15 October 2024

ਸ਼ਾਦੀਸ਼ੁਦਾ ਛੜਾ—ਅਵਤਾਰ ਐਸ. ਸੰਘਾ

ਰਿੱਕ ਦੇ ਮਾਪੇ ਉਸਤੋਂ ਅੰਤਾਂ ਦੇ ਦੁਖੀ ਸਨ। ਪੰਜਾਬ ਵਿੱਚ ਰਹਿੰਦੇ ਹੋਏ ਉਸਨੇ ਨਾ ਤਾਂ ਪੜ੍ਹਾਈ ਚੱਜ ਨਾਲ਼ ਕੀਤੀ ਤੇ ਨਾ ਹੀ ਕੋਈ ਕੰਮ ਕੀਤਾ। ਮਾਪਿਆਂ ਦੀ ਪੂਰੀ ਕੋਸ਼ਿਸ਼ ਕਰਨ ਤੇ ਉਹ ਬਾਹਰਵੀਂ ਜਮਾਤ ਵੀ ਪਾਸ ਨਾ ਕਰ ਸਕਿਆ। ਖੇਤੀ ਦੇ ਕੰਮ ਤੋਂ ਤਾਂ ਉਸਨੇ ਪੂਰਾ ਮੂੰਹ ਮੋੜ ਲ਼ਿਆ ਸੀ। ਜਦ ਪਿਓ ਨੇ ਕਹਿਣਾ, ‘ਜਾਹ ਮੱਝ ਲਈ ਚਾਰਾ ਹੀ ਲੈ ਆ’, ਤਾਂ ਉਸਨੇ ਪਿਓ ਨੂੰ ਟੁੱਟ ਕੇ ਪੈ ਜਾਣਾ, ਖੇਤੀ ਦੇ ਕੰਮ ਤਾਂ ਦੂਰ ਦੀ ਗੱਲ ਸੀ। ਜਦ ਉਹ ਖੇਤੀ ਤੋਂ ਪੂਰਾ ਮੂੰਹ ਮੋੜ ਗਿਆ ਤਾਂ ਪਿਓ ਨੇ ਉਸਨੂੰ ਕਾਰ ਲੈ ਦਿੱਤੀ। ਪਿਓ ਨੇ ਸੋਚਿਆ ਕਿ ਹੌਲ਼ੀ ਹੌਲ਼ੀ ਟੈਕਸੀ ਦੇ ਕਿੱਤੇ ਵਿੱਚ ਪੈ ਜਾਊ।

ਜਦ ਰਿੱਕ ਨੂੰ ਟੈਕਸੀ ਦਾ ਕੰਮ ਕਰਦੇ ਨੂੰ ਦੋ ਕੁ ਮਹੀਨੇ ਹੋ ਗਏ ਤਾਂ ਉਸਨੇ ਇਸ ਕਿੱਤੇ ਨੂੰ ਵੀ ਗਾਲ਼ਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ, “ਮੈਂ ਇਹ 24 ਘੰਟੇ ਚਲੋ ਚਲੀ ਵਾਲ਼ਾ ਕੰਮ ਨਹੀਂ ਕਰ ਸਕਦਾ। ਸਵੇਰੇ ਨੂੰ ਇੱਥੇ। ਸ਼ਾਮ ਨੂੰ ਦਿੱਲੀ। ਸਾਥੀ ਡਰਾਇਵਰਾਂ ਨਾਲ਼ ਨਿਘੋਚਾਂ। ਹਰ ਵੇਲ਼ੇ ਬੰਦਾ ਸੜਕ ਤੇ। ਹਰ ਵੇਲ਼ੇ ਐਕਸੀਡੈਂਟ ਦਾ ਡਰ। ਪਰਸੋਂ ਕਰਨਾਲ ਨੇੜੇ ਕਾਰ ਖਰਾਬ ਹੋ ਗਈ। ਸਾਰੀ ਰਾਤ ਠੀਕ ਕਰਨ ਨੂੰ ਲੱਗ ਗਈ। ਥਾਂ ਥਾਂ ਬੈਰੀਅਰ। ਪੈਸਿਆਂ ਦਾ ਖੌਅ। ਮਾੜੇ ਮੁਸਾਫਰ। ਲੁੱਟ ਖੋਹ ਦਾ ਹਰ ਵੇਲ਼ੇ ਡਰ। ਪਿਛਲੇ ਹਫਤੇ ਦੋ ਮਾੜੇ ਬੰਦੇ ਬਹਿ ਗਏ। ਜਦ ਤੱਕ ਆਪਣੇ ਟਿਕਾਣੇ ਤੇ ਨਹੀਂ ਪਹੁੰਚ ਗਏ, ਡਰ ਹੀ ਡਰ। ਇਵੇਂ ਲੱਗੀ ਜਾਵੇ ਜਿਵੇਂ ਕਾਰ ਨੂੰ ਹਾਈਜੈਕ ਕਰਕੇ ਅਸੰਧ ਤੇ ਰੋਹਤਕ ਵਲ ਨੂੰ ਨਾ ਲੈ ਜਾਣ। ਮੈਂ ਨਹੀਂ ਇਹ ਕੰਮ ਕਰਨਾ। ਟੈਕਸੀ ਸਟੈਂਡ ਦੇ ਮੂਹਰੇ ‘ਛੜਾ ਮਕੈਨੀਕਲ ਵਰਕਸ’ ਹੈ। ਮਾਲਕ ਕੇਵਲ ਸਿੰਘ ਛੜਾ ਹੈ। ਉਹਦੇ ਨਾਲ਼ ਗੱਲ ਕਰਕੇ ਮੈਨੂੰ ਮਕੈਨਕੀ ਸਿੱਖਣ ਲਗਾ ਦਿਓ। ਸਾਲ ਕੁ ਕੰਮ ਸਿੱਖ ਕੇ ਆਪਣੀ ਵਰਕਸ਼ਾਪ ਖੋਲ੍ਹ ਲਵਾਂਗੇ।”

“ਛੜਾ ?” ਪਿਓ ਨੇ ਹੈਰਾਨ ਹੋ ਕੇ ਪੁੱਛਿਆ।

“ਉਹ ਬੜੇ ਪਿੰਡ ਵਾਲ਼ਾ।”


“ਕੇਵਲ?”


