ਵਰਤਮਾਨ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਮਾਣ ਜਾਂਦਾ ਹੈ ਕਿ ਉਨ੍ਹਾਂ ਇਸਤਰੀ ਆਈ.ਏ.ਐਸ. ਅਧਿਕਾਰੀਆਂ ਦੀ ਕਾਬਲੀਅਤ ਨੂੰ ਮੁੱਖ ਰਖਦਿਆਂ ਪੰਜਾਬ ਦੇ 23 ਜਿਲ੍ਹਿਅਾਂ ਵਿੱਚੋਂ 10 ਵਿੱਚ ਇਸਤਰੀਆਂ ਨੂੰ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਹੈ। ਪੰਜਾਬ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਇਸ ਸਮੇਂ ਸਭ ਤੋਂ ਵੱਧ ਇਸਤਰੀਆਂ ਡਿਪਟੀ ਕਮਿਸ਼ਨਰ ਹਨ। ਉਨ੍ਹਾਂ ਵਿੱਚ ਸਾਕਸ਼ੀ ਸਾਹਨੀ ਪਟਿਆਲਾ, ਪਰਨੀਤ ਕੌਰ ਸ਼ੇਰਗਿੱਲ ਫ਼ਤਿਹਗੜ੍ਹ ਸਾਹਿਬ, ਪ੍ਰੀਤੀ ਯਾਦਵ ਰੂਪ ਨਗਰ, ਪੂਨਮਦੀਪ ਕੌਰ ਬਰਨਾਲਾ, ਸੇਨੂੰ ਦੁੱਗਲ ਫਾਜਿਲਕਾ, ਆਸ਼ਿਕਾ ਜੈਨ ਐਸ.ਏ.ਐਸ ਨਗਰ ਮੋਹਾਲੀ, ਬਲਦੀਪ ਕੌਰ ਤਰਨਤਾਰਨ, ਕੋਮਲ ਮਿਤਲ ਹੁਸ਼ਿਆਰਪੁਰ, ਰੂਹੀ ਧੁੱਗ ਫਰੀਦਕੋਟ ਅਤੇ ਸੁਰਭੀ ਮਲਿਕ ਲੁਧਿਆਣਾ ਵਿਖੇ ਤਾਇਨਾਤ ਹਨ। ਇਸ ਪ੍ਰਕਾਰ 48 ਫ਼ੀ ਸਦੀ ਇਸਤਰੀਆਂ ਡਿਪਟੀ ਕਮਿਸ਼ਨਰ ਹਨ। ਭਾਵੇਂ ਕੁਦਰਤ ਦੇ ਕਹਿਰ ਦਾ ਮੁਕਾਬਲਾ ਕਰਨਾ ਮਾਨਵਤਾ ਦੇ ਵਸ ਦੀ ਗੱਲ ਨਹੀਂ ਪ੍ਰੰਤੂ ਫਿਰ ਵੀ ਇਨ੍ਹਾਂ ਵਿੱਚੋਂ ਲੱਗਪਗ 9 ਜਿਲ੍ਹਿਅਾਂ ਵਿੱਚ ਆਏ ਹੜ੍ਹਾਂ ਦੀ ਸਥਿਤੀ ਨੂੰ ਉਨ੍ਹਾਂ ਬੜੇ ਸੁਚੱਜੇ ਢੰਗ ਨਾਲ ਸੰਭਾਲਿਆ ਹੈ। ਇਨ੍ਹਾਂ ਵਿੱਚੋਂ ਪਟਿਆਲਾ ਜਿਲ੍ਹੇ ਨਾਲ ਸੰਬੰਧਤ 4 ਜਿਲ੍ਹਿਅਾਂ ਦੀਆਂ ਡਿਪਟੀ ਕਮਿਸ਼ਨਰ ਹਨ। ਪਟਿਆਲਾ ਜਿਲ੍ਹੇ ਨੂੰ ਮਾਣ ਜਾਂਦਾ ਹੈ ਕਿ ਇਸ ਜਿਲ੍ਹੇ ਨਾਲ ਸੰਬੰਧਤ ਇਸਤਰੀ ਆਈ.ਏ.ਐਸ ਅਧਿਕਾਰੀ ਹਮੇਸ਼ਾ ਪੰਜਾਬ ਦੇ ਬਾਕੀ ਜਿਲਿ੍ਹਆਂ ਦੀਆਂ ਅਧਿਕਾਰੀਆਂ ਨਾਲੋਂ ਵਧੇਰੇ ਮਾਤਰਾ ਵਿੱਚ ਡਿਪਟੀ ਕਮਿਸ਼ਨਰ ਰਹੀਆਂ ਹਨ। ਇਸ ਸਮੇਂ ਪਟਿਆਲਾ ਸ਼ਹਿਰ ਨਾਲ ਸੰਬੰਧ ਰਖਦੀਆਂ ਚਾਰ ਆਈ.ਏ.ਐਸ.ਅਧਿਕਾਰੀ ਇਸਤਰੀਆਂ ਪੂਨਮਦੀਪ ਕੌਰ ਬਰਨਾਲਾ, ਪਰਨੀਤ ਕੌਰ ਸ਼ੇਰਗਿੱਲ ਫਤਿਹਗੜ੍ਹ ਸਾਹਿਬ, ਸੇਨੂੰ ਕਪਿਲਾ ਦੁੱਗਲ ਫਾਜ਼ਿਲਕਾ ਅਤੇ ਬਲਦੀਪ ਕੌਰ ਤਰਨਤਾਰਨ ਜਿਲਿ੍ਹਆਂ ਦੀਆਂ ਡਿਪਟੀ ਕਮਿਸ਼ਨਰ ਹਨ। ਪੂਨਮਦੀਪ ਕੌਰ ਫਤਿਹਗੜ੍ਹ ਸਾਹਿਬ ਦੀ ਡਿਪਟੀ ਕਮਿਸ਼ਨਰ ਵੀ ਰਹੀ ਹੈ। ਪੂਨਮਦੀਪ ਕੌਰ ਅਤੇ ਪਰਨੀਤ ਕੌਰ ਸ਼ੇਰਗਿੱਲ ਦੋਵੇਂ ਫ਼ੌਜੀ ਅਧਿਕਾਰੀਆਂ ਦੇ ਪਰਿਵਾਰਾਂ ਦੀਆਂ ਵਾਰਸ ਹਨ। ਪੂਨਮਦੀਪ ਕੌਰ ਦੇ ਪਤੀ ਮੇਜਰ ਮਨਵਿੰਦਰਾ ਸਿੰਘ ਬਾਰਾਮੁਲਾ ਵਿਖੇ ਦੇਸ਼ ਦੀ ਸਰਹੱਦ ਦੀ ਰਾਖੀ ਕਰਦਿਆਂ 12 ਦਸੰਬਰ 2000 ਨੂੰ ਸ਼ਹੀਦੀ ਦਾ ਜਾਮ ਪੀ ਗਏ ਸਨ। ਉਨ੍ਹਾਂ ਦਾ ਲੜਕਾ ਅਰਮਾਨਦੀਪ ਸਿੰਘ ਸਿੰਘ ਕਮਰਸ਼ੀਅਲ ਪਾਇਲਟ ਹੈ। ਪੂਨਮਦੀਪ ਕੌਰ ਦਾ ਪਿਤਾ ਕੁਲਬੀਰ ਸਿੰਘ ਦੇਸ਼ ਭਗਤ ਸੁਤੰਤਰਤਾ ਸੰਗਰਾਮੀ ਸੀ। ਪੂਨਮਦੀਪ ਕੌਰ ਪੀ.ਸੀ.ਐਸ ਵਿੱਚ ਆਉਣ ਤੋਂ ਪਹਿਲਾਂ ਅੰਗਰੇਜ਼ੀ ਦੇ ਲੈਕਚਰਾਰ ਸਨ। ਪੂਨਮਦੀਪ ਕੌਰ ਪੀ.ਸੀ.