6 December 2024
ਸੁਰਿੰਦਰ ਗਿਤ

ਬਦਲਦੇ ਰਿਸ਼ਤੇ—ਸੁਰਿੰਦਰ ਗੀਤ

ਚਾਰ ਸਾਲ ਹੋ ਗਏ ਸਨ ਬਿੱਕਰ ਸਿੰਘ ਦੀ ਪਤੱਨੀ  ਕਰਤਾਰੋ ਨੂੰ ਇਸ ਸੰਸਾਰ ਤੋਂ ਗਿਆਂ। ਉਹਦੇ ਨਾਲ ਹੀ ਬਿੱਕਰ ਸਿੰਘ ਦੇ ਘਰ ਦੀ ਰੌਣਕ ਚਲੀ ਗਈ।

ਕੈਂਸਰ ਦੀ ਨਾ ਮੁਰਾਦ ਬੀਮਾਰੀ ਕੀ ਆਈ, ਕਰਤਾਰੋ ਨੂੰ ਆਪਣੇ ਨਾਲ ਹੀ ਲੈ ਗਈ। ਘਰ ਖਾਲੀ ਹੋ ਗਿਆ। ਕਈ ਹਾੜੀਆਂ ਸਾਉਣੀਆਂ ਇਸ ਚੰਦਰੇ ਰੋਗ ਦੇ ਲੇਖੇ ਲੱਗ ਗਈਆਂ। ਮਹਿੰਗੇ ਤੋਂ ਮਹਿੰਗਾ ਇਲਾਜ ਵੀ ਕਰਤਾਰ ਕੌਰ ਨੂੰ ਬਚਾ ਨਾ ਸਕਿਆ। ਆਮ ਕਿਹਾ ਜਾਂਦਾ ਹੈ ਇਹ ਰੋਗ ਜਿਸ ਘਰ ਵਿੱਚ ਪੈਰ ਪਾ ਲੈਂਦਾ ਹੈ, ਘਰ ਦੇ ਜੀਅ ਦੇ ਨਾਲ ਨਾਲ ਘਰ ਦਾ ਪੈਸਾ ਧੇਲਾ ਵੀ ਆਪਣੇ ਨਾਲ ਹੂੰਝ ਕੇ ਲੈ ਜਾਂਦਾ ਹੈ। ਬਿੱਕਰ ਸਿੰਘ ਦੇ ਘਰ ਤੇ ਕਰਤਾਰ ਕੌਰ ਦੀ ਬੀਮਾਰੀ ਦੀ ਮਾਰ ਤਾਂ ਪਈ ਪਰ ਚੰਗੀ ਮੋਟੀ ਢੇਰੀ ਹੋਣ ਕਰਕੇ ਲੋਕਾਂ ‘ਚ ਦੱਬ ਦੱਬਾ ਬਣਿਆ ਰਿਹਾ। ਬਹੁਤ ਘੱਟ ਲੋਕਾਂ ਨੂੰ ਉਹਨਾਂ ਦੀ ਅੰਦਰੂਨੀ ਹਾਲਤ ਦਾ ਪਤਾ ਸੀ। ਜੱਟ ਦੇ ਜੱਦੀ ਦੇ ਪੰਦਰਾਂ ਵੀਹ ਕਿਲੇ, ਕਿਵੇਂ ਉਸਨੂੰ ਲੋਕਾਂ ਵਿੱਚ ਸਿਰ ਨੀਵਾਂ ਕਰਕੇ ਤੁਰਨ ਦਿੰਦੇ !

ਚਲੋ ਇਹ ਵੀ ਚੰਗਾ ਹੋਇਆ ਕਿ ਕਰਤਾਰ ਕੌਰ ਦੇ ਜਿਊਂਦੇ ਜੀਅ ਉਹਨਾਂ ਦੀ ਬੇਟੀ ਹਰਪਾਲ ਨੂੰ ਕੈਨੇਡਾ ਵਾਲਾ ਮੁੰਡਾ ਮਿਲ ਗਿਆ। ਕੁੜੀ ਭਾਵੇਂ ਜਿਆਦਾ ਪੜ੍ਹੀ ਲਿਖੀ ਤਾਂ ਨਹੀਂ ਸੀ ਪਰ ਸੋਹਣੀ ਬਥੇਰੀ ਸੀ। ਦਸ ਪੜ੍ਹ ਕੇ ਘਰ ਬੈਠ ਗਈ ਸੀ। ਕੱਦ ਕਾਠ ਦੀ ਉੱਚੀ ਲੰਬੀ ਤੇ ਆਪਣੀ ਮਾਂ ਕਰਤਾਰ ਕੌਰ ਵਰਗੇ ਤਿੱਖੇ ਨੈਣ ਨਕਸ਼ਾਂ ਨੇ ਕੇਨੇਡਾ ਤੋਂ ਵਿਆਹ ਕਰਵਾਉਣ ਆਏ ਰਵਿੰਦਰ ਨੂੰ ਅਜੇਹਾ ਮੋਹਿਆ ਕਿ ਉਸਨੇ ਦੇਖਣ ਸਾਰ ਹੀ ਹਾਂ ਕਰ ਦਿੱਤੀ। ਰਵਿੰਦਰ ਅਗਾਂਹ-ਵਧੂ ਖਿਆਲਾਂ ਦਾ ਧਾਰਨੀ ਨਹੀਂ ਸੀ। ਉਸਨੇ ਦਾਜ ਦਹੇਜ ਦੀ ਗੱਲ ਗੋਲ ਮੋਲ ਕਰਕੇ ਦੱਸ ਦਿੱਤੀ ਕਿ ਉਹ ਵਿਆਹ ਤੇ ਪੂਰਾ ਮਾਲ ਮੱਤਾ ਮੰਗਦਾ ਹੈ ਤੇ ਕਿਸੇ ਮਹਿੰਗੇ ਮੈਰਿਜ਼ ਪੈਲੇਸ ਵਿੱਚ ਵਿਆਹ ਕਰਵਾਉਣ ਦਾ ਚਾਹਵਾਨ ਹੈ। 

ਸੋ ਬਿਨਾਂ ਲੰਬੀ ਚੌੜੀ ਸੋਚ ਦੇ ਬਿੱਕਰ ਸਿੰਘ ਨੇ ਜ਼ਮੀਨ ਦੇ ਨੰਬਰ ਦੇ ਕੇ ਬੈਂਕ ਤੋਂ ਵੱਡੀ ਸਾਰੀ ਰਕਮ ਚੁੱਕ ਲਈ। ਬਿੱਕਰ ਸਿੰਘ ਦੇ ਨੱਕ ਦਾ ਸਵਾਲ ਸੀ । ਜੱਟ ਦੇ ਪੰਦਰਾਂ ਕਿਲੇ ਹੋਣ ਤੇ ਉਹ ਧੀ ਦਾ ਵਿਆਹ ਸਾਦਾ ਜਿਹਾ ਕਰ ਦੇਵੇ….ਇਹ ਕਿਵੇਂ ਹੋ ਸਕਦਾ ਸੀ! ਲੋਕ ਕੀ ਕਹਿਣਗੇ। ਜੱਟ ਨੇ ਧੀ ਦੇ ਵਿਆਹ ਤੇ ਝੱਗਾ ਚੁੱਕ ਦਿੱਤਾ….ਖਾਲੀ ਤੋਰ ਦਿੱਤੀ ਕੁੜੀ! ਕਿਸੇ ਵੀ ਕੀਮਤ ਤੇ ਬਿੱਕਰ ਸਿੰਘ ਨੂੰ ਇਹ ਮਨਜ਼ੂਰ ਨਹੀਂ ਸੀ।

ਗਹਿਣਿਆਂ ਨਾਲ ਲੱਦੀ ਹਰਪਾਲ ਆਪਣੇ ਪਿਤਾ ਵਲੋਂ ਦਿੱਤੀ ਔਡੀ ਕਾਰ ਵਿੱਚ ਬਹਿਕੇ ਸਹੁਰੇ ਚੱਲੀ ਗਈ। ਸੋ ਬਿੱਕਰ ਸਿੰਘ ਨੇ ਵਿਆਹ ਤੇ ਮਣਾਂ ਮੂੰਹ ਖਰਚ ਕਰਕੇ ਸ਼ਰੀਕੇ ਕਬੀਲੇ ਵਿੱਚ ਆਪਣਾ ਨੱਕ ਤਾਂ ਬਚਾ ਲਿਆ ਪਰ ਆਰਥਿਕ ਭਾਰ ਹੇਠ ਆ ਗਿਆ। ਨਰਮੇ ਨੂੰ ਪਈ ਸੁੰਡੀ ਨੇ ਤਾਂ ਉਸ ਸਾਲ ਕਿਸਾਨਾਂ ਦਾ ਉਹ ਬੁਰਾ ਹਾਲ ਕੀਤਾ ਕਿ ਰਹੇ ਰੱਬ ਦਾ ਨਾਂ। ਨਕਲੀ ਦਿਵਾਈਆਂ ਨੇ ਹਰ ਕਿਸਾਨ ਦਾ ਲੱਕ ਤੋੜ ਕੇ ਰੱਖ ਦਿੱਤਾ। ਇਕ ਵਾਰ ਜਿਮੀਂਦਾਰ ਕਰਜ਼ੇ ਦੀ ਮਾਰ ਹੇਠ ਆ ਜਾਵੇ ਤਾਂ ਛੇਤੀ ਛੇਤੀ ਠੀਕ ਹੋਣਾ ਮੁਸ਼ਕਿਲ ਹੋ ਜਾਂਦਾ ਹੈ। ਏਹੀ ਕੁਝ ਬਿੱਕਰ ਸਿੰਘ ਨਾਲ ਵਾਪਰਿਆ ।  

ਪਰ ਬਿੱਕਰ ਸਿੰਘ ਦਾ ਪਰਿਵਾਰ ਇਸ ਗਲੋਂ ਬਹੁਤ ਖੁਸ਼ ਸੀ ਕਿ ਕਰਤਾਰ ਕੌਰ ਦੇ ਜਿਊਂਦੇ ਜੀਅ ਧੀ ਦਾ ਭਾਰ ਸਿਰ ਤੋਂ ਲਹਿ ਗਿਆ ਹੈ। ਬਿੱਕਰ ਸਿੰਘ ਦੇ ਪੁੱਤਰ ਜ਼ਿੰਦਰ ਤੇ ਉਸਦੀ ਵਹੁਟੀ ਗੁਰਮੇਲ ਨੂੰ ਤਾਂ ਆਪਣੀ ਮਾਂ ਕਰਤਾਰ ਕੌਰ ਦੀ ਸਿਹਤ ਨਾਲੋਂ ਹਰਪਾਲ ਦੇ ਵਿਆਹ ਦੀ ਚਿੰਤਾ ਜਿਆਦਾ ਸੀ ਕਿ ਪਤਾ ਨੀ ਕਿਨਾ ਕੁ ਪੈਸਾ ਉਸਦੇ ਵਿਆਹ ਤੇ ਫੂਕਣਾ ਪੈਣਾ ਹੈ। ਪੈਸਾ ਭਾਵੇਂ ਬਹੁਤ ਲੱਗ ਗਿਆ ਪਰ ਉਹਨਾਂ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਉਹਨਾਂ ਦੇ ਸਿਰੋਂ ਭਾਰ ਲਹਿ ਗਿਆ। ਗੁਰਮੇਲ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਕੈਨੇਡਾ ਜਾ ਕੇ ਉਸਦੀ ਨਨਾਣ ਉਸਨੂੰ ਚਮਕੀਲੇ ਚਮਕੀਲੇ ਸੂਟ ਤੇ ਹੋਰ ਨਿੱਕ ਸੁੱਕ ਭੇਜਦੀ ਰਹੇਗੀ ਅਤੇ ਉਹ ਵੀ ਸੱਜ ਧੱਜ ਕੇ ਰਿਹਾ ਕਰੇਗੀ। ਉਸਦੇ ਨਿਆਣੇ ਵੀ ਭੂਆ ਦੇ ਭੇਜੇ ਕਪੜੇ ਪਾ ਕੇ ਬਾਹਰ ਨਿਕਲਿਆ ਕਰਨਗੇ। ਗੁਰਮੇਲ ਨੂੰ ਮਨ ਹੀ ਮਨ ਬਹੁਤ ਤਸੱਲੀ ਸੀ। ਸਭ ਤੋਂ ਵੱਧ ਖੁਸ਼ੀ ਇਸ ਗੱਲ ਦੀ ਸੀ ਕਿ ਜੇਕਰ ਹਰਪਾਲ ਦਾ ਵਿਆਹ ਏਥੇ ਪੰਜਾਬ ਵਿੱਚ ਹੁੰਦਾ ਤਾਂ ਸਾਰੀ ਉਮਰ ਉਸਨੂੰ ਦੇਣਾ  ਪੈਣਾ ਸੀ। ਹੁਣ ਇਕ ਵਾਰ ਖਰਚ ਹੋ ਗਿਆ ਤੇ ਬਾਕੀ ਦੀ ਸਾਰੀ ਉਮਰ ਮੌਜ਼ਾਂ ਹੀ ਮੌਜ਼ਾਂ।

ਅੱਠ ਦੱਸ ਮਹੀਨਿਆਂ ਵਿੱਚ ਹਰਪਾਲ ਦਾ ਕੰਮ ਬਣ ਗਿਆ ਤੇ ਉਹ ਕੈਨੇਡਾ ਚਲੀ ਗਈ। ਭਾਵੇਂ ਹਰਪਾਲ ਨੂੰ ਪਤਾ ਸੀ ਕਿ ਮਾਂ ਨੇ ਹੁਣ ਬਹੁਤੀ ਦੇਰ ਨਹੀਂ ਰਹਿਣਾ ਪਰ ਫਿਰ ਵੀ ਮਾਂ ਦੇ ਗੱਲ ਲੱਗ ਕੇ ਕਹਿਣ ਲੱਗੀ, “ ਮਾਂ, ਤੁੰ ਠੀਕ ਹੋ ਜਾਣਾ ਹੈ। ਮੈਂ ਛੇਤੀ ਹੀ ਮਿਲਣ ਆਵਾਂਗੀ। ਮੇਰੀ ਫਿਕਰ ਨਾ ਕਰੀਂ। “

ਕਰਤਾਰ ਕੌਰ ਨੂੰ ਪਤਾ ਸੀ ਕਿ ਇਹ ਉਸਦੀ ਆਖਰੀ ਮਿਲਣੀ ਹੈ ਪਰ ਫਿਰ ਵੀ ਉਸਨੇ ਧੀ ਦਾ ਮੱਥਾ ਚੁੰਮਦੇ ਚੁੰਮਦੇ ਆਖ ਹੀ ਦਿੱਤਾ, “ ਪੁੱਤ ਸਿਆਣੇ ਬਣ ਕੇ ਰਹੀ ਦਾ ਬਿਗਾਨੇ ਘਰ। ਮੇਰੀ ਫਿਕਰ ਨਾ ਕਰੀਂ, ਰੱਬ  ਤੇ ਭਰੋਸਾ ਰੱਖ, ਮੈਂ ਠੀਕ ਹੋ ਜਾਵਾਂਗੀ। ਤੂੰ ਚਿੱਠੀ ਛੇਤੀ ਛੇਤੀ ਪਾਉਂਦੀ ਰਹੀਂ। “

