ਨਾ ਮਨ ਨੂੰ ਚੈਨ ਹੈ ਓਥੇ
ਨਾ ਮਨ ਨੂੰ ਚੈਨ ਹੈ ਓਥੇ, ਨਾ ਮਨ ਨੂੰ ਚੈਨ ਹੈ ਏਥੇ
ਕਿਵੇਂ ਦੀ ਰੁੱਤ ਹੈ ਯਾਰੋ, ਕਿ ਮਨ ਬੇਚੈਨ ਹੈ ਏਥੇ
ਸਮਝ ਨਹੀਂ ਅਾਂਵਦਾ ਯਾਰੋ ਕਿ ਭਾਣਾ ਵਰਤਿਆ ਹੈ ਕੀ
ਇਹ ਕੈਸਾ ਰੱਬ ਹੈ ਜੋ ਆਪ ਵੀ ਬੇਚੈਨ ਹੈ ਏਥੇ
ਸਮਝਦੇ ਸਾਂ ਕਿ ਕੁਦਰਤ ਖਿਲ ਨਵਾਂ ਸੰਸਾਰ ਸਿਰਜੇਗਾ
ਕਿ ਆਦਮ ਫੇਰ ਖੌਰੂ ਪਾਉਣ ਨੂੰ ਬੇਚੈਨ ਹੈ ਏਥੇ
ਬੜੇ ਇਤਿਹਾਸ ਬਦਲੇ ਨੇ ਬੜੇ ਹੀ ਕਹਿਰ ਵਰਤੇ ਨੇ
ਸਮਝਦਾ ਫੇਰ ਵੀ ਨਹੀਂ ਆਦਮੀ ਬੇਚੈਨ ਹੈ ਏਥੇ
ਅਸੀਂ ਦੜ੍ਹ ਵੱਟ ਕੇ ਬੈਠੇ ਹਾਂ ਭਲੇ ਦਿਨ ਦੀ ਦੁਆ ਕਰਕੇ
ਸਲਾਮਤ ਵੇਖਣੇ ਨੂੰ ਵਕਤ ਵੀ ਬੇਚੈਨ ਹੈ ਏਥੇ
****
ਨਾ ਤੇਰੇ ਸ਼ਹਿਰ ਦਾ
ਨਾ ਤੇਰੇ ਸ਼ਹਿਰ ਦਾ ਰੌਲਾ ਨਾ ਮੇਰੇ ਸ਼ਹਿਰ ਦਾ ਰੌਲਾ
ਕਿ ਬਣਿਅਾਂ ਹਰ ਜਗਾ ਹਰ ਦੇਸ਼ ਤੇ ਹਰ ਪਹਿਰ ਦਾ ਰੌਲਾ
ਬੜੇ ਦੀਵੇ ਜਗਾਏ ਟੱਲ ਖੜਕਾਏ ਇਹ ਨਾ ਰੁਕਿਆ
ਇਹ ਦਿਨ ਦੂਣੀ ਤਰੱਕੀ ਕਰ ਰਿਹਾ ਏ ਕਹਿਰ ਦਾ ਰੌਲਾ
ਇਹ ਕਰਕੇ ਬੰਦ ਘਰਾਂ ਵਿਚ ਆਦਮੀ ਨੂੰ ਹੱਸ ਰਿਹਾ ਯਾਰੋ
ਤੇ ਨੱਚੇ ਵਿਚ ਚੌਰਾਹੀਂ ਤਾਜ ਵਿਚਲੇ ਜ਼ਹਿਰ ਦਾ ਰੌਲਾ
ਬੜੇ ਸੰਕੇਤ ਘੱਲੇ ਸੀ ਕਿ ਰੁੱਖਾਂ ਤੇ ਜਨੌਰਾਂ ਨੇ
ਤੇ ਫਿਰ ਵੀ ਸਮਝਦਾ ਨਾ ਏਸ ਚੰਦਰੀ ਲਹਿਰ ਦਾ ਰੌਲਾ
ਨਾ ਤੇਰੇ ਸ਼ਹਿਰ ਦਾ………
***
ਨਦੀ ਤੂਫਾਨ ਬਣ ਜਾਏ
ਨਦੀ ਤੂਫਾਨ ਬਣ ਜਾਏ
ਕਿਨਾਰੇ ਖੁਰ ਵੀ ਜਾਂਦੇ ਨੇ
ਜੇ ਬੱਦਲ ਰੋਹ’ ਚ ਭਰ ਜਾਏ
ਤਾਂ ਪਰਬਤ ਭੁਰ ਵੀ ਜਾਂਦੇ ਨੇ
ਨਾ ਸਾਡਾ ਹੌਂਸਲਾ ਪਰਖੀਂ
ਨਾ ਸਾਡੀ ਚਾਲ ਅਜਮਾਈਂਂ
ਅਸੀਂ ਉਸ ਧੁੱਪ ਦੇ ਆਦੀ ਹਾਂ
ਹਨੇਰੇ ਤੁਰ ਵੀ ਜਾਂਦੇ ਨੇ
***
ਰੋਕਿਅਾਂ ਰੁਕਦੇ ਕਦੋਂ ਨੇ ਕਾਫਲੇ
ਰੋਕਿਅਾਂ ਰੁਕਦੇ ਕਦੋਂ ਨੇ ਕਾਫਲੇ
ਸਿਰ ਤੇ ਕਫਨ ਬੰਨ੍ਹ ਤੁਰੇ ਨੇ ਕਾਫਲੇ
ਉਂਝ ਤਾਂ ਤੂੰ ਵੀ ਵਾਹ ਬੜੀ ਲਾਉਂਦਾ ਰਿਹਾ
ਫੇਰ ਵੀ ਤੈਥੋਂ ਡਰਨ ਨਾ ਕਾਫਲੇ
ਤੇਰੀਅਾਂ ਨੀਯਤਾਂ ਨੂੰ ਉਹ ਪਹਿਚਾਣਦੇ
ਇਸ ਲਈ ਤਾਂ ਤੁਰ ਪਏ ਨੇ ਕਾਫਲੇ
ਕਾਫਲੇ ਜਦ ਬਣ ਗਏ ਤੂਫਾਨ ਫਿਰ
ਕੀ ਹੋਵੇਗਾ ਹਸ਼ਰ ਤੇਰਾ ਜਾਣ ਲੈ
ਏਸ ਲਈ ਹੁਣ ਸਮਝ ਲੈ ਪਹਿਚਾਣ ਲੈ
ਸਿਰ ਤਲੀ ਤੇ ਧਰ ਤੁਰੇ ਨੇ ਕਾਫਲੇ।
****