਝ ਸੀ ਕਿ ਮਰ ਵੀ ਸਕਦੇ ਸੀ ਜਾਂ ਹਮੇਸ਼ਾਂ ਵਾਸਤੇ ਲਕਵੇ ਰਹਿਣਗੇ। ਪਰ ਮੇਰੀ ਤਾਂ ਸਿਰਫ਼ ਬਾਂਹ ਹੀ ਟੱੁਟੀ ਸੀ।

ਮੈਂ ਫੇਰ ਗਿਆਨ ਸਿੰਘ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਮੈਨੂੰ ਮਿਲ ਗਿਆ! ਜਿਉਂਦਾ ਸੀ। ਬਹੁਤ ਚੰਗੀ ਖ਼ਬਰ ਭਾਪਾ ਜੀ। ਹਰ ਦਿਨ ਗੱਪਾਂ ਸ਼ਪਾਂ ਮਾਰਦੇ ਹਾਂ। ਹੋ ਸਕਦਾ ਹੈ ਸਾਨੂੰ ਜੰਗ ਵਿੱਚ ਵਾਪਸ ਭੇਜਦੂਗੇ, ਪਰ ਮੈਂ ਨਹੀਂ ਜਾਣਾ ਚਾਹੁੰਦਾ ਹਾਂ। ਘਰ ਵਾਪਸ ਆਉਣਾ ਚਾਹੁੰਦਾ ਹਾਂ। ਮੇਰੀਆਂ ਅੱਖਾਂ ਨੇ ਜੰਗ ਦੇਖ ਕੇ ਖ਼ੂਹ ਵਿੱਚ ਛਾਲ ਮਾਰ ਦਿੱਤੀ ਹੈ। ਪਾਣੀ ਫੇਰ ਵੀ ਜੋ ਦੇਖਿਆ ਨੂੰ ਧੋ ਨਹੀਂ ਸਕਿਆ।

ਸਿੱਖਾਂ ਵਾਸਤੇ ਇੱਕ ਛਤਰੀ ਸੈਟ ਕਰ ਦਿੱਤੀ ਪਾਠ ਕਰਨ ਵਾਸਤੇ। ਇੰਝ ਹੀ ਥਾਂ ਬਣਾਇਆ ਗਿਆ ਮੁਸਲਮਾਨਾਂ ਵਾਸਤੇ ਅਤੇ ਇੱਕ ਹਿੰਦੂਆਂ ਵਾਸਤੇ ਵੀ। ਗੋਰੇ ਤਾਂ ਸਾਡੀ ਰਾਖੀ ਕਰ ਰਹੇ ਨੇ। ਜਿੱਦਾਂ ਕੋਈ ਬੇਗਾਨਾ ਭਾਰਤੀ ਕੱਦੀ ਨਹੀਂ ਕਰਦਾ। ਸਗੋਂ ਭਾਰਤੀ ਕਿੱਥੇ ਬੇਗਾਨੇ ਹੁੰਦੇ ਨੇ? ਪਰ ਇੱਥੇ ਆ ਕੇ ਮੈਂ ਸੋਚਦਾ ਦਿਲ ਤੋਂ ਬੇਗਾਨੇ ਹੀ ਹਨ, ਭਾਵੇਂ ਸਾਡੇ ਲੋਕ ਨੇ। ਇਸ ਤਰ੍ਹਾਂ ਇੱਕ ਦੂਜੇ ਨੂੰ ਕਿੱਤੇ ਸੰਭਾਲ ਦੇ ਨੇ? ਲਕਸ਼ਮੀ ਸਾਹਮਣੇ ਮੱਥਾ, ਪੈਸੇ ਵਾਸਤੇ ਟੇਕਦੇ ਨੇ। ਆਪਣੇ ਭਲੇ ਵਾਸਤੇ, ਹੋਰ ਕਿਸੇ ਵਾਸਤੇ ਨਹੀਂ। ਇੱਕ ਪਾਸੇ ਗੋਰਿਆਂ ਦੇ ਰਾਜ ਤੇ ਗ਼ੁੱਸਾ ਹੈ ਪਰ ਦੂਜੇ ਪਾਸੇ ਇਨ੍ਹਾਂ ਲਈ ਲੜਨਾ ਆਨ ਦੀ ਗੱਲ ਹੈ। ਰੱਬ ਦੀ ਕੌਮ ਹੈ।