ਇਹ ਆਖ ਕਰਤਾਰ ਕੌਰ ਦਾ ਮਨ ਭਰ ਆਇਆ ਪਰ ਉਸਨੇ ਆਪਣੇ ਹੰਝੂ ਅੰਦਰੋਂ ਅੰਦਰ ਹੀ ਪੀ ਲਏ ਤੇ ਜਿਹੜੇ ਛੁਪਾਏ ਨਾ ਗਏ ਉਹ ਚੁੰਨੀ ਦੇ ਲੜ ਨਾਲ ਪੂੰਝ ਲਏ।

ਹਰਪਾਲ ਆਪਣੇ ਬਾਪੂ ਦੇ ਗਲ ਲੱਗ ਬਹੁਤ ਰੋਈ। ਰੋਂਦੀ ਰੋਦੀਂ ਨੇ ਆਖ ਹੀ ਦਿੱਤਾ, “ ਬਾਪੂ ਮੈਨੂੰ ਪਤਾ ਹੈ ਘਰ ਦੀ ਹਾਲਤ ਦਾ। ਮੇਰੇ ਵਿਆਹ ਤੇ ਬਹੁਤ ਖਰਚ ਹੋ ਗਿਆ ਪਰ ਫਿਰ ਵੀ ਮਾਂ ਦੀ ਦਵਾ ਦਾਰੂ ਵਿੱਚ ਫਰਕ ਨਾ ਆਉਣ ਦੇਵੀਂ।“

ਤੇ ਫਿਰ ਉਹ  ਆਪਣੀ ਭਾਬੀ ਦੇ ਗੱਲ ਲੱਗ ਕੇ ਏਨਾ ਰੋਈ ਕਿ ਉਸਨੇ ਆਪਣੇ ਅੰਦਰ ਸਾਂਭਿਆ ਸਾਰਾ ਕੁਝ ਆਪਣੇ ਹੂੰਝਆਂ ਰਾਹੀਂ ਬਾਹਰ ਕੱਢ ਦਿੱਤਾ।

ਜ਼ਿੰਦਰ ਆਪਣੀ ਭੈਣ ਨੂੰ ਦਿੱਲੀ ਤੱਕ ਛੱਡਣ ਆਇਆ। 

ਬਿਕਰ ਸਿਉਂ ਨੂੰ ਭਾਵੇਂ ਧੀ ਦੇ ਕੈਨੇਡਾ ਜਾਣ ਦਾ ਚਾਅ ਸੀ ਪਰ ਸੀ ਤਾਂ ਉਸਦੇ ਦਿਲ ਦਾ ਟੋਟਾ। ਉਸਦੇ ਅੰਦਰ ਇਕ ਧੂਹ ਜੇਹੀ ਪਈ ਜਿਵੇਂ ਉਸਦੇ ਅੰਦਰੋਂ ਕੋਈ ਚੀਜ਼ ਨਿਕਲ ਗਈ ਹੋਵੇ ਤੇ ਉਸਦੇ ਅੰਦਰ ਇਕ ਖਲਾਅ ਜਿਹਾ ਬਣ ਗਿਆ ਹੋਵੇ। ਉਹ ਕਰਤਾਰ ਕੌਰ ਨੂੰ ਹੌਸਲਾ ਦਿੰਦਾ ਕਿ ਵੇਖ ਆਪਣੀ ਹਰਪਾਲ ਕੈਨੇਡਾ ਜਾਕੇ ਮੌਜ਼ਾਂ ਕਰੂੰ। ਜਿਹਦੀ ਧੀ ਸੁਖੀ ਉਸਦੀ ਕੁਲ ਸੁਖੀ। ਅੱਗੋਂ ਕਰਤਾਰ ਕੌਰ ਆਖਦੀ, “ ਉਹ ਤਾਂ ਠੀਕ ਹੈ ਪਰ ਉਹਦੇ ਬਿਨਾਂ ਤਾਂ ਜਾਣੀਂ ਘਰ ਹੀ ਸੁੰਨਾ ਹੋ ਗਿਆ। ਉਹ ਜਾਣੇ ਆਖਿਰ ਨੂੰ ਉਸਨੇ ਆਪਣੇ ਘਰ ਜਾਣਾ ਹੀ ਸੀ। ਰੱਬ ਰਾਜ਼ੀ ਰੱਖੇ ਉਸਨੂੰ ਅਤੇ ਉਸਦੇ ਸਿਰ ਦੇ ਸਾਂਈ ਨੂੰ।“ ਤੇ ਫਿਰ ਆਪਣੀ ਚੁੰਨੀ ਦੇ ਲੜ ਨਾਲ ਅੱਖਾਂ ਪੂੰਝਣ ਲੱਗ ਪੈਂਦੀ।

ਹਰਪਾਲ ਦੇ ਕੈਨੇਡਾ ਜਾਣ ਤੋਂ ਦੋ ਮਹੀਨੇ ਬਾਦ ਹੀ ਬੀਮਾਰੀ ਜੋਰ ਫੜ ਗਈ ਤੇ ਕਰਤਾਰ ਕੌਰ ਰੱਬ ਨੂੰ ਪਿਆਰੀ ਹੋ ਗਈ।

ਬਿੱਕਰ ਸਿੰਘ ਤੋਂ ਹੁਣ ਖੇਤੀ ਬਾੜੀ ਦਾ ਕੰਮ ਵੀ ਘੱਟ ਹੀ ਹੁੰਦਾ ਸੀ। ਗੋਡਿਆਂ ਦੀ ਪੀੜ ਨੇ ਉਸਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਹ ਮਾੜਾ ਮੋਟਾ ਖੇਤ ਗੇੜਾ ਮਾਰ ਆਉਂਦਾ ਜਾਂ ਜਵਾਕਾਂ ਨੂੰ ਖਡਾ ਛੱਡਦਾ। ਜੇਕਰ ਬਾਹਰ ਬੋਹੜ ਦੇ ਥੱਲੇ ਬੈਠੇ ਆਪਣੇ ਸਾਥੀਆਂ ਕੋਲ ਜਾ ਬੈਠਦਾ ਤਾਂ ਨੂੰਹ ਬੁੜ ਬੁੜ ਕਰਦੀ ਕਿ ਸਾਡਾ ਬੁੜਾ ਤਾਂ ਵਿਹਲੀਆਂ ਖਾਂਦਾ। ਲੋਕਾਂ ਦੇ ਬੁੜੇ ਬਥੇਰਾ ਕੰਮ ਕਰਦੇ ਨੇ, ਸਾਰਾ ਸਾਰਾ ਦਿਨ ਅੰਦਰ ਬਾਹਰ ਕੰਮ ਕਰਦੇ ਆ ਪਰ ਸਾਡਾ ਤਾਂ ਇਹ ਡੱਕਾ ਦੂਹਰਾ ਨੀ ਕਰਦਾ। ਅੱਖੇ ਗੋਡੇ ਦੁੱਖਦੇ ਆ! ਗੋਡੇ ਤਾਂ ਅੱਜਕਲ੍ਹ ਸਾਰਿਆਂ ਦੇ ਹੀ ਦੁੱਖਦੇ ਆ! ਖਾ ਲਿਆ ਪੀ ਲਿਆ, ਏਥੇ ਬਹਿ ਲਿਆ, ਓਥੇ ਬਹਿ ਲਿਆ। ਏਹਨੂੰ ਭੋਰਾ ਸੰਗ ਨੀ ਆਉਂਦੀ ਬਈ ਦੋਨੋਂ ਜੀਅ ਟੁੱਟ ਟੁੱਟ ਮਰਦੇ ਆ।  ਇਹ ਤਾਂ ਆਪਣੇ ਢਿੱਡ ਦਾ ਹੀ ਪਿਆਰਾ ਹੈ। ਖਾਣ ਪੀਣ ਨੂੰ ਚੰਗਾ ਭਾਲਦੈ। ਦਾਲ ‘ਚ ਦੋਨੋਂ ਵੇਲੇ ਘਿਉ ਭਾਲਦਾ ਆ। 

ਬਿੱਕਰ ਸਿਉਂ ਸਭ ਕੁਝ ਸੁਣੀ ਜਾਂਦਾ। ਕੰਨਾਂ ‘ਚ ਕੌੜਾ ਤੇਲ ਪਾ ਫਿਰਦਾ ਰਹਿੰਦਾ। ਉਸਦੀ ਨੂੰਹ ਗੁਰਮੇਲ ਕਿਹੜਾ ਲਕੋ ਛੁਪਾ ਕੇ ਆਖਦੀ ਸੀ, ਆਂਢਣਾਂ ਗਵਾਂਡਣਾਂ ਨਾਲ ਗੱਲ ਏਨਾ ਉੱਚੀ ਬੋਲ ਕੇ ਕਰਦੀ ਕਿ ਬਿੱਕਰ ਸਿਉਂ ਨੂੰ ਸੁਣ ਜਾਵੇ।

ਇਕ ਦਿਨ ਜਿੰਦਰ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਬਾਪੂ ਦੇ ਕੋਲ ਜਾ ਬੈਠਾ ਤੇ ਕਹਿਣ ਲੱਗਾ, “ ਬਾਪੂ ਏਥੇ ਵੀ ਤਾਂ ਤੂੰ ਵਿਹਲਾ ਰਹਿਨਾਂ, ਮੈਂ ਤੇ ਗੁਰਮੇਲ ਨੇ ਸੋਚਿਆ ਕਿ ਕਿਉਂ ਨਾ ਬਾਪੂ ਨੂੰ ਕੈਨੇਡਾ ਭੇਜ ਦੇਈਏ। ਸਾਫ ਸੁੱਥਰੇ ਦੇਸ਼ ‘ਚ ਮੌਜ਼ਾਂ ਕਰੂ। ਏਥੇ ਕੀ ਪਿਆ ਹੁਣ। ਨਾਲੇ ਕਹਿੰਦੇ ਆ ਓਥੇ ਬੁੜਿਆਂ ਨੂੰ ਪੈਨਸ਼ਨ ਲੱਗ ਜਾਂਦੀ ਆ। ਆ ਸਾਡੀ ਸਰਕਾਰ ਤਾਂ ਕੱਖ ਨੀ ਕਰਦੀ। ਭਾਵੇਂ ‘ਕਾਲੀ’ ਆ ਜਾਣ ਭਾਵੇਂ ਕਾਂਗਰਸੀਏ । ਆਪ ਹੀ ਖਾਈ ਜਾਂਦੇ ਆ।“

ਬਿੱਕਰ ਸਿੰਘ ਮੰਜ਼ੇ ਤੇ ਚੌਕੜੀ ਮਾਰ ਕੇ ਬੈਠ ਗਿਆ ਤਾਂ ਜੋ ਪੁੱਤ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕੇ। ਉਸਨੇ ਗੱਲ ਤਾਂ ਭਾਵੇਂ ਸਾਰੀ ਸਮਝ ਲਈ ਸੀ ਪਰ ਫਿਰ ਵੀ ਆਪਣੇ ਆਪ ਨੂੰ ਹੌਸਲਾ ਜਿਹਾ ਦੇਣ ਲਈ ਕਹਿਣ ਲੱਗਾ, “ਪੁੱਤ ਜ਼ਿੰਦਰ! ਗੱਲ ਤਾਂ ਤੇਰੀ ਠੀਕ ਆ, ਪਰ ਤੈਨੂੰ ਛੱਡ ਕੇ ਜਾਣ ਨੂੰ ਜੀਅ ਜਿਹਾ ਨੀ ਕਰਦਾ। ਭਾਵੇਂ ਹੁਣ ਮੈਥੋਂ ਕੰਮ ਕੁਮ ਤਾਂ ਬਹੁਤਾ ਨਹੀਂ ਹੁੰਦਾ ਪਰ ਫਿਰ ਵੀ ਸ਼ਰੀਕਾਂ ਨੂੰ ਹੈ ਬਈ ਇਹਦਾ ਪਿਉ ਵੀ ਹੈਗਾ… ਕੋਈ ਤੇਰੇ ਵੱਲ ਝਾਕਦਾ ਨੀ।“

“ਉਹ ਤਾਂ ਠੀਕ ਆ ਬਾਪੂ….ਤੇਰੇ ਨਾਲ ਹੀ ਸਾਡੀ ਇਜ਼ਤ ਆ ਪਰ…ਪਰ..ਦੇਖ ਨਾ ਓਥੇ ਕਹਿੰਦੇ ਆ ਬੁੜੇ ਬੁੜੀਆਂ ਵੀ ਬਥੇਰੇ ਕਮਾ ਲੈਂਦੇ ਆ। ਓਥੇ ਤਾਂ ਮਸ਼ੀਨਾਂ ਨਾਲ ਕੰਮ ਹੁੰਦੇ ਆ ਤੇ ਨਾਲੇ ਥੋੜੇ ਸਾਲਾਂ ਬਾਦ ਪੈਨਸ਼ਨ।“ ਇਹ ਕਹਿ ਕੇ ਉਹ ਬਿਜਲੀ ਦੇ ਬਲੱਬ ਦੀ ਡਿਮ ਜੇਹੀ ਲੋਅ ‘ਚ  ਬਾਪੂ ਦਾ ਚੇਹਰਾ ਪੜ੍ਹਨ ਲਗਾ।

ਬਿੱਕਰ ਸਿਉਂ ਨੇ ਨਾ ਹਾਂ ਕਹੀ ਤੇ ਨਾ ਨਾਂਹ ਕਹੀ। ਆਪਣੀ ਬਾਂਹ ਨੂੰ ਸਿਰ ਥੱਲੇ ਦੇ ਕੇ ਸਿੱਧਾ ਹੋ ਕੇ ਲੇਟ ਗਿਆ। ਕੁਝ ਦੇਰ ਹੋਰ ਬਾਪੂ ਦੇ ਮੰਜੇ ਦੀ ਬਾਹੀ ਤੇ ਬਹਿ ਕੇ ਤੇ ਬਾਪੂ ਦੀ ਚੁੱਪ ਨੂੰ ਭਾਂਪਦਿਆਂ, ਜ਼ਿੰਦਰ ਨੇ ਉੱਠਣਾ ਹੀ ਠੀਕ ਸਮਝਿਆ। ਉਹ ਸਮਝ ਤਾਂ ਗਿਆ ਕਿ ਬਾਪੂ ਜਾਣਾ ਨਹੀਂ ਚਾਹੁੰਦਾ। ਉਸ ਨੇ ਇਸ ਸਮੇਂ ਚੁੱਪ ਰਹਿਣਾ ਹੀ ਬਿਹਤਰ ਸਮਝਿਆ ਤੇ ਬਾਪੂ ਦੇ ਕਮਰੇ ਚੋਂ ਬਾਹਰ ਨਿਕਲ ਗਿਆ।