“ਹਾਂ, ਕੇਵਲ।”


“ਕੀ ਉਹ ਹੁਣ ਤੱਕ ਛੜਾ ਹੀ ਏ? ਬੁੱਢ ਬਲੇਦ ਹੋ ਗਿਆ ਏ?”


“ਪਿਤਾ ਜੀ, ਉਹ ਵਿਆਹਿਆ ਵਰਿਆ ਹੋਇਆ ਸੀ। ਉਹਦੇ ਦੋ ਬੱਚੇ ਵੀ ਹਨ।”


“ਫਿਰ ਉਹਨੂੰ ਛੜਾ ਕਿਓਂ ਕਹਿੰਦੇ ਹੋ?”


“ਅਸਲ ਵਿੱਚ ਉਸਦੀ ਘਰਵਾਲ਼ੀ ਕਿਸੇ ਨਾਲ਼ ਦੌੜ ਗਈ ਸੀ। ਸ਼ੁਗਲ ਵਿੱਚ ਟੈਕਸੀ ਡਰਾਇਵਰਾਂ ਨੇ ਉਸਦੀ ਅੱਲ ‘ਛੜਾ’ ਹੀ ਪਾ ਲਈ। ਆਪਣੇ ਇੱਕ ਡਰਾਇਵਰ ਏ–ਭੀਲਾ। ਬੜਾ ਬਹਿਬਤੀ ਏ। ਉਹਦੀ ਦੁਕਾਨ ਮੂਹਰੇ ਦਰਵਾਜੇ ਤੇ ਹਰੇ ਰੰਗ ਨਾਲ਼ ‘ਛੜੇ ਦੀ ਦੁਕਾਨ’ ਲਿਖ ਆਇਆ। ਮੂਹਰੇ ਉਹ ਭੀਲੇ ਦਾ ਵੀ ਪਤੰਦਰ! ਉਹਨੇ ਇਹ ਆਪਣੇ ਫੱਟੇ ਤੋਂ ਸਾਫ ਹੀ ਨਹੀਂ ਕਰਵਾਇਆ। ਹੌਲ਼ੀ ਹੌਲ਼ੀ ਲੋਕ ਉਸ ਦੁਕਾਨ ਨੂੰ ਛੜੇ ਦੀ ਵਰਕਸ਼ਾਪ ਹੀ ਸੱਦਣ ਲੱਗ ਪਏ।”

ਇਸ ਪ੍ਰਕਾਰ ਰਿੱਕ ਨੇ ਟੈਕਸੀ ਕਿੱਤਾ ਛੱਡ ਦਿੱਤਾ ਤੇ ਛੜੇ ਨਾਲ਼ ਕੰਮ ਸਿੱਖਣ ਲੱਗ ਪਿਆ। ਉਹਨੂੰ ਇੱਥੇ ਵੀ ਸੰਤੁਸ਼ਟੀ ਨਾ ਹੋਈ। ਛੇ ਕੁ ਮਹੀਨੇ ਵਿੱਚ ਹੀ ਉਹ ਇਸ ਕੰਮ ਤੋਂ ਵੀ ਉਕਤਾ ਗਿਆ। ਅਸਲ ਵਿੱਚ ਉਸਦੇ ਪਿੰਡ ‘ਚੋਂ ਵੀ ਤੇ ਆਲ਼ੇ ਦੁਆਲ਼ੇ ਦੇ ਪਿੰਡਾਂ ‘ਚੋਂ ਵੀ ਬਹਤ ਸਾਰੇ ਮੁੰਡੇ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਸਨ। ਕੋਈ ਸਹੀ ਤਰੀਕੇ ਨਾਲ਼ ਜਾ ਰਿਹਾ ਸੀ ਤੇ ਕੋਈ ਗਲਤ ਤਰੀਕੇ ਨਾਲ਼। ਟਰੈਵਲ ਏਜੰਟ ਜਵਾਨ ਤਬਕੇ ਨੂੰ ਕੈਨੇਡਾ, ਆਸਟਰੇਲੀਆ, ਇਟਲੀ, ਅਮਰੀਕਾ, ਨਿਊਜ਼ੀਲੈਂਡ ਆਦਿ ਵਿੱਚ ਸੈਟ ਕਰਨ ਦੇ ਝਾਂਸੇ ਦੇ ਰਹੇ ਸਨ। ਰਿੱਕ ਵੀ ਇਨ੍ਹਾਂ ਝਾਂਸਿਆਂ ਦਾ ਸ਼ਿਕਾਰ ਹੋਣ ਤੋਂ ਨਾ ਬਚ ਸਕਿਆ। ਏਜੰਟਾਂ ਨੇ ਇੱਕ ਨਵਾਂ ਤਰੀਕਾ ਵੀ ਖੋਜ ਕਰ ਮਾਰਿਆ ਸੀ। ਇਹ ਸੀ ਠੇਕੇ ਦਾ ਵਿਆਹ ਜਾਂ ਕੰਟਰੈਕਟ ਵਿਆਹ। ਬਾਹਰਲੇ ਦੇਸ਼ਾਂ ਵਿੱਚ ਪੱਕੀ ਹੋ ਚੁੱਕੀ ਲੜਕੀ ਨੇ ਤਾਂ ਰਿੱਕ ਨੂੰ ਵਿਆਹ ਦੇ ਆਧਾਰ ਤੇ ਕੀ ਬੁਲਾਉਣਾ ਸੀ? ਕਾਰਨ ਸੀ ਰਿੱਕ ਦੀ ਘੱਟ ਪੜ੍ਹਾਈ ਤੇ ਅਨਪੜ੍ਹ ਪਿਛੋਕੜ। ਠੇਕੇ ਦੇ ਵਿਆਹ ਦੇ ਆਧਾਰ ਤੇ ਉਸਦਾ ਕੇਸ ਗੌਰਿਆ ਜਾ ਸਕਦਾ ਸੀ ਕਿਉਂਕਿ ਉਸ ਪਾਸ ਜਮੀਨ ਦੇ ਪੰਜ ਕੁ ਖੇਤ ਸਨ। ਅਖਬਾਰਾਂ ਵਿੱਚ ਵਿਆਹ ਦੇ ਆਧਾਰ ਤੇ ਬਾਹਰ ਜਾਣ ਲਈ ਇਸ ਪ੍ਰਕਾਰ ਦੇ ਇਸ਼ਤਿਹਾਰ ਲੋਕਾਂ ਦਾ ਆਮ ਧਿਆਨ ਖਿੱਚਦੇ ਸਨ:-
“ਆਈਲੈਟਸ ਪਾਸ ਲੜਕੀ ਲਈ ਉਸ ਲੜਕੇ ਦੀ ਜਰੂਰਤ ਹੈ ਜਿਹੜਾ 20 ਲੱਖ ਰੁਪਏ ਖਰਚ ਕਰ ਸਕਦਾ ਹੋਵੇ। ਇਹ ਸਿਰਫ ਕਾਗਜ਼ੀ ਵਿਆਹ ਹੋਵੇਗਾ ਤੇ ਸਿਰਫ ਉਦੋਂ ਤੱਕ ਚਲਦਾ ਰਹੇਗਾ ਜਦ ਤੱਕ ਲੜਕੀ ਆਪ ਪੱਕੀ ਹੋ ਕੇ ਲੜਕੇ ਨੂੰ ਪੱਕਾ ਨਹੀਂ ਕਰਵਾ ਦਿੰਦੀ।”