ਕਈ ਫ਼ੌਜੀਆਂ ਦੇ ਸਿਰ ਖਰਾਬ ਹੋ ਚੁੱਕੇ। ਕਈ ਅੰਨ੍ਹੇ ਹਨ, ਗੈਸ ਕਰਕੇ ਜਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਾਹ ਨਹੀਂ ਆਉਂਦਾ। ਹਰ ਦੂਜਾ ਫ਼ੌਜੀ ਅੰਗ ਤੋਂ ਬਗੈਰ ਤੁਰਦਾ ਫਿਰਦਾ ਹੈ। ਕਿਸੇ ਦੀਆਂ ਬਾਹਾਂ ਟੁੱਟੀਆਂ ਨੇ, ਕਿਸੇ ਦੀਆਂ ਲੱਤਾਂ। ਇਹ ਹਾਲ ਹੈ ਸੱਭ ਦਾ। ਸਾਡੀ ਖ਼ਿਦਮਤ ਗੋਰੀਆਂ ਨਰਸਾਂ ਕਰਦੀਆਂ ਨੇ। ਇੱਕ ਦੋ ਤਾਂ ਬਹੁਤ ਸੋਹਣੀਆਂ ਨੇ। ਮੌਕਾ ਹੈ ਗੋਰੀ ਮੇਮ ਨੂੰ ਘਰ ਦੀ ਨੂੰਹ ਬਣਾਉਣ ਦਾ। ਮਾਂ ਨੂੰ ਦੱਸ ਦਿਓ!

ਜਦ ਬਾਹਰ ਜਾਂਦਾ ਹਾਂ ਉੱਪਰ ਰੁੱਖਾਂ ’ਚ ਉਹੀ ਬਾਜ਼ ਹੁੰਦਾ। ਹਾਲੇ ਵੀ ਸਾਡੇ ਤੇ ਅੱਖ ਰੱਖਦਾ ਹੈ। ਇਸ ਗੱਲ ਨਾਲ਼ ਮੈਨੂੰ ਸੁੱਖ ਮਿਲਦਾ। ਇੱਕ ਦਿਨ ਵੱਡੇ ਦਰਬਾਰ ਵਿੱਚ, ਜਿੱਥੇ ਸਾਡੇ ਬਿਸਤਰੇ ਪਲੰਘ ਸਨ, ਉਹ ਵਾਪਸ ਆ ਗਿਆ ਸੀ, ਸਾਨੂੰ ਆਸ ਦੇਣ, ਤਵੱਕੋ ਦੇਣ। ਇੱਕ ਮਰੀਜ਼ ਦੇ ਮੰਜੇ ਨਾਲ਼ ਕੁਰਸੀ ਉੱਤੇ ਬੈਠੇ ਸਨ। ਹੁਣ ਨੀਲੀ ਵਰਦੀ ਵਿੱਚ ਸਨ। ਇੱਕ ਸ਼ਾਹਨੇ ਸੀਤੇ ਸਿਤਾਏ ਪਟੰਬਰ ਵਿੱਚ ਸਨ। ਧਣਖ ਮੰਜੇ ਤੇ ਟਿਕਾਈ ਸੀ, ਮਰੀਜ਼ ਦੇ ਲੱਤਾਂ ਨਾਲ਼। ਉੱਪਰ, ਗੁੰਬਦ ਦੇ ਪਾਸੇ ਇੱਕ ਖੁੱਲ੍ਹੀ ਬਾਰੀ ਰਾਹੀਂ ਬਾਜ਼ ਉੱਡ ਕੇ ਅੰਦਰ ਆ ਗਿਆ ਸੀ। ਝਪਟਕੇ ਉੱਡਦਾ ਉਨ੍ਹਾਂ ਦੀ ਕਲਾਈ ਤੇ ਆ ਟਿੱਕਿਆ। ਬਾਜ਼ ਨੂੰ ਉਨ੍ਹਾਂ ਨੇ ‘ਤਬੱਸਮ’ ਉਧਾਰਿਆ। ਫੇਰ ਮਰੀਜ਼ ਨਾਲ਼ ਗੱਲ ਬਾਤ ਕੀਤੀ। ਉਨ੍ਹਾਂ ਦੇ ਆਲ਼ੇ ਦੁਆਲ਼ੇ ਇੱਜੜ ‘ਕੱਠਾ ਹੋ ਚੁੱਕਿਆ ਸੀ। ਮੈਂ ਵੀ ਪਿੱਛੋਂ ਵਿੱਚ ਸ਼ਾਮਲ ਹੋ ਗਿਆ ਸੀ ਤੇ ਉਨ੍ਹਾਂ ਦੀਆਂ ਗੱਲਾਂ ਬਾਤਾਂ ਸੁਣੀਆਂ। ਹਰ ਸਿੱਖ ਫ਼ੌਜੀ ਨੂੰ ਹੌਸਲਾ ਅਫ਼ਜ਼ਾਈ। ਬਹਾਦਰੀ ਦੀ ਸ਼ਾਬਾਸ਼ ਸਭ ਨੂੰ ਮਿਲੀ ਜ਼ਾਤ ਜੋ ਮਰਜ਼ੀ, ਧਰਮ ਦੀਨ ਜੋ ਮਰਜ਼ੀ। ਪਿਆਰ ਸਭ ਵਾਸਤੇ ਸਮੁੰਦਰ ਜਿੱਡਾ ਸੀ। ਫੇਰ ਉਨ੍ਹਾਂ ਦੀਆਂ ਅੱਖਾਂ ਮੇਰੇ ਨੈਣਾਂ ਨਾਲ ਮਿਲੀਆਂ ਸਨ। ਉਸ ਪਲ ਵਿਚ ਭਾਪਾ ਜੀ, ਪੂਰਾ ਜੀਵਨ ਦਾ ਸਫ਼ਰ ਲੰਘ ਗਿਆ ਸੀ। ਸਭ ਕੁਝ ਮੇਰੇ ਵਾਸਤੇ ਸਾਫ਼ ਸੀ। ਬੇਫ਼ਿਕਰ ਹੋ ਚੁੱਕਾ।