ਉਸ ਰਾਤ ਬਿੱਕਰ ਸਿੰਘ ਨੂੰ ਨੀਂਦ ਨਾ ਆਈ। ਕਦੇ ਮਨ ਹੀ ਮਨ ਅੰਦਰ ਕਰਤਾਰ ਕੌਰ ਨਾਲ ਗੱਲਾਂ ਕਰਦਾ, ਕਦੇ ਆਪਣੇ ਆਪ ਨਾਲ ਗੱਲਾਂ ਕਰਨ ਲੱਗਦਾ। ਕਦੇ ਜ਼ਿੰਦਰ ਨੂੰ ਆਪਣੇ ਮਨ ਵਿੱਚ ਹੀ ਕਹਿੰਦਾ ਕਿ ਪੁੱਤਰਾ ਤੂੰ ਇਹ ਕੀ ਕਹਿ ਤਾ। ਕਿਉਂ ਮੈਂ ਤੇਰੇ ਤੇ ਬੋਝ ਬਣ ਗਿਆ…? ਕਈ ਵਾਰੀ ਉਸਦੀਆਂ ਅੱਖਾਂ ਭਰੀਆਂ ਪਰ ਆਪਣੇ ਹੰਝੂ ਕਿਸਨੂੰ ਦਿਖਾਉਂਦਾ! ਕੋਈ ਵੀ ਤਾਂ ਨਹੀ ਸੀ ਉਸ ਦੇ ਦਿਲ ਦੀ ਸੁਣਨ ਵਾਲਾ।

ਗੁਰਦੁਆਰੇ ਬਾਬੇ ਦੇ ਬੋਲਣ ਨਾਲ ਹੀ ਬਿੱਕਰ ਸਿੰਘ ਉੱਠ ਕੇ ਬੈਠ ਗਿਆ। ਅੱਜ ਪਾਠ ਵਿੱਚ ਵੀ ਮਨ ਨਹੀਂ ਸੀ ਲੱਗਦਾ। ਕਰਦਾ ਤਾਂ ਕੀ ਕਰਦਾ। ਬਿਨਾਂ ਚਾਹ ਪੀਤੇ ਖੇਤ ਵੱਲ ਨੂੰ ਤੁਰ ਪਿਆ। ਉਸਦਾ ਜੀਅ ਕੀਤਾ ਕਿ ਆਪਣੇ ਖੇਤ ਨਾਲ ਰੱਜ ਕੇ ਗੱਲਾਂ ਕਰੇ। ਉਸਨੂੰ ਦੱਸੇ ਕਿ ਹੁਣ ਤੇਰੇ ਤੋਂ ਵਿਛੜਨ ਦਾ ਸਮਾਂ ਆ ਗਿਆ ਹੈ।

ਜਿਵੇਂ ਜਿਵੇਂ ਉਸਦੇ ਕਦਮ ਖੇਤ ਵੱਲ ਨੂੰ ਵੱਧ ਰਹੇ ਸਨ ਤਿਵੇਂ ਤਿਵੇਂ ਬੀਤਿਆ ਸਮਾਂ ਫਿਲਮ ਵਾਂਗ ਉਸਦੀਆਂ ਅੱਖਾਂ ਅੱਗੇ ਘੁੰਮਣ ਲੱਗਾ। ਕਿਵੇਂ ਉਸਨੇ ਤੇ ਉਸਦੇ ਬਾਪੂ ਨੇ ਮਿੱਟੀ ਨਾਲ ਮਿੱਟੀ ਹੋ ਕੇ ਥੋੜੀ ਥੋੜੀ ਕਰਕੇ ਜ਼ਮੀਨ ਬਣਾਈ ਸੀ ….ਕਿਵੇਂ ਪਿੰਡ ‘ਚ ਮਾੜਾ ਮੋਟਾ ਰੋਹਬ ਪਾਇਆ ਸੀ ਤੇ ਫਿਰ ਕਰਤਾਰ ਕੁਰ ਰੋਟੀਆਂ ਪਕਾਉਂਦੀ, ਖੇਤ ਰੋਟੀਆਂ ਢੋਂਹਦੀ, ਪਸ਼ੂ ਸਾਂਭਦੀ, ਜੈਲੇ ਸ਼ੀਰੀ ਦੀ ਬਹੂ ਬਚਨੋ ਨੂੰ ਗੋਹੇ ਕੂੜੇ ਦੀਆਂ ਟੋਕਰੀਆਂ ਭਰ ਭਰ ਕੇ ਚੁਕਾਉਂਦੀ ਤੇ ਕਿਵੇਂ ਉਹ ਜੈਲੇ ਸ਼ੀਰੀ ਨੂੰ ਕੰਮ ਘੱਟ ਕਰਨ ਤੇ ਗਾਲ੍ਹਾਂ ਕੱਢਿਆ ਕਰਦਾ ਸੀ ਤੇ ਕਿਵੇਂ ਉਹ ਬੁੜ ਬੁੜ ਕਰਦਾ ਰਹਿੰਦਾ ਸੀ ਕਿ ਜੈਲਾ ਆਪਣੇ ਮੁੰਡੇ ਨੂੰ ਆਪਣੇ ਨਾਲ ਕੰਮ ਤੇ ਕਿਉਂ ਨਹੀਂ ਲਿਆਉਂਦਾ। ਉਹ ਤੇ ਉਸਦੇ ਪੁਰਖੇ ਕਿਨ੍ਹੀਆਂ ਪੀੜੀਆਂ ਤੋਂ ਸਾਡੇ ਨਾਲ ਸ਼ੀਰ ਕਰਦੇ ਰਹੇ ਸਨ। ਉਸਦੀ ਧਾਹ ਨਿਕਲ ਗਈ, ਆਪਣੇ ਸ਼ੀਰੀ ਜੈਲੇ ਨੂੰ ਯਾਦ ਕਰਕੇ ਕਿ ਕਿਵੇਂ ਉਸਨੇ ਇਸ ਖੇਤ ਖਾਤਿਰ ਆਪਣੀ ਜਾਨ ਗਵਾ ਲਈ ਸੀ। ਬਿੱਕਰ ਸਿੰਘ ਬਿਲਕੁਲ ਉਸੇ ਥਾਂ ਤੇ ਹੀ ਬੈਠਾ ਸੀ ਜਿੱਥੇ ਉਸਦੇ ਸ਼ੀਰੀ ਜੈਲੇ ਨੇ ਦੱਮ ਤੋੜਿਆ ਸੀ। ਨਾਲ ਦੇ ਖੇਤ ਵਾਲਿਆਂ ਦਾ ਸ਼ੀਰੀ ਭੱਜ ਕੇ ਪਿੰਡ ਵੱਲ ਨੂੰ ਗਿਆ ਤੇ ਉਸਨੇ ਰੌਲਾ ਪਾਇਆ ਕਿ ਜੈਲੇ ਦਾ ਸਿਰ ਪਾਟ ਗਿਆ ਹੈ। ਜੈਲਾ ਡਿੱਗਿਆ ਪਿਆ ਹੈ। ਬਿੱਕਰ ਸਿੰਘ ਸੁੱਤਾ ਪਿਆ ਸੀ। ਪਿੰਡ ‘ਚ ਪੈਂਦਾ ਰੌਲਾ ਸੁਣ ਕੇ ਬਿੱਕਰ ਸਿੰਘ ਅੱਭੜ ਵਾਹੇ ਉੱਠਿਆ ਤੇ ਖੇਤ ਵੱਲ ਨੂੰ ਭੱਜ ਤੁਰਿਆ ਪਰ ਉਸਦੇ ਓਥੇ ਪੁੱਜਣ ਤੋਂ ਪਹਿਲਾਂ ਹੀ ਜੈਲਾ ਦਮ ਤੋੜ ਗਿਆ ਸੀ।

ਬਿੱਕਰ ਸਿੰਘ ਦਾ ਨਾਲ ਦੇ ਖੇਤ ਵਾਲਿਆਂ ਨਾਲ ਵੱਟ ਦਾ ਰੌਲਾ ਸੀ। ਬਿੱਕਰ ਸਿਉਂ ਨੇ ਆਈ ਬਿਜਲੀ ਦਾ ਫਾਇਦਾ ਲੈਣ ਲਈ ਜੈਲੇ ਨੂੰ ਇਕੱਲੇ ਨੂੰ ਹੀ ਮੋਟਰ ਚਲਾ ਕੇ ਪਾਣੀ ਲਾਉਣ ਭੇਜ ਦਿੱਤਾ।

ਜਦੋਂ ਜੈਲੇ ਨੇ ਰੌਲੇ ਵਾਲੇ ਖੇਤ ਦੀ ਵੱਟ ਤੇ ਪੈਰ ਧਰਿਆ ਤਾਂ ਨਾਲ ਦੇ ਖੇਤ ‘ਚ ਕੰਮ ਕਰਦੇ ਕੇਹਰੂ ਨੇ ਜੈਲੇ ਨੂੰ ਦੋ ਤਿੰਨ ਗਾਲ੍ਹਾਂ ਕੱਢ ਕੇ ਪੁੱਠੀ ਕਹੀ ਉਸਦੇ ਸਿਰ ‘ਚ ਆ ਮਾਰੀ। ਕੇਹਰੂ ਕਿਆਂ ਨਾਲ ਹੀ ਤਾਂ ਵੱਟ ਦਾ ਰੌਲਾ ਸੀ। ਜੈਲਾ ਥਾਈਂ ਡਿੱਗ ਪਿਆ।

ਬਿੱਕਰ ਸਿਉਂ ਵੱਟ ਤੇ ਖਾਲ ‘ਚ ਲੱਤਾਂ ਲਮਕਾ ਕੇ ਬੈਠ ਗਿਆ ਤੇ ਫਿਰ ਨਿਸਰ ਰਹੀ ਕਣਕ ਨੂੰ ਸੰਬੋਧਨ ਕਰਕੇ ਕਹਿਣ ਲੱਗਾ, “ ਓਦੋਂ ਜਦੋਂ ਜੈਲਾ ਮਰਿਆ ਸੀ ਤੂੰ ਏਸੇ ਤਰ੍ਹਾਂ ਨਿਸਰ ਰਹੀ ਸੀ। ਉਸਦੀ ਭੁੱਬ ਨਿਕਲ ਗਈ। ਗਿਲੀਆਂ ਅੱਖਾਂ ਨੂੰ ਪਰਨੇ ਨਾਲ ਪੂੰਝਦਿਆਂ ਉਸਦਾ ਚਿੱਤ ਕੀਤਾ ਕਿ ਉਹ ਜੈਲੈ ਨੂੰ ਉੱਚੀ ਸਾਰੀ ਆਵਾਜ਼ ਮਾਰੇ ਤੇ ਜੈਲਾ ਕਿਧਰੋਂ ਭੱਜ ਕੇ ਆ ਜਾਵੇ।

ਬਿੱਕਰ ਸਿੰਘ ਨੇ ਆਪਣਾ ਫਰਜ਼ ਸਮਝਦਿਆਂ ਜੈਲੇ ਦਾ ਸੰਸਕਾਰ ਕੀਤਾ। ਮਕਾਣਾਂ ਤੇ ਭੋਗ ਤੇ ਵੀ ਪਲਿਓਂ ਖਰਚ ਕੀਤਾ। 

ਪਿੰਡ ਦੇ ਲੋਕਾਂ ਨੇ ਵਿੱਚ ਪੈ ਕੇ ਸ਼ਰੀਕਾਂ ਨਾਲ ਰਾਜ਼ੀ – ਨਾਮਾ ਕਰਵਾ ਦਿੱਤਾ। ਬਚਨੋ ਵਿਚਾਰੀ ਚੁੱਪ ਹੀ ਰਹੀ। ਥੋੜ੍ਹੇ ਜੇ ਪੈਸੇ ਲੈਕੇ ਚੁੱਪ ਕਰ ਗਈ।

ਸ਼ਿੰਦਾ ਓਦੋਂ ਦਸਵੀਂ ਜਮਾਤ ਵਿੱਚ ਪੜ੍ਹਦਾ ਸੀ। ਜੈਲੇ ਦੀ ਮੌਂਤ ਤੋਂ ਬਾਦ ਬਿੱਕਰ ਸਿੰਘ ਨੇ ਉਸਦੇ ਪੁੱਤਰ ਸ਼ਿੰਦੇ ਨੂੰ ਬਥੇਰਾ ਕਿਹਾ ਕਿ ਉਹ ਪੜ੍ਹਾਈ ਛੱਡ ਕੇ ਉਸ ਨਾਲ ਸ਼ੀਰੀ ਆ ਰਲੇ। ਘਰ ਵਰਗੀ ਗੱਲ ਹੈ। ਉਸਦੀ ਮਾਂ ਵੀ ਤਾਂ ਉਹਨਾਂ ਦੇ ਘਰ ਹੀ ਗੋਹਾ ਕੂੜਾ ਕਰਦੀ ਸੀ। ਪਰ ਸ਼ਿੰਦਾ ਪੜ੍ਹਾਈ ਨਹੀਂ ਸੀ ਛੱਡਣਾ ਚਾਹੁੰਦਾ। ਉਹ ਆਪਣੇ ਬਾਪੂ ਤੇ ਦਾਦੇ ਵਾਂਗ ਸ਼ੀਰੀ ਨਹੀਂ ਸੀ ਰਲਣਾ ਚਾਹੁੰਦਾ। ਉਹ ਕੁਝ ਹੋਰ ਬਣਨਾ ਚਾਹੁੰਦਾ ਸੀ। ਉਸਦੀ ਇਹ ਜਿੱਦ ਦੇਖ ਕੇ ਬਿੱਕਰ ਸਿਉਂ ਨੇ ਕਈ ਵਾਰ ਬਚਨੋ ਨੂੰ ਕਿਹਾ ਸੀ ਕਿ ਮੁੰਡੇ ਨੂੰ ਸਮਝਾਵੇ। ਉਹਨੇ ਕਿਹੜਾ ਡੀਸੀ ਲੱਗਣਾ ਹੈ ਆਖਿਰ ਜੱਟਾਂ ਦੇ ਘਰੀਂ ਕੰਮ ਹੀ ਕਰਨਾ ਹੈ। ਇਕ ਵਾਰ ਬਿੱਕਰ ਸਿੰਘ ਨੇ ਬਚਨੋ ਦੇ ਸਾਹਮਣੇ ਹੀ ਸ਼ਿੰਦੇ ਦੇ ਦੋ ਚਾਰ ਚਪੇੜਾਂ ਵੀ ਜੜ ਦਿੱਤੀਆਂ ਅਤੇ ਗੰਦੀਆਂ ਗਾਲ੍ਹਾਂ ਨਾਲ ਹਵਾ ਵੀ ਗੰਦੀ ਕਰ ਦਿੱਤੀ।

ਬਚਨੋ ਇਸ ਰੋਜ਼ ਰੋਜ਼ ਦੇ ਕਲੇਸ਼ ਤੋਂ ਤੰਗ ਆ ਗਈ ਤੇ ਇਕ ਦਿਨ ਉਸਨੇ  ਬਿੱਕਰ ਸਿੰਘ ਦੇ ਮੂਹਰੇ ਹੱਥ ਬੰਨ੍ਹ ਕੇ ਕਿਹਾ,  “ਸਰਦਾਰਾ! ਰੱਬ ਦੇ ਵਾਸਤੇ ਮੇਰੇ ਪੁੱਤ ਨੂੰ ਪੜ੍ਹਾਈ ਛੱਡਣ ਲਈ ਮਜਬੂਰ ਨਾ ਕਰ।“

ਬਿੱਕਰ ਸਿੰਘ ਨੇ ਸ਼ਿੰਦੇ ਨੂੰ ਬਾਹੋਂ ਫੜ ਕੇ ਝੰਜੋੜਾ ਦਿੱਤਾ ਤੇ ਕਿਹਾ ”ਇਸ ਨੇ ਡੀ ਸੀ ਬਣਨਾ ਹੈ ਝੜੰਮੇ?“ 

ਬਚਨੋ ਨੇ ਬਿੱਕਰ ਸਿੰਘ ਦੇ ਪੈਰ ਫੜ ਲਏ ਤੇ ਆਖਣ ਲੱਗੀ, “ਸਰਦਾਰਾ! ਕੀ ਪਤਾ ਮੇਰਾ ਪੁੱਤ ਡੀਸੀ ਹੀ ਬਣ ਜਾਵੇ। ਰੱਬ ਦੇ ਵਾਸਤੇ ਇਹ ਪਾਪ ਨਾ ਕਮਾ। ਇਹਦਾ ਪਿਉ ਤਾਂ ਠੰਡ ‘ਚ ਤੁਹਾਡੇ ਨੱਕੇ ਮੋੜਦਾ ਤੁਹਾਡੇ ਸ਼ਰੀਕਾਂ ਨੇ ਮਾਰ ਦਿੱਤਾ ਪਰ ਏਹਨੂੰ ਬਖਸ਼ ਦੇਵੋ। ਮੈਥੋਂ ਕਰਵਾ ਲਵੋ ਜਿਹੜਾ ਕੁਝ ਕਰਵਾਉਣਾ ਹੈ।“

ਬਿੱਕਰ ਸਿੰਘ ਨੇ ਬਚਨੀ ਤੇ ਗਾਲ੍ਹਾਂ ਦੀ ਝੜੀ ਬਰਸਾ ਦਿੱਤੀ। ਅਖੇ ਝੜੰਮ ਕਿਵੇਂ ਮਸਤੀ ਫਿਰਦੀ ਹੈ। ਖਾਂਦੀ ਫਿਰਦੀ ਆਫਰ ਗਈ ਹੈ। ਜ਼ਾਤ ਦੀ ਕੋਹੜ ਕਿਰਲੀ ਤੇ ਸ਼ਤੀਰਾਂ ਨੂੰ ਜੱਫੇ!    

