21 September 2024
prof.gurbhajan s. gill

ਵੇ ਮੈਂ ਤੇਰੀ ਮਾਂ ਦੀ ਬੋਲੀ ਆਂ—ਗੁਰਭਜਨ ਸਿੰਘ ਗਿੱਲ (ਪ੍ਰੋ.)

21 ਫਰਵਰੀ ਨੂੰ ਵਿਸ਼ਵ ਮਾਂ ਬੋਲੀ ਦਿਹਾੜੇ ਤੇ ਵਿਸ਼ੇਸ਼

ਯੂਨੈਸਕੋ ਦੀ ਰਿਪੋਰਟ ਦੇ ਹਵਾਲੇ ਨਾਲ ਸਮੁੱਚੇ ਵਿਸ਼ਵ ਵਿੱਚ ਇਹ ਚਰਚਾ ਆਮ ਹੋ ਗਈ ਸੀ ਕਿ ਆਉਦੇ 50 ਸਾਲਾਂ ਵਿੱਚ ਪੰਜਾਬੀ ਭਾਸ਼ਾ ਦਾ ਵਜੂਦ ਖਤਮ ਹੋਣ ਦੀਆਂ ਸੰਭਾਵਨਾਵਾਂ ਹਨ। ਸ੍ਵ: ਕੁਲਦੀਪ ਨਈਅਰ ਨੇ ਜਦੋਂ ਇਹ ਟਿੱਪਣੀ ਕੁਝ ਸਾਲ ਪਹਿਲਾਂ ਇਸ ਰਿਪੋਰਟ ਦੇ ਹਵਾਲੇ ਨਾਲ ਕੀਤੀ ਸੀ ਤਾਂ ਸਾਡੇ ਬਹੁਤੇ ਵਿਦਵਾਨਾਂ ਨੇ ਇਸ ਨੂੰ ਸੱਚ ਕਰ ਜਾਣਿਆ ਅਤੇ ਰਾਤੋ ਰਾਤ ਫਿਕਰਮੰਦੀ ਦੇ ਮਤੇ ਪਾਸ ਕਰਨ ਲੱਗ ਪਏ। ਘਰ ਘਰ ਫੂਹੜੀਆਂ ਵਿਛਾ ਕੇ ਬੈਠ ਗਏ। ਅੰਤਿਮ ਸੰਸਕਾਰ ਵਾਲੀ ਮਾਨਸਿਕਤਾ ਨਾਲ ਅਸੀਂ ਆਪਣੀ ਜ਼ੁਬਾਨ ਨਾਲ ਕੋਝਾ ਵਿਹਾਰ ਕਰਨ ਲੱਗੇ। ਕੁਝ ਸਿਆਣਿਆਂ ਨੇ ਰਿਪੋਰਟਾਂ ਫੋਲੀਆਂ ਤਾਂ ਗੱਲ ਵਿਚੋਂ ਇਹ ਨਿਕਲੀ ਕਿ ਜਿਹੜੀਆਂ ਭਾਸ਼ਾਵਾਂ ਖਤਰੇ ਅਧੀਨ ਹਨ ਉਨ੍ਹਾਂ ਵਿੱਚ ਪੰਜਾਬੀ ਦਾ ਵੀ ਨਾਂ ਬੋਲਦਾ ਹੈ। ਇਸ ਗੱਲ ਲਈ ਸਾਨੂੰ ਕਿਸੇ ਬਾਹਰਲੀ ਏਜੰਸੀ ਪਾਸੋਂ ਤਸਦੀਕ ਕਰਵਾਉਣ ਦੀ ਲੋੜ ਨਹੀਂ ਹੈ ਸਗੋਂ ਹਕੀਕਤ ਇਹ ਹੈ ਕਿ ਅਸੀਂ ਆਪਣੇ ਘਰਾਂ, ਪਰਿਵਾਰਾਂ, ਵਪਾਰਾਂ ਅਤੇ ਪਿਆਰਾਂ ਵਿੱਚੋਂ ਪੰਜਾਬੀ ਨੂੰ ਨਿਕਾਲਾ ਦੇ ਦਿੱਤਾ ਹੈ। ਤੁਸੀਂ ਦਿਨ ਚੜ੍ਹਨ ਤੋਂ ਸੂਰਜ ਅਸਤਣ ਤੀਕ ਆਪਣੀ ਜ਼ਿੰਦਗੀ ਨੂੰ ਖੁਦ ਵੇਖੋ। ਆਪਣੇ ਘਰ ਤੋਂ ਰੁਜ਼ਗਾਰ ਤੀਕ ਦੇ ਸਫਰ ਦੌਰਾਨ ਤੁਰਦੇ ਫਿਰਦੇ ਨਜ਼ਰ ਮਾਰੋ ਕਿ ਪੰਜਾਬੀ ਕਿਥੇ ਹੈ?

