29 April 2024

ਡਾ.ਗੁਰਦੇਵ ਸਿੰਘ ਸਿੱਧੂ ਦੀ ਪੁਸਤਕ ‘ਗ਼ਦਰੀ ਬਾਬਾ ਨਿਧਾਨ ਸਿੰਘ ਮਹੇਸਰੀ’ ਸਿਦਕ ਦਾ ਪ੍ਰਤੀਕ — ਉਜਾਗਰ ਸਿੰਘ

ਅਣਗੌਲਿਆ ਆਜ਼ਾਦੀ ਘੁਲਾਟੀਆ ਬਾਬਾ ਨਿਧਾਨ ਸਿੰਘ ਮਹੇਸਰੀ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦਾ ਪ੍ਰਤੀਬੱਧ ਸੁਤੰਤਰਤਾ ਸੰਗਰਾਮੀਆਂ ਸੀ। ਡਾ.ਗੁਰਦੇਵ ਸਿੰਘ ਸਿੱਧੂ ਕਿੱਤੇ ਦੇ ਤੌਰ ‘ਤੇ ਪੰਜਾਬੀ ਦਾ ਕਾਲਜ ਅਧਿਆਪਕ ਹੈ ਪ੍ਰੰਤੂ ਉਸ ਨੇ ਦੋ ਦਰਜਨ ਤੋਂ ਵੱਧ ਪੁਸਤਕਾਂ ਇਤਿਹਾਸ ਨਾਲ ਸੰਬੰਧਤ ਵਿਸ਼ਿਆਂ, ਖਾਸ ਤੌਰ ‘ਤੇ ਸੁਤੰਤਰਤਾ ਸੰਗਰਾਮ ਅਤੇ ਦੇਸ਼ ਭਗਤੀ ਨਾਲ ਸੰਬੰਧ ਪ੍ਰਕਾਸ਼ਤ ਕਰਵਾਈਆਂ ਹਨ। ਉਸ ਨੇ ਇੱਕ ਸੰਸਥਾ ਤੋਂ ਵਧੇਰੇ ਕੰਮ ਕੀਤਾ ਹੈ। ਉਸ ਨੂੰ ਅਜਿਹੇ ਵਿਸ਼ਿਆਂ ਬਾਰੇ ਲਿਖਣ ਦੀ ਦਿਲਚਸਪੀ ਉਦੋਂ ਪਈ ਜਦੋਂ ਉਹ ਆਪਣਾ ‘ਮਾਲਵੇ ਦਾ ਕਿੱਸਾ ਸਾਹਿਤ’ ਦੇ ਵਿਸ਼ੇ ‘ਤੇ ਪੀ.ਐਚ.ਡੀ.ਦਾ ਥੀਸਸ ਲਈ ਮੈਟਰ ਇਕੱਠਾ ਕਰ ਰਿਹਾ ਸੀ। ਉਸ ਨੂੰ ਹੋਰ ਹੈਰਾਨੀ ਹੋਈ ਜਦੋਂ ਉਹ ਨੈਸ਼ਨਲ ਆਰਕਾਈਵ ਦਿੱਲੀ ਵਿੱਚ ਫਾਈਲਾਂ ਫਰੋਲ ਰਿਹਾ ਸੀ ਤਾਂ ਉਸ ਨੂੰ ਕੁਝ ਨਾਮ ਅਜਿਹੇ ਪਤਾ ਲੱਗੇ ਜਿਨ੍ਹਾਂ ਦਾ ਆਜ਼ਾਦੀ ਦੇ ਸੰਗਰਾਮ ਦੀ ਜਦੋਜਹਿਦ ਵਿੱਚ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਹੋਇਆ ਸੀ ਪ੍ਰੰਤੂ ਸਿਰਮੌਰ ਇਤਿਹਾਸਕਾਰਾਂ ਨੇ ਸਿੱਖਾਂ/ਪੰਜਾਬੀਆਂ ਨੇ ਉਨ੍ਹਾਂ ਦਾ ਜ਼ਿਕਰ ਤੱਕ ਨਹੀਂ ਕੀਤਾ।

ਡਾ.ਫੌਜਾ ਸਿੰਘ ਇਤਿਹਾਸਕਾਰ ਦੀ ਅਗਵਾਈ ਵਿੱਚ ਇਤਿਹਾਸਕਾਰਾਂ ਦੀ ਟੀਮ ਵੱਲੋਂ ਪੰਜਾਬ ਦੇ ਸੁਤੰਤਰਤਾ ਸੰਗਰਾਮੀਆਂ ਦੀ ਤਿਆਰ ਕੀਤੀ ਨਾਮਲਵਲੀ “Who’s Who Punjab Freedom Fighters” ਵੱਡ-ਆਕਾਰੀ ਪੁਸਤਕ ਵਿੱਚ ਗ਼ਦਰੀ ਬਾਬਾ ਨਿਧਾਨ ਸਿੰਘ ਮਹੇਸਰੀ ਦਾ ਨਾਮ ਹੀ ਨਹੀਂ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਭਾਰਤ ਦੇ ਇਤਿਹਾਸਕਾਰਾਂ ਨੂੰ ਪਤਾ ਨਹੀਂ ਅੰਗਰੇਜ਼ਾਂ ਨੇ ਉਨ੍ਹਾਂ ਦੀਆਂ ਸਰਗਰਮੀਆਂ ਦਾ ਪੂਰਾ ਵੇਰਵਾ ਫਾਈਲਾਂ ਵਿੱਚ ਲਿਖਿਆ ਹੋਇਆ ਹੈ। ਫਿਰ ਉਸ ਨੇ ਫ਼ੈਸਲਾ ਕਰ ਲਿਆ ਕਿ ਪੀ.ਐਚ.ਡੀ.ਕਰਨ ਤੋਂ ਬਾਅਦ ਅਜਿਹੇ ਅਣਗੌਲੇ ਸੁਤੰਤਰਤਾ ਸੰਗਰਾਮੀਆਂ ਬਾਰੇ ਪੁਸਤਕਾਂ ਦੀ ਲੜੀ ਲਿਖਾਂਗਾ।

ਉਸ ਲੜੀ ਵਿੱਚ ਉਸ ਦੀ ਪਹਿਲੀ ਪੁਸਤਕ ‘ਅਣਗੌਲਿਆ ਆਜ਼ਾਦੀ ਘੁਲਾਟੀਆ: ਗ਼ਦਰੀ ਬਾਬਾ ਨਿਧਾਨ ਸਿੰਘ ਮਹੇਸਰੀ’ ਹੈ। ਡਾ.ਗੁਰਦੇਵ ਸਿੰਘ ਸਿੱਧੂ ਨੇ ਇਸ ਪੁਸਤਕ ਦੇ 11 ਅਧਿਆਇ ਬਣਾਏ ਹਨ। ਇਸ ਤੋਂ ਇਲਾਵਾ ਮਾਣੂੰਕੇ ਗਿੱਲਾਂ ਪਿੰਡ ਦੇ 16 ਕਮਿਊਨਿਸਟਾਂ ਦੀਆਂ ਤਸਵੀਰਾਂ ਅਤੇ ਬਾਬਾ ਨਿਧਾਨ ਸਿੰਘ ਦੇ ਸਹੁਰਾ ਪਰਿਵਾਰ ਵਿੱਚੋਂ ਨਛੱਤਰ ਸਿੰਘ ਗਿੱਲ ਮਾਣੂੰਕੇ ਦਾ ਲੇਖ ਵੀ ਛਾਪਿਆ ਹੈ। ਇਸ ਪੁਸਤਕ ਵਿੱਚ ਨੈਸ਼ਨਲ ਆਰਕਾਈਵ ਦਿੱਲੀ, ਪੰਜਾਬ ਸਟੇਟ ਆਰਕਾਈਵ ਚੰਡੀਗੜ੍ਹ, ਦੇਸ਼ ਭਗਤ ਯਾਦਗਾਰ ਲਾਇਬਰੇਰੀ ਜਲੰਧਰ ਅਤੇ ਉਸ ਦੇ ਪਿੰਡ ਮਹੇਸਰੀ ਤੇ ਸਹੁਰਾ ਪਰਿਵਾਰ ਦੇ ਪਿੰਡ ਦੇ ਬਜ਼ੁਰਗਾਂ ਵੱਲੋਂ ਮਿਲੀ ਜਾਣਕਾਰੀ ਸ਼ਾਮਲ ਕੀਤੀ ਗਈ ਹੈ।