ਸ਼ਿੰਦੇ ਦਾ ਜੀਅ ਤਾਂ ਕੀਤਾ ਸੀ ਕਿ ਬਿੱਕਰ ਸਿਉਂ ਨੂੰ ਫੜ ਲਵੇ, ਮਾਂ ਦੀ ਬੇਇਜ਼ਤੀ ਦਾ ਬਦਲਾ ਲੈ ਲਵੇ। ਪਰ ਬਚਨੋ ਦੀਆਂ ਅੱਖਾਂ ਨੇ ਉਸਨੂੰ ਅਜੇਹਾ ਕਰਨ ਤੋਂ ਰੋਕ ਦਿੱਤਾ। ਉਹ ਮਾਂ ਦੀਆਂ ਅੱਖਾਂ ਦੀ ਭਾਸ਼ਾ ਸਮਝ ਗਿਆ ਸੀ।

ਬਚਨੋ ਦੀ ਚੁੱਪ ਕਹਿ ਰਹੀ ਸੀ, “ ਪੁੱਤ, ਇਸ ਜ਼ਾਲਮ ਦੇ ਮੂਹਰੇ ਨਾ ਬੋਲ। ਮੈਂ ਤੇਰੀ ਪੜ੍ਹਾਈ ਨਹੀਂ ਟੁੱਟਣ ਦਿੰਦੀ। ਥੋੜ੍ਹਾ ਸਬਰ ਹੋਰ ਕਰ ਮੇਰੇ ਪੁੱਤ!“

ਸ਼ਿੰਦੇ ਨੇ ਦਸਵੀਂ ਦੇ ਪੇਪਰ ਦਿੱਤੇ। ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਬੇਸ਼ਕ ਉਸਨੂੰ ਜੱਟਾਂ ਦੇ ਮੁੰਡਿਆਂ ਤੋਂ ਦੂਰ ਹੋ ਕੇ ਬੈਠਣਾ ਪੈਂਦਾ ਸੀ ਪਰ ਉਹ ਇਸ ਗੱਲ ਦੀ ਬਿਨਾਂ ਪ੍ਰਵਾਹ ਕੀਤੇ ਆਪਣੀ ਪੜ੍ਹਾਈ ਵਿੱਚ ਜੁਟਿਆ ਰਹਿੰਦਾ। ਇਸ ਦਿਨ ਤੋਂ ਬਾਦ ਜਦੋਂ ਬਿੱਕਰ ਸਿੰਘ ਨੇ ਬੱਚਨੀ ਨੂੰ ਗਾਲ੍ਹਾਂ ਦਿੱਤੀਆਂ ਸਨ ਅਤੇ ਸ਼ਿੰਦੇ ਦੇ ਚਪੇੜਾਂ ਮਾਰੀਆਂ ਸਨ ਤਾਂ ਬਚਨੋ ਨੇ ਮਨ ਬਣਾ ਲਿਆ ਕਿ ਉਹ ਆਪਣੇ ਪੁੱਤ ਨੂੰ ਲੈ ਕੇ ਲੁਧਿਆਣੇ ਚਲੀ ਜਾਵੇਗੀ। ਓਥੇ ਉਸਦੀ ਭੈਣ ਵੀ ਤਾਂ ਮਿਹਨਤ ਮਜ਼ਦੂਰੀ ਕਰਕੇ ਆਪਣਾ ਪੇਟ ਪਾਲ ਰਹੀ ਹੈ। ਉਹ ਵੀ ਲੋਕਾਂ ਦੇ ਭਾਂਡੇ ਮਾਂਜ਼ ਮਾਂਜ਼ ਆਪਣੇ ਹੋਣਹਾਰ ਪੁੱਤ ਦੀ ਪੜ੍ਹਾਈ ਜਾਰੀ ਰੱਖੇਗੀ। ਉਸਦੇ ਅੰਦਰ ਬਿੱਕਰ ਸਿਉਂ ਦੇ ਕਹੇ ਬੋਲ ਰੜਕ ਰਹੇ ਸਨ …..ਇਹਨੇ ਕਿਹੜਾ ਡੀ ਸੀ ਲੱਗਣਾ…ਆਖਿਰ ਨੂੰ ਸ਼ੀਰੀ ਹੀ ਰਲਣਾ ਕਿਸੇ ਜੱਟ ਨਾਲ!

ਸ਼ਿੰਦੇ ਦੀ ਮਾਂ ਬਚਨੋ ਤੇ ਸ਼ਿੰਦੇ ਨੇ ਪਿੰਡ ਛੱਡ ਦਿੱਤਾ ਤੇ ਲੁਧਿਆਣੇ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ। ਪਿੰਡ ਵਿੱਚ ਕਿਸੇ ਨੂੰ ਭਿਣਕ ਵੀ ਨਾ ਪਈ। 

ਅੱਗਲੇ ਦਿਨ ਪਿੰਡ ‘ਚ ਰੌਲਾ ਪੈ ਗਿਆ ਕਿ ਸ਼ਿੰਦਾ ਤੇ ਉਸਦੀ ਮਾਂ ਪਤਾ ਨੀ ਕਿਧਰ ਚਲੇ ਗਏ ਹਨ। ਕੋਈ ਆਖੇ ਬਚਨੋ ਆਪਣੇ ਪੇਕੀਂ ਚਲੀ ਗਈ, ਕੋਈ ਆਖੇ, ਆਪੇ ਧੱਕੇ ਖਾ ਕੇ ਮੁੜ ਆਉਣਗੇ, ਕੋਈ ਕੁਝ ਕਹੇ…..ਕੋਈ ਕੁਝ ਕਹੇ। ਜਿੰਨੇ ਮੂੰਹ ਓਨੀਆਂ ਗੱਲਾਂ।

ਲੁਧਿਆਣੇ ਸ਼ਹਿਰ ਆਕੇ ਬਚਨੋ ਆਪਣੇ ਪੁੱਤ ਸ਼ਿੰਦੇ ਸਮੇਤ ਆਪਣੀ ਵਿਧਵਾ ਭੈਣ ਨਾਲ ਉਸਦੇ ਛੋਟੇ ਜਿਹੇ ਘਰ ਵਿੱਚ ਰਹਿਣ ਲੱਗ ਪਈ।

ਬਚਨੋ ਦੀ ਭੈਣ ਸ਼ਾਮੋ ਦਾ ਇਕ ਹੀ ਮੁੰਡਾ ਸੀ ਤੇ ਉਹ ਕਿਸੇ ਫੈਕਟਰੀ ਵਿੱਚ ਕੰਮ ਕਰਦਾ ਸੀ। ਉਸਦੀ ਘਰ ਵਾਲੀ ਦੀ ਸ਼ਾਮੋ ਨਾਲ ਨਹੀਂ ਸੀ ਬਣਦੀ, ਇਸ ਕਰਕੇ ਉਹ ਸ਼ਹਿਰ ਦੇ ਦੂਸਰੇ ਪਾਸੇ ਅੱਡ ਰਹਿੰਦਾ ਸੀ।

ਬਚਨੋ ਦੀ ਭੈਣ ਸ਼ਾਮੋ ਨੇ ਦੌੜ ਭੱਜ ਕਰਕੇ ਬਚਨੋ ਨੂੰ ਦੋ ਚਾਰ ਕੋਠੀਆਂ ਦੇ ਭਾਂਡੇ ਟੀਂਡੇ ਮਾਂਜ਼ਣ ਦਾ ਕੰਮ ਦਵਾ ਦਿੱਤਾ ਤੇ ਹੌਲੀ ਹੌਲੀ ਕਰਕੇ ਉਸਨੇ ਫੋਰਮੈਨ ਦੀਆਂ ਮਿੰਨਤਾਂ ਕਰਕੇ ਆਪਣੇ ਨਾਲ ਹੀ ਧਾਗਿਆਂ ਵਾਲੀ ਫੈਕਟਰੀ ਵਿੱਚ  ਲਗਵਾ ਲਿਆ। ਵਿਹਲੇ ਵੇਲੇ ਸ਼ਿੰਦਾ ਵੀ ਕੁਝ ਕੰਮ ਕਾਰ ਕਰ ਲੈਂਦਾ ਤੇ ਆਪਣੀ ਫੀਸ ਜੋਗੇ ਪੈਸੇ ਕਮਾ ਲੈਂਦਾ।  ਇਉਂ ਤਿੰਨੇ ਜਣੇ ਇਕ ਦੂਸਰੇ ਦਾ ਸਹਾਰਾ ਬਣ ਕੇ ਰਹਿਣ ਲੱਗੇ।

ਸ਼ਿੰਦੇ ਨੇ ਖਾਲਸਾ ਕਾਲਜ ਵਿੱਚ ਦਾਖਲਾ ਲੈ ਲਿਆ। ਦੋ ਸਾਲ ਏਥੇ ਪੜ੍ਹਾਈ ਕਰਕੇ ਖੇਤੀ ਬਾੜੀ ਯੂਨੀਵਰਸਿਟੀ ਵਿਚ ਦਾਖਲ ਹੋ ਗਿਆ। ਸਰਕਾਰੀ ਮੱਦਦ ਨਾਲ ਅਤੇ ਆਪਣੀ ਤੇ ਆਪਣੀ ਮਾਂ ਦੀ ਲਗਨ ਸੱਦਕਾ ਉਸਨੇ ਖੇਤੀ ਬਾੜੀ ਵਿੱਚ ਐਮ ਐਸ ਸੀ ਦੀ ਡਿਗਰੀ ਲੈ ਲਈ। ਸ਼ਿੰਦਾ ਆਪਣੇ ਬਾਪ ਦੀ ਤਰ੍ਹਾਂ ਕੱਦ ਕਾਠ ਦਾ ਪੂਰਾ ਨਿਕਲਿਆ। ਉਸਦੇ ਚੇਹਰੇ ਤੇ ਉਸਦੀ ਕੀਤੀ ਮਿਹਨਤ ਦੀ ਲੋਅ ਸੀ। ਨੈਣ ਨਕਸ਼ ਭਾਵੇਂ ਬਹੁਤ ਤਿੱਖੇ ਨਹੀਂ ਸਨ ਤੇ ਰੰਗ ਵੀ ਪੱਕਾ ਸੀ  ਪਰ ਉਹ ਬਹੁਤ ਸੁਨੱਖਾ ਤੇ ਦਿਲਕਸ਼ ਜਾਪਦਾ ਸੀ।

ਐਮ ਐਸ ਸੀ ਪੂਰੀ ਹੋਣ ਸਾਰ ਉਸਨੂੰ ਨੌਕਰੀਆਂ ਦੇ ਆਫਰ ਮਿਲਣੇ ਸ਼ੁਰੂ ਹੋ ਗਏ। ਯੂਨੀਵਰਸਿਟੀ ਵਿਚ ਹੀ ਚੰਗੀ ਨੌਕਰੀ ਮਿਲ ਗਈ । ਕਹਿੰਦੇ ਨੇ ਜਦੋਂ ਰੱਬ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਉਸਦੇ ਪ੍ਰੋਫੈਸਰ ਨੇ ਕੇਨੇਡਾ ਵਸਦੇ ਆਪਣੇ ਇਕ ਦੋਸਤ ਦੀ ਇਕਲੌਤੀ ਕੁੜੀ ਦਾ ਰਿਸ਼ਤਾ ਸ਼ਿੰਦੇ ਨੂੰ ਕਰਵਾ ਦਿੱਤਾ। ਪ੍ਰੋਫੇਸਰ ਦੀ ਤੇਜ਼ ਨਜ਼ਰ ਨੇ ਸ਼ਿੰਦੇ ਦੀਆਂ ਅੱਖਾਂ ‘ਚ ਮਿਹਨਤ ਦੇ ਪੁੰਗਰੇ ਬੀਜ ਦੇਖ ਲਏ ਸਨ।  ਸ਼ਿੰਦੇ ਦੀ ਮੰਗੇਤਰ ਉਸਦੀ ਜਾਤ ਬਰਾਦਰੀ ਚੋਂ ਹੀ ਸੀ। ਸ਼ਿੰਦੇ ਦੀ ਮਾਂ ਇਸ ਗੱਲ ਤੋਂ ਬਾਹਲੀ ਖੁਸ਼ ਸੀ ਕਿ ਕਿਸੇ ਹੰਕਾਰੀ ਜੱਟ ਨਾਲ ਰਿਸ਼ਤਾ ਨਹੀਂ ਜੁੜਿਆ।  ਉਹ ਆਪਣੀ ਭੈਣ ਨੂੰ ਗੱਲਾਂ ਗੱਲਾਂ ‘ਚ ਕਹਿ ਦਿੰਦੀ, “ਸ਼ੁਕਰ ਹੈ ਕੁੜੀ ਆਪਣੀ ਜ਼ਾਤ ਦੀ ਹੈ। ਨਹੀਂ ਤਾਂ ਮੈਨੂੰ ਉਹਦੇ ਚੋਂ ਵੱਡੀ ਜ਼ਾਤ ਦੀ ਬਦਬੂ ਹੀ ਆਉਂਦੀ ਰਹਿਣੀ ਸੀ। “

