10 October 2024
soniia pal

ਮਨੁੱਖੀ ਮੁੱਲਾਂ ਦੀ ਸਰਬ ਸਾਂਝੀ ਵੇਦਨਾ- ‘ਦਰਦ ਜਾਗਦਾ ਹੈ’—ਸੋਨੀਆ ਪਾਲ

ਰੀਵੀਊ: ਦਰਦ ਜਾਗਦਾ ਹੈ

ਦਰਦ ਜਾਗਦਾ ਹੈਉਹ ਪਾਠਕ ਵਡਭਾਗੀ ਹੁੰਦੇ ਨੇ ਜਿਨ੍ਹਾਂ ਨੂੰ ਕਿਤਾਬਾਂ ਲਿਖਣ ਵਾਲਾ ਲੇਖਕ ਆਪਣੇ ਹੱਥੀਂ ਕਿਤਾਬ ਭੇਟ ਕਰੇ। ਮੇਰੇ ਸੁਭਾਗ ਹਨ ਕਿ ‘ਦਰਦ ਜਾਗਦਾ ਹੈ’ ਕਿਤਾਬ, ਲੇਖਕ ਭੂਪਿੰਦਰ ਸੱਗੂ ਹੁਰਾਂ ਨੇ ਆਪ ਮੈਨੂੰ ਭੇਟ ਕੀਤੀ। ਸਾਹਿਤ ਦੇ ਖੇਤਰ ’ਚ ਉਹ ਇਕ ਨਾਮਵਰ ਹਸਤਾਖ਼ਰ ਹਨ ਅਤੇ ਪਹਿਲਾਂ ਹੀ 12 ਕਿਤਾਬਾਂ ਲਿਖ ਚੁੱਕੇ ਹਨ| ਇਨ੍ਹਾਂ ਦੀਆਂ ਕਿਤਾਬਾਂ ਤੇ ਐੱਮ.ਫਿਲ ’ਚ ਖੋਜਕਾਰਜ ਵੀ ਹੋ ਚੁੱਕਿਆ ਹੈ।  ‘ਦਰਦ ਜਾਗਦਾ ਹੈ’ ਕਿਤਾਬ ਵਿਚਲਾ ਦਰਦ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਜਿਨ੍ਹਾਂ ਵਿਚੋਂ ਜਰਮਨੀ, ਸੈਂਨ ਫ਼ਰਾਂਸਿਸਕੋ, ਥਾਈਲੈਂਡ, ਅਫ਼ਗਾਨੀਸਤਾਨ, ਇੰਗਲੈਂਡ, ਕੈਲੀਫ਼ੋਰਨੀਆ, ਪੰਜਾਬ ਵਿਚ ਵਸਦੀ ਲੋਕਾਈ ਦਾ ਦੁੱਖ ਹੈ।

ਮਨੁੱਖ ਦੁਨੀਆਂ ਦੇ ਚਾਹੇ ਕਿਸੇ ਵੀ ਕੋਨੇ ਤੇ ਰਹਿੰਦਾ ਹੋਵੇ ਉਸਦੀ ਮਨੁੱਖੀ ਮੁੱਲਾਂ ਦੀ, ਨੈਤਿਕਤਾ ਦੀ, ਸੱਭਿਅਤਾ ਦੀ ਸਾਂਝ ਅਤੇ ਵੇਦਨਾ ਸਰਬ ਸਾਂਝੀ ਹੈ। ਇਨ੍ਹਾਂ ਹੀ ਸਰਬ ਸਾਂਝੀਆਂ ਕਦਰਾਂ-ਕੀਮਤਾਂ ਦਾ ਸੁਘੜ ਸੁਮੇਲ ਹੈ- ‘ਦਰਦ ਜਾਗਦਾ ਹੈ।’ 104 ਪੰਨਿਆਂ ਦੀ  ਇਸ ਕਿਤਾਬ ’ਚ ਵੱਖੋ-ਵੱਖਰੇ ਰੰਗ ਦੀਆਂ 62 ਕਵਿਤਾਵਾਂ ਹਨ, ਜਿਨ੍ਹਾਂ ’ਚ ਕਰੁਣਾ ਰਸ ਪ੍ਰਦਾਨ ਹੈ। ਇਹ ਕਿਤਾਬ ਵਾਇਮਾ ਸ਼ਹਿਰ ਦੇ ਬਖ਼ਨਵਾਲਡ ਦੇ ਫੌਲਾਦੀ ਗੇਟ ਰਾਹੀਂ ਭਾਵੁਕ ਕਰਦੀ ਹੋਈ ਸਹਿਮ, ਖ਼ੌਫ਼ ਖ਼ਾਮੋਸ਼ੀ ਅਤੇ ਦਰਦ ਜਗਾਉਂਦੀ ਹੋਈ ਹਿਟਲਰ ਦੇ ਤਸੀਹੇ ਅਤੇ ਦਿਲ ਕੰਬਾਊ ਸ਼ਬਦ ‘ਜੇਦਮ ਡੈੱਸ ਸਾਏਨ’ ਜਿਸਦਾ ਮਤਲਬ ਹੈ: ਇੱਥੇ ਤੁਹਾਡਾ ਕੋਈ ਨਹੀਂ, ਆਖ਼ਰੀ ਸਾਹਾਂ ਤੱਕ-  ਸ਼ਬਦਾਂ ਰਾਹੀਂ ਬੇਵਸੀ ਦੀਆਂ ਚੀਕਾਂ, ਕੁਰਲਾਹਟਾਂ, ਸਿਸਕੀਆਂ ਦੀ ਗੂੰਜ, ਵਲੂੰਧਰੇ ਜਜ਼ਬਿਆਂ ਨਾਲ ਲੇਖਕ ਦਾ ਹੀ ਨਹੀਂ ਸਗੋਂ ਪਾਠਕ ਦਾ ਵੀ ਗੱਚ ਭਰਦੀ ਹੈ। ਏਸੇ ਭਰੇ ਗੱਚ ਤਾਂਈ ‘ਸੁਕਰਾਤ ਵਾਲਾ ਦਿਲ’ ਰੱਖ ਲੇਖਕ ਆਪਣੇ ਧੁਰ ਅੰਦਰ ਵਸਦੇ ਦੁੱਖ -ਮੂਲ ਤੋਂ ਟੁੱਟ ਜਾਣ- ਦੇ ਅਹਿਸਾਸ ਤੋਂ ਉੱਠਦੇ ਡੂੰਘੇ ਦਰਦ ਤੇ ਚੀਸ ਨਾਲ ‘ਸ਼ੈਆਂ’ ਹੀ ਬਿੰਬਾਂ ਅਤੇ ਭਾਵੁਕ ਨਿੱਗਰ ਸ਼ਬਦਾਂ ਰਾਹੀਂ ਪਿੰਡ ਦੀਆਂ ਯਾਦਾਂ ਦੇ ਚਿੱਤਰ ਅੱਖਾਂ ਮੂਹਰੇ ਲੈ ਆਉਂਦਾ ਹੈ।

