|
‘ਗੁਰੂਦੇਵ’ ਵਜੋਂ ਜਾਣੇ ਜਾਂਦੇ ਰਾਬਿੰਦਰਨਾਥ ਟੈਗੋਰ ਵਿਸ਼ਵ ਪ੍ਰਸਿੱਧ ਵਿਅਕਤੀ ਹੋ ਗੁਜ਼ਰੇ ਹਨ। ਉਨ੍ਹਾਂ ਦਾ ਨਾਂ ਸਾਹਿਤ ਅਤੇ ਕਲਾ ਜਗਤ ਦੀਆਂ ਮਹਾਨ ਸ਼ਖ਼ਸੀਅਤਾਂ ਵਿਚ ਸ਼ੁਮਾਰ ਹੁੰਦਾ ਹੈ। ਅਜਿਹੇ ਮਹਾਂਪੁਰਸ਼ ਅਤੇ ਅਦੁਤੀ ਪ੍ਰਤਿਭਾ ਦੇ ਧਨੀ ਕਵੀ, ਕਹਾਣੀਕਾਰ, ਨਾਟਕਕਾਰ, ਸੰਗੀਤਕਾਰ, ਚਿੱਤਰਕਾਰ, ਮੂਰਤੀਕਾਰ ਅਤੇ ਸਮਾਜ ਸੁਧਾਰਕ ਦਾ ਜਨਮ ਇਕ ਖ਼ੁਸ਼ਹਾਲ ਪਰਿਵਾਰ ਵਿਚ 7 ਮਈ 1861 ਈ: ਨੂੰ ਕਲਕੱਤਾ ਦੇ ਜੋਰਾਸਾਂਕੇ ਠਾਕੁਰਬਾੜੀ ਵਿਚ ਹੋਇਆ। ਉਹ ਆਪਣੇ 13 ਭੈਣ-ਭਰਾਵਾਂ ਵਿਚੋਂ ਸਭ ਤੋਂ ਛੋਟੇ ਸਨ। ਉਨ੍ਹਾਂ ਦੇ ਪਿਤਾ ਮਹਾਂਰਿਸ਼ੀ ਦੇਵੇਂਦਰ ਨਾਥ ਠਾਕੁਰ ਬ੍ਰਹਮੋ-ਸਮਾਜ ਲਹਿਰ ਦੇ ਮੁਖੀ ਸਨ ਅਤੇ ਮਾਤਾ ਸ਼ਾਰਦਾ ਦੇਵੀ ਚੰਗੇ ਵਿਚਾਰਾਂ ਵਾਲੀ ਔਰਤ ਸਨ।
ਉਨ੍ਹਾਂ ਨੇ ਸਕੂਲੀ ਵਿੱਦਿਆ ਪ੍ਰਸਿੱਧ ਸੇਂਟ ਜ਼ੇਵੀਅਰ ਸਕੂਲ ਤੋਂ ਪ੍ਰਾਪਤ ਕੀਤੀ। ਉਨ੍ਹਾਂ ਦੇ ਪਿਤਾ ਦੀ ਇੱਛਾ ਸੀ ਕਿ ਉਹ ਬੈਰਿਸਟਰ ਬਣੇ, ਜਿਸ ਲਈ ਉਨ੍ਹਾਂ ਨੂੰ 1878 ਵਿਚ ਕਾਨੂੰਨ ਦੀ ਪੜ੍ਹਾਈ ਲਈ ਇੰਗਲੈਂਡ ਭੇਜਿਆ ਗਿਆ, ਪਰ ਉਹ ਆਪਣੀ ਪੜ੍ਹਾਈ ਅਧੂਰੀ ਛੱਡ ਕੇ 1880 ਵਿਚ ਭਾਰਤ ਪਰਤ ਆਏ, ਕਿਉਂਕਿ ਕਾਨੂੰਨ ਦੀ ਪੜ੍ਹਾਈ ਵਿਚ ਉਨ੍ਹਾਂ ਦੀ ਜ਼ਰਾ ਵੀ ਦਿਲਚਸਪੀ ਨਹੀਂ ਸੀ ਅਤੇ ਉਹ ਸਾਹਿਤ ਵਿਚ ਰੁਚੀ ਰੱਖਦੇ ਸਨ। ਟੈਗੋਰ ਨੇ ਆਪਣੀ ਪਹਿਲੀ ਕਵਿਤਾ ਅੱਠ ਸਾਲ ਦੀ ਉਮਰ ਵਿਚ ਹੀ ਲਿਖ ਲਈ ਸੀ ਅਤੇ ਸਿਰਫ਼ ਸੋਲਾਂ ਵਰ੍ਹਿਆਂ ਦੀ ਉਮਰ ਵਿਚ 1877 ਵਿਚ ਉਨ੍ਹਾਂ ਦੀ ਕਹਾਣੀ ਪ੍ਰਕਾਸ਼ਿਤ ਹੋ ਗਈ ਸੀ। ਉਨ੍ਹਾਂ ਦਾ ਪਹਿਲਾ ਕਾਵਿ-ਸੰਗ੍ਰਹਿ ‘ਭਾਨੁ ਸਿਨਹਾ’ ਸਿਰਲੇਖ ਹੇਠ ਛਪਿਆ। 