ਸ਼ਿੰਦਾ , ਪੜ੍ਹੀ ਲਿਖੀ ਅਤੇ  ਉੱਚੀ ਲੰਮੀ ਸਿਮਰ ਦੀ ਫੋਟੋ ਦਿਨ ਨੂੰ ਵਿੱਚ ਕਿਨ੍ਹੀ ਕਿਨ੍ਹੀ ਵਾਰੀ ਵੇਖਦਾ । ਅੰਦਰੋਂ ਅੰਦਰੀਂ ਖੁਸ਼ ਹੁੰਦਾ  ਤੇ ਫਿਰ ਜਾਣ ਕੇ ਮਾਂ ਨੂੰ ਖੁਸ਼ ਕਰਨ ਲਈ ਆਖਦਾ,  “ ਮਾਂ ! ਤੈਨੂੰ ਕੁੜੀ ਸੱਚੀਂ ਹੀ ਪਸੰਦ ਆ ਕਿ ਉਪਰੋਂ ਉਪਰੋਂ ਮੇਰਾ ਦਿਲ ਰੱਖਣ ਲਈ ਆਖਦੀ ਏਂ?“

ਬਚਨੋ ਲਾਡ ਨਾਲ ਉਸਦੀ ਗਲ੍ਹ ਤੇ ਪੋਲੀ ਜੇਹੀ ਚਪੇੜ ਮਾਰਦੀ ਤੇ ਫਿਰ ਮਨ ਹੀ ਮਨ ‘ਚ ਵਾਹਿਗੁਰੂ ਦਾ ਸ਼ੁਕਰਾਨਾ ਕਰਦੀ।  ਪਰ ਫਿਰ ਵੀ ਕਦੇ ਕਦੇ ਪਿੰਡ , ਸਿਰ ਤੇ ਮਤਰਾਲ ਨਾਲ ਭਰਿਆ ਟੋਕਰਾ, ਤੇ ਟੋਕਰੇ ਚੋਂ ਚੋ ਚੋ ਕੇ ਉਸਦੀ ਪਾਟੀ ਕੁੜਤੀ ਤੇ ਡਿੱਗਦਾ ਮਤਰਾਲ ਜਦ ਯਾਦ ਆ ਜਾਂਦਾ ਤਾਂ ਉਸਦੀਆਂ ਅੱਖਾਂ ਭਰ ਜਾਂਦੀਆਂ। ਪਰ ਹੁਣ ਉਸਨੂੰ ਇਹ ਸਭ ਕੁਝ ਕਰਨਾ ਨਹੀਂ ਸੀ ਪੈਂਦਾ। ਕਦੇ ਕਦੇ ਉਸਨੂੰ ਖਿਆਲ ਆਉਂਦਾ ਕਿ ਉਹ ਪਿੰਡ ਜਾ ਕੇ ਬਿੱਕਰ ਸਿਉਂ ਨੂੰ ਦੱਸੇ ਕਿ ਕਿਸਮਤ ਦੇ ਰੰਗ ਤੁਹਾਡੇ ਨਾਲ ਹੀ ਨਹੀਂ ਖੇਡਦੇ, ਸਾਡੇ ਭਾਗਾਂ ਵਿੱਚ ਵੀ ਸਤਰੰਗੀਆਂ ਪੀਘਾਂ ਆ ਜਾਂਦੀਆਂ ਹਨ। ਉਸਨੂੰ ਪਿੰਡ ਛੱਡ ਕੇ ਸ਼ਹਿਰ ਆਉਣ ਦੇ ਫੈਸਲੇ ਤੇ ਵੀ ਮਾਣ ਹੋਣ ਲੱਗਦਾ ਤੇ ਉਹ ਆਪਣੇ ਆਪ ਨੂੰ ਪਿੰਡ ਦੇ ਸਾਰੇ ਜੱਟਾਂ ਤੋਂ ਸਿਆਣੀ ਅਤੇ ਵੱਡੀ ਸਮਝਣ ਲੱਗਦੀ। ਉਹ ਆਪਣੇ ਮੂੰਹ ‘ ਆਈ ਗਾਲ੍ਹ ….. ਸਾਲਾ ਹੰਕਾਰੀ ਜੱਟ ….ਮਾਂ ਦਾ ਖਸਮ … ਮਸੀਂ ਮਸੀਂ ਰੋਕਦੀ।

ਮਹੀਨੇ ਕੁ ਬਾਦ ਸਿਮਰ ਅਤੇ ਉਸਦਾ ਬਾਪ ਬੰਤਾ ਸਿੰਘ ਕੈਨੇਡਾ ਤੋਂ ਆ ਗਏ। ਬਚਨੋ ਨੂੰ ਫਿਕਰ ਪੈ ਗਿਆ ਕਿ ਉਹਨਾਂ ਨੂੰ ਕਿੱਥੇ ਬਿਠਾਉਣਗੇ। ਕਿਰਾਏ ਦਾ ਘਰ ਸੀ। ਰਸੋਈ, ਗੁਸਲਖਾਨੇ ਤੋਂ ਇਲਾਵਾ ਦੋ ਛੋਟੇ ਛੋਟੇ ਕਮਰੇ ਸਨ। ਇਕ ਕਮਰਾ ਜੋ ਕੁਝ ਜਿਆਦਾ ਹੀ ਛੋਟਾ ਸੀ, ਸ਼ਿੰਦੇ ਦਾ ਪੜ੍ਹਨ ਅਤੇ ਸੌਣ ਦਾ ਕਮਰਾ ਸੀ ਅਤੇ ਦੂਸਰੇ ਕਮਰੇ ਵਿੱਚ ਸ਼ਿੰਦੇ ਦੀ ਮਾਂ ਅਤੇ ਮਾਸੀ ਸੌਦੀਆਂ ਸਨ।

ਖ਼ੈਰ….ਸਿਮਰ ਦੇ ਬਾਪ ਨੇ ਇਸ ਗੱਲ ਦਾ ਭੋਰਾ ਵੀ ਬੁਰਾ ਨਾ ਮਨਾਇਆ। ਉਸਨੇ ਖੁਦ ਬਥੇਰੀ ਗਰੀਬੀ ਹੰਢਾਈ ਸੀ। ਜੱਟਾਂ ਦੀਆਂ ਬਥੇਰੀਆਂ ਗਾਲ੍ਹਾਂ ਲਈਆਂ ਸਨ। ਨਿੱਕੀ ਨਿੱਕੀ ਗੱਲ ਤੇ ਮਾਂ ਭੈਣ ਇਕ ਕਰਾਈ ਸੀ। ਦੁੱਖ ਸੀ ਤਾਂ ਸਿਰਫ ਏਸ ਗੱਲ ਦਾ ਸੀ ਕਿ ਸਿਮਰ ਦੀ ਮਾਂ ਇਹ ਖੁਸ਼ੀ ਦੇਖਣ ਤੋਂ ਪਹਿਲਾਂ ਹੀ ਕਾਰ ਹਾਦਸੇ ਵਿੱਚ ਰੱਬ ਨੂੰ ਪਿਆਰੀ ਹੋ ਗਈ ਸੀ। ਉਸਨੇ ਚਾਵਾਂ ਲਾਡਾਂ ਨਾਲ ਧੀ ਨੂੰ ਪਾਲਿਆ ਸੀ ਅਤੇ ਮਨ ਵਿੱਚ ਇਹ ਗੱਲ ਧਾਰ ਲਈ ਸੀ ਕਿ ਉਹ ਕਿਸੇ ਹੋਣਹਾਰ ਮੁੰਡੇ ਨੂੰ ਸਿਮਰ ਦਾ ਹੱਥ ਫੜਾਏਗਾ। ਪਰ ਇਸਦੇ ਨਾਲ ਨਾਲ ਉਹ ਆਪਣੀ ਧੀ ਦੀ ਪਸੰਦ ਦਾ ਵੀ ਖਿਆਲ ਰੱਖੇਗਾ। ਹੁਣ ਉਸਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਸ਼ਿੰਦਰ ਸਿੰਘ ਤੇ ਸਿਮਰ ਦੋਨੋਂ ਇਕ ਦੂਸਰੇ ਨੂੰ ਪਸੰਦ ਕਰਦੇ ਹਨ ਅਤੇ ਦੋਨੋਂ ਇਕ ਦੂਸਰੇ ਲਈ ਬਣੇ ਜਾਪਦੇ ਹਨ।

ਬੰਤਾ ਸਿੰਘ ਨੂੰ ਇਸ ਗੱਲ ਦੀ ਵੀ ਤਸੱਲੀ ਸੀ ਕਿ ਸ਼ਿੰਦਾ ਜਾਣੀਂ ਸ਼ਿੰਦਰ ਸਿੰਘ ਉਸਦੇ ਮਿਹਨਤ ਨਾਲ ਬਣਾਏ ਬਲੂ ਬੈਰੀ ਤੇ ਰੱਸ ਬੈਰੀ ਦੇ ਫਾਰਮ ਨੂੰ ਚੰਗੀ ਤਰ੍ਹਾਂ ਸੰਭਾਲ ਲਵੇਗਾ।

ਸਾਦੀ ਜੇਹੀ ਰਸਮ ਨਾਲ ਸ਼ਿੰਦੇ ਤੇ ਸਿਮਰ ਦਾ ਵਿਆਹ ਹੋ ਗਿਆ। ਬਚਨੋ ਦਾ ਦਿਲ ਤਾਂ ਕੀਤਾ ਕਿ ਪਿੰਡ ਗੰਢ ਦੇ ਆਵੇ ਪਰ ਅਨੇਕ ਤਰ੍ਹਾਂ ਦੀਆਂ ਸੋਚਾਂ ਨੇ ਉਸਨੂੰ ਰੋਕ ਲਿਆ। 

ਵਿਆਹ ਕਰਵਾ ਸਿਮਰ ਵਾਪਿਸ ਕੈਨੇਡਾ ਆ ਗਈ। ਸ਼ਿੰਦੇ ਦਾ ਵੀਜ਼ਾ ਅਪਲਾਈ ਕਰ ਦਿੱਤਾ। ਕੁਝ ਹੀ ਮਹੀਨਿਆਂ ਵਿੱਚ ਉਹ ਸਿਮਰ ਕੋਲ ਆ ਗਿਆ। ਸ਼ਿੰਦੇ ਦੀ ਇੱਛਾ ਸੀ ਕਿ ਹੋਰ ਪੜ੍ਹ ਲਵੇ….ਪਰ ਏਡੇ ਵੱਡੇ ਕਾਰੋਬਾਰ ਦੀ ਜੁੰਮੇਂਵਾਰੀ ਵੀ ਤਾਂ ਹੁਣ ਉਸਦੇ ਸਿਰ ਤੇ ਸੀ।

ਸ਼ਿੰਦੇ ਨੇ ਖੇਤੀ ਬਾੜੀ ਦੀ ਪੀ ਐਚ ਡੀ ਦੀ ਡਿਗਰੀ ਕਰਨ ਦੀ ਖਾਹਿਸ਼ ਜਾਹਰ ਕੀਤੀ ਤਾਂ ਸਿਮਰ ਅਤੇ ਉਸਦੇ ਬਾਪ ਬੰਤਾ ਸਿੰਘ ਨੇ ਬੜੀ ਖੁਸ਼ੀ ਨਾਲ ਉਸਦੀ ਹਾਂ ਵਿੱਚ ਹਾਂ ਮਿਲਾ ਦਿੱਤੀ।

ਪੜ੍ਹਾਈ ਦੇ ਨਾਲ ਨਾਲ ਸ਼ਿੰਦੇ ਨੇ ਫਾਰਮ ਦੀ ਦੇਖ ਭਾਲ ਦਾ ਜ਼ਿੰਮਾ ਚੁੱਕ ਲਿਆ। ਉਹ ਨਵੀਆਂ ਨਵੀਆਂ ਨਵੀਆਂ ਸਕੀਮਾਂ ਘੜਦਾ ਰਹਿੰਦਾ ਅਤੇ ਘੰਟਿਆਂ ਬੱਧੀ ਆਪਣੇ ਸਹੁਰੇ ਬੰਤਾ ਸਿੰਘ ਨਾਲ ਨਵੀਆਂ ਨਵੀਆਂ ਕਿਸਮਾਂ ਅਤੇ ਵੱਧ ਝਾੜ ਲੈਣ ਦੀਆਂ ਵਿਉਂਤਾਂ ਸਾਂਝੀਆਂ ਕਰਦਾ ਰਹਿੰਦਾ। ਸ਼ਿੰਦੇ ਦੀ ਮਿਹਨਤ ਅਤੇ ਦੂਰ ਅੰਦੇਸ਼ੀ ਕਾਰਣ ਇਸ ਸਾਲ ਬਲੂ ਬੇਰੀ ਦੀ ਫਸਲ ਦਾ ਝਾੜ ਵੀ ਬਹੁਤ ਵਧੀਆ ਹੋਇਆ।  ਸ਼ਿੰਦੇ ਨੇ ਵੱਟਾਂ ਤੋ ਘਾਹ ਆਪ ਕੱਢਿਆ ਸੀ। 

ਸਿਮਰ ਨੂੰ ਚੰਗੀ ਫਰਮ ‘ਚ ਨੌਕਰੀ ਮਿਲ ਗਈ ਅਤੇ ਇਉਂ ਤਿੰਨੇ ਜਾਣੇ ਖੁਸ਼ੀ ਖੁਸ਼ੀ ਰਹਿਣ ਲੱਗੇ।

ਖੁਸ਼ੀ ਜਿਆਦਾ ਦੇਰ ਨਾ ਰਹੀ। ਬੰਤਾ ਸਿਉਂ ਨੂੰ ਦਿਲ ਦਾ ਦੌਰਾ ਕੀ ਪਿਆ ਉਹ ਹਸਪਤਾਲ ਜਾਂਦਿਆਂ ਹੀ ਦਮ ਤੋੜ ਗਿਆ। ਸ਼ਿੰਦੇ ਤੇ ਫਾਰਮ ਦੀ ਸਾਰੀ ਜੁੰਮੇਵਾਰੀ ਆ ਪਈ। ਦੂਸਰੀ ਵਾਰੀ ਪਿਉ ਦਾ ਸਹਾਰਾ ਉਸਦੇ ਸਿਰ ਤੋਂ ਉਠ ਗਿਆ। ਬੰਤਾ ਸਿੰਘ ਦਾ ਚਲੇ ਜਾਣਾ ਸਿਮਰ ਅਤੇ ਸ਼ਿੰਦੇ ਲਈ ਅਸਹਿ ਪੀੜ ਸੀ।

ਇਕ ਦਿਨ ਸਿਮਰ ਕਹਿਣ ਲੱਗੀ, “ਸ਼ਿੰਦਰ, ਤੁਹਾਡਾ ਬਹੁਤਾ ਸਮਾਂ ਫਾਰਮ ਵਿੱਚ ਹੀ ਲੰਘ ਜਾਦਾ ਹੈ,  ਪੜ੍ਹਾਈ ਨੂੰ ਬਹੁਤ ਘੱਟ ਸਮਾਂ ਮਿਲਦਾ ਹੈ। ਕਿਉਂ ਨਾ ਆਪਾਂ ਫਾਰਮ ਵੇਚ ਦੇਈਏ ਤੇ ਪੈਸੇ ਕਿਸੇ ਹੋਰ ਥਾਂ ਇਨਵੈਸਟ ਕਰ ਦੇਈਏ।“

ਸ਼ਿੰਦੇ ਨੂੰ ਗੱਲ ਚੰਗੀ ਨਾ ਲੱਗੀ। ਉਹ ਆਪਣੇ ਸਹੁਰੇ ਬੰਤਾ ਸਿੰਘ ਦੀ ਕਹੀ ਗੱਲ ਹਮੇਸ਼ਾ ਚੇਤੇ ਰੱਖਦਾ ਸੀ।

