17 September 2024

ਕੀ ਖੱਟਿਆ ਲੇਖਕ ਬਣ ਕੇ? —- ਡਾ. ਧਰਮਪਾਲ ਸਾਹਿਲ

ਜਿਨ੍ਹਾਂ ਕਦਰਾਂ-ਕੀਮਤਾਂ ਦੀ ਮੈਂ ਦੁਹਾਈ ਦਿੰਦਾ ਰਿਹਾ, ਉਹ ਸਮਾਜ ਤੋਂ ਮਨਫ਼ੀ ਹਨ
ਜਿਸ ਸਟੇਟ ਤੇ ਸਿਸਟਮ ਖ਼ਿਲਾਫ਼ ਮੈਂ ਲਿਖ-ਲਿਖ ਕੇ ਕਿਤਾਬਾਂ ਤੇ ਅਖ਼ਬਾਰਾਂ ਭਰ ਛੱਡੀਅਾਂ,
ਉਸ ਦੇ ਕੰਨਾਂ ‘ਤੇ ਜੂੰ ਤੱਕ ਨਾ ਸਰਕੀ।
ਸਗੋਂ ਉਹ ਤਾਂ ਹੋਰ ਵੀ ਕਰੂਰ, ਜ਼ਾਲਮ ਤੇ ਆਪਹੁਦਰਾ ਹੁੰਦਾ ਗਿਆ।

ਸਾਇੰਸ ਦਾ ਵਿਦਿਆਰਥੀ ਅਤੇ ਮਗਰੋਂ ਸਾਇੰਸ ਦਾ ਹੀ ਅਧਿਆਪਕ ਹੁੰਦਿਆਂ ਮੈਂ ਲਗਪਗ ਚਾਲੀ ਸਾਲ ਸਾਹਿਤ ਪੜ੍ਹਨ ਤੇ ਲਿਖਣ ਵਿਚ ਗੁਜ਼ਾਰ ਦਿੱਤੇ ਹਨ। ਕਦੇ-ਕਦੇ ਸੋਚਦਾ ਹਾਂ ਕਿ ਕੀ ਜ਼ਿੰਦਗੀ ਦਾ ਇੰਨਾ ਸਮਾਂ ਸਾਹਿਤ ਦੇ ਲੇਖੇ ਲਾ ਕੇ ਵੀ ਮੇਰੀਆਂ ਲਿਖਤਾਂ ਨੇ ਸਮਾਜ ਵਿਚ ਕੋਈ ਬਦਲਾਅ ਲਿਆਂਦਾ? ਮੈਂ ਪੜ੍ਹਦਾ ਹੁੰਦਾ ਸੀ ਕਿ ਸੰਸਾਰ ਵਿਚ ਸਾਹਿਤ ਕਰਕੇ ਕ੍ਰਾਂਤੀਕਾਰੀ ਪਰਿਵਰਤਨ ਆਏ ਹਨ। ਸਾਹਿਤ ਹੀ ਹੈ ਜਿਹੜਾ ਸਾਧਾਰਨ ਆਦਮੀ ਨੂੰ ਫਰਿਸ਼ਤੇ ਵਿਚ ਬਦਲ ਸਕਦਾ ਹੈ। ਸੱਚ ਤਾਂ ਇਹ ਹੈ ਕਿ ਇਸ ਸਾਹਿਤ ਨਾਲ ਮੈਂ ਆਪਣੇ-ਆਪ ਵਿਚ ਤੇ ਨਾ ਹੀ ਆਪਣੇ ਪਰਿਵਾਰ ਵਿਚ ਕੋਈ ਜ਼ਿਕਰਯੋਗ ਤਬਦੀਲੀ ਲਿਆ ਸਕਿਆ, ਫਿਰ ਸਮਾਜ ‘ਚ ਤਬਦੀਲੀ ਬਾਰੇ ਕਿਵੇਂ ਸੋਚ ਸਕਦਾ ਹਾਂ? ਅਲਬੱਤਾ, ਇਸ ਪੜ੍ਹਨ-ਲਿਖਣ ਦੇ ਸ਼ੌਕ ਨੇ ਮੈਨੂੰ ਇਕ ਲੇਖਕ ਵਜੋਂ ਪਛਾਣ ਜ਼ਰੂਰ ਦਿੱਤੀ ਹੈ।

ਉਹ ਵੀ ਸਿਰਫ਼ ਤੇ ਸਿਰਫ਼ ਲੇਖਕ ਬਰਾਦਰੀ ਵਿਚ ਹੀ। ਆਮ ਲੋਕਾਂ ਲਈ ਮੈਂ ਆਮ ਆਦਮੀ ਹੀ ਹਾਂ। ਮੁਹੱਲੇ ਜਾਂ ਸ਼ਹਿਰ ਵਿਚ ਇਕ ਛੋਟੇ-ਮੋਟੇ ਸਿਆਸੀ ਨੇਤਾ ਜਾਂ ਪੱਤਰਕਾਰ ਦੀ ਵੀ ਆਮ ਲੋਕਾਂ ਵਿਚ ਅਤੇ ਦਫਤਰਾਂ ਵਿਚ ਵਧੇਰੇ ਪਛਾਣ ਅਤੇ ਕਦਰ ਹੁੰਦੀ ਹੈ ਪਰ ਬਤੌਰ ਲੇਖਕ ਮੇਰੇ ਵੱਲ ਕੋਈ ਉਚੇਚੀ ਤਵੱਜੋਂ ਨਹੀਂ ਦਿੰਦਾ। ਫਿਰ ਸੋਚਦਾ ਹਾਂ ਕਿ ਜਿਨ੍ਹਾਂ ਮਜ਼ਦੂਰਾਂ, ਕਿਸਾਨਾਂ, ਦੁਖਿਆਰੀਆਂ ਔਰਤਾਂ, ਸੋਸ਼ਿਤ ਵਰਗ, ਕਮਜ਼ੋਰ ਧਿਰ ਦੇ ਹੱਕ ਵਿਚ ਆਪਣੀਆਂ ਲਿਖਤਾਂ ਲਿਖਦਾ ਰਿਹਾ ਹਾਂ, ਜਿਨ੍ਹਾਂ ਦੇ ਦੁੱਖਾਂ-ਤਕਲੀਫਾਂ, ਵਧੀਕੀਆਂ, ਮਾੜੀਆਂ ਹਾਲਤਾਂ ਦੇ ਕੀਰਨੇ ਮੈਂ ਆਪਣੀਆਂ ਰਚਨਾਵਾਂ ਵਿਚ ਪਾਉਂਦਾ ਰਿਹਾ, ਨਸ਼ੇ, ਦਾਜ, ਭ੍ਰਿਸ਼ਟਾਚਾਰ, ਭਰੂਣ ਹੱਤਿਆ ਆਦਿ ਬੁਰਾਈਆਂ ਤੇ ਕੁਰੀਤੀਆਂ ‘ਤੇ ਮੈਂ ਕਲਮ ਘਸਾਈ ਕਰਦਾ ਰਿਹਾ, ਉਸ ਸਭ ਦਾ ਤਾਂ ਉਨ੍ਹਾਂ ‘ਤੇ ਕੋਈ ਅਸਰ ਹੋਇਆ ਹੋਵੇਗਾ? ਬਿਲਕੁਲ ਨਹੀਂ। ਸਭ ਕੁਝ ਉਵੇਂ ਦਾ ਉਵੇਂ ਹੀ ਨਹੀਂ ਸਗੋਂ ਹੋਰ ਵੀ ਭਿਆਨਕ ਰੂਪ ਵਿਚ ਵਧ-ਫੁੱਲ ਰਿਹਾ ਹੈ।

