19 June 2024
ਉਜਾਗਰ ਸਿੰਘ

ਡਾ. ਤੇਜਵੰਤ ਮਾਨ ਦਾ ਪੰਜਾਬੀ ਨਾਵਲ ਪੁਸਤਕ ਨਿਵੇਕਲੀ ਕਿਸਮ ਦਾ ਵਿਸ਼ਲੇਸ਼ਣ–ਉਜਾਗਰ ਸਿੰਘ

ਡਾ. ਤੇਜਵੰਤ ਮਾਨ ਇਕ ਸੁਦ੍ਰਿੜ ਅਤੇ ਨਿਵੇਕਲੀ ਸੋਚ ਵਾਲਾ ਆਲੋਚਕ/ਸਾਹਿਤਕਾਰ ਹੈ। ਉਹਨਾਂ ਦੀ ਆਲੋਚਨਾ ਪ੍ਰੰਪਰਾਗਤ ਆਲੋਚਨਾ ਦੀ ਪ੍ਰਣਾਲੀ ਤੋਂ ਵੱਖਰੀ ਕਿਸਮ ਦੀ ਹੁੰਦੀ ਹੈ। ਉਹ ਹਰ ਖੇਤਰ ਵਿੱਚ ਆਪਣੇ ਹੀ ਕੀਰਤੀਮਾਨ ਸਥਾਪਤ ਕਰਦੇ ਹਨ। ਉਨ੍ਹਾਂ ਦੀ ‘ਪੰਜਾਬੀ ਨਾਵਲ’ ਪੁਸਤਕ ਵੀ ਆਪਣੀ ਤਰ੍ਹਾਂ ਦੀ ਆਲੋਚਨਾ ਦੀ ਪ੍ਰਣਾਲੀ ਨਾਲ ਲਿਖੀ ਹੋਈ ਹੈ। ਜਿਹੜੇ ਨਾਵਲਾਂ ਬਾਰੇ ਉਨ੍ਹਾਂ ਪੇਪਰ ਲਿਖੇ ਅਤੇ ਜੋ ਸਾਹਿਤ ਸਭਾਵਾਂ ਵਿੱਚ ਪੜ੍ਹੇ ਗਏ ਜਾਂ ਜੋ ਨਾਵਲਕਾਰਾਂ ਨੂੰ ਚਿੱਠੀਆਂ ਲਿਖੀਆਂ, ਉਹ ਇਸ ਪੁਸਤਕ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ।

ਲੇਖਕ ਭਾਵੇਂ ਖੱਬੇ ਪੱਖੀ ਸੋਚ ਅਨੁਸਾਰ ਵਿਸ਼ਲੇਸ਼ਣ ਕਰਦੇ ਹਨ ਪ੍ਰੰਤੂ ਉਨ੍ਹਾਂ ਦੀ ਆਲੋਚਨਾ ਸਾਰਥਿਕ ਅਤੇ ਤੱਥਾਂ ‘ਤੇ ਅਧਾਰਤ ਹੈ। ਇਸ ਪੁਸਤਕ ਵਿੱਚ ਵੀ ਉਨ੍ਹਾਂ ਸਮੁੱਚੇ ਪੰਜਾਬੀ ਨਾਵਲ ਬਾਰੇ ਰਵਾਇਤੀ ਕਿਸਮ ਦੀ ਪ੍ਰਣਾਲੀ ਨਹੀਂ ਵਰਤੀ, ਸਗੋਂ ਆਪਣੀ ਮਰਜ਼ੀ ਅਨੁਸਾਰ ਨਾਵਲਕਾਰਾਂ ਅਤੇ ਉਨ੍ਹਾਂ ਦੇ ਨਾਵਲਾਂ ਦੀ ਚੋਣ ਕੀਤੀ ਹੈ। ਨਾਵਲਾਂ ਨੂੰ ਪਰਖਣ ਦੀ ਸੋਚ ਵੀ ਉਨ੍ਹਾਂ ਦੀ ਵਿਲੱਖਣ ਹੈ। ਇਸ ਪੁਸਤਕ ਵਿੱਚ 44 ਨਾਵਲਕਾਰਾਂ ਦੇ ਉਨ੍ਹਾਂ ਇਕ  ਨਾਵਲ ਦੇ ਸਿਰਲੇਖ ਅਧੀਨ ਚੈਪਟਰ ਬਣਾਏ ਹਨ ਪ੍ਰੰਤੂ ਲੇਖਕ ਨੇ ਨਾਵਲਕਾਰਾਂ ਦੇ ਪ੍ਰਮੁੱਖ ਸਾਰੇ ਨਾਵਲਾਂ ਦਾ ਉਦਾਹਰਣਾਂ ਦੇ ਕੇ ਵਿਸ਼ਲੇਸ਼ਣ ਕਰ ਦਿੱਤਾ ਹੈ। ਭਾਵ ਇਨ੍ਹਾਂ ਨਾਵਲਕਾਰਾਂ ਦੇ ਯੋਗਦਾਨ ਦੀ ਆਲੋਚਨਾਤਮਿਕ ਪੜਚੋਲ ਕਰ ਦਿੱਤੀ ਹੈ। ਇਸ ਤੋਂ ਇਲਾਵਾ 28 ਨਾਵਲਕਾਰਾਂ ਦੇ ਨਾਵਲਾਂ ਬਾਰੇ ਸੰਖੇਪ ਵਿੱਚ ਉਨ੍ਹਾਂ ਵੱਲੋਂ ਲਿਖੀਆਂ ਗਈਆਂ ਆਲੋਚਨਾਤਮਿਕ ਟਿਪਣੀਆਂ ਚਿਠੀਆਂ ਦੇ ਰੂਪ ਵਿੱਚ ਸ਼ਾਮਲ ਕੀਤੀਆਂ ਹੋਈਆਂ ਹਨ।

ਡਾ. ਤੇਜਵੰਤ ਮਾਨ ਦੀ ਖ਼ੂਬੀ ਹੈ ਕਿ ਉਹ ਹਰ ਲੇਖਕ ਦੀ ਪੜਚੋਲ ਕਰਦਿਆਂ ਆਪਣੇ ਦੋਸਤਾਂ ਦਾ ਵੀ ਲਿਹਾਜ ਨਹੀਂ ਕਰਦੇ, ਭਾਵੇਂ ਕਿਸੇ ਦੇ ਗੋਡੇ ਲੱਗੇ ਭਾਵੇਂ ਗਿੱਟੇ। ਕਈ ਲੇਖਕ ਉਨ੍ਹਾਂ ਦੀ ਆਲੋਚਨਾ ਨੂੰ ਆਪਣੀਆਂ ਸਾਹਿਤਕ ਦੁਸ਼ਮਣੀਆਂ ਵਿੱਚ ਬਦਲ ਲੈਂਦੇ ਹਨ ਪ੍ਰੰਤੂ ਡਾ. ਤੇਜਵੰਤ ਮਾਨ ਕਿਸੇ ਦਾ ਰੋਹਬ ਨਹੀਂ ਸਹਿੰਦੇ। ਨਾਵਲਾਂ ਦੀ ਚੋਣ ਕਰਨ ਲੱਗਿਆਂ ਉਨ੍ਹਾਂ ਅਜਿਹੇ ਨਾਵਲਾਂ ਨੂੰ ਚੁਣਿਆ ਹੈ, ਜਿਹੜੇ ਸਮਾਜ ਦੇ ਗ਼ਰੀਬ ਵਰਗਾਂ, ਸਮਾਜਿਕ ਬਰਾਬਰਤਾ, ਵਹਿਮਾ ਭਰਮਾ, ਸਮਾਜਿਕ ਬਣਤਰ, ਕੁਰੀਤੀਆਂ, ਸਮਾਜਿਕ ਆਰਥਿਕ ਰਿਸ਼ਤਿਆਂ ਦੀ ਟੁੱਟ ਭੱਜ, ਦਿਹਾਤੀ ਸਭਿਆਚਾਰ, ਆਤਮ ਹੱਤਿਆਵਾਂ, ਮੁਜ਼ਾਰਾ ਲਹਿਰਾਂ, ਕਿਸਾਨਾ ਦੀ ਦੁਰਦਸ਼ਾ ਅਤੇ ਪੁਲਿਸ ਜਬਰ ਆਦਿ ਦੀਆਂ ਲਾਹਣਤਾਂ ਦੇ ਬੁਰੇ ਪ੍ਰਭਾਵਾਂ ਬਾਰੇ ਲਾਮਬੰਦ ਕਰਦੇ ਹੋਣ ਪ੍ਰੰਤੂ ਭਾਵੇਂ ਉਨ੍ਹਾਂ ਨਾਵਲਾਂ ਨੂੰ ਰੌਚਿਕ ਬਣਾਉਣ ਲਈ ਰੁਮਾਂਸਵਾਦ ਵਿੱਚ ਵੀ ਲਪੇਟਿਆ ਹੋਵੇ।