ਉਹ ਅਚੇਤ ਮਨ ’ਚ ਵਸਦੇ ‘ਸੈਂਸੀਆਂ ਦੇ ਵਿਹੜੇ’, ‘ਬਚਪਨ ਦੀ ਤੜਾਗੀ’, ‘ਧੰਤੀ ਦੀ ਭੱਠੀ’, ‘ਯਾਰਾਂ ਦੀ ਢਾਣੀ’, ‘ਬਾਬਾ ਬੋਹੜ’, ‘ਥੜ੍ਹੇ ਦੀ ਰੌਣਕ’, ‘ਭੌਣੀ ਵਾਲਾ ਖੂਹ, ‘ਨਾਨੀ ਠਾਕਰੀ’, ‘ਮਾਂ ਦਾ ਸੰਦੂਕ’, ‘ਦੋਹਤਾ ਹੋਣ ਦੇ ਨਾਤੇ’, ‘ਗੁਰਦਾਸ ਦੀ ਹੱਟੀ ਤੋਂ ਸੰਤਰੇ ਦੀਆਂ ਗੋਲ਼ੀਆਂ ਰਾਹੀਂ ਮਿਲਿਆ ਪਿਆਰ’, ‘ਫੂਲ਼ਾਂ ਕੁੜੀ ਦੀ ਮਾਸੂਮੀਅਤ’, ‘ਮਾਂ ਦੀ ਮਿੱਠੀ ਲੋਰੀ’, ‘ਕੰਜਕਾਂ ਲਈ ਮਾਂ ਦਾ ਪਿਆਰ’ ਅਤੇ ਹੋਰ ਅਨੇਕਾਂ ਸਿਮਰਤੀਆਂ ਰਾਹੀਂ ਅਜੋਕੇ ਸਮੇਂ ’ਚ ਸਭ ਕੁਛ ਬਦਲ ਜਾਣ ਅਤੇ ਖੁੱਸ ਜਾਣ ਦੇ ਦਰਦ ਤੋਂ ਵੀ ਮੁਖ਼ਾਤਿਬ ਕਰਵਾਉਂਦਾ ਹੈ:

ਪਿੰਡ ਦੀਆਂ ਗਲ਼ੀਆਂ ਦੀ ਮਿੱਟੀ ਮੈਨੂੰ ਚੁੰਬੜ ਗਈ।
ਸਭ ਕੁਝ ਬਦਲ ਗਿਆ
ਮੈ ਪਿੰਡ ਨੂੰ
ਤੇ
ਪਿੰਡ ਮੈਨੂੰ
ਜਾਨਣ-ਪਹਿਚਾਨਣ ਤੋਂ ਅਸਮਰਥ।

ਤੇ ਇਸ ਤੋਂ ਵੀ ਵੱਧ ਜਹਾਨੋਂ ਭਾਰੇ ਦੁੱਖ- ਮਾਂ ਦੇ ਗੁਜ਼ਰ ਜਾਣ ਪਿੱਛੇ ਖਾਲੀ ਵਿਹੜੇ ਰਾਹੀਂ ਮਾਂ ਦੇ ਖ਼ਮੋਸ਼ ਹੋਣ ਦੀ ਕਹਾਣੀ ਨੂੰ ਚੁੱਪਚਾਪ ਸੁਣਦਾ ਹੈ। ਮਾਂ ਦੀ ਆਵਾਜ਼ ਨੂੰ ਆਂਦਰਾਂ ਦੀ ਚੀਸ ਬਣਾ ਧੁਰ ਅੰਦਰ ਰੱਖ ਮਾਂ ਨਾਲ ਗੱਲਾਂ ਕਰਦਾ ਹੈ।

ਕਵੀ ਅੱਤ ਆਧੁਨਿਕ ਰਹਿਣੀ-ਬਹਿਣੀ, ਪੋਂਡਾਂ ਅਤੇ ਡਾਲਰਾਂ ਦੀ ਚਮਕ ’ਚ ਖੁੱਸੇ ਅਸਲੀ ਸਕੂਨ ਜੋ ਸੰਗਮਰਮਰੀ ਕੋਠੀ, ਮਖ਼ਮਲੀ ਘਾਹ, ਕਾਰ, ਨੌਕਰ ਨਾਲ ਨਹੀਂ ਸਗੋਂ ਜੋ ਰਿਸ਼ਤਿਆਂ ਦੀ ਮਿਠਾਸ ’ਚ ਹੈ ਅਤੇ ਖੁੱਸ ਗਿਆ ਹੈ, ਵਰਗੀ ਤ੍ਰਾਸਦੀ ਉੱਤੋਂ ਭੱਜੀਆਂ ਬਾਹਾਂ ਗੱਲ ਨਾਲ ਲਾਉਣ ਦਾ ਸੁਨੇਹਾ ਦਿੰਦਾ ਹੈ।