ਏਜੰਟਾਂ ਪਾਸ ਇਹੋ ਜਿਹੇ ਹੋਰ ਵੀ ਕਈ ਕੇਸ ਸਨ।

“ਡੈਡੀ, ਸਾਰਾ ਪੰਜਾਬ ਤਾਂ ਬਾਹਰ ਨੂੰ ਤੁਰਿਆ ਹੋਇਆ ਏ। ਤੁਸੀਂ ਮੈਨੂੰ ਐਵੇਂ ਇੱਥੇ ਟੁੱਟੀਆਂ ਫੁੱਟੀਆਂ ਨੌਕਰੀਆਂ ਜਾਂ ਕੰਮਕਾਰਾਂ ਵਿੱਚ ਨੂੰ ਧੱਕੀ ਜਾ ਰਹੇ ਹੋ। ‘ਰਿਸ਼ਤੇ ਹੀ ਰਿਸ਼ਤੇ’ ਮੈਰਿਜ ਬਿਊਰੋ ਦੇ ਰੋਜ਼ ਅਖਬਾਰ ਵਿੱਚ ਅੰਤਾਂ ਦੇ ਇਸ਼ਤਿਹਾਰ ਹੁੰਦੇ ਹਨ। ਜਿਹੜੇ ਪੈਸੇ ਤੁਸੀਂ ਇੱਥੇ ਮੈਨੂੰ ਕੰਮ ਖੋਲ ਕੇ ਦੇਣ ਤੇ ਲਗਾਉਣੇ ਚਾਹੁੰਦੇ ਹੋ ਪਲੀਜ਼ ਉਹ ਪੈਸੇ ਕਿਸੇ ਲੜਕੀ ਵਾਲ਼ਿਆਂ ਨੂੰ ਦੇ ਕੇ ਮੈਨੂੰ ਮੈਲਬੌਰਨ ਭਿਜਵਾ ਦਿਓ। ਜਿੰਦਗੀ ਭਰ ਦਾ ਸੁੱਖ ਤੁਹਾਡੇ ਲਈ ਵੀ ਤੇ ਮੇਰੇ ਲਈ ਵੀ। ਰੋਜ਼ ਲੜਕੀਆਂ ਧੜਾ ਧੜ ਆਈਲੈਟਸ ਪਾਸ ਕਰੀ ਜਾ ਰਹੀਆਂ ਹਨ ਤੇ ਲੜਕੇ ਕਾਗਜ਼ੀ ਵਿਆਹ ਕਰਵਾ ਕੇ ਜਹਾਜ ਚੜ੍ਹੀ ਜਾ ਰਹੇ ਹਨ। ਪਿਛਲੇ ਇੱਕ ਹਫਤੇ ਵਿੱਚ ਵਿੱਚ ਨਾਲ਼ ਦੇ ਪਿੰਡਾਂ ਦੇ 12 ਮੁੰਡੇ ਜਹਾਜ ਚੜ੍ਹੇ ਹਨ। ਅੱਧੇ ਕੁ ਕੈਨੇਡਾ ਨੂੰ ਗਏ ਹਨ ਤੇ ਬਾਕੀ ਆਸਟਰੇਲੀਆ ਤੇ ਇਟਲੀ ਨੂੰ।”