ਇਸ ਪੁਸਤਕ ਵਿੱਚ ਉਨ੍ਹਾਂ ਮੁੱਖ ਤੌਰ ‘ਤੇ ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਦਲੀਪ ਕੌਰ ਟਿਵਾਣਾ, ਰਾਮ ਸਰੂਪ ਅਣਖ਼ੀ, ਗੁਰਦਿਆਲ ਸਿੰਘ, ਓਮ ਪ੍ਰਕਾਸ਼ ਗਾਸੋ, ਬੂਟਾ ਸਿੰਘ ਸ਼ਾਦ, ਜਸਵੀਰ ਮੰਡ, ਪ੍ਰਗਟ ਸਿੰਘ ਆਦਿ ਦੇ ਨਾਵਲਾਂ ਦੀ ਪੜਚੋਲ ਕੀਤੀ ਹੈ। ਤੇਜਵੰਤ ਮਾਨ ਆਪਣੀ ਪੜਚੋਲ ਦੇ ਸ਼ੁਰੂ ਵਿੱਚ ਹੀ ਲੇਖਕ ਦੀ ਲੇਖਣੀ ਦੀ ਪੜਚੋਲ ਦਾ ਨਚੋੜ ਕੱਢ ਦਿੰਦੇ ਹਨ। ਬਾਕੀ ਸਾਰੇ ਲੇਖ ਵਿੱਚ ਨਚੋੜ ਨੂੰ ਉਦਾਹਰਨਾ ਅਤੇ ਨਾਵਲਕਾਰਾਂ ਦੀ ਤੁਲਨਤਮਿਕ ਪੜਚੋਲ ਕਰਕੇ ਸਾਬਤ ਕਰਦੇ ਹਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਨਾਨਕ ਸਿੰਘ ਦੇ ਨਾਵਲ ‘ਇਕ ਮਿਆਨ ਦੋ ਤਲਵਾਰਾਂ’ ਦਾ ਵਿਸ਼ੇਸ਼ਣ ਕਰਦਿਆਂ ਦਿਹਾਤੀ ਲੋਕਾਂ ਦੇ ਵਿਵਹਾਰ ਨੂੰ ਉਨ੍ਹਾਂ ਦੀ ਮਾਨਸਿਕਤਾ ਦਾ ਪ੍ਰਤੀਕ ਵਿਖਾਇਆ ਹੈ ਕਿਉਂਕਿ ਗ਼ਰੀਬ ਲੋਕ ਵਹਿਮਾ ਭਰਮਾ ਦਾ ਸ਼ਿਕਾਰ ਹੁੰਦੇ ਹਨ, ਜਦੋਂ ਕਿ ਸੁਖਦੇਵ ਸਿੰਘ ਸੋਢੀ ਵਰਗੇ ਲਾਲਚ ਅਧੀਨ ਅੰਗਰੇਜ਼ਾਂ ਦੇ ਚੁੰਗਲ ਵਿੱਚ ਫਸਦੇ ਹਨ। ਸੁਖਦੇਵ ਸੋਢੀ ਦੇ ਬੱਚਿਆਂ ਦੀ ਮਾਨਸਿਕਤਾ ਸਥਾਨਕ ਵਾਤਾਵਰਨ ਦੇ ਪ੍ਰਭਾਵ ਅਧੀਨ ਆ ਕੇ ਬਗਾਵਤੀ ਹੋ ਜਾਂਦੀ ਹੈ। ਭਾਵ ਸਾਰਾ ਕੁਝ ਇਨਸਾਨ ਦੀ ਮਾਨਸਿਕਤਾ ਦਾ ਪ੍ਰਤੀਕ ਹੈ। ਨਾਵਲਕਾਰਾਂ ਦੇ ਦਿਹਾਤੀ ਸਭਿਆਚਾਰ ਅਤੇ ਤਾਣੇ ਬਾਣੇ ਦਾ ਡਾ. ਤੇਜਵੰਤ ਮਾਨ ਨੇ ਵਿਲੱਖਣ ਵਿਸ਼ਲੇਸ਼ਣ ਕੀਤਾ ਹੈ। ਸੂਸਕ, ਪਾਲੀਆਂ, ਸੀਰੀਆਂ, ਅੰਧ ਵਿਸ਼ਵਾਸ਼ਾਂ, ਜ਼ਮੀਨਾ ਪਿਛੇ ਤਰਕੀਬਾਂ ਬਣਾਉਣੀਆਂ ਆਦਿ ਬਾਰੇ ਸੁਚੱਜੇ ਢੰਗ ਦਾ ਪ੍ਰਗਟਾਵਾ ਕੀਤਾ ਹੈ।

ਗੁਰਦਿਆਲ ਸਿੰਘ ਵਰਗੇ ਮਾਨਵਵਾਦੀ ਲੇਖਕ ਨੂੰ ਤੇਜਵੰਤ ਮਾਨ ਵਰਗਾ ਦਲੇਰ ਆਲੋਚਕ ਹੀ ਨਾਇਕ ਵਿਹੂਣਾ ਨਾਵਲਕਾਰ ਕਹਿ ਸਕਦਾ ਹੈ। ਆਲੋਚਕ ਗੁਰਦਿਆਲ ਸਿੰਘ ਨੂੰ ਸਮਾਜਵਾਦ ਨਾਲ ਜੁੜਿਆ ਨਾਵਲਕਾਰ ਸਮਝਦਾ ਹੈ, ਭਾਵੇਂ ਨਾਵਲਕਾਰ ਆਪਣੇ ਆਪ ਨੂੰ ਕਿਸੇ ਵਾਦ ਨਾਲ ਜੁੜੇ ਹੋਣ ਤੋਂ ਇਨਕਾਰ ਕਰਦਾ ਹੈ। ਓਮ ਪ੍ਰਕਾਸ਼ ਗਾਸੋ ਬਾਰੇ ਦਰਕਿਨਾਰ ਸਿਰਲੇਖ ਵਿੱਚ ਉਸਦੇ ਨਾਵਲਾਂ ਵਿੱਚ ਵਿਚਾਰਧਾਰਕ ਜਦੋਜਹਿਦ, ਵਿਦਰੋਹ ਅਤੇ ਚਿੰਤਨ ਦੀ ਕਲਿਆਣਕਾਰੀ ਪ੍ਰਵਿਤੀ ਦਾ ਮੰਤਵ ਲੋਕ ਨਾਇਕ ਸਿਰਜਦੀ ਹੈ, ਜਿਹੜੀ ਮਨੁੱਖੀ ਜਿਤ ਦਾ ਰਸਤਾ ਖੋਲ੍ਹਦੀ ਹੈ। ਬੂਟਾਂ ਸਿੰਘ ਸ਼ਾਦ ਦੇ ‘ਹੈ ਇਸ਼ਕ ਝਨਾ ਗਹਿਰਾ’ ਵਿੱਚ ਉਤਪਾਦਕ ਮਾਡਲ ਨੂੰ ਸਿਰਜਨਾਤਮਿਕ ਪ੍ਰਣਾਲੀ ਨੂੰ ਢਾਹ ਲਾਉਣ ਵਾਲੀ ਕਹਿੰਦਾ ਹੈ।

ਜਸਵੰਤ ਸਿੰਘ ਵਿਰਦੀ ਦਾ ‘ਨਿਹਚਲੁ ਨਾਹੀਂ ਜੀਤੁ’ ਵਾਲੇ ਲੇਖ ਵਿਚ ਮਾਨ ਨੇ  ਲਿਖਿਆ ਹੈ ਕਿ ਜਿਹੜਾ ਸਾਹਿਤਕਾਰ ਅਸਲੀਅਤ ਨੂੰ ਸਵੀਕਾਰ ਨਹੀਂ ਕਰਦਾ, ਉਹ ਲਗਾਤਾਰਤਾ ਵਿੱਚ ਗਤੀਸ਼ੀਲ ਰਹੇਗਾ, ਜਿਸਦੇ ਸਿੱਟੇ ਵਜੋਂ ਕੁਝ ਜ਼ਰੂਰ ਪ੍ਰਾਪਤ ਕਰੇਗਾ। ਇਸ ਸੰਬੰਧੀ ਉਨ੍ਹਾਂ ਦੇਵੀ ਦੇਵਤਿਆਂ  ਅਤੇ ਰਾਖ਼ਸ਼ਾਂ ਦੀ ਉਦਾਹਰਨ ਦੇ ਕੇ ਸਾਬਤ ਕੀਤਾ ਹੈ। ਕੋਈ ਵੀ ਰਚਨਾ ਜੇਕਰ ਸਿਰਫ ਆਨੰਦ ਪ੍ਰਦਾਨ ਕਰੇਗੀ ਤਾਂ ਉਹ ਵਿਅਰਥ ਸਾਬਤ ਹੋਵੇਗੀ ਕਿਉਂਂਕਿ ਉਹ ਸਿਰਜਨਾਤਮਿਕ ਨਹੀਂ ਹੋ ਸਕਦੀ। ਏਸੇ ਤਰ੍ਹਾਂ ਲੋਕ ਪੱਖੀ ਅਤੇ ਲੋਕ ਵਿਰੋਧੀ ਧਾਰਨਾਵਾਂ ਰਾਜਨੀਤਕ ਮੁੱਲ ਨਿਰਧਾਰਤ ਕਰਦੀਆਂ ਹਨ।