ਕਵੀ ਜਿੱਥੇ ਵੱਡ-ਵਡੇਰੇ ਰੁੱਖ ਨੂੰ ਰੋਹੀ ਦੇ ਜੰਡ ਵਾਂਗੂੰ ਚੌਰਾਹੇ ਕੱਲੇ ਖੜੇ ਦੇਖ ਜ਼ਿੰਦਗੀ ਦੇ ਕਹਿਰ ਹੰਢਾਉਣ ਤੇ ਖਿੜੇ ਮੱਥੇ ਜ਼ਰਨ ਦੀ ਸਿਫ਼ਤ ਕਰਦਾ ਹੈ ਉੱਥੇ ਨਾਲ ਹੀ ਅੱਜ ਕੱਲ੍ਹ ਦੀ ਤ੍ਰਾਸਦੀ ਜਿਸ ਵਿਚ ਵਿਰਸੇ ਦੀ ਝਾਤ ਖੁੱਸ ਗਈ ਹੈ ਤੇ ਸ਼ਰਮਸਾਰ ਵੀ ਹੈ। ਨਸ਼ੇ, ਲੱਚਰਗੀਤਾਂ, ਪਾਣੀ ਨੂੰ ਤਰਸਦਾ ਪੰਜਾਬ ਹੁਣ ‘ਉਹ’ ਨਹੀਂ ਹੈ। ਕਵੀ ਨੇ ਪੰਜਾਬ ਦੀ ਇਸ ਹਾਲਤ ਦੇ ਜ਼ਿੰਮੇਵਾਰ ਨਜ਼ਾਮ ਨੂੰ ਬੜੇ ਹੀ ਲੰਮੇ ਹੱਥੀਂ ਲੈ ਵਾਰ-ਵਾਰ ਇਨ੍ਹਾਂ ਤੇ ਦੁਰਕਾਰ ਵੀ ਪਾਈ ਹੈ।

‘ਦਿੱਲੀ ਦਰਬਾਰ ਅਵੇਸਲਾ’, ‘ਕਾਨੂੰਨ ਲੰਗੜਾ ਲੂਲਾ’, ‘ਸਿਆਸਤ ਮੰਡੀ ਦੇ ਚਾਤਰ ਦੱਲੇ’, ‘ਜਾਦੂਗਰਨੀ ਰਾਜਧਾਨੀ’, ਨੇਤਾ ਦੇ ਭਾਸ਼ਨ ਕਠਪੁਤਲੀ ਦੀ ਤਰ੍ਹਾਂ ਭੋਲ਼ੀ ਜਨਤਾ ਨੂੰ ਨਚਾਉਂਦੇ ਵੋਟਾਂ ਲੈਣ ਲਈ ਤੇ ਮਾਨਵਤਾ ਨੂੰ ਦਾਅ ਤੇ ਲਾਉਂਦੇ ਲੱਛੇਦਾਰ ਭਾਸ਼ਣ ਦਿੰਦੇ।

‘ਕੁਰਸੀ ਦੇ ਲੰਮੇ ਹੱਥਾਂ ’ਚ ਅਥਾਹ ਤਾਕਤ’- ਜਿਹੇ ਸ਼ਬਦਾਂ ਰਾਹੀਂ ਨਾ ਸਿਰਫ਼ ਦੁਰਕਾਰ ਪਾਈ ਹੈ ਬਲਕਿ ਇਹ ਵੀ ਸੁਝਾਇਆ ਹੈ ਕਿ:

‘ਸੱਤਾ ਦੀ ਕੁਰਸੀ ਨੂੰ ਚਾਨਣ ’ਚ ਡਾਹੀਏ, ਪਾਰਦਰਸ਼ੀ ਬਣਾਈਏ’ ਤਾਂ ਕਿ ‘ਲੋਕਾਈ ਦੀ ਆਪੋ ਆਪਣੇ ਸੂਰਜ ਦੀ ਭਾਲ’ ਮੁੱਕੇ ਪੰਨਾ ਨੰ-78। 

ਕਵੀ ਨੇ ਭਾਰਤ ’ਚ ‘ਹੋਣੀ ਦੇ ਉੱਪਰ ਹੋਰ ਵੱਡੀ ਹੋਣੀ ਵੱਲ ਇਸ਼ਾਰੇ’ਵੀ ਕੀਤੇ ਹਨ। (ਪੰਨਾ ਨੰ- 62 ) 

ਜੋ ਔਰਤਾਂ ਦੇ ਜਿਨਸੀ ਸ਼ੋਸ਼ਣ, ਸੀਨਾਜ਼ੋਰੀਆਂ, ਗੁੰਡਾਗਰਦੀ, ‘ਇਨਸਾਫ਼ ਲਈ ਧੱਕੇ ਖਾਣਾ’, ‘ਨਮੋਸ਼ੀ ਸਹਿਣਾ’ (ਪੰਨਾ ਨੰ-63) ਆਦਿਕ ‘ਚੁੱਪ ਦੇ ਸ਼ੋਰ’, ‘ਭੁਗਤ ਦੀਆਂ ਆਸਿਫ਼ਾ’ ਜਿਹੀਆਂ ਔਰਤਾਂ ਦੇ ਸੰਤਾਪ ਨੂੰ ਸ਼ਿੱਦਤ ਨਾਲ ਲਿਖਿਆ ਹੈ।( ਪੰਨਾ ਨੰ- 85)

ਕਵੀ ਨੇ ਮਾਂ ਕੋਲੋਂ ਅਲਟਰਾਸਾਊਂਡ ਤੋਂ ਗਰਭਪਾਤ ਅਤੇ ਭਰੂਣ ਹੱਤਿਆ ਤੋਂ ਵੀ ਉਦਾਸ ਹੋ ਨਾਲੇ ਅਰਦਾਸ ਕਰਵਾਈ ਹੈ ਨਾਲੇ ਕੰਜਕਾਂ ਪੂਜਣ ਵੇਲ਼ੇ  ਮੰਰੀਡੇ ਵੰਡ ਮੱਥੇ ਵੀ ਚੁੰਮਵਾਏ ਹਨ।

ਲੇਖਕ ਭਾਰਤ ਦੀਆਂ ਔਰਤਾਂ ਦਾ ਹੀ ਜ਼ਿਕਰ ਨਹੀਂ ਕਰਦਾ ਬਲਕਿ ਅਫ਼ਗਾਨੀਸਤਾਨ ਦੀ ਛੋਟੀ ਜਿਹੀ ਬੱਚੀ ‘ਸਲਮਾ’, ਦੀ ਮਾਸੂਮਿਅਤ (ਪੰਨਾ ਨੰ-45) ਅਤੇ ਮਲਾਲਾ ਦੀ ਬਹਾਦਰੀ ਦੀ ਵੀਰ-ਰੱਸ ’ਚ ਆ ਉਸਨੂੰ ‘ਮਾਨਵਤਾ ਦੀ ਪਹਿਰੇਦਾਰੀ’ ਕਹਿੰਦਾ ਹੈ (ਪੰਨਾ ਨੰ-57) ਕਿਉਂਕਿ ਉਹ ਜਾਣਦਾ ਹੈ ਕਿ ਔਰਤ ਦੀ ਪੀੜ ਸ਼ਾਂਤ ਮਹਾਂਸਾਗਰ ਜਿਡੀ ਹੈ।

ਇਸ ਸ਼ਾਂਤ ਮਹਾਂਸਾਗਰ ਜੇਡੀ ਪੀੜ ਦਾ ਇਕ ਰੂਪ ਪਰਦੇਸ ਗਏ ਪਤੀ ਅਤੇ ਪੁੱਤ ਦਾ ਵਿਛੋੜਾ ਸਹਿੰਦੀ ਔਰਤ ਦਾ ਜਿੱਥੇ ਦੁੱਖ ਦਿਖਾਇਆ ਹੈ ਉੱਥੇ ਇਹ ਵੀ ਦੱਸਿਆ ਹੈ ਕਿ ਇਹ ਲਾਡਲੇ ਪੁੱਤ ਵਿਦੇਸ਼ਾਂ ’ਚ ਜਾ ਕਿੰਝ ‘ਫ਼ੌਜੀ’ ਬਣ ਜਾਂਦੇ ਹਨ। ਇਸ ‘ਫ਼ੌਜੀ’ ਸ਼ਬਦ ਦੀ ਤ੍ਰਾਸਦੀ ਨੂੰ ਖ਼ੂਬ ਬਿਆਨਿਆ ਹੈ:

ਰੋਜ਼ੀ ਰੋਟੀ ਖ਼ਾਤਰ ਲੋਕੋ ਕਿਸਮਤ ਹੋ ਗਈ ਖੋਟੀ
ਬਾਰ ਪਰਾਏ ਚੁੱਲ੍ਹੇ ਅੰਦਰ ਸਿਸਕੇ ਸਾਡੀ ਰੋਟੀ । (ਪੰਨਾ-50)

ਇਸਦੇ ਨਾਲ-ਨਾਲ ਕਵੀ ਨੇ ‘ਮੌਤ’ ਜਿਹੇ ਗ਼ਮਗੀਨ ਤੇ ਗੰਭੀਰ ਵਿਸ਼ੇ ਨੂੰ ਵੀ ਛੋਹਿਆ ਹੈ।
ਧੀ ‘ਨਵਨੀਤ’ ਦੀ ਮੌਤ
N.H.S* ’ਚ ਕੈਂਸਰ ਪੀੜਤ ਬਜ਼ੁਰਗ ‘ਜੌਨ’ ਦਾ ਦਮ ਤੋੜਨਾ,
‘ਆਪਣੇ ਮਿੱਤਰ ਸ਼ੀਤਲ ਨੂੰ ਸ਼ਰਧਾਂਜਲੀ’(ਪੰਨਾ-69),
ਗ਼ਦਰੀ ਬਾਬਿਆਂ ਨੂੰ ਸ਼ਰਧਾਂਜਲੀ,
ਸਮੁੰਦਰ ਦੇ ਅੰਦਰ ਬਣੀ ਜੇਲ੍ਹ ਤੋਂ ਕੈਦੀਆਂ ਦੇ ਦਿਲ ਕੰਬਾਊ ਮਨੋ ਭਾਵ, (ਪੰਨਾ-65)

ਉਡੀਕ ਅਤੇ ਮੌਤ ਲਿਖਦਿਆਂ ਆਪਣੀ ਕਲਪਨਾ ’ਚ ਬੜੇ ਅਦਬ ਤੇ ਸਲੀਕੇ ਨਾਲ ਪੱਥਰ ਗੀਟੇ ਪੁਆ, ਮਦਾਰੀ ਤੇ ਕੁਕਨੂਸ ਜਿਹੇ ਬਿੰਬ ਬਣਾ ਪਿਆਰ ਤੇ ਆਸ ਦੇ ਗੀਤ ਗਾਉਂਦਿਆਂ ਕਾਲਪਨਿਕ ਪੰਛੀ ਦੀ ਭਾਲ ਵੀ ਕੀਤੀ ਹੈ। (ਪੰਨਾ ਨੰ- 32-33)

ਤੇ ਇਹ ਵੀ ਆਗਾਹ ਕੀਤਾ ਹੈ ਕਿ ਆਤੰਕ ਕਿਸੇ ਵੀ ਵੇਲੇ ਕਿਤੇ ਵੀ ਜਾਗ ਸਕਦਾ ਹੈ।

ਕਵੀ ਨੇ ‘ਦਰਦ ਜਾਗਦਾ ਹੈ’ ’ਚ ਆਪਣੀ ‘ਪਰਦੇਸ ਦੀ ਮਿੱਟੀ’ ਦੇ ਦਰਦ ਦੀਆਂ ਝਾਕੀਆਂ ਵੀ ਦਿੱਤੀਆਂ ਹਨ। 

N.H.S ’ਚ ਮੌਰਫ਼ੀਨ ਦੀ ਡਬਲ ਡੌਜ਼ ਰਾਹੀਂ ਵਿਅੰਗ ਵੀ ਕੀਤਾ ਹੈ ਤੇ ਨਰਸਾਂ ਦੀ ਸ਼ਿੱਦਤ ਨੂੰ ਜੀਅ ਜਾਨ ਨਾਲ ਸਲਾਹਿਆ ਹੈ। (ਪੰਨਾ 60,93)

