10 October 2024
mai bashiran

ਪੁੱਤ, ਵੰਡਾਂ ਪਾਉਣੀ ਸਿਆਸਤ ਕਿਸੇ ਦੀ ਸਕੀ ਨੀਂ!—ਬਲਜੀਤ ਖ਼ਾਨ ਸਪੁੱਤਰ ਮਾਂ ਬਸ਼ੀਰਾਂ

ਪੈਂਤੀ ਸਾਲ਼ ਪਹਿਲਾਂ, ਸੰਨ ਵੀਹ ਸੌ ਵੀਹ ‘ਚ ਤਿੰਨ ਖੇਤੀ ਕਨੂੰਨ ਆਏ ਸੀ। ਕੀ ਮਜ਼ਦੂਰ, ਕਿਸਾਨ, ਲਿਖਾਰੀ, ਦੁਕਾਨਦਾਰ, ਵਕੀਲ, ਫ਼ਕੀਰ, ਅੰਗੋਂ-ਹੀਣੇ, ਅੱਧੇ-ਸਬੂਤੇ, ਗੈਕ, ਮਹੰਤ ਸਰਕਾਰ ਨਾਲ਼ ਆਢਾ ਵਿੱਢ ਕੇ ਦਿੱਲੀ ਦੇ ਬਾਡਰਾਂ ‘ਤੇ ਜਾ ਬੈਠੇ ਸੀ। ਲੱਖਾਂ ‘ਚ ਸੰਗਤ ਜੁੜ ਆਈ। ਸਰਕਾਰ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ, ਸੜਕਾਂ ਪੱਟ ਕੇ ਖ਼ਤਾਨ ਬਣਾ ਦਿੱਤੇ, ਰਾਹਾਂ ‘ਚ ਕਿੱਲ ਗੱਡੇ, ਬੈਰੀਕੇਡ ਲਾਏ, ਸੀਮੈਂਟ-ਬੱਜਰੀ ਦੀਆਂ ਕੰਧਾਂ ਕੱਢ ਛੱਡੀਆਂ, ਪਾਣੀ ਦੀ ਬੁਰਸ਼ਾਰਾਂ ਮਾਰੀਆਂ, ਕੁੱਟਮਾਰ ਵੀ ਕੀਤੀ ਪਰ ਹੱਕਾਂ ਲਈ ਲੜਣ ਆਏ ਲੋਕਾਂ ਦੇ ਹੜ੍ਹ ਨੂੰ ਠੱਲ੍ਹ ਨਾ ਪਾ ਸਕੀ।

ਸ਼ਾਹ ਮੁਹੰਮਦ ਦੇ ਕਹਿਣ ਅੰਗੂੰ,
“ਧੌਂਸਾ ਵੱਜਿਆ ਕੂਚ ਦਾ ਹੁਕਮ ਹੋਇਆ
ਚੜ੍ਹੇ ਸੂਰਮੇ ਮਰਦ ਦਲੇਰ ਮੀਆਂ
ਚੜ੍ਹੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ
ਜੈਸੇ ਬੇਲਿਉ ਨਿਕਲਦੇ ਸ਼ੇਰ ਮੀਆਂ!”

ਦਿਨਾਂ ‘ਚ ਈ ਰਾਜਧਾਨੀ ਦੀਆਂ ਸੜਕਾਂ ‘ਤੇ ਲੋਕਾਂ ਨੇ ਟ੍ਰੈਕਟਰ-ਟਰਾਲੀਆਂ ਆਣ ਖਲ੍ਹਿਆਰੇ, ਤੰਬੂ ਤਾਣ ਦਿੱਤੇ, ਲੰਗਰ ਲੱਗ ਗਏ ਉਹ ਵੀ ਕਾਜੂਆਂ-ਬਦਾਮਾਂ ਦੇ, ਪੰਜੀਰੀਆਂ, ਹਲਵਿਆਂ ਦੇ। ਪਿੰਡ ਵਸ ਗਏ, ਲਾਲ-ਹਰੇ ਝੰਡੇ ਲਹਿਰਾਉਣ ਲੱਗੇ, ਕੇਸਰੀ ਨਿਸ਼ਾਨ ਸਾਹਬ ਝੂਲਣ ਲੱਗੇ। ਕਿਸੇ ਮਾਈ-ਭਾਈ ਨੇ ਸੇਵਾ ਦਾ ਮੌਕਾ ਹੱਥੋਂ ਖੁੰਝਣ ਨਾ ਦਿੱਤਾ, ਮਣਾਂ-ਮੂੰਹੀਂ ਦੁੱਧ, ਗੱਟੇ ਭਰ-ਭਰ ਕੇ ਆਟਾ, ਦਾਲ਼ਾਂ-ਸਬਜੀਆਂ, ਘਿਉ ਦੇ ਪੀਪੇ ਅੱਪੜਦੇ ਰਹੇ ਓਥੇ, ਦੇਸਾਂ-ਪ੍ਰਦੇਸਾਂ ‘ਚੋਂ ਸੰਗਤ ਨੇ ਭਰਪੂਰ ਦਸਵੰਧ ਭੇਜਿਆ। ਸਟੇਜਾਂ ਸਜ ਗਈਆਂ, ਕੀ ਨਾਂ ਸੀ ਉਹਦਾ ਭਲ਼ਾ ਜਿਹਾ? ਹਾਂ, ਕੰਵਰ ਗਰੇਆਲ਼! ਉਹਦਾ ਗਾਉਣ “ਪਰ ਫ਼ਸਲਾਂ ਦੇ ਫ਼ੈਸਲੇ ਕਿਸਾਨ ਕਰੂਗਾ!” ਹਰੇਕ ਦੀ ਜੁਬਾਨ ‘ਤੇ ਦੂਣੀ ਦੇ ਪਹਾੜੇ ਵਾਂਗ ਚੜ੍ਹ ਗਿਆ।

ਜਿਹੜਾ ਅਸੀਂ ਓਥੇ ਮਨਾਇਆ ਸੀ, ਉਹੋ ਜਿਹਾ ਪਹਿਲੇ ਪਾਤਸ਼ਾਹ ਦਾ ਗੁਰਪਰਬ ਮੁੜ ਨੀਂ ਆਇਆ।

ਬਥੇਰਾ ਕੁਝ ਕਿਹਾ-ਘਵਾਇਆ ਸਰਕਾਰਾਂ ਨੇ ‘ਅੱਤਵਾਦੀ’, ‘ਨਕਸਲਵਾਦੀ’, ‘ਖਾਲਿਸਤਾਨੀ’, ‘ਟੁਕੜੇ-ਟੁਕੜੇ ਗੈਂਗ’, ‘ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ!’ ‘ਅਰਬਨ ਨਕਸਲ’, ਹੋਰ ਪਤਾ ਨੀਂ ਕੀ ਕੀ ਪਰ ਅੱਗੋਂ ਖ਼ਲਕਤ ਨੇ ‘ਕਿਸਾਨ-ਮਜ਼ਦੂਰ ਏਕਤਾ, ਜ਼ਿੰਦਾਬਾਦ!’, ‘ਜੋ ਬੋਲੇ ਸੋ ਨਿਹਾਲ, ਸੱਤ-ਸਰੀਆ-ਕਾਲ!’ ਦੇ ਨਾਹਰੇ ਲਾ ਛੱਡੇ।

ਗਰਮੀਆਂ, ਸਰਦੀਆਂ ਦੇ ਪਾਲ਼ੇ, ਕੋਹਰੇ ਸਿਰ ਤੋਂ ਦੀ ਲੰਘੇ, ਮਰਜੀਵੜਿਆਂ ਨੇ ਗਰਮੀਆਂ ਦੀਆਂ ਤੱਤੀਆਂ ਹਵਾਵਾਂ ਝੱਲੀਆਂ, ਮੀਂਹ, ਹਨੇਰੀਆਂ ਆ ਕੇ ਚਲੇ ਗਏ ਜਿਵੇਂ ਕੁਦਰਤ ਵੀ ਸਿਦਕ, ਜਤ-ਸਤ ਪਰਖਦੀ ਹੋਵੇ ਪਰ ਉਹ ਟੱਸ ਤੋਂ ਮੱਸ ਨਾ ਹੋਏ।

ਇੱਕ ਇੱਕ ਕਰਕੇ ਸੱਤ ਸੌ ਬੰਦਾ ਸ਼ਹੀਦ ਹੋਇਆ। ਬੱਸ, ਗੋਲ਼ੀ ਨੀਂ ਚੱਲੀ ਉਂਝ ਉੱਨੀ ਸੌ ਉੱਨੀ ਤੋਂ ਪੂਰੀ ਇੱਕ ਸਦੀ ਬਾਅਦ ਵੀਹ ਸੌ ਵੀਹ ਵਿੱਚ ਜਿਲਿਆਂ ਵਾਲ਼ੇ ਬਾਗ ਆਲ਼ਾ ਨਜ਼ਾਰਾ ਬੱਝ ਗਿਆ।

ਸ਼ਰਾਰਤੀ ਅਨਸਰਾਂ ਨੇ ਮੋਰਚੇ ਨੂੰ ਢਾਹ ਲਾਉਣ ਲਈ ਹਰ ਪੈਂਤੜਾ ਲਾਇਆ, ਹਰ ਵਿਧ ਵਰਤੀ ਪਰ ਉਹਨਾਂ ਦੀ ਪੇਸ਼ ਨਾ ਗਈ।

ਮੈਂ ਚਸ਼ਮਦੀਦ ਗਵਾਹ ਆਂ ਓਹ ਘੜੀਆਂ ਦੀ, ਯਾਦ ਕਰਦੀ ਆਂ ਤਾਂ ਮਾਣ ਹੁੰਦਾ ਏ, ਮਨ ਖ਼ੁਸ਼ ਵੀ ਹੁੰਦਾ ਏ, ਵੈਰਾਗ ਨਾਲ਼ ਵੀ ਭਰਦਾ ਏ। ਓਥੇ ਬੜੇ ਨਵੇਂ ਲੋਕਾਂ ਨਾਲ ਜਾਣ-ਪਛਾਣ ਹੋਈ, ਸਿਆਸਤ ਦੀਆਂ ਖਿੱਚੀਆਂ ਲਕੀਰਾਂ ਮਲੀਆ-ਮੇਟ ਹੋ ਗਈਆਂ। ਪੰਜਾਬ, ਹਰਿਆਣਾ ਭਾਈ-ਭਾਈ ਹੋ ਗਏ।

ਪੁੱਤ, ਵੰਡਾਂ ਪਾਉਣੀ ਸਿਆਸਤ ਕਿਸੇ ਦੀ ਸਕੀ ਨੀਂ!

ਥੋਡੀ ਦਿੱਲੀ ਆਲ਼ੀ ਭੂਆ ਜੀਹਦੀ ਕੁੜੀ ਅੰਜਲੀ ਦਾ ਅਗਲੇ ਮਹੀਨੇ ਵਿਆਹ ਏ ਓਥੇ ਈ ਤਾਂ ਮਿਲੀ ਸੀ ਤੇ ਮੇਰੀ ਸਕੀ ਧੀ ਬਣ ਗਈ ਸੀ, ਪੰਡਤਾਂ ਦੀ ਕੁੜੀ ਏ ਪਰ ਲਹੂ ਤਾਂ ਸਾਡੇ ਆਂਗੂੰ ਲਾਲ ਈ ਵਗਦਾ ਏ ਰਗਾਂ ‘ਚ। ਇੱਕ ਵਾਰ ਆਈ ਸੀ ਮੋਰਚੇ ‘ਚ, ਰੋਜ਼ ਆਉਣ ਲੱਗੀ, ਸਾਡੇ ਨਾਲ਼ ਲੰਗਰ ਪਕਾਉਂਦੀ, ਹੱਸਦੀ-ਖੇਡਦੀ ਸਾਡੇ ਪਰਵਾਰ ਦਾ ਹਿੱਸਾ ਈ ਬਣ ਗਈ। ਮੈਨੂੰ ਨੀਂ ਲੱਗਦੈ ਮੇਰੀ ਕੁੱਖੋਂ ਜੰਮੀ ਵੀ ਏਨਾ ਨਿਭਦੀ ਜਿੰਨਾ ਉਹ ਨਿਭੀ। ਮੋਰਚੇ ਤੋਂ ਤੁਰਨ ਲੱਗਿਆਂ ਬੁੱਕ-ਬੁੱਕ ਰੋਈ ਸੀ!
ਤੇ ਇਉਂ ਗੱਲਾਂ ਕਰਦੀ ਬੇਬੇ ਆਪਣੀ ਚੁੰਨੀ ਨਾਲ਼ ਹੰਝੂ ਪੂੰਝ ਛੱਡਦੀ ਏ!
*
(ਬਲਜੀਤ ਖ਼ਾਨ ਸਪੁੱਤਰ ਮਾਂ ਬਸ਼ੀਰਾਂ। ਪੰਜ ਦਸੰਬਰ, ਵੀਹ ਸੌ ਇੱਕੀ)

***
531
***
balji_khan

Smalsar, Moga, Punjab, India

ਬਲਜੀਤ ਖਾਨ, ਮੋਗਾ

Smalsar, Moga, Punjab, India

View all posts by ਬਲਜੀਤ ਖਾਨ, ਮੋਗਾ →