25 December 2025

ਡਾ. ਨਿਸ਼ਾਨ ਸਿੰਘ ਰਾਠੌਰ ਦਾ ਕਾਵਿ-ਸੰਗ੍ਰਹਿ ‘ਭਗਤ ਸਿੰਘ ਹੁਣ ਸੰਧੂ ਹੋਇਆ’ ਲੋਕ ਅਰਪਣ — ਲਿਖਾਰੀ

ਕੁਰੂਕਸ਼ੇਤਰ ਯੂਨੀਵਰਸਿਟੀ ਪੰਜਾਬੀ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਅੱਜ ਲੇਖਕ ਡਾ. ਨਿਸ਼ਾਨ ਸਿੰਘ ਰਾਠੌਰ ਦੇ ਨਵ ਪ੍ਰਕਾਸ਼ਿਤ ਕਾਵਿ-ਸੰਗ੍ਰਹਿ ‘ਭਗਤ ਸਿੰਘ ਹੁਣ ਸੰਧੂ ਹੋਇਆ’ ਨੂੰ ਲੋਕ ਅਰਪਣ ਕੀਤਾ। ਜ਼ਿਕਰਯੋਗ ਹੈ ਕਿ ਡਾ. ਨਿਸ਼ਾਨ ਸਿੰਘ ਰਾਠੌਰ ਭਾਰਤੀ ਫੌਜ ਵਿਚ ਸੇਵਾ ਨਿਭਾ ਰਹੇ। ਇਹ ਉਨ੍ਹਾਂ ਦੀ ਪੰਜਵੀਂ ਪੁਸਤਕ ਹੈ। ਡਾ. ਕੁਲਦੀਪ ਸਿੰਘ ਨੇ ਪੰਜਾਬੀ ਸਾਹਿਤ ਜਗਤ ਵਿਚ ਇਸ ਪੁਸਤਕ ਦੀ ਆਮਦ ਨੂੰ ਖੁਸ਼ਆਮਦੀਦ ਕਿਹਾ ਅਤੇ ਲੇਖਕ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਲੇਖਕ ਇਸੇ ਵਿਭਾਗ ਦੇ ਵਿਦਿਆਰਥੀ ਰਹੇ ਹਨ। ਉਹ ਦੇਸ਼ ਸੇਵਾ ਦੇ ਨਾਲ- ਨਾਲ ਸਾਹਿਤ ਸੇਵਾ ਵੀ ਬਾਖ਼ੂਬੀ ਕਰ ਰਹੇ ਹਨ। ਉਨ੍ਹਾਂ ਦੇ ਲੇਖ ਅਕਸਰ ਹੀ ਪੰਜਾਬੀ ਦੇ ਨਾਮਵਰ ਅਖ਼ਬਾਰਾਂ, ਸਾਹਿਤਕ ਰਸਾਲਿਆਂ ਵਿਚ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। ਉਹ ਜਿਸ ਵੀ ਕੰਮ ਨੂੰ ਹੱਥ ਪਾਉਂਦੇ ਹਨ, ਉਸਨੂੰ ਆਪਣੀ ਅਣਥੱਕ ਮਿਹਨਤ ਅਤੇ ਲਗਨ ਨਾਲ ਸਿੰਜਦੇ ਹਨ। ਇਸੇ ਮਿਹਨਤ ਦਾ ਸਿੱਟਾ ਉਨ੍ਹਾਂ ਦਾ ਇਹ ਕਾਵਿ ਸੰਗ੍ਰਹਿ ‘ਭਗਤ ਸਿੰਘ ਹੁਣ ਸੰਧੂ ਹੋਇਆ’ ਪੰਜਾਬੀ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਹੋਇਆ ਹੈ।