ਕਵੀ ਨੇ ਬੱਸ ’ਚ ਛਲਾਂਗ ਮਾਰ ਕੇ ਚੜ੍ਹਨਾ ਅਤੇ ਬਸਾਖੀਆਂ ਦੇ ਭਾਰ ਤੁਰਦੇ ਬੁੱਢੇ ਨੂੰ ਦੇਖ ਅਤੇ ਦਿਖਾ ਜੀਵਨ ਦੀ ਅਸਥਿਰਤਾ ਨੂੰ ਵੀ ਸਮਝਾਇਆ ਹੈ। (ਪੰਨਾ-43)

ਕਿਤਾਬ ’ਚ ਕੁਦਰਤ ਦਾ ਗੁਣਗਾਨ, ਅਦੁੱਤੀ ਰੂਹਾਨੀ ਤੇ ਰੱਬ ਦੀ ਹੋਂਦ ਨਾਲ ਸਿੱਧਾ ਜੋੜਨ ਵਾਲਾ ਹੈ। (ਪੰਨਾ-46) ਇਨ੍ਹਾਂ ਨਜ਼ਾਰਿਆਂ ਨੂੰ ਮਾਣਦਿਆਂ ਸਾਨੂੰ ਸਭ ਨੂੰ ਹੀ ‘ਮਨ ਦੇ ਮੀਤ’ ਚੇਤੇ ਆਉਂਦੇ ਹਨ (ਪੰਨਾ-52), ਸੈਨ ਐਂਟਿਓ ਵੈਲੀ (ਪੰਨਾ-68)। 

‘ਕੁਦਰਤ-ਕਾਦਰ’ ਦੇ ਨਾਲ-ਨਾਲ ਇਹ ਵੀ ਚਿਤਰਨ ਕੀਤਾ ਹੈ ਕਿ:

‘ਭਗਤਾ ਤੈ ਸੈਸਾਰੀਆ ਜੋੜ ਕਦੇ ਨਾ ਆਇਆ।’

ਕਵੀ ਈਸਾ ਦੇ ਪੈਰਾਂ ਦੀ ਕਿੱਲ੍ਹ, ਸਿਰ ਤੇ ਆਰੇ, ਬੇਦੋਸ਼ੇ ਸੂਲ਼ੀ ਚੜ੍ਹਿਆਂ ਦੇ ਗੌਰਵ ਦੀਆਂ ਅਨੌਖੀਆਂ ਗੱਲਾਂ ਰਾਹੀਂ ਪਾਠਕ ਦੇ ਮਨ ਨੂੰ ਆਪਣੇ ਨਾਲ ਜੋੜਨ ’ਚ ਪੂਰੀ ਤਰ੍ਹਾਂ ਕਾਮਯਾਬ ਰਿਹਾ ਹੈ। ਕਵੀ ਦੀ ਇਸ ਕਾਮਯਾਬੀ ਪਿੱਛੇ ਕਵਿਤਾ ਪ੍ਰਤੀ ਲਗਨ ਸ਼ਿੱਦਤ ਅਤੇ ਕੋਮਲ ਮਨ ਦਾ ਵੇਗ ਹੈ ਜੋ ਥਾਈਲੈਂਡ ਦੇ ਪੁਕੈੱਟ ਜਾ ਕੇ ਵੀ ਉਸਦੇ ਅੰਗ-ਸੰਗ ਹੈ।( ਪੰਨਾ-42) 

ਅਤੇ ਉਹ ਹੋਟਲ ਦੀ ਬੈਲਕਨੀ ’ਚ ਵੀ ਦੇਖਦਾ ਹੈ ਕਿ ਵੱਡੇ ਸਾਹਬ ਦੇ ਆਉਣ  ਤੇ ਜਿਹੜੀ ਪੁਲਸ ਦੀ ਡਿਊਟੀ ਹੁੰਦੀ ਹੈ, ਉਸ ਦੀ ਪੁਲਸ ਦੀ ਤਾਦਾਦ ਕਿੰਨੀ ਹੁੰਦੀ ਹੈ, ਵੱਡੇ ਸਾਹਬ ਚਾਹੇ ਆਉਣ ਜਾ ਨਾ। (ਪੰਨਾ-51)

ਭੂਪਿੰਦਰ ਸੱਗੂ ਦੇ ਮਨ ਤੇ ਗੁਰਮਤਿ, ਸੂਫ਼ੀ ਧਾਰਾ ਤੋਂ ਇਲਾਵਾ ਹਿੰਦੂ ਮਿਥਿਹਾਸ ਦਾ ਡੂੰਘਾ ਅਸਰ ਉਸਦੇ ਹੇਠ ਲਿਖੇ ਸ਼ਬਦਾਂ ’ਚ ਦੇਖਿਆ ਜਾ ਸਕਦਾ ਹੈ:

ਕੁੰਭਕਰਨ ਦੀ ਨੀਂਦ (ਪੰਨਾ ਨੰ-85)
ਸੱਤਿਅਮ ਸ਼ਿਵਮ ਸੁੰਦਰਮ (ਪੰਨਾ ਨੰ-81)
ਵਹਿਸ਼ਤ ਨੰਗਾ ਤਾਂਡਵ ਨੱਚੇ (ਪੰਨਾ ਨੰ-79)
ਚੰਡੀ, ਦੁਰਗਾ (ਪੰਨਾ ਨੰ-86-87) (ਪੰਨਾ ਨੰ-103)
ਨਾਦ (ਪੰਨਾ ਨੰ-104)

