1. “ਮਾਂ-ਬੋਲੀ ਦੀ ਪੁਕਾਰ”
ਮਾਂ-ਬੋਲੀ ਦਿਓ ਵਾਰਿਸੋ
ਮੇਰੀ ਸੁਣਿਓ ਇੱਕ ਪੁਕਾਰ।
ਮੇਰੇ ਆਓੁਣੇ ਵਾਲੇ ਕੱਲ ਲਈ
ਡੂੰਘੀ ਕਰਿਓ ਸੋਚ ਵਿਚਾਰ।।
ਮੈਂ ਅੱਧਮੋਈ ਜਿਹੀ ਹੋ ਗਈ
ਮੇਰੀ ਕੋਈ ਨਾਂ ਲੈਂਦਾ ਸਾਰ।
ਮੇਰੀਆਂ ਧੀਆਂ, ਪੁੱਤ-ਸਪੁੱਤਰਾਂ
ਮੈਨੂੰ ਦਿੱਤਾ ਮਨੋਂ ਵਿਸਾਰ।।
ਮੈਂ ਮਾਂ-ਬੋਲੀ ਪੰਜਾਬ ਦੀ
ਮੇਰਾ ਵਿਰਸਾ ਬੜਾ ਅਮੀਰ।
ਮੈਨੂੰ ਗੁਰੂ ਨਾਨਕ ਜੀ ਉਚਰਿਆ
ਸੂਫ਼ੀ ਬੁੱਲੇ ਜਿਹੇ ਫਕੀਰ।।
ਹਨ ਲਗਾਂ-ਮਾਤਰਾਂ ਅੰਗ ਮੇਰੇ
ਹੈ ਪੈਂਤੀ ਮੇਰਾ ਸਰੀਰ।
ਇੱਕ ਗੁਰਮੁਖੀ,ਦੂਜਾ ਸ਼ਾਹਮੁਖੀ
ਦਿੱਤਾ ਅੱਧ ਵਿਚਕਾਰੋਂ ਚੀਰ।।
ਨਾਂ ਤੁਸੀਂ ਸੁਤੇਲੇ ਪੁੱਤ ਮੇਰੇ
ਨਾਂ ਮੈਂ ਮਤਰੇਈ ਮਾਂ।
ਜਿਊਂਦੇ ਜੀਅ ਮੇਰੇ ਥੰਮ ਬਣੋ
ਤੁਹਾਡੇ ਲਈ ਮੈਂ ਠੰਡੜੀ ਛਾਂ।।
ਪੁੱਤ ਵਾਰਿਸ,ਹਾਸ਼ਮ,ਸ਼ਾਹ ਹੁਸੈਨ
ਚਾਤਿ੍ਰਕ, ਮੋਹਣ, ਵੀਰ ਸਿੰਘ ਵੀਰ।
ਪੀਲੂ,ਨਾਨਕ,ਅਮ੍ਰਿਤਾ, ਪ੍ਰੀਤਲੜੀ
ਸ਼ਿਵ,ਕੰਵਲ, ਵਿਧਾਤਾ ਤੀਰ।।
ਮੇਰੇ ਆਪਣਿਆਂ ਦੀ ਭੁੱਲ ਹੈ
ਮੈਨੂੰ ਕਰ ਗਏ ਬਰਬਾਦ।
ਉਹ “ਅਸੀਂ-ਤੁਸੀਂ”ਨੂੰ ਭੁੱਲ ਗਏ
ਰਹਿ ਗਈ”ਹਮਕੋ-ਤੁਮਕੋ” ਯਾਦ।।
ਜਿਊਂਦੇ ਜੀਅ ਪੈਂਦੀਆਂ ਦੰਦਲਾਂ
ਮੈਂ ਡਿੱਗਦੀ ਹਾਂ ਗੱਸ਼ ਖਾਅ।
ਮੈਂ ਨਿੰਦਾਂ …
**
2. “ਬੋਲੀ ਅਤੇ ਵਿਰਸਾ”
ਸ਼ਾਹੀ ਵਿਰਸਾ ਤੇ ਮਾਂ ਬੋਲੀ ਆਪਣੀ,
ਸਾਂਭੋ ਮਾਣ-ਮਤੀ ਪੱਗ ਬਈ ਪੰਜਾਬੀਉ।।
ਉੱਚੀ ਪੱਗ ਦੀ ਹੈ ਸ਼ਾਨ,
ਸਾਰੇ ਜੱਗ ‘ਚ ਮਹਾਨ,
ਹੋਣ ਸਿਫ਼ਤਾਂ ਚੁਫੇਰੇ
ਸ਼ੋਭਾ ਕਰਦਾ ਜਹਾਨ।
ਸਿਰ ਤਾਜ ਰਿਹੈ ਸਜ,
ਜੜੋ ਤਾਜ ਵਿੱਚ ਨੱਗ ਬਈ ਪੰਜਾਬੀਉ।
ਸਾਂਭੋ ਮਾਣ-ਮਤੀ ਪੱਗ ਬਈ ਪੰਜਾਬੀਉ।।
ਸੱਚੇ ਗੁਰੂਆਂ ਦੇ ਬੋਲ,
ਰੱਬ ਹਿਰਦੇ ‘ਚੋਂ ਟੋਲ੍ਹ,
ਛੱਡ ਮੜੀਆਂ-ਮਸਾਣਾਂ
ਨਾਂ ਹੀ ਕਬਰਾਂ ਫਰੋਲ।
ਬਾਣੀ ਸੱਚਾ-ਸੁਚਾ ਰੱਬ,
ਸੇਧ ਇਹਦੇ ਵਿੱਚੋਂ ਲੱਭ ਬਈ ਪੰਜਾਬੀਉ।
ਸਾਂਭੋ ਮਾਣ-ਮਤੀ ਪੱਗ ਬਈ ਪੰਜਾਬੀਉ।।
ਵਾਹਲ੍ਹੇ ਵਹਿਮ ਨਾਂ ਵਧਾਉ,
ਗੁਗੇ ਪੂਜਣ ਨਾਂ ਜਾਉ,
ਖੁੱਡਾਂ ਵਿੱਚ ਦੁੱਧ ਪਾਕੇ
ਸੁੱਤੇ ਨਾਗ ਨਾਂ ਜਗਾਉ।
ਸਾਧਾਂ-ਸੰਤਾਂ ਦੇ ਵੱਗ,
ਤੁਹਾਡੀ ਸ਼ੱਰਧਾ