22 July 2024

ਪੰਜ ਕਵਿਤਾਵਾਂ—ਲਖਵਿੰਦਰ ਸਿੰਘ ਲੱਖਾ ਸਲੇਮਪੁਰੀ

1. ਲੁੱਟਿਆ ਗਿਆ ਪੰਜਾਬ

 

 

 

 

 

 

ਮੇਰਾ ਲੁੱਟਿਆ ਗਿਆ ਪੰਜਾਬ, ਹਾਏ ਮੈਂ ਕੀ ਕਰਾਂ
ਹੋਈ ਹਾਲਤ ਬਹੁਤ ਖ਼ਰਾਬ, ਹਾਏ ਮੈਂ ਕੀ ਕਰਾਂ

ਇਹਨੂੰ ਰਲ-ਮਿਲ ਲੀਡਰਾਂ ਲੁੱਟਿਆ, ਰਾਖੇ ਬਣ ਲੋਕੋ
ਨਾ ਗਰੀਬ ਦੀ ਜੁਰਅੱਤ ਜਨਾਬ, ਹਾਏ ਮੈਂ ਕੀ ਕਰਾਂ

ਇਹਦੇ ਨਾਲ ਗ਼ਦਾਰੀ, ਸ਼ਾਹੂਕਾਰ ਹੀ ਕਰਦਾ ਏ
ਧਨ ਜਿਸ ਕੋਲ ਬੇ-ਹਿਸਾਬ, ਹਾਏ ਮੈਂ ਕੀ ਕਰਾਂ

ਇੱਥੇ ਭੁੱਖੇ ਸੌਂਦੇ ਲੋਕੀਂ, ਅੱਜ ਵੀ ਸੜਕਾਂ ਤੇ
ਤੇ ਮੰਤਰੀ ਖਾਣ ਕਬਾਬ, ਹਾਏ ਮੈਂ ਕੀ ਕਰਾਂ

ਏਥੇ ਪੜ੍ਹਨ ਵਾਲੀਆਂ ਮਹਿੰਗੀਆਂ ਬਹੁਤ ਕਿਤਾਬਾਂ ਨੇ
ਪਰ ਸਸਤੀ ਬਹੁਤ ਸ਼ਰਾਬ, ਹਾਏ ਮੈਂ ਕੀ ਕਰਾਂ

ਇਹ ਲੀਡਰ ਵੋਟਾਂ ਵੇਲੇ ਜੁਮਲੇ ਛੱਡਦੇ ਨੇ
ਸਭ ਝੂਠੇ ਲਾ-ਜਵਾਬ, ਹਾਏ ਮੈਂ ਕੀ ਕਰਾਂ

ਲੈ ਵੋਟਾਂ ਭੋਲੇ ਲੋਕਾਂ ਤੋਂ, ਫਿਰ ਪੁੱਛਦੇ ਨਹੀਂ
ਕੁਰਸੀ ਤੇ ਬੈਠ ਨਵਾਬ, ਹਾਏ ਮੈਂ ਕੀ ਕਰਾਂ

ਤੱਕ ਹਾਲਤ ਅੱਜ ਪੰਜਾਬ ਦੀ ਰੁਲਦੀ ਸਲੇਮਪੁਰੀ
“ਲੱਖਾ” ਚਿੱਤ ਕਰੇ ਖ਼ਰਾਬ, ਹਾਏ ਮੈਂ ਕੀ ਕਰਾਂ
**
2. ਚੰਗਾ ਹੁੰਦਾ ਨਹੀਂ

ਖ਼ੁਦੀ ਦਾ ਖੁਦਾਇ ਨਾਲ ਵੈਰ ਚੰਗਾ ਹੁੰਦਾ ਨਹੀਂ
ਸਕਿਆਂ ਭਰਾਵਾਂ ਨਾਲੋਂ ਗੈਰ ਚੰਗਾ ਹੁੰਦਾ ਨਹੀਂ

ਨੂੰਹਾਂ, ਧੀਆਂ, ਭੈਣਾਂ ਤਾਈਂ ਰੱਜ ਸਤਿਕਾਰ ਦੇਵੋ
ਔਰਤਾਂ ਦੇ ਉੱਤੇ ਢਾਉਣਾ ਕਹਿਰ ਚੰਗਾ ਹੁੰਦਾ ਨਹੀਂ