“ਬੇਟੇ ਰਿੱਕ, ਕੀ ਅਜੀਬ ਗੱਲਾਂ ਕਰੀ ਜਾ ਰਿਹਾ ਏਂ। ਇੱਕ ਕੰਵਾਰੀ ਲੜਕੀ ਇੱਕ ਅਣਜਾਣ ਮੁੰਡੇ ਨਾਲ਼ ਵਿਆਹ ਕਰਵਾ ਕੇ ਦੂਜੇ ਦੇਸ਼ ਵਿੱਚ ਜਾਵੇ। ਕਿੰਨੀ ਅਜੀਬ ਗੱਲ ਏ ਕਿ ਲੜਕਾ ਕਿਤੇ ਰਹੇ ਤੇ ਲੜਕੀ ਕਿਸੇ ਹੋਰ ਸ਼ਹਿਰ ਵਿੱਚ। ਜਵਾਨ ਖੂਨ! ਕੀ ਮਹਿਕਮੇ ਵਾਲ਼ੇ ਛਾਪੇ ਨਹੀਂ ਮਾਰਦੇ ਹੋਣਗੇ? ਮਹਿਕਮੇ ਨੂੰ ਵਿਆਹ ਵਿਆਹ ਲਗਣਾ ਚਾਹੀਦਾ ਏ। ਇਹ ਖੇਡ ਕੁਝ ਮਹੀਨਿਆਂ ਦੀ ਨਹੀਂ, ਸਾਲਾਂ ਦੀ ਏ। ਨਵੇਂ ਦੇਸ਼ਾਂ ਵਿੱਚ ਇਹ ਖੇਡ ਸਿਰੇ ਕਿਵੇਂ ਚੜ੍ਹਦੀ ਹੋਊ? ਬਹੁਤੇ ਕੇਸਾਂ ਵਿੱਚ ਮੁੰਡੇ ਅਨਪੜ੍ਹ ਜਿਹੇ ਹਨ ਤੇ ਕੁੜੀਆਂ ਗਰੈਜੂਏਟ। ਜੇ ਫੜ੍ਹ ਹੋ ਜਾਣ ਤਾਂ ਦੋਨੋ ਵਾਪਸ ਆਪਣੇ ਦੇਸ਼। ਕੇਸ ਦੀਆਂ ਕੜੀਆਂ ਜੋੜ ਕੇ ਰੱਖਣੀਆਂ ਬਹੁਤ ਮੁਸ਼ਕਿਲ ਹਨ। ਤੈਨੂੰ ਪਤਾ ਹੀ ਏ, ਇੱਕ ਜੋੜ ਟੁੱਟ ਜਾਵੇ ਤਾਂ ਸਾਰੀ ਮਾਲ਼ਾ ਟੁੱਟ ਜਾਂਦੀ ਏ। ਲੱਖਾਂ ਰੁਪਏ ਬਰਬਾਦ! ਰਿੱਕ, ਤੂੰ ਮੈਨੂੰ ਪਰੇਸ਼ਾਨੀ ਵਿੱਚ ਪਾਵੇਂਗਾ ਹੀ।”

“ਨਹੀਂ, ਡੈਡੀ ਬਿਲਕੁਲ ਵੀ ਨਹੀਂ। ਤੁਸੀਂ ਮਾੜੀ ਮੋਟੀ ਗੱਲ ਤੇ ਪਰੇਸ਼ਾਨ ਹੋ ਜਾਂਦੇ ਹੋ। ਜਿਹੜੇ ਮੁੰਡੇ ਗਏ, ਉਹਨਾਂ ‘ਚੋਂ ਕੋਈ ਵੀ ਵਾਪਸ ਨਹੀਂ ਆਇਆ। ਸੁਣਨ ਵਿੱਚ ਆਇਆ ਹੈ ਕਿ ਆਸਟਰੇਲੀਆ ਬਹੁਤ ਹੀ ਸੁਰੱਖਿਅਤ ਦੇਸ਼ ਹੈ। ਲੋਕ ਤਾਂ ਜਰਮਨੀ ਤੇ ਗਰੀਸ ਨੂੰ ਵੀ ਜਾਈ ਜਾ ਰਹੇ ਹਨ। ਆਸਟਰੇਲੀਆ ਤਾਂ ਵੱਡਾ ਵੀ ਬਹੁਤ ਏ। ਬੰਦਾ ਲੁਕ ਛਿਪ ਵੀ ਆਰਾਮ ਨਾਲ਼ ਰਹਿ ਸਕਦਾ ਏ। ਸਹੂਲਤਾਂ ਨਾਲ਼ ਭਰਿਆ ਹੋਇਆ ਦੇਸ਼। ਆਬਾਦੀ ਸਿਰਫ ਢਾਈ ਕਰੋੜ। ਚੀਜ਼ਾਂ ਦੀ ਬਹੁਤਾਤ, ਬੰਦਿਆਂ ਦੀ ਘਾਟ! ਕਹਿੰਦੇ, ਅੰਤਾਂ ਦਾ ਸੈਰ ਸਪਾਟਾ ਏ। ਬਾਗਾਂ, ਬਗੀਚਿਆਂ, ਨਾਲ਼ ਭਰਿਆ ਦੇਸ਼! ਨਾਲ਼ੇ ਮੈਂ ਤਾਂ ਪੂਰੇ ਕਾਨੂੰਨੀ ਤਰੀਕੇ ਨਾਲ਼ ਜਾਵਾਂਗਾ। ਨਾਲ਼ੇ ਸਿੱਕਾ ਦੇਖ। 57 ਰੁਪਏ ਦਾ ਇੱਕ ਡਾਲਰ। ਸੁਣਿਐਂ, ਬੰਦਾ ਹਫਤੇ ਦੇ ਇੱਕ ਹਜ਼ਾਰ ਡਾਲਰ ਤਾਂ ਆਰਾਮ ਨਾਲ਼ ਬਣਾ ਲੈਂਦੇ। ਤੁਸੀਂ ਜਾਣਦੇ ਹੋ, ਮੈਂ ਕਿੰਨਾ ਮਿਹਨਤੀ ਹਾਂ। ਮੈਂ ਤਾਂ ਲਗਾ ਦੇਊਂ ਡਾਲਰਾਂ ਦੇ ਢੇਰ। ਜਮੀਨ ਗਹਿਣੇ ਰੱਖੋ। ਮੈਂ ਤਿੰਨ ਕੁ ਸਾਲ ਵਿੱਚ ਹੀ ਛੁਡਾ ਲਵਾਂਗਾ। ਡੈਡੀ, ਆਓ ਮੈਰਿਜ ਬਿਊਰੋ ਵਾਲ਼ਿਆਂ ਪਾਸ ਚਲੀਏ। ਜਲਦੀ ਕਰੋ। ਕਿਤੇ ਕਾਨੂੰਨ ਹੀ ਨਾ ਬਦਲ ਜਾਵੇ। ਕਈ ਵਾਰ ਦੇਸ਼ ਸਾਰੀ ਦੀ ਸਾਰੀ ਮਾਈਗਰੇਸ਼ਨ ਬੰਦ ਵੀ ਕਰ ਦਿੰਦੇ ਹਨ। ਸੁਣਿਐਂ, ਹੁਣ ਤੋਂ 70-80 ਸਾਲ ਪਹਿਲਾਂ ਆਸਟਰੇਲੀਆ ਨੇ ਪਾਲਿਸੀ ਬਣਾ ਕੇ ਉਹ ਸਾਰੇ ਲੋਕ ਆਉਣੇ ਬੰਦ ਕਰ ਦਿੱਤੇ ਸਨ ਜਿਹੜੇ ਗੋਰੇ ਨਹੀਂ ਸਨ। ਏਜੰਟ ਦੱਸਦਾ ਸੀ ਕਿ ਆਸਟਰੇਲੀਆ ਨੇ ਇਸ ਪਾਲਿਸੀ ਦਾ ਨਾਮ ਵਾਈਟ ਆਸਟਰੇਲੀਆ ਪਾਲਿਸੀ (White Australia Policy) ਰੱਖਿਆ ਸੀ। ਡੈਡੀ, ਵਗਦੀ ਗੰਗਾ ਵਿੱਚ ਹੱਥ ਧੋ ਲਓ। ਆਸਟਰੇਲੀਆ ਕਾਨੂੰਨ ਬਹੁਤ ਜਲਦੀ ਬਦਲਦਾ ਏ।”