ਐਸ. ਬਣਨ ਤੋਂ ਬਾਅਦ ਬਹੁਤ ਸਾਰੇ ਮਹੱਤਵਪੂਰਨ ਅਹੁਦਿਆਂ ‘ਤੇ ਤਾਇਨਾਤ ਰਹੇ ਹਨ, ਜਿਸ ਕਰਕੇ ਉਨ੍ਹਾਂ ਦਾ ਪ੍ਰਬੰਧਕੀ ਤਜ਼ਰਬਾ ਕਾਫੀ ਹੈ। ਉਹ ਮਿਹਨਤੀ ਅਤੇ ਸਿਰੜ੍ਹੀ ਹੈ। ਪਰਨੀਤ ਕੌਰ ਸ਼ੇਰਗਿੱਲ ਦੀ ਵਿਰਾਸਤ ਅਮੀਰ ਹੈ, ਉਸ ਦੇ ਪਿਤਾ ਬਰਗੇਡੀਅਰ ਬਲਵਿੰਦਰ ਸਿੰਘ ਸ਼ੇਰਗਿੱਲ ਸਨ, ਜਿਨ੍ਹਾਂ ਨੇ 21 ਅਗਸਤ 2001 ਨੂੰ ਕੁੱਪਵਾੜਾ ਵਿਖੇ ਦੇਸ਼ ਦੀ ਰਾਖੀ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ ਸੀ। ਪਰਨੀਤ ਕੌਰ ਸ਼ੇਰਗਿੱਲ ਦਾ ਤਾਇਆ ਡਾ.ਸ਼ਵਿੰਦਰ ਸਿੰਘ ਸ਼ੇਰਗਿੱਲ ਪੀ.ਜੀ.ਆਈ.ਚੰਡੀਗੜ੍ਹ ਵਿਖੇ ਹੱਡੀਆਂ ਦੇ ਮਾਹਰ ਡਾਕਟਰ ਰਹੇ ਹਨ, ਉਹ ਪੰਜਾਬ ਹੈਲਥ ਸਾਇੰਸਜ ਯੂਨੀਵਰਸਿਟੀ ਫਰੀਦਕੋਟ ਦੇ ਉਪ ਕੁਲਪਤੀ ਸਨ। ਉਨ੍ਹਾਂ ਦਾ ਪਿਛੋਕੜ ਬਰਨਾਲਾ ਜਿਲ੍ਹੇ ਦੇ ਦਾਨਗੜ੍ਹ ਪਿੰਡ ਨਾਲ ਹੈ। ਉਸ ਦੇ ਸਹੁਰਾ ਪਰਿਵਾਰ ਦੀ ਵਿਰਾਸਤ ਵਿਲੱਖਣ ਹੈ। ਉਸ ਦੇ ਪਤੀ ਦੇ ਦਾਦਾ ਅਮਰ ਸਿੰਘ ਕੰਬੋਜ ਪਟਿਆਲਾ ਰਿਆਸਤ ਦਾ ਜਾਣਿਆ ਪਹਿਚਾਣਿਆਂ ਹਸਤਾਖ਼ਰ ਸੀ। ਉਨ੍ਹਾਂ ਦੇ ਸਹੁਰਾ ਕਰਨਲ ਕਰਮਿੰਦਰ ਸਿੰਘ ਪ੍ਰਤਿਸ਼ਟ ਸ਼ੋਸ਼ਲ ਵਰਕਰ ਹਨ, ਜਿਹੜੇ ਬਲਾਈਂਡ, ਡੈਫ ਐਂਡ ਡੈਫਬਲਾਈਂਡ ਸਕੂਲ ਪਟਿਆਲਾ ਵਿਖੇ ਚਲਾ ਰਹੇ ਹਨ, ਜਿਥੇ ਲਗਪਗ 450 ਵਿਸ਼ੇਸ਼ ਬੱਚੇ ਅੱਧੇ ਲੜਕੇ ਅਤੇ ਅੱਧੀਆਂ ਲੜਕੀਆਂ ਬੋਰਡਿੰਗ ਵਿੱਚ ਰਹਿੰਦਿਆਂ ਪੜ੍ਹ ਰਹੇ ਹਨ। ਇਹ ਸਕੂਲ ਪਲੱਸ ਟੂ ਤੱਕ ਹੈ। ਪਰਨੀਤ ਕੌਰ ਦਾ ਵਿਆਹ ਸਿਮਰ ਪ੍ਰੀਤ ਸਿੰਘ ਨਾਲ ਹੋਇਆ। ਉਨ੍ਹਾਂ ਦੇ ਇਕ ਲੜਕਾ ਉਦੇ ਪ੍ਰਤਾਪ ਸਿੰਘ ਹੈ। ਸਿਮਰਪ੍ਰੀਤ ਸਿੰਘ ਵੀ ਆਪਣੀ ਪਿਤਾ ਪੁਰਖੀ ਵਿਰਾਸਤ ਅਨੁਸਾਰ ਸਮਾਜ ਸੇਵਾ ਦਾ ਕੰਮ ਕਰਦਾ ਹੈ। ਪਰਨੀਤ ਕੌਰ ਸ਼ੇਰਗਿੱਲ 2001 ਵਿੱਚ ਪੀ.ਸੀ.ਐਸ.ਵਿੱਚ ਆਈ ਸੀ। ਉਹ ਬਹੁਤ ਸਾਰੇ ਮਹੱਤਵਪੂਰਨ ਅਹੁਦਿਆਂ ਤੇ ਰਹੀ ਹੈ, ਜਿਸ ਕਰਕੇ ਉਸ ਦਾ ਪ੍ਰਬੰਧਕੀ ਤਜ਼ਰਬਾ ਵਿਸ਼ਾਲ ਹੈ। ਉਨ੍ਹਾਂ ਵਿੱਚ ਤਨਦੇਹੀ ਨਾਲ ਕੰਮ ਕਰਨ ਅਤੇ ਅਨੁਸ਼ਾਸ਼ਨ ਵਿੱਚ ਰਹਿਣ ਅਤੇ ਆਪਣੇ ਸਟਾਫ ਤੋਂ ਸਹਿਯੋਗ ਲੈਣ ਦੀ ਸਮਰੱਥਾ ਹੈ। ਪਰਨੀਤ ਕੌਰ ਸ਼ੇਰਗਿੱਲ ਨੇ ਪੱਤਰਕਾਰੀ ਵਿੱਚ ਆਨਰਜ਼ ਕੀਤੀ ਹੋਈ ਹੈ। ਉਹ ਅੰਗਰੇਜ਼ੀ ਦੇ ਮੈਗਜ਼ੀਨ ਅਤੇ ਅਖ਼ਬਾਰ ਵਿੱਚ ਪੱਤਰਕਾਰ ਵੀ ਰਹੀ ਹੈ। ਉਸ ਦੇ ਅੰਗਰੇਜ਼ੀ ਦੇ ਅਖ਼ਬਾਰਾਂ ਵਿੱਚ ਲੇਖ ਵੀ ਪ੍ਰਕਾਸ਼ਤ ਹੁੰਦੇ ਰਹੇ ਹਨ। ਜੁਲਾਈ 2023 ਦੇ ਹੜ੍ਹਾਂ ਦੌਰਾਨ ਫ਼ਤਿਹਗੜ੍ਹ ਜਿਲ੍ਹੇ ਵਿੱਚ ਆਏ ਹੜ੍ਹ ਦੇ ਪ੍ਰਕੋਪ ਸਮੇਂ ਪਰਨੀਤ ਕੌਰ ਸ਼ੇਰਗਿੱਲ ਦਲੇਰੀ ਨਾਲ ਡੂੰਘੇ ਪਾਣੀ ਵਿੱਚ ਖੁਦ ਪਹੁੰਚਕੇ ਲੋਕਾਂ ਦੀਆਂ ਜਾਨਾ ਬਚਾਉਣ ਦੇ ਪ੍ਰਬੰਧ ਕਰਦੇ ਰਹੇ। ਬਲਦੀਪ ਕੌਰ ਇਸ ਸਮੇਂ ਤਰਨਤਾਰਨ ਦੀ ਡਿਪਟੀ ਕਮਿਸ਼ਨਰ ਹੈ। ਉਹ ਵੀ ਪਟਿਆਲਾ ਨਾਲ ਸੰਬੰਧਤ ਹੈ। ਉਸ ਦਾ ਸਹੁਰਾ ਪਰਿਵਾਰ ਪਟਿਆਲਾ ਨਾਲ ਸੰਬੰਧਤ ਹੈ। ਉਸ ਦਾ ਪਿਤਾ ਬੇਅੰਤ ਸਿੰਘ ਬੇਦੀ ਪਟਿਆਲਾ ਵਿਖੇ ਸ਼ੈਸ਼ਨਜ ਜੱਜ ਰਹੇ ਹਨ। ਬਲਦੀਪ ਕੌਰ ਏਥੇ ਹੀ ਪੜ੍ਹੇ ਹਨ। ਇਸ ਤੋਂ ਇਲਾਵਾ ਅੰਮ੍ਰਿਤ ਕੌਰ ਸ਼ੇਰਗਿੱਲ ਫ਼ਹਿਤਗੜ੍ਹ ਸਾਹਿਬ ਅਤੇ ਮਾਲੇਰਕੋਟਲਾ ਦੀ ਡਿਪਟੀ ਕਮਿਸ਼ਨਰ ਰਹੀ ਹੈ। ਉਹ ਪੰਜਾਬ ਦੇ ਮੁੱਖ ਮੰਤਰੀ ਦੀ ਵਧੀਕ ਪ੍ਰਿੰਸੀਪਲ ਸਕੱਤਰ ਵੀ ਰਹੀ ਹੈ। ਆਪਣੇ ਕੰਮ ਦੀ ਮਾਹਿਰ ਹੈ। ਅੱਜ ਕਲ੍ਹ ਉਹ ਸਕੱਤਰ ਮਾਰਕੀਟਿੰਗ ਬੋਰਡ ਦੇ ਅਹੁਦੇ ‘ਤੇ ਕੰਮ ਕਰ ਰਹੇ ਹਨ। ਉਹ ਅੰਤਰਰਾਸ਼ਟਰੀ ਪੱਧਰ ਦੀ ਸਾਈਕਲਿਸਟ ਹੈ। ਉਨ੍ਹਾਂ ਦੇ ਪਿਤਾ ਵੀ ਸਾਈਕਲ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸਨ। ਇਸੇ ਤਰ੍ਹਾਂ ਕਿਰਨਪ੍ਰੀਤ ਕੌਰ ਬਰਾੜ ਵੀ ਡਿਪਟੀ ਕਮਿਸ਼ਨਰ ਰਹੀ ਹੈ। ਅੱਜ ਕਲ੍ਹ ਉਹ ਮੈਨੇਜਿੰਗ ਡਾਇਰੈਕਟਰ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਅਹੁਦੇ ‘ਤੇ ਕੰਮ ਕਰ ਰਹੇ ਹਨ। ਸਾਰੀਆਂ ਵੱਖ-ਵੱਖ ਜਿਲ੍ਹਿਅਾਂ ਵਿੱਚ ਡਿਪਟੀ ਕਮਿਸ਼ਨਰ ਰਹੀਆਂ ਹਨ। ਅੰਮ੍ਰੀਤ ਕੌਰ ਗਿੱਲ, ਪੂਨਮਦੀਪ ਕੌਰ, ਪਰਨੀਤ ਕੌਰ ਸ਼ੇਰਗਿੱਲ ਅਤੇ ਸੇਨੂੰ ਦੁੱਗਲ, ਮੈਨੂੰ ਇਨ੍ਹਾਂ ਚਾਰੇ ਅਧਿਕਾਰੀਆਂ ਨੂੰ ਕੰਮ ਕਰਦਿਆਂ ਨੇੜੇ ਤੋਂ ਵੇਖਣ ਦਾ ਮਾਣ ਪ੍ਰਾਪਤ ਹੈ। ਇਹ ਸਾਰੇ ਅਧਿਕਾਰੀ ਮਿਹਨਤੀ, ਦਲੇਰ ਅਤੇ ਲੋਕਾਂ ਦੇ ਹੱਕ ਤੇ ਸੱਚ ‘ਤੇ ਪਹਿਰਾ ਦੇਣ ਵਾਲੇ ਹਨ। ਇਨ੍ਹਾਂ ਵਿੱਚੋਂ ਤਿੰਨ ਅਧਿਕਾਰੀ ਅੰਮ੍ਰਿਤ ਕੌਰ ਗਿੱਲ, ਪੂਨਮਦੀਪ ਕੌਰ ਅਤੇ ਪਰਨੀਤ ਕੌਰ ਸ਼ੇਰਗਿੱਲ ਪਟਿਆਲਾ ਵਿਖੇ ਜਦੋਂ ਉਹ ਪੀ.