ਮਾਂ-ਪਿਉ ਦੀ ਸੇਵਾ ਕਰੋ ਕਹਿਣੇ ਚ’ ਰਹਿਕੇ ਸਦਾ
ਵੱਡਿਆਂ ਦੇ ਅੱਗੇ ਡਾਹੁਣਾ ਪੈਰ ਚੰਗਾ ਹੁੰਦਾ ਨਹੀਂ

ਰੱਖ ਕੇ ਦੁਨਾਲੀ ਮੋਢੇ ਮੂਰਖਾਂ ਦੇ ਪਿੱਛੇ ਲੱਗ
ਮਾਰ ਦੇਣਾ ਫ਼ੋਕਾ ਐਵੇਂ ਫ਼ਾਇਰ ਚੰਗਾ ਹੁੰਦਾ ਨਹੀਂ

ਰੱਖਿਆ ਲਈ ਦੇਸ਼ ਦੀ ਜੇ ਕੁਰਸੀ ਆ ਜਾਵੇ ਹੱਥ
ਬਣ ਜਾਣਾ ਨੀਚ ਅਡਵਾਇਰ ਚੰਗਾ ਹੁੰਦਾ ਨਹੀਂ

ਸਾਧੂਆਂ ਭੁਲੇਖੇ ਕਿਸੇ ਢੌਂਗੀ ਘਰ ਆਏ ਤਾਈਂ
ਬਿਨਾ ਸੋਚੇ ਪਾ ਦੇਣੀ ਖ਼ੈਰ ਚੰਗਾ ਹੁੰਦਾ ਨਹੀਂ

ਫ਼ਾਇਦੇ ਆਪਣੇ ਦੇ ਲਈ ਗੁਆਂਢੀਆਂ ਦੇ ਬੂਹੇ ਅੱਗੇ
ਪੁੱਟ ਦੇਣੀ ਖਾਈ ਜਾਂ ਕੋਈ ਨਹਿਰ ਚੰਗਾ ਹੁੰਦਾ ਨਹੀਂ

ਪਿੰਡਾਂ ਦੇ ਸੁਹਾਵਣੇ, ਸਕੂਨ ਦੇ ਮਹੌਲ ਨਾਲੋਂ
ਲੱਖੇ ਸਲੇਮਪੁਰੀ ਕਦੇ ਸ਼ਹਿਰ ਚੰਗਾ ਹੁੰਦਾ ਨਹੀਂ
**
3. ਲਿ਼ਖਤਾਂ ਮੇਰੀ ਕਲਮ ਦੀਆਂ

ਲਿ਼ਖਤਾਂ ਮੇਰੀ ਕਲਮ ਦੀਆਂ ਅੱਜ, ਅੰਬਰੀਂ ਉੱਡਦੀਆਂ ਤੱਕਾਂ ਮੈਂ
ਸੋਚ ਰਿਹਾ ਹਾਂ ਕਿੰਜ ਉਹ ਦੀਆਂ, ਰਹਿਮਤਾਂ ਸਾਂਭ ਕੇ ਰੱਖਾਂ ਮੈਂ

ਉਸਤਤਿ ਲਿਖਕੇ ਗੁਰ-ਪੀਰਾਂ ਦੀ, ਮਾਣ ਬਹੁਤ ਹੀ ਮਿਲਿਆ ਏ
ਮਾਂ ਬੋਲੀ ਦੀ ਮਹਿਮਾਂ ਕਰ ਕਰ, ਫਰਜ਼ ਤੋਂ ਕਦੇ ਨਾ ਨੱਸਾਂ ਮੈਂ

ਮੈਂ ਤੇ ਹਰ ਪਲ ਇਹ ਈ ਚਾਹੁੰਦਾ, ਦਰਦ ਵੰਡਾਕੇ ਦੁਖੀਆਂ ਦਾ
ਸੜਦੇ ਬਲਦੇ ਨਰਕਾਂ ਵਿੱਚ ਨਹੀਂ, ਸਵਰਗਾਂ ਦੇ ਵਿੱਚ ਵੱਸਾਂ ਮੈਂ

ਦੇਸ਼- ਕੌਮ ਲਈ ਮਿੱਟ ਜਾਵਾਂ ਮੈਂ, ਆਪਣਾ ਤਨ- ਮਨ ਲੇਖੇ ਲਾ
ਹੋ ਰਹੇ ਪਾਪ-ਗੁਨਾਹ ਜੋ ਜੱਗ ਤੇ, ਨਾਲ ਨਿੱਡਰਤਾ ਡੱਕਾਂ ਮੈਂ

ਖ਼ੁਦ ਹੀ ਆਪਣੇ ਪਰਦੇ ਫੋਲਾਂ, ਕੀਤੀਆਂ ਜੋ ਬੁਰਿਆਈਆਂ ਨੇ
ਲੇਕਿਨ ਸਭ ਦੀਆਂ ਧੀ-ਭੈਣਾਂ ਦੇ, ਹਰ ਪਲ ਪਰਦੇ ਢੱਕਾਂ ਮੈੰ

ਜੇ ਅੱਜ ਸੱਚ ਦੇ ਰਾਹੇ ਤੁਰਿਆ, ਫਿਰ ਹੀ ਮੰਜ਼ਿਲ ਨੇੜ ਹੋਈ
ਪਾਪ ਗੁਨਾਹ ਤੋਂ ਨੇਕੀ ਚੰਗੀ, ਸਭ ਨੂੰ ਇਹੀ ਗੱਲ ਦੱਸਾਂ ਮੈਂ

ਆਪਣੇ ਹੀ ਫਾਇਦੇ ਦੀ ਖਾਤਿਰ, ਧਨ-ਦੌਲਤ ਲੁੱਟ ਲੋਕਾਂ ਦਾ
ਦੁੱਖੀ ਗਰੀਬ ਤੇ ਮਜ਼ਲੂਮਾਂ ਤੇ, ਰੋਹਬ ਕਦੇ ਵੀ ਨਾ ਕੱਸਾਂ ਮੈਂ

ਅਣਜਾਣੇ ਹੋਈਆਂ ਭੁੱਲਾਂ ਤੋਂ, ਤੋਬਾਂ ਜਦ ਦੀ ਮੈਂ ਕਰ ਲਈ
ਸਲੇਮਪੁਰੀ “ਲੱਖਾ” ਸੱਚ ਕਹਿੰਦਾ, ਖੁਸ਼ੀਆਂ ਦੇ ਵਿੱਚ ਵੱਸਾਂ ਮੈਂ
**
4. ਬੂਟਾ ਪੰਜਾਬੀ ਦਾ

ਉੱਗਿਆ ਬੂਟਾ ਪੰਜਾਬੀ ਦਾ, ਇਹਨੂੰ ਪੈ ਗਿਆ ਐਸਾ ਬੂਰ ਨੀ ਮਾਏ
ਇਹ ਘਰ-2 ਅੰਦਰ ਚਮਕ ਗਿਆ, ਨਾ ਰਿਹਾ ਵਿਸ਼ਵ ਤੋਂ ਦੂਰ ਨੀ ਮਾਏ

ਇਹਨੂੰ ਬੀਜਿਆ ਬਾਬੇ ਨਾਨਕ ਨੇ, ਤੇ ਸਿੰਜਿਆ ਭਗਤ-ਫ਼ਕੀਰਾਂ ਨੇ
ਰਵਿਦਾਸ, ਕਬੀਰ, ਫ਼ਰੀਦ ਨੇ, ਇਹਨੂੰ ਚਾੜ੍ਹਿਆ ਬਹੁਤ ਸਰੂਰ ਨੀ ਮਾਏ

ਨਾਮਦੇਵ, ਬੇਣੀ ਤੇ ਗੁਰੂ ਪੀਰ, ਹੈ ਰਾਖੀ ਇਸਦੀ ਕਰਦੇ ਰਹੇ
ਜਿਸ ਕਾਰਨ ਅੱਜ ਇਹ ਵੱਧ-ਫੁੱਲਕੇ, ਹੋਇਆ ਜੱਗਤੇ ਮਸ਼ਹੂਰ ਨੀ ਮਾਏ

ਇਹਦੀ ਹੋਂਦ ਨੂੰ ਕਾਇਮ ਰੱਖਣ ਲਈ, ਨਜ਼ਮੀ ਤੇ ਪਾਤਰ ਸ਼ਾਇਰ ਵੀ
ਲਹਿੰਦੇ-ਚੜਦੇ ਪੰਜਾਬ ਅੰਦਰ, ਸਹਿਯੋਗ ਕਰਨ ਭਰਪੂਰ ਨੀ ਮਾਏ

