ਕਸਬੇ ਦੇ ਬਾਹਰ ਡੇਢ ਕੁ ਮੀਲ ਦੀ ਵਿੱਥ ‘ਤੇ ਕਿੱਕਰਾਂ ਦੀ ਡੱਬ-ਖੜੱਬੀ ਛਾਂ ਹੇਠ ਜਿੱਥੇ ਮਾਈ ਨੂਰਾਂ ਦੀ ਦਰਗਾਹ ਏ ਸੰਨ ਸੰਤਾਲ਼ੀ ਤੋਂ ਪਹਿਲਾਂ ਰੰਡੀ ਦਾ ਕੋਠਾ ਸੀ। ਤਵੈਫ਼ ਮਾਈ ਨੂਰਾਂ ਆਪ ਈ ਸੀ। ਪਿੱਛੇ ਹਟਵਾਂ ਡਾਟਾਂ ‘ਤੇ ਬਣਿਆ ਜਿਹੜਾ ਛੋਟੀਆਂ ਇੱਟਾਂ ਦਾ ਮਕਾਨ ਏ ਇਹੋ ਅੱਡਾ ਸੀ ਨੂਰਾਂ ਦਾ। ਇਹ ਮਕਾਨ ਅਤੇ ਇਹਦੇ ਵਿਹੜੇ ‘ਚ ਲੱਗਿਆ ਕਨਾਲ ‘ਚ ਫੈਲਿਆ ਬੋਹੜ ਦਾ ਦਰਖ਼ਤ ਇੱਕ-ਦੂਜੇ ਦੇ ਡੇਢ ਸਦੀ ਪੁਰਾਣੇ ਸਾਥੀ ਨੇ। ਇਹ ਦੋਵੇਂ ਏਥੇ ਵਾਪਰੀਆਂ ਬੜੀਆਂ ਖ਼ੁਸ਼ੀਆਂ-ਗ਼ਮੀਆਂ ਦੇ ਚਸ਼ਮਦੀਦ ਗਵਾਹ ਨੇ। ਦੇਸ ਵੰਡਿਆ ਗਿਆ, ਕਿਸੇ ਨੇ ਦੂਣੀ ਦਾ ਪਹਾੜਾ ਇਉਂ ਪੜ੍ਹਿਆ ਕਿ ਦੋ ਦੂਣੀ ਚਾਰ ਤਾਂ ਹੋਏ ਪਰ ਦੋ ਪਾਂਜੀ ਪੰਦਰਾਂ ਹੋ ਗਏ, ਦੋ ਦਾਹਿਆ ਵੀਹ ਦੀ ਬਜਾਏ ਸੰਤਾਲ਼ੀ ਹੋ ਗਏ। ਪਹਾੜਾ ਬਦਤਮੀਜ਼ ਹੋ ਗਿਆ, ਆਪਣੀ ਚਾਲ ਭੁੱਲ ਗਿਆ, ਇਹਦੀ ਮੱਤ ਮਾਰੀ ਗਈ। ਸੱਚਮੁੱਚ ਸਿਆਸਤ ਦੇ ਸੀਨੇ ‘ਚ ਦਿਲ ਨਹੀਂ ਹੁੰਦੈ! ਵੇਸਵਾ ਕੋਲ਼ ਜਾਣ ਲੱਗਾ ਕੋਈ ਉਂਝ ਉਹਦੀ ਜ਼ਾਤ-ਕੁਜ਼ਾਤ ਨਹੀਂ ਪੁੱਛਦਾ ਪਰ ਹੱਲਿਆਂ ਵੇਲ਼ੇ ਨੂਰਾਂ ਨੂੰ ਮੁਸਲਮਾਨ ਸਮਝ ਆਇਆ ਸੀ ਕੋਈ ਮਾਰਨ ਤੇ ਕਰਿੰਦੇ ਲਛਮਣ ਨੇ ਐਸੀ ਗੰਡਾਸੀ ਵਾਹੀ ਕਿ ਹਮਲਾਵਰ ਥਾਂਈਂ ਢੇਰੀ ਹੋ ਗਿਆ ਸੀ। ਚਲੋ, ਕੋਈ ਹੋਣੈ ਚਾਅ ਉਹਨੂੰ ਇੱਕ ਔਰਤ ਨੂੰ ਮਾਰਕੇ ਕੋਈ ਬਦਲਾ ਲੈਣ ਦਾ! ਵੈਸੇ ਨੂਰਾਂ ਦਾ ਕੁਝ ਪਤਾ ਨਹੀਂ ਸੀ ਉਹ ਕੌਣ ਸੀ, ਕਿੱਥੋਂ ਆਈ ਸੀ, ਕਿਹੜੇ ਦੀਨ-ਧਰਮ ਦੀ ਸੀ। ਬੜੀ ਮੂੰਹ-ਫੱਟ ਸੀ ਆਖ ਦਿਆ ਕਰਦੀ ਸੀ ਸਿੱਧਾ,”ਅਸੀਂ ਮਰਦਾਂ ਦੀ ਗਰਮੀ ਕੱਢਦੀਆਂ ਵਾਂ ਏਥੇ! ਠੰਢੇ ਕਰਕੇ ਤੋਰ ਦਿੰਦੀਆਂ ਵਾਂ!” ਜਿੱਥੇ ਖ਼ਾਨਦਾਨੀ ਅਖਵਾਉਣ ਵਾਲ਼ੇ ਉਹਦੇ ਠਿਕਾਣੇ ‘ਤੇ ਖੇਹ ਖਾਂਦੇ ਫਿਰਦੇ ਸਨ, ਇਲਾਕੇ ਦਾ ਜਗੀਰਦਾਰ ਉਹਦੇ ਮੂਹਰੇ ਹੱਥ ਜੋੜਦਾ ਸੀ। ਹੋਇਆ ਕੁਝ ਇਉਂ ਸੀ ਕਿ ਜਗੀਰਦਾਰ ਦੇ ਕੋਈ ਔਲਾਦ ਨਹੀਂ ਸੀ ਤੇ ਪੰਡਤ ਦੇ ਕਹਿਣ ‘ਤੇ ਉਹਨੂੰ ਨੂਰਾਂ ਦੇ ਦਰ ‘ਤੇ ਆਉਣਾ ਪਿਆ ਸੀ, ਫਿਰ ਜਾ ਕੇ ਉਹਦੀ ਵੇਲ਼ ਵਧੀ ਸੀ। ਇਰਦ-ਗਿਰਦ ਦੇ ਦਸ ਪਿੰਡਾਂ ‘ਚ ਉਹਦੀ ਚੜ੍ਹਤ ਹੋਣ ਕਰਕੇ ਕੋਈ ਨੂਰਾਂ ਦੀ ‘ਵਾ ਵੱਲ ਵੀ ਨਹੀਂ ਝਾਕਦਾ ਸੀ। ਵੱਢਾ-ਟੁੱਕੀ ਵੇਲ਼ੇ ਨਵੇਂ ਬਣੇ ਮੁਲਕ ਵੱਲੋਂ ਪੰਜ ਅਨਾਥ ਨਿਆਣੇ ਆਏ। ਮਾਪੇ, ਚਾਚੇ-ਤਾਏ ਮਾਰ ਦਿੱਤੇ ਸਨ ਕੋੜ੍ਹੀਆਂ ਨੇ, ਸਾਰੇ ਛੇ-ਸੱਤ ਸਾਲ਼ ਤੋਂ ਘੱਟ ਉਮਰ ਦੇ, ਕੈਂਪਾਂ ‘ਚ ਰੁਲ਼ਦੇ ਫਿਰਨ। ਜਦੋਂ ਕਿਸੇ ਧਰਮੀਂ ਨੇ ਵੀ ਉਹਨਾਂ ਦੀ ਬਾਂਹ ਨਾ ਫੜ੍ਹੀ ਤਾਂ ਮਾਈ ਆਪ ਜਾ ਕੇ ਉਹਨਾਂ ਨੂੰ ਲੈ ਆਈ। ਸਭ ਤੋਂ ਛੋਟਾ ਸਾਲ਼ ਕੁ ਦਾ ਸੀ, ਮਾਈ ਦੇ ਦੁੱਧ ਉੱਤਰ ਆਇਆ। ਆਪ ਵੇਸਵਾਪੁਣਾ ਛੱਡ ਦਿੱਤਾ ਤੇ ਜਵਾਕਾਂ ਨੂੰ ਪਾਲਦੀ-ਪੋਸਦੀ ਨੂਰਾਂ, ਮਾਈ ਨੂਰਾਂ ਹੋ ਨਿੱਬੜੀ। ਕੋਠੇ ਵਿੱਚ ਸ੍ਰੀ ਕ੍ਰਿਸ਼ਨ ਦ੍ਰੋਪਦੀ ਲੱਜਪਾਲ ਦੀ ਮੂਰਤੀ ਬਿਰਾਜਮਾਨ ਹੋ ਗਈ। ਬੱਚਿਆਂ ਦਾ ਪਾਲਣ-ਪੋਸਣ ਹਿੰਦੂ ਰਹਿਤ-ਮਰਿਆਦਾ ਮੁਤਾਬਕ ਹੋਇਆ। ਦਵਾਲ਼ੀਆਂ, ਹੋਲੀਆਂ, ਜਨਮਸ਼ਟਮੀਆਂ, ਵਰਤ-ਨਰਾਤੇ ਮਨਾਏ ਜਾਂਦੇ। ਮਾਈ ਦਾ ਹੁਸਨ ਰੱਬੀ ਤੇਜ਼ ‘ਚ ਬਦਲ ਗਿਆ। ਕਸਬੇ ਦੇ ਗ਼ਰੀਬ-ਗ਼ੁਰਬੇ ਉਹਦੇ ਤਾਈਂ ਮਦਦ ਦੀ ਗੁਹਾਰ ਲਾਉਣ ਗਏ ਕਦੇ ਖਾਲੀ ਹੱਥ ਨਾ ਮੁੜਦੇ। ਉਹਨੇ ਆਪ ਪਾਲ਼ੀਆਂ ਤਿੰਨ ਕੁੜੀਆਂ ਦੇ ਮਾਂ ਬਣ ਕੇ ਕੰਨਿਆਦਾਨ ਕੀਤੇ, ਜਿਹੜੇ ਘਰੀਂ ਗਈਆਂ ਪੌਂ-ਬਾਰਾਂ ਹੋਗੀਆਂ। ਵੱਡਾ ਮੁੰਡਾ ਵੱਡੀਆਂ ਪੜ੍ਹਾਈਆਂ ਪੜ੍ਹਕੇ ਕਿਸੇ ਵਿਸ਼ਵ-ਵਿਦਿਆਲੇ ‘ਚ ਪ੍ਰੋਫੈਸਰ ਲੱਗ ਗਿਆ। ਜੀਹਨੂੰ ਮਾਈ ਨੇ ਦੁੱਧ ਚੁੰਘਾਇਆ ਸੀ, ਨੂੰ ਸਕੂਲ ‘ਚ ਕਿਸੇ ਨੇ ‘ਰੰਡੀ ਦਾ ਪੁੱਤ’ ਕਿਹਾ ਸੀ, ਉਹ ਦੁਬਾਰਾ ਸਕੂਲ ਨੀ ਵੜਿਆ ਅਤੇ ਮਾਂ ਦੇ ਚਰਨਾਂ ‘ਚ ਰਹਿਣ ਨੂੰ ਹੀ ਆਪਣਾ ਧਰਮ ਮੰਨ ਬੈਠਾ ਤੇ ਕੋਈ ਪਹੁੰਚੀ ਹੋਈ ਹਸਤੀ ਹੋ ਨਿੱਬੜਿਆ। ਸੱਠ ਕੁ ਦੇ ਨੇੜ ਢੁੱਕਦਿਆਂ ਮਾਈ ਇਸ ਜਹਾਨ ਨੂੰ ਅਲਵਿਦਾ ਕਹਿ ਗਈ। ਪੁੱਤ ਨੇ ਕਿੱਕਰਾਂ ਦੇ ਹੇਠ ਮਾਂ ਨੂੰ ਦਫ਼ਨ ਕੀਤਾ। ਵੈਰਾਗੀ ਜਿਹਾ, ਉਦਾਸ ਚਿੱਤ ਸੀ, ਰੋਜ਼ ਕਬਰ ‘ਤੇ ਗੇੜਾ ਮਾਰਦਾ, ਕਦੇ-ਕਦੇ ਘੰਟਿਆਂ-ਬੱਧੀ ਬੈਠਾ ਮਿੱਟੀ ਵੱਲ ਵੇਂਹਦਾ ਰਹਿੰਦਾ। ਕਬਰ ‘ਤੇ ਹਰ ਵੀਰਵਾਰ ਨੂੰ ‘ਕੱਠ ਹੋਣ ਲੱਗਿਆ। ਜਗੀਰਦਾਰ ਦੇ ਪਰਿਵਾਰ ਨੇ ਚਾਰ ਕੰਧਾਂ ‘ਤੇ ਗੁੰਬਦ ਉਸਾਰ ਦਿੱਤਾ। ਲੋਕ ਮੰਨਤਾਂ ਮੰਗਣ ਆਉਂਦੇ ਨੇ। ਅਰਜ਼ੀਆਂ, ਬੇਨਤੀਆਂ ਕਾਗਜ਼ ‘ਤੇ ਲਿਖਕੇ ਦਰ ‘ਤੇ ਲੱਗੀ ਬੇਰੀ ਦੀ ਸ਼ਾਖ ‘ਤੇ ਬੰਨ੍ਹਦੇ ਨੇ! ਖ਼ਲਕਤ ਨੂੰ ਵਿਸ਼ਵਾਸ ਏ ਉਹਨਾਂ ਦੇ ਬੱਚਿਆਂ ਨੂੰ ਮਾਈ ਨੂਰਾਂ ਦਾ ਆਸਰਾ ਏ, ਕੋਈ ਉਹਨਾਂ ਦਾ ਵਾਲ਼ ਵਿੰਗਾ ਨੀ ਕਰ ਸਕਦਾ। ਚੌਂਕਾ ਇਬਾਦਤਗਾਹ ਹੋ ਗਿਆ। ਕੀ ਪਤਾ ਲੱਗਦੈ ਕਦੋਂ ਜਹਿਰਾਂ ਨੇ ਅਮ੍ਰਿਤ ਹੋ ਜਾਣੈ ਤੇ ਕਦੋਂ ਅੰਨ੍ਹਿਆਂ ਨੇ ਸੁਜਾਖੇ ਹੋ ਜਾਣੈ, ਕਦੋਂ ਭਟਕੇ ਨੇ ਆਪ ਰਹਿਬਰ ਬਣ ਜਾਣੈ! ਭੋਲ਼ਿਆ, ਫੁੱਲ ਕੰਡਿਆਂ ਨੂੰ ਕੱਜ ਲੈਂਦੇ ਨੇ! *** ਬਲਜੀਤ ਖ਼ਾਨ ਸਪੁੱਤਰ ਮਾਈ ਬਸ਼ੀਰਾਂ |
Smalsar, Moga, Punjab, India