ਸੁਖਦੇਵ ਮਾਨ ਦੇ ‘ਜੰਡ ਜੰਡੋਰੇ ਅਤੇ ਟਿਕੀ ਹੋਈ ਰਾਤ’ ਦਾ ਵਿਸ਼ਲੇਸ਼ਣ ਕਰਦਿਆਂ ਤੇਜਵੰਤ ਮਾਨ ਨੇ ਲਿਖਿਆ ਹੈ ਕਿ ਇਨਸਾਨ ਸਿਰਜਨਾਤਮਿਕ ਸ਼ਕਤੀ ਤੋਂ ਮੁੱਖ ਮੋੜ ਗਏ ਹਨ। ਸੁਖਦੇਵ ਸਿੰਘ ਮਾਨ ਨੇ ਮੁਨੁੱਖੀ ਹੋਂਦ ਦੇ ਖ਼ਤਰੇ ਦੀ ਸਥਿਤੀ ਸਮਝਣ ਅਤੇ ਮੁਕਤ ਹੋਣ ਬਾਰੇ ਵੱਖਰੀ ਕਿਸਮ ਦੀ ਰਚਨਾ ਕੀਤੀ ਹੈ। ਉਨ੍ਹਾਂ ਤੋਂ ਇਲਾਵਾ ਬਲਦੇਵ ਸਿੰਘ ਮੋਗਾ, ਕਰਮਜੀਤ ਕੁੱਸਾ, ਬਾਰੂ-ਸਤਵਰਗ, ਬੰਤ ਸਿੰਘ ਚੱਠਾ, ਪਰਗਟ ਸਤੌਜ, ਰਾਮ ਸਰੂਪ ਰਿਖੀ, ਬਸੰਤ ਕੁਮਾਰ ਰਤਨ, ਸ਼ਾਹ ਚਮਨ ਅਤੇ ਬਲਬੀਰ ਪਰਵਾਨਾ ਨੇ ਵੀ ਵੱਖਰੀ ਸੁਰ ਦੀ ਵਾਰਤਕ ਰਚਨਾ ਕਰ ਰਹੇ ਹਨ। ਬੰਤ ਸਿੰਘ ਚੱਠਾ ਦੇ ਹਨੇਰੀ ਰਾਤ ਦੇ ਤਾਰੇ ਵਿੱਚ ਡਾ. ਮਾਨ ਅਨੁਸਾਰ ਵਿਸ਼ਵ ਮੰਡੀ ਦੇ ਉਤਪਾਦਕੀ ਵਿਕਾਸ ਮਾਡਲ ਨੇ ਮਸ਼ੀਨ ਅਤੇ ਅਡਵਾਂਸ ਟੈਕਨਾਲੋਜੀ ਰਾਹੀਂ ਮਨੁੱਖ ਦੇ ਸਿਰਜਣਾਤਮਿਕ-ਵਿਕਾਸ ਦੇ ਮਹਾਂ-ਕਾਵਿਕ  ਮਾਡਲ  ਦਾ ਮਲੀਆਮੇਟ ਕਰ ਦਿੱਤਾ ਹੈ। ਇਸ ਦੈਂਤ ਨੇ ਮਨੁੱਖ ਨੂੰ ਉਸਦੀ ਪਰੰਪਰਾ ਨੂੰ ਲਗਾਤਾਰਤਾ ਦੇ ਪ੍ਰਸੰਗ ਵਿੱਚ ਵੇਖਣ ਤੋਂ ਭਟਕਾ ਦਿੱਤਾ ਹੈ। ਇਸੇ ਤਰ੍ਹਾਂ ਰਾਮ ਸਰੂਪ ਅਣਖੀ ਦਾ ਨਾਵਲ ਦੀਵਾ ਬੁਝਿਆ ਨਹੀਂ ਡਾ. ਮਾਨ ਅਨੁਸਾਰ ਇਤਿਹਾਸ-ਬਾਤ ਸ਼ੈਲੀ ਵਿਦਵਾਨਾ ਦੀਆਂ ਲਿਖਤਾਂ, ਯਾਦਾਂ ਦੀ ਸੰਭਾਲ ਹੁੰਦੀਆਂ ਹਨ, ਜਦੋਂ ਕਿ ਸੱਥ ਦਾ ਗਲੱਪ ਸੰਭਵ ਤੋਂ ਸੰਭਾਵਨਾ ਅਤੇ ਸੰਭਾਵਨਾ ਤੋਂ ਸੰਭਾਵੀ ਤਰਕ ਦੇ ਨਿਰੰਤਰ ਵਿਕਾਸ ਦੀ ਗਤੀਸ਼ੀਲਤਾ ਇਤਿਹਾਸ ਬਣਾ ਸਕਣ ਦਾ ਸਿਰਜਾਣਾਤਮਿਕ ਲੱਛਣ ਰੱਖਦਾ ਹੈ। ਕੋਈ ਵੀ ਸਾਹਿਤਕ ਰੂਪ ਇਤਿਹਾਸ ਦੀ ਗਵਾਹੀ ਹੁੰਦਾ ਹੈ ਪ੍ਰੰਤੂ ਨਾਵਲਕਾਰ ਨੂੰ ਜਿੱਤ ਤੋਂ ਪਰੇ ਹੋ ਕੇ ਬਾਹਰਮੁੱਖੀ ਮਹੱਤਵ ਨੂੰ ਪਹਿਲ ਦੇਣੀ ਚਾਹੀਦੀ ਹੈ। ਮਾਨ ਅਨੁਸਾਰ ਸਵਰਨ ਚੰਦਨ ਆਪਣੇ ਨਾਵਲ ਕੰਜਕਾਂ ਵਿੱਚ ਦੋਹਾਂ ਦਾ ਸੁਮੇਲ ਬਣਾਕੇ ਰੱਖਣ ਵਿੱਚ ਸਫਲ ਹੋਇਆ ਹੈ। ਪੜਚੋਲਕਾਰ ਨੇ ਦਰਸ਼ਨ ਸਿੰਘ ਧੀਰ ਦੇ ਨਾਵਲ ‘ਘਰ ਤੇ ਕਮਰੇ’ ਬਾਰੇ ਲਿਖਿਆ ਹੈ ਕਿ ਮਹਾਂਕਾਵਿਕ ਸੁਭਾਅ ਨੂੰ ਛੱਡਿਆ ਨਹੀਂ। ਉਹ ਯਥਾਰਥ ਤੋਂ ਡਰਕੇ ਭੱਜਿਆ ਨਹੀਂ, ਸਗੋਂ ਉਸਨੇ ਇੱਕ ਮੁਕੰਮਲ ਮਨੁੱਖ ਵਿਖਾਉਣ ਦੀ ਇਮਾਨਦਾਰ ਕੋਸ਼ਿਸ਼ ਕੀਤੀ ਹੈ। ਰਾਮ ਸਰੂਪ ਰਿਖੀ ਦੇ ਨਾਵਲ ਕਿਲ੍ਹੇ ਵਿੱਚ ਉਸਰਦੀ ਕੋਠੀ ਬਾਰੇ ਕਿਹਾ ਹੈ ਕਿ ‘ਸੱਥ’ ਅਤੇ ‘ਆਖ ਦਮੋਦਰ ਅੱਖੀਂ ਡਿਠਾ’ ਦੀ ਵਿਧੀ ਅਨੁਸਾਰ ਉਸਾਰਕੇ ਨਾਵਲ ਗ਼ੁਲਾਮ ਅਤੇ ਸਹਿਮੀ ਜ਼ਿੰਦਗੀ ਨੂੰ ਆਜ਼ਾਦ ਅਤੇ ਖ਼ੁਸ਼ੀਆਂ ਭਰੀ ਜ਼ਿੰਦਗੀ ਵਿੱਚ ਬਦਲਣ ਲਈ ਉਸਲਵੱਟੇ ਲੈਂਦੇ ਲੋਕਾਂ ਦਾ ਪਸਾਰਾ ਹੈ।