9 ਦਸੰਬਰ 1883 ਨੂੰ ‘ਗੁਰੂਦੇਵ’ ਦਾ ਵਿਆਹ ਮ੍ਰਿਣਾਲਿਨੀ ਦੇਵੀ ਨਾਲ ਹੋ ਗਿਆ।
ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਣ ਦੇ ਨਾਲ-ਨਾਲ ਟੈਗੋਰ ਆਪਣੀ ਕਲਾ ਤੇ ਸਾਹਿਤ-ਸਾਧਨਾ ਵੀ ਮਨ ਲਾ ਕੇ ਕਰਦੇ ਸਨ। ਬੰਗਾਲੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਜਾਣਕਾਰ ਗੁਰੂਦੇਵ ਟੈਗੋਰ ਨੇ 1912 ਤੋਂ ਬਾਅਦ ਕਾਫ਼ੀ ਸਮਾਂ ਯੂਰਪ ਵਿਚ ਬਿਤਾਇਆ। ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਸਾਰੀਆਂ ਪ੍ਰਾਪਤੀਆਂ ਕਲਕੱਤਾ ਅਤੇ ਆਸ-ਪਾਸ ਤੱਕ ਹੀ ਸੀਮਤ ਸਨ। ਇਕਵੰਜਾ ਸਾਲ ਦੀ ਉਮਰ ਵਿਚ ਉਹ ਆਪਣੇ ਬੇਟੇ ਨਾਲ ਇੰਗਲੈਂਡ ਜਾ ਰਹੇ ਸਨ। ਸਮੁੰਦਰੀ ਰਸਤੇ ਰਾਹੀਂ ਇੰਗਲੈਂਡ ਜਾਂਦਿਆਂ ਉਨ੍ਹਾਂ ਨੇ ਆਪਣੀ ਪ੍ਰਸਿੱਧ ਪੁਸਤਕ ‘ਗੀਤਾਂਜਲੀ’ ਦਾ ਅੰਗਰੇਜ਼ੀ ਅਨੁਵਾਦ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨੂੰ ਬੰਗਾਲੀ ਵਿਚ ਉਹ ਪਹਿਲਾਂ ਹੀ ਲਿਖ ਚੁੱਕੇ ਸਨ। ਉਨ੍ਹਾਂ ਨੇ ਆਪਣੀਆਂ ਕੁਝ ਕਿਤਾਬਾਂ ਦੇ ਅੰਗਰੇਜ਼ੀ ਵਿਚ ਅਨੁਵਾਦ ਵੀ ਕੀਤੇ। ਇਉਂ ਅੰਗਰੇਜ਼ੀ ਅਨੁਵਾਦ ਪਿੱਛੋਂ ਉਨ੍ਹਾਂ ਦੀ ਪ੍ਰਸਿੱਧੀ ਪੂਰੇ ਸੰਸਾਰ ਵਿਚ ਫੈਲ ਗਈ। 13 ਨਵੰਬਰ 1913 ਨੂੰ ਟੈਗੋਰ ਨੂੰ ‘ਗੀਤਾਂਜਲੀ’ ਲਈ ਸਾਹਿਤ ਦੇ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪੂਰੇ ਏਸ਼ੀਆ ਮਹਾਂਦੀਪ ਲਈ ਇਹ ਬੜੇ ਫ਼ਖ਼ਰ ਵਾਲੀ ਗੱਲ ਸੀ ਅਤੇ ਅੱਜ ਤੱਕ ਭਾਰਤ ਦੇ ਕਿਸੇ ਵੀ ਹੋਰ ਸਾਹਿਤਕਾਰ ਨੂੰ ਇਹ ਪੁਰਸਕਾਰ ਹਾਸਲ ਨਹੀਂ ਹੋਇਆ।
ਵਿਸ਼ਵ-ਪ੍ਰਸਿੱਧ ਰਚਨਾ ‘ਗੀਤਾਂਜਲੀ’ ਲਿਖਣ ਅਤੇ ਪੁਰਸਕ੍ਰਿਤ ਹੋਣ ਪਿੱਛੋਂ ਉਹ ਸਾਰੀ ਦੁਨੀਆਂ ਵਿਚ ਚਰਚਿਤ ਹੋ ਗਏ। ਇਸ ਪੁਸਤਕ ਦੇ ਅੰਗਰੇਜ਼ੀ ਅਨੁਵਾਦ ਦਾ ਮੁੱਖਬੰਦ ਅੰਗਰੇਜ਼ੀ ਕਵੀ ਯੇਟਸ (ਵਿਲੀਅਮ ਬਟਲਰ ਯੇਟਸ) ਨੇ ਲਿਖਿਆ। ਮੂਲ ਭਾਸ਼ਾ ਬੰਗਾਲੀ ਵਿਚ ਇਹ ਕਿਤਾਬ 1910 ਵਿਚ ਛਪੀ ਸੀ, ਜਦ ਕਿ ਇਹਦਾ ਅੰਗਰੇਜ਼ੀ ਅਨੁਵਾਦ 1912 ਵਿਚ ਇੰਡੀਆ ਸੁਸਾਇਟੀ ਆਫ਼ ਲੰਡਨ ਵਲੋਂ ਪ੍ਰਕਾਸ਼ਿਤ ਕੀਤਾ ਗਿਆ। ਇਸਦਾ ਅਨੁਵਾਦ ਫਰੈਂਚ, ਜਰਮਨ, ਜਾਪਾਨੀ, ਰੂਸੀ ਆਦਿ ਭਾਸ਼ਾਵਾਂ ਵਿਚ ਵੀ ਹੋਇਆ।
ਟੈਗੋਰ ਨੂੰ ਪ੍ਰਕਿਰਤੀ ਨਾਲ ਪ੍ਰੇਮ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਵਿਦਿਆਰਥੀਆਂ ਨੂੰ ਪ੍ਰਕਿਰਤੀ ਦੀ ਗੋਦ ਵਿਚ ਸਿੱਖਿਆ ਹਾਸਲ ਕਰਨੀ ਚਾਹੀਦੀ ਹੈ। ਇਸੇ ਗੱਲ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੇ 22 ਦਸੰਬਰ 1901 ਵਿਚ ਪੰਜ ਵਿਦਿਆਰਥੀਆਂ ਨਾਲ ਇਕ ਸਕੂਲ (ਬ੍ਰਹਮਚਰਯ ਆਸ਼ਰਮ) ਸ਼ੁਰੂ ਕੀਤਾ। ਇਨ੍ਹਾਂ ਪੰਜ ਵਿਦਿਆਰਥੀਆਂ ਵਿਚ ਉਨ੍ਹਾਂ ਦਾ ਆਪਣਾ ਬੇਟਾ ਰਤਿੰਦਰਨਾਥ ਟੈਗੋਰ ਵੀ ਸੀ। ਇਸੇ ਨੂੰ ਫਿਰ ‘ਸ਼ਾਂਤੀ ਨਿਕੇਤਨ’ ਕਿਹਾ ਜਾਣ ਲੱਗ ਪਿਆ। ਇਹ ਕਲਕੱਤਾ ਤੋਂ ਕਰੀਬ 180 ਕਿਲੋਮੀਟਰ ਉੱਤਰ ਵੱਲ ਸਥਿਤ ਹੈ ਅਤੇ ਪੱਛਮੀ ਬੰਗਾਲ ਵਿਚ ਬੀਰਭੂਮ ਜ਼ਿਲ੍ਹੇ ਨੇੜੇ ਛੋਟਾ ਜਿਹਾ ਸ਼ਹਿਰ ਹੈ। 1921 ਵਿਚ ‘ਸ਼ਾਂਤੀ ਨਿਕੇਤਨ’ ਨੂੰ ‘ਵਿਸ਼ਵ ਭਾਰਤੀ ਯੂਨੀਵਰਸਿਟੀ’ ਦੇ ਨਾਂ ਹੇਠ ਰਾਸ਼ਟਰੀ ਯੂਨੀਵਰਸਿਟੀ ਦਾ ਦਰਜਾ ਮਿਲਿਆ, ਜਿਥੇ ਹੁਣ ਕਰੀਬ 6000 ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ।
ਟੈਗੋਰ ਨੇ 83 ਕਹਾਣੀਆਂ ਦਾ ਸੰਗ੍ਰਹਿ ‘ਗੋਲਪਾਗੁਚਾ’ ਤਿਆਰ ਕੀਤਾ, ਜੋ ਤਿੰਨ ਭਾਗਾਂ ਵਿਚ ਪ੍ਰਕਾਸ਼ਿਤ ਹੋਇਆ। ਉਨ੍ਹਾਂ ਨੇ 2000 ਤੋਂ ਵੱਧ ਗੀਤਾਂ ਦੀ ਰਚਨਾ ਕੀਤੀ। ਨਾਵਲਾਂ ਵਿਚ ਗੋਰਾ (1910), ਘਾਰੇ ਬਾਇਰੇ (1916), ਯੋਗਾਯੋਗ (1929) ਦੇ ਨਾਂ ਕਾਫ਼ੀ ਮਹੱਤਵਪੂਰਨ ਹਨ। ਉਨ੍ਹਾਂ ਨੇ ਸੰਗੀਤ-ਨਾਟਕ, ਨ੍ਰਿਤ-ਨਾਟਕ, ਯਾਤਰਾ-ਡਾਇਰੀਆਂ ਅਤੇ ਹਰ ਤਰ੍ਹਾਂ ਦੇ ਲੇਖਾਂ ਦੀ ਰਚਨਾ ਕੀਤੀ। ਉਨ੍ਹਾਂ ਦੀਆਂ ਬਣਾਈਆਂ ਡਰਾਇੰਗ ਅਤੇ ਪੇਂਟਿੰਗਾਂ ਵੀ ਕਾਫ਼ੀ ਚਰਚਿਤ ਹਨ। ਉਨ੍ਹਾਂ ਨੇ ਆਪਣੇ ਗੀਤਾਂ ਦਾ ਸੰਗੀਤ ਖ਼ੁਦ ਤਿਆਰ ਕੀਤਾ ਸੀ, ਜਿਸ ਨੂੰ ‘ਰਬੀਂਦਰ ਸੰਗੀਤ’ ਵਜੋਂ ਜਾਣਿਆ ਜਾਂਦਾ ਹੈ। ਇਹ ਸੰਗੀਤ ਬੰਗਲਾ-ਸੰਸਕ੍ਰਿਤੀ ਦਾ ਇਕ ਅਨਿੱਖੜ ਅੰਗ ਹੈ। ਹਿੰਦੁਸਤਾਨੀ ਸ਼ਾਸਤਰੀ ਸੰਗੀਤ ਤੋਂ ਪ੍ਰਭਾਵਿਤ ਉਨ੍ਹਾਂ ਦੇ ਗੀਤ ਮਾਨਵੀ-ਭਾਵਨਾਵਾਂ ਦੇ ਵਿਭਿੰਨ ਰੰਗ ਪੇਸ਼ ਕਰਦੇ ਹਨ। ਟੈਗੋਰ ਨੇ ਤਿੰਨ ਵਾਰ ਮਹਾਨ ਵਿਗਿਆਨੀ ਐਲਬਰਟ ਆਈਨਸਟਾਈਨ ਨਾਲ ਮੁਲਾਕਾਤ ਕੀਤੀ, ਜੋ ਉਨ੍ਹਾਂ ਨੂੰ ‘ਰਬੀ ਟੈਗੋਰ’ ਕਹਿ ਕੇ ਬੁਲਾਉਂਦਾ ਸੀ।
ਟੈਗੋਰ ਦੁਨੀਆ ਦਾ ਇਕਲੌਤਾ ਅਜਿਹਾ ਕਵੀ ਹੈ, ਜਿਸ ਦੇ ਗੀਤ ਦੋ ਦੇਸ਼ਾਂ ਦੇ ਰਾਸ਼ਟਰੀ ਗੀਤ ਵਜੋਂ ਪ੍ਰਸਿੱਧ ਹਨ। ਇਨ੍ਹਾਂ ‘ਚੋਂ ਇਕ ਹੈ ਭਾਰਤ, ਜਿਸ ਦਾ ਰਾਸ਼ਟਰੀ ਗੀਤ ਹੈ—’ਜਨ ਗਣ ਮਨ…’ ਦੂਜਾ ਹੈ ਬੰਗਲਾਦੇਸ਼, ਜਿਸ ਦਾ ਰਾਸ਼ਟਰੀ ਗੀਤ ਹੈ- ‘ਆਮਾਰ ਸੋਨਾਰ ਬਾਂਗਲਾ…’।
ਟੈਗੋਰ ਨੂੰ ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਲਈ ਬਹੁਤ ਸਾਰੇ ਇਨਾਮ-ਸਨਮਾਨ ਪ੍ਰਾਪਤ ਹੋਏ, ਚਾਰ ਯੂਨੀਵਰਸਿਟੀਆਂ (ਕਲਕੱਤਾ ਯੂਨੀਵਰਸਿਟੀ, ਬਨਾਰਸ ਹਿੰਦੂ ਯੂਨੀਵਰਸਿਟੀ-1935; ਢਾਕਾ ਯੂਨੀਵਰਸਿਟੀ-1936; ਆਕਸਫੋਰਡ ਯੂਨੀਵਰਸਿਟੀ-1940) ਵਲੋਂ ਡੀ-ਲਿਟ ਦੀ ਆਨਰੇਰੀ ਡਿਗਰੀ ਅਤੇ 1915 ਵਿਚ ਬਰਤਾਨੀਆ ਸਰਕਾਰ ਵਲੋਂ ‘ਸਰ’ (ਨਾਈਟਹੁੱਡ) ਦੀ ਉਪਾਧੀ ਪ੍ਰਾਪਤ ਹੋਈ। ‘ਸਰ’ ਦੀ ਉਪਾਧੀ ਨੂੰ ਉਨ੍ਹਾਂ ਨੇ 1919 ਵਿਚ ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਪਿੱਛੋਂ ਰੋਸ ਵਜੋਂ ਵਾਪਸ ਕਰ ਦਿੱਤਾ ਸੀ । ‘ਕਾਬੁਲੀਵਾਲਾ’, ‘ਮਾਸਟਰ ਸਾਹਬ’ ਅਤੇ ‘ਪੋਸਟ ਮਾਸਟਰ’ ਜਿਹੀਆਂ ਯਾਦਗਾਰੀ ਕਹਾਣੀਆਂ ਦਾ ਰਚੇਤਾ ਟੈਗੋਰ ਅੰਤ 7 ਅਗਸਤ 1941 ਨੂੰ 80 ਵਰ੍ਹਿਆਂ ਦੀ ਉਮਰ ਵਿਚ ਕਲਕੱਤਾ ਵਿਖੇ ਸਦੀਵੀ ਅਲਵਿਦਾ ਕਹਿ ਗਏ। ਭਾਰਤ ਸਰਕਾਰ ਨੇ ਉਨ੍ਹਾਂ ਦੀ ਪਹਿਲੀ ਜਨਮ ਸ਼ਤਾਬਦੀ (7 ਮਈ 1961) ਤੇ 15 ਪੈਸੇ ਦੀ ਡਾਕ-ਟਿਕਟ ਜਾਰੀ ਕੀਤੀ ਸੀ।