ਪਹਿਲੇ ਅਧਿਆਇ ਵਿੱਚ ਦੱਸਿਆ ਗਿਆ ਹੈ ਕਿ ਬਾਬਾ ਨਿਧਾਨ ਸਿੰਘ ਦਾ ਜਨਮ ਉਸ ਸਮੇਂ ਦੇ ਫੀਰੋਜਪੁਰ ਜਿਲ੍ਹੇ ਦੀ ਮੋਗਾ ਤਹਿਸੀਲ ਦੇ ਪਿੰਡ ਮਹੇਸਰੀ ਵਿੱਚ ਹੀਰਾ ਸਿੰਘ ਦੇ ਘਰ ਹੋਇਆ। ਉਹ ਜੱਟ ਸਿੱਖ ਸੰਧੂ ਸਨ। ਨਿਧਾਨ ਸਿੰਘ ਦਾ ਜਨਮ 1890 ਦੇ ਨੇੜੇ ਤੇੜੇ ਹੋਇਆ। ਉਹ ਤਿੰਨ ਭਰਾ ਸਨ। ਨਿਧਾਨ ਸਿੰਘ ਨਿੱਡਰ ਅਤੇ ਅਥਰੇ ਸੁਭਾਅ ਦਾ ਮਾਲਕ ਸੀ। ਪਿੰਡ ਵਿੱਚ ਇਕ ਵਿਅਕਤੀ ਦੇ ਕਤਲ ਕੇਸ ਵਿੱਚ ਜੇਲ੍ਹ ਗਿਆ, ਬਰੀ ਹੋਣ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਵਿਦੇਸ਼ ਭੇਜਣ ਦਾ ਫ਼ੈਸਲਾ ਕਰ ਲਿਆ। ਦੂਜੇ ਅਧਿਆਇ ਵਿੱਚ ‘ਨਿਧਾਨ ਸਿੰਘ ਅਮਰੀਕਾ ਵਿੱਚ’ ਬਾਰੇ ਜਾਣਕਾਰੀ ਦਿੱਤੀ ਹੈ ਕਿ ਉਹ ਪਹਿਲਾਂ 1912 ਵਿੱਚ ਮਨੀਲਾ ਤੇ ਫਿਰ ਫਿਲਪਾਈਨ ਗਿਆ। ਉਸ ਤੋਂ ਬਾਅਦ ਮਈ 1913 ਵਿੱਚ ਅਮਰੀਕਾ ਦੀ ਕੈਲੇਫੋਰਨੀਆ ਸਟੇਟ ਦੇ ‘ਸਨ ਫਰਾਂਸਿਸਕੋ’ ਸ਼ਹਿਰ ਵਿੱਚ ਪਹੁੰਚ ਗਿਆ। ਉੱਥੇ ਪਹਿਲਾਂ ਰਹਿ ਰਹੇ ਗ਼ਦਰੀਆਂ ਕੋਲ ‘ਹੋਲਟ ਖੇਤੀ ਫਾਰਮ’ ਜਿਸ ਨੂੰ ‘ਭਾਈਆਂ ਦਾ ਡੇਰਾ’ ਕਹਿੰਦੇ ਸਨ ਵਿੱਚ ਰਿਹਾ। ਏਥੇ ਕੰਮ ਕਰਦਿਆਂ ਭਾਰਤੀਆਂ ਨੂੰ ਹੀਣਤਾ ਮਹਿਸੂਸ ਹੋਈ ਫਿਰ ਉਨ੍ਹਾਂ ਨੇ ‘ਹਿੰਦੋਸਤਾਨ ਐਸੋਸੀਏਸ਼ਨ ਆਫ਼ ਪੈਸਫਿਕ ਕੋਸਟ’ ਨਾਂ ਦੀ ਸੰਸਥਾ ਬਣਾ ਲਈ। ਫਿਰ ਉਹ ਉੱਥੇ ਗਦਰ ਆਸ਼ਰਮ ਵਿੱਚ ਰਹਿਣ ਲੱਗ ਪਿਆ। ਪਰਿਵਾਰ ਨੇ ਲੜਾਈ ਝਗੜੇ ਦੇ ਡਰ ਕਰਕੇ ਪਿੰਡੋਂ ਭੇਜਿਆ ਪ੍ਰੰਤੂ ਏਥੇ ਆ ਕੇ ਗ਼ਦਰੀਆਂ ਦਾ ਨੇਤਾ ਬਣ ਗਿਆ। ਉਹ 1915 ਵਿੱਚ ਗ਼ਦਰ ਪਾਰਟੀ ਦਾ ਖਜਾਨਚੀ ਬਣ ਗਿਆ। ਦੋ ਸਾਲ ਇਸ ਅਹੁਦੇ ਤੇ ਰਿਹਾ ਪ੍ਰੰਤੂ ਗ਼ਦਰੀ ਸਰਗਰਮੀਆਂ ਕਰਕੇ ਜਨਵਰੀ 1918 ਵਿੱਚ ਗ੍ਰਿਫ਼ਤਾਰ ਹੋ ਗਿਆ। 4 ਮਹੀਨੇ ਦੀ ਸਜ਼ਾ ਫਰਾਂਸਿਸਕੋ ਦੀ ਕਾਊਂਟੀ ਜੇਲ੍ਹ ਓਕਲੈਂਡ ਵਿੱਚ ਕੱਟੀ। ਗ਼ਦਰੀਆਂ ਵਿੱਚ ਫੁੱਟ ਪੈ ਗਈ ਤੇ ਬਾਬਾ ਨਿਧਾਨ ਸਿੰਘ ਨੂੰ ਗ਼ਦਰ ਪਾਰਟੀ ਦਾ ਕਾਰਜਵਾਹਕ ਪ੍ਰਧਾਨ ਬਣਾ ਦਿੱਤਾ ਗਿਆ। 1928 ਵਿੱਚ ਗ਼ਦਰ ਪਾਰਟੀ ਦਾ ਪੱਕਾ ਪ੍ਰਧਾਨ ਚੁਣਿਆ ਗਿਆ।

