7 December 2024

ਸਰਕਾਰੀ ਕਾਲਜ ਟਾਂਡਾ ਵਿਖੇ ਕਹਾਣੀਕਾਰ ਲਾਲ ਸਿੰਘ ਨਾਲ ਰੂਬਰੂ—ਲਿਖਾਰੀ

ਟਾਡਾਂ ਉੜਮੁੜ: ਜੀ.ਕੇ.ਐਸ.ਐਮ. ਸਰਕਾਰੀ ਕਾਲਜ ਟਾਂਡਾ ਉੜਮੁੜ ਵਿਖੇ ਪੰਜਾਬੀ ਵਿਭਾਗ ਅਤੇ ਸਾਹਿਤ ਆਸ਼ਰਮ ਟਾਂਡਾ ਉੜਮੁੜ ਦੇ ਸਾਂਝੇ ਸਹਿਯੋਗ ਨਾਲ ਪ੍ਰਿੰਸੀਪਲ ਡਾ. ਸ਼ਸ਼ੀ ਬਾਲਾ ਦੀ ਯੋਗ ਅਗਵਾਈ ਹੇਠ ਅਤੇ ਪੰਜਾਬੀ  ਵਿਭਾਗ ਦੇ ਮੁੱਖੀ ਤੇ ਸਾਹਿਤ ਆਸ਼ਰਮ ਟਾਂਡਾ ਦੇ ਪ੍ਰਧਾਨ ਪ੍ਰੋ. ਮਲਕੀਤ ਜੌੜਾ ਦੇ ਵਿਸ਼ੇਸ਼ ਯਤਨਾਂ ਨਾਲ ਪਹੁੰਚੇ ਕਹਾਣੀਕਾਰ ਲਾਲ ਸਿੰਘ ਹੁਣਾਂ ਦਾ ਵਿਦਿਆਰਥੀਆਂ ਅਤੇ ਲੇਖਕਾਂ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਸਹਿਤ ਪ੍ਰੇਮੀਆਂ ਅਤੇ ਕਾਲਜ ਵਿਦਿਆਰਥੀਆਂ ਭਰੇ ਕਾਲਜ ਦੇ ਕਾਨਫਰੰਸ ਹਾਲ ਵਿੱਚ ਹੋਇਆ ਇਹ ਰੂਬਰੂ ਆਲੋਕਿਕ ਸਮਾਰੋਹ ਹੋ ਗੁਜ਼ਰਿਆ। ਸਮਾਗਮ ਦਾ ਆਰੰਭ ਪ੍ਰੋ.ਨਵਜੀਤ ਕੌਰ ਵੱਲੋਂ ਸਭ ਸਖਸ਼ੀਅਤਾਂ ਨੂੰ ਜੀ ਆਇਆ ਆਖ ਕੇ  ਕੀਤਾ ਗਿਆ। ਕਹਾਣੀਕਾਰ ਲਾਲ ਸਿੰਘ ਵੱਲੋਂ ਆਪਣੇ ਜੀਵਨ ਅਨੁਭਵ, ਕਹਾਣੀ ਸਿਰਜਣਾ ਨਾਲ ਡੂੰਘੀ ਸਾਂਝ ਪਾਉਂਦਿਆਂ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਨ ਲਈ ਵੀ ਪ੍ਰੇਰਿਤ ਕੀਤਾ ਗਿਆ। ਕਹਾਣੀਕਾਰ ਲਾਲ ਸਿੰਘ ਨੇ ਆਪਣੀ ਕਹਾਣੀ ਵਿਧਾ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਪ੍ਰਿੰਸੀਪਲ ਸੁਜਾਨ ਸਿੰਘ ਦੀ ਕਹਾਣੀ ਉਹਨਾਂ ਦਾ ਆਦਰਸ਼ ਮਾਡਲ ਹੈ। ਉਹਨਾਂ ਕਹਾਣੀ ਦੀ ਬਣਤਰ ਤੇ ਬੁਣਤਰ ਉੱਤ ਤੇ, ਗੁਰਮੱਤ, ਵਿਧਾਰਧਾਰਾ, ਯੂਨਾਨੀ ਫਿਲਾਸਫੀ ਅਤੇ ਵਿਸ਼ੇਸ਼ ਕਰਕੇ ਮਾਰਕਸੀ ਸਿਧਾਂਤ ਦਾ ਪ੍ਰਭਾਵ ਗ੍ਰਹਿਣ ਕੀਤਾ ਹੈ। ਕਹਾਣੀਕਾਰ ਲਾਲ ਸਿੰਘ ਨੇ ਆਪਣੀ ਤਾਉਮਰ ਪੰਜਾਬੀ ਸਾਹਿਤ, ਪੰਜਾਬੀ ਜੁਬਾਨ ਅਤੇ ਜਥੇਬੰਧਕ ਸਾਹਿਤਕ ਕਾਰਜਾਂ ਦੀ ਆਪਣੀ ਘਾਲਣਾ ਅਤੇ ਨਾਲ ਜੁੜੀਆਂ ਸਾਹਿਤਕ ਖੇਤਰਾਂ ਦੀਆਂ ਸਿਆਸਤਾਂ ਨਾਲ ਦਰਕਿਨਾਰ ਅਤੇ ਵਿਰਵੇ ਸਾਹਿਤਕਾਰ ਦੀਆਂ, ਜੁਗਾੜੂ ਇਨਾਮਾਂ ਸਨਮਾਨਾਂ ਦੀਆਂ ਕਹਾਣੀਆਂ ਵੀ ਸਾਂਝੀਆਂ ਕੀਤੀਆਂ। ਪਰੰਤੂ ਉਹਨਾਂ ਵਿਦਿਆਰਥੀਆਂ ਨੂੰ ਨੇਕ ਨੀਅਤ ਅਤੇ ਸੰਜੀਦੀਗੀ ਨਾਲ ਸਾਹਿਤ ਨਾਲ ਜੁੜਨ ਲਈ ਪ੍ਰੇਰਿਆ। ਸਾਹਿਤ ਆਸ਼ਰਮ ਟਾਂਡਾ ਦੇ ਜਨਰਲ ਸਕੱਤਰ ਪੰਮੀ ਦਿਵੇਦੀ ਵੱਲੋਂ ਕਹਾਣੀਕਾਰ ਲਾਲ ਸਿੰਘ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕਹਾਣੀਕਾਰ ਅਤੇ ਚਿੰਤਕ ਮਾਸਟਰ ਲਾਲ  ਸਿੰਘ  ਮਾਰਕਸਵਾਦੀ ਵਿਚਾਰਧਾਰਾ ਨਾਲ ਜੁੜਿਆ ਹੋਣ ਕਰਕੇ ਬੁਨਿਆਦੀ ਤੌਰ ਉਤੇ ਵਿਚਾਰਧਾਰਕ ਪ੍ਰਤੀਬੱਧਤਾ ਵਾਲਾ ਕਥਾਕਾਰ ਹੈ। ਲਾਲ ਸਿੰਘ ਦੀ ਕਹਾਣੀ ਬਣਤਰ ਨੂੰ ਸਮਝਣਾ ਉਹਨਾਂ  ਸਥਿਤੀਆਂ  ਨੂੰ  ਵੀ  ਸਮਝਣਾ  ਹੈ  ਜਿਹਨਾਂ  ਕਰਕੇ  ਇਹ  ਪੈਦਾ  ਹੁੰਦੀ ਹੈ। ਪ੍ਰੋ. ਮਲਕੀਤ ਜੌੜਾ ਨੇ  ਲਾਲ ਸਿੰਘ ਦੀ ਕਹਾਣੀ “ਬਲੌਰ” ਦੀ ਜ਼ਿਕਰ ਕਰਦਿਆਂ ਕਿਹਾ ਕਿ ਲਾਲ ਸਿੰਘ ਐਸਾ ਕਹਾਣੀਕਾਰ ਹੈ, ਜਿਹੜਾ ਕਹਾਣੀ ਦੀ ਵਿਧਾ ਨੂੰ ਗਣਿਤ ਸ਼ਾਸ਼ਤਰੀ ਵਾਂਗ ਸਮਝਣ ਦਾ ਨਿਵੇਕਲਾ ਸੁਹਜ ਸ਼ਾਸ਼ਤਰ ਘੜਦਾ ਹੈ। ਉਸ ਨੇ  ਕਹਾਣੀ  ਲਿਖਣ  ਲਈ  ਅਤੇ  ਇਸਦੇ  ਸੁਹਜ ਤੇ ਪ੍ਰਭਾਵ ਨੂੰ ਤਿਮੇਰਾ ਕਰਨ ਲਈ ਸਮਾਜੀ ਸ਼ਬਦਾਂ ਦੀ ਭਰਪੂਰ ਵਰਤੋਂ ਕੀਤੀ ਹੈ। ਕਹਾਣੀ ਆਲੋਚਕਾਂ ਅਨੁਸਾਰ ਲਾਲ ਸਿੰਘ ਨੇ ਆਪਣੀ ਕਹਾਣੀ ਵਿੱਚ ਜਾਤ ਅਧਾਰਤ ਦਲਿਤ ਵਰਗ ਦੀ ਦੁਖਾਂਤਕ ਸਥਿਤੀ ਨੂੰ ਤਥਾ ਕਥਿਤ  ਜਾਤ  ਅਧਾਰਤ  ਦਲਿਤ  ਚਿੰਤਨ ਅਤੇ ਸਿਰਜਕ ਵਾਂਗ ਨਹੀ ਸਗੋਂ ਜਾਤੀ ਤੇ ਜਮਾਤੀ ਸਮਾਜ ਦੇ ਰਿਸ਼ਤੇ ਨੂੰ ਸਮਝਣ ਵਾਲੇ ਮਾਰਕਸੀ ਕਲਾ ਸਿਰਜਕ ਵਾਂਗ ਪੇਸ਼ ਕੀਤਾ ਹੈ । ਇਸੇ ਤਰ੍ਹਾਂ ਡਾ. ਨਰਿੰਜਣ ਸਿੰਘ ਨੇ  ਲਾਲ ਸਿੰਘ ਦੀ ਕਹਾਣੀ “ਗੜ੍ਹੀ ਬਖਸ਼ਾ ਸਿੰਘ” ਅਤੇ ਕਹਾਣੀਕਾਰ ਪੰਮੀ ਦਿਵੇਦੀ ਨੇ ਲਾਲ ਸਿੰਘ ਦੀ ਕਹਾਣੀ “ਪੌੜੀ” ਦੀ ਪਿੱਠ ਭੂਮੀ ਦੇ ਪਾਤਰਾਂ ਦੀ ਬਣਤਰ, ਉਹਨਾਂ ਦਾ ਸਮਾਜਿਕ ਚਰਿੱਤਰ, ਹਾਲਤ ਅਤੇ ਨਿਮਨ ਵਰਗ ਵੱਲੋਂ ਸੰਘਰਸ਼ ਦਾ ਪਰਤ ਦਰ ਪਰਤ ਹੁੰਦੇ ਮਾਨਸਿਕ, ਸਰੀਰਕ ,ਸਮਾਜਿਕ ਅਤੇ ਧਾਰਮਿਕ ਤਸ਼ੱਦਦ ਦਾ ਵਿਸਥਾਰ ਚਿੱਤਰਨ ਕੀਤਾ। ਡਾ.ਹਰਜਿੰਦਰ ਸਿੰਘ ਨੇ ਆਪਣੇ  ਰਵਾਇਤੀ ਅੰਦਾਜ਼ ਵਿੱਚ ਵਿਦਿਆਰਥੀਆਂ ਵਿੱਚ ਕਹਾਣੀ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ  ਕੀਤੇ ਜਾਂਦੇ ਉਪਰਾਲਿਆਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਪ੍ਰਸ਼ਨ ਪੁੱਛੇ ਅਤੇ ਇਸ ਦੇ ਉੱਤਰ ਵਿਸਥਾਰ ਸਹਿਤ ਸਾਂਝੇ  ਕੀਤੇ। ਉਹਨਾਂ ਕਿਹਾ ਕਿ ਕਹਾਣੀਕਾਰ ਲਾਲ ਸਿੰਘ ਨੇ ਆਪਣੀਆਂ ਕਹਾਣੀਆਂ ਨਾਲ ਪੰਜਾਬੀ ਭਾਸ਼ਾ ਅਤੇ ਸਾਹਿਤ ਵਿੱਚ ਵਿਸ਼ੇਸ਼ ਥਾਂ ਬਣਾਈ ਹੈ। ਕਹਾਣੀਕਾਰ ਲਾਲ ਸਿੰਘ ਨੂੰ ਸਰਕਾਰੀ ਕਾਲਜ ਦੇ ਪੰਜਾਬੀ ਵਿਭਾਗ ਅਤੇ ਸਾਹਿਤ ਆਸ਼ਰਮ ਟਾਂਡਾ ਉੜਮੁੜ ਵੱਲੋਂ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਗਿਆ। ਕਹਾਣੀਕਾਰ ਲਾਲ ਸਿੰਘ ਨੇ ਆਪਣੀਆਂ ਕਹਾਣੀਆਂ ਤੇ ਡਾ. ਕਰਮਜੀਤ ਸਿੰਘ ਹੁਸ਼ਿਆਰਪੁਰ ਵੱਲੋਂ ਸੰਪਾਦਿਤ ਪੁਸਤਕ “ਕਹਾਣੀਕਾਰ ਲਾਲ ਸਿੰਘ ਵਿਚਾਰਧਾਰਕ ਪ੍ਰੀਪੇਖ” ਸਰਕਾਰੀ ਕਾਲਜ ਦੀ ਲਾਇਬਰੇਰੀ ਲਈ ਭੇਂਟ ਕੀਤੀ ਗਈ । ਸਮੁੱਖੇ ਪ੍ਰੋਗਰਾਮ ਦਾ ਮੰਚ ਸੰਚਾਲਨ ਪ੍ਰੋ. ਗੁਰਦੇਵ ਸਿੰਘ ਵੱਲੋਂ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰੋ. ਮਲਕੀਤ ਜੌੜਾ ਵੱਲੋਂ ਆਈਆ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਡਾ. ਹਰਜਿੰਦਰ ਸਿੰਘ ਅਟਵਾਲ, ਰੂਪ ਲਾਲ ਰੂਪ, ਪ੍ਰੋ. ਬਲਦੇਵ ਬੱਲੀ ,ਸਭਾ ਤੇ ਸਰਪ੍ਰਸਤ ਡਾ. ਨਿੰਰਜਣ ਸਿੰਘ, ਨਾਵਲਕਾਰ ਸੁਰਿੰਦਰ ਸਿੰਘ ਨੇਕੀ , ਉਰਮਿਲਾ ਦੁੱਗਲ, ਆਸ਼ਾ ਅਰਮਾਨ, ਸੁਖਜੀਤ ਝਾਂਸ, ਪ੍ਰੋ. ਰਮਿੰਦਰਜੀਤ ਕੌਰ(ਵਾਇਸ ਪ੍ਰਿੰਸੀਪਲ), ਪ੍ਰੋ. ਰਾਜੇਸ਼ ਕੁਮਾਰ, ਡਾ. ਕੁਲਵਿੰਦਰ ਸਿੰਘ, ਪ੍ਰੋ. ਰਜਨੀਸ਼ ਕੌਰ, ਪ੍ਰੋ. ਜਗਜੀਤ ਸਿੰਘ, ਪ੍ਰੋ. ਦਕਸ਼ ਸੋਹਲ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਿਰ ਸਨ। ਅੰਤ ਵਿੱਚ ਪ੍ਰੋ. ਮਲਕੀਤ ਜੌੜਾ ਅਤ ਪ੍ਰੌ. ਗੁਰਦੇਵ ਸਿੰਘ ਗਿੱਲ ਵੱਲੋਂ ਅਜਿਹੇ ਪ੍ਰੋਗਰਾਮ ਦੀ ਸਾਰਥਿਰਤਾ ਦੀ ਸਲਾਘਾਂ ਕੀਤੀ ਗਈ ਅਤੇ ਅੱਗੇ ਤੋਂ ਯਤਨ ਜਾਰੀ ਰੱਖਣ ਦੀ ਵਚਨਵੱਧਤਾ ਪ੍ਰਗਟਾਈ ਗਈ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1410
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