ਮੈਂ ਫੇਰ ਉਨ੍ਹਾਂ ਨੂੰ ਸਿਪਾਹੀਆਂ ਨਾਲ਼ ਛੱਡ ਦਿੱਤਾ ਸੀ। ਗਿਆਨ ਵੀ ਉਨ੍ਹਾਂ ਨਾਲ਼ ਖਲੋਤਾ ਹੋਇਆ ਸੀ, ਹੇੜ੍ਹ ਵਿੱਚ। ਮੈਂ ਬਾਹਰ ਗੁਲਸ਼ਨ ਵਿੱਚ ਆ ਖੜ੍ਹਾ। ਬਰਾਏਟਨ ਵੱਲ ਝਾਕਾਂ। ਸਮੁੰਦਰ ਵੱਲ ਨਿੱਗ੍ਹਾ ਕੀਤੀ। ਕਿਸਮਤ ਚੰਗੀ ਰਹਿ ਗਈ। ਕਾਸ਼! ਕਿੰਨੇ ਮਿੱਤਰ ਮੈਦਾਨ ਵਿੱਚ ਡਿੱਗੇ! ਜਿਨ੍ਹੀਆਂ ਰੋੜੀਆਂ ਇਸ ਸ਼ਹਿਰ ਦੇ ਕਿਨਾਰੇ ਤੇ ਖਿਲਰੀਅਾਂ ਨੇ ਸ਼ਾਇਦ ਓਨੇ ਲੋਕ ਜੰਗ ਨੇ ਮਿਟਾ ਦਿੱਤੇ ਨੇ।

ਗੋਰੇ ਸਾਡੇ ਵਰਗੇ ਨਹੀਂ ਹਨ। ਕਈ ਗੱਲਾਂ ’ਚ ਬਹੁਤ ਸੰਗ ਦਿਲ ਹਨ, ਤਮ੍ਹਾ ਕਰਦੇ, ਦੁਨੀਆਂ ਦਾ ਰਾਜ ਕਰਨਾ ਚਾਹੁੰਦੇ ਨੇ। ਬਿਨਾ ਮਤਲਬ ਜੱਗ ਨੂੰ ਅੱਗ ਲਾਉਣਾ ਚਾਹੁੰਦੇ ਨੇ। ਭਾਵੇਂ ਸਾਰੇ ਜੱਗ ਦਾ ਨਰਕ ਬਣਾ ਦੇਣ, ਮੇਰਾ ਮੇਰਾ ਮਾਇਆ ਹੀ ਹੈ। ਪਰ ਆਪਾਂ ਕਿਤੇ ਘੱਟ ਹਾਂ? ਗੋਰਿਆਂ ਨੇ ਜੰਗ ਜਿਤਣ ਵਾਸਤੇ ਬਹੁਤ ਪਾਵਰ ਮਸ਼ੀਨਾਂ ਉਸਾਰੀਆਂ ਹਨ। ਗੈਸ ਇਸ ਦਾ ਇੱਕ ਸਬੂਤ ਹੈ। ਪਰ ਦੂਜੇ ਪਾਸੇ ਜੋ ਅਸੀਂ ਆਪਣੀਆਂ ਅੱਖਾਂ ਨਾਲ਼ ਇੱਥੇ ਵੇਖਿਆ ਹੈ, ਕਾਫ਼ੀ ਉਦਾਰ ਹੈ, ਉੱਨਤ ਹੈ। ਤੇ ਸੋਚ ਇਹਨਾਂ ਦੀ ਕਿੱਥੇ ਤੱਕ ਹੈ? ਔਰਤ ਸੱਚ ਮੁੱਚ ਬਰਾਬਰ। ਕੋਈ ਧਰਮ ਦੀਨ ਦਾ ਫ਼ਰਕ ਨਹੀਂ ਹੈ, ਖ਼ੈਰ ਇਮਾਨਦਾਰ ਬੰਦਿਆਂ ’ਚ ਕੋਈ ਜ਼ਾਤ ਦੀ ਪਰਵਾਹ ਨਹੀਂ ਹੈ। ਹਰ ਕੌਮ ਦੁਨੀਆਂ ਦੀ ਇਸ ਜੰਗ ਦੇ ਮੈਦਾਨ ’ਚ ਲੜਦੀ ਸੀ। ਉਸ ਬਾਰੇ ਘਰ ਆ ਕੇ ਤੁਹਾਨੂੰ ਦਸਾਂਗਾ। ਖ਼ੈਰ ਕੋਸ਼ਿਸ਼ ਕਰਾਂਗਾ। ਔਖਾ ਹੈ। ਜੋ ਮੈਂ ਦੇਖਿਆ ਤੁਹਾਡੇ ਪੱਲੇ ਦੇ ਬਾਹਰ ਹੀ ਹੈ। ਜੇ ਕਿਸਮਤ ਨੇ ਬਾਂਹ ਠੀਕ ਹੋਣ ਤੋਂ ਬਾਅਦ ਉਸ ਜੰਗ ਵਿੱਚ ਵਾਪਸ ਭੇਜ ਦਿੱਤਾ, ਪਤਾ ਨਹੀਂ ਮੈਂ ਕੀ ਕਰੂੰ? ਨਹੀਂ, ਪਤਾ ਹੈ।

ਉਨ੍ਹਾਂ ਦੇ ਸ਼ਬਦਾਂ ਨੇ ਮੈਨੂੰ ਦੱਸ ਹੀ ਦਿੱਤਾ ਕੇ ਸਿੰਘ ਕੀ ਹੁੰਦਾ। ਤੇ ਉਸ ਨੂੰ ਸੱਚ ਵਾਸਤੇ ਕੀ ਕਰਨਾ ਚਾਹੀਦਾ ਹੈ। ਆਪਣੇ ਸੱਚ ਵਾਸਤੇ ਨਹੀਂ, ਪਰ ਸਮਾਜ ਦੇ ਸੱਚ ਵਾਸਤੇ। ਇਹ ਕੋਈ ਫ਼ੈਸਲਾ ਨਹੀਂ ਹੈ। ਖ਼ਾਲਸੇ ਨਾਲ ਸ਼ਾਦੀ ਕੀਤੀ ਹੈ। ਹੋ ਸਕਦਾ ਮੈਂ ਘਰ ਪੁੱਜਾਂ, ਹੋ ਸਕਦਾ ਮੈਂ ਮਦਾਨ ’ਚ ਹੀ ਪਿਆਰਾ ਹੋ ਜਾਵੇਗਾ। ਜੋ ਮਰਜ਼ੀ। ਤੁਸੀਂ ਦਿਲ ਨਹੀਂ ਛੱਡਣਾ। ਸੱਚ ਵਿੱਚ ਭਰੋਸਾ ਰੱਖਣਾ। ਸੱਚ ਉਨ੍ਹਾਂ ਦੇ ਤੀਰਾਂ ਵਾਂਗਰ ਸਿੱਧਾ ਨਿਸ਼ਾਨ ਵੱਲ ਜਾਂਦਾ। ਅੱਜ ਜਰਮਨ ਨੇ ਦੁਨੀਆਂ ਨੂੰ ਖਰਾਬ ਕੀਤਾ ਹੈ। ਕੱਲ੍ਹ ਹੋਰ ਕੋਈ ਕਰ ਸਕਦਾ ਹੈ। ਝਿਜਕਣਾ ਨਹੀਂ ਹੈ। ਖ਼ਾਲਸਾ ਝਿਜਕਦਾ ਨਹੀਂ। ਜੇ ਘਰ ਵਾਪਸ ਆ ਗਿਆ, ਕੀ ਪਤਾ ਭਾਰਤ ’ਚ ਮੈਨੂੰ ਕੀ ਉਡੀਕਦਾ ਹੈ। ਆਹੋ, ਤੁਸੀਂ ਸਾਰੇ ਹੋ, ਪਰ ਮੈਂ ਟੱਬਰ ਤੋਂ ਵੱਡੀਆਂ ਗੱਲਾਂ ਦਾ ਸੋਚਦਾ ਹਾਂ। ਕੱਲ੍ਹ ਕਿਸ ਨੇ ਦੇਖਿਆ?

ਮੇਰੇ ਮੋਢੇ ਤੇ ਬਾਜ਼ ਆ ਕੇ ਟਿੱਕਦਾ ਹੈ। ਮੈਂ ਉਸ ਵੱਲ ਦੇਖ ਕੇ, ਉਸ ਨੂੰ ਮੁਸਕਾਨ ਦਿੱਤੀ। ਮੇਰੇ ਨਾਲ ਸਮੁੰਦਰ ਵੱਲ ਝਾਕਦਾ, ਜਿੱਥੇ ਹੁਣ ਸੂਰਜ ਅਸਤ ਹੋ ਰਿਹਾ ਹੈ।

ਰੱਬ ਕਰੇ ਮੈਂ ਕੁਝ ਦਿਨਾਂ ਵਿੱਚ ਤੁਹਾਡੇ ਕੋਲ਼ੇ ਪਹੁੰਚ ਜਾਵਾਂਗਾ। ਪਰ ਜੇ ਇੰਝ ਨਹੀਂ ਵੀ ਹੋਇਆ, ਫ਼ਿਕਰ ਨਹੀਂ ਕਰਨਾ ਭਾਪਾ ਜੀ। ਇਹ ਗੱਲ ਮਾਂ ਭੈਣ ਨੂੰ ਸਾਫ਼ ਸਮਝਾ ਦਿਓ। ਹਮੇਸ਼ਾਂ ਯਾਦ ਰੱਖਣਾ ਮੈਂ ਤੁਹਾਨੂੰ ਬਹੁਤ ਪਿਆਰ ਕਰਦਾਂ ਹਾਂ।

ਤੁਹਾਡਾ ਆਪਣਾ
ਖੇਮਾ

**

ਭਰਤੀ ਹੋ ਜਾ ਵੇ
ਬਾਹਰ ਖੜ੍ਹੇ ਰੰਗਰੂਟ
ਏਥੇ ਖਾਵੇਂ ਸੁੱਕੀ ਹੋਈ ਰੋਟੀ
ਓਥੇ ਖਾਵੇਂ ਫ਼ਰੂਟ…

ਏਥੇ ਪਾਵੇਂ ਫਟੇ ਹੋਏ ਲੀੜੇ
ਓਥੇ ਪਾਵੇਂ ਸੂਟ…

ਏਥੇ ਪਾਵੇਂ ਟੁੱਟੀ ਹੋਈ ਜੁੱਤੀ
ਓਥੇ ਪਾਵੇਂ ਬੂਟ…

ਉਡ ਗਈ ਪਤੰਗ ਪਿੱਛੇ ਡੋਰ
ਬਈ ਮਹਿੰਡੀ ਤੋਬਾ ਤੋਬਾ

ਜਰਮਨ ਨੇ ਪਾਇਆ ਡਾਢਾ ਜ਼ੋਰ
ਬਈ ਮਹਿੰਡੀ ਤੋਬਾ ਤੋਬਾ

ਅੰਗ੍ਰੇਜ਼ਾਂ ਦਾ ਚਲਦਾ ਨਹੀਂ ਜ਼ੋਰ
ਬਈ ਮਹਿੰਡੀ ਤੋਬਾ ਤੋਬਾ
ਖ਼ਤਮ
***
195
***

About the author

ਰੂਪ ਢਿੱਲੋਂ
+ ਲਿਖਾਰੀ ਵਿੱਚ ਛਪੀਅਾਂ ਰਚਨਾਵਾਂ ਦਾ ਵੇਰਵਾ