ਤੀਜਾ ਅਧਿਆਇ ‘ ਅਮਰੀਕਾ ਸਰਕਾਰ ਵੱਲੋਂ ਗ਼ਦਰੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਯੋਜਨਾ’ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਗ਼ਦਰ ਪਾਰਟੀ ਦੀਆਂ ਸਰਗਰਮੀਆਂ ਨੂੰ ਤੇਜ਼ ਕਰਨ ਵਿੱਚ ਬਿਹਤਰੀਨ ਯੋਗਦਾਨ ਪਾਉਣ ਕਰਕੇ ਅਮਰੀਕਾ ਸਰਕਾਰ ਨੇ ਜੂਨ 1931 ਵਿੱਚ ਨਿਧਾਨ ਸਿੰਘ ਮਹੇਸਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਰਕਾਰ ਦੇਸ਼ ਨਿਕਾਲਾ ਦੇਣਾ ਚਾਹੁੰਦੀ ਸੀ ਪ੍ਰੰਤੂ ਕਿਰਤੀ ਅਖ਼ਬਾਰ ਤੋਂ ਬਿਨਾ ਹੋਰ ਦਫ਼ਤਰ ਵਿੱਚੋਂ ਇਤਰਾਜ਼ਯੋਗ ਹੋਰ ਕੁਝ ਨਹੀਂ ਮਿਲਿਆ। ਏਧਰ ਬਰਤਾਨੀਆਂ ਦੀ ਭਾਰਤ ਸਰਕਾਰ ਉਸ ਨੂੰ ਭਾਰਤ ਭੇਜਣ ਨਾਲ ਆਜ਼ਾਦੀ ਮੁਹਿੰਮ ਦੇ ਤੇਜ਼ ਹੋਣ ਦੇ ਡਰ ਤੋਂ ਡਰਦੀ ਸੀ।

ਅਧਿਆਇ-4 ‘ਗ਼ਦਰ ਪਾਰਟੀ ਦੇ ਪ੍ਰਧਾਨ ਵਜੋਂ ਕੀਤਾ ਕੰਮ’ ਦੇ ਸਿਰਲੇਖ ਵਿੱਚ ਨਿਧਾਨ ਸਿੰਘ ਵੱਲੋਂ ਸੰਸਾਰ ਦੇ ਬਾਕੀ ਦੇਸ਼ਾਂ ਵਿੱਚ 9 ਸ਼ਾਖ਼ਾਵਾਂ ਬਣਾਉਣ ਦਾ ਜ਼ਿਕਰ ਹੈ। ਕੁਝ ਕਿਤਾਬਚੇ ਅਤੇ ਗ਼ਦਰ ਗੂੰਜ ਦੀ ਲੜੀ ਨੂੰ ਅੱਗੇ ਤੋਰਿਆ ਦੱਸਿਆ ਗਿਆ ਹੈ।

ਅਧਿਆਇ 5 ਅਤੇ 6 ਨਿਧਾਨ ਸਿੰਘ ਮਹੇਸਰੀ ਦੇ ਮਾਸਕੋ ਜਾਣ ਅਤੇ ਵਾਪਸ ਪੰਜਾਬ ਆਉਣ ਬਾਰੇ ਹਨ। ਮਾਸਕੋ ਵਿਖੇ ਸਿਖਿਆ ਲੈਣ ਲਈ ਉਹ ਅਪ੍ਰੈਲ 1935 ਵਿੱਚ ਪੁੱਜਾ। ਉਸਦਾ ਨਾਮ ਡੀਗੋ ਲੀਪੋਜ ਰੱਖਿਆ ਗਿਆ ਤਾਂ ਜੋ ਉਸ ਦੀ ਪਛਾਣ ਗੁਪਤ ਰੱਖੀ ਜਾ ਸਕੇ। ਸਿੱਖਿਆ ਪੂਰੀ ਹੋਣ ਉਪਰੰਤ ਉਹ ਮਾਸਕੋ ਠਹਿਰ ਕੇ ਉਥੇ ਕਿਸਾਨਾੰ ਤੇ ਮਜ਼ਦੂਰਾਂ ਦੇ ਜੀਵਨ ਪੱਧਰ ਵਿੱਚ ਆਈ ਤਬਦੀਲੀ ਦਾ ਅਧਿਐਨ ਕਰਦਾ ਰਿਹਾ। ਉਸ ਨੂੰ ਸਰਕਾਰੀ ਰਿਕਾਰਡ ਵਿੱਚ ਕੱਟੜ ਕੌਮ ਪ੍ਰਸਤ ਲਿਖਦਾ ਹੈ, ਜੋ ਹਿੰਦੁਸਤਾਨ ਵਿੱਚ ਲੋਕ ਰਾਜ ਸਥਾਪਤ ਕਰਕੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਥ ਦੇਣਾ ਚਾਹੁੰਦਾ ਸੀ। ਭਾਰਤ ਪਹੁੰਚਣ ਤੋਂ ਪਹਿਲਾਂ ਉਸ ਨੇ ਕੇਸ ਦਾੜ੍ਹੀ ਰੱਖ ਲਏ ਸਨ ਅਤੇ ਉਸ ਦੀ ਨਿਗਰਾਨੀ ਲਈ ਇਕ ਸਿਪਾਹੀ ਪੱਕਾ ਲਗਾ ਦਿੱਤਾ ਗਿਆ। 1943 ਵਿੱਚ ਵਾਪਸ ਆਉਣ ਤੇ ਲਾਹੌਰ ਸਰਗਰਮੀਆਂ ਸ਼ੁਰੂ ਕੀਤੀਆਂ।