ਸੀ.ਐਸ.ਅਧਿਕਾਰੀ ਹੁੰਦੀਆਂ ਸਨ ਤਾਂ ਉਹ ਜੀ.ਏ., ਐਸ.ਡੀ.ਐਮ., ਸ਼ਿਕਾਇਤ ਨਿਵਾਰਨ ਅਧਿਕਾਰੀ ਅਤੇ ਏ.ਸੀ.ਏ.ਪੁਡਾ ਆਦਿ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰਦੀਆਂ ਰਹੀਆਂ ਹਨ। 2003 ਵਿੱਚ ਜਦੋਂ ਪਟਿਆਲਾ ਵਿਖੇ ਹੈਰੀਟੇਜ ਮੇਲੇ ਲੱਗਦੇ ਰਹੇ ਸਨ, ਇਨ੍ਹਾਂ ਅਧਿਕਾਰੀਆਂ ਦੀ ਕਾਰਜਕੁਸ਼ਲਤਾ ਵੇਖਣ ਵਾਲੀ ਹੁੰਦੀ ਸੀ। ਸਵੇਰੇ ਸੂਰਜ ਦੀ ਟਿੱਕੀ ਨਿਕਲਣ ਤੋਂ ਲੈ ਕੇ ਅੱਧੀ ਰਾਤ ਤੱਕ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਕਰਦੇ ਰਹਿੰਦੇ ਸਨ। ਇਨ੍ਹਾਂ ਦਾ ਸਿਰੜ੍ਹ, ਦਿ੍ਰੜ੍ਹਤਾ ਅਤੇ ਲਗਨ ਨਾਲ ਆਪਣੇ ਫ਼ਰਜ ਨਿਭਾਉਣ ਦੀ ਪ੍ਰਵਿਰਤੀ ਕਾਬਲੇ ਤਾਰੀਫ਼ ਹੁੰਦੀ ਸੀ। ਪੂਰੇ ਦੇਸ਼ ਵਿੱਚੋਂ ਵੱਖ-ਵੱਖ ਖੇਤਰਾਂ ਦੇ ਨਾਮਵਰ ਕਲਾਕਾਰ ਆਉਂਦੇ ਸਨ, ਉਨ੍ਹਾਂ ਦੇ ਪ੍ਰੋਗਰਾਮਾ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਵਿਸ਼ੇਸ਼ ਭੂਮਿਕਾ ਇਨ੍ਹਾਂ ਅਧਿਕਾਰੀਆਂ ਦੀ ਹੁੰਦੀ ਸੀ। ਇਸ ਤੋਂ ਇਲਾਵਾ ਰਾਤ ਬਰਾਤੇ ਹੜ੍ਹਾਂ ਵਰਗੀ ਔਖੀ ਕੁਦਰਤੀ ਆਫ਼ਤ ਸਮੇਂ ਵੀ ਇਹ ਅਧਿਕਾਰੀ ਆਪਣੇ ਫ਼ਰਜ਼ ਬਾਖੂਬੀ ਨਿਭਾਉਂਦੇ ਰਹੇ ਹਨ। ਉਹ ਪ੍ਰਬੰਧਕੀ ਕਾਰਜ਼ਕੁਸ਼ਲਤਾ ਵਾਲੀਆਂ ਅਧਿਕਾਰੀ ਹਨ। ਇਸੇ ਤਰ੍ਹਾਂ ਡਾ. ਸੇਨੂੰ ਦੁੱਗਲ ਨੂੰ ਮੈਂ ਲੋਕ ਸੰਪਰਕ ਵਿਭਾਗ ਵਿੱਚ ਲੰਬਾ ਸਮਾਂ ਕੰਮ ਕਰਦਿਆਂ ਵੇਖਿਆ ਹੈ। ਉਹ ਵਿਭਾਗ ਦੀਆਂ ਮਹੱਤਵਪੂਰਨ ਸ਼ਾਖ਼ਾਵਾਂ ਦੇ ਮੁੱਖੀ ਰਹੇ ਹਨ।, ਜਿਨ੍ਹਾਂ ਵਿੱਚ ਪ੍ਰੈਸ ਸ਼ਾਖ਼ਾ, ਇਸ਼ਤਿਹਾਰ ਸ਼ਾਖ਼ਾ, ਸ਼ੋਸ਼ਲ ਮੀਡੀਆ ਅਤੇ ਪਨਮੀਡੀਆ ਸ਼ਾਮਲ ਹਨ। ਲੋਕ ਸੰਪਰਕ ਵਿਭਾਗ ਦਾ ਕੰਮ ਬਹੁਤ ਹੀ ਟੇਡੀ ਖੀਰ ਹੁੰਦਾ ਹੈ। ਉਹ ਅਤਿ ਨਾਜ਼ਕ ਹਾਲਾਤ ਵਿੱਚ ਰਾਤ ਬਰਾਤੇ ਸ਼ਿਦਤ ਨਾਲ ਕੰਮ ਕਰਦੇ ਰਹੇ ਹਨ। ਆਪਣੀ ਪੜ੍ਹਾਈ ਵਿੱਚ ਉਹ ਗੋਲਡ ਮੈਡਲਿਸਟ ਹਨ। ਉਨ੍ਹਾਂ ਨੇ ਪੀ.ਐਚ.ਡੀ ਆਰਟਸ ਐਂਡ ਸ਼ੋਸ਼ਲ ਸਾਇੰਸਜ ਵਿਸ਼ੇ ਵਿੱਚ ਕੀਤੀ ਹੋਈ ਹੈ। ਉਨ੍ਹਾਂ ਦੀ ਵਿਰਾਸਤ ਸਾਹਿਤ, ਸੰਗੀਤ ਅਤੇ ਨਿ੍ਰਤ ਨਾਲ ਸੰਬੰਧਤ ਹੈ। ਉਨ੍ਹਾਂ ਦੀ ਮਾਤਾ ਸੁਰਿੰਦਰ ਕਪਿਲਾ ਪਟਿਆਲਾ ਵਿਖੇ ਲੜਕੀਆਂ ਦੇ ਕਾਲਜ ਦੇ ਪਿ੍ਰੰਸੀਪਲ ਰਹੇ ਹਨ। ਉਨ੍ਹਾਂ ਦੇ ਪਿਤਾ ਪ੍ਰੇਮ ਚੰਦ ਲੋਕ ਨਿਰਮਾਣ ਵਿਭਾਗ ਵਿੱਚ ਸਬ ਡਵੀਜਨਲ ਅਧਿਕਾਰੀ ਸਨ। ਉਨ੍ਹਾਂ ਦਾ ਪਿਛੋਕੜ ਲੁਧਿਆਣਾ ਜਿਲ੍ਹੇ ਦੇ ਸਾਹਨੇਵਾਲ ਕਸਬੇ ਨਾਲ ਹੈ। ਇਨ੍ਹਾਂ ਲੜਕੀਆਂ ਨੂੰ ਕੰਮ ਕਰਦਿਆਂ ਵੇਖ ਕੇ ਮਰਦ ਔਰਤ ਦੇ ਬਰਾਬਰੀ ਦੇ ਸੰਕਲਪ ਦਾ ਪ੍ਰਗਟਾਵਾ ਹੁੰਦਾ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |