22 July 2024

ਵਿਅੰਗ: ਰਸੀਆ ਨਿੰਬੂ ਲਿਆ ਦੇ ਵੇ—ਪ੍ਰੇਮ ਭੂਸ਼ਨ ਗੋਇਲ

ਨਿੰਬੂ ਸੀਟਰਸ ਜਾਤੀ ਦਾ ਫਲ ਹੈ। ਆਪਣੇ ਸਮੁੱਚੇ ਪਰਿਵਾਰ ਦੇ ਫਲਾਂ ਨਾਲੋਂ ਇਹ ਸਭ ਤੋਂ ਛੋਟਾ ਹੈ। ਛੋਟਾ ਹੋਇਆ ਤਾਂ ਕੀ, ਹੈ ਵੱਡਾ, ਗੁਣਾਂ ਦੀ ਖ਼ਾਨ। ਇਸ ਛੋਟੇ ਜਿਹੇ ਨਿੰਬੂ ਨੇ ਇਨ੍ਹਾਂ ਦਿਨਾਂ ਵਿਚ ਵੱਡਾ ਗ਼ਦਰ ਮਚਾਇਆ ਹੋਇਆ ਹੈ। ਮੰਨਿਆ ਕਿ ਇਨ੍ਹਾਂ ਦਿਨਾਂ ਵਿਚ ਇਸ ਦੀ ਮੰਗ ਵਧ ਜਾਂਦੀ ਹੈ ਤੇ ਇਸ ਦੀਆਂ ਕੀਮਤਾਂ ਵਿਚ ਵਾਧਾ ਹੋ ਜਾਂਦਾ ਹੈ ਪਰ ਇਸ ਦੀਆਂ ਕੀਮਤਾਂ ਵਿਚ ਇਸ ਵੇਰ ਤਾਂ ਏਨਾ ਉਛਾਲ ਆ ਗਿਆ ਹੈ ਕਿ ਸਭਨਾਂ ਥਾਵਾਂ ਉਤੇ ਇਸ ਦੀ ਹੀ ਚਰਚਾ ਹੈ। ਮਹਿੰਗਾਈ ਦੀ ਤਾਂ ਗੱਲ ਛੱਡੋ, ਲਓ ਹੁਣ ਜਿਹੜਾ ਨਿੰਬੂ ਮੌਸਮ ਵਿਚ 40 ਰੁਪਏ ਕਿਲੋ ਮਿਲ ਜਾਂਦਾ ਸੀ, ਹੁਣ 400 ਰੁਪਏ ਦੇ ਪਾਰ ਹੋ ਗਿਆ ਹੈ।

ਤੌਬਾ! ਤੌਬਾ!! ਏਨੀ ਮਹਿੰਗਾਈ। ਵੇਖ ਲਵੋ, ਲੋਕੀਂ ਕਹਿਣ ਲੱਗੇ ਹਨ ਜਿਸ ਨੂੰ ਬੁਰੀ ਨਜ਼ਰ ਨੂੰ ਦੂਰ ਰੱਖਣ ਲਈ ਆਪਣੇ ਬੂਹਿਆਂ ਉਤੇ ਟੰਗਦੇ ਸੀ, ਉਸ ਨੂੰ ਖੁਦ ਹੀ ਕਿਸੇ ਦੀ ਨਜ਼ਰ ਲੱਗ ਗਈ ਹੈ। ਨਿੰਬੂ ਦੇ ਭਾਅ ਨੂੰ ਹੀ ਅੱਗ ਲੱਗੀ ਪਈ ਹੈ। ਕੀ ਕੀਤਾ ਜਾਵੇ? ਲਾਚਾਰੀ ਹੈ, ਬੇਵਸੀ ਹੈ। ਨਿੰਬੂ ਨੂੰ ਖ਼ਰੀਦ ਸਕਣਾ ਤਾਂ ਹੁਣ ਅਮੀਰ ਆਦਮੀਆਂ ਦੇ ਬੂਤੇ ਦੀ ਗੱਲ ਹੀ ਰਹਿ ਗਈ ਹੈ। ਗ਼ਰੀਬ ਆਦਮੀ ਤਾਂ ਸਬਜ਼ੀ, ਫਲਾਂ ਵਾਲੀਆਂ ਦੁਕਾਨਾਂ ਨੇੜਿਉਂ ਹਸਰਤ ਭਰੀਆਂ ਨਜ਼ਰਾਂ ਨਾਲ ਵੇਖਦੇ ਤੇ ਆਹਾਂ ਭਰ ਕੇ ਲੰਘ ਜਾਂਦਾ ਹੈ। ਵਿਚਾਰਾ ਸੋਚਦਾ ਹੋਇਆ ਜਾਂਦਾ ਹੈ ਕਿ ਮਹਿੰਗਾਈ ਨੂੰ ਨੱਥ ਪਾਉਣ ਵੱਲ ਤਾਂ ਕਿਸੇ ਦੀ ਤਵੱਜੋਂ ਹੀ ਨਹੀਂ। ਮਹਿੰਗਾਈ ਤਾਂ ਹਰ ਰੋਜ਼ ਆਪਣੇ ਕੱਦ ਵਿਚ ਵਾਧਾ ਕਰਕੇ ਨਵੇਂ ਰਿਕਾਰਡ ਕਾਇਮ ਕਰਨ ਦੀ ਫਿਰਾਕ ਵਿਚ ਹੈ। ਕਦੇ ਕਿਸੇ ਚੀਜ਼ ਦਾ ਭਾਅ ਵਧ ਜਾਂਦਾ ਹੈ, ਕਦੇ ਕਿਸੇ ਦਾ। ਕਦੀ ਆਟਾ ਮਹਿੰਗਾ, ਕਦੀ ਦਾਲ। ਤੇਲ ਦੇ ਭਾਅ ਵੱਲ ਹੀ ਝਾਤ ਮਾਰ ਲਓ। ਬਸ, ਮਹਿੰਗਾਈ ਦੀ ਤਾਂ ਗੱਲ ਕਰਨਾ ਹੀ ਫ਼ਜ਼ੂਲ ਹੈ। ਇਸੇ ਲਈ ਤਾਂ ਸਾਰੇ ਚੁੱਪ ਹਨ, ਬਿਲਕੁਲ ਖ਼ਾਮੋਸ਼।

ਪਿਛਲੇ ਕੁਝ ਸਾਲਾਂ ਵਿਚ ਇਸੇ ਤਰ੍ਹਾਂ ਪਿਆਜ਼ (ਗੰਢਿਆਂ) ਦੀਆਂ ਕੀਮਤਾਂ ਵਿਚ ਵੀ ਇਜ਼ਾਫ਼ਾ ਹੋਇਆ ਸੀ, ਇਜ਼ਾਫ਼ਾ ਕੀ ਹੋਇਆ ਕਿ ਲੋਕ ਤ੍ਰਾਹੀ-ਤ੍ਰਾਹੀ ਕਰ ਉਠੇ। ਥਾਂ-ਥਾਂ ਰੈਲੀਆਂ, ਧਰਨੇ ਤੇ ਭੁੱਖ ਹੜਤਾਲਾਂ ਹੋਣ ਲੱਗੀਆਂ। ਭਾਵੇਂ ਪਿਆਜ਼ ਦੇ ਭਾਅ ਤਾਂ ਉਥੇ ਹੀ ਟਿਕੇ ਰਹੇ, ਪਰ ਸਰਕਾਰਾਂ ਹਿੱਲ ਗਈਆਂ। ਪਰ ਸ਼ੁਕਰ ਕਿ ਇਸ ਵਾਰ ਨਿੰਬੂ ਦੀਆਂ ਕੀਮਤਾਂ ਵਧਣ ਉਤੇ ਕੋਈ ਫਜ਼ੂਲ ਦੀ ਹਾਏ ਤੌਬਾ ਨਹੀਂ ਹੋਈ। ਪਿਆਜ਼ ਨੂੰ ਜਿਥੇ ਤਖਤਾ ਪਲਟ ਦੇਣ ਦਾ ਮਾਣ ਹਾਸਲ ਹੈ, ਪਰ ਨਿੰਬੂ ਇਸ ਵਿਚ ਕਾਮਯਾਬ ਨਹੀਂ ਹੋਵੇਗਾ, ਇਹ ਲੋਕਾਂ ਦਾ ਦ੍ਰਿੜ੍ਹ ਵਿਸ਼ਵਾਸ ਹੈ। ਲੋਕਤੰਤਰ ਵਿਚ ਜਨਤਾ ਹੀ ਸਿਰਮੌਰ ਹੈ, ਸਰਬ ਸ਼ਕਤੀਸ਼ਾਲੀ ਹੈ।

ਨਿੰਬੂ ਦੀਆਂ ਵਧੀਆਂ ਕੀਮਤਾਂ ਨੇ ਚੋਰਾਂ ਅਤੇ ਡਾਕੂਆਂ ਦੀ ਇਕ ਨਵੀਂ ਪ੍ਰਜਾਤੀ ਨੂੰ ਜਨਮ ਦਿੱਤਾ ਹੈ, ਜਿਹੜੀ ਸਬਜ਼ੀ-ਫਲਾਂ ਦੀਆਂ ਦੁਕਾਨਾਂ ਅਤੇ ਗੁਦਾਮਾਂ ਦੀ ਸੇਂਧਮਾਰੀ ਕਰਦੇ ਹਨ। ਨਾ ਕਦੇ ਅਜਿਹਾ ਸੁਣਿਆ ਸੀ, ਨਾ ਵੇਖਿਆ ਸੀ। ਹੁਣ ਤਾਂ ਉਨ੍ਹਾਂ ਦੇ ਨਿਸ਼ਾਨੇ ਉਤੇ ਨਿੰਬੂਆਂ ਦੇ ਬਾਗ਼ ਵੀ ਆ ਗਏ ਹਨ। ਹਰਿਆਣਾ, ਪੰਜਾਬ, ਰਾਜਸਥਾਨ, ਯੂ.ਪੀ., ਬਿਹਾਰ, ਬੰਗਾਲ ਤੱਕ ਚੋਰ-ਲੁਟੇਰੇ ਸਰਗਰਮ ਹੋ ਗਏ ਹਨ। ਇਨ੍ਹਾਂ ਬਾਗ਼ਾਂ ਦੇ ਮਾਲਕਾਂ ਨੇ ਹੁਣ ਚੰਗੀ ਤਨਖਾਹ ਉਤੇ ਚੌਕੀਦਾਰ ਰੱਖਣੇ ਸ਼ੁਰੂ ਕਰ ਦਿੱਤੇ ਹਨ। ਇਸ ਤਰ੍ਹਾਂ ਨਿੰਬੂ ਦੀ ਮਹਿੰਗਾਈ ਦਾ ਇਕ ਚੰਗਾ ਅਸਰ ਇਹ ਹੋਇਆ ਕਿ ਇਸ ਨੇ ਰੁਜ਼ਗਾਰ ਦੇ ਨਵੇਂ ਖੇਤਰਾਂ ਨੂੰ ਖੋਲ੍ਹ ਦਿੱਤਾ ਹੈ।

ਚੋਰੀ ਦੇ ਡਰ ਕਾਰਨ ਦੁਕਾਨਦਾਰਾਂ ਨੇ ਨਿੰਬੂਆਂ ਨੂੰ ਲਾਕਰ ਵਿਚ ਰੱਖਣਾ ਸ਼ੁਰੂ ਕਰ ਦਿੱਤਾ ਹੈ। ਲਾਕਰ ਦੀ ਗੱਲ ਤੋਂ ਇਕ ਹੋਰ ਗੱਲ ਦੀ ਯਾਦ ਆ ਗਈ। ਸਾਡੇ ਘਰ ਅੱਗੇ ਇਕ ਟਰੱਕ ਵਾਲਾ ਸਬਜ਼ੀ-ਫਲ ਵੇਚਣ ਵਾਲਾ ਆਉਂਦਾ ਹੈ। ਕੱਲ੍ਹ ਜਦ ਉਸ ਨੇ ਉਥੇ ਪਹੁੰਚ ਕੇ ਜ਼ੋਰ ਨਾ ਪੋਂਪੂ ਵਜਾਇਆ, ਮੈਂ ਤੇ ਮੇਰਾ ਇਕ ਗੁਆਂਢੀ ਫੌਰਨ ਟਰੱਕ ਕੋਲ ਪੁੱਜੇ। ਮੇਰੇ ਗੁਆਂਢੀ ਨੇ ਕਾਹਲੀ-ਕਾਹਲੀ ਹੜਬੜਾਹਟ ਵਿਚ ਦੂਰੋਂ ਹੀ ਕਹਿਣਾ ਸ਼ੁਰੂ ਕੀਤਾ ‘ਲਾਕਰ…।’