ਇਸ ਮੌਕੇ ਤੇ ਡੀਨ ਕਲਾ ਤੇ ਭਾਸ਼ਾਵਾਂ ਅਤੇ ਹਿੰਦੀ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਪੁਸ਼ਪਾ ਰਾਣੀ ਨੇ ਲੇਖਕ ਡਾ. ਨਿਸ਼ਾਨ ਸਿੰਘ ਰਾਠੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਫ਼ੌਜ ਜਿਹੀ ਸਖ਼ਤ ਅਨੁਸ਼ਾਸ਼ਨ ਵਾਲੀ ਸੰਸਥਾ ਵਿੱਚ ਰਹਿ ਕਿ ਕੋਮਲ ਸੰਵੇਦਨਾ ਵਾਲੀ ਸ਼ਾਇਰੀ ਦੀ ਸਿਰਜਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਇਹ ਬਹੁਤ ਅਚੰਭੇ ਵਾਲੀ ਗੱਲ ਹੈ ਕਿ ਕੋਈ ਫ਼ੌਜੀ ਗੋਲੀ ਦੇ ਨਾਲ- ਨਾਲ ਕਲਮ ਵੀ ਚਲਾਉਂਦਾ ਹੈ। ਉਨ੍ਹਾਂ ਕਿਹਾ ਕਿ ਫ਼ੌਜ ਵਿਚ ਰਹਿੰਦਿਆਂ ਸਮਾਜਕ ਤਾਣੇ-ਬਾਣੇ ਤੇ ਅੱਖ ਰੱਖਣਾ ਵਾਕਈ ਕਾਬਿਲੇ-ਤਾਰੀਫ ਕਾਰਜ ਹੈ। ਇਸ ਲਈ ਡਾ. ਨਿਸ਼ਾਨ ਸਿੰਘ ਰਾਠੌਰ ਵਧਾਈ ਦੇ ਹੱਕਦਾਰ ਹਨ।

ਪੰਜਾਬੀ ਵਿਭਾਗ ਵਿਖੇ ਸਹਾਇਕ ਪ੍ਰੋਫ਼ੈਸਰ ਡਾ. ਗੁਰਪ੍ਰੀਤ ਸਿੰਘ ਸਾਹੂਵਾਲਾ ਨੇ ਕਿਹਾ ਕਿ ਡਾ. ਨਿਸ਼ਾਨ ਸਿੰਘ ਰਾਠੌਰ ਦੀ ਕਵਿਤਾ ਮਨੁੱਖ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦੀ ਹੈ, ਮਨੁੱਖ ਨੂੰ ਮੋਹ-ਮੁਹਬੱਤ ਅਤੇ ਪ੍ਰੇਮ ਦਾ ਪਾਠ ਪੜ੍ਹਾਉਂਦੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪੂਰਨ ਆਸ ਹੈ ਕਿ ਆਉਣ ਸਮੇਂ ਵਿਚ ਇਹ ਪੁਸਤਕ ਇਕੱਲੇ ਹਰਿਆਣੇ ਦੀ ਹੀ ਨਹੀਂ ਬਲਕਿ ਮੁੱਖਧਾਰਾ ਦੇ ਪੰਜਾਬੀ ਸਾਹਿਤ ਜਗਤ ਵਿਚ ਮੀਲ ਦਾ ਪੱਥਰ ਸਾਬਿਤ ਹੋਵੇਗੀ।

ਪੰਜਾਬੀ ਵਿਭਾਗ ਵਿਖੇ ਸਹਾਇਕ ਪ੍ਰੋਫ਼ੈਸਰ ਡਾ. ਦਵਿੰਦਰ ਬੀਬੀਪੁਰੀਆ ਨੇ ਇਸ ਮੌਕੇ ਕਿਹਾ ਕਿ ਡਾ. ਨਿਸ਼ਾਨ ਸਿੰਘ ਰਾਠੌਰ ਦੀ ਸਿਰਜਣਾ ਨੇ ਅਜੋਕੇ ਮਨੁੱਖ ਨੂੰ ਇਖ਼ਲਾਕੀ ਕਦਰਾਂ- ਕੀਮਤਾਂ ਦੇ ਅਹਿਸਾਸ ਬਾਰੇ ਦੁਬਾਰਾ ਜੀਵੰਤ ਕੀਤਾ ਹੈ। 

ਇਸ ਮੌਕੇ ਪੰਜਾਬੀ ਵਿਭਾਗ ਦੇ ਖੋਜਾਰਥੀ ਅਤੇ ਵਿਦਿਆਰਥੀ ਹਾਜ਼ਰ ਸਨ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1691
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