ਅਜਿਹੇ ਸੰਤ-ਕਵੀ, ਯੁੱਗ-ਕਵੀ, ਵਿਸ਼ਵ-ਕਵੀ ਲਈ ਕੁਝ ਵੀ ਲਿਖਣ ਜਾਂ ਦੱਸਣ ਲਈ ਹਮੇਸ਼ਾ ਸ਼ਬਦਾਂ ਦੀ ਕਮੀ ਮਹਿਸੂਸ ਹੁੰਦੀ ਹੈ। ਇਹ ਟੈਗੋਰ ਹੀ ਸਨ, ਜਿਨ੍ਹਾਂ ਨੇ ਮਾਤ-ਭਾਸ਼ਾ ਨੂੰ ਪ੍ਰੇਮ ਕਰਨਾ ਸਿਖਾਇਆ। ਉਨ੍ਹਾਂ ਨੇ ਪੰਜਾਬੀ ਲੇਖਕ ਤੇ ਫ਼ਿਲਮ-ਅਭਿਨੇਤਾ ਬਲਰਾਜ ਸਾਹਨੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਉਦਾਹਰਣ ਦੇ ਕੇ ਪੰਜਾਬੀ ਭਾਸ਼ਾ ਵਿਚ ਲਿਖਣ ਲਈ ਪ੍ਰੇਰਿਤ ਕੀਤਾ। ਟੈਗੋਰ ਦੀਆਂ ਬਹੁਤ ਸਾਰੀਆਂ ਰਚਨਾਵਾਂ ਪੰਜਾਬੀ ਵਿਚ ਅਨੁਵਾਦ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ‘ਗੀਤਾਂਜਲੀ’ ਵੀ ਸ਼ਾਮਲ ਹੈ। ਉਨ੍ਹਾਂ ਨੇ ਸਿੱਖ ਧਰਮ ਦੇ ਬਹੁਤ ਸਾਰੇ ਨਾਇਕਾਂ ਬਾਰੇ ਵੀ ਕਵਿਤਾਵਾਂ ਲਿਖੀਆਂ, ਜਿਨ੍ਹਾਂ ਵਿਚ ਬਾਬਾ ਬੰਦਾ ਸਿੰਘ ਬਹਾਦਰ, ਭਾਈ ਤਾਰੂ ਸਿੰਘ ਅਤੇ ਦਸਮ ਪਿਤਾ ਦਾ ਨਾਂ ਸ਼ਾਮਲ ਹੈ। ਉਨ੍ਹਾਂ ਦੀਆਂ ਕਈ ਕਹਾਣੀਆਂ (ਘਾਰੇ ਬਾਇਰੇ, ਕਾਬੁਲੀ ਵਾਲਾ ਆਦਿ) ਤੇ ਫਿਲਮਾਂ ਦਾ ਨਿਰਮਾਣ ਵੀ ਹੋ ਚੁੱਕਾ ਹੈ।ਅਮਰੀਕਾ, ਬਰਤਾਨੀਆ, ਜਾਪਾਨ, ਚੀਨ ਸਮੇਤ ਦਰਜਨਾਂ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਟੈਗੋਰ ਨੇ ਸਫ਼ਲ ਜੀਵਨ ਬਿਤਾਉਣ ਲਈ ਕਈ ਅਜਿਹੇ ਵਿਚਾਰ ਦਿੱਤੇ ਹਨ, ਜਿਨ੍ਹਾਂ ਤੇ ਅਮਲ ਕਰਨ ਨਾਲ ਜੀਵਨ ਹੀ ਬਦਲ ਜਾਂਦਾ ਹੈ।
***
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
+91 9417692015
|
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002
ਪੰਜਾਬ, ਭਾਰਤ
ਫੋਨ:+91 9417692015

by 