21 April 2024
ਡਾ. ਕਰਮਜੀਤ ਸਿੰਘ

ਪਰਵਾਸੀ ਪੰਜਾਬੀ ਸਾਹਿਤ ਅਧਿਐਨ ਦੇ ਮਸਲੇ – ਡਾ: ਕਰਮਜੀਤ ਸਿੰਘ

ਪਰਵਾਸੀ ਪੰਜਾਬੀ ਸਾਹਿਤ ਅਧਿਐਨ ਦੇ ਮਸਲੇ

-ਡਾ: ਕਰਮਜੀਤ ਸਿੰਘ-
(ਪ੍ਰੋਫੈਸਰ, ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ (ਹਰਿਆਣਾ)

ਲੋਕ ਧਾਰਾ ਦੇ ਵਿਸ਼ੇਸ਼ਗ ਅਤੇ ਪੰਦਰਾਂ ਪੁਸਤਕਾ ਦੇ ਲੇਖਕ/ਚਿੰਤਕ/ਆਲੋਚਕ ਡਾ: ਕਰਮਜੀਤ ਸਿੰਘ, ਪੰਜਾਬੀ ਸਾਹਿਤਕ ਖੇਤਰ ਵਿੱਚ ਕਿਸੇ ਵੀ ਰਸਮੀ ਜਾਣ-ਪਹਿਚਾਣ ਦੇ ਮੁਥਾਜ ਨਹੀਂ। ਅੱਜਕਲ ਆਪ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ (ਹਰਿਆਣਾ) ਵਿਖੇ ਪੰਜਾਬੀ ਵਿਭਾਗ ਵਿੱਚ ਪਰੋਫੈਸਰ ਹਨ। ‘ਲਿਖਾਰੀ’ ਵਿੱਚ ਆਪ ਦੀਆਂ ਉੱਚ-ਕੋਟੀ ਦੀਆਂ ਰਚਨਾਵਾਂ ਸਮੇਂ ਸਮੇਂ ਸਿਰ ਸੁ-ਸ਼ੋਭਿਤ ਹੁੰਦੀਆਂ ਰਹਿੰਦੀਆਂ ਹਨ। ਆਪ ਦੀ ਇਕ ਹੋਰ ਰਚਨਾ “ਪਰਵਾਸੀ ਪੰਜਾਬੀ ਸਾਹਿਤ ਅਧਿਐਨ ਦੇ ਮਸਲੇ”
ਪਾਠਕਾਂ ਦੇ ਰੂ-ਬ-ਰੂ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ। -‘ਲਿਖਾਰੀ’

ਨੋਟ: ਇਹ ਪਰਚਾ, ਟੋਰਾਂਟੋ, ਕੈਨੇਡਾ ਵਿਖੇ 24, 25, 26 ਜੁਲਾਈ 2009 ਨੂੰ ਹੋਈ ਵਰਲਡ ਪੰਜਾਬੀ ਕਾਨਫਰੰਸ ਵਿੱਚ ਪੜ੍ਹਿਆ/ਵਿਚਾਰਿਆ ਗਿਆ।

ਪਰਵਾਸੀ ਪੰਜਾਬੀ ਸਾਹਿਤ ਦਾ ਅਧਿਐਨ ਕਰਨ ਸਮੇਂ ਭਾਵੇਂ ਪਰਵਾਸੀ ਦੀ ਪਰਿਭਾਸ਼ਾ ਤੋਂ ਲੈ ਕੇ ਪਰਵਾਸੀ ਪੰਜਾਬੀ ਸਾਹਿਤ ਵਿਚ ਮਾਨਵੀ ਸਰੋਕਾਰਾਂ ਅਤੇ ਇਸ ਦੇ ਬਿਰਤਾਂਤ-ਸ਼ਾਸ਼ਤਰ ਆਦਿ ਉੱਪਰ ਵਧੇਰੇ ਚਰਚਾ ਹੋਈ ਹੈ ਪਰੰਤੂ ਇਸ ਦੇ ਅਧਿਐਨ ਸਮੇਂ ਆਲੋਚਕ ਨੂੰ ਆਉਂਦੀਆਂ ਸਮੱਸਿਆਵਾਂ ਦੀ ਦ੍ਰਿਸ਼ਟੀ ਤੋਂ ਅਜੇ ਤੱਕ ਵਿਚਾਰ ਨਹੀਂ ਕੀਤੀ ਗਈ। ਹਥਲੇ ਲੇਖ ਵਿਚ ਇਸੇ ਲਈ ਅਸੀਂ ਪਰਵਾਸੀ ਸਾਹਿਤ ਅਧਿਐਨ ਦੇ ਮਸਲਿਆਂ ਉੱਪਰ ਆਪਣਾ ਧਿਆਨ ਕੇਂਦ੍ਰਿਤ ਕੀਤਾ ਹੈ।

ਸਭ ਤੋਂ ਪਹਿਲਾਂ ਅਧਿਏਤਾ ਸਾਹਮਣੇ ਇਹ ਸਮੱਸਿਆ ਆਉਂਦੀ ਹੈ ਕਿ ਉਹ ਜਿਸ ਦੇਸ਼ ਦੇ ਪਰਵਾਸੀ ਸਾਹਿਤ ਦਾ ਅਧਿਐਨ ਕਰ ਰਿਹਾ ਹੋਵੇ ਉਸ ਨੂੰ ਉਸ ਦੇਸ਼ ਦੇ ਸਮਾਜ-ਸਭਿਆਚਾਰਕ, ਇਤਿਹਾਸਕ ਅਤੇ ਰਾਜਨੀਤਿਕ ਪਿਛੋਕੜ ਦੀ ਸਮੁੱਚੀ ਜਾਣਕਾਰੀ ਪ੍ਰਾਪਤ ਹੋਵੇ। ਪਰੰਤੂ ਅਜਿਹੀ ਜਾਣਕਾਰੀ ਜਾਂ ਤਾਂ ਅਲਪਮਾਤਰ ਹੈ ਜਾਂ ਫਿਰ ਨਾਂਹ ਦੇ ਬਰਾਬਰ, ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਪਰਵਾਸੀ ਸਾਹਿਤ ਦਾ ਹੁਣ ਤੱਕ ਕੀਤਾ ਗਿਆ ਅਧਿਐਨ ਅਧੂਰਾ ਹੈ। ਜੋ ਆਲੋਚਕ ਸਾਹਿਤ ਦੀ ਖ਼ੁਦਮੁਖ਼ਤਾਰ ਹੋਂਦ ਮੰਨਦੇ ਹਨ ਉਨ੍ਹਾਂ ਨੂੰ ਸ਼ਾਇਦ ਇਹ ਕਥਨ ਨਾ ਜਚੇ ਪਰੰਤੂ ਜੋ ਅਧਿਐਨ ਕਰਤਾ ਇਹ ਮੰਨਦਾ ਹੈ ਕਿ ਸਾਹਿਤ ਦਾ ਇਤਿਹਾਸ, ਸਮਾਜ-ਸਭਿਆਚਾਰ ਅਤੇ ਰਾਜਨੀਤੀ ਦਾ ਨਜ਼ਦੀਕੀ ਰਿਸ਼ਤਾ ਹੈ ਅਤੇ ਪਿਛਲੇ ਤੋਂ ਬਗ਼ੈਰ ਪਹਿਲੇ ਦਾ ਅਧਿਐਨ ਸੰਭਵ ਨਹੀਂ, ਉਸ ਲਈ ਇਹ ਕਥਨ ਕੋਈ ਹੈਰਾਨ ਕਰਨ ਵਾਲਾ ਨਹੀਂ। ਪਰਵਾਸੀ ਤੇ ਪੰਜਾਬ ਦੇ ਵਿਦਵਾਨਾਂ ਨੇ ਇਸ ਪਾਸੇ ਸੁਚੇਤ ਪੱਧਰ ‘ਤੇ ਅਜੇ ਕੋਈ ਖੋਜ-ਕਾਰਜ ਨਹੀਂ ਕੀਤਾ। ਇਹ ਕੰਮ ਏਨਾ ਸੌਖਾ ਵੀ ਨਹੀਂ। ਜਿੰਨੇ ਦੇਸ਼ਾਂ ਵਿਚ ਪੰਜਾਬੀ ਸਾਹਿਤ ਰਚਿਆ ਜਾ ਰਿਹਾ ਹੈ, ਉਨ੍ਹਾਂ ਸਾਰਿਆਂ ਦੇ ਸਮਾਜ- ਸਭਿਆਚਾਰਕ, ਇਤਿਹਾਸਕ ਅਤੇ ਰਾਜਨੀਤਿਕ ਪਿਛੋਕੜ ਜਾਨਣ ਲਈ ਲੰਮੀ ਘਾਲਣਾ ਦੀ ਲੋੜ ਹੈ। ਜਿੰਨੀ ਦੇਰ ਇਹ ਅਧਿਐਨ ਉਪਲਬਧ ਨਹੀਂ ਹੋ ਜਾਂਦਾ ਉਨੀਂ ਦੇਰ ਤੱਕ ਕੀਤਾ ਅਧਿਐਨ ਟੁੱਟਵੀਂ ਜਿਹੀ ਰੂਪ-ਰੇਖਾ ਬਣਾਉਣ ਤੱਕ ਹੀ ਸੀਮਤ ਰਹੇਗਾ।