ਨਾਲ ਹੀ ਨਾਲ ਅੰਨ੍ਹੀ ਸ਼ਰਧਾ ਤੇ ਕਈ ਸੁਆਲ ਵੀ ਕੀਤੇ ਹਨ ਕਿ ਜਦ ਸੈਲਾਨੀਆਂ ਦੇ ਪੈਰਾਂ ਹੇਠ ਸ਼ਰਧਾ ਦੀਆਂ ਚੀਜ਼ਾਂ ਰੁਲਦੀਆਂ ਹਨ ਤਾਂ ਐਸੇ ਚੜ੍ਹਾਵੇ ਦਾ ਕੀ ਫਾਇਦਾ? ਉਹ ਪਤਨੀ ਦੁਆਰਾ ਲਿਆਂਦੇ ਬੁੱਧ ਦੇ ਪੁਤਲੇ ਨੂੰ ਮੀਂਹ ਚ ਭਿੱਜਦੇ ਵੇਖ ਅੰਤਰ-ਦਵੰਦ ’ਚ ਹੈ ਤੇ ਮੂਰਤੀ ਤੋਂ ਗਿਆਨ ਮੰਗਦੀ ਆਪਣੀ ਪਤਨੀ ਨੂੰ ਵੇਖ ਮਹਾਂਭਾਰਤ ਜਿਹੇ ਅੰਤਰ ਦਵੰਦ ’ਚ ਆ (ਪੰਨਾ-54) ਇਹ ਪੁਛਣੋਂ ਝਕਦਾ ਨਹੀਂ ਕਿ: 

ਕੀ ਬੁੱਧ ਵੀ ਕਦੇ ਬੋਲਦਾ ਹੈ? (ਪੰਨਾ-98)
ਮੰਗਤਿਆਂ ਤੇ ਲਿਖੀ ਕਵਿਤਾ ਰਾਹੀਂ ਵੀ ਐਸੇ ਹੀ ਸੁਆਲ ਦੇਖਣ ਨੂੰ ਮਿਲਦੇ ਹਨ। (ਪੰਨਾ 73)

ਇਸ ਤੋਂ ਇਲਾਵਾ ਕਵੀ ਚਾਹ ਦੇ ਢਾਬੇ ਤੇ 47 ਦੇ ਵਿਛੜਿਆਂ ਰਾਮ ਲਾਲ ਉਰਫ਼ ਕਰਤਾਰ ਸਿੰਘ ਅਤੇ ਔਰਤ ਨੂੰ ਅਚਾਨਕ ਮਿਲਾਉਣ (ਪੰਨਾ-47) ਨਫ਼ਰਤ ਦੇ ਕ੍ਰਿਸ਼ਮੇ ਦਾ ਸਾਹ ਦਮ ਤੋੜ , (ਪੰਨਾ 75) ਜ਼ਾਤ ਦੇ ਵਲਗਣ ਤੇ ਮਰਯਾਦਾ ਦੇ ਬੰਧਨ ਸਾਹਵੇਂ 

ਤੂੰ ਤੇ ਮੈਂ, ਮੈਂ ਤੇ ਤੂੰ ਦੇ ਸੱਚੇ ਪਿਆਰ ਆਲ਼ੇ ਰਿਸ਼ਤਿਆਂ ਨੂੰ ਬੰਧਨ ਮੁਕਤ ਸੱਚਾ ਨਾਮ ਦੇਣਾ ਆਦਿਕ ਵੀ ਲੋਚਦਾ ਹੈ। (ਪੰਨਾ-61)

ਸ਼ਾਇਰ ਦਾ ਵੈਰਾਗ, ਵੇਦਨਾ, ਚੀਸ, ਹੂਕ ਬਹੁਤ ਸੋਹਣੀ ਭਾਸ਼ਾ ਨਾਲ ਸਾਹਮਣੇ ਆਉਂਦਾ ਹੈ। (ਪੰਨਾ-100)  ਉਨ੍ਹਾਂ ਵਿਚੋਂ ਪਹਿਲਾਂ ਹੈ:

ਮੁਹਾਵਰਿਆਂ ਦੀ ਵਰਤੋਂ: ਗੌਂ ਭਨਾਵੇ ਜੌਂ,
ਰਾਜੇ ਸ਼ੀਂਹ ਮੁਕੱਦਮ ਕੁੱਤੇ,
ਘੋਗਾ ਚਿੱਤ ਕਰਨਾ,
ਬੇਗਾਨੀ ਸਾਹ ਤੇ ਮੁੱਛਾਂ ਮਨਾਉਣ, (78)
ਫੁੱਟ ਪਾਓ ਤੇ ਰਾਜ ਕਰੋ,ਖੁਰਾ ਨੱਪਣਾ (99),
ਹੱਥ ਵਧਾਉਣਾ (84)
ਬੁੱਕਲ਼ ਦੇ ਸੱਪ (97)

ਉਸਦੀ ਲੇਖਣ ਸ਼ੈਲੀ ਰੰਗਾਂ ਰਾਹੀਂ ਵੀ ਡੂੰਘੇ ਅਰਥ ਸਿਰਜਦੀ ਹੈ। ਜਿਵੇਂ ਕਿ 

ਕਾਲੀ ਬੁੱਧ ਦੀ ਮੂਰਤੀ
ਕਾਨੂੰਨ ਵੀ ਚਿੱਟਾ ਹੱਸੇ, ਚਿੱਟੇ ਦੀ ਹਾਮੀ ਭਰਦਾ,
ਹਸਪਤਾਲ ’ਚ ਲਾਲ ਬੱਤੀ ਜਗਦੀ ਬੁੱਝਦੀ,
ਲਾਲ ਚੁੰਨ੍ਹੀਆਂ ਦਾਨ ਕਰਦੀ ਮਾਂ,
ਭੱਠੀ ’ਚ ਦਗਦੀ ਅੱਗ ਵਾਂਗੂੰ ਲਾਲ ਹੋਇਆ ਚਿਹਰਾ,
ਜ਼ਖ਼ਮ ਹਰੇ ਹੋਏ, ਕਾਲੀ ਹਨੇਰੀ ਏਨੀਂ ਵਗੀ,
ਧੂੰਦਲਾ ਸੂਰਜ ((ਪੰਨਾ-ਨੰ 83),
ਕਾਲੇ ਚਾਨਣ (ਪੰਨਾ-ਨੰ 84),
ਚੰਨ ਚਾਨਣੀ ਕੱਚੇ ਦੁੱਧ ਵਰਗੀ (ਪੰਨਾ-ਨੰ 94),
ਹਰੀ ਕਚੂਰ ਫੁੱਲਾਂ ਨਾਲ ਲੱਦੀ (ਪੰਨਾ-ਨੰ 68),
ਅੱਖਾਂ ਦੇ ਲਾਲ ਡੋਰੇ,
ਕਾਲੀ ਰਾਤ ਦੀ ਬੁੱਕਲ ਦੇ ਵਿੱਚ ਹਾਰੇ ਹੋਏ ਸਿਕੰਦਰ (ਪੰਨਾ-ਨੰ 78),
ਮੋਹ ਦੇ ਰਿਸ਼ਤੇ ਖ਼ੂਨ ’ਚ (ਲਾਲੋ-ਲਾਲ) ਹੋਏ ਨੇ (ਪੰਨਾ-ਨੰ 78)

ਪੰਜਾਬੀ ਦੇ ਨਾਲ ਅੰਗਰੇਜ਼ੀ ਭਾਸ਼ਾ ਦਾ ਗਿਆਨ ਵੀ ਸ਼ਬਦਾਂ ਰਾਹੀਂ ਵਰਤਿਆਂ ਹੈ ਤੇ ਇਹ ਸ਼ਬਦ ਹਨ:

ਸੁਪਰ ਪਾਵਰ (ਪੰਨਾ-ਨੰ 76),
ਬਲੌਗ  ਲਿਖਣੇ (ਪੰਨਾ-ਨੰ 57)
ਇਨਫ਼ਲੇਸ਼ਨ
ਪ੍ਰਿਜ਼ਮ ਪੈਰਾਡਾਈਮ (ਪੰਨਾ-ਨੰ 76)
ਕੰਪਿਊਟਰ ਆਦਿਕ 

ਲੇਖਕ ਨੇ ‘ਦਰਦ ਜਾਗਦਾ ਹੈ’ ਪੁਸਤਕ ਰਾਹੀਂ ਜਿੱਥੇ ਕੰਪਿਊਟਰ ਨੂੰ ਬਾਕਮਾਲ ਮੁਸ਼ੱਕਤ ਮਿਹਤਨ ਦਾ ਨਤੀਜਾ ਦੱਸਿਆ ਹੈ, ਉੱਥੇ ਨਾਲ ਹੀ ਨਾਲ ਇਹ ਵੀ ਚਿੰਤਾ ਜ਼ਾਹਿਰ ਕੀਤੀ ਹੈ ਕਿ:

ਕੀ ਇੱਕ ਕਲਿੱਕ ਨਾਲ, ਅੱਜ ਦੀ ਪੀੜ੍ਹੀ, ਸੁਪਨਿਆਂ ਦੇ ਸੱਚ ਨੂੰ ਸ਼ੰਕਿਆਂ ਦੇ ਸ਼ੋਰ ਸ਼ਰਾਬੇ, ਅੰਦਰ ਜਾਣ ਸਕੇਗੀ ਕਿ ਨਹੀਂ (ਪੰਨਾ-ਨੰ 54)

ਅੰਤ ’ਚ ਇਸ ਕਿਤਾਬ ਵਿੱਚੋਂ ਜ਼ਿੰਦਗੀ ਨੂੰ ਸੇਧ ਦੇਣ ਵਾਲੇ ਫ਼ਲਸਫ਼ਿਆਂ ਤੇ ਵੀ ਇਕ ਝਾਤ ਮਾਰ ਲੈਂਦੇ ਹਾਂ। ਇਨ੍ਹਾਂ ਫ਼ਲਸਫ਼ਿਆਂ ਤੋਂ ਲੇਖਕ ਦੇ ਗਹਿਰ-ਗੰਭੀਰ ਗਿਆਨ ਨੂੰ ਪਾਠਕ ਸਿਜਦਾ ਕਰਦਿਆਂ ਅਦਬ ਨਾਲ ਭਰ ਜਾਂਦਾ ਹੈ। ਇਹ ਫ਼ਲਸਫ਼ੇ ਹਨ:

ਹੀਲੇ ’ਚ ਵਸੀਲਾ ਹੈ।
ਨ੍ਹੇਰੇ ’ਚ ਸਵੇਰਾ ਭਾਲਣ ਦਾ ਸੰਕਲਪ, (ਪੰਨਾ-ਨੰ 53)
ਦੁਨੀਆਂ ਨਾਲ ਨਾਤਾ ਤੋੜ ਮੌਤ ਨਾਲ ਅਭੇਦ ਹੋਣਾ।
ਮਨ ਦੀ ਮੈਲ਼ ਧੋਂਦੇ ਜਪੁ ਜੀ ਦੇ ਬੋਲ (ਪੰਨਾ-ਨੰ 16,17)
ਸੁਕਰਾਤ ਵਾਲਾ ਦਿਲ ਰੱਖ।
ਚੰਦਰਾ ਬਣੇ ਗੁਆਂਢ ਜਦ ਭੁੱਲ ਜਾਂਦਾ ਪ੍ਰੇਮ ਪਿਆਰ