‘ਲੌਕੀ-ਚਾਲੀਆਂ ਦੀ ਕਿੱਲੋ।’

‘ਮੈਂ ਲੌਕੀ ਦੀ ਨਹੀਂ ਲਾਕਰ ਦੀ ਗੱਲ ਕਰ ਰਿਹਾਂ, ਨਿੰਬੂ ਕੱਢ ਲਾਕਰ ਵਿਚੋਂ…।’

‘ਅੱਛਾ! ਨਿੰਬੂ, ਨਿੰਬੂ ਤਾਂ 100 ਰੁਪਏ ਦੇ 250 ਗ੍ਰਾਮ।’

ਇਹ ਸੁਣ ਕੇ ਗੁਆਂਢੀ ਸੁੰਨ ਹੋ ਗਿਆ। ਹੌਲੀ ਜਿਹੀ ਆਵਾਜ਼ ਵਿਚ ਕਹਿਣ ਲੱਗਾ,’ਦੋ ਨਿੰਬੂ ਦੇ ਦੇ।’ ਟਰੱਕ ਵਾਲੇ ਨੇ ਗੁਆਂਢੀ ਨੂੰ ਦੋ ਨਿੰਬੂ ਦੇ ਕੇ 30 ਰੁਪਏ ਵਸੂਲ ਕਰ ਲਏ। ਨਿੰਬੂ ਬਿਲਕੁਲ ਹਰੇ ਛੋਟੇ ਤੇ ਬੇਸ਼ਕਲ।

ਸਸਤੀਆਂ ਚੀਜ਼ਾਂ ਦੀ ਅਸੀਂ ਵੀ ਕਦਰ ਨਹੀਂ ਕਰਦੇ। ਮਹਿੰਗਾਈ ਵਿਚ ਹੀ ਚੀਜ਼ਾਂ ਦਾ ਮੁੱਲ ਪੈਂਦਾ ਹੈ। ਸਾਡੇ ਘਰ ਨਿੰਬੂ ਦਾ ਬੂਟਾ ਲੱਗਿਆ ਹੋਇਆ ਹੈ। ਸਰਦੀ ਵਿਚ ਇਸ ਉਤੇ ਏਨਾ ਫਲ ਲੱਗਿਆ ਕਿ ਅਸੀਂ ਆਪਣੇ ਸਥਾਨਕ ਰਿਸ਼ਤੇਦਾਰਾਂ-ਦੋਸਤਾਂ ਕੋਲ ਤਿੰਨ-ਤਿੰਨ ਵਾਰ ਨਿੰਬੂ ਭੇਜੇ। ਸਭ ਕਹਿਣ ਲੱਗੇ, ‘ਹੁਣ ਨਾ ਭੇਜਣਾ। ਏਨੇ ਨਿੰਬੂਆਂ ਨੂੰ ਤਾਂ
ਨਿਪਟਾਉਣਾ ਹੀ ਬੜਾ ਮੁਸ਼ਕਿਲ ਹੈ। ਇਸ ਲਈ, ਚਾਚਾ ਜੀ ਹੁਣ ਨਿੰਬੂ ਨਾ ਭੇਜਣਾ।’

ਉਨ੍ਹਾਂ ਸਥਾਨਕ ਰਿਸ਼ਤੇਦਾਰਾਂ, ਦੋਸਤਾਂ ਦੇ ਹੀ ਨਹੀਂ ਸਗੋਂ ਬਾਹਰ ਤੋਂ ਵੀ ਹਰ ਰੋਜ਼ ਕਿਸੇ ਨਾ ਕਿਸੇ ਦਾ ਟੈਲੀਫੋਨ ਆ ਜਾਂਦਾ, ‘ਭਾਈ ਸਾਹਿਬ ਅਸੀਂ ਦੇਖਿਆ ਹੈ, ਤੁਹਾਡੇ ਘਰ ਨਿੰਬੂ ਦਾ ਬੂਟਾ ਲੱਗਿਆ ਹੈ, ਨਿੰਬੂ ਲੱਗੇ ਹੋਣ ਤਾਂ ਸਾਨੂੰ ਜ਼ਰੂਰ ਭੇਜਣਾ। ਲੋਕਲ ਮਾਰਕਿਟ ਵਿਚ ਤਾਂ ਮਿਲ ਨਹੀਂ ਰਹੇ। ਬੜੀ ਮੁਸੀਬਤ ਹੈ।

ਨਿੰਬੂ ਦਾ ਸੰਕਟ ਤਾਂ ਏਨਾ ਡੂੰਘਾ ਹੋ ਚੁੱਕਿਆ ਹੈ ਕਿ ਦਹੇਜ ਦੇ ਲਾਲਚੀ ਲੜਕੀ ਵਾਲਿਆਂ ਤੋਂ ਸੋਨੇ ਅਤੇ ਨਗਦੀ ਦੀ ਤਾਂ ਮੰਗ ਕਰਦੇ ਹੀ ਹਨ, ਇਨ੍ਹੀਂ ਦਿਨੀਂ ਇਹ ਵੀ ਸ਼ਰਤ ਰੱਖਦੇ ਹਨ ਕਿ ਦਹੇਜ ਵਿਚ ਇਕ ਟੋਕਰੀ ਨਿੰਬੂ ਦੀ ਵੀ ਦੇਣੀ ਹੋਵੇਗੀ, ਤਦੇ ਹੀ ਰਿਸ਼ਤਾ ਪੱਕਾ ਸਮਝਿਆ ਜਾਵੇਗਾ। ਦਹੇਜ ਨੂੰ ਲੈ ਕੇ ਲੜਕੀ ਵਾਲੇ ਤਾਂ ਪਹਿਲਾਂ ਹੀ ਪ੍ਰੇਸ਼ਾਨ ਹੁੰਦੇ ਹਨ, ਮੁੰਡਿਆਂ ਵਾਲਿਆਂ ਦੀ ਇਸ ਨਵੀਂ ਸ਼ਰਤ ਨੇ ਤਾਂ ਲੜਕੀਆਂ ਵਾਲਿਆਂ ਲਈ ਨਵੀਂ ਮੁਸੀਬਤ ਸਹੇੜ ਦਿੱਤੀ। ਸੋਨੇ-ਨਗਦੀ ਦਾਤਾਂ ਕਿਵੇਂ ਨਾ ਕਿਵੇਂ ਜੁਗਾੜ ਬਿਠਾ ਲੈਂਦੇ ਸਨ, ਪਰ ਜਿਸ ਵਕਤ ਇਕ ਨਿੰਬੂ ਵੀ ਮਾਰਕਿਟ ਵਿਚ ਉਪਲਬਧ ਨਹੀਂ ਹੈ, ਇਕ ਟੋਕਰੀ ਨਿੰਬੂਆਂ ਦਾ ਪ੍ਰਬੰਧ ਕਿੱਥੋਂ ਤੇ ਕਿਵੇਂ ਕੀਤਾ ਜਾਵੇ?