ਜਿਨ੍ਹਾਂ ਨੈਤਿਕ ਕਦਰਾਂ-ਕੀਮਤਾਂ ਦੀ ਮੈਂ ਦੁਹਾਈ ਦਿੰਦਾ ਰਿਹਾ, ਉਹ ਸਮਾਜ ਵਿਚ ਪੁਨਰ ਸੁਰਜੀਤ ਨਾ ਹੋ ਸਕੀਆਂ। ਉਨ੍ਹਾਂ ਦਾ ਤਾਂ ਹੋਰ ਵੀ ਘਾਣ ਹੁੰਦਾ ਜਾ ਰਿਹਾ ਹੈ। ਜਿਸ ਸਟੇਟ ਤੇ ਮਿਸਟਮ ਖ਼ਿਲਾਫ਼ ਮੈਂ ਲਿਖ-ਲਿਖ ਕੇ ਕਿਤਾਬਾਂ ਤੇ ਅਖ਼ਬਾਰਾਂ ਭਰ ਛੱਡੀਆਂ, ਉਸ ਦੇ ਕੰਨਾਂ ‘ਤੇ ਜੂੰ ਤੱਕ ਨਾ ਸਰਕੀ। ਸਗੋਂ ਉਹ ਤਾਂ ਹੋਰ ਵੀ ਕਰੂਰ, ਜ਼ਾਲਮ ਤੇ ਆਪਹੁਦਰਾ ਹੁੰਦਾ ਗਿਆ। ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਫਿਰ ਮੈਂ ਸੋਚਦਾ ਹਾਂ ਕਿ ਮੇਰਾ ਸਾਹਿਤ ਤਾਂ ਉਨ੍ਹਾਂ ਤੀਕ ਪੁੱਜਿਆ ਹੀ ਨਹੀਂ। ਨਾ ਉਨ੍ਹਾਂ ਕੋਲ ਮੇਰੀਆਂ ਮਹਿੰਗੀਆਂ ਪੁਸਤਕਾਂ ਖਰੀਦਣ ਲਈ ਪੈਸੇ ਹੁੰਦੇ ਹਨ ਤੇ ਨਾ ਹੀ ਇੰਨਾ ਸਮਾਂ। ਜੇ ਮੈਂ ਕਿਸੇ ਅਜਿਹੇ ਪਾਠਕ ਦੇ ਹੱਥਾਂ ਵਿਚ ਆਪਣੀ ਪੁਸਤਕ ਮੁਫ਼ਤ ਫੜਾ ਵੀ ਦਿੱਤੀ ਤਾਂ ਉਸ ਨੇ ਉਸ ਨੂੰ ਪੜ੍ਹਨ ਦੀ ਖੇਚਲ ਹੀ ਨਹੀਂ ਕੀਤੀ। ਪੰਜਾਬੀ ਸਾਹਿਤ ਵਿਚ ਪਾਠਕ ਲੱਭਣੇ ਬੜੇ ਔਖੇ ਹਨ। ਪੰਜਾਬੀ ਅਧਿਆਪਕਾਂ ਦੇ ਆਪਣੇ ਬੱਚੇ ਵੀ ਮਾਂ-ਬੋਲੀ ‘ਚ ਲਿਖਿਆ ਸਾਹਿਤ ਨਹੀਂ ਪੜ੍ਹਦੇ। ਹਾਂ, ਅੰਗਰੇਜ਼ੀ ਜਾਂ ਹੋਰਨਾਂ ਭਾਸ਼ਾਵਾਂ ਤੋਂ ਅਨੁਵਾਦ ਹੋ ਕੇ ਆਏ ਸਾਹਿਤ ਨੂੰ ਉਹ ਜ਼ਰੂਰ ਥੋੜਾ-ਬਹੁਤ ਗਲ਼ ਲਾਉਂਦੇ ਹਨ। ਫਿਰ ਵੀ, ਹਰ ਵਾਰ ਇਕ ਨਵੀਂ ਆਸ ਨਾਲ ਕਲਮ ਵਾਹੀ ਜਾਈਦੀ ਹੈ। ਪੱਲਿਓਂ ਪੈਸੇ ਖ਼ਰਚ ਕੇ ਕਿਤਾਬਾਂ ਛਪਵਾਉਟੀਆਂ, ਆਪਣੇ ਹੀ ਪੈਸਿਆਂ ਨਾਲ ਲੋਕ-ਅਰਪਣ ਸਮਾਗਮ ਕਰਾਉਣੇ, ਗੋਸ਼ਟੀਆਂ ਆਯੋਜਿਤ ਕਰਾਉਣੀਆਂ। ਮੀਡੀਆ ਦੇ ਤਰਲੇ-ਮਿੰਨਤਾਂ ਕਰ ਕੇ ਖ਼ਬਰਾਂ ਲਵਾਉਣੀਆਂ। ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ ਆਦਿ ਨੂੰ ਮੁਫ਼ਤ ਪੁਸਤਕਾਂ ਭੇਂਟ ਕਰਨੀਆਂ।

ਮਹਿੰਗੇ ਕੂਰੀਅਰ ਜਾਂ ਰਜਿਸਟਰੀਆਂ ਰਾਹੀਂ ਲੇਖਕਾਂ-ਵਿਦਵਾਨਾਂ ਨੂੰ ਭੇਜਣੀਆਂ ਤੇ ਫਿਰ ਆਪ ਫ਼ੋਨ ਕਰ-ਕਰ ਕੇ ਪੁੱਛਣਾ, “ਜੀ, ਕਿਤਾਬ ਮਿਲ ਗਈ?’’ ਫਿਰ ਬੇਨਤੀ ਕਰਨੀ ਕਿ ਸਮਾਂ ਕੱਢ ਕੇ ਪੜ੍ਹਿਓ ਤੇ ਕਿਤਾਬ ਬਾਰੇ ਕੁਝ ਜ਼ਰੂਰ ਦੱਸਿਓ। ਕਿਤਾਬ ਬਾਰੇ ਤਾਂ ਕੀ ਦੱਸਣਾ, ਉਹ ਭਲੇਮਾਣਸ ਤਾਂ ਪੁਸਤਕ ਪਹੁੰਚਣ ਬਾਰੇ ਦੱਸਣਾ ਵੀ ਜ਼ਰੂਰੀ ਨਹੀਂ ਸਮਝਦੇ। ਜਾਂ ਫਿਰ ਕਹਿੰਦੇ ਹਨ ਕਿ ਤੁਸੀਂ ਲਗਾਤਾਰ ਲਿਖ ਰਹੇ ਹੋ, ਸਾਨੂੰ ਕਿਤਾਬਾਂ ਭੇਜ ਰਹੇ ਹੋ, ਤੁਸੀਂ ਇੰਨਾ ਸਮਾਂ ਕਿਵੇਂ ਕੱਢ ਲੈਂਦੇ ਹੋ? ਸਾਡੇ ਕੋਲੋਂ ਤਾਂ ਦੋ ਸਤਰਾਂ ਨੀ ਲਿਖ ਹੁੰਦੀਆਂ, ਤੁਸੀਂ ਇੰਨੀਆਂ ਮੋਟੀਆਂ-ਮੋਟੀਆਂ ਕਿਤਾਬਾਂ ਕਿਵੇਂ ਲਿਖ ਲੈਂਦੇ ਹੋ? ਧੰਨ ਹੋ ਤੁਸੀਂ। ਉਹ ਅਜਿਹੇ ਘਿਸੇ-ਪਿਟੇ ਜੁਮਲੇ ਜ਼ਰੂਰ ਉਛਾਲ ਕੇ ਆਪਣਾ ਫ਼ਰਜ਼ ਅਦਾ ਕਰ ਛੱਡਦੇ ਨੇ। ਜੇ ਸਾਡੀਆਂ ਲਿਖਤਾਂ ਦੀ ਸਮਾਜ ਵਿਚ ਇੰਨੀ ਕੁ ਹੀ ਕਦਰ ਹੈ ਤਾਂ ਫਿਰ ਘਰ ਫੂਕ ਕੇ ਤਮਾਸ਼ਾ ਵਿਖਾਲਣ ਦਾ ਕੀ ਲਾਭ ਹੈ? ਇੰਨਾ ਸਮਾਂ, ਊਰਜਾ ਤੇ ਪੈਸਾ ਅਜਾਈਂ ਗੁਆਉਣ ਦੀ ਲੋੜ ਕੀ ਹੈ? ਸਿਰਫ਼ ਲੇਖਕ ਕਹਾਉਣ ਲਈ? ਸਮਾਜ ਵਿਚ ਬੁੱਧੀਜੀਵੀ ਦਾ ਦਰਜਾ ਪ੍ਰਾਪਤ ਕਰਨ ਲਈ? ਆਪਣੇ ਦਿਲ ਦੀ ਭੜਾਸ ਕੱਢਣ ਲਈ? ਆਪਣੇ ਮਨ ਦੀ ਸੰਤੁਸ਼ਟੀ ਲਈ? ਦੋਸਤਾਂ-ਮਿੱਤਰਾਂ ਵਿਚਾਲੇ ਪੈਂਠ ਬਣਾਉਣ ਲਈ? ਜਾਂ ਫਿਰ ਜੋੜ-ਤੋੜ ਕਰ ਕੇ ਸਰਕਾਰੀ ਇਨਾਮ-ਸਨਮਾਨ ਪ੍ਰਾਪਤ ਕਰਨ ਲਈ? ਵਿਦੇਸ਼ਾਂ ਦੀ ਸੈਰ ਲਈ? ਕਿਸੇ ਇਕ ਵਿਚਾਰਧਾਰਾ ਨੂੰ ਪੱਠੇ ਪਾਉਣ ਲਈ? ਸੱਚੀਂ-ਮੁੱਚੀ ਮਾਂ-ਬੋਲੀ ਦੀ ਸੇਵਾ ਲਈ? ਕਿਸ ਲਈ ਇਹ ਸਾਰੀ ਮਾਰੋ-ਮਾਰੀ, ਹਫੜਾ-ਦਫੜੀ, ਨੱਠ-ਭੱਜ, ਜੋੜ-ਤੋੜ, ਲੱਤ-ਘੜੀਸੀ, ਫੂੰਅ ਫਾਂਅ ਤੇ ਹੰਕਾਰ? ਹਾਂ, ਚੰਦ ਕੁ ਸਥਾਪਤ ਲੇਖਕਾਂ ਨੂੰ ਛੱਡ ਕੇ ਸਾਰਿਆਂ ਦਾ ਮੇਰੇ ਵਾਲਾ ਹੀ ਹਾਲ ਹੈ। ਠੀਕ ਹੈ ਥੋੜ੍ਹੇ ਜਿਹੇ ਜਨਮ-ਜਾਤ, ਹੁਨਰਮੰਦ ਅਤੇ ਹਰਮਨ ਪਿਆਰੇ ਲੇਖਕਾਂ ਦਾ ਨਾਂ ਚੱਲਦਾ ਹੈ। ਉਨ੍ਹਾਂ ਨੂੰ ਕੁਝ ਪਾਠਕ ਖ਼ਰੀਦ ਕੇ ਵੀ ਪੜ੍ਹਨਾ ਪਸੰਦ ਕਰਦੇ ਹਨ। ਬਿਨਾਂ ਸ਼ੱਕ ਉਨ੍ਹਾਂ ਨੇ ਮਿਆਰੀ ਲਿਖਿਆ ਹੈ। ਉਹ ਹੋਰ ਲੇਖਕਾਂ ਲਈ ਰਾਹ ਦਸੇਰੇ ਵੀ ਹਨ। ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹਾਏ ਜਾਂਦੇ ਹਨ। ਉਨ੍ਹਾਂ ‘ਤੇ ਖੋਜ ਕਾਰਜ ਵੀ ਹੁੰਦੇ ਹਨ।

ਸੈਮੀਨਾਰ ਤੇ ਗੋਸ਼ਟੀਆਂ ਵੀ ਕਰਾਈਆਂ ਜਾਂਦੀਆਂ ਹਨ। ਲੇਖਕ ਵਰਗ ਵਿਚ ਉਨ੍ਹਾਂ ਦੇ ਨਾਂ ਦਾ ਸਿੱਕਾ ਚੱਲਦਾ ਹੈ। ਉਨ੍ਹਾਂ ਨੂੰ ਵੱਡੇ-ਵੱਡੇ ਰਾਸ਼ਟਰੀ ਤੇ ਅੰਤਰਰਾਸ਼ਟਰੀ, ਸਰਕਾਰੀ ਤੇ ਗ਼ੈਰ-ਸਰਕਾਰੀ ਪੁਰਸਕਾਰ ਵੀ ਪ੍ਰਾਪਤ ਹੁੰਦੇ ਹਨ। ਉਨ੍ਹਾਂ ਦਾ ਸਾਹਿਤਕ ਕੱਦ ਬਹੁਤ ਉੱਚਾ ਹੈ। ਇੰਨਾ ਸਭ ਕੁਝ ਹੋਣ ਦੇ ਬਾਵਜੂਦ ਸਵਾਲ ਤਾਂ ਫਿਰ ਉੱਥੇ ਹੀ ਖੜ੍ਹਾ ਹੈ ਕਿ ਕੀ ਇਨ੍ਹਾਂ ਮਹਾਨ ਲੇਖਕਾਂ ਦੀਆਂ ਲਿਖਤਾਂ ਨੇ ਵੀ ਕੋਈ ਸਮਾਜਿਕ ਤਬਦੀਲੀ ਲਿਆਉਣ ਵਿਚ ਕੋਈ ਅਹਿਮ ਭੂਮਿਕਾ ਅਦਾ ਕੀਤੀ? ਇਹ ਖ਼ਿਆਲ ਵੀ ਆਉਂਦਾ ਹੈ ਕਿ ਸਾਡੇ ਗੁਰੂਆਂ ਨੇ ਇੰਨਾ ਉੱਚ ਕੋਟੀ ਦਾ ਸਾਹਿਤ ਰਚਿਆ। ਇੰਨੇ ਵੱਡੇ-ਵੱਡੇ ਧਾਰਮਿਕ ਗ੍ਰੰਥ ਜਿਨ੍ਹਾਂ ਦਾ ਪਾਠ ਆਦਮੀ ਸਦੀਆਂ ਤੋਂ ਸ਼ਰਧਾ ਪੂਰਵਕ ਨਿਰੰਤਰ ਕਰਦਾ ਆ ਰਿਹਾ ਹੈ।