“ਪੁੱਤਰਾ ਇਹ ਫਾਰਮ ਮੈਂ ਬਹੁਤ ਮਿਹਨਤ ਨਾਲ ਬਣਾਇਆ ਹੈ। ਪਿੰਡ ਜਦੋਂ ਮੈਂ ਪਿੰਡ ਦੇ ਧਨਾਢ ਜੱਟ ਦਾ ਸ਼ੀਰੀ ਹੁੰਦਾ ਸਾਂ ਤਾਂ ਮਨ ਵਿੱਚ ਰੀਝ ਹੁੰਦੀ ਸੀ ਕਿ ਕਿਤੇ ਮੇਰਾ ਵੀ ਫਾਰਮ ਹੋਵੇਗਾ। ਇਹ ਫਾਰਮ ਮੇਰਾ ਸੁੱਪਨਾ ਹੈ। ਮੈਨੂੰ ਅਜੇ ਵੀ ਪਿੰਡ ਦੇ ਸਰਦਾਰ ਦੀਆਂ ਗਾਲ੍ਹਾਂ ਯਾਦ ਹਨ। ਇਕ ਦਿਨ ਸਰਦਾਰ ਨੇ ਮੈਨੂੰ ਪਰਾਣੀਆਂ ਨਾਲ ਕੁੱਟਿਆ ਸੀ। ਉਸਦੀ ਕੁੱਟ ਨੇ ਤਾਂ ਪਿੰਡਾ ਹੀ ਛਿਲਿਆ ਸੀ ਪਰ ਮੈਨੂੰ ਛੁਡਾਉਣ ਲੱਗੀ ਮੇਰੀ ਮਾਂ ਨੂੰ ਗੁੱਤੋਂ ਫੜ ਕੇ ਵਿਹੜੇ ਵਿੱਚ ਇਉਂ ਘੜੀਸਿਆ ਸੀ ਕਿ ਮੇਰੀ ਰੂਹ ਕੰਬ ਉੱਠੀ ਸੀ। ਮੇਰੀ ਰੂਹ ਛਿੱਲੀ ਗਈ ਸੀ।“

ਸੋ ਸ਼ਿੰਦੇ ਨੇ ਸਿਮਰ ਦੀ ਇਸ ਤਜਵੀਜ਼ ਨੂੰ ਬੜੇ ਹੀ ਪਿਆਰ ਨਾਲ ਠੁਕਰਾ ਦਿੱਤਾ। ਉਸਨੇ ਨੇ ਵੀ ਆਪਣੀ ਮਾਂ ਤੇ ਪਿਉ ਨੂੰ ਗਾਲ੍ਹਾਂ ਲੈਂਦੇ ਸੁਣਿਆ ਸੀ। ਉਸਨੇ ਵੀ ਤਾਂ ਆਪਣੇ ਨੈਣੀਂ ਫਾਰਮ ਦਾ ਮਾਲਕ ਹੋਣ ਦਾ ਸੁਪਨਾ ਲਿਆ ਸੀ। ਏਸੇ ਕਰਕੇ ਹੀ ਉਸਨੇ ਖੇਤੀ ਬਾੜੀ ਦੀ ਐਮ. ਐਸ. ਸੀ. ਕੀਤੀ ਸੀ ਤੇ ਹੁਣ ਪੀ ਐਚ ਡੀ ਕਰ ਰਿਹਾ ਸੀ।

ਅਕਸਰ ਹੀ ਸ਼ਿੰਦੇ ਨੂੰ ਆਪਣੀ ਮਾਂ ਤੇ ਮਾਸੀ ਦਾ ਖਿਆਲ ਆ ਜਾਂਦਾ। ਅੱਜ ਮਾਂ ਨੇ ਕੀ ਬਣਾਇਆ ਹੋਵੇਗਾ, ਮਾਸੀ ਦੀ ਦਵਾਈ ਮੁੱਕ ਗਈ ਹੋਵੇਗੀ …ਕਿਰਾਇਆ ਦੇਣ ਵਾਲਾ ਹੋਣਾ ਹੈ …..ਠੰਡ ਸੁਰੂ ਹੋ ਗਈ ਹੈ…ਮਾਂ ਦੀ ਰਜਾਈ ਵੀ ਪਾਟ ਗਈ ਸੀ। ਮਾਂ ਤੇ ਮਾਸੀ ਦੋਨੋਂ ਹੀ ਬਹੁਤ ਲਾ-ਪਰਵਾਹ ਹਨ… ਆਪਣੇ ਬਾਰੇ ਘੱਟ ਹੀ ਸੋਚਦੀਆਂ ਹਨ।

ਕਈ ਵਾਰੀ ਫਾਰਮ ‘ਚ ਫਿਰਦਿਆਂ ਉਸਦੀਆਂ ਅੱਖਾਂ ਭਰ ਆਉਂਦੀਆਂ। ਉਹ ਛੇਤੀ ਤੋਂ ਛੇਤੀ ਆਪਣੀ ਮਾਂ ਤੇ ਮਾਸੀ ਨੂੰ ਆਪਣੇ ਕੋਲ ਮੰਗਵਾਉਣਾ ਚਾਹੁੰਦਾ ਸੀ। ਪੈਸਾ ਧੇਲਾ ਭਾਵੇਂ ਉਹ ਭੇਜਦਾ ਰਹਿੰਦਾ ਸੀ ਪਰ ਫਿਰ ਵੀ ਝੇਲੀਆਂ ਪੀੜਾਂ ਦੀਆਂ ਯਾਦਾਂ ਉਸਦਾ ਪਿੱਛਾ ਨਹੀਂ ਸੀ ਛਡ ਰਹੀਆਂ। ਜਦੋਂ ਵੀ ਕੋਈ ਅਜੇਹੀ ਯਾਦ ਆਉਂਦੀ, ਉਸਨੂੰ ਲੱਗਦਾ ਜਿਵੇਂ  ਅੱਕ ਦੀ ਡੋਡੀ ਤੇ ਜੀਭ ਰੱਖੀ ਗਈ ਹੋਵੇ।

ਸਿਮਰ ਬਹੁਤ ਹੀ ਸਮਝਦਾਰ ਅਤੇ ਭਾਵੁਕ ਕਿਸਮ ਦੀ ਕੁੜੀ ਸੀ। ਉਸਦੇ ਬਾਪ ਨੇ ਆਪਣੇ ਜੀਵਨ ਦੀ ਪੂਰੀ ਕਹਾਣੀ ਆਪਣੀ ਧੀ ਨਾਲ ਸਾਂਝੀ ਕੀਤੀ ਹੋਈ ਸੀ । ਏਸੇ ਕਰਕੇ ਉਸਨੂੰ ਮਿਹਨਤ ਕਰਨ ਵਾਲੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਸੀ। ਭਾਵੇਂ ਉਸਨੇ ਖੁਦ ਕਦੇ ਬੁਰੇ ਦਿਨ ਨਹੀਂ ਸਨ ਦੇਖੇ, ਪਰ ਉਸਨੂੰ ਆਪਣੇ ਪਿਤਾ ਦੀ ਕਹਾਣੀ ਯਾਦ ਸੀ।

ਸਿਮਰ ਤੇ ਇਹਨਾਂ ਗੱਲਾਂ ਦਾ ਬਹੁਤ ਪ੍ਰਭਾਵ ਸੀ । ਉਸਨੂੰ ਪਤਾ ਸੀ ਕਿ ਭਾਵੇਂ ਕੈਨੇਡਾ ਵਿੱਚ ਉਹ ਬਾਕੀ ਲੋਕਾਂ ਦੀ ਤਰ੍ਹਾਂ ਉੱਚੀ ਹੈ ਪਰ ਭਾਰਤ ਵਿੱਚ ਉਹ ਨੀਵੀਂ ਜਾਤੀ ਦੀ ਹੀ ਸਮਝੀ ਜਾਂਦੀ ਹੈ। ਪਿਤਾ ਦੀਆਂ ਦੱਸੀਆਂ ਗੱਲਾਂ ਨੇ ਉਸਨੂੰ ਬਹੁਤ ਭਾਵੁਕ ਬਣਾ ਦਿੱਤਾ ਸੀ ਅਤੇ ਉਹ ਹਰ ਉਸ ਇਨਸਾਨ ਦੀ ਮੱਦਦ ਕਰਨਾ ਚਾਹੁੰਦੀ ਸੀ ਜਿਸ ਉਪਰ ਉੱਚੀ ਜਾਤ ਖਾਸ ਕਰਕੇ ਜੱਟ ਤੱਬਕੇ ਨੇ ਤਸ਼ਦਦ ਕੀਤਾ ਹੋਵੇ। ਭਾਵੇਂ ਉੱਚੀਆਂ ਜਾਤਾਂ ਤਾਂ ਹੋਰ ਬਥੇਰੀਆਂ ਹਨ ਪਰ ਉਹਨਾਂ ਦਾ ਵਾਹ ਤਾਂ ਜੱਟਾਂ ਨਾਲ ਹੀ ਪਿਆ ਸੀ। 

ਉਹ ਸ਼ਿੰਦੇ ਦੀਆਂ ਭਾਵਨਾਵਾਂ ਨੂੰ ਸਮਝਦੀ ਸੀ। ਏਸੇ ਕਰਕੇ ਹੀ ਉਸਨੇ ਇਕ ਦਿਨ ਸ਼ਿੰਦੇ ਨੂੰ ਸਲਾਹ ਦਿੱਤੀ ਕਿ ਆਪਾਂ ਮਾਂ ਨੂੰ ਅਪਲਾਈ ਕਰਕੇ ਮੰਗਵਾ ਲਈਏ। ਸ਼ਿੰਦੇ ਦਾ ਚਿੱਤ ਤਾਂ ਕਰਦਾ ਕਿ ਕਿਸੇ ਨਾ ਕਿਸੇ ਤਰੀਕੇ ਉਸਦੀ ਮਾਸੀ ਵੀ ਆ ਜਾਵੇ ਪਰ ਆਵੇ ਤਾਂ ਕਿਵੇਂ ਆਵੇ …..। ਮਾੜੇ ਦਿਨਾਂ ਵਿੱਚ ਮਾਸੀ ਨੇ ਹੀ ਤਾਂ ਸਹਾਰਾ ਦਿੱਤਾ ਸੀ। ਉਸਦਾ ਰੋਮ ਰੋਮ ਮਾਸੀ ਦਾ ਰਿਣੀ ਸੀ।

ਬਚਨੋ ਦਾ ਅਪਲਾਈ ਹੋ ਗਿਆ ਅਤੇ ਛੇਤੀ ਹੀ ਉਹ ਆਪਣੇ ਨੂੰਹ ਪੁਤ ਕੋਲ ਆ ਗਈ। ਸਾਰਾ ਸਾਰਾ ਦਿਨ ਸਿਆਲਾਂ ‘ਚ ਨੰਗੇ ਪੈਰੀਂ ਠੁਰ ਠੁਰ ਕਰਦੀ ਬਚਨੋ ਹੁਣ ਮਹਿਲ ਵਰਗੇ ਘਰ ‘ਚ ਫਾਇਰ ਪਲੇਸ ਦੇ ਸਾਹਮਣੇ ਬੈਠੀ ਸੀ। ਠੰਡੇ ਮੁਲਕ ‘ਚ ਵੀ ਨਿੱਘੀ ਨਿੱਘੀ ਹੋਈ ਬੈਠੀ ਸੀ।

ਸ਼ਿੰਦਾ ਆਪਣੀ ਪੜ੍ਹਾਈ ਦੇ ਨਾਲ ਫਾਰਮ ਦੀ ਦੇਖ ਭਾਲ ਵੀ ਕਰਦਾ। ਉਹ ਖੁਦ ਟਰੈਕਟਰ ਚਲਾਉਂਦਾ, ਬਲੂ-ਬੇਰੀ ਦੇ ਖੇਤ ਚੋਂ ਖੁੱਦ ਘਾਹ ਕੱਢਦਾ ਅਤੇ ਪੌਦਿਆਂ ਨੂੰ ਛਾਂਗਦਾ। ਭਾਵੇਂ ਉਸ ਕੋਲ ਕਈ ਕਈ ਕਾਮੇ ਹੁੰਦੇ ਸਨ ਪਰ ਉਸਨੂੰ ਹਥੀਂ ਕੰਮ ਕਰਨਾ ਬਹੁਤ ਚੰਗਾ ਲੱਗਦਾ ਸੀ। ਉਹ ਕਦੇ ਵੀ ਕਿਸੇ ਕਾਮੇ ਨੂੰ ਕੌੜਾ ਨਾ ਬੋਲਦਾ। ਸਭ ਨੂੰ ਜੀ ਜੀ ਕਰਦਾ ਰਹਿੰਦਾ। ਵੱਡਿਆਂ ਦਾ ਸਤਿਕਾਰ ਕਰਦਾ ਅਤੇ ਛੋਟਿਆਂ ਨਾਲ ਪਿਆਰ ਨਾਲ ਪੇਸ਼ ਆਉਂਦਾ। ਕਾਮੇ ਵੀ ਉਸਨੂੰ ਪੂਰਾ ਮਾਣ ਸਤਿਕਾਰ ਤੇ ਪਿਆਰ ਦਿੰਦੇ।

ਇਕ ਦਿਨ ਬਲੂ ਬੇਰੀ ਪੂਰੇ ਜੋਰ ਸ਼ੋਰ ਨਾਲ ਤੋੜੀ ਜਾ ਰਹੀ ਸੀ। ਕਿਸੇ ਦੇ ਰੌਲਾ ਪਾਉਣ ਦੀ ਆਵਾਜ਼ ਆਈ, “ ਓਏ ਆਇਓ…..ਬਿੱਕਰ ਸਿਉਂ ਨੂੰ ਪਤਾ ਨੀ ਕੀ ਹੋ ਗਿਆ।“

ਆਸੇ ਪਾਸੇ ਬੇਰੀ ਤੋੜ ਰਹੇ ਲੋਕ  ਭੱਜ ਕੇ ਗਏ। ਬਿੱਕਰ ਸਿੰਘ ਬਲੂ-ਬੇਰੀ ਦੀਆਂ ਦੋਹਾਂ ਵੱਟਾਂ ਵਿਚਕਾਰ ਡਿਗਿਆ ਪਿਆ ਸੀ।

ਸ਼ਿੰਦਾ ਵੀ ਭੱਜ ਕੇ ਗਿਆ। ਉਸਨੇ ਦੇਖਿਆ ਤਾਂ ਹੈਰਾਨ ਹੀ ਰਹਿ ਗਿਆ…. “ ਇਹ ਤਾਂ ਸਰਦਾਰ ਬਿੱਕਰ ਸਿੰਘ ਹੈ। ਇਹ ਮੇਰੇ ਫਾਰਮ ਵਿਚ ਬਲੂ ਬੇਰੀ ਤੋੜ ਰਿਹਾ ਹੈ।“

ਉਸਨੇ ਦੇਖਿਆ…ਨਬਜ਼ ਠੀਕ ਠਾਕ ਚੱਲ ਰਹੀ ਸੀ। ਉਸਨੇ ਮੁੰਹ ਤੇ ਪਾਣੀ ਦੇ ਛਿੱਟੇ ਮਾਰੇ ….ਕੁਝ ਹੋਸ਼ ਜਿਹੀ ਆਈ।

ਏਨੇ ਨੂੰ ਐਂਬੂਲੈਂਸ ਆ ਗਈ। ਕੁਝ ਹੀ ਮਿੰਟਾਂ ‘ਚ ਬਿੱਕਰ ਸਿੰਘ ਹਸਪਤਾਲ ਸੀ।

ਸ਼ਿੰਦਾ ਜਿਸਨੂੰ ਹੁਣ ਸਾਰੇ ਸ਼ਿੰਦਰ ਸਿੰਘ ਹੀ ਆਖਿਆ ਕਰਦੇ ਸਨ, ਐਬੂਲੈਂਸ ਦੇ ਪਿੱਛੇ ਹੀ ਹਸਪਤਾਲ ਚਲਾ ਗਿਆ। ਡਾਕਟਰ ਬਿੱਕਰ ਸਿੰਘ ਦੀ ਚੈਕ ਅਪ ਕਰ ਰਹੇ ਸਨ। ਇਸ ਲਈ ਸ਼ਿੰਦਾ ਬਾਹਰ ਸੋਫੇ ਤੇ ਬੈਠ ਉਡੀਕ ਕਰਨ ਲੱਗ ਪਿਆ।

ਪੰਦਰਾਂ ਵੀਹਾਂ ਮਿੰਟਾਂ ਬਾਦ ਡਾਕਟਰ ਬਾਹਰ ਆਇਆ ਤੇ ਕਹਿਣ ਲੱਗਾ, “ਇਹਨਾਂ ਨੂੰ ਕੁਝ ਦਿਨ ਏਥੇ ਹਸਪਤਾਲ ‘ਚ ਹੀ ਰਖਾਂਗੇ। ਪੂਰੀ ਜਾਂਚ ਕਰਨੀ ਪੈਣੀ ਹੈ ਕਿ ਇਸ ਤਰ੍ਹਾਂ ਬੇਹੋਸ਼ ਹੋਣ ਦਾ ਕੀ ਕਾਰਨ ਸੀ।“

ਸੋ ਬਿੱਕਰ ਸਿੰਘ ਨੂੰ ਐਮਰਹੈਂਸੀ ‘ਚੋਂ ਕੱਢ ਕੇ ਚੌਥੀ ਮੰਜ਼ਿਲ ਤੇ ਕਮਰੇ ‘ਚ ਭੇਜ ਦਿੱਤਾ।  ਨਰਸ ਨੇ ਆਕੇ ਸਿੰਦੇ ਨੂੰ ਦੱਸਿਆ ਕਿ ਹੁਣ ਤੁਸੀਂ ਉਹਨਾਂ ਦੇ ਕਮਰੇ ‘ਚ ਜਾ ਸਕਦੇ ਹੋ।

ਜਿਉਂ ਹੀ ਸ਼ਿੰਦਾ ਕਮਰੇ ‘ਚ ਦਾਖਲ ਹੋਇਆ, ਬਿੱਕਰ ਸਿੰਘ ਦੀ ਹਾਲਤ ਦੋਬਾਰਾ ਦੌਰਾ ਪੈਣ ਵਾਲੀ ਹੋ ਗਈ। ਉਹ ਹੈਰਾਨ ਪਰੇਸ਼ਾਨ ਸੀ। ਉਸਦੀ ਆਵਾਜ਼ ਨਹੀਂ ਸੀ ਨਿਕਲ ਰਹੀ।

“ਬਿਲਕੁਲ ਸ਼ਿੰਦੇ ਵਰਗਾ ਲੱਗਦਾ ਹੈ….ਪਰ ਇਹ ਏਥੇ ਕਿਵੇਂ….ਸ਼ਾਇਦ ਕੋਈ ਹੋਰ ਹੋਵੇ….ਨਹੀਂ ਨਹੀਂ ਇਹ ਸ਼ਿੰਦਾ ਹੀ ਹੈ…ਤਾਂ ਹੀ ਤਾਂ ਏਥੇ ਮੇਰੇ ਕੋਲ ਆਇਆ ਹੈ।“ 

ਮਿੰਟਾਂ ਸਕਿਟਾਂ ‘ਚ ਉਹ ਕਿਤੇ ਦਾ ਕਿਤੇ ਪੁੱਜ ਗਿਆ ।

ਸ਼ਿੰਦੇ ਨੇ ਬਿੱਕਰ ਸਿਉਂ ਦੇ ਬੈਡ ਲਾਗੇ ਪਈ ਕੁਰਸੀ ਬੈਡ ਦੇ ਨੇੜੇ ਖਿੱਚ ਲਈ ਤੇ ਬਿੱਕਰ ਸਿਉਂ ਦਾ ਹੱਥ ਫੜ ਕੇ ਬੈਠ ਗਿਆ। ਜਿਉਂ ਹੀ ਸ਼ਿੰਦੇ ਨੇ ਬਿੱਕਰ ਸਿੰਘ ਦਾ ਹੱਥ ਫੜਿਆ, ਬਿੱਕਰ ਸਿੰਘ ਨੂੰ ਯਕੀਨ ਹੋ ਗਿਆ ਕਿ ਇਹ ਸ਼ਿੰਦਾ ਹੀ ਹੈ। ਬਿੱਕਰ ਸਿੰਘ ਦੀਆਂ ਅੱਖਾਂ ਭਰ ਆਈਆਂ। ਉਹ ਲੜਖੜਾਉਂਦੀ ਆਵਾਜ਼ ‘ਚ ਕਹਿਣ ਲੱਗਾ, “ ਪੁੱਤ…..ਤੂੰ ਸ਼ਿੰ……।“

ਸ਼ਿੰਦਾ ਬਿੱਕਰ ਸਿੰਘ ਦੇ ਹੋਰ ਨੇੜੇ ਹੋ ਗਿਆ ਤੇ ਕਹਿਣ ਲੱਗਾ, “ ਹਾਂ..ਸਰਦਾਰ ਜੀ ਮੈਂ ਸ਼ਿੰਦਾ ਹੀ ਹਾਂ।“

ਬਿੱਕਰ ਸਿੰਘ ਨੇ ਸ਼ਿੰਦੇ ਨੂੰ ਗਲਵਕੜੀ ਪਾਉਣੀ ਚਾਹੀ ਪਰ ਬੈਡ ਤੋਂ ਉੱਠ ਨਾ ਸਕਿਆ।

ਸ਼ਿੰਦੇ ਨੇ ਆਪ ਲੇਟੇ ਹੋਏ ਬਿੱਕਰ ਸਿੰਘ ਨੂੰ ਗਲਵਕੜੀ ਪਾ ਲਈ।

ਦੋਹਾਂ ਦੀਆਂ ਅੱਖਾਂ ਨਮ ਸਨ।

ਸ਼ਿੰਦੇ ਨੇ ਬਿੱਕਰ ਸਿੰਘ ਨੂੰ ਆਪਣੀ ਕੈਨੇਡਾ ਆਉਣ ਦੀ ਸਾਰੀ ਕਹਾਣੀ ਦੱਸ ਦਿੱਤੀ। ਜਿਉਂ ਜਿਉਂ ਸ਼ਿੰਦਾ ਆਪਣੀ ਕਹਾਣੀ ਦੱਸ ਰਿਹਾ ਸੀ ਬਿੱਕਰ ਸਿੰਘ ਦੇ ਚੇਹਰੇ ਤੇ ਪਛਤਾਵਾ ਤੇ ਸ਼ਰਮਿੰਦਗੀ ਦਾ ਆਲਮ ਵੱਧ ਰਿਹਾ ਸੀ।  

ਬਿੱਕਰ ਸਿਉਂ ਨੇ ਵੀ ਆਪਣੀ ਗੱਲ ਦੱਸ ਦਿੱਤੀ ਕਿ ਉਹ ਆਉਣਾ ਨਹੀਂ ਸੀ ਚਾਹੁੰਦਾ ਪਰ ਜ਼ਿੰਦਰ ਨੇ ਜਿੱਦ ਕੀਤੀ ਕਿ ਕੈਨੇਡਾ ਜਾ ਕੇ ਬੁੜੇ ਬਹੁਤ ਪੈਸੇ ਬਣਾ ਲੈਂਦੇ ਆ। ਬਾਪੂ ਤੂੰ ਵੀ ਜਾ, ਨਾਲੇ ਚੰਗੇ ਮੁਲਕ ਦੀਆਂ ਮੌਜ਼ਾਂ ਮਾਣ ਤੇ ਨਾਲੇ ਪੈਸੇ ਕਮਾ ਲੋਕਾਂ ਦੇ ਬੁੜਿਆਂ ਵਾਂਗ। ਤੇਰਾ ਕਿਹੜਾ ਓਥੇ ਬਾਹਲਾ ਖਰਚ ਹੋਣਾ ਹੈ, ਸਾਡੀ ਬਹੁਤ ਮੱਦਦ ਹੋ ਜੂ ਗੀ।  

ਸ਼ਿੰਦਾ ਲਗਾਤਾਰ ਉਸਦਾ ਹੱਥ ਪਲੋਸ ਰਿਹਾ ਸੀ। ਬਿੱਕਰ ਸਿੰਘ ਲਗਾਤਾਰ ਪਸੀਜ ਰਿਹਾ ਸੀ। ਆਖਿਰ ਉਸਨੇ ਸਾਰਾ ਹੌਸਲਾ ਇਕੱਠਾ ਕਰਕੇ ਕਹਿ ਹੀ ਦਿੱਤਾ, “ ਸ਼ਿੰਦੇ ਪੁੱਤ! ਹੁਣ ਮੈਂ ਸਰਦਾਰ ਜੀ ਨਹੀਂ, ਮੈਂ ਤੇਰਾ ਚਾਚਾ ਹਾਂ।“

ਏਨਾ ਕਹਿਣ ਸਾਰ ਬਿੱਕਰ ਸਿੰਘ ਦੀ ਭੁੱਬ ਜੇਹੀ ਨਿਕਲ ਗਈ ਪਰ ਹਸਪਤਾਲ ਦੇ ਵਾਤਾਵਰਣ ਨੂੰ ਮੱਦੇ ਨਜ਼ਰ ਰੱਖਦਿਆਂ ਉਸ ਨੇ ਕਸੀਸ ਹੀ ਵੱਟ ਲਈ।

ਸ਼ਿੰਦੇ ਨੇ ਬੜੇ ਪਿਆਰ ਨਾਲ ਬਿੱਕਰ ਸਿੰਘ ਦੇ ਮੱਥੇ ਤੇ ਹੱਥ ਫੇਰਿਆ ਤੇ ਕਹਿਣ ਲੱਗਾ, “ਚਾਚਾ! ਮਨ ਖਰਾਬ ਨਹੀਂ ਕਰਨਾ। ਮੈਂ ਹੁਣ ਤੈਨੂੰ ਮਿਲ ਗਿਆਂ ਹਾਂ, ਹੌਸਲਾ ਰੱਖ। ਤੂੰ ਜਲਦੀ ਠੀਕ ਹੋ ਜਾਵੇਂਗਾ। ਮੈਂ ਕਲ੍ਹ ਨੂੰ ਬੇਬੇ ਨੂੰ ਨਾਲ ਲਿਆਊਂਗਾ। ਬਹੁਤ ਖੁਸ਼ ਹੌਊ ਤੈਨੂੰ ਮਿਲ ਕੇ।“

ਹਰਪਾਲ ਵੀ ਆ ਗਈ। ਕਿਸੇ ਕਾਮੇ ਨੇ ਫਾਰਮ ਚੋਂ ਹੀ ਹਰਪਾਲ ਨੂੰ ਫੋਨ ਕਰ ਦਿੱਤਾ ਸੀ। ਹਰਪਾਲ ਤੇ ਸ਼ਿੰਦੇ ਨੇ ਝੱਟਪਟ ਇਕ ਦੂਸਰੇ ਨੂੰ ਪਹਿਚਾਣ ਲਿਆ। ਹਰਪਾਲ ਦਾ ਆਪਣੇ ਪਤੀ ਰਵਿੰਦਰ ਨਾਲ ਤਲਾਕ ਹੋ ਚੁੱਕਾ ਸੀ। ਤਲਾਕ ਦੇ ਪਿੱਛੇ ਉਸਦੇ ਪਤੀ ਰਵਿੰਦਰ ਦੀ ਸ਼ਰਾਬ ਦੀ ਆਦਤ ਸੀ। ਉਹ ਪੀ ਕੇ, ਬਹਾਨੇ ਬਣਾ ਬਣਾ ਹਰਪਾਲ ਦੀ ਕੁੱਟ ਮਾਰ ਕਰਦਾ ਰਹਿੰਦਾ। ਆਖਿਰ ਹਰਪਾਲ ਸ਼ਰਾਬੀ ਰਵਿੰਦਰ ਤੋਂ ਖਹਿੜਾ ਛੁਡਾ ਆਪਣੇ ਦੋ ਬੱਚਿਆਂ ਅਤੇ ਬਾਪ ਨਾਲ ਕਿਸੇ ਦੀ ਬੇਸਮਿੰਟ ‘ਚ ਰਹਿਣ ਲੱਗ ਪਈ ਸੀ।

ਹਰਪਾਲ ਤੇ ਸ਼ਿੰਦਾ ਚਿਰਾਂ ਤੋਂ ਵਿਛੜੇ ਭੈਣ ਭਰਾਵਾਂ ਵਾਂਗ ਮਿਲੇ। ਓਦੋਂ ਜਦੋਂ ਸ਼ਿੰਦੇ ਨੂੰ ਬਿੱਕਰ ਸਿਉਂ ਤੋਂ ਗਾਲ੍ਹਾਂ ਮਿਲਦੀਆਂ ਸਨ, ਹਰਪਾਲ ਨੂੰ ਸ਼ਿੰਦੇ ਨਾਲ ਹਮਦਰਦੀ ਰਹਿੰਦੀ ਸੀ। ਉਹ ਜਦੋਂ ਵੀ ਬਿੱਕਰ ਸਿੰਘ ਨੂੰ ਘਰ ਲਿਜਾਣ ਵਾਸਤੇ ਰੋਟੀ ਦਿੰਦੀ ਤਾਂ ਦਾਲ ‘ਚ ਬਹੁਤਾ ਸਾਰਾ ਘਿਉ ਪਾ ਦਿੰਦੀ ਸੀ ਅਤੇ ਸਾਰਿਆਂ ਤੋਂ ਚੋਰੀ ਸ਼ਿੰਦੇ ਵਾਸਤੇ ਕਾੜ੍ਹਨੀ ਦਾ ਦੁੱਧ ਵੀ ਦੇ ਦਿਆ ਕਰਦੀ ਸੀ। ਉਸਨੂੰ ਸ਼ਿੰਦਾ ਆਪਣਾ ਵੀਰ ਵੀਰ ਜਿਹਾ ਲਗਿਆ ਕਰਦਾ ਸੀ, ਪਰ ਉਸਨੇ ਆਪਣੀ ਇਸ ਹਮਦਰਦੀ ਦੀ ਭਿਣਕ ਕਿਸੇ ਦੇ ਕੰਨੀਂ ਨਾ ਪੈਣ ਦਿੱਤੀ।

ਹਰਪਾਲ ਨੇ ਸ਼ਿੰਦੇ ਦੁਆਲਿਓਂ ਆਪਣੀਆਂ ਬਾਹਾਂ ਢਿਲੀਆਂ ਕਰਦੇ ਹੋਏ ਕਿਹਾ, “ਸ਼ਿੰਦੇ ਵੀਰ! ਤੂੰ ਮੈਨੂੰ ਬੜਾ ਪਛਾਣਿਆ?“

