27 July 2024
ਕਿਸਾਨ ਮੋਰਚਾ

ਮੈਂ ਤਾਂ ਸੋਚਿਆ ਸੀ—ਗੁਰਚਰਨ ਸੱਗੂ

ਮੈਂ ਤਾਂ ਸੋਚਿਆ ਸੀ

ਮੈਂ ਤਾਂ ਦਿਨ ਰਾਤ
ਰਾਤ ਦਿਨ

ਇਹ ਹੀ ਸੋਚਦਾ ਰਿਹਾ
ਸਾਡੇ ਖੇਤਾਂ ਦੀ ਬਹਾਰ
ਕਣਕਾਂ ਦੀ ਖੁਸ਼ਬੂ
ਝੂਲਦੀਆਂ ਛੱਲੀਆਂ ਦੀ ਲੈਅ
ਤੱਤੇ ਗੁੜ ਦੀ ਮਹਿਕ
ਸਾਡੀ ਆਪਣੀ ਹੈ

ਸਾਡੇ ਆਪਣੇ ਹਨ
ਇਹ ਲਹਿਰਾਂਦੇ ਖੇਤ
ਜੋ ਸਾਡੇ ਪੁਰਖਿਆਂ ਨੇ
ਆਪਣੀ ਵਸੀਅਤ ਵਿੱਚ ਲਿਖੇ
ਤੇ ਹੁਣ ਅਸੀਂ ਵਸੀਅਤ ਵਿੱਚ
ਅੱਗੇ ਤੋਰਨੇ ਹਨ

ਲਿਖਣੀ ਸੀ ਵਸੀਅਤ
ਅਗਲੀ ਪ੍ਹੀੜੀ ਲਈ
ਉਹਨਾਂ ਦੀ ਜ਼ਿੰਦਗੀ ਲਈ
ਉਹਨਾਂ ਦੇ ਭਵਿੱਖ ਲਈ
ਉਹਨਾਂ ਦੇ ਚੁੱਲ੍ਹੇ ਲਈ
ਬਲਦੀ ਅੱਗ ਲਈ

ਪਰ ਇਹ ਕੀ ਹੋਇਆ
ਕਿਸੇ ਨੇ ਮੇਰੇ ਗਲ ਉੱਪਰ ਅੰਗੂਠਾ ਰੱਖਿਆ
ਤੇ ਹਾਕਮ ਦਾ ਹੁਕਮ ਸੁਣਾਇਆ
ਇਹ ਗੰਨਿਆਂ ਦਾ ਰਸ
ਤੇ ਕਣਕਾਂ ਦੀ ਮਹਿਕ
ਹੁਣ ਸਾਡੀ ਹੈ

ਤੂੰ ਅੱਗੇ ਵਸੀਅਤ ਨਹੀਂ ਲਿਖ ਸਕਦਾ

ਮੈਂ ਤਾਂ ਦਿਨ ਰਾਤ
ਰਾਤ ਦਿਨ
ਇਹ ਹੀ ਸੋਚਦਾ ਰਿਹਾ
ਤੱਤੇ ਗੁੜ ਦੀ ਮਹਿਕ
ਸਾਡੀ ਆਪਣੀ ਹੈ
**
7 ਜਨਵਰੀ 2021 

gurcharan sago