ਅਸ਼ਵਨੀ ਗੁਪਤਾ ਦੇ ਜੁਗਗਰਦੀ ਨਾਵਲ ਬਾਰੇ ਪੜਚੋਲਕਾਰ ਲਿਖਦੇ ਹਨ ਕਿ ਇਹ ਸਭਿਆਚਾਰਕ ਭਾਵਨਾਵਾਂ ਦੇ ਰਾਜਨੀਤਕ ਰੂਪਾਂਤਰਣ ਦਾ ਸੰਵਾਦੀ ਦਸਤਾਵੇਜ ਹੈ। ਇਕ ਅਣਛੋਹੇ ਵਿਸ਼ੇ ਬਾਰੇ ਪੰਜਾਬੀ ਵਿੱਚ ਇਹ ਪਹਿਲਾ ਨਾਵਲ ਹੈ। ਕਿਸੇ ਰਾਜਨੀਤਕ ਜਾਂ ਸਭਿਆਚਾਰਕ ਜਾਂ ਧਾਰਮਿਕ ਸੰਗਠਨ ਦੀਆਂ ਖ਼ੂਬੀਆਂ ਜਾਂ ਕਮਜ਼ੋਰੀਆਂ ਵੱਲ ਜੇ ਧਿਆਨ ਨਾ ਕਰੀਏ ਤਾਂ ਇਹ ਬਿਨਾ ਕਿਸੇ ਰਖ ਰਖਾ ਦੇ ਬੇਬਾਕ ਬੇਖ਼ੌਫ਼ ਸੱਚ ਉਗਲਦਾ ਹੈ। ਭਰਗਾ ਨੰਦ ਦੇ ਨਾਵਲ ‘ਤੁਟਉ ਨਾਹੀਂ ਨੇਹੁ’ ਬਾਰੇ ਕਮਾਲ ਦੀ ਟਿਪਣੀ ਕਰਦੇ ਲਿਖਦੇ ਹਨ ਕਿ ਨਾਵਲ ਪੰਜਾਬੀਅਤ ਦੀ ਧਰੋਹਰ ਦਾ ਲੜ ਹੀ ਨਹੀਂ ਫੜਦਾ, ਸਗੋਂ ਉਸਦੀ ਅਲੋਪ ਹੋ ਰਹੀ  ਸ਼ਬਦ ਸ਼ਕਤੀ, ਬਾਤ ਸ਼ੈਲੀ ਅਤੇ ਸੰਘਰਸ਼ੀ ਕਾਰਜ਼ਸ਼ੀਲਤਾ ਨੂੰ ਸੰਭਾਲਣ ਦੀ ਤਾਕੀਦ ਕਰਦਾ ਹੈ।

ਰਾਜ ਕੁਮਾਰ ਗਰਗ ਦੇ ਨਾਵਲ ਬਾਰੇ ਮਾਨ ਸਾਹਿਬ ਲਿਖਦੇ ਹਨ ਕਿ ਗਰਗ ਨੇ ਪੰਜਾਬੀ ਕਿਸਾਨਾਂ ਦੀ ਦੁਖ਼ਦੀ ਰਗ ਨੂੰ ਮਹਿਸੂਸ ਕਰਦਿਆਂ ਹਰੀ ਕਰਾਂਤੀ ਦੇ ਮਾੜੇ ਪ੍ਰਭਾਵਾਂ ਬਾਰੇ ਲਿਖਕੇ ਕਿਸਾਨੀ ਨੂੰ ਆਗਾਹ ਕੀਤਾ ਹੈ। ਸੁਰਜੀਤ ਪੰਛੀ ਦੇ ਚਾਰੇ ਨਾਵਲਾਂ ਬਾਰੇ ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ਨਾਵਲਾਂ ਦੇ ਬਿਰਤਾਂਤ ਸਵੈ ਇੱਛਤ ਪਰਵਾਸ ਨੂੰ ਭੂ-ਹੇਰਵੇ ਜਾਂ ਸ਼ਰਨਾਰਥੀ ਤਣਾਓ ਭਰਪੂਰ ਵਿਵਸਥਾ ਤੋਂ ਪਾਰ ਪਰਵਾਸ ਤੋਂ ਪਹਿਲਾਂ ਤੇ ਬਾਅਦ ਦੇ ਮਾਨਸਿਕ ਤਣਾਓ ਦਾ ਬਾਖ਼ੂਬੀ ਵਰਨਣ ਕਰਦੇ ਹਨ। ਮੇਘ ਰਾਜ ਦਾ ਕਰਤਾਰ ਵਿੱਚ ਜਿਹੋ ਜਿਹਾ ਕਰੋਗੇ ਉਹੋ ਜਿਹਾ ਹੀ ਫਲ ਮਿਲੇਗਾ ਪ੍ਰੰਤੂ ਇਮਾਨਦਾਰੀ ਵਰਦਾਨ ਸਾਬਤ ਹੋ ਸਕਦੀ ਹੈ। ਨਵੀਆਂ ਸੋਚਾਂ ਨਵੀਆਂ ਲੀਹਾਂ ਅਤਰਜੀਤ ਅਤੇ ਬਸੰਤ ਕੁਮਾਰ ਦਾ ਨਾਵਲ ਰਾਤ ਦਾ ਕਿਨਾਰਾ ਪੰਜਾਬ ਦੀ ਵੱਖ-ਵੱਖ ਸਮੇਂ ਦੀ ਤਰਾਸਦੀ ਦੀ ਮੂੰਹ ਬੋਲਦੀ ਤਸਵੀਰ ਹਨ। ਬੁਕਲ ਦੇ ਰਿਸ਼ਤੇ ਬਾਰੇ ਡਾ. ਮਾਨ ਨੇ ਕਿਹਾ ਹੈ ਕਿ ਨਾਵਲ ਵਿਚਲੇ ਲੋਕ ਸੰਸਾਰ ਵਿੱਚ ਦਖ਼ਲ ਅੰਦਾਜ਼ੀ ਕਰਕੇ ਵਿਕਾਸਮਈ ਅਰਥ ਦਿੰਦੇ ਹਨ। ਇਹ ਨਾਵਲ ਸਿਰਜਣਾਤਮਕ ਪਹਿਚਾਣ ਬਦਾਉਂਦਾ ਹੈ। ਇਕ ਨਾਇਕ ਦੀ ਥਾਂ ਸਮੂਹਕ ਨਾਇਕ ਵਾਲੀ ਰਚਨਾ ਹੈ। ਕੌੜਾ ਸੱਚ ਦਲਿਤ ਚੇਤਨਾ ਨੂੰ ਕੇਂਦਰ ਵਿੱਚ ਰਖਕੇ ਲਿਖਿਆ ਗਿਆ, ਦਲਿਤ ਪਰਿਵਾਰਾਂ ਦੀ ਜ਼ਿੰਦਗੀ ਦੀਆਂ ਮੁਸੀਬਤਾਂ ਦਾ ਚਿੱਠਾ ਦਰਸਾਇਆ ਹੈ। ਢਲਦੇ ਪਰਛਾਵੇਂ ਜੋਰਾ ਸਿੰਘ ਮੰਡੇਰ ਦੀ ਲੋਕ ਹਿਤੈਸ਼ੀ ਭਾਵਨਾ ਨੂੰ ਗਤੀਸ਼ੀਲ ਰੱਖਦਾ ਹੈ। ਵਾਵਰੋਲੇ ਵਿਦਰੋਹੀ ਵਾਵਰੋਲਿਆਂ ਦਾ ਪ੍ਰਤੀਕ ਹਨ, ਜਿਹੜੇ ਸੰਗਠਤ ਹੋ ਕੇ ਤਾਕਤਵਰ ਬਣਕੇ ਜਿੱਤ ਪ੍ਰਾਪਤ ਕਰਦੇ ਹਨ।