ਇਹਨੂੰ ਅੰਬਰੀਂ ਚਾੜ੍ਹਿਆ ਕਵੀਆਂ ਨੇ, ਤੇ ਗਾਇਕਾਂ ਸ਼ੌਹਰਤ ਦਿੱਤੀ ਏ
ਇਹ ਵਿਸ਼ਵ ਕਰੇ ਪੰਜਾਬੀ ਤੇ, ਤਦ ਹੀ ਰੱਜ ਰੱਜ ਗਰੂਰ ਨੀ ਮਾਏ

ਪੰਜਾਬੀ ਬੋਲੀ ਮਾਂ ਸਾਡੀ, ਇਹ ਜੁੱਗ ਜੁੱਗ ਵੱਸਦੀ ਰਹੇ ਸਦਾ
ਮੈਂ ਚਾਹੁੰਦਾ ਲੋਕੀਂ ਦੁਨੀਆਂ ਦੇ, ਇਹਨੂੰ ਰੱਖਣ ਯਾਦ ਜਰੂਰ ਨੀ ਮਾਏ

ਉੱਗ ਲਹਿੰਦੇ-ਚੜਦੇ ਪੰਜਾਬੇ, ਇਹਦੀ ਜੜ੍ਹ ਦੁਨੀਆਂ ਤੇ ਫੈਲ ਗਈ
ਸਲੇਮਪੁਰੀਏ “ਲੱਖੇ” ਵਰਗੇ ਵੀ, ਇਹਨੂੰ ਕਰਨ ਪਏ ਨੂਰੋ ਨੂਰ ਨੀ ਮਾਏ
**

5. ਵਿਛੋੜਾ

ਜਦੋਂ ਦੇ ਉਹ ਸਾਡੇ ਨਾਲੋਂ ਵੱਖ ਹੋ ਗਏ
ਗਲੀਆਂ ਦੇ ਯਾਰੋ ਅਸੀਂ ਕੱਖ ਹੋ ਗਏ

ਪੈ ਗਿਆ ਵਿਛੋੜਾ ਸ਼ਾਇਦ ਉਮਰਾਂ ਲਈ
ਵੱਡੇ ਜਦੋਂ ਉਹਨਾਂ ਦੇ ਸੀ ਨੱਕ ਹੋ ਗਏ

ਡੁੱਲ ਗਿਆ ਨੈਣਾਂ ਵਿੱਚੋਂ ਘੜਾ ਪਾਣੀ ਦਾ
ਤਾਹੀਂ ਹੰਝੂ ਅੱਖੀਆਂ ਚੋਂ ਡੱਕ ਹੋ ਗਏ

ਪੀਂਘ ਉਹ ਪਿਆਰ ਵਾਲੀ ਟੁੱਟੀ ਚੜਕੇ
ਜਦੋਂ ਇੱਕ ਦੂਸਰੇ ਤੇ ਸ਼ੱਕ ਹੋ ਗਏ

ਦਿਲ ਵਿੱਚ ਸਾਡੇ ਤਾਂ ਪਿਆਰ ਅੱਜ ਵੀ
ਲੇਕਿਨ ਉਹ ਹੁੰਦੇ ਹੁੰਦੇ ਵੱਖ ਹੋ ਗਏ

ਉਮਰਾਂ ਦੇ ਵਾਅਦੇ ਕਰ ਦਿਲ ਤੋੜ ਗਏ
ਰਾਹਵਾਂ ਵੇਖ ਵੇਖ ਅਸੀਂ ਥੱਕ ਹੋ ਗਏ

ਹਾਸੇ ਖੇੜੇ ਜਿੱਥੇ ਸਦਾ ਵੱਸਦੇ ਰਹੇ
ਉਸ ਦਿਲ ਵਿੱਚ ਦੁੱਖ ਰੱਖ ਹੋ ਗਏ

“ਲੱਖੇ” ਸਲੇਮਪੁਰੀ ਦੇ ਕਸੂਰ ਕਾਰਨੇ
ਤਾਹੀਂ ਦੋਵੇਂ ਧਿਰ ਹੀ ਬੇਵੱਸ ਹੋ ਗਏ
***

***
545
***

ਲਖਵਿੰਦਰ ਸਿੰਘ ਲੱਖਾ ਸਲੇਮਪੁਰੀ

View all posts by ਲਖਵਿੰਦਰ ਸਿੰਘ ਲੱਖਾ ਸਲੇਮਪੁਰੀ →