ਇਹ ਨਾ ਸਿਰਫ਼ ਖ਼ਰੀਦ ਕੇ ਘਰਾਂ ਵਿਚ ਰੱਖੇ-ਜਾਂਦੇ ਹਨ ਸਗੋਂ ਇਨ੍ਹਾਂ ਦਾ ਪੂਰੀ ਸ਼ਰਧਾ ਨਾਲ ਨਿੱਤ ਪਾਠ ਵੀ ਕੀਤਾ ਜਾਂਦਾ ਹੈ। ਫਿਰ ਵੀ ਆਮ ਆਦਮੀ ਵਿਚ ਜ਼ਿਹਨੀ ਤੌਰ ‘ਤੇ ਕੋਈ ਖ਼ਾਸ ਤਬਦੀਲੀ ਨਹੀਂ ਵਿਖਾਈ ਦਿੰਦੀ। ਸਗੋਂ ਬੰਦਾ ਹੋਰ ਅਨੈਤਿਕ, ਕੱਟੜ ਤੇ ਸੌੜੀ ਸੋਚਣੀ ਵਾਲਾ ਬਣਦਾ ਜਾਂਦਾ ਹੈ। ਜੇ ਆਮ ਆਦਮੀ ਅੱਜ ਤੱਕ ਇਨ੍ਹਾਂ ਮਹਾਨ ਲਿਖਤਾਂ ਤੋਂ ਕੋਈ ਸਬਕ ਨਹੀਂ ਲੈ ਸਕਿਆ ਤਾਂ ਫਿਰ ਮੇਰੇ ਵਰਗੇ ਲੇਖਕ ਕੀਹਦੇ ਪਾਣੀਹਾਰ ਹਨ? ਮੈਂ ਇਹ ਭਰਮ ਕਿਉਂ ਪਾਲੀ ਫਿਰਦਾ ਹਾਂ ਕਿ ਮੇਰੀਆਂ ਲਿਖਤਾਂ ਨਾਲ ਰਾਤੋ-ਰਾਤ ਕੋਈ ਇਨਕਲਾਬ ਆ ਜਾਵੇਗਾ? ਮੇਰਾ ਲਿਖਣਾ ਸਾਰਥਕ ਸਾਬਿਤ ਹੋ ਜਾਵੇਗਾ? ਫਿਰ ਇਹ ਸੋਚ ਕੇ ਮਨ ਨੂੰ ਤਸੱਲੀ ਦਿੰਦਾ ਹਾਂ ਕਿ ਘੱਟੋ-ਘੱਟ ਮੈਂ ਇਸ ਸਮਾਜ ਨੂੰ ਸਿਹਤਮੰਦ, ਨਰੋਆ, ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਲਈ ਸੋਚਿਆ, ਲਿਖ ਕੇ ਕੋਸ਼ਿਸ਼ ਤਾਂ ਕੀਤੀ। ਮੇਰਾ ਨਾਂ ਜੰਗਲ ਨੂੰ ਅੱਗ ਲਾਉਣ ਵਾਲਿਆਂ ‘ਚ ਨਹੀਂ ਸਗੋਂ ਅੱਗ ਬੁਝਾਉਣ ਵਾਲਿਆਂ ’ਚ ਤਾਂ ਸ਼ੁਮਾਰ ਹੋਵੇਗਾ ਹੀ।
***
—ਮੋਬਾਈਲ 98761-56964 

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1278
***

ਡਾ. ਧਰਮਪਾਲ ਸਾਹਿਲ

ਜਨਮ: ਪਿੰਡ ਤੁੰਗ, ਹੁਸ਼ਿਆਰਪੁਰ, ਪੰਜਾਬ
ਸਿੱਖੀਆ: ਐਮ.ਐਸ.ਸੀ. (ਕਮਿਸਟਰੀ), ਐਮ.ਐਡ. ਡਾਕਟਰੇਟ (ਆਨਰੇਰੀ)
ਕਿੱਤਾ: ਪ੍ਰਿੰਸੀਪਲ
ਨਾਵਲ: ਧੀਆਂ ਮਰਜਾਈਆਂ, ਪਥਰਾਟ, ਕੁਆਰਝਾਤ, ਖਿੜਣ ਤੋਂ ਪਹਿਲਾਂ ਤੇ ਮਣ੍ਵੇ, ਕਸਕ।
ਕਹਾਣੀ ਸੰਗ੍ਰਹਿ: ਮੇਰਾ ਮਣਕੂ, ਨੀਂਹ ਦੇ ਪੱਥਰ।
ਮਿੰਨੀ ਕਹਾਣੀ ਸੰਗ੍ਰਹਿ: ਅੱਕ ਦੇ ਬੀਅ, ਆਈਨਾ ਝੂਠ ਬੋਲਦਾ ਹੈ।
ਸਫ਼ਰਨਾਮਾ: ਕਿੰਨੌਰ ਤੋਂ ਕਾਰਗਿਲ ਇੱਕ ਸਫਰ ਇਹ ਵੀ।
ਕਵਿਤਾ ਸੰਗ੍ਰਹਿ: ਉਨੀਂਦਰੇ ਖਾਬ।
ਖੋਜ ਪੁਸਤਕਾਂ: ਹਿੰਦੀ-ਪੰਜਾਬੀ ਸ਼ਬਦ ਕੋਸ਼, ਕੰਢੀ ਪਹਾੜੀ ਬੋਲੀ ਦਾ ਸ਼ਬਦਕੋਸ਼, ਕੰਢੀ ਦੀ ਸਭਿਆਚਾਰਕ ਵਿਰਾਸਤ, ਕੰਢੀ ਦਾ ਕੰਠਹਾਰ (ਕੰਢੀ ਦੇ ਲੋਕਗੀਤਾਂ ਦਾ ਸੰਗ੍ਰਹਿ)
ਬਾਲ ਸਾਹਿਤ: ਵਿਗਿਆਨ ਦੀਆਂ ਖੋਜਾਂ, ਅੰਧ ਵਿਸ਼ਵਾਸ ਤੇ ਵਿਗਿਆਨ।
ਵਿਸ਼ੇਸ਼: ਹਿੰਦੀ ਵਿੱਚ ਵੀ 8 ਨਾਵਲ, 2 ਕਹਾਣੀ ਸੰਗ੍ਰਹਿ, 2 ਲਘੂ ਕਥਾ ਸੰਗ੍ਰਹਿ, 4 ਕਵਿਤਾ ਸੰਗ੍ਰਹਿ, 2 ਯਾਤਰਾ ਸੰਸਮਰਣ, ਬਾਲ ਸਾਹਿਤ ਤੇ ਖੋਜ ਕਾਰਜ, 31 ਪੁਸਤਕਾਂ ਦਾ ਅਨੁਵਾਦ ਕਾਰਜ।
ਪੁਰਸਕਾਰ/ਸਨਮਾਨ: 26 ਜਨਵਰੀ 2007 ਨੂੰ ਰਾਸ਼ਟਰਪਤੀ ਡਾ. ਕਲਾਮ ਜੀ ਵੱਲੋਂ ਸਨਮਾਨਤ/ਨਾਵਲ ਬਾਇਸਕੋਪ ਨੂੰ ਮਾਨਵ ਸੰਸਾਧਨ ਮੰਤਰਾਲੇ ਵੱਲੋਂ ਰਾਸ਼ਟਰੀ ਪੁਰਸਕਾਰ, ਨਾਵਲ ਸਮਝੌਤਾ ਐਕਸਪ੍ਰੈਸ ' ਅਤੇ "ਬੇਟੀ ਹੂੰ ਨਾ" ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਰਵੋਤਮ ਪੁਸਤਕ ਪੁਰਸਕਾਰ। ਸਕਾਟਲੈਂਡ (ਯੂ.ਕੇ.) ਸਹਿਤ ਦੇਸ਼-ਵਿਦੇਸ਼ ਦੀਆਂ ਦਰਜਨਾਂ ਸੰਸਥਾਵਾਂ ਵਲੋਂ ਪੁਰਸਕਾਰ ਤੇ ਸਨਮਾਨ।
ਪੁਸਤਕਾਂ ਤੇ ਖੋਜਕਾਰਜ:
* 4 ਪੀ.ਐਚ.ਡੀ. ਅਤੇ 10 ਐਮ.ਫਿਲ ਦਾ ਖੋਜ ਕਾਰਜ ਸਪੰਨ।
* ਕਹਾਣੀ-- ਮੇਰਾ ਮਣਕੂ ਅਤੇ ਬਾਜ਼ੀ ਤੇ ਫ਼ਿਲਮ ਨਿਰਮਾਣ।
* ਦੂਰਦਰਸ਼ਨ ਜਲੰਧਰ ਵੱਲੋਂ ਲੇਖਕ ਤੇ ਡਾਕੂਮੈਂਟਰੀ ਫ਼ਿਲਮ ਦਾ ਨਿਰਮਾਣ।
* ਕੰਢੀ ਦੀਆਂ ਵਿਲਖਣਤਾਵਾਂ ਤੋਂ ਵਿਭਿੰਨਤਾਵਾਂ

ਸੰਪਰਕ:
ਪੰਚਵਟੀ, ਏਕਤਾ ਇਨਕਲੇਵ, ਲੇਨ-2

(ਬੂਲਾਂਬਾੜੀ), ਡਾਕ. ਸਾਧੂ ਆਸ਼ਰਮ,
ਹੁਸ਼ਿਆਰਪੁਰ- 146 021
M. 98761-56964,80540-01936
E-mail: dpsahil_panchvati@yahoo.com

ਡਾ. ਧਰਮਪਾਲ ਸਾਹਿਲ

ਡਾ. ਧਰਮਪਾਲ ਸਾਹਿਲਜਨਮ: ਪਿੰਡ ਤੁੰਗ, ਹੁਸ਼ਿਆਰਪੁਰ, ਪੰਜਾਬ ਸਿੱਖੀਆ: ਐਮ.ਐਸ.ਸੀ. (ਕਮਿਸਟਰੀ), ਐਮ.ਐਡ. ਡਾਕਟਰੇਟ (ਆਨਰੇਰੀ) ਕਿੱਤਾ: ਪ੍ਰਿੰਸੀਪਲ ਨਾਵਲ: ਧੀਆਂ ਮਰਜਾਈਆਂ, ਪਥਰਾਟ, ਕੁਆਰਝਾਤ, ਖਿੜਣ ਤੋਂ ਪਹਿਲਾਂ ਤੇ ਮਣ੍ਵੇ, ਕਸਕ। ਕਹਾਣੀ ਸੰਗ੍ਰਹਿ: ਮੇਰਾ ਮਣਕੂ, ਨੀਂਹ ਦੇ ਪੱਥਰ। ਮਿੰਨੀ ਕਹਾਣੀ ਸੰਗ੍ਰਹਿ: ਅੱਕ ਦੇ ਬੀਅ, ਆਈਨਾ ਝੂਠ ਬੋਲਦਾ ਹੈ। ਸਫ਼ਰਨਾਮਾ: ਕਿੰਨੌਰ ਤੋਂ ਕਾਰਗਿਲ ਇੱਕ ਸਫਰ ਇਹ ਵੀ। ਕਵਿਤਾ ਸੰਗ੍ਰਹਿ: ਉਨੀਂਦਰੇ ਖਾਬ। ਖੋਜ ਪੁਸਤਕਾਂ: ਹਿੰਦੀ-ਪੰਜਾਬੀ ਸ਼ਬਦ ਕੋਸ਼, ਕੰਢੀ ਪਹਾੜੀ ਬੋਲੀ ਦਾ ਸ਼ਬਦਕੋਸ਼, ਕੰਢੀ ਦੀ ਸਭਿਆਚਾਰਕ ਵਿਰਾਸਤ, ਕੰਢੀ ਦਾ ਕੰਠਹਾਰ (ਕੰਢੀ ਦੇ ਲੋਕਗੀਤਾਂ ਦਾ ਸੰਗ੍ਰਹਿ) ਬਾਲ ਸਾਹਿਤ: ਵਿਗਿਆਨ ਦੀਆਂ ਖੋਜਾਂ, ਅੰਧ ਵਿਸ਼ਵਾਸ ਤੇ ਵਿਗਿਆਨ। ਵਿਸ਼ੇਸ਼: ਹਿੰਦੀ ਵਿੱਚ ਵੀ 8 ਨਾਵਲ, 2 ਕਹਾਣੀ ਸੰਗ੍ਰਹਿ, 2 ਲਘੂ ਕਥਾ ਸੰਗ੍ਰਹਿ, 4 ਕਵਿਤਾ ਸੰਗ੍ਰਹਿ, 2 ਯਾਤਰਾ ਸੰਸਮਰਣ, ਬਾਲ ਸਾਹਿਤ ਤੇ ਖੋਜ ਕਾਰਜ, 31 ਪੁਸਤਕਾਂ ਦਾ ਅਨੁਵਾਦ ਕਾਰਜ। ਪੁਰਸਕਾਰ/ਸਨਮਾਨ: 26 ਜਨਵਰੀ 2007 ਨੂੰ ਰਾਸ਼ਟਰਪਤੀ ਡਾ. ਕਲਾਮ ਜੀ ਵੱਲੋਂ ਸਨਮਾਨਤ/ਨਾਵਲ ਬਾਇਸਕੋਪ ਨੂੰ ਮਾਨਵ ਸੰਸਾਧਨ ਮੰਤਰਾਲੇ ਵੱਲੋਂ ਰਾਸ਼ਟਰੀ ਪੁਰਸਕਾਰ, ਨਾਵਲ ਸਮਝੌਤਾ ਐਕਸਪ੍ਰੈਸ ' ਅਤੇ "ਬੇਟੀ ਹੂੰ ਨਾ" ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਰਵੋਤਮ ਪੁਸਤਕ ਪੁਰਸਕਾਰ। ਸਕਾਟਲੈਂਡ (ਯੂ.ਕੇ.) ਸਹਿਤ ਦੇਸ਼-ਵਿਦੇਸ਼ ਦੀਆਂ ਦਰਜਨਾਂ ਸੰਸਥਾਵਾਂ ਵਲੋਂ ਪੁਰਸਕਾਰ ਤੇ ਸਨਮਾਨ। ਪੁਸਤਕਾਂ ਤੇ ਖੋਜਕਾਰਜ: * 4 ਪੀ.ਐਚ.ਡੀ. ਅਤੇ 10 ਐਮ.ਫਿਲ ਦਾ ਖੋਜ ਕਾਰਜ ਸਪੰਨ। * ਕਹਾਣੀ-- ਮੇਰਾ ਮਣਕੂ ਅਤੇ ਬਾਜ਼ੀ ਤੇ ਫ਼ਿਲਮ ਨਿਰਮਾਣ। * ਦੂਰਦਰਸ਼ਨ ਜਲੰਧਰ ਵੱਲੋਂ ਲੇਖਕ ਤੇ ਡਾਕੂਮੈਂਟਰੀ ਫ਼ਿਲਮ ਦਾ ਨਿਰਮਾਣ। * ਕੰਢੀ ਦੀਆਂ ਵਿਲਖਣਤਾਵਾਂ ਤੋਂ ਵਿਭਿੰਨਤਾਵਾਂ ਸੰਪਰਕ: ਪੰਚਵਟੀ, ਏਕਤਾ ਇਨਕਲੇਵ, ਲੇਨ-2 (ਬੂਲਾਂਬਾੜੀ), ਡਾਕ. ਸਾਧੂ ਆਸ਼ਰਮ, ਹੁਸ਼ਿਆਰਪੁਰ- 146 021 M. 98761-56964,80540-01936 E-mail: dpsahil_panchvati@yahoo.com

View all posts by ਡਾ. ਧਰਮਪਾਲ ਸਾਹਿਲ →