ਦੁਕਾਨਦਾਰਾਂ ਤੇ ‘ਮਾਲ’ ਵਾਲੇ ਆਪਣੀ ਵਿਕਰੀ ਨੂੰ ਵਧਾਉਣ ਲਈ ਜਿਥੇ ‘ਇਕ ਦੇ ਨਾਲ ਇਕ ਫ੍ਰੀ’ ਦਾ ਲਾਲਚ ਦਿੰਦੇ ਸਨ, ਉਥੇ ਉਨ੍ਹਾਂ ਨੇ ਸਮੇਂ ਦੀ ਨਬਜ਼ ਨੂੰ ਪਹਿਚਾਣਿਆ, ਆਪਣੀ ਰਣਨੀਤੀ ਨੂੰ ਬਦਲ ਕੇ ‘ਇਕ ਨਾਲ 250 ਗ੍ਰਾਮ ਨਿੰਬੂ ਫ੍ਰੀ’ ਨੂੰ ਅਪਣਾਇਆ ਹੈ, ਜਿਸ ਨਾਲ ਉਨ੍ਹਾਂ ਦੀ ਵਿਕਰੀ ਵਿਚ ਕਾਫੀ ਵਾਧਾ ਹੋਇਆ ਹੈ।

ਮੈਨੂੰ ਕਦੇ ਸੁਫ਼ਨਾ ਨਹੀਂ ਆਇਆ। ਲੋਕਾਂ ਨੂੰ ਤਾਂ ਬਹੁਤ ਆਉਂਦੇ ਹਨ। ਪਰ ਮੈਨੂੰ ਕੱਲ੍ਹ ਇਕ ਸੁਫ਼ਨਾ ਆਇਆ ਕਿ ਨਿੰਬੂ ਦੇ ਬੂਟੇ ਉਤੇ ਦੋ ਨਿੰਬੂ ਲੱਗੇ ਹਨ। ਪੀਲੇ-ਸੋਨ ਰੰਗੇ।
ਇਸ ਬਾਰੇ ਮੈਂ ਆਪਣੀ ਬੇਟੀ ਨੂੰ ਦੱਸਿਆ ਤੇ ਕਿਹਾ, ‘ਬੇਟੀ, ਵੇਖ ਜੇ ਬੂਟੇ ਉਤੇ ਨਿੰਬੂ ਲੱਗੇ ਹੋਣ ਤਾਂ ਤੋੜ ਲਿਆ।’

ਉਸ ਨੇ ਵੇਖਿਆ, ਸੱਚਮੁੱਚ ਦੋ ਨਿੰਬੂ ਲੱਗੇ ਹੋਏ ਸਨ ਪਰ ਉਸ ਨੇ ਨਿੰਬੂਆਂ ਨੂੰ ਤੋੜਿਆ ਨਹੀਂ। ਕਹਿਣ ਲੱਗੀ, ‘ਕੱਲ੍ਹ ਤੋੜ ਲਵਾਂਗੇ, ਅੱਜ ਜ਼ਰੂਰਤ ਹੀ ਨਹੀਂ।’ ਇਸ ਦੇ ਕੁਝ ਘੰਟਿਆਂ ਬਾਅਦ ਮਾਲੀ ਆਇਆ, ਉਸ ਨੇ ਨਿੰਬੂ ਤੋੜ ਲਏ ਤੇ ਬੇਟੀ ਨੂੰ ਕਹਿਣ ਲੱਗਾ, ‘ਬੀਬੀ ਜੀ, ਇਹ ਦੋ ਨਿੰਬੂ ਮੈਂ ਲਏ ਹਨ।’ ਬੇਟੀ ਚੁੱਪ ਕਰ ਗਈ। ਉਸ ਨੇ ਇਸ ਹਾਦਸੇ ਬਾਰੇ ਮੈਨੂੰ ਦੱਸਿਆ ਤੇ ਕਹਿਣ ਲੱਗੀ, ‘ਮਾਲੀ ਉਤੇ ਤੁਸੀਂ ਕ੍ਰੋਧ ਨਹੀਂ ਕਰਨਾ।’

ਗਰਮੀ ਦਾ ਕਹਿਰ ਵੀ ਇਸ ਵਾਰ ਬੇਜੋੜ ਹੈ। ਅਜਿਹੀ ਗਰਮੀ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਠੰਢੇ ਪਦਾਰਥਾਂ ਨੂੰ ਪੀਣਾ ਜ਼ਰੂਰੀ ਹੈ। ਪਰ ਕੀਤਾ ਕੀ ਜਾਵੇ, ਸੱਤੂ ਤਾਂ ਪਹਿਲਾਂ ਹੀ ਮਨੁੱਖ ਨੇ ਇਸ ਲਿਸਟ ਵਿਚੋਂ ਖਾਰਜ ਕਰ ਸੁੱਟੇ ਹਨ। ਸਰਦਈ ਪੀਣਾ ਤਾਂ ਆਮ ਲੋਕਾਂ ਦੇ ਬਜਟ ਤੋਂ ਚਿਰੋਕਣਾ ਬਾਹਰ ਹੋ ਚੁੱਕਿਆ ਹੈ। ਸ਼ਰਬਤ ਪੀਣਾ ਕੋਈ ਪਸੰਦ ਨਹੀਂ ਕਰਦਾ ਕਿਉਂਕਿ ਸਭ ਆਪਣੀ ‘ਫਿੱਗਰ’ ਨੂੰ ਚੁਸਤ-ਦਰੁਸਤ ਰੱਖਣਾ ਚਾਹੁੰਦੇ ਹਨ। ਉਹ ਮਿੱਠੇ ਤੋਂ ਪ੍ਰਹੇਜ਼ ਕਰਦੇ ਹਨ। ਨਾਲੇ ਬਹੁਤਿਆਂ ਨੂੰ ਤਾਂ ਸ਼ੂਗਰ ਹੀ ਹੋਈ ਹੁੰਦੀ ਹੈ। ਇਸ ਲਈ ਕੇਵਲ ਬਦਲ ਨਿੰਬੂ-ਪਾਣੀ ਦਾ ਬਚਿਆ ਹੈ ਪਰ ਹਾਇ, ਉਹ ਵੀ ਤਾਂ ਸਭ ਕਿਸੇ ਨੂੰ ਮਿਲਦਾ ਨਹੀਂ ਹੈ। ਨਿੰਬੂ ਤਾਂ ਨਾਯਾਬ ਹੋ ਗਿਆ।

ਅਜਿਹਾ ਪਹਿਲੀ ਵਾਰ ਹੀ ਨਹੀਂ ਹੋਇਆ। ਪੰਜਾਬ, ਰਾਜਸਥਾਨ ਦਾ ਫੋਰ ਲੋਰ ਇਸ ਦੀ ਗਵਾਹੀ ਦਿੰਦਾ ਹੈ ਕਿ ਨਿੰਬੂ ਪਿਛਲੇ ਸਮਿਆਂ ਵਿਚ ਵੀ ਨਾਯਾਬ ਸੀ। ਪੰਜਾਬ ਦੀ ਇਕ ਮੁਟਿਆਰ ਦੇ ਕਲੇਜੇ ਵਿਚ ਦਰਦ ਉਠਦਾ ਹੈ ਤੇ ਉਹ ਆਪਣੇ ਪ੍ਰੀਤਮ ਨੂੰ ਨਿੰਬੂ ਲਿਆ ਕੇ ਦੇਣ ਦੀ ਇਉਂ ਆਰਜੂ ਕਰਦੀ ਹੈ:

ਰਸੀਆ! ਨਿੰਬੂ ਲਿਆ ਦੇ ਵੇ,
ਮੇਰੇ ਉਠੀ ਕਲੇਜੇ ਪੀੜ।

ਪਰ ਨਿੰਬੂ ਹੈ ਕਿ ਬੜਾ ਹੀ ਦੁਰਲਭ। ਉਸ ਦਾ ਪ੍ਰੀਤਮ ਨਿੰਬੂ ਦੀ ਤਲਾਸ਼ ਵਿਚ ਸ਼ਹਿਰ-ਸ਼ਹਿਰ ਦੀ ਖ਼ਾਕ ਛਾਣਦਾ ਹੈ ਪਰ ਨਿੰਬੂ ਕਿਸੇ ਸ਼ਹਿਰ ਵਿਚ ਵੀ ਉਪਲਬਧ ਨਹੀਂ ਹੈ। ਉਹ ਲਾਚਾਰ ਹੋ ਕੇ ਆਪਣੀ ਰਾਣੀ ਨੂੰ ਕਹਿੰਦਾ ਹੈ:

ਨਾ ਨਿੰਬੂ ਲਾਹੌਰੋਂ ਮਿਲਦਾ,
ਨਾ ਮਿਲਦਾ ਮੁਲਤਾਨੋਂ।

ਪਰ ਉਹ ਉਮੀਦ ਦਾ ਪੱਲੂ ਨਹੀਂ ਛੱਡਦਾ। ਆਖਿਰ ਉਸ ਨੂੰ ਕਿਸੇ ਬਾਗ਼ ਵਿਚੋਂ ਨਿੰਬੂ ਲੱਭ ਹੀ ਜਾਂਦਾ ਹੈ ਤਾਂ ਮੁਟਿਆਰ ਆਪਣੇ ਮਾਹੀ ਦੇ ਸਦਕੜੇ ਜਾਂਦੀ ਹੋਈ ਇਹ ਕਹਿੰਦੀ ਹੈ:

ਸਦਕੇ ਜਾਵਾਂ ਮੈਂ ਮਾਹੀ ਦੇ
ਜਿਹੜਾ ਨਿੰਬੂ ਲਿਆਇਆ ਤੋੜ।

ਰਾਜਸਥਾਨੀ ਲੋਕ ਗੀਤ ਵਿਚ ਵੀ ਪ੍ਰੀਤਮਾ ਆਪਣੇ ਸਾਜਨ ਨੂੰ ਛੋਟਾ ਰਸੀਲਾ ਨਿੰਬੂ ਲਿਆਉਣ ਦੀ ਫ਼ਰਮਾਇਸ਼ ਕਰਦੀ ਹੈ:

ਕਾਚਾ ਕਾਚਾ, ਛੋਟਾ ਛੋਟਾ
ਨਿੰਬੁੜਾ ਲਾਇ ਦੋ।
ਮ੍ਹਾਰੀ ਸਗੀ ਨਨਦ ਕੇ ਬੀਰਾ।

ਨਿੰਬੂ ਦੇ ਮਹਿੰਗਾ ਹੋਣ ਕਾਰਨ ਲੋਕ ਨਿੰਬੂ-ਪਾਣੀ, ਇਸ ਦੇ ਵਿਟਾਮਿਨ ‘ਸੀ’ ਨਾਲ ਭਰਪੂਰ ਹੋਣ, ਗਰਮੀ ਨੂੰ ਦੂਰ ਭਜਾਉਣ ਦੀ ਇਸ ਦੀ ਤਾਕਤ ਤੇ ਕਈ ਮੌਸਮੀ ਬਿਮਾਰੀਆਂ ਲਈ ਪੂਰੇ ਦਵਾਖਾਨੇ ਤੋਂ ਮਹਿਰੂਮ ਹੋ ਗਏ ਹਨ। ਬਸ ਉਸ ਪਰਵਰਦਿਗਾਰ ਉਤੇ ਭਰੋਸਾ ਰੱਖੋ:

ਰਹਿਮਨ ਚੁਪ ਹੋ ਬੈਠੀਏ, ਦੇਖ ਦਿਨਨ ਕਾ ਫੇਰ,
ਆਛੇ ਦਿਨ ਪਾਛੇ ਗਏ, ਫਿਰਤ ਨਾ ਲਾਗੇ ਦੇਰ।
***
-8/11, ਪੀ.ਏ.ਯੂ.,
ਲੁਧਿਆਣਾ-141004.
ਮੋਬਾਈਲ : 94787-61504.

***
787
***

Prem Bhushan Goyal
Punjabi Writer Shiromani Sahitkar, Hindi Poet, Translator
* Retd. Deputy Director Language Department, Punjab
* M.A. in English (Panjab University)

Address: 8/11 P.A.U., Ludhiana-141004
Phone: +91 9478761504

ਪ੍ਰੇਮ ਭੂਸ਼ਨ ਗੋਇਲ

Prem Bhushan Goyal Punjabi Writer Shiromani Sahitkar, Hindi Poet, Translator * Retd. Deputy Director Language Department, Punjab * M.A. in English (Panjab University) Address: 8/11 P.A.U., Ludhiana-141004 Phone: +91 9478761504

View all posts by ਪ੍ਰੇਮ ਭੂਸ਼ਨ ਗੋਇਲ →