7ਵਾਂ ਅਧਿਆਇਆ ਆਜ਼ਾਦੀ ਮਿਲਣ ਪਿੱਛੋਂ ਪਿੰਡ ਪਹੁੰਚਣ ਸਮੇਂ ਪਿੰਡ ਵਾਸੀਆਂ ਨੇ ਹਾਰਦਿਕ ਸਵਾਗਤ ਕਰਦਿਆਂ ਰੇਲਵੇ ਸ਼ਟੇਸ਼ਨ ਤੋਂ ਜਲੂਸ ਦੀ ਸ਼ਕਲ ਵਿੱਚ ਪਿੰਡ ਲਿਆਂਦਾ। ਪਿੰਡ ਆ ਕੇ ਵੀ ਉਨ੍ਹਾਂ ਇਲਾਕੇ ਦੇ ਸੁਤੰਤਰਤਾ ਸੰਗਰਾਮੀਆਂ ਨਾਲ ਤਾਲਮੇਲ ਬਣਾਕੇ ਰੱਖਿਆ। ਕਾਮਰੇਡ ਹਰਿਕਿਸ਼ਨ ਸਿੰਘ ਸੁਰਜੀਤ ਪਿੰਡ ਆ ਕੇ ਮਿਲਦੇ ਰਹੇ। 1937 ਵਿੱਚ ਵਿਧਾਨ ਸਭਾ ਦੀ ਚੋਣ ਲੜਿਆ ਪ੍ਰੰਤੂ ਹਾਰ ਗਿਆ।