ਭਰਗਾ ਨੰਦ ਦੀ ਨਦੀ ਵਰਗੀ ਕੁੜੀ ਨਾਵਲ ਦੇਸ਼ ਦੀ ਵੰਡ ਦੀ ਤਰਾਸਦੀ ਵਿੱਚ ਜਿਹੜੀਆਂ ਇਸਤਰੀਆਂ ਪਾਕਿ ਵਿੱਚ ਰਹਿ ਗਈਆਂ ਸਨ, ਉਨ੍ਹਾਂ ਦੇ ਆਪਣੇ ਆਪ ਨੂੰ ਮੁੜ ਸਥਾਪਤ ਕਰਨ ਦੀ ਪ੍ਰਸੰਸਾ ਕੀਤੀ ਗਈ ਹੈ। ਸਵਰਗ ਦੀ ਮੌਤ ਵਿੱਚ ਜਸਵੰਤ ਸਿੰਘ ਗੱਜਣਮਾਜਰਾ ਨੇ ਕਾਦਰ, ਕੁਦਰਤ ਨਾਲ ਮਨੁੱਖ ਦਾ ਸਿੱਧਾ ਟਕਰਾਆ ਨਾਵਲ ਦੀ ਕੇਂਦਰ ਬਿੰਦੂ ਹੈ। ਮਨੁੱਖ ਆਪਣੇ ਵਿਛਾਏ ਜਾਲ ਵਿੱਚ ਆਪਣੀ ਹੀ ਤਬਾਹੀ ਦਾ ਕਾਰਨ ਬਣਿਆ। ਮਾਧਵੀ ਸਰਗਰਮ, ਉਤਸ਼ਾਹੀ ਅਤੇ ਜਦੋਜਹਿਦ  ਕਰਦੇ ਲੋਕਾਂ ਦੀ ਖਾਸ ਤੌਰ ‘ਤੇ ਇਸਤਰੀ ਪੀੜਾ ਦੀ ਮੁਕਤੀ ਦਾ ਬਿਰਤਾਂਤ ਹੈ। ‘ਇਹ ਕਿਹੇ ਸੁਫ਼ਨੇ’ ਨਵੀਂ ਪੀੜ੍ਹੀ ਦੇ ਇਸਤਰੀ-ਮਰਦ ਦਾ ਘੋਖਵੀਂ ਪੇਸ਼ਕਾਰੀ ਕਰਕੇ ਕੁਰਾਹੇ ਪਈ ਨੌਜਵਾਨੀ ਦੀ ਮਾਨਸਿਕ ਪੀੜਾ ਦੇ ਦਵੰਦ ਨੂੰ ਅਸਥਿਰਤਾ ਦਾ ਦਵੰਦ ਕਹਿਣਾ ਬਿਹਤਰ ਹੋਵੇਗਾ। ‘ਆਪਣੀ ਮਿੱਟੀ ਦੀ ਸਾਜਿਸ਼’ ਨਾਵਲ ਹੈ ਕਿ ਸਵੈ ਜੀਵਨੀ। ਨਾਵਲਕਾਰ ਦੇ ਅੰਤਰਮੁਖੀ ਆਤਮ ਪਰਕ ਨਿਰਣੇ ਨਾਲ ਪੜਚੋਲਕਾਰ ਸਹਿਮਤ ਨਹੀਂ। ਅਮਾਨਤ ਵਿੱਚ ਨਾਵਲਕਾਰ ਦੇ 1947 ਦੇ ਦੋ ਕੌਮਾਂ ਦੇ ਸਿਧਾਂਤ ਨੂੰ ਡਾ ਮਾਨ ਸਹੀ ਨਹੀਂ ਮੰਨਦੇ। ਜਸਬੀਰ ਮੰਡ ਦੇ ਨਾਵਲ ਆਖ਼ਰੀ ਪਿੰਡ ਦੀ ਕਥਾ ਟੁੱਟ ਰਹੇ ਪੇਂਡੂ ਸਭਿਆਚਾਰ ਅਰਥਚਾਰੇ, ਸਮਾਜਿਕ ਕੀਮਤਾਂ ਦਾ ਵਰਨਣ ਹੈ। ‘ਕੋਠੇ ਵਾਲੀ ਮਾਂ’ ਨਾਵਲ ਵਿੱਚ ਡਾ. ਪ੍ਰੀਤਮ ਸੈਨੀ ਸਮਾਜਿਕ ਰਿਸ਼ਤਿਆਂ ਦੀ ਸਮਝ ਉਭਾਰਨ ਵਿੱਚ ਉਦਾਸ ਹੈ। ਉਦਾਸ ਰੁੱਤ ਨਾਵਲ ਵਿੱਚ ਉਦਾਸੀਆਂ ਭਰੇ ਮਾਹੌਲ ਨੂੰ ਖੇੜੇ ਵਿੱਚ ਬਦਲਣ ਦੇ ਚਾਹਵਾਨ ਮਨੁੱਖਾਂ ਦੀ ਕਰਮਸ਼ੀਲ ਤਸਵੀਰ ਮਿਲੀ ਹੈ। ਇਹ ਅੱਗ ਕਦੋਂ ਬੁਝੇਗੀ ਵਿੱਚ ਪ੍ਰੀਤੀਮਾਨ ਪੇਂਡੂ ਸਭਿਆਚਾਰ ਦੀ ਪੇਤਲੀ ਤਸਵੀਰ ਪੇਸ਼ ਕਰਦੇ ਹਨ। ਹੋਰ ਵੀ ਨਾਵਲਕਾਰਾਂ ਬਾਰੇ ਛੋਟੀਆਂ ਛੋਟੀਆਂ ਟਿਪਣੀਆਂ ਦਿੱਤੀਆਂ ਹਨ।

  ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਪਰਪੱਕ ਆਲੋਚਕ ਨੇ ਨਾਵਲਕਾਰਾਂ ਦੀ ਸਮੁੱਚੀ ਕਾਰਗੁਜ਼ਾਰੀ ਬਾਰੇ ਲਿਖਣ ਦੀ ਕੋਸ਼ਿਸ਼ ਤਾਂ ਕੀਤੀ ਹੈ ਪ੍ਰੰਤੂ ਇਸ ਪੁਸਤਕ ਨੂੰ ਸਮੁੱਚੇ ਪੰਜਾਬੀ ਨਾਵਲ ਜਗਤ ਦੀ ਆਲੋਚਨਾ ਨਹੀਂ ਕਿਹਾ ਜਾ ਸਕਦਾ।
***

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*

***
958
***

About the author

ੳੁਜਾਗਰ ਸਿੰਘ
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