ਦੂਜੇ ਦਿਨ ਦੋਨੋ ਪਿਓ ਪੁੱਤ ਮੈਰਿਜ ਬਿਊਰੋ ਦੀ ਦਹਿਲੀਜ਼ ਤੇ ਖੜ੍ਹੇ ਸਨ।

“ਸਰਦਾਰ ਜੀ, ਕਿਵੇਂ ਆਉਣਾ ਹੋਇਆ? ਕੀ ਖ਼ਿਦਮਤ ਕਰ ਸਕਦਾ ਹਾਂ?” ਮੈਨੇਜਰ ਦੀਆਂ ਅੱਖਾਂ ਵਿੱਚ ਚਮਕ ਸੀ।

“ਮੈਨੇਜਰ ਸਾਹਿਬ, ਇਹ ਮੇਰਾ ਲੜਕਾ ਰਿੱਕ ਹੈ। ਇਹ ਆਸਟਰੇਲੀਆ ਜਾਣ ਲਈ ਜ਼ਿੱਦ ਕਰ ਰਿਹਾ ਏ। ਕੋਈ ਤਰੀਕਾ ਦੱਸੋਗੇ?”

“ਇਹਦੀ ਪੜ੍ਹਾਈ ਕਿੰਨੀ ਏ? ਇਹ ਕੀ ਕੰਮ ਕਰਦਾ ਏ?”

“ਇਹ ਬਾਹਰਵੀਂ ਜਮਾਤ ‘ਚੋਂ ਫੇਲ੍ਹ ਹੋ ਗਿਆ ਸੀ। ਕੁਝ ਸਮਾਂ ਟੈਕਸੀ ਚਲਾਉਂਦਾ ਰਿਹਾ। ਫਿਰ ਇੱਕ ਮਕੈਨਿਕ ਨਾਲ਼ ਲਗਾ ਕੇ ਕੰਮ ਸਿੱਖਣ ਲੱਗ ਪਿਆ। ਹੁਣ ਬਾਹਰ ਜਾਣ ਲਈ ਪਾਗਲ ਹੋਇਆ ਪਿਐ। ਮੈਂ ਦੁਚਿੱਤੀ ਵਿੱਚ ਹਾਂ। ਪਤਾ ਲੱਗਾ ਹੈ ਕਿ ਠੇਕੇ ਦੇ ਵਿਆਹਾਂ ਰਾਹੀਂ ਲੋਕ ਬਾਹਰ ਸੈੱਟ ਹੋ ਰਹੇ ਨੇ। ਤੁਹਾਡਾ ਕੀ ਵਿਚਾਰ ਏ?”

“ਆਹ ਪਿਛਲੇ ਛੇ ਮਹੀਨਿਆਂ ਦੀ ਲਿਸਟ ਹੈ ਕਨਟ੍ਰੈਕਟ ਵਿਆਹਾਂ ਦੀ। ਇਹ ਅਸੀਂ ਕਰਵਾਏ ਹਨ। ਆਹ ਲਿਸਟ ਹੈ ਜਿਹੜੇ ਰਿਸ਼ਤਾ ਲੱਭ ਰਹੇ ਹਨ,” ਮੈਨੇਜਰ ਨੇ ਦੋਨੋ ਲਿਸਟਾਂ ਰਿੱਕ ਵੱਲ ਕਰ ਦਿੱਤੀਆਂ, “ਕਹੋ ਤਾਂ ਅਸੀਂ ਇਨ੍ਹਾਂ ਵਿੱਚੋਂ ਤੁਹਾਨੂੰ ਕੋਈ ਰਿਸ਼ਤਾ ਟਕਰਾ ਦਿੰਦੇ ਹਾਂ। ਸ਼ੁਰੂ ਸ਼ੁਰੂ ਵਿੱਚ ਕੁਝ ਪਰੇਸ਼ਾਨੀਆਂ ਤੇ ਮੁਸ਼ਕਲਾਂ ਪੇਸ਼ ਆਉਂਦੀਆਂ ਹਨ। ਹੌਲ਼ੀ ਹੌਲ਼ੀ ਸਭ ਠੀਕ ਹੋ ਜਾਂਦਾ ਏ। ਕਈ ਕੇਸਾਂ ਵਿੱਚ ਤਾਂ ਸਾਡਾ ਏਜੰਟ ਜੋੜੇ ਨੂੰ ਧੁਰ ਮੈਲਬੌਰਨ ਛੱਡ ਕੇ ਵੀ ਅਇਆ ਹੈ।”

“ਕੀ ਇਸ ਪ੍ਰਕਾਰ ਦੇ ਕੇਸਾਂ ਵਿੱਚ ਵੱਧ ਪੈਸੇ ਲਗਦੇ ਹਨ?”

“ਹਾਂ, ਦੋ ਲੱਖ ਵੱਧ ਖਰਚਣਾ ਪਊ। ਸਾਡਾ ਬੰਦਾ ਜੋੜੇ ਨੂੰ ਸਿਸਟਮ ਤੋਂ ਜਾਣੂ ਕਰਵਾ ਕੇ ਆਊ।”

“ਮੈਨੇਜਰ ਸਾਹਿਬ, ਅਣਜਾਣ ਮੁੰਡਾ ਕੁੜੀ ਇੱਕ ਛੱਤ ਹੇਠ ਕਿਵੇਂ ਰਹਿੰਦੇ ਹੋਣਗੇ? ਬਹੁਤ ਅਜੀਬ ਲਗਦਾ ਹੈ। ਸਾਰਾ ਪੈਸਾ ਕਿੰਨਾ ਲੱਗੂ?”

“ਸਭ ਕੁਝ ਯਕੀਨ ਤੇ ਸਵੈ ਕਾਬੂ ਤੇ ਨਿਰਭਰ ਕਰਦਾ ਹੈ। ਕਾਮਯਾਬ ਹੋਣ ਲਈ ਕੁਰਬਾਨੀ ਕਰਨੀ ਪੈਂਦੀ ਏ। ਲੜਕੀ ਪੜ੍ਹਨ ਲੱਗ ਜਾਂਦੀ ਏ ਤੇ ਲੜਕਾ ਕੰਮ ਕਰਦਾ ਏ। ਪਹਿਲਾਂ 2-3 ਸਾਲ ਬਾਅਦ ਲੜਕੀ ਪੱਕੀ ਹੋਊ ਤੇ ਫਿਰ ਉਹਦੇ ਸਿਰ ਤੇ ਲੜਕਾ। ਜੇ ਚਾਹੁਣ ਤਾਂ ਫਿਰ ਇਹ ਦੋਨੋ ਤਲਾਕ ਲੈ ਕੇ ਹੋਰ ਵਿਆਹ ਕਰਵਾ ਸਕਦੇ ਹਨ। ਇਸ ਸਭ ਕਾਸੇ ਤੇ ਤੁਹਾਡਾ 20-22 ਲੱਖ ਰੁਪਿਆ ਤਾਂ ਲੱਗ ਹੀ ਜਾਊ। ਬਹੁਤਾ ਖਰਚਾ ਲੜਕੀ ਤੇ ਹੋ ਜਾਂਦਾ ਏ। ਅਸੀਂ ਤਾਂ ਆਪਣਾ ਵਾਜਬ ਪੈਸਾ ਹੀ ਲੈਂਦੇ ਹਾਂ। ਹਵਾਈ ਟਿਕਟ ਇਸਤੋਂ ਅਲੱਗ ਹੈ। ਜੇ ਤਿਆਰ ਹੋ ਤਾਂ ਮੈਂ ਤੁਹਾਨੂੰ ਕੁਝ ਕੇਸ ਦਿਖਾ ਸਕਦਾ ਹਾਂ।”

“ਕੀ ਅਸੀਂ ਪੈਸਾ ਦੋ ਕਿਸ਼ਤਾਂ ਵਿੱਚ ਦੇ ਸਕਦੇ ਹਾਂ? ਅੱਧਾ ਹੁਣ ਤੇ ਅੱਧਾ ਉਦੋਂ ਜਦੋਂ ਰਿੱਕ ਆਸਟਰੇਲੀਆ ਪਹੁੰਚ ਜਾਊ?”

“ਨਹੀਂ, ਇਵੇਂ ਨਹੀਂ ਹੋ ਸਕਦਾ। ਸਾਰਾ ਪੈਸਾ ਸ਼ੁਰੂ ਵਿੱਚ ਹੀ ਦੇਣਾ ਪਊ। ਜਦ ਪੇਮੈਂਟ ਹੋ ਗਈ, ਫਿਰ ਸਾਰੀ ਜ਼ਿੰਮੇਵਾਰੀ ਸਾਡੀ। ਨੋ ਟੈਨਸ਼ਨ ਐਟ ਔਲ।”

ਰਿੱਕ ਤੇ ਉਸਦਾ ਬਾਪ ਮੈਰਿਜ਼ ਬਿਊਰੋ ਤੋਂ ਵਾਪਿਸ ਆ ਗਏ। ਕੇਸ ਤੇ ਹੋਰ ਬਾਰੀਕੀ ਨਾਲ਼ ਵਿਚਾਰ ਕਰਨ ਲੱਗੇ।

“ਡੈਡੀ, ਮੈਂ ਕੱਲ ਹੀ ਬਸੰਤਕੋਟੀਏ ਸੇਮੀ ਨੂੰ ਫੋਨ ਕੀਤਾ ਸੀ। ਉਹ ਕਹਿੰਦਾ ਕਿ ਉਹ ਗ੍ਰਿਫਤ ਸ਼ਹਿਰ ਵਿੱਚ ਗੰਢੇ ਪੁੱਟਣ ਦਾ ਕੰਮ ਕਰ ਰਿਹਾ ਏ। ਹਫਤੇ ਦੇ ਹਜ਼ਾਰ ਡਾਲਰ ਬਣਾ ਲੈਂਦਾ ਏ। ਧਿਆਨਪੁਰੀਆ ਨਿੰਮਾ ਵੂਲਗੂਲਗੇ ਕੇਲੇ ਤੇ ਬਲਿਊਬੇਰੀ ਤੋੜ ਰਿਹਾ ਏ। ਪੰਡੋਰੀ ਵਾਲ਼ਾ ਪਿੰਦਾ ਮੈਲਬੌਰਨ ਵਿੱਚ ਹੀ ਕਾਰਾਂ ਧੋਂਦਾ ਹੈ। ਇਨ੍ਹਾਂ ਨੂੰ ਮੈਂ ਅੱਜ ਫੋਨ ਕਰਾਂਗਾ। ਸਾਰੇ ਮੌਜਾਂ ਕਰਦੇ ਹਨ। ਜਿਨ੍ਹਾਂ ਲੜਕੀਆਂ ਦੇ ਸਿਰ ਤੇ ਉਹ ਗਏ ਹਨ ਉਹ ਕਾਲਜਾਂ ਵਿੱਚ ਪੜ੍ਹ ਰਹੀਆਂ ਹਨ। ਪੱਕੇ ਹੋ ਕੇ ਪੰਜਾਬ ਆਉਣਗੇ ਤੇ ਆਪਣੀ ਮਰਜੀ ਦੀਆਂ ਕੁੜੀਆਂ ਨਾਲ਼ ਵਿਆਹ ਕਰਵਾਉਣਗੇ। ਮਾਲਾ ਮਾਲ ਹੋ ਜਾਣਗੇ। ਉੱਧਰੋਂ ਵੀ ਪੈਸਾ ਲਿਆਉਣਗੇ। ਇੱਧਰ ਆ ਕੇ ਮੂੰਹ ਮੰਗਿਆ ਦਾਜ ਲੈਣਗੇ। ਡੈਡੀ, ਹੌਸਲਾ ਕਰ ਲੈ। ਵੈਸੇ ਉਨ੍ਹਾਂ ਦੇਸ਼ਾਂ ਵਿੱਚ ਇੱਕ ਹੋਰ ਕਾਨੂੰਨ ਬਾਰੇ ਸੁਣ ਕੇ ਸ਼ਾਇਦ ਤੁਹਾਨੂੰ ਹੈਰਾਨੀ ਹੋਵੇਗੀ। ਇਹ ਮੈਂ ਸ਼ੁਗਲ ਲਈ ਦੱਸ ਰਿਹਾ ਹਾਂ।”

“ਉਹ ਕੀ?”

“ਇਸਨੂੰ ਡੀ-ਫੈਕਟੋ ਵਿਆਹ (de-facto marriage) ਕਹਿੰਦੇ ਹਨ।”

“ਮਤਲਬ?”

“ਲੜਕਾ ਲੜਕੀ ਵਿਆਹ ਤੋਂ ਬਗੈਰ ਵੀ ਇਕੱਠੇ ਰਹਿ ਸਕਦੇ ਹਨ।”

“ਇਹ ਕੀ ਬਕਵਾਸ ਹੋਇਆ? ਇਸਦਾ ਮਤਲਬ ਉੱਥੇ ਮਨੁੱਖੀ ਕਦਰਾਂ ਕੀਮਤਾਂ ਦਾ ਪੂਰਾ ਵਢਾਂਗਾ ਹੋ ਰਿਹਾ ਏ। ਵਿਆਹ ਤੋਂ ਬਗੈਰ ਇਕੱਠੇ ਰਹਿਣਾ ਤਾਂ ਵਹਿਸ਼ੀਆਨਾ ਪ੍ਰਵਿਰਤੀ ਏ। ਮੈਂ ਹੈਰਾਨ ਹਾਂ ਕਿ ਤੇਰੇ ਜਿਹੇ ਬੰਦੇ ਇਸ ਬਾਰੇ ਗੱਲ ਕਰਕੇ ਖੁਸ਼ ਹੋ ਰਹੇ ਹਨ।”

“ਤੁਸੀਂ ਨਹੀਂ ਜਾਣਦੇ, ਇਸ ਪ੍ਰਕਾਰ ਦੇ ਵਿਆਹ ਦਾ ਇੱਕ ਲਾਭ ਵੀ ਏ। “

“ਲਾਭ?”

“ਹਾਂ ਜੀ, ਡੈਡੀ।”

“ਮੈਨੂੰ ਲਗਦਾ, ਇਹ ਹਰਾਮਜ਼ਦਗੀ ਦੀ ਸਿਖਰ ਹੈ। ਮੈਨੂੰ ਲਗਦਾ, ਤੂੰ ਪਾਗਲ ਹੋ ਗਿਆ ਏਂ।”

“ਇਸ ਪ੍ਰਕਾਰ ਦਾ ਵਿਆਹ ਕਰਨ ਵਾਲ਼ਿਆਂ ਨੂੰ ਸਰਕਾਰ ਪੈਸੇ ਦਿੰਦੀ ਏ।”

“ਤੂੰ ਇਹ ਛੱਡ। ਤੂੰ ਤਾਂ ਕਾਨੂੰਨੀ ਤੌਰ ਤੇ ਜਾ ਰਿਹਾ ਏਂ। ਜੇ ਪੱਕਾ ਨਾ ਹੋ ਸਕਿਆ?”

“ਡੈਡੀ, ਟੈਨਸ਼ਨ ਛੱਡੋ, ਲੜਕੀ ਵਾਲ਼ਿਆਂ ਨੂੰ ਉਨ੍ਹਾਂ ਦਾ ਹਿੱਸਾ ਮਿਲ਼ ਜਾਊ। ਮੈਰਿਜ ਬਿਊਰੋ ਆਪਣਾ ਕਮਿਸ਼ਨ ਲੈ ਲਊ। ਬਾਕੀ ਸਭ ਮੇਰੀ ਜ਼ੁੰਮੇਵਾਰੀ। ਮੈਂ ਕੰਮ ਵਿੱਚ ਲੱਗਾ ਰਹਾਂਗਾ। ਲੜਕੀ ਪੜ੍ਹਦੀ ਰਹੂ। ਜੇ ਕੋਈ ਲੜਕੀ ਤੋਂ ਪੁੱਛ ਗਿੱਛ ਕਰਦਾ ਹੈ ਤਾਂ ਉਹ ਕਹਿ ਦੇਵੇਗੀ ਕਿ ਲੋਕਲ ਕੰਮ ਨਾ ਮਿਲਣ ਕਰਕੇ ਉਹ ਪਤੀ, ਜਾਣੀ ਮੈਂ, ਕਿਸੇ ਹੋਰ ਇਲਾਕੇ ਵਿੱਚ ਕੰਮ ਕਰਨ ਗਿਆ ਹੋਇਆ ਏ। ਮੈਂ ਕੁੜੀ ਦੇ ਨਾਲ਼ ਘੱਟੋ ਘੱਟ ਸੰਪਰਕ ਰੱਖਾਂਗਾ। ਡੈਡੀ, ਮੈਂ ਤਾਂ ਹਰ ਪੱਖੋਂ ਕਾਨੂੰਨ ਨੂੰ ਮੰਨਦਾ ਹੋਇਆ ਜਾ ਰਿਹਾ ਹਾਂ। ਤੁਹਾਨੂੰ ਪਤਾ ਪਿੱਛੇ ਜਿਹੇ ਪੰਜਾਬ ਵਿੱਚ ਇੱਕ ਅਜੀਬ ਕੇਸ ਹੋਇਆ ਸੀ।”

“ਉਹ ਕੀ?”

“ਕੁਝ ਉਮੀਦਵਾਰ ਪੀ. ਸੀ. ਐਸ. ਵਾਸਤੇ ਨਾਮਜ਼ਦ ਹੋਏ ਸਨ। ਸਰਕਾਰ ਨੇ ਇਹ ਨਾਮਜ਼ਦਗੀਆਂ ਕੀਤੀਆਂ ਸਨ। ਜਲੰਧਰ ਦੇ ਇੱਕ ਗਰੀਬ ਪਰਿਵਾਰ ਦਾ ਲੜਕਾ ਵੀ ਨਾਮਜ਼ਦ ਹੋ ਗਿਆ। ਇੱਕ ਅਮੀਰ ਲੜਕੀ ਦੇ ਮਾਪਿਆਂ ਨੇ ਭੱਜ ਕੇ ਉਸ ਲੜਕੇ ਨੂੰ ਵਿਆਹ ਵਾਸਤੇ ਕਾਬੂ ਕਰ ਲਿਆ। ਸ਼ਾਦੀ ਧੂਮ ਧਾਮ ਨਾਲ਼ ਹੋ ਗਈ। ਦੰਪਤੀ ਨੇ ਦੋ ਮਹੀਨੇ ਵਿਆਹੁਤਾ ਜੀਵਨ ਦਾ ਖੂਬ ਆਨੰਦ ਮਾਣਿਆ। ਇੰਨੇ ਚਿਰ ਵਿੱਚ ਸੂਬੇ ਦੀ ਸਰਕਾਰ ਬਦਲ ਗਈ। ਨਵੀਂ ਬਣੀ ਸਰਕਾਰ ਨੇ ਇਹ ਨਾਮਜ਼ਦਗੀਆਂ ਰੱਦ ਕਰ ਦਿਤੀਆਂ। ਲੜਕੀ ਦੇ ਮਾਪੇ ਅੰਤਾਂ ਦੇ ਪਰੇਸ਼ਾਨ ਹੋਏ। ਉਨ੍ਹਾਂ ਆਪਣੀ ਲੜਕੀ ਵਾਪਸ ਬੁਲਾ ਲਈ ਤੇ ਕਿਹਾ ਕਿ ਉਹ ਉਸਨੂੰ ਇੱਕ ਨੰਗ ਨਾਲ਼ ਵਿਆਹੀ ਹੋਈ ਨਹੀਂ ਦੇਖਣਾ ਚਾਹੁੰਦੇ। ਕਰ ਲਓ ਆਪਣੇ ਦੇਸ਼ ਦੀਆਂ ਕਦਰਾਂ ਕੀਮਤਾਂ ਦੀ ਗੱਲ। ਕਰ ਲੈ ਮਾਣ ਇਨ੍ਹਾਂ ਤੇ!! ਬੇੜਾ ਗਰਕ ਇੱਥੇ ਕਿਹੜਾ ਘੱਟ ਹੋਇਆ ਪਿਆ ਏ? ਦਾਮ ਚਲਾਏ ਕਾਮ! ਹੋ ਜਾਓ ਤਿਆਰ। ਹੌਸਲਾ ਰੱਖੋ। ਆਓ ਚੱਲੀਏ, ਮੈਰਿਜ ਬਿਊਰੋ।”

ਸਵੇਰੇ ਦੋਨੋ ਪਿਓ ਪੁੱਤ ਪੈਸਿਆਂ ਦਾ ਥੈਲਾ ਲਈ ਮੈਰਿਜ ਬਿਊਰੋ ਦੇ ਦਰਵਾਜੇ ਮੂਹਰੇ ਖੜ੍ਹੇ ਸਨ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1033
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Dr. Avtar S. Sangha
BA ( Hons. English) MA English, Ph.D English--- Punjab
Graduate Dip In Education--- NSW ( Australia)
Lecturer in English in a college in Punjab for 25 years.
Teacher in Sydney--- 6 years
Now retired
Author of 8 books
**
sangha_avtar@hotmail.com

My latest book of short English fiction STORM IN A TEACUP AND OTHER STORIES can be seen on
DESIBUZZ CANADA
**
The Punjabi book of short stories edited by me and published by Azad Book Depot Amritsar 5 PARVAASI KAHANIKAAR is now available in the market.
**

ਅਵਤਾਰ ਐਸ ਸੰਘਾ

Dr. Avtar S. Sangha BA ( Hons. English)  MA English,  Ph.D English--- Punjab Graduate Dip In Education--- NSW ( Australia) Lecturer in English  in a college  in Punjab for 25 years. Teacher in Sydney--- 6 years Now retired Author of 8 books ** sangha_avtar@hotmail.com My latest book of short English fiction STORM IN A TEACUP AND OTHER STORIES can be seen on DESIBUZZ CANADA ** The Punjabi book of short stories  edited by me and published  by Azad Book Depot Amritsar  5 PARVAASI KAHANIKAAR  is now available in the market. **

View all posts by ਅਵਤਾਰ ਐਸ ਸੰਘਾ →