ਸ਼ਿੰਦੇ ਨੇ ਬੜੇ ਪਿਆਰ ਨਾਲ ਉਸਨੂੰ ਫਿਰ ਗਲਵਕੜੀ ਪਾ ਲਈ ਤੇ ਕਹਿਣ ਲੱਗਾ, “ ਭੈਣੇ! ਮੈਂ ਕਿਵੇਂ ਭੁੱਲ ਸਕਦਾ ਸੀ ਤੈਨੂੰ? ਤੇਰਾ ਖਾਮੋਸ਼ ਪਿਆਰ ਹਮੇਸ਼ਾਂ ਹੀ ਮੇਰੇ ਨਾਲ ਰਿਹਾ ਹੈ। ਤੂੰ, ਤੂੰ….ਹੁਣ ਭੋਰਾ ਫਿਕਰ ਨਾ ਕਰ…..ਮੈਂ, ਤੇਰਾ ਵੀਰ ਤੇਰੇ ਨਾਲ ਹਾਂ।“

ਕੁਝ ਦੇਰ ਹੋਰ ਬਹਿ ਕੇ ਅਤੇ ਅੱਗਲੇ ਦਿਨ ਬੇਬੇ ਤੇ ਸਿਮਰ ਨੂੰ ਨਾਲ ਲਿਆਉਣ ਦਾ ਵਾਅਦਾ ਕਰਕੇ ਸ਼ਿੰਦਾ ਘਰ ਆ ਗਿਆ।

ਬਿੱਕਰ ਸਿਉਂ ਨੂੰ ਨਰਸ ਸੌਣ ਲਈ ਗੋਲੀ ਦੇ ਗਈ। ਨਹੀਂ ਤਾਂ ਸ਼ਾਇਦ ਬਿੱਕਰ ਸਿਉਂ ਨੂੰ ਨੀਂਦ ਹੀ ਨਾ ਆਉਂਦੀ। ਉਸਨੂੰ ਧੁੜਕੂ ਸੀ ਕਿ ਬਚਨੋ ਉਸਦਾ ਪਤਾ ਲੈਣ ਆਵੇਗੀ ਕਿ ਨਹੀਂ। ਜੇ ਆਈ ਤਾਂ ਕਿਹੜੇ ਮੂੰਹ ਨਾਲ ਉਸਦੇ ਸਾਹਮਣੇ ਹੋਵੇਗਾ। ਸੋਚਦਾ ਸੋਚਦਾ ਉਹ ਸੌ ਗਿਆ।

ਸ਼ਿੰਦੇ ਨੇ ਘਰ ਆ ਕੇ ਸਾਰੀ ਕਹਾਣੀ ਆਪਣੀ ਮਾਂ ਬਚਨੋ ਤੇ ਸਿਮਰ ਨੂੰ ਦੱਸੀ। ਬਚਨੋ ਤਾਂ ਬਿੱਕਰ ਸਿਉਂ ਨੂੰ ਮਿਲਣ ਲਈ ਬਹੁਤ ਹੀ ਉਤਾਵਲੀ ਹੋ ਗਈ। ਉਸਨੂੰ ਆਪਣੇ ਪੁੱਤ ਤੇ ਮਾਣ ਵੀ ਸੀ ਕਿ ਹੁਣ ਦਿਖਾਊਗੀ ਬਿੱਕਰ ਸਿਉਂ ਨੂੰ ਕਿ ਇਉਂ ਕਿਸਮਤ ਪਲਟੇ ਮਾਰਦੀ ਹੈ ਤੇ ਹੁਣ ਮੇਰਾ ਪੁੱਤ ਕਿਸੇ ਡੀ ਸੀ ਤੋਂ ਘੱਟ ਨੀ!

ਅੱਗਲੇ ਦਿਨ ਤਿੰਨੇ ਜਣੇ ਬਿੱਕਰ ਸਿੰਘ ਨੂੰ ਮਿਲਣ ਹਸਪਤਾਲ ਚਲੇ ਗਏ। ਬਿੱਕਰ ਸਿੰਘ ਬਚਨੋ ਨੂੰ ਦੇਖ ਕੇ ਪਹਿਲਾਂ ਤਾਂ ਕੁਝ ਸ਼ਰਮਿੰਦਾ ਜਿਹਾ ਹੋ ਗਿਆ ਪਰ ਇਹ ਦੇਖ ਕੇ ਬਚਨੋ ਦੇ ਚਿਹਰੇ ਤੇ ਤਾਂ ਕਿਸੇ ਵੀ ਤਰ੍ਹਾਂ ਦਾ ਗਿਲਾ ਸ਼ਿਕਵਾ ਨਹੀਂ ਹੈ, ਉਹ ਕੁਝ ਹੌਸਲੇ ‘ਚ ਆ ਗਿਆ। ਬਚਨੋ ਨੇ ਆਪਣੇ ਰੋਸ ਤੇ ਕਾਬੂ ਪਾ ਲਿਆ ਸੀ ਜਾਂ ਇਸ ਤਰ੍ਹਾਂ ਕਹਿ ਲਵੋ ਕਿ ਸ਼ਿੰਦੇ ਨੂੰ ਬਿਲਕੁਲ ਸਾਂਤ ਦੇਖ ਬਿੱਕਰ ਸਿਉਂ ਪ੍ਰਤੀ ਉਸਨੇ ਆਪਣੀਆਂ ਵਿਰੋਧੀ ਸੁਰਾਂ ਨੂੰ ਕਾਬੂ ਕਰ ਲਿਆ ਸੀ।  

ਬਚਨੋ ਨੇ ਸਤਿ ਸ੍ਰੀ ਅਕਾਲ ਸਰਦਾਰ ਜੀ ਕਿਹਾ।

ਬਿੱਕਰ ਸਿੰਘ ਦਾ ਮਨ ਭਰ ਆਇਆ। ਬਚਨੋ ਨੇ ਬਹੁਤ ਸੋਹਣਾ ਸੁਫਿਆਨਾ ਜਿਹਾ ਸੂਟ ਪਾਇਆ ਹੋਇਆ ਸੀ। ਇਸ ਵੇਲੇ ਉਹ ਕੋਈ ਵੱਡੀ ਸਰਦਾਰਨੀ ਲੱਗ ਰਹੀ ਸੀ।

ਬਿੱਕਰ ਸਿੰਘ ਨੇ ਭਰੇ ਗੱਚ ਨਾਲ ਸਤਿ ਸ੍ਰੀ ਆਕਾਲ ਦਾ ਜਵਾਬ ਦਿੱਤਾ ਤੇ ਕਿਹਾ, ”ਕੀ ਹਾਲ ਹੈ ਬਚਨ ਕੁਰੇ।“

ਬਚਨੋ ਹੁਣ ਬਚਨੋ ਤੋਂ ਬਚਨ ਕੁਰ ਬਣ ਗਈ ਸੀ।

‘ਬਚਨ ਕੁਰ‘ ਸੁਣ ਕੇ ਬਚਨੋ ਦਾ ਮਨ ਭਰ ਆਇਆ। ਉਸਨੇ ਭਰੇ ਗਲੇ ਨਾਲ ਕਿਹਾ, “ਮੈਂ ਤਾਂ ਠੀਕ ਆਂ, ਪਰ ਇਹ ਤੁਹਾਨੂੰ ਕੀ ਹੋ ਗਿਆ। ਸ਼ਿੰਦਾ ਤਾਂ ਬਾਹਲਾ ਹੀ ਫਿਕਰ ਕਰਦਾ ਰਿਹਾ ਸਾਰੀ ਰਾਤ।“

ਬਿੱਕਰ ਸਿੰਘ ਇਕ ਦਮ ਬੋਲ ਪਿਆ, “ਦੇਖ ਜੈਲਾ ਮੈਥੋਂ ਬਹੁਤ ਵੱਡਾ ਸੀ, ਮੇਰਾ ਤੂੰ ਨਾਂ ਹੀ ਲੈ ਦਿਆ ਕਰ।“

ਸਾਰੇ ਜਣੇ ਥੋੜਾ ਜਿਹਾ ਹੱਸ ਪਏ। ਸਿਮਰ ਨੇ ਬਿੱਕਰ ਸਿਉਂ ਦੇ ਪੈਰੀਂ ਹੱਥ ਲਾਏ। ਬਿੱਕਰ ਸਿੰਘ ਨੇ ਸੌ ਸੌ ਅਸੀਸਾਂ ਦਿੱਤੀਆਂ।

ਤਿੰਨ ਚਾਰ ਦਿਨਾਂ ਬਾਦ ਬਿੱਕਰ ਸਿੰਘ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਡਾਕਟਰਾਂ ਨੇ ਸਾਰੀ ਚੈਕ-ਅਪ ਕਰਕੇ ਕਹਿ ਦਿੱਤਾ ਕਿ ਇਹ ਹੁਣ ਬਿਲਕੁਲ ਤੰਦਰੁਸਤ ਹੈ। ਗਰਮੀ ਕਾਰਣ ਮਾਮੂਲੀ ਜਿਹਾ ਚਕਰ ਆਉਣ ਕਰਕੇ ਬੇ ਹੋਸ਼ ਹੋ ਗਿਆ ਸੀ। ਖੂਨ ਦੀ ਕੁਝ ਕਮੀ ਹੈ ਉਸ ਲਈ ਦਵਾਈ ਲਿਖ ਦਿੱਤੀ ਹੈ।

ਸ਼ਿੰਦਾ, ਬਿੱਕਰ ਸਿੰਘ ਨੂੰ ਆਪ ਹਸਪਤਾਲੋਂ ਲੈਣ ਗਿਆ। ਜਿਸ ਬੇਸਮਿੰਟ ਵਿੱਚ ਬਿੱਕਰ ਸਿੰਘ ਤੇ ਹਰਪਾਲ ਰਹਿ ਰਹੇ ਸਨ, ਉਹ ਬਹੁਤ ਪੁਰਾਣੀ ਅਤੇ ਹਨੇਰੀ ਜਿਹੀ ਸੀ। 

ਹਰਪਾਲ ਨੇ ਬੜੇ ਹੀ ਚਾਅ ਨਾਲ ਆਪਣੇ ਬੱਚਿਅਾਂ ਨੂੰ ਦੱਸਿਆ ਕਿ ਤੁਹਾਡਾ ਮਾਮਾ ਜੀ ਹੈ। ਸ਼ਿੰਦੇ ਨੇ ਵੀ ਬੱਚਿਆਂ ਨੂੰ ਲੋਹੜੇ ਦਾ ਪਿਆਰ ਦਿੱਤਾ।

ਸ਼ਿੰਦੇ ਦਾ ਦਿਲ ਤਾਂ ਕੀਤਾ ਕਿ ਉਹ ਆਖ ਦੇਵੇ, “ਚਾਚਾ ਉੱਠ….ਮੇਰੇ ਨਾਲ ਚਲ। ਏਨੇ ਵੱਡੇ ਘਰ ਅਸੀਂ ਤਿੰਨ ਜਾਣੇ ਹੀ ਤਾਂ ਹਾਂ। ਤੁਹਾਡੇ ਜੋਗੀ ਬਥੇਰੀ ਥਾਂ ਹੈ।“

ਪਰ ਕਿਸੇ ਸੋਚ ਨੇ ਉਸ ਨੂੰ ਚੁੱਪ ਰਹਿਣ ਲਈ ਹੀ ਕਿਹਾ। ਉਸਨੇ ਆਪਣੀ ਮਾਂ ਤੇ ਸਿਮਰ ਨਾਲ ਵੀ ਸਲਾਹ ਨਹੀਂ ਸੀ ਕੀਤੀ। ਇਸ ਲਈ ਉਹ ਬਿਨਾਂ ਕੁਝ ਕਹੇ ਵਾਪਿਸ ਆ ਗਿਆ।

ਤੀਸਰੇ ਦਿਨ ਸ਼ਿੰਦਾ ਫਿਰ ਬਿੱਕਰ ਸਿੰਘ ਤੇ ਹਰਪਾਲ ਨੂੰ ਮਿਲਣ ਚਲਾ ਗਿਆ। ਬਿੱਕਰ ਸਿੰਘ ਕਹਿਣ ਲੱਗਾ, “ਪੁਤ ਮੇਰਾ ਵਿਹਲੇ ਬੈਠਿਆਂ ਨਹੀਂ ਸਰਦਾ। ਕੁੜੀ ਦੀ ਕਮਾਈ ਨਾਲ ਕੁਝ ਨੀ ਬਣਦਾ, ਨਾਲੇ ਇਹਨੂੰ ਵੀ ਤਾਂ ਮਸਾਂ ਬਾਰਾਂ ਤੇਰਾਂ ਡਾਲੇ ਮਿਲਦੇ ਆ। ਤੂੰ ਦੱਸ ਮੈਂ ਹੁਣ ਕੰਮ ਕਰਨ ਕਦੋਂ ਆਵਾਂ ਤੇ ਨਾਲੇ ਜੇ ਤੂੰ ਮੈਨੂੰ ਫਾਰਮ ਤੇ ਬੇਰੀ ਟੁਟਣ ਤੋਂ ਬਾਦ ਤੇ ਕੋਈ ਹੋਰ ਕੰਮ ਦੇ ਦੇਵੇਂ ਤਾਂ ਜਾਨ ਸੌਖੀ ਰਹੂ।“

ਸ਼ਿੰਦੇ ਨੇ ਡੂੰਘਾ ਸਾਹ ਲਿਆ ਤੇ ਕਿਹਾ, “ਚਾਚਾ ਹੁਣ ਤੂੰ ਫਾਰਮ ਦੀ ਦੇਖ ਭਾਲ ਕਰਨੀ ਹੈ। ਮੇਰੀਆਂ ਤਾਂ ਕਲਾਸਾਂ ਸ਼ੁਰੂ ਹੋ ਜਾਣੀਆਂ ਹਨ। ਤੈਨੂੰ ਹੀ ਸਾਰੇ ਫਾਰਮ ਦੀ ਦੇਖ ਭਾਲ ਕਰਨੀ ਪੈਣੀ ਹੈ। ਸਾਰਿਆਂ ਤੇ ਨਿਗਾਹ ਰੱਖਣੀ ਪੈਣੀ ਹੈ। ਤੂੰ ਸੁਪਰਵਾਈਜ਼ਰ ਹੈ ਚਾਚਾ! ਐਵੇਂ ਨਾ ਝੂਰਿਆ ਕਰ…ਕਹਿ ਦੇ ਆਪਣੇ ਬੇਲੀਆਂ ਨੂੰ ਕਿ ਮੈਂ ਬੰਤਾ ਫਾਰਮ ਦਾ ਸੁਪਰਵਾਈਜ਼ਰ ਹਾਂ।“

ਬਿੱਕਰ ਸਿੰਘ, ਹਰਪਾਲ ਤੇ ਦੋਨੋਂ ਬੱਚੇ ਫਾਰਮ ‘ਚ ਸੁਪਰਵਾਈਜ਼ਰ ਲਈ ਬਣੇ ਛੋਟੇ ਜਿਹੇ ਪਰ ਖੁਬਸੂਰਤ ਘਰ ਵਿੱਚ ਰਹਿਣ ਲੱਗ ਪਏ । 

***

   

surrender_geet
+403-605-3734 | sgeetgill@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