ਤੁਹਾਡੇ ਹੱਥ ਵਿੱਚ ਫੜਿਆ ਤੁਹਾਡਾ ਹੀ ਪਛਾਣ ਪੱਤਰ ਜਿਸ ਨੂੰ ਵਿਜ਼ਟਿੰਗ ਕਾਰਡ ਕਹਿੰਦੇ ਹੋ ਉਹ ਕਿਹੜੀ ਭਾਸ਼ਾ ਵਿੱਚ ਹੈ? ਤੁਹਾਡੇ ਘਰ ਦੀ ਨੰਬਰ ਪਲੇਟ ਅਤੇ ਨਾਮ ਕਿਸ ਭਾਸ਼ਾ ਵਿੱਚ ਹੈ? ਤੁਹਾਡੇ ਬੱਚਿਆਂ ਦੇ ਸਕੂਲ ਵਿੱਚ ਕਿਹੜੀ ਭਾਸ਼ਾ ਦੀ ਸਰਦਾਰੀ ਹੈ? ਤੁਹਾਡਾ ਬੱਚਾ ਟੀ. ਵੀ. ਚੈਨਲ ਤੇ ਕਿਸ ਭਾਸ਼ਾ ਦੇ ਪ੍ਰੋਗਰਾਮ ਦੇਖਦਾ ਹੈ। ਜੇਕਰ ਉਸ ਦਾ ਵੱਸ ਚੱਲੇ ਤਾਂ ਉਹ ਕਿਹੜੇ ਗੀਤਾਂ ਨੂੰ ਟੀ. ਵੀ. ਜਾਂ ਇੰਟਰੈਨੈੱਟ ਤੋਂ ਸੁਣਦਾ ਹੈ?  ਤੁਸੀਂ ਆਪਣੇ ਤੋਂ ਲੈ ਕੇ ਬੱਚਿਆਂ ਤੀਕ ਦੇ ਪਹਿਰਾਵੇ, ਲੀੜੇ ਕੱਪੜਿਆਂ ਦੇ ਨਾਂ ਸੋਚੋ, ਬਹੁਤੇ ਪੰਜਾਬੀ ਵਿੱਚ ਨਹੀਂ ਹਨ। ਅੰਗਰੇਜ਼ੀ ਜਾਂ ਕਿਸੇ ਹੋਰ ਜ਼ੁਬਾਨ ਤੋਂ ਆਏ ਹਨ। ਬੱਚਿਆਂ ਦੇ ਆਪਸੀ ਵਾਰਤਾਲਾਪ ਨੂੰ ਕਦੀ ਸੁਣਿਓ, ਓਹਲੇ ਬੈਠ ਕੇ। ਉਹ ਤੁਹਾਡੀ ਮਾਂ ਬੋਲੀ ਨੂੰ ਟਿੱਚ ਜਾਣਦੇ ਹਨ। ਉਨ੍ਹਾਂ ਕੋਲ ਆਪਣਾ ਅਨੁਭਵ ਹੈ ਅਤੇ ਉਸ ਅਨੁਭਵ ਦੀ ਭਾਸ਼ਾ ਹਿੰਦੀ ਜਾਂ ਅੰਗਰੇਜ਼ੀ ਬਣਾ ਦਿੱਤੀ ਗਈ ਹੈ। ਪੁੱਤਰ ਧੀਆਂ ਨੂੰ ਵਧੇਰੇ ਕਮਾਊ ਬਣਾਉਣ ਦੀ ਪ੍ਰਵਿਰਤੀ ਨੇ ਉਨ੍ਹਾਂ ਕੁਲੀਨ ਵਰਗ ਦੇ ਵਿਦਿਅਕ ਅਦਾਰਿਆਂ ਵਿੱਚ ਪੜ੍ਹਨ ਦੀ ਹੋੜ ਲਾ ਦਿੱਤੀ ਹੈ ਜਿਥੇ ਮਾਂ ਬੋਲੀ ਦਾ ਰੁਤਬਾ ਕਿਸੇ ਨੌਕਰਾਣੀ ਜਾਂ ਗੋਲੀ ਤੋਂ ਵੱਧ ਨਹੀਂ। ਹਕੀਕਤ ਇਹ ਹੈ ਕਿ ਬੱਚਾ ਜੰਮਣ ਸਾਰ ਮਾਪਿਆਂ ਦੀ ਇੱਛਾ ਵਿੱਚ ਇਹ ਗੱਲ ਬੁਰੀ ਤਰ੍ਹਾਂ ਘਰ ਕਰ ਜਾਂਦੀ ਹੈ ਕਿ ਬੱਚੇ ਨੂੰ ਕੀ ਬਣਾਉਣਾ ਹੈ। ਅੱਜਕਲ ਹਰ ਮਾਂ ਡਾਕਟਰ, ਇੰਜੀਨੀਅਰ ਜਾਂ ਬਹੁ ਕੌਮੀ ਕੰਪਨੀ ਦਾ ਮੈਨੇਜਰ ਜੰਮਦੀ ਹੈ ਜਿਸ ਦੀ ਤਨਖਾਹ ਪਹਿਲੀ ਨਿਯੁਕਤੀ ਤੇ ਹੀ ਘੱਟੋ ਘੱਟ ਲੱਖਾਂ ਰੁਪਏ ਹੋਵੇ। ਮਾਂਵਾਂ ਪੁੱਤਰ ਧੀਆਂ ਨਹੀਂ ਜੰਮਦੀਆਂ ਕਮਾਊ ਸੰਦ ਜੰਮਦੀਆਂ ਹਨ ਜਿਹੜੇ ਉਨ੍ਹਾਂ ਦੇ ਬੁਢਾਪੇ ਵੇਲੇ ਵੱਧ ਧਨ ਪ੍ਰਾਪਤੀ ਨਾਲ ਪਰਿਵਾਰਕ ਖੁਸ਼ਹਾਲੀ ਨੂੰ ਯਕੀਨੀ ਬਣਾ ਸਕਣ। ਇਥੋਂ ਹੀ ਭਾਸ਼ਾ ਦਾ ਘਾਣ ਸ਼ੁਰੂ ਹੁੰਦਾ ਹੈ।

ਵਿਰਸੇ ਦੀ ਮਮਤਾ ਪਾਲਣ ਵਾਲੇ ਲੋਕ ਇਹ ਗੱਲ ਜਾਣਦੇ ਹਨ ਕਿ ਪੰਘੂੜੇ ਤੋਂ ਲੈ ਕੇ ਮਾਂ ਬੋਲੀ ਹਰ ਪੈਰ ਤੇ ਤੁਹਾਡੇ ਅੰਗ ਸੰਗ ਰਹਿੰਦੀ ਹੈ ਪਰ ਇਹ ਰਿਸ਼ਤਾ ਤਾਂ ਹੀ ਨਿਭਦਾ ਹੈ ਜੇਕਰ ਮਾਪਿਆਂ ਨੇ ਆਪਣੇ ਜੀਵਨ ਵਿਹਾਰ ਵਿੱਚ ਆਪਣੀ ਮਾਂ ਬੋਲੀ ਲਈ ਸਤਿਕਾਰ ਯੋਗ ਥਾਂ ਰੱਖੀ ਹੋਈ ਹੈ। ਜੇਕਰ ਮਾਂ ਬੋਲੀ ਬੋਲਦੇ ਬੱਚੇ ਨੂੰ ਸਮਾਜਿਕ ਨਿਜ਼ਾਮ ਨੇ ਉਜੱਡ ਹੀ ਸਮਝਣਾ ਹੈ ਜਾਂ ਬੱਚੇ ਨੂੰ ਕੁਲੀਨ ਵਰਗ ਦੀ ਭਾਸ਼ਾ ਸਿਖਾਉਣ ਲਈ ਤੁਸੀਂ ਆਪਣੀ ਮਾਂ ਬੋਲੀ ਦੀ ਬਲੀ ਦੇਣੀ ਹੈ ਤਾਂ ਬਾਲ ਮਨ ਦੇ ਵਿਕਾਸ ਦੇ ਸਾਰੇ ਮੌਕੇ ਹੀ ਉਸ ਤੋਂ ਖੁੱਸ ਜਾਣੇ ਹਨ। ਮੁੱਢਲੀ ਗੱਲ ਇਹੀ ਹੈ ਕਿ ਜਦ ਤਕ ਬੱਚਾ ਅੱਖ਼ਰ ਗਿਆਨ ਦੇ ਲੜ ਨਹੀਂ ਲੱਗਦਾ ਓਨਾ ਚਿਰ ਉਸ ਦੀ ਕੋਰੀ ਤਖਤੀ ਤੇ ਹੋਰ ਭਾਸ਼ਾਵਾਂ ਦੇ ਘੁੱਗੂ ਘੋੜੇ ਨਾ ਵਾਹੋ। ਕੋਰੀ ਤਖਤੀ ਤੇ ਮਨਚਾਹੇ ਅੱਖ਼ਰ ਲਿਖਿਆਂ ਝਰੀਟਾਂ ਪੈਂਦੀਆਂ ਹਨ। ਪਰਿਵਾਰਕ ਮਾਹੌਲ ਵਿੱਚ ਹੀ ਮਾਂ ਬੋਲੀ ਦਾ ਸਤਿਕਾਰ ਬਣਾਈ ਰੱਖੋ। ਅੱਖਰਾਂ ਵੇਲੇ ਉਸ ਨੂੰ ਮਾਂ ਬੋਲੀ ਪੰਜਾਬੀ ਲਈ ਸਮਰੱਥ ਲਿੱਪੀ ਗੁਰਮੁਖੀ ਨਾਲ ਸ਼ਬਦ ਸਾਂਝ ਪੁਆਓ। ਪਿਆਰ ਦੀ ਭਾਸ਼ਾ ਮਾਂ ਬੋਲੀ ਹੀ ਹੁੰਦੀ ਹੈ ਜੇਕਰ ਤੁਸੀਂ ਪਿਆਰ ਦੀ ਭਾਸ਼ਾ ਸਿੱਖ ਜਾਓਗੇ ਤਾਂ ਰੁਜ਼ਗਾਰ ਦੀ ਕੋਈ ਵੀ ਭਾਸ਼ਾ ਸਿੱਖਣੀ ਤੁਹਾਡੇ ਲਈ ਹੋਰ ਵੀ ਆਸਾਨ ਹੋ ਜਾਵੇਗੀ। ਪਿਆਰ ਦੀ ਭਾਸ਼ਾ ਸਿੱਖਣ ਲਈ ਪੰਜਾਬ ਸਰਕਾਰ ਦੇ ਕਿਸੇ ਵੀ ਵਿਸੇਸ਼ ਨੋਟੀਫਿਕੇਸ਼ਨ ਦੀ ਲੋੜ ਨਹੀਂ ਨਾ ਹੀ ਜ਼ਿਲ੍ਹਾ ਪੱਧਰ ਦੀਆਂ ਕਮੇਟੀਆਂ ਬਣਾਉਣ ਦੀ ਲੋੜ ਹੈ? ਤੁਸੀਂ ਆਪ ਦੱਸੋ ਕਿ ਆਪਣੇ ਹੀ ਪੰਜਾਬ ਦੇ ਧੀਆਂ ਪੁੱਤਰਾਂ ਨੂੰ ਇਹ ਕਹਿਣਾ ਪਵੇ ਕਿ ਆਪਣੀ ਮਾਂ ਬੋਲੀ ਵਿੱਚ ਕੰਮ-ਕਾਰ ਕਰਿਆ ਕਰੋ ਤਾਂ ਇਸ ਤੋਂ ਵੱਡੀ ਸਿਤਮ ਵਾਲੀ ਗੱਲ ਕਿਹੜੀ ਹੋਵੇਗੀ। ਅੱਗੋਂ ਪੁੱਤਰ ਧੀਆਂ ਇਹ ਆਖਣ ਕਿ ਪਹਿਲਾਂ ਸਾਡੇ ਲਈ ਸਖਤ ਕਾਨੂੰਨ ਬਣਾਓ, ਭਾਸ਼ਾ ਟ੍ਰਿਬਿਊਨਲ ਬਣਾਓ ਫਿਰ ਅਸੀਂ ਮਾਂ ਬੋਲੀ ਵਿੱਚ ਕੰਮ ਕਾਜ ਕਰਾਂਗੇ ਤਾਂ ਇਸ ਤੋਂ ਵੱਡੀ ਹਾਰ ਕੀ ਹੋਵੇਗੀ।

ਮੇਰੀ ਧਰਤੀ ਦੇ ਲੋਕਾਂ ਨੂੰ ਇਹ ਗੱਲ ਗੁਰੂ ਨਾਨਕ ਦੇਵ ਜੀ ਨੇ ਆਖੀ ਸੀ ਕਿ ਰਾਜ ਕਰਨ ਵਾਲੇ ਲੋਕਾਂ ਅਤੇ ਪ੍ਰਮਾਰਥ ਵੇਚਣ ਵਾਲੇ ਲੋਕਾਂ ਨੇ ਹਮੇਸ਼ਾਂ ਭਾਸ਼ਾ ਦਾ ਓਹਲਾ ਰੱਖ ਕੇ ਹੀ ਸਧਾਰਣ ਬੰਦਿਆਂ ਨੂੰ ਲੁੱਟਿਆ ਹੈ। ਇਸੇ ਕਰਕੇ ਉਨ੍ਹਾਂ ਨੇ ਪ੍ਰਮਾਰਥ ਦੀ ਭਾਸ਼ਾ ਵੀ ਪੰਜਾਬੀ ਲੋਕ ਭਾਸ਼ਾ ਬਣਾ ਵਿਖਾਈ। ਗੁਰਬਾਣੀ ਵਿੱਚ ਪਵਿੱਤਰ ਸ਼ਬਦ ਆਮ ਸਧਾਰਣ ਆਦਮੀ ਲਈ ਕਲਿਆਣਕਾਰੀ ਵੀ ਇਸੇ ਕਰਕੇ ਹਨ ਕਿ ਇਨ੍ਹਾਂ ਵਿੱਚ ਕੋਈ ਓਹਲਾ ਨਹੀਂ। ਜੇਕਰ ਅਸੀਂ ਅੱਜ ਵੀ ਓਹਲੇ ਦੀ ਓਪਰੀ ਭਾਸ਼ਾ ਤਿਆਗ ਕੇ ਹਸਪਤਾਲਾਂ, ਕਚਿਹਰੀਆਂ, ਮਾਲ ਮਹਿਕਮੇ ਦੇ ਦਸਤਾਵੇਜਾਂ, ਆਮ ਕਾਰੋਬਾਰੀ ਅਦਾਰਿਆਂ ਅਤੇ ਵਰਤੋਂ ਵਿਹਾਰ ਵਿੱਚ ਪੰਜਾਬੀ ਦੀ ਖੁੱਲੀ ਡੁੱਲੀ ਵਰਤੋਂ ਕਰਨੀ ਸ਼ੁਰੂ ਕਰ ਦੇਈਏ ਤਾਂ ਯੂਨੈਸਕੋ ਦੀ ਰਿਪੋਰਟ ਨੂੰ ਝੁਠਲਾ ਸਕਦੇ  ਹਾਂ। ਤੁਸੀਂ ਆਪ ਸੋਚੋ ਕਿ ਤੁਹਾਡੇ ਪੁੱਤਰਾਂ ਧੀਆਂ ਦੇ ਵਿਆਹਾਂ ਸ਼ਾਦੀਆਂ ਦੇ ਕਾਰਡ ਗਲਤ ਅੰਗਰੇਜ਼ੀ ਵਿੱਚ ਛਾਪਣੇ ਸਹੀ ਹਨ ਜਾਂ ਸਹੀ ਪੰਜਾਬੀ ਵਿੱਚ। ਪੰਜਾਬੀਆਂ ਦੀਆਂ ਰਿਸ਼ਤੇਦਾਰੀਆਂ ਦਾ ਤਾਣਾ ਬਾਣਾ ਪੰਜਾਬ ਵਿੱਚ ਹੀ ਤਾਂ ਹੈ। ਕਾਰਡ ਦਾ ਮਕਸਦ ਵੀ ਸਹੀ ਸੂਚਨਾ ਦੇਣਾ ਹੁੰਦਾ ਹੈ। ਜੇਕਰ ਅਸੀਂ ਆਪਣੇ ਨਾਨਕਿਆਂ ਦਾਦਕਿਆਂ ਭੂਆ ਮਾਸੀਆਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਆਪਣੀ ਜ਼ੁਬਾਨ ਵਿੱਚ ਹੀ ਸੁਨੇਹਾ ਨਹੀਂ ਦੇਵਾਂਗੇ ਤਾਂ ਹੋਰ ਕੌਣ ਦੇਵੇਗਾ? ਭਾਸ਼ਾ ਦਾ ਸਵੈ-ਮਾਣ ਹੀ ਤੁਹਾਨੂੰ ਸਹੀ ਪੰਜਾਬੀ ਪੁੱਤਰ ਬਣਾ ਸਕੇਗਾ। ਪੰਜਾਬੀ ਹੀ ਨਹੀਂ ਕਿਸੇ ਵੀ ਖਿੱਤੇ ਦੀ ਮਾਂ ਬੋਲੀ ਵਿੱਚ ਇਹ ਸਮੱਰਥਾ ਹਮੇਸ਼ਾਂ ਹੀ ਰਹਿੰਦੀ ਹੈ ਕਿ ਉਹ ਤੁਹਾਡੇ ਸਰਬਪੱਖੀ ਵਿਕਾਸ ਲਈ ਨਾਲੋ ਨਾਲ ਤੁਰੇ। ਤੁਹਾਡੇ ਹਓਕਿਆਂ ਦੀ ਜ਼ੁਬਾਨ ਬਣੇ। ਤੁਹਾਡੇ ਫਿਕਰਾਂ ਨੂੰ ਖੁਸ਼ੀਆਂ ਨੂੰ ਮਨ ਦੇ ਚਾਵਾਂ ਅਤੇ ਹੁਲਾਰਿਆਂ ਨੂੰ ਮਾਂ ਬੋਲੀ ਹੀ ਖੰਭ ਲਾ ਸਕਦੀ ਹੈ। ਵਿਸ਼ਵ ਵਿੱਚ ਮਾਂ ਬੋਲੀ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲਗਪਗ 13 ਕਰੋੜ ਗਿਣੀ ਜਾਂਦੀ ਹੈ ਜਿਨ੍ਹਾਂ ਵਿਚੋਂ ਭਾਵੇਂ ਗੁਰਮੁਖੀ ਅੱਖ਼ਰ ਜਾਨਣ ਵਾਲੇ ਵੀ ਤਿੰਨ ਕਰੋੜ ਦੇ ਨੇੜੇ ਤੇੜੇ ਹਨ ਪਰ ਪੰਜਾਬੀ ਭਾਸ਼ਾ ਵਿੱਚ ਕਿਸੇ ਵੀ ਕਿਤਾਬ ਦੀ ਛਪਣ ਸੰਖਿਆਂ 1100 ਤੋਂ ਵੱਧ ਨਹੀਂ। ਪੁਸਤਕ ਸਭਿਆਚਾਰ ਨਾਲ ਹੀ ਅਸੀਂ ਸ਼ਬਦ ਦੀ ਸਲਾਮਤੀ ਕਾਇਮ ਕਰ ਸਕਦੇ ਹਾਂ। ਭਾਸ਼ਾ ਉਦੋਂ ਮਰਦੀ ਹੈ ਜਦੋਂ ਉਸ ਦੇ ਪੁੱਤਰਾਂ ਧੀਆਂ ਦੀ ਸ਼ਬਦ ਨਾਲੋਂ ਸਾਂਝ ਟੁੱਟ ਜਾਵੇ। ਨਾਮਧਾਰੀ ਸਮਾਜ ਦੇ ਬਾਨੀ ਸਤਿਗੁਰ ਰਾਮ ਸਿੰਘ ਜੀ ਨੇ ਗੁਰਮੁਖੀ ਅੱਖਰ ਪੜ੍ਹਨੇ ਤੇ ਪੜ੍ਹਾਵਣੇ  ਦਾ ਹੁਕਮਨਾਮਾ ਜਾਰੀ ਕੀਤਾ ਸੀ ਪਰ ਅੱਜ ਇਸ ਸਮਾਜ ਵਿੱਚ ਵੀ ਪੰਜਾਬੀ ਅਤੇ ਗੁਰਮੁਖੀ ਲਈ ਮੁਹੱਬਤ ਨੂੰ ਖੋਰਾ ਲੱਗ ਰਿਹਾ ਹੈ। ਭਾਸ਼ਾ ਕਿਸੇ ਧਰਮ ਜਾਤ ਜਾਂ ਗੋਤ ਦੀ ਮਲਕੀਅਤ ਨਹੀਂ ਹੁੰਦੀ ਸਗੋਂ ਖਿੱਤਾ ਵਿਸੇਸ਼ ਦੇ ਲੋਕਾਂ ਦੀ ਸਾਂਝੀ ਪੂੰਜੀ ਹੁੰਦੀ ਹੈ। ਪੰਜਾਬੀ ਨੂੰ ਸਿਰਫ ਸਿੱਖਾਂ ਦੀ ਭਾਸ਼ਾ ਕਹਿ ਕੇ ਤਿਆਗਣ ਵਾਲਿਆਂ ਨੂੰ ਇਹ ਗੱਲ ਕਦੇ ਵੀ ਨਹੀਂ ਵਿਸਾਰਨੀ ਚਾਹੀਦੀ ਕਿ ਪੰਜਾਬੀ ਭਾਸ਼ਾ ਦੇ ਮੁੱਢਲੇ ਲੇਖਕਾਂ ਵਿੱਚ ਈਸ਼ਵਰ ਚੰਦਰ ਨੰਦਾ, ਲਾਲਾ ਕਿਰਪਾ ਸਾਗਰ, ਬਿਹਾਰੀ ਲਾਲ ਪੁਰੀ, ਸ਼ਰਧਾ ਰਾਮ ਫਿਲੌਰੀ, ਧਨੀ ਰਾਮ ਚਾਤ੍ਰਿਕ, ਪ੍ਰੋ: ਬ੍ਰਿਜ ਲਾਲ ਸਾਸ਼ਤਰੀ, ਡਾ: ਵਿਦਿਆ ਭਾਸਕਰ ਅਰੁਣ, ਬਲਵੰਤ ਗਾਰਗੀ, ਦੇਵਿੰਦਰ ਸਤਿਆਰਥੀ ਵਰਗੇ ਮਹਾਨ ਵਿਅਕਤੀ ਕਿਸ ਪਿਛੋਕੜ ਵਿੱਚੋਂ ਆਏ ਸਨ। ਸ਼ਿਵ ਕੁਮਾਰ ਬਟਾਲਵੀ, ਮੋਹਨ ਭੰਡਾਰੀ, ਰਾਮ ਸਰੂਪ ਅਣਖੀ, ਓਮ ਪ੍ਰਕਾਸ਼ ਗਾਸੋ, ਕੇਵਲ ਸੂਦ, ਭੂਸ਼ਨ ਧਿਆਨਪੁਰੀ, ਕੇ ਐਲ ਗਰਗ, ਡਾ: ਲੋਕ ਨਾਥ ਆਦਿ ਵਰਗੇ ਸਿਰਜਣਹਾਰਿਆਂ ਨੇ ਆਪਣੀ ਧਰਤੀ ਦੀ ਜ਼ੁਬਾਨ ਨੂੰ ਕਿਵੇਂ ਸਿਖ਼ਰਾਂ ਤੇ ਪਹੁੰਚਾਇਆ ਹੈ। ਵੰਡੀਆਂ ਨਾਲ ਸ਼ਕਤੀ ਕਮਜ਼ੋਰ ਪੈਂਦੀ ਹੈ ਅਤੇ ਏਕੇ ਨਾਲ ਸਵਾਈ ਹੁੰਦੀ ਹੈ। ਆਓ ਆਪਣੀ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਸ਼ਬਦ ਸਭਿਆਚਾਰ ਦੀ ਉਸਾਰੀ ਹਿਤ ਪਿੰਡਾਂ ਵਿੱਚ ਲਾਇਬ੍ਰੇਰੀਆਂ ਦਾ ਢਾਂਚਾ ਉਸਾਰੀਏ। ਸਾਡੇ ਕੋਲ ਧਰਮਸਾਲ ਦਾ ਮਾਡਲ ਪਹਿਲਾਂ ਹੀ ਹਾਜ਼ਰ ਹੈ। ਧਰਮਸਾਲ ਓਨਾ ਚਿਰ ਸੰਪੂਰਨ ਨਹੀਂ ਜਿੰਨਾਂ ਚਿਰ ਉਸ ਵਿੱਚ ਪਾਠਸਾਲ, ਚਕਿਤਸਾਲ ਅਤੇ ਪੁਸਤਕਸਾਲ ਨਹੀਂ ਹੈ। ਧਰਮਸਾਲ ਅੱਜ ਦਾ ਗੁਰਦੁਆਰਾ, ਮੰਦਰ, ਗਿਰਜਾਘਰ ਜਾਂ ਮਸੀਤ ਹੈ। ਪਾਠਸਾਲ ਸਕੂਲ ਹੈ, ਚਕਿਤਸਾਲ ਹਸਪਤਾਲ ਹੈ ਅਤੇ ਪੁਸਤਕਸਾਲ ਲਾਇਬ੍ਰੇਰੀ ਹੈ। ਇਨ੍ਹਾਂ ਚਾਰ ਪਾਵਿਆਂ ਤੇ ਹੀ ਸਾਡਾ ਵਿਕਾਸ ਮਾਡਲ ਖੜ੍ਹਾ ਹੈ। ਇਨ੍ਹਾਂ ਵਿੱਚ ਸੁਮੇਲ ਕਰਨਾ ਪਵੇਗਾ ਫਿਰ ਕਿਸੇ ਅੰਤਰ ਰਾਸ਼ਟਰੀ ਏਜੰਸੀ ਨੂੰ ਇਹ ਕਹਿਣ ਦਾ ਮੌਕਾ ਨਹੀਂ ਮਿਲੇਗਾ ਕਿ ਪੰਜਾਬੀ ਭਾਸ਼ਾ ਮਰ ਰਹੀ ਹੈ। ਪੰਜਾਬੀ ਦੇ ਸ਼ਬਦ ਭੰਡਾਰ ਵਿੱਚ ਵਾਧੇ ਅਤੇ ਵਿਕਾਸ ਲਈ ਭਾਸ਼ਾ ਦੀ ਵਰਤੋਂ ਯੋਗਤਾ ਵਧਾਉਣੀ ਪਵੇਗੀ। ਨਿਰੰਤਰ ਮੋਹ ਅਤੇ ਮੁਹੱਬਤ ਦਾ ਰਿਸ਼ਤਾ ਸੁਰਜੀਤ ਕਰਕੇ ਹੀ ਅਸੀਂ ਆਪਣੀ ਮਾਂ ਬੋਲੀ ਸਮਰੱਥਾਵਾਨ ਸੁਆਣੀ ਬਣਾ ਸਕਾਂਗੇ। ਭਾਸ਼ਾ ਕੋਈ ਉਦਯੋਗਿਕ ਇਕਾਈ ਅੰਦਰ ਵਿਗਸਣ ਵਾਲੀ ਵਸਤੂ ਨਹੀਂ ਹੈ, ਇਸ ਦਾ ਉਤਪਾਦਨ ਨਹੀਂ ਹੁੰਦਾ। ਸ਼ਬਦਕੋਸ਼ ਜਿਉਂਦੀਆਂ ਭਾਸ਼ਾਵਾਂ ਦਾ ਖਜ਼ਾਨਾ ਤਾਂ ਹੁੰਦੇ ਹਨ ਪਰ ਇਨ੍ਹਾਂ ਨੂੰ ਕਬਰਾਂ ਨਾ ਬਣਾਈਏ। ਇਹ ਪੂੰਜੀ ਲਗਾਤਾਰ ਵਰਤਣ ਵਾਸਤੇ ਹੈ, ਸਿਰਫ ਸੰਭਾਲਣ ਵਾਸਤੇ ਨਹੀਂ। ਕਤਰੇ ਕਤਰੇ ਨਾਲ ਹੀ ਸਮੁੰਦਰ ਭਰਦਾ ਹੈ। ਆਓ ਪ੍ਰਣ ਕਰੀਏ ਕਿ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਕਿਸੇ ਹੋਰ ਧਿਰ ਦਾ ਸਾਥ ਲੱਭਣ ਦੀ ਥਾਂ ਖੁਦ ਹਿੰਮਤ ਕਰੀਏ। ਪੰਜਾਬੀ ਦੇ ਨਾਮਵਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਮੁੱਢਲੇ ਸਫਰ ਦੌਰਾਨ ਕੁਝ ਕਵਿਤਾਵਾਂ ਵੀ ਲਿਖੀਆਂ ਸਨ। ਉਨ੍ਹਾਂ ਦੀ ਇਕ ਕਵਿਤਾ ਦੇ ਬੋਲਾਂ ਨਾਲ ਮੈਂ ਆਪਣੀ ਗੱਲ ਅੱਗੇ ਤੋਰਦਾ ਹਾਂ:

ਕਿਸ ਨੂੰ ਉਡੀਕਦੇ ਹੋ,
ਗੋਬਿੰਦ ਨੇ ਹੁਣ ਪਟਨ ਚੋਂ ਨਹੀਂ ਆਉਣਾ।
ਮਸਤਕ ਤੋਂ ਹੱਥ ਤਕ ਸਿੱਧਾ ਰਸਤਾ
ਕੇਸਗੜ੍ਹ ਦੇ ਮੈਦਾਨ ਨੂੰ ਜਾਂਦਾ ਹੈ।
***
78
***

ਪ੍ਰੋ. ਗੁਰਭਜਨ ਸਿੰਘ ਗਿੱਲ

ਪ੍ਰੋ. ਗੁਰਭਜਨ ਸਿੰਘ ਗਿੱਲ

View all posts by ਪ੍ਰੋ. ਗੁਰਭਜਨ ਸਿੰਘ ਗਿੱਲ →