27 April 2024

ਲੋਹੜੀ—-ਲਖਵਿੰਦਰ ਸਿੰਘ ਲੱਖਾ ਸਲੇਮਪੁਰੀ

ਲੋਹੜੀ ਨੀ ਮਾਏ ਦੇ ਦੇ ਲੋਹੜੀ ਨੀ ਭੈਣੇ
ਮੁੰਗਫ਼ਲੀ ਤੇ ਗੁੜ ਦੀ ਰਿਓੜੀ ਨੀ ਭੈਣੇ

ਸੁੱਖ  ਮਾਣੇ  ਪੁੱਤਰ ਤੇ ਵੀਰਾ  ਨੀ ਤੇਰਾ
ਹੱਸਦੀ ਰਹੇ ਆਂਗਨ ਦੀ ਜੋੜੀ ਨੀ ਭੈਣੇ

ਭਰ – ਭਰਕੇ ਬੁੱਕਾਂ ਤੂੰ ਸਭਨਾਂ ਨੂੰ ਵੰਡੀ
ਸੋਚ ਨਾ  ਰੱਖੀਂ ਅੱਜ  ਸਉੜੀ ਨੀ ਭੈਣੇ

ਭਾਵੇਂ ਕੋਈ ਦੁਸ਼ਮਣ ਅੱਜ ਬੂਹੇ ਤੇ ਆਵੇ
ਪਾਵੀਂ ਨਾ  ਮੱਥੇ ਤੇ  ਤਿਓੜੀ ਨੀ ਭੈਣੇ

ਚੜ ਕੋਠੇ  ਵੰਡ ਲੋਹੜੀ  ਦੇ ਦੇਕੇ ਹੋਕੇ
ਲਾ ਕੇ ਮੁਹੱਬਤਾਂ ਦੀ ਪਉੜੀ ਨੀ ਭੈਣੇ

ਧੀ ਤੇ ਪੁੱਤਰ ਦੀਆਂ ਦਾਤਾਂ ਅਣਮੁੱਲੀਆਂ
ਲੱਭਣ ਨਾ  ਲੱਖੀਂ – ਕਰੋੜੀਂ  ਨੀ ਭੈਣੇ

ਰੱਬ ਦੀਆਂ ਦਾਤਾਂ ਦਾ  ਸ਼ੁਕਰਾਨਾ ਕਰਲੈ
ਹੱਥ ਜਿਸਦੇ ਸਭਨਾਂ ਦੀ  ਡੋਰੀ ਨੀ ਭੈਣੇ

ਜਿਤਨਾਂ ਵੰਡੇਗੀ, ਉਤਨਾ  ਵੱਧਦਾ ਜਾਸੀਂ
“ਲੱਖਾ” ਕਹੇ ਆਉਂਦੀ ਨਾ ਥੋੜੀ ਨੀ ਭੈਣੇ

‘ਸਲੇਮਪੁਰੀ’ ਗੱਲ ਹੈ ਕਰੋੜਾਂ ਦੀ ਕਹਿੰਦਾ
ਨਾ ਸਮਝੀਂ ਤੂੰ ਬਿਲਕੁਲ ਬੇਲੋੜੀ ਨੀ ਭੈਣੇ

ਲੋਹੜੀ ਨੀ ਮਾਏ ਦੇ ਦੇ ਲੋਹੜੀ ਨੀ ਭੈਣੇ
ਮੂੰਗਫ਼ਲੀ ਤੇ ਗੁੜ ਦੀ ਰਿਓੜੀ ਨੀ ਭੈਣੇ
**
ਲਖਵਿੰਦਰ ਸਿੰਘ ਲੱਖਾ ਸਲੇਮਪੁਰੀ
ਕੰਟੈਕਟ: +44 7438398345

***
576
***

About the author

ਲਖਵਿੰਦਰ ਸਿੰਘ ਲੱਖਾ ਸਲੇਮਪੁਰੀ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਲਖਵਿੰਦਰ ਸਿੰਘ ਲੱਖਾ ਸਲੇਮਪੁਰੀ

View all posts by ਲਖਵਿੰਦਰ ਸਿੰਘ ਲੱਖਾ ਸਲੇਮਪੁਰੀ →