ਇੱਥੇ ਪਰਵਾਸੀ ਪੰਜਾਬੀ ਲੇਖਕਾਂ ਦੇ ਉਸ ‘ਰੋਸੇ’ ਉੱਪਰ ਵਿਚਾਰ ਕਰਨਾ ਵੀ ਜਾਇਜ਼ ਹੈ ਕਿ ਉਨ੍ਹਾਂ ਨੂੰ ‘ਪਰਵਾਸੀ’ ਹੀ ਕਿਉਂ ਕਿਹਾ ਜਾਂਦਾ ਹੈ। ‘ਪਰਵਾਸੀ’ ਕੋਈ ਅਪਸ਼ਬਦ ਨਹੀਂ ਪਰ ਫਿਰ ਵੀ ਦਰਸ਼ਨ ਧੀਰ ਵਰਗੇ ਲੇਖਕ ਵੀ ਇਸ ਸ਼ਬਦ ਉੱਪਰ ਕਿੰਤੂ ਕਰਦੇ ਹਨ। ਇਕ ਥਾਂ ਆਪਣੀ ਇੰਟਰਵਿਊ ਵਿਚ ਨਾਵਲਕਾਰ ਦਾ ਕਥਨ ਹੈ, ”ਪੰਜਾਬੀ ਸਾਹਿਤ ਪੰਜਾਬੀ ਸਾਹਿਤ ਹੈ ਤੇ ਉਹਦੀ ਨਿਰਖ-ਪਰਖ ਦੇ ਮਾਪ-ਤੋਲ ਵੀ ਸਾਹਿਤਕ ਹੀ ਹੋਣੇ ਚਾਹੀਦੇ ਹਨ ਨਾ ਕਿ ਕੋਈ ਹੋਰ ਕਸਵੱਟੀ। ਉਹ ਭਾਵੇਂ ਪੰਜਾਬ ਵਿਚ ਲਿਖਿਆ ਜਾ ਰਿਹਾ ਹੈ, ਭਾਵੇਂ ਪੰਜਾਬੋਂ ਬਾਹਰ ਤੇ ਭਾਵੇਂ ਬਾਹਰਲੇ ਦੇਸ਼ਾਂ ਵਿਚ। ਸਾਡੇ ਆਲੋਚਕ ਪੰਜਾਬੀ ਸਾਹਿਤ ਨੂੰ ਇਹ ਪਰਵਾਸੀ ਸਾਹਿਤ ਹੈ, ਇਹ ਇਸਤਰੀ ਸਾਹਿਤ ਹੈ, ਇਹ ਦਲਿਤ ਸਾਹਿਤ ਹੈ, ਇਹ ਪੇਂਡੂ ਸਾਹਿਤ ਹੈ, ਇਹ ਨਿੱਕੀ ਕਿਸਾਨੀ ਦਾ ਸਾਹਿਤ ਹੈ, ਇਹ ਸ਼ਹਿਰੀ ਸਾਹਿਤ ਹੈ ਤੇ ਪਤਾ ਨਹੀਂ ਹੋਰ ਕਿੰਨੀਆਂ ਕੁ ਵੰਡੀਆਂ ਵਿਚ ਵੰਡੀ ਬੈਠੇ ਹਨ ਤੇ ਕਾਹਦੇ ਲਈ।”1 ਭਾਵੁਕਤਾ ਵਿਚ ਲੇਖਕ ਅਜਿਹਾ ਕੁਝ ਕਹਿ ਸਕਦਾ ਹੈ ਪਰੰਤੂ ਆਲੋਚਕ ਲਈ ਸਾਹਿਤ ਦਾ ਅਧਿਐਨ ਕਰਨ ਸਮੇਂ ਉਪਰੋਕਤ ਵਰਗ ਵੰਡ ਕਰਨੀ ਹੀ ਪੈਂਦੀ ਹੈ। ਪੰਜਾਬੀ ਸਾਹਿਤਕਾਰ ਅਤੇ ਆਲੋਚਕ ਨੂੰ ਆਪਣਾ-ਆਪਣਾ ਖੇਤਰ ਤੈਅ ਕਰਕੇ ਇਕ-ਦੂਜੇ ਦੇ ਖੇਤਰ ਵਿਚ ਦਖ਼ਲ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਦੂਸਰੀ ਗੱਲ ਕਿ ਪਰਵਾਸੀ ਨੂੰ ਨਾਂਹ-ਮੁੱਖੀ ਸ਼ਬਦ ਹੀ ਕਿਉਂ ਮੰਨਿਆ ਜਾਵੇ? ਸ਼ਿੰਦਰ. ਸ. ਥਾਂਦੀ ਦੇ ਇਸ ਕਥਨ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਪਰਵਾਸੀ / ਡਾਇਸਪੋਰਾ ਸਮੁੱਚੇ ਤੌਰ ‘ਤੇ ਹਾਂ-ਮੁੱਖੀ ਸੰਬੋਧਨ ਸਵੀਕਾਰ ਕਰ ਲਿਆ ਗਿਆ ਹੈ।”2

ਪੰਜਾਬੀ ਆਲੋਚਨਾ ਦੇ ਖੇਤਰ ਵਿਚ ਪਕਿਸਤਾਨੀ ਪੰਜਾਬੀ ਸਾਹਿਤ ਨੂੰ ਛੱਡ ਕੇ ਪੰਜਾਬ ਤੋਂ ਬਾਹਰ ਹੋਰਨਾਂ ਦੇਸ਼ਾਂ ਵਿਚ ਰਚੇ ਜਾਂਦੇ ਸਾਹਿਤ ਲਈ ਪਰਵਾਸੀ ਸ਼ਬਦ ਵਰਤਿਆ ਜਾਂਦਾ ਹੈ। ਥੋੜ੍ਹੇ ਸਮੇਂ ਤੋਂ ਅੰਗਰੇਜ਼ੀ ਦਾ ਸ਼ਬਦ ਡਾਇਸਪੋਰਾ ਵੀ ਪ੍ਰਚਲਿਤ ਹੋ ਰਿਹਾ ਹੈ। ਕੁਝ ਵਿਦਵਾਨਾਂ ਨੇ ਜਿਨ੍ਹਾਂ ਵਿਚੋਂ (ਨਦੀਮ ਪਰਮਾਰ ਇਕ ਹੈ) ਨੇ ਆਪਣੇ ਭਾਸ਼ਣਾਂ ਵਿਚ ਇਹ ਪ੍ਰਚਾਰ ਕਰਨ ਦਾ ਯਤਨ ਕੀਤਾ ਕਿ ਪਰਵਾਸ ਮਨੁੱਖ ਆਪਣੀ ਮਰਜ਼ੀ ਨਾਲ ਧਾਰਨ ਕਰਦਾ ਹੈ ਪਰੰਤੂ ਡਾਇਸਪੋਰਾ ਜ਼ਬਰੀ ਦਿੱਤਾ ਗਿਆ ਪਰਵਾਸ ਹੈ। ਪਰੰਤੂ ਅੰਗਰੇਜ਼ੀ ਵਿਚ ਅਜਿਹਾ ਕੋਈ ਵਖਰੇਵਾਂ ਨਹੀਂ। ਦੋਨਾਂ ਤਰ੍ਹਾਂ ਨਾਲ ਆਪਣੀ ਧਰਤੀ ਤੋਂ ਉੱਠ ਕੇ ਕਿਤੇ ਹੋਰ ਵਸਣ ਨੂੰ ਡਾਇਸਪੋਰਾ ਕਿਹਾ ਗਿਆ ਹੈ। ਇਸ ਲਈ ਅਸੀਂ ਸ਼ਬਦ ਪਰਵਾਸੀ ਹੀ ਵਰਤਾਂਗੇ। ਗਰੀਕ ਸ਼ਬਦ ਡਾਇਸਪੋਰਾ ਦਾ ਮੂਲ ਅਰਥ ਹੈ ‘ਬਿਖਰਨਾ ਜਾਂ ਖਿਲਰਨਾ’ ਜੋ ਯਹੂਦੀਆਂ ਦੇ ਪਰਵਾਸ ਲਈ ਵਰਤਿਆ ਜਾਂਦਾ ਰਿਹਾ ਹੈ। ਪਰ ਹੁਣ ਇਹ ਕਿਸੇ ਵੀ ਦੇਸ਼ ਤੋਂ ਵਿਸਥਾਪਤ ਹੋ ਕੇ ਕਿਸੇ ਹੋਰ ਦੇਸ਼ ਵਿਚ ਵਸ ਜਾਣ ਲਈ ਵਰਤਿਆ ਜਾਣ ਲੱਗਾ ਹੈ। ਵਿਸਥਾਪਤ ਹੋਣ ਦਾ ਕਾਰਨ ਰਾਜਨੀਤਿਕ, ਆਰਥਿਕ, ਇੱਛਤ ਜਾਂ ਅਣਇੱਛਤ ਵੀ ਹੋ ਸਕਦਾ ਹੈ। ਇਸ ਲਈ ਅਸੀਂ ਪਰਵਾਸੀ ਸ਼ਬਦ ਨੂੰ ਹੀ ਉੱਚਿਤ ਸਮਝਦੇ ਹਾਂ ਜੋ ਹੁਣ ਤੱਕ ਵਰਤਿਆ ਜਾ ਰਿਹਾ ਹੈ। ਵੈਸੇ ਕਾਗਜ਼ਾਂ ਵਿਚ NRI ( Non-Resident Indian), PIO ( A Person of Indian Origion) ਵੀ ਵਰਤਿਆ ਜਾਂਦਾ ਹੈ ਅਤੇ ਹੁਣ ਦੋਹਰੀ ਨਾਗਰਿਕਤਾ ਦੇ ਹੁੰਦਿਆਂ OIC ( Overseas Citizenship of India) ਵਰਤਿਆ ਜਾਇਆ ਕਰੇਗਾ, ਪਰੰਤੂ ਸਾਹਿਤਕ ਖੇਤਰਾਂ ਵਿਚ ਪਰਵਾਸੀ ਸ਼ਬਦ ਨੂੰ ਹੀ ਮਾਨਤਾ ਮਿਲੀ ਹੈ।
ਭਾਰਤ ਦੀ ਧਰਤੀ ਤੋਂ ਢਾਈ ਕਰੋੜ ਲੋਕ ਵਿਸ਼ਵ ਦੇ ਇੱਕ ਸੌ ਦੋ ਦੇ ਕਰੀਬ ਦੇਸ਼ਾਂ ਵਿਚ ਜਾ ਕੇ ਵਸੇ ਹਨ। ਪੰਜਾਬੀਆਂ ਦੀ ਗਿਣਤੀ ਇਨ੍ਹਾਂ ਵਿਚ 25 ਲੱਖ ਦੇ ਕਰੀਬ ਮੰਨੀ ਜਾਂਦੀ ਹੈ। ਸਭ ਤੋਂ ਪਹਿਲਾਂ ਸਿੱਖ ਭਾਈਚਾਰਾ ਪਰਵਾਸੀ ਬਣਿਆ, ਹਿੰਦੂ ਪੰਜਾਬੀ 1911 ਈ. ਦੇ ਕਰੀਬ ਅਮਰੀਕਾ ਵਿਚ ਗਏ। ਹੁਣ ਵੀ ਇੱਕ ਤਾਂ ਸਿੱਖ ਭਾਈਚਾਰਾ ਗਿਣਤੀ ਪੱਖੋਂ ਵਧੇਰੇ ਹੈ ਅਤੇ ਦੂਸਰੇ ਦੇਸ਼ਾਂ ਦੀਆਂ ਸਰਕਾਰਾਂ ਧਾਰਮਿਕ ਘੱਟ ਗਿਣਤੀ ਨੂੰ ਵੱਖਰੀ ਮਾਨਤਾ ਦਿੰਦੀਆਂ ਹਨ, ਇਸ ਲਈ ਸਿੱਖ ਪਛਾਣ ਦਾ ਮਸਲਾ ਵਧੇਰੇ ਉੱਭਰ ਕੇ ਸਾਹਮਣੇ ਆਉਂਦਾ ਹੈ ਜਦ ਕਿ ਪੰਜਾਬੀ ਲੇਖਕ ਪੰਜਾਬੀ ਪਛਾਣ ਉੱਪਰ ਵਧੇਰੇ ਬਲ ਦਿੰਦੇ ਹਨ। ਉਨ੍ਹਾਂ ਅਨੁਸਾਰ ਧਾਰਮਿਕ ਪਛਾਣ ਉੱਪਰ ਬਲ ਦੇਣ ਨਾਲ ਕਈ ਨਵੇਂ ਸੰਕਟ ਵੀ ਉਭਰੇ ਹਨ। ਇੱਥੇ ਅਸੀਂ ਨਾਟਕਕਾਰ ਆਤਮਜੀਤ ਦੇ ‘ਪਰਵਾਸੀ ਪੰਜਾਬੀ ਜ਼ਿੰਦਗੀ: ਸੀਮਾਵਾਂ ਤੇ ਸੰਭਾਵਨਾਵਾਂ’ ਪਰਚੇ ਵਿਚ ਵਿਅਕਤ ਵਿਚਾਰਾਂ ਨੂੰ ਸੰਖੇਪ ਵਿਚ ਦੇਣਾ ਚਾਹਾਂਗੇ। ਆਤਮਜੀਤ ਨੇ ਜਿੱਥੇ ਪਰਵਾਸੀਆਂ ਦੀ ਸਾਹਿਤ ਰਚਨਾ ਦੀਆਂ ਸੀਮਾਵਾਂ ਤੇ ਸੰਭਾਵਨਾਵਾਂ ਨੂੰ ਦੇਖਦਿਆਂ ਹੋਇਆਂ ਪੰਜਾਬੀਆਂ ਦੀਆਂ ਪਦਾਰਥਕ ਤੇ ਰਾਜਸੀ-ਸਰਕਾਰੀ ਖੇਤਰ ਵਿਚ ਪ੍ਰਾਪਤੀਆਂ ਨੂੰ ਗੌਲਣਯੋਗ ਮੰਨਿਆ ਹੈ ਅਤੇ ਨਵੀਂ ਪੀੜ੍ਹੀ ਨੂੰ ਪੱਛਮੀ ਜੀਵਨ ਨਾਲ ਗਹਿਰਾ ਸੰਵਾਦ ਰਚਾਉਦਿਆਂ ਵੇਖ ਕੇ ਇਕ ਨਵੇਂ ਸਭਿਆਚਾਰ ਦੇ ਉਥਾਨ ਦੀ ਸੰਭਾਵਨਾ ਵਿਅਕਤ ਕੀਤੀ ਹੈ ਉੱਥੇ ਪੰਜਾਬੀ ਭਾਈਚਾਰੇ ਦੇ ਦੋ ਸੰਕਟਾਂ ਵੱਲ ਵੀ ਸਾਡਾ ਧਿਆਨ ਖਿੱਚਿਆ ਹੈ। ਪਹਿਲਾ ਕਿ ਪੰਜਾਬੀ ਸਭਿਆਚਾਰ ਪੱਖੋਂ ਭਾਈਚਾਰਾ ਤਣਾਉ-ਪੂਰਨ ਸਥਿਤੀ ਵਿਚੋਂ ਲੰਘ ਰਿਹਾ ਹੈ। ਦੂਸਰਾ ਪੰਜਾਬੀ ਭਾਈਚਾਰੇ ਨੇ ਆਪਣੇ ਆਪ ਨੂੰ ਧਾਰਮਿਕ ਪੱਖੋਂ ਜ਼ਿਆਦਾ ਸੰਗਿਠਤ ਕੀਤਾ ਹੈ, ਜਿਸ ਲਈ ਸਮਾਨਾਂਤਰ ਸੰਗਠਨਾਂ ਦੀ ਅਣਹੋਂਦ ਕਾਰਨ ਨਵੇਂ ਸੰਕਟ ਉੱਭਰੇ ਹਨ।3 ਆਤਮਜੀਤ ਇੱਥੇ ਧਾਰਮਿਕ ਸੰਕਟਾਂ ਦੀ ਗੱਲ ਕਰ ਰਿਹਾ ਹੈ। ਪਰੰਤੂ ਅਜਿਹਾ ਨਹੀਂ ਕਿ ਪਰਵਾਸ ਵਿਚ ਭਾਸ਼ਾਈ ਸਾਹਿਤਕ ਜਾਂ ਰਾਜਨੀਤਿਕ ਸੰਗਠਨ ਨਹੀਂ ਹਨ। ਸਗੋਂ ਮਾਨਤਾ ਧਾਰਮਿਕ ਘੱਟ ਗਿਣਤੀਆਂ ਨੂੰ ਮਿਲੀ ਹੈ। ਹਾਂ ਆਤਮਜੀਤ ਦੇ ਇਸ ਕਥਨ ਨਾਲ ਕੋਈ ਵਿਰੋਧ ਨਹੀਂ ਹੋ ਸਕਦਾ ਕਿ, ”ਪਰਵਾਸ ਕਰ ਰਹੇ ਸਾਰੇ ਪੰਜਾਬੀਆਂ ਦੀ ਸਮਾਜਿਕ, ਆਰਥਿਕ, ਵਿਦਿਅਕ ਅਤੇ ਉਮਰ ਸੰਬੰਧੀ ਪਿੱਠ-ਭੂਮੀ ਵੀ ਅੱਡ-ਅੱਡ ਹੈ। ਉਨ੍ਹਾਂ ਦੇ ਪਰਵਾਸੀ ਹੋਣ ਦਾ ਸਮਾਂ ਵੀ ਇਕ ਨਹੀਂ ਤੇ ਨਾ ਹੀ ਦੁਨੀਆਂ ਦੇ ਕਿਸੇ ਇਕ ਖਿੱਤੇ ਵਿਚ ਜਾ ਕੇ ਵਸੇ ਹਨ। ਇਸੇ ਤਰ੍ਹਾਂ ਉਸ ਮੁਲ਼ਕ ਜਾਂ ਸ਼ਹਿਰ ਦੇ ਹਾਲਾਤ ਤੇ ਉੱਥੇ ਪੰਜਾਬੀ ਪਰਵਾਸੀਆਂ ਦੀ ਸੰਖਿਆ ਵੀ ਇਕੋ ਜਿਹੀ ਨਹੀਂ ਜਿੱਥੇ ਉਨ੍ਹਾਂ ਨੇ ਆਪਣਾ ਟਿਕਾਣਾ ਬਣਾਇਆ ਹੈ। ਇਸ ਵਿਭਿੰਨਤਾ ਕਾਰਨ ਪੰਜਾਬੀਆਂ ਦੀ ਪਰਵਾਸੀ ਜ਼ਿੰਦਗੀ ਨੂੰ ਕਿਸੇ ਵੀ ਇਕ ਜ਼ਾਵੀਏ ਤੋਂ ਦੇਖ ਸਕਣਾ ਜਾਂ ਉਸ ਬਾਰੇ ਕੋਈ ਇਕਹਰੀ ਪਹੁੰਚ ਬਣ ਸਕਣੀ ਬਹੁਤੀ ਸੰਭਵ ਨਹੀਂ ਹੈ।”4 ਇਸੇ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡਾ. ਬਲਕਾਰ ਸਿੰਘ ਨੇ ਸੁਝਾਅ ਦਿੱਤਾ ਹੈ ਕਿ ਇਸ ਮਸਲੇ ਦੇ ਹੱਲ ਲਈ ਇਕ ਮਿਸ਼੍ਰਿਤ ਪਹੁੰਚ ਅਪਣਾਉਣ ਦੀ ਲੋੜ ਹੈ। ਡਾ. ਬਲਕਾਰ ਸਿੰਘ ਦੀ ਆਲੋਚਨਾ ਵਿਚ ਅਜੇ ਮੂਲ ਅੰਗਰੇਜ਼ੀ ਸ਼ਬਦ ਪਚਾਉਣ ਦੀ ਪ੍ਰਕਿਰਿਆ ਜਾਰੀ ਹੈ, ਪਰੰਤੂ ਉਸਦਾ ਵਿਚਾਰ ਮਹੱਤਵਪੂਰਨ ਹੈ। ”ਪੰਜਾਬੀ ਡਾਇਸਪੋਰਾ ਅਜਿਹਾ Rumming man` ਹੈ ਜਿਸਦਾ ਸੰਸਾਰ ਆਪਣੇ ਮੂਲਵਾਸ / ਭਾਈਚਾਰਿਆਂ ਤੋਂ ਪਰੇ ‘ਫੈਲਿਆ ਸੰਸਾਰ’ ਸਮਝਿਆ ਜਾ ਸਕਦਾ ਹੈ, ਜਿਸ ਵਿਚ ਉਹ ਇਕ ਅਨੁਵਾਦੇ ਮਨੁੱਖ (translated) ਜੂਨ ਭੋਗਦਾ ਹੈ। ਜਿਸ ਨੂੰ ਸਮਝਣ ਲਈ ਦੋਹਰੇ ਪਰਿਪੇਖਾਂ (Double perspectives) ਦੀ ਲੋੜ ਬਣ ਜਾਂਦੀ ਹੈ। ਇਸ ਮਨੁੱਖ ਦਾ ਯਥਾਰਥ ਅਜਿਹਾ ਹੈ ਜਿਸ ਨੂੰ ਨਾ ਤਾਂ ਮਾਤ-ਭੂਮੀ ਕੇਂਦ੍ਰਿਤ ਕਰਕੇ ਸਮਝਿਆ ਜਾ ਸਕਦਾ ਹੈ ਅਤੇ ਨਾ ਹੀ ਰਾਸ਼ਟਰੀ ਚੇਤਨਾਵਾਂ ਵਿਚ ਮਹਿਦੂਦ ਕੀਤਾ ਜਾ ਸਕਦਾ ਹੈ, ਨਾ ਹੀ ਨਸਲੀ ਅਤੇ ਨਵੀਆਂ ਸਭਿਆਚਾਰਕ ਨੀਤੀਆਂ ਵਿਚ ਰੱਖਿਆ ਜਾ ਸਕਦਾ ਹੈ, ਨਾ ਹੀ ਘਰ ਦੀ ਹਿਫਾਜ਼ਤੀ ਨੋਸ਼ਨ ਰਾਹੀਂ ਸਮਝਿਆ ਜਾ ਸਕਦਾ ਹੈ, ਨਾ ਹੀ One people` ਦੀ ਅਸੀਂ ਵਿਚ ਬਲਕਿ ਜਿਸ ਨੂੰ ਸਾਰੇ ਹੀ ਮਿਲਗੋਭਤਾ ਅਤੇ In-between` ਅੰਦਰ ਹੀ ਸਮਝਿਆ ਜਾ ਸਕਦਾ ਹੈ।”5 ਇੱਥੇ ਹੁਣ ਤੱਕ ਹੁੰਦੇ ਸਾਰੇ ਅਧਿਐਨਾਂ ਨੂੰ ਰੱਦ ਕਰਕੇ ਦੋਹਰੇ ਜਾਂ ਮਿਸ਼ਰਤ ਪਰਿਪੇਖਾਂ ਤੋਂ ਪਰਵਾਸੀ ਸਾਹਿਤ ਦਾ ਅਧਿਐਨ ਕਰਨ ਦੀ ਪੈਰਵੀ ਕੀਤੀ ਗਈ ਹੈ। ਪਰੰਤੂ ਪਹਿਲੇ ਅਧਿਐਨਾਂ ਨੂੰ ਰੱਦ ਕਰਨ ਦੀ ਬਜਾਇ ਮਿਸ਼ਰਤ ਅਧਿਐਨ ਸਾਨੂੰ ਅਗਾਂਹ ਤੋਰ ਸਕਦਾ ਹੈ।