ਘਰ ਨੂੰ ਅੱਗ ਲਾਂਵਦੇ ਚਲਦੇ ਫਿਰਦੇ ਹਥਿਆਰ। (ਪੰਨਾ-ਨੰ 96)
ਅਸੀਂ ਤਾਂ ਸਰਬੱਤ ਦਾ ਭਲਾ ਮੰਗਣਾ ਹੈ, ਦੰਭੀ ਫ਼ਰੇਬੀ ਸਰਕਾਰ ਨੂੰ
ਬੇਪਰਦਾ ਕਰਨਾ ਸੂਲ਼ੀ ਤੇ ਟੰਗਣਾ ਹੈ। (ਪੰਨਾ-ਨੰ 62)
ਨਿੱਤ ਸ਼ਾਮ ਸਵੇਰੇ ਸੁੱਖ ਮੰਗੀਏ ਮਾਨਵ ਦੇ ਸੁੱਚੇ ਜੀਵਨ ਦੀ (ਪੰਨਾ-ਨੰ 64)
ਕਣ-ਕਣ ਅੰਦਰ ਕੁਦਰਤ ਵਸਦੀ (ਪੰਨਾ-ਨੰ 68)
ਸ਼ੂਨਯ-ਬੋਧ ਦਾ ਪ੍ਰਭਾਵ ਚਾਰ ਚੁਫ਼ੇਰੇ (ਪੰਨਾ-ਨੰ 69)
ਉੱਠ ਕੇ ਗਲ਼ ਦੇ ਨਾਲ ਲਗਾ, ਉਲ਼ਝੀ ਤਾਣੀ ਨੂੰ  ਸੁਲਝਾ
ਜੀਵਨ ਦੀ ਬਿਹਤਰੀ ਦੇ ਲਈ ਜ਼ਖ਼ਮਾਂ ਉੱਤੇ ਮਰ੍ਹਮ ਲਗਾ (ਪੰਨਾ-ਨੰ 82)
ਇਨਸਾਨ ਨੂੰ ਛਿੱਕੇ ਟੰਗ ਕੇ ਹਥਿਆਈ ਤਾਕਤ,ਸਭ ਤੋਂ ਖ਼ਤਰਨਾਕ ਹੁੰਦੀ ਹੈ (ਪੰਨਾ-ਨੰ 83)
ਦੀਪ ਚੇਤਨਾ ਵਾਲੇ ਜਗਦੇ,
ਸੁਪਨੇ ਹੁੰਦੇ ਸਭ ਸਾਕਾਰ,
ਪਲ-ਛਿਣ ਵਿੱਚ ਗੱਲ ਪੱਲੇ
ਪੈਂਦੀ ਬੰਦਾ ਏ ਖ਼ਾਕਕਾਰ (ਪੰਨਾ-ਨੰ 94)
ਜ਼ਿੰਦਗੀ ਦੀ ਪੂਜਾ ਰੱਬ ਦੀ ਪੂਜਾ,
ਮਾਂ ਬਿਨਾਂ ਕੋਈ ਰੱਬ ਨਾ ਦੂਜਾ,
ਇਹਦੇ ਚਰਨਾਂ ਵਿੱਚ ਹੈ ਮੁਕਤੀ,
ਜੀਵਨ ਦੀ ਜਿੱਤ ਹਾਰ ਦੀ। (ਪੰਨਾ-ਨੰ 88)

ਇਨ੍ਹਾਂ ਫ਼ਲਸਫ਼ਿਆਂ ਦੇ ਨਾਲ ‘ਦਰਦ ਜਾਗਦਾ ਹੈ’ ਕਿਤਾਬ ’ਚ ਕਵੀ ਨੇ ਸਰਬ ਸਾਂਝੀ ਵਾਲਤਾ ਦੀ ਸੁੱਖ ਮਨਾਉਂਦਿਆਂ ਵਾਹਿਗੁਰੂ ਅੱਗੇ ਅਰਦਾਸ ਵੀ ਕੀਤੀ ਹੈ ਕਿ:
ਜਗਤ ਜਲੰਦਾ ਰੱਖ ਲੈ
ਆਪਣੀ ਕਿਰਪਾ ਧਾਰ (ਪੰਨਾ-ਨੰ 95)

ਇਨ੍ਹਾਂ ਸ਼ਬਦਾਂ ਦੇ ਨਾਲ ਮੈਂ ਇਸ ਕਿਤਾਬ ਲਈ ਤੇ ਇੰਨੀ ਸਹਿਜ ਤੇ ਸੁਹਜ ਵਾਲੀ ਸਿਰਜਣਾ ਲਈ ਮੁਬਾਰਕਬਾਦ ਦਿੰਦੀ ਹਾਂ।
***
Sonia Pal
Ex. Assistant Professor
Department of English
Lovely Professor University
Phagwara

***
(ਪਹਿਲੀ ਵਾਰ ਛਪਿਆ 14 ਸਤੰਬਰ 2021)
***
356
***
‘ਦਰਦ ਜਾਗਦਾ ਹੈ’ ਸਬੰਧੀ ਹੋਰ ਲੇਖਕਾਂ ਦੇ ਵਿਚਾਰ ਪੜ੍ਹਨ ਲਈ ਅਗਲੀਆਂ ਕੜੀਆਂ (Links) ‘ਤੇ ਕਲਿੱਕ ਕਰੋ:
1. ਭੂਪਿੰਦਰ ਸਿੰਘ ਸੱਗੂ ਦੀ ਪੁਸਤਕ ‘ਦਰਦ ਜਾਗਦਾ ਹੈ’—✍️ਮਨ ਮਾਨ,ਕੋਟ ਕਪੂਰਾ
2. “ਦਰਦ ਜਾਗਦਾ ਹੈ” ਬਾਰੇ ਕੁੱਝ ਚਰਚਾ ਅਤੇ ਕੁੱਝ ਹੋਰ ਗੱਲਾਂ—✍️ਮਨਦੀਪ ਕੌਰ ਭੰਮਰਾ
3. ਪੁਸਤਕ-ਸਮੀਖਿਆ: ਦਰਦ ਜਾਗਦਾ ਹੈ—ਡਾ. ਨਿਸ਼ਾਨ ਸਿੰਘ ਰਾਠੌਰ

 

ਸੋਨੀਆਂ ਪਾਲ, ਵੁਲਵਰਹੈਂਪਟਨ, ਇੰਗਲੈਂਡ

View all posts by ਸੋਨੀਆਂ ਪਾਲ, ਵੁਲਵਰਹੈਂਪਟਨ, ਇੰਗਲੈਂਡ →