8ਵੇਂ ਅਧਿਆਇ: ਆਜ਼ਾਦੀ ਮਿਲਣ ਪਿੱਛੋਂ ਫਿਰ ਪਿੰਡ ਆ ਕੇ ਉਹ ਆਪਣੀ ਪਤਨੀ ਜਿਸਦਾ ਪੇਕਿਆਂ ਦਾ ਨਾਮ ਹਰ ਕੌਰ ਤੇ ਸਹੁਰਿਆਂ ਦਾ ਨਾਮ ਭਗਵਾਨ ਕੌਰ ਸੀ ਨਾਲ ਸਿਰਫ ਚਾਰ ਸਾਲ ਹੀ ਰਹਿ ਸਕਿਆ। ਭਗਵਾਨ ਕੌਰ ਦੀ ਮੌਤ ਹੋ ਗਈ। ਉਨ੍ਹਾਂ ਦੇ ਇਕ ਬੱਚੀ ਪੈਦਾ ਹੋਈ ਸੀ, ਜਿਸ ਦੀ ਮੌਤ ਹੋ ਗਈ। ਪਿੰਡ ਵਿੱਚ ਤੇਜਾ ਸਿੰਘ ਸੁਤੰਤਰ ਉਨ੍ਹਾਂ ਨਾਲ ਸਲਾਹ ਮਸ਼ਵਰਾ ਕਰਨ ਲਈ ਮਿਲਣ ਆਉਂਦੇ ਰਹੇ। ਪਤਨੀ ਦੀ ਮੌਤ ਤੋਂ ਬਾਅਦ ਉਸ ਦਾ ਸਹੁਰਾ ਪਰਿਵਾਰ ਨਿਧਾਨ ਸਿੰਘ ਨੂੰ ਮਾਣੂੰਕੇ ਲੈ ਆਇਆ। ਏਥੇ ਵੀ ਉਸ ਨੇ ਕਮਿਊਨਿਸਟ ਪਾਰਟੀ ਦੀ ਇਕਾਈ ਬਣਾ ਲਈ। ਇਥੋਂ ਤੱਕ ਇਸਤਰੀਆਂ ਵੀ ਨਾਲ ਜੋੜ ਲਈਆਂ। ਸ਼ਰਨਾਰਥੀਆਂ ਦੇ ਪੁਨਰਵਾਸ ਲਈ ਕੰਮ ਕਰਨਾ ਸ਼ੁਰੂ ਕੀਤਾ। ਜਦੋਂ 17 ਸਤੰਬਰ 1949 ਨੂੰ ਪੰਡਤ ਨਹਿਰੂ ਫੀਰੋਜਪੁਰ ਆਏ ਤਾਂ ਬਾਬਾ ਨਿਧਾਨ ਸਿੰਘ ਸ਼ਰਨਾਰਥੀਆਂ ਦੇ ਪੁਨਰਵਾਸ ਲਈ ਉਨ੍ਹਾਂ ਨੂੰ ਮਿਲਿਆ। ਪਿੰਡ ਮਾਣੂੰਕੇ ਵਿੱਚ ਕਮਿਊਨਿਸਟ ਪਾਰਟੀ ਦੀ ਤਿੰਨ ਰੋਜ਼ਾ ਕਾਨਫਰੰਸ 1950 ਵਿੱਚ ਕਰਵਾਈ। ਆਜ਼ਾਦ ਭਾਰਤ ਵਿੱਚ ਪਹਿਲੀ ਵਾਰ 1952 ਵਿੱਚ ਹੋਈਆਂ ਵਿਧਾਨ ਸਭਾ ਚੋਣਾ ਵਿੱਚ ਨਿਧਾਨ ਸਿੰਘ ਫੀਰੋਜਪੁਰ ਜਿਲ੍ਹੇ ਦੇ ਮਹਿਣਾ ਹਲਕੇ ਤੋਂ ਵਿਧਾਨਕਾਰ ਬਣੇ। ਵਿਧਾਨ ਸਭਾ ਵਿੱਚ ਜ਼ੋਰਦਾਰ ਢੰਗ ਨਾਲ ਲੋਕ ਹਿੱਤਾਂ ਦੀ ਵਕਾਲਤ ਕਰਦੇ ਰਹੇ।

9ਵਾਂ ਅਧਿਆਇ ਬਾਬਾ ਨਿਧਾਨ ਸਿੰਘ ਦਾ ਅੰਤਲਾ ਸਮਾਂ ਸਿਰਲੇਖ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ 1953 ਵਿੱਚ ਅਧਰੰਗ ਹੋ ਗਿਆ ਸੀ ਪ੍ਰੰਤੂ ਇਲਾਜ਼ ਕਰਾਉਣ ਦੇ ਬਾਵਜੂਦ ਉਹ 24 ਜੂਨ 1954 ਨੂੰ ਸਵਰਗਵਾਸ ਹੋ ਗਏ। ਉਨ੍ਹਾਂ ਦੀ ਯਾਦ ਵਿੱਚ ਪਿੰਡ ਵਿੱਚ ਲਾਇਬਰੇਰੀ ਅਤੇ ਸਪੋਰਟਸ ਕਲੱਬ ਬਣਾਈ ਗਈ ਅਤੇ ਲੁਧਿਆਣਾ ਫੀਰੋਜਪੁਰ ਮਾਰਗ ਦਾ ਨਾਮ ਬਾਬਾ ਨਿਧਾਨ ਸਿੰਘ ਮਾਰਗ ਰੱਖਿਆ ਗਿਆ, ਜਿਸ ਦਾ ਪੱਥਰ ਹੁਣ ਗਾਇਬ ਹੈ।

ਦਸਵਾਂ ਅਧਿਆਇ ਬਾਬਾ ਨਿਧਾਨ ਸਿੰਘ ਦੀ ਸ਼ਖ਼ਸੀਅਤ ਬਾਰੇ ਹੈ। ਬਾਬਾ ਜੀ ਨੂੰ ਪਾਰਟੀ ਦੇ ਕੰਮਾ ਲਈ ਪਰਿਵਾਰ ਨੇ ਘੋੜੀ ਲੈ ਕੇ ਦਿੱਤੀ ਪ੍ਰੰਤੂ ਉਨ੍ਹਾਂ ਉਹ ਘੋੜੀ ਕਿਸੇ ਹੋਰ ਵਰਕਰ ਨੂੰ ਦੇ ਦਿੱਤੀ ਕਿਉਂਕਿ ਉਸ ਦਾ ਕੰਮ ਜ਼ਿਆਦਾ ਸੀ। ਇਸ ਤੋਂ ਉਨ੍ਹਾਂ ਦੀ ਸ਼ਖ਼ਸੀਅਤ ਦਾ ਪਤਾ ਲੱਗਦਾ ਹੈ। ਉਹ ਇਨਸਾਫ ਲਈ ਜਦੋਜਹਿਦ ਕਰਨ ਦੇ ਹਾਮੀ ਸਨ। ਉਹ ਮਹਿਸੂਸ ਕਰਦੇ ਸਨ ਕਿ ਆਜ਼ਾਦੀ ਤੋਂ ਬਾਅਦ ਪਾਰਟੀਬਾਜ਼ੀ ਕਰਕੇ ਸੁਤੰਤਰਤਾ ਸੰਗਰਾਮੀਆਂ ਦਾ ਸਤਿਕਾਰ ਨਹੀਂ ਕੀਤਾ ਜਾਂਦਾ। 11ਵਾਂ ਅਧਿਆਇ ਉਨ੍ਹਾਂ ਦੀ ਵਿਧਾਨ ਸਭਾ ਵਿੱਚ ਬਿਹਤਰੀਨ ਕਾਰਗੁਜ਼ਾਰੀ ਦਾ ਨਮੂਨਾ ਪੇਸ਼ ਕਰਦਾ ਹੈ। ਉਨ੍ਹਾਂ ਵਿਧਾਨ ਸਭਾ ਵਿੱਚ ਕਿਸਾਨਾ, ਗ਼ਰੀਬਾਂ, ਪੁਲਿਸ ਦੀਆਂ ਜ਼ਿਆਦਤੀਆਂ, ਖੇਤੀਬਾੜੀ ਲਈ ਘੱਟ ਫੰਡਾਂ, ਮੁਰੱਬੇਬੰਦੀ ਵਿੱਚ ਘਾਟਾਂ, ਕਰਮਚਾਰੀਆਂ ਦੇ ਹਿੱਤਾਂ ਆਦਿ ਲਈ ਆਵਾਜ਼ ਬੁਲੰਦ ਕੀਤੀ। ਬਜਟ ਤੇ ਬਹੁਤ ਵਧੀਆ ਢੰਗ ਨਾਲ ਬੋਲਦੇ ਸਨ।

100 ਪਨਿਆਂ ਦੀ, 200 ਰੁਪਏ ਕੀਮਤ ਵਾਲੀ ਇਹ ਪੁਸਤਕ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ।
***
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1268
***

About the author

ੳੁਜਾਗਰ ਸਿੰਘ
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