ਅਸਲ ਵਿਚ ਦੋ ਸਭਿਆਚਾਰਾਂ ਦੇ ਦੋ ਸਮੂਹ ਜਦੋਂ ਇਕ ਥਾਂ ਵਸਦੇ ਹੋਣ ਤਾਂ ਪਹਿਲਾਂ ਵਸੇ ਸਮੂਹ ਦਾ ਹੱਥ ਉੱਪਰ ਹੁੰਦਾ ਹੈ। ਫਿਰ ਵੀ ਦੋਨਾਂ ਦੇ ਦਵੰਦ ਵਿਚੋਂ ਬਹੁਤ ਕੁਝ ਟੁੱਟਦਾ ਭੱਜਦਾ ਹੈ ਤੇ ਬਹੁਤ ਕੁਝ ਨਵਾਂ ਉਸਰਦਾ ਹੈ। ਪਰਵਾਸੀ ਸਾਹਿਤ ਬਾਹਰੋਂ ਆਇਆਂ ਦੇ ਸਰੋਕਾਰਾਂ ਦਾ ਪ੍ਰਗਟਾਵਾ ਹੈ ਇਸ ਲਈ ਮੂਲ ਨਿਵਾਸੀ ਉਸ ਵਿਚੋਂ ਖਾਰਜ ਹੁੰਦਾ ਹੈ ਜਾਂ ਫਿਰ ਉਸਨੂੰ ਵਿਰੋਧੀ ਮੰਨ ਕੇ ਚਿਤਰਿਆ ਜਾਂਦਾ ਹੈ। ਪਰਵਾਸੀ ਪੰਜਾਬੀ ਸਾਹਿਤ ਨਾਲ ਇੰਜ ਹੀ ਹੋਇਆ ਹੈ। ਭਾਵੇਂ ਹੁਣ ਵਾਲੇ ਪੜਾਅ ‘ਤੇ ਆ ਕੇ ਮੂਲ ਵਾਸੀਆਂ ਦੇ ਵਿਚਾਰਾਂ ਤੇ ਭਾਵਨਾਵਾਂ ਨੂੰ ਵੀ ਸਮਝਣ ਦਾ ਯਤਨ ਕੀਤਾ ਗਿਆ ਹੈ। ਜਰਨੈਲ ਸਿੰਘ ਦੀ ਕਹਾਣੀ ‘ਟਾਵਰਜ਼’ ਇਸਦਾ ਸਸ਼ਕਤ ਉਦਾਹਰਣ ਹੈ। ਪਰਵਾਸੀ ਸਾਹਿਤ ਦੀ ਪੇਸ਼ਕਾਰੀ ਵਿਚ ਜ਼ੁਲਮ, ਪੱਖਪਾਤ ਅਤੇ ਵਿਭਿੰਨਤਾ ਦੇ ਨਾਲ-ਨਾਲ ਸਵੈ-ਦ੍ਰਿੜਤਾ ਤੇ ਸਮਨਵੈ ਅਤੇ ਪਛਾਣ ਨੂੰ ਇਕੋ ਸਮੇਂ ਜਗ੍ਹਾ ਮਿਲਦੀ ਹੈ। ਅਜਹੀ ਕ੍ਰਿਆ-ਪ੍ਰਤੀਕਿਰਿਆ ਤੋਂ ਹੀ ਪਰਵਾਸੀ ਚੇਤਨਾ ਦਾ ਵਿਕਾਸ ਹੁੰਦਾ ਹੈ। ਪਰਵਾਸੀ ਪ੍ਰਸਥਿਤੀਆਂ ਹੀ ਪਰਵਾਸੀ ਚੇਤਨਾ ਪੈਦਾ ਕਰਦੀਆਂ ਹਨ ਤੇ ਚੇਤਨਾ ਪਰਵਾਸੀ ਪ੍ਰਸਥਿਤੀਆਂ ਨੂੰ ਪ੍ਰਭਾਵਿਤ ਕਰਦੀ ਹੈ। ”ਪਰਵਾਸੀ ਚੇਤਨਾ ਸਮਾਜ ਤੇ ਮਨੁੱਖ ਦੇ ਅੰਤਰ ਸੰਬੰਧਾਂ ਦੀ ਕਿਰਿਆ-ਪ੍ਰਤੀਕਿਰਿਆ, ਆਦਾਨ-ਪ੍ਰਦਾਨ, ਵਿਹਾਰ-ਵਤੀਰੇ, ਅਨੁਭਵ ਤੇ ਪ੍ਰਤੱਖਣ ਦੇ ਮਾਧਿਅਮ ਰਾਹੀਂ ਪ੍ਰਾਪਤ ਹੁੰਦਾ ਅਜਿਹਾ ਗਿਆਨ / ਸੋਝੀ ਜਾਂ ਚਿੰਤਨ ਹੈ ਜੋ ਉਸਨੂੰ ਪਰਾਈ ਧਰਤੀ ‘ਤੇ ਓਪਰੇ ਵਿਅਕਤੀ ਹੋਣ ਤੇ ਮੂਲ ਇਤਿਹਾਸਕ ਸਮਾਜਿਕ ਕਾਰਨਾਂ ਦੀ ਅੰਤਰੀਵ ਜਟਿਲ ਕਾਰਜਸ਼ੀਲ ਨਾਲ ਪ੍ਰੀਚਿਤ ਕਰਵਾਉਂਦਾ ਹੈ।”6 ਇਨ੍ਹਾਂ ਕਾਰਨਾਂ ਕਰਕੇ ਹੀ ਪਰਵਾਸੀ ਅਧਿਐਨ ਵਧੇਰੇ ਮਨ ਦੀਆਂ ਮਨੋਵਿਗਿਆਨਕ ਅਤੇ ਰਹੱਸਮਈ ਗਤੀਵਿਧੀਆਂ ਨੂੰ ਧਿਆਨ ਦਾ ਕੇਂਦਰ ਬਣਾਉਂਦਾ ਹੈ। ਇਹ ਉਨ੍ਹਾਂ ਲੋਕਾਂ ਦਾ ਸਾਹਿਤ ਬਣਦਾ ਹੈ ਜੋ ਸਰੀਰਕ ਤੌਰ ‘ਤੇ ਸਥਾਪਿਤ ਹਨ ਪਰੰਤੂ ਮਾਨਸਿਕ ਤੌਰ ‘ਤੇ ਵਿਸਥਾਪਿਤ। ਅਜਿਹੇ ਲੋਕਾਂ ਦਾ ਦੂਸਰੀਆਂ ਨਸਲਾਂ, ਰਾਜਾਂ ਨਾਲ ਸੰਬੰਧ ਵੀ ਆਪਣੀ ਤਰ੍ਹਾਂ ਦੇ ਗੁੰਝਲਦਾਰ ਬਣਦੇ ਹਨ। ਆਲੋਚਕ ਨੂੰ ਅਜਿਹੇ ਗੁੰਝਲਦਾਰ ਅੰਤਰ ਸੰਬੰਧਾਂ ਦੀ ਸੋਝੀ ਹੋਣੀ ਚਾਹੀਦੀ ਹੈ ਤਾਂ ਹੀ ਉਹ ਪਰਵਾਸੀ ਸਾਹਿਤ ਨੂੰ ਸਮਝ ਸਕੇਗਾ ਤੇ ਇਸਦਾ ਸਹੀ ਮੁਲਾਂਕਣ ਕਰ ਸਕੇਗਾ।

ਦੋ ਜਾਂ ਵਧੇਰੇ ਸਭਿਆਚਾਰਾਂ ਦੀ ਡਾਇਲੈਟਿਕਸ ਵੱਖ-ਵੱਖ ਪੀੜ੍ਹੀਆਂ ਲਈ ਵਧੇਰੇ ਅਰਥ ਰੱਖਦੀ ਹੈ। ਪਰਵਾਸੀਆਂ ਦੀ ਦੂਜੀ ਪੀੜ੍ਹੀ ਮੂ਼ਲ ਜਾਂ ਮੁੱਖ-ਧਾਰਾ ਦੇ ਨੇੜੇ ਹੁੰਦੀ ਹੈ। ਉਹ ਅਪਣਾਏ ਸਭਿਆਚਾਰ ਦੀ ਸਿੱਖਿਆ ਪ੍ਰਣਾਲੀ ਅਨੁਸਾਰ ਆਪਣੇ ਆਪ ਨੂੰ ਢਾਲਦੀ ਹੈ, ਉਹ ਉਥੋਂ ਦੀ ਭਾਸ਼ਾ ਨੂੰ ਆਤਮਸਾਤ ਕਰਦੀ ਹੈ ਅਤੇ ਮੁੱਖ-ਧਾਰਾ ਦੀਆਂ ਆਦਤਾਂ ਗ੍ਰਹਿਣ ਕਰਦੀ ਹੈ। ਇਉਂ ਉਹ ਵਿਦਵਾਨਾਂ ਦੇ ਕਹਿਣ ਅਨੁਸਾਰ ਸੱਤਾ ਵੱਲੋਂ ਆਪਣੇ ਅਨੁਕੂਲ ਕਰਨ ਦੇ ਸੰਦਾਂ ਰਾਹੀਂ ਢਲ਼ਦੀ ਚਲੀ ਜਾਂਦੀ ਹੈ। ਪੰਜਾਬੀ ਭਾਈਚਾਰੇ ਨਾਲ ਜੇ ਅਜਿਹਾ ਕੁਝ ਹੁੰਦਾ ਹੈ ਤਾਂ ਕੋਈ ਅਲੋਕਾਰ ਨਹੀਂ। ਹਰਜੀਤ ਅਟਵਾਲ ਨੇ ਪਹਿਲੀ ਵਾਰ ਅਜਿਹੀ ਪ੍ਰਕਿਰਿਆ ਨੂੰ ਹਾਂ-ਮੁੱਖੀ ਮੰਨਿਆ ਹੈ। ਆਪਣੇ ਨਵੇਂ ਨਾਵਲ ‘ਸਾਊਥਾਲ’ ਦੇ ਸਰਵਰਕ ਉੱਪਰ ਉਸ ਦੀ ਇਹ ਟਿੱਪਣੀ ਬੜੀ ਸਾਰਥਕ ਹੈ ਕਿ, ”ਮੇਰੀ ਜ਼ਿੰਦਗੀ ਦਾ ਵੱਡਾ ਹਿੱਸਾ ‘ਸਾਊਥਾਲ’ ‘ਚ ਗੁਜ਼ਰਿਆ। ਮੇਰਾ ਵੱਡਾ ਅਨੁਭਵ ਪਰਵਾਸ ਦਾ ਹੀ ਹੈ। ਹੁਣ ਤਾਂ ਇਹ ਮੈਨੂੰ ਆਵਾਸ ਲਗਦਾ ਹੈ ਤੇ ਭਾਰਤ ਪਰਵਾਸ। ਪਰ ਨਾਲ ਹੀ ਮੇਰਾ ਅਨੁਭਵ ਪੰਜਾਬ ਦਾ ਵੀ ਹੈ, ਪਿੰਡਾਂ ਦੀ ਜ਼ਿੰਦਗੀ ਦਾ ਵੀ। ਵੱਡਾ ਦੁਖਾਂਤ ਇਹੀ ਹੈ ਕਿ ਅਸੀਂ ਇਥੋਂ ਦਾ ਸਭਿਆਚਾਰ ਅਪਣਾ ਨਹੀਂ ਸਕੇ। ਅਸੀਂ ਇਸ ਨੂੰ ਅਪਣਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਇਵੇਂ ਸਭਿਆਚਾਰ ਅਪਣਾਏ ਵੀ ਨਹੀਂ ਜਾ ਸਕਦੇ। ਆਪਾਂ ਇਹ ਕਹਿ ਸਕਦੇ ਹਾਂ ਕਿ ਇੱਥੇ ਆ ਕੇ ਅਸੀਂ ਪੱਛਮੀ ਸਭਿਆਚਾਰ ਦੇ ਨੇੜੇ ਤੇੜੇ ਰਹੇ ਹਾਂ। ਸਾਡੇ ਬੱਚੇ ਸਾਡੇ ਸਭਿਆਚਾਰ ਤੋਂ ਦੂਰ ਜ਼ਰੂਰ ਗਏ ਹਨ। ਉਨ੍ਹਾਂ ਨੇ ਵੀ ਪੱਛਮੀ ਸਭਿਆਚਾਰ ਨੂੰ ਪੂਰੀ ਤਰ੍ਹਾਂ ਨਹੀਂ ਅਪਣਾਇਆ, ਸਗੋਂ ਉਨ੍ਹਾਂ ਨੇ ਇਕ ਨਵੇਂ ਸਭਿਆਚਾਰ ਨੂੰ ਪੈਦਾ ਕੀਤਾ। ਉਨ੍ਹਾਂ ਭਾਰਤੀ ਸਭਿਆਚਾਰ ਦਾ ਅੰਗਰੇਜ਼ੀਕਰਨ ਕਰ ਦਿੱਤਾ ਹੈ। ਜਿਸ ਦੀ ਆਪਣੀ ਹੀ ਖੂਬਸੂਰਤੀ ਹੈ।”7

ਇਕ ਗੱਲ ਪਰਵਾਸੀ ਸਾਹਿਤ ਦੀ ਸਾਹਿਤਕਤਾ ਬਾਰੇ ਵੀ। ਵਿਦਵਾਨ ਇਹ ਗੱਲ ਸਵੀਕਾਰ ਕਰਦੇ ਹਨ ਕਿ, ”ਪਰਵਾਸੀ ਪੰਜਾਬੀ ਸਾਹਿਤ ਮੂਲ ਰੂਪ ਵਿਚ ਦਸਤਾਵੇਜ਼ੀ ਕਿਸਮ ਦਾ ਹੈ, ਜਿਸ ਵਿਚ ਕਦੇ-ਕਦੇ ਸਾਹਿਤਕਤਾ ਦੀ ਘਾਟ ਰੜਕਣ ਲੱਗ ਪੈਂਦੀ ਹੈ। ਇਸ ਸਭ ਦੇ ਬਾਵਜੂਦ ਇਹ ਸਾਹਿਤ ਜੀਵਨ ਸੰਘਰਸ਼ ਕਰ ਰਹੇ ਲੋਕਾਂ ਦੀ ਦਾਸਤਾਨ ਪੇਸ਼ ਕਰਦਾ ਹੈ।”8 ਪਰੰਤੂ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਜੇ ਪਰਵਾਸੀ ਸਾਹਿਤ ਆਪਣੇ ਅੰਤਰ-ਰਾਸ਼ਟਰੀ ਪੱਧਰ ਦੀ ਸਾਹਿਤਕਤਾ ਨੂੰ ਧਿਆਨ ਵਿਚ ਨਹੀਂ ਰੱਖਦਾ ਤਾਂ ਭਵਿੱਖ ਵਿਚ ਇਸ ਦੇ ਬਹੁਤੀ ਦੇਰ ਜੀਵਤ ਰਹਿਣ ਦੀਆਂ ਸੰਭਾਨਾਵਾਂ ਨਹੀਂ। ਡਾ. ਭੀਮ ਸਿੰਘ ਦਹੀਆ (ਪੂਰਵ ਵਾਈਸ ਚਾਂਸਲਰ, ਕੁਰੂਕਸ਼ੇਤਰ ਯੂਨੀਵਰਸਿਟੀ, ਅੰਗਰੇਜ਼ੀ ਦੇ ਵਿਦਵਾਨ) ਨੇ ਇਸ ਪਾਸਿਉਂ ਸਾਨੂੰ ਸੁਚੇਤ ਰਹਿਣ ਦੀ ਨੇਕ ਸਲਾਹ ਦਿੱਤੀ ਹੈ। ਉਸ ਅਨੁਸਾਰ ਪਰਵਾਸੀ ਸਾਹਿਤ ਵੀ ਅੰਤਿਮ ਤੌਰ ‘ਤੇ ਤਾਂ ਕਲਾ ਹੈ ਤੇ ਇਸਦੇ ਨਿਯਮਾਂ ਅਧੀਨ ਹੀ ਉਸਦਾ ਮੁਲਾਂਕਣ ਕੀਤਾ ਜਾਵੇਗਾ।9 ਇਸ ਗੱਲੋਂ ਸੁਚੇਤ ਹੋ ਕੇ ਪੰਜਾਬੀ ਆਲੋਚਕਾਂ ਨੂੰ ਸਤਰਕ ਰਹਿਣਾ ਪਵੇਗਾ ਨਹੀਂ ਤਾਂ ਉਨ੍ਹਾਂ ਉੱਪਰ ਜੋ ਉਲਾਰ ਹੋਣ ਦੇ ਜਾਂ ਕੋਈ ਹੋਰ ਝੂਠੇ-ਸੱਚੇ ਦੋਸ਼ ਲੱਗਦੇ ਹਨ ਉਹ ਪਰਵਾਸੀ ਸਾਹਿਤ ਦੇ ਸਹੀ ਮੁਲਾਂਕਣ ਵਿਚ ਬਾਧਕ ਸਿੱਧ ਹੋਣਗੇ।

ਅੱਜ ਦਾ ਪਰਵਾਸੀ ਪੰਜਾਬੀ ਸਾਹਿਤਕਾਰ ਵਿਸ਼ਵ-ਪੱਧਰੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਜਿਸ ਕਾਰਣ ਸਮੱਸਿਆਵਾਂ ਦੇ ਨਾਲ-ਨਾਲ ਪਾਤਰ ਵੀ ਪਰਦੇਸੀ ਸਥਿਤੀਆਂ ਅਨੁਸਾਰ ਹਨ, ਪਰ ਇਹ ਪਾਤਰ ਸਾਰੇ ਪਰਵਾਸੀ ਗਲਪਕਾਰਾਂ ਦੀਆਂ ਰਚਨਾਵਾਂ ਵਿਚ ਅੰਗਰੇਜ਼ੀ ਰਲ਼ੀ ਪੰਜਾਬੀ ਬੋਲਦੇ ਹਨ। ਇਹ ਇਕ ਅਣਯਥਾਰਥਕ ਸਥਿਤੀ ਹੈ। ਜਰਨੈਲ ਸਿੰਘ ਦੇ ਕਹਾਣੀ ਸੰਗ੍ਰਿਹ ‘ਟਾਵਰਜ਼’ ਦੇ ਪ੍ਰਸੰਗ ਵਿਚ ਡਾ. ਜਸਵੀਰ ਜੈਨ ਇਸ ਪ੍ਰਸ਼ਨ ਨੂੰ ਪ੍ਰਮੁੱਖਤਾ ਨਾਲ ਉਠਾਉਂਦੀ ਹੈ। ”ਪਰ ‘ਟਾਵਰਜ਼’ ਅਤੇ ‘ਬਰਫ਼ ਤੇ ਦਰਿਆ’ ਗੈਰ ਹਿੰਦੁਸਤਾਨੀ ਪਾਤਰਾਂ ਨੂੰ ਲੈ ਕੇ ਕੁਝ ਅਲੱਗ ਹੀ ਕਹਿ ਰਹੀਆਂ ਕਹਾਣੀਆਂ ਹਨ। ਇਨ੍ਹਾਂ ਵਿਚ ਭਾਸ਼ਾ ਦਾ ਬੇਮੇਲ ਅੱਖਰਦਾ ਹੈ। ਇਕ ਪਾਸੇ ਠੇਠ ਪੰਜਾਬੀ ਹੈ, ਦੂਜੇ ਪਾਸੇ ਅੰਗਰੇਜ਼ੀ ਦੇ ਸ਼ਬਦਾਂ ਦਾ ਛਿੜਕਾਅ ਹੈ।”10 ਇਸ ਵਿਰੋਧਾਭਾਸ ਨੂੰ ਮੈਂ ਇਸ ਤਰ੍ਹਾਂ ਸਮਝਣ ਦਾ ਯਤਨ ਕੀਤਾ ਹੈ, ”ਅਸਲ ਵਿਚ ਜਰਨੈਲ ਸਿੰਘ ਦੇ ਪਾਠਕ ਪੰਜਾਬੀ ਹਨ ਪਰ ਪਾਤਰ ਅੰਗਰੇਜ਼ੀ ਭਾਸ਼ੀ। ਅਜਿਹੀ ਸਥਿਤੀ ਵਿਚ ਅੰਗਰੇਜ਼ੀ ਭਾਸ਼ੀ ਪਾਤਰਾਂ ਦੇ ਮਨਾਂ ਦੀ ਭਾਸ਼ਾ ਨੂੰ ਲੇਖਕ ਪੰਜਾਬੀ ਵਿਚ ਅਨੁਵਾਦਿਤ ਕਰ ਰਿਹਾ ਹੈ। ਪਾਤਰ ਤੇ ਪਾਠਕ ਵਿਚਲੇ ਅੰਤਰ ਨੂੰ ਕੇਵਲ ਇਸੇ ਤਰ੍ਹਾਂ ਹੀ ਮੇਟਿਆ ਜਾ ਸਕਦਾ ਸੀ।”11 ਇਸ ਸਮੱਸਿਆ ਦਾ ਸ਼ਾਇਦ ਕਦੇ ਵੀ ਕੋਈ ਹੱਲ ਨਾ ਮਿਲ ਸਕੇ। ਇਸ ਲਈ ਅਣਯਥਾਰਥਕ ਸਥਿਤੀ ਨੂੰ ਵੀ ਯਥਾਰਥਕ ਮੰਨਣ ਤੋਂ ਇਲਾਵਾ ਪੰਜਾਬੀ ਪਾਠਕਾਂ ਕੋਲ ਹੋਰ ਕੋਈ ਚਾਰਾ ਨਹੀਂ।

ਅਰਧ-ਜਾਗੀਰਦਾਰੀ ਸਥਿਤੀਆਂ ਤੋਂ ਪੈਦਾ ਹੋਈ ਮਾਨਸਿਕਤਾ ਅਤੇ ਉੱਤਰ-ਆਧੁਨਿਕ ਸਥਿਤੀ ਵਿਚੋਂ ਪੈਦਾ ਹੋਈ ਮਾਨਸਿਕਤਾ ਦੇ ਟਕਰਾਉ ਅਤੇ ਇਸ ਤੋਂ ਨਿਕਲੇ ਨਤੀਜਿਆਂ ਬਾਰੇ ਪਰਵਾਸੀ ਸਾਹਿਤ ਵਿਚ ਕਾਫ਼ੀ ਚਰਚਾ ਹੋਈ ਹੈ। ਇਨ੍ਹਾਂ ਸਥਿਤੀਆਂ ਵਿਚੋਂ ਹੀ ਭਾਰਤੀ ਮਰਦ ਦਾ ਬੱਚਿਆਂ, ਔਰਤਾਂ ਅਤੇ ਪਰਿਵਾਰ ਪ੍ਰਤਿ ਰਵੱਈਆ ਨਿਸ਼ਚਿਤ ਹੁੰਦਾ ਹੈ। ਭਾਰਤੀ ਨਾਰੀ ਵੀ ਸਹਿਜ ਰੂਪ ਵਿਚ ਅਜਿਹੀ ਸਥਿਤੀ ਨੂੰ ਸਵੀਕਾਰ ਨਹੀਂ ਕਰਦੀ। ਇਨ੍ਹਾਂ ਸਥਿਤੀਆਂ ਵਿਚੋਂ ਉਪਜੇ ਕਲੇਸ਼ਾਂ ਨੂੰ ਬੱਚਿਆਂ, ਔਰਤਾਂ, ਬਜ਼ੁਰਗਾਂ ਦੇ ਸੰਦਰਭ ਵਿਚ ਪਰਵਾਸੀ ਲੇਖਕਾਂ ਨੇ ਆਪਣੀਆਂ ਰਚਨਾਤਮਿਕ ਕਿਰਤਾਂ ਦਾ ਹਿੱਸਾ ਬਣਾਇਆ ਹੈ। ਪੰਜਾਬ ਦੀ ਧਰਤੀ ਨਾਲ ਉਦਰੇਵੇਂ ਦਾ ਰਿਸ਼ਤਾ ਵੀ ਕਿਸੇ ਨਾ ਕਿਸੇ ਰੂਪ ਵਿਚ ਹਰ ਲੇਖਕ ਦੀ ਰਚਨਾ ਦਾ ਹਿੱਸਾ ਹੈ। ਕੁਝ ਆਲੋਚਕਾਂ ਅਨੁਸਾਰ ਪਰਵਾਸੀ ਤਾਂ ਲਿਖਦੇ ਹੀ ਆਪਣੇ ਉਦਰੇਵੇਂ ਨੂੰ ਦੂਰ ਕਰਨ ਲਈ ਹਨ। ਅਸਲ ਵਿਚ ਉਦਰੇਵੇਂ ਨੂੰ ਤਿਆਗਣ ਦੀ ਸਲਾਹ ਦੇਣ ਵਾਲੇ ਆਲੋਚਕ ਉਦਰੇਵੇਂ ਦੀ ਖ਼ਸਲਤ ਤੋਂ ਅਸਲੋਂ ਵਾਕਿਫ਼ ਨਹੀਂ ਲੱਗਦੇ। ਡਾ. ਕੇਸਰ ਸਿੰਘ ਕੇਸਰ ਨੇ ਪੰਜਾਬੀ ਲੋਕਗੀਤਾਂ ਦੇ ਉਦਰੇਵੇਂ ਦੇ ਸੰਦਰਭ ਵਿਚ ਰੇਮੰਡ ਵਿਲੀਅਮਜ਼ ਦੇ ਹਵਾਲੇ ਨਾਲ ਇਸ ਸਰਵਕਾਲੀ ਸੱਚ ਨੂੰ ਰੇਖਾਂਕਿਤ ਕਰਦਿਆਂ ਲਿਖਿਆ ਹੈ ਕਿ, ”ਉਦਰੇਵੇਂ ਦੇ ਕਾਰਨ ਵੱਖੋ-ਵੱਖਰੇ ਹੋ ਸਕਦੇ ਹਨ। ਪਰ ਉਦਰੇਵਾਂ ਸਦੀਵੀ ਤੇ ਸਰਵ-ਵਿਆਪਕ ਹੈ। ਆਧੁਨਿਕ ਸੋਚ ਦਾ ਮਾਲਕ ਉਦਰੇਵੇਂ ਨੂੰ ਉਤਲੀ ਉਪਭਾਵੁਕਤਾ ਕਹਿ ਕੇ ਇਸ ਉੱਤੇ ਨੱਕ ਚਾੜ੍ਹਦਾ ਹੈ, ਖਿੱਝਦਾ ਹੈ, ਪਰ ਜੇ ਉਹ ਆਪਣੇ ਅੰਦਰ ਝਾਤੀ ਮਾਰ ਕੇ ਵੇਖੇ ਤਾਂ ਉਹ ਵੀ ਆਪਣੇ ਪਿੰਡ, ਸ਼ਹਿਰ, ਦੇਸ਼ ਜਾਂ ਘਰ ਤੋਂ ਓਦਰਿਆ ਹੋਇਆ ਮਹਿਸੂਸ ਕਰੇਗਾ। ਰੇਮੰਡ ਵਿਲੀਅਮਜ਼ ਦਾ ਕਥਨ ਹੈ: Nostalgia it can be said, is universal and persistant, only other man`s nostalgia offend.` (The Country and the City, P-12 )12

ਪਛਾਣ ਦਾ ਸੰਕਟ, ਵਿਯੋਗੀ ਸਥਿਤੀ, ਹਾਸ਼ੀਆ ਗ੍ਰਸਤ ਹੋਂਦ ਅਤੇ ਨਸਲੀ ਵਿਤਕਰੇ ਦੇ ਮਸਲੇ ਆਪਸ ਵਿਚ ਜੁੜੇ ਹੋਏ ਹਨ। ਪਰਵਾਸ ਵਿਚ ਇਨ੍ਹਾਂ ਮਸਲਿਆਂ ਨੂੰ ਵਿਅਕਤੀਗਤ ਤੌਰ ‘ਤੇ ਨਜਿੱਠਿਆ ਨਹੀਂ ਜਾ ਸਕਦਾ ਇਸ ਲਈ ਸਮੂਹਾਂ ਵਿਚ ਰਹਿਣ ਦੀ ਲੋੜ ਵੀ ਮਹਿਸੂਸ ਹੁੰਦੀ ਹੈ। ਫਰਾਇਡ ਨੇ ਟਰੋਟਰ ਦੇ ਹਵਾਲੇ ਨਾਲ ਮਨੁੱਖ ਦੀਆਂ ਚਾਰ ਮੂਲ ਪ੍ਰਵਿਰਤੀਆਂ ਮੰਨੀਆਂ ਹਨ। 1. ਸਵੈ-ਹੋਂਦ ਕਾਇਮ ਰੱਖਣ ਦੀ ਪ੍ਰਵਿਰਤੀ 2. ਭੋਜਨ ਪਾਣੀ ਦੀ ਲੋੜ ਪੂਰੀ ਕਰਨ ਦੀ ਪ੍ਰਵਿਰਤੀ 3. ਕਾਮ ਪ੍ਰਵਿਰਤੀ ਅਤੇ 4. ਇੱਜੜ ਪ੍ਰਵਿਰਤੀ। ਫਰਾਇਡ ਅਨੁਸਾਰ ਅਖ਼ੀਰਲੀ ਪ੍ਰਵਿਰਤੀ ਪਹਿਲੀਆਂ ਤਿੰਨਾਂ ਦੇ ਵਿਰੋਧ ਵਿਚ ਹੈ।13 ਪਰੰਤੂ ਪਰਵਾਸੀ ਮਾਹੌਲ ਵਿਚਲੀ ਪੰਜਾਬੀ ਭਾਈਚਾਰੇ ਦੀ ਇਹ ਚੌਥੀ ਪ੍ਰਵਿਰਤੀ ਵਧੇਰੇ ਸ਼ਕਤੀਸ਼ਾਲੀ ਰੂਪ ਵਿਚ ਪ੍ਰਗਟ ਹੁੰਦੀ ਹੈ। ਪਰ ਇਸਦੇ ਕਾਰਨ, ਸਾਂਝੇ ਟੱਬਰਾਂ ਨੂੰ ਬਣਾਏ ਰੱਖਣ ਦੀ ਜ਼ਿਦ ਹੈ। ਇਸੇ ਲਈ ਔਰਤ ਦੀ, ਬੱਚਿਆਂ ਦੀ, ਬਜ਼ੁਰਗਾਂ ਦੀ ਵਿਅਕਤੀਗਤ ਸੁਤੰਤਰਤਾ ਉੱਪਰ ਰੋਕ ਹੈ। ਇਸ ਤੱਥ ਨੂੰ ਸਮਝਾਂਗੇ ਤਾਂ ਪਤਾ ਚੱਲੇਗਾ ਕਿ ਕਿਉਂ ਪੰਜਾਬੀ ਭਾਈਚਾਰੇ ਵਿਚ ਪਰਿਵਰਤਨਾਂ ਦੀ ਤੋਰ ਏਨੀ ਧੀਮੀ ਹੈ।

ਇੱਥੇ ਨਸਲੀ ਵਿਤਕਰੇ ਬਾਰੇ ਥੋੜ੍ਹੀ ਵਿਸਤ੍ਰਿਤ ਚਰਚਾ ਦੀ ਲੋੜ ਮਹਿਸੂਸ ਹੁੰਦੀ ਹੈ। ਆਮ ਤੌਰ ‘ਤੇ ਪੰਜਾਬੀ ਲੇਖਕ ਨਸਲੀ ਵਿਤਕਰੇ ਨੂੰ ਭਾਰਤੀ ਜਾਤ-ਪਾਤ ਦੇ ਸੰਦਰਭ ਵਿਚ, ਵਿਚਾਰਦੇ ਹਨ। ਇਸ ਦੀ ਸਿਰ ਕੱਢ ਉਦਾਹਰਣ ਸਵਰਨ ਚੰਦਨ ਦਾ ਨਾਵਲ ‘ਕੰਜਕਾਂ’ ਅਤੇ ਦਰਸ਼ਨ ਧੀਰ ਦਾ ਨਾਵਲ ‘ਹਾਸ਼ੀਏ’ ਕਿਹਾ ਜਾ ਸਕਦਾ ਹੈ। ਆਲੋਚਕ ਨੂੰ ਸਮਝਣਾ ਚਾਹੀਦਾ ਹੈ ਕਿ ਨਸਲੀ ਵਿਤਕਰੇ ਅਤੇ ਜਾਤਪਾਤ ਵਿਚ ਬਹੁਤ ਵੱਡਾ ਅੰਤਰ ਹੈ। ਇਕ ਵਿਚ ਰੰਗ ਭੇਦ ਦਾ ਵਿਤਕਰਾ ਹੈ ਤਾਂ ਦੂਜੇ ਵਿਚ ਜਨਮ ਤੋਂ ਹੀ ਮਨੁੱਖ ਨੂੰ ਨੀਵਾਂ ਕਰਾਰ ਦੇ ਦਿੱਤਾ ਜਾਂਦਾ ਹੈ। ਹਾਂ! ਵਿਤਕਰਾ ਦੋਹਾਂ ਦਾ ਸਾਂਝਾ ਸੂਤਰ ਹੈ। ਪਰ ਦੋਨੋਂ ਇਕ ਨਹੀਂ। ਤਿੰਨ ਵਰਣ ਮਿਲ ਕੇ ਕੁੱਲ ਕਿਰਤੀ ਲੁਕਾਈ ਨੂੰ ਸ਼ੂਦਰ ਗਰਦਾਨ ਦਿੰਦੇ ਹਨ। ਉਨ੍ਹਾਂ ਤੋਂ ਸਾਰਾ ਕੰਮ ਕਰਵਾਉਂਦੇ ਹਨ ਪਰ ਫਿਰ ਵੀ ਧ੍ਰਿਕਾਰਨ ਲਈ ਉਨ੍ਹਾਂ ਦੇ ਪ੍ਰਛਾਵੇਂ ਤੋਂ ਵੀ ਡਰਦੇ ਹਨ। ਪੰਜਾਬੀ ਲੋਕਾਂ ਦੀ ਇਹ ਧਾਰਣਾ ਵੀ ਕਾਲਪਨਿਕ ਹੈ ਕਿ ਦਲਿਤ ਬੰਦਾ ਪਰਵਾਸ ਵਿਚ ਵਿਤਕਰੇ ਨੂੰ ਉਸ ਤਰ੍ਹਾਂ ਮਹਿਸੂਸ ਨਹੀਂ ਕਰਦਾ ਜਿਵੇਂ ਜਾਇਦਾਦ ਵਾਲੇ ਪੰਜਾਬੀ ਕਰਦੇ ਹਨ। ਜਾਂ ਦਲਿਤਾਂ ਨੂੰ ਪੰਜਾਬ ਜਾਂ ਪਿੱਛੇ ਦੀਆਂ ਰਿਸ਼ਤੇਦਾਰੀਆਂ ਨਾਲ ਕੋਈ ਲਗਾਅ ਨਹੀਂ। ਇਹ ਆਪਣੇ ਆਪ ਵਿਚ ਅਣਵਿਗਿਆਨਕ ਅਤੇ ਹਵਾਈ ਸੋਚ ਹੈ। ਦਲਿਤ ਵੀ ਆਪਣੀਆਂ ਜੜ੍ਹਾਂ ਲਾਈ ਰੱਖਣ ਲਈ ਪਰਿਵਾਰ ਦੇ ਕਿਸੇ ਇਕ ਜੀਅ ਨੂੰ ਪੰਜਾਬ ਵਿਚ ਜ਼ਰੂਰ ਛੱਡਦੇ ਹਨ। ਉਹ ਵੀ ਆਪਣੀਆਂ ਰਿਸ਼ਤੇਦਾਰੀਆਂ ਦੇ ਮੋਹ ਲਈ ਹਰ ਸਾਲ ਭਾਰਤ ਫੇਰੀ ਮਾਰਨ ਆਉਂਦੇ ਹਨ। ਆਪਣੇ ਪਿਆਰਿਆਂ ਦੀਆਂ ਅਸਥੀਆਂ ਉਹ ਵੀ ਕੀਰਤਪੁਰ ਜਾਂ ਹਰਦੁਆਰ ਹੀ ਪਾਉਂਦੇ ਹਨ। ਆਲੋਚਕਾਂ ਨੂੰ ਚਿਰ ਤੋਂ ਬਣਾਏ ਇਨ੍ਹਾਂ ਵਿਚਾਰਾਂ ਨੂੰ ਬਦਲਣਾ ਚਾਹੀਦਾ ਹੈ। ਉਨ੍ਹਾਂ ਨੂੰ ਮਾਨਵੀ ਆਧਾਰਾਂ ਤੇ ਹੀ ਆਪਣੀਆਂ ਧਾਰਣਾਵਾਂ ਨੂੰ ਵਿਸਤਾਰ ਦੇਣਾ ਚਾਹੀਦਾ ਹੈ। ਹਰਚੰਦ ਸਿੰਘ ਬੇਦੀ ਦਾ ਨਸਲੀ ਵਿਤਕਰੇ ਦੇ ਸੰਦਰਭ ਵਿਚ ਇਹ ਕਥਨ ਮੰਨਣਯੋਗ ਹੈ ਕਿ, ”ਜੱਟਪਰਕ ਮਾਨਸਿਕਤਾ ਵਾਲੇ ਲੇਖਕਾਂ ਨੇ ਇਸ ਮਸਲੇ ਨੂੰ ਵਧੇਰੇ ਦੁਹਰਾਉ ਪ੍ਰਦਾਨ ਕੀਤਾ ਹੈ।”14

ਧਰਮ ਤੋਂ ਬਾਅਦ ਕਿਸੇ ਵੀ ਪਰਵਾਸੀ ਸਮੂਹ ਦਾ ਚਿੰਨ੍ਹ ਭਾਸ਼ਾ ਹੁੰਦੀ ਹੈ। ਦੇਸ਼ ਵਾਂਗ ਪਰਦੇਸ ਵਿਚ ਵੀ ਕਿਉਂਕਿ ਧਾਰਮਿਕ ਘੱਟ ਗਿਣਤੀ ਨੂੰ ਮਾਨਤਾ ਮਿਲੀ ਹੈ, ਇਸ ਲਈ ਪੰਜਾਬੀ ਭਾਸ਼ਾ ਨੂੰ ਵੀ ਉਨ੍ਹਾਂ ਨਾਲ ਜੋੜਿਆ ਗਿਆ ਹੈ ਅਤੇ ਉਨ੍ਹਾਂ ਨੇ ਇਸ ਭਾਸ਼ਾ ਵਿਚ ਆਪਣੇ ਧਾਰਮਿਕ ਸਾਹਿਤ ਦਾ ਖੂਬ ਪ੍ਰਚਾਰ ਪ੍ਰਸਾਰ ਵੀ ਕੀਤਾ ਹੈ। ਵਿਸ਼ੇਸ਼ ਤੌਰ ‘ਤੇ ਤਕਨੀਕੀ ਜਾਣਕਾਰੀ ਦਾ ਜਿੰਨਾ ਸਦ-ਉਪਯੋਗ ਉਹ ਕਰ ਰਹੇ ਹਨ, ਉਹ ਕੋਈ ਹੋਰ ਪੰਜਾਬੀ ਸਮੂਹ ਨਹੀਂ ਕਰ ਰਿਹਾ। ਪੰਜਾਬ ਵਾਂਗ ਪਰਵਾਸ ਵਿਚ ਵੀ ਸਾਹਿਤਕ ਗਤੀਵਿਧੀਆਂ ਦਾ ਸੰਚਾਲਨ ਧਰਮ-ਨਿਰਪੱਖ ਤੇ ਪ੍ਰਗਤੀਵਾਦੀ ਦਿੱਖ ਵਾਲੇ ਸੰਗਠਨ ਕਰ ਰਹੇ ਹਨ। ਅਖ਼ਬਾਰਾਂ ਦੀ ਇਸ ਪਾਸੇ ਭੂਮਿਕਾ ਮਹੱਤਵਪੂਰਨ ਹੈ। ਪਰੰਤੂ ਰਘਬੀਰ ਸਿੰਘ ਸਿਰਜਣਾ ਨੇ ਪੰਜਾਬੀ ਭਾਈਚਾਰੇ ਦੀ ਆਪਣੀ ਭਾਸ਼ਾ ਪ੍ਰਤੀ ਦ੍ਰਿਸ਼ਟੀ ਦੀ ਕਾਣ ਨੂੰ ਵੀ ਸਾਹਮਣੇ ਲਿਆਂਦਾ ਹੈ। ਉਸ ਅਨੁਸਾਰ ਵਿਦੇਸ਼ੀ ਸਰਕਾਰਾਂ ਨੇ ਗਿਣਤੀ ਦੇ ਆਧਾਰ ‘ਤੇ ਪੰਜਾਬੀ ਪੜ੍ਹਾਈ ਦਾ ਪ੍ਰਬੰਧ ਤਾਂ ਕੀਤਾ ਹੋਇਆ ਹੈ ਪਰੰਤੂ, ”ਤ੍ਰਾਸਦੀ ਇਹੀ ਹੈ ਕਿ ਦੂਜੀਆਂ ਘੱਟ ਗਿਣਤੀਆਂ ਦੇ ਉਲਟ ਪਰਵਾਸੀ ਪੰਜਾਬੀ ਇਸ ਵਿਵਸਥਾ ਦਾ ਪੂਰਾ ਲਾਹਾ ਲੈਣ ਵਿਚ ਅਕਸਰ ਨਾਕਾਮ ਰਹਿੰਦੇ ਹਨ।…ਪਰਵਾਸੀ ਪੰਜਾਬੀ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੀ ਥਾਂ ਕੋਈ ਹੋਰ ਯੂਰਪੀਅਨ ਭਾਸ਼ਾ ਪੜ੍ਹਾਉਣਾ ਵਧੇਰੇ ਪਸੰਦ ਕਰਦੇ ਹਨ।”15

ਅਖ਼ੀਰ ‘ਤੇ ਅਸੀਂ ਪਰਵਾਸੀ ਭਾਈਚਾਰੇ ਦੀ ਭਵਿੱਖ ਦੀ ਸੇਧ ਬਾਰੇ ਵੀ ਕੁਝ ਕਹਿਣਾ ਚਾਹਾਂਗੇ। ਇਸ ਵਿਚਾਰ ਨਾਲ ਤਾਂ ਅਸੀਂ ਸਹਿਮਤ ਨਹੀਂ ਕਿ ਉਦਰੇਵੇਂ, ਭੂ-ਹੇਰਵੇ, ਪੀੜ੍ਹੀ-ਪਾੜੇ ਅਤੇ ਸਭਿਆਚਾਰਕ ਸੰਕਟ ਦੇ ਭਵਿੱਖ ਵਿਚ ਮਸਲੇ, ਮਸਲੇ ਹੀ ਨਹੀਂ ਰਹਿਣਗੇ, ਬਲਕਿ ਸਾਡੀ ਇਹ ਸੋਚੀ ਸਮਝੀ ਧਾਰਣਾ ਹੈ ਕਿ ਇਨ੍ਹਾਂ ਮਸਲਿਆਂ ਨੂੰ ਸੋਚ ਸਮਝ ਰਾਹੀਂ ਸਿਰਜਣਾਤਮਕ ਸੇਧ ਦੇਣ ਦੀ ਜ਼ਰੂਰਤ ਹੈ। ਭਾਈਚਾਰੇ ਨੂੰ ਆਉਂਦੀ ਹਰ ਸਮੱਸਿਆ ਨੂੰ ਬਾਹਰਮੁੱਖੀ ਸੋਚ ਰਾਹੀਂ ਵਿਸ਼ਲੇਸ਼ਤ ਕਰਕੇ ਆਪਣੀ ਵੱਖਰੀ ਪਛਾਣ ਬਣਾਈ ਰੱਖ ਕੇ ਵੀ ਅਗਾਂਹ ਵਧਣ ਦੀਆਂ ਯੋਜਨਾਵਾਂ ਬਣਾਉਣੀਆਂ ਪੈਣਗੀਆਂ। ”ਇਹ ਜ਼ਰੂਰੀ ਹੈ ਕਿ ਪੰਜਾਬੀ ਸਮੁਦਾਇ ਆਤਮ ਵਿਸ਼ਵਾਸ਼ ਨਾਲ ਪਰਿਵਰਤਨ ਦੀਆਂ ਸ਼ਕਤੀਆਂ ਨੂੰ ਸੰਭਾਲਣ ਕਿਉਂਕਿ ਇਨ੍ਹਾਂ ਨੂੰ ਰੋਕ ਨਹੀਂ ਸਕਦੇ।…ਪੰਜਾਬੀ ਪਰਵਾਸੀਆਂ ਦਾ ਯੋਗਦਾਨ ਪੰਜਾਬੀ ਸਮਾਜ ‘ਤੇ ਅਮਿੱਟ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਰਹੇਗਾ। ਜੇ ਉਹ ਇਕ ਸਭਿਆਚਾਰਕ ਪਛਾਣ ਕਾਇਮ ਕਰਨ ਵਿਚ ਸਫ਼ਲ ਰਹੇ ਤਾਂ ਪੰਜਾਬੀ ਪ੍ਰੰਪਰਾ ਅਤੇ ਸਭਿਆਚਾਰ ਫੈਲੇਗਾ। ਉਨ੍ਹਾਂ ਦੀ ਅਸਫਲਤਾ ਪੰਜਾਬੀ ਸਭਿਆਚਾਰ ਦੀ ਸ਼ਕਤੀ ਦੀ ਅਸਮਰੱਥਾ ਦਾ ਵੀ ਪ੍ਰਤੀਕ ਹੈ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਜੋ ਲਿਫਦੇ ਨਹੀਂ ਉਹ ਟੁੱਟ ਜਾਂਦੇ ਹਨ।”16

ਉਪਰੋਕਤ ਚਰਚਾ ਪੰਜਾਬੀ ਸਾਹਿਤ ਆਲੋਚਨਾ ਦੇ ਖੇਤਰ ਤੋਂ ਬਾਹਰ ਰਹਿ ਗਏ ਮਸਲਿਆਂ ਨੂੰ ਵੀ ਰੇਖਾਂਕਿਤ ਕਰ ਰਹੀ ਹੈ ਅਤੇ ਨਾਲ ਹੀ ਇਸ ਖੇਤਰ ਵਿਚ ਪ੍ਰਚਲਿਤ ਹੋ ਚੁੱਕੀਆਂ ਭੁਲੇਖਾ ਪਾਊ ਧਾਰਨਾਵਾਂ ਨੂੰ ਵੀ ਸਾਹਮਣੇ ਲਿਆਉਂਦੀ ਹੈ। ਇਸਦੇ ਆਧਾਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਹੁਣ ਤੱਕ ਦੀ ਪਰਵਾਸੀ ਸਾਹਿਤ ਆਲੋਚਨਾ ਸਮੁੱਚੀ ਸਾਹਿਤ ਦੀ ਆਲੋਚਨਾ ਵਾਂਗ ਅਧੂਰੀ ਹੈ ਕਿਉਂਕਿ ਇਹ ਸਾਹਿਤ ਕੇਂਦ੍ਰਿਤ ਨਾ ਰਹਿ ਕੇ ਚਹੇਤੇ ਸਾਹਿਤਕਾਰਾਂ ਉੱਪਰ ਕੇਂਦ੍ਰਿਤ ਹੋ ਕੇ ਰਹਿ ਗਈ ਹੈ। ਸਾਨੂੰ ਸਾਹਿਤ ਨਾਲ ਪ੍ਰਤੀਬੱਧ ਆਲੋਚਨਾ ਦੀ ਲੋੜ ਹੈ। ਇਸ ਲਈ ਪਰਵਾਸੀ ਆਲੋਚਕ ਦੇ ਨਾਲ ਨਾਲ ਆਲੋਚਨਾ ਦੀ ਭੂਮਿਕਾ ਵਧੇਰੇ ਨਿਰਣਾਇਕ ਹੋਵੇਗੀ ਜੋ ਅਜੇ ਪੈਦਾ ਹੋਣੀ ਹੈ।

ਹਵਾਲੇ ਤੇ ਟਿੱਪਣੀਆਂ: 
1. ਸ਼ਬਦ, ਸਪਲੀਮੈਂਟ ਨੰਬਰ 2, ਪੰਨਾ-28.
2. ”But a broad conceses has developed which sugests that diasporas are on the whole a possitive asset.. (Punjabi Diaspora and Homeland Relations), iternet ਤੋਂ।
3. ਜਗਦੀਪ ਸਿੰਘ, ਪਰਵਾਸੀ ਪੰਜਾਬੀ ਸਾਹਿਤ ਪੁਨਰ ਸੰਵਾਦ, ‘ਪਰਵਾਸੀ ਪੰਜਾਬੀ ਜ਼ਿੰਦਗੀ : ਸੀਮਾਵਾਂ ਅਤੇ ਸੰਭਾਵਨਾਵਾਂ (ਆਤਮਜੀਤ), ਪੰਨਾ-39.
4. ਉਹੀ, ਪੰਨਾ-28.
5. ਡਾ. ਬਲਕਾਰ ਸਿੰਘ, ਡਾਇਸਪੋਰਾ ਤੇ ਪੰਜਾਬੀ ਬਿਰਤਾਂਤ, ਪੰਨਾ-15.
6. ਅਕਾਲ ਅੰਮ੍ਰਿਤ ਕੌਰ, ਪਰਵਾਸੀ ਪੰਜਾਬੀ ਗਲਪ : ਨਵੇਂ ਪਾਸਾਰ, ਪੰਨਾ-42.
7. ਹਰਜੀਤ ਅਟਵਾਲ, ਸਾਊਥਾਲ, ਸਰਵਰਕ.
8. ਡਾ. ਕਰਮਜੀਤ ਸਿੰਘ ਅਤੇ ਡਾ. ਹਰਸਿਮਰਨ ਸਿੰਘ ਰੰਧਾਵਾ, ਟਾਵਰਜ਼ ਵਸਤੂ ਵਿਧੀ ਤੇ ਦ੍ਰਿਸ਼ਟੀ, ਪੰਨਾ-26.
9. ਉਹੀ, ਪੰਨਾ-194-195.
10. ਜਗਦੀਪ ਸਿੰਘ, ਪਰਵਾਸੀ ਪੰਜਾਬੀ ਸਾਹਿਤ ਪੁਨਰ ਸੰਵਾਦ, ਪੰਨਾ-9.
11. ”We have to admit that literature including the diasporic, is ultimately an art, not journalism and politics, nor Sociaology and Psychology, nor Linguistics and Anthropology, but rather a combination of all these subjected finally to the laws of story-telling. Diasporic Studies Theory and Literqature(ed. Gurupdesh Singh), The Dynamics of Diasporic Discource : An Overview, P-10.
12. ਕਰਮਜੀਤ ਸਿੰਘ, ਦੇਸ ਦੁਆਬਾ, ਮੁਖਬੰਧ, ਪੰਨਾ-15.
13. ਸਿਗਮੰਡ ਫਰਾਇਡ, ਸਭਿਅਤਾ ਵਰ ਕਿ ਸਰਾਪ (ਅਨੁ. ਹਰਜੀਤ ਸਿੰਘ ਮਾਂਗਟ), ਪੰਨਾ-56.
14. ਪਰਵਾਸੀ ਪੰਜਾਬੀ ਸਾਹਿਤ ਦੇ ਮਸਲੇ, ਪੰਨਾ-14.
15. ਜਗਦੀਪ ਸਿੰਘ, ਪਰਵਾਸੀ ਪੰਜਾਬੀ ਸਾਹਿਤ ਪੁਨਰ ਸੰਵਾਦ, ‘ਬਦੇਸ਼ਾਂ ਵਿਚ ਪੰਜਾਬੀ ਦੀ ਸਥਿਤੀ’ (ਰਘਬੀਰ ਸਿੰਘ ਸਿਰਜਣਾ), ਪੰਨਾ-43.
16. ਪਰਮਜੀਤ ਸਿੰਘ ਜੱਜ, ਪਰਵਾਸੀ ਪੰਜਾਬੀ ਇਤਿਹਾਸਕ ਤੇ ਸਮਾਜਿਕ ਸੰਦਰਭ, ਪੰਨਾ-197.

***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 24 ਜੁਲਾਈ 2009)
(ਦੂਜੀ ਵਾਰ 8 ਸਤੰਬਰ 2021)

***
335
***

About the author

ਡਾ. ਕਰਮਜੀਤ ਸਿੰਘ
ਡਾ. ਕਰਮਜੀਤ ਸਿੰਘ
kjskurukshetra@yahoo.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸੇਵਾ ਮੁਕਤ ਪ੍ਰੋਫੈਸਰ ਤੇ ਚੇਅਰਮੈਨ, ਪੰਜਾਬੀ ਵਿਭਾਗ, ਕੁਰੂਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ

ਡਾ. ਕਰਮਜੀਤ ਸਿੰਘ

ਸੇਵਾ ਮੁਕਤ ਪ੍ਰੋਫੈਸਰ ਤੇ ਚੇਅਰਮੈਨ, ਪੰਜਾਬੀ ਵਿਭਾਗ, ਕੁਰੂਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ

View all posts by ਡਾ. ਕਰਮਜੀਤ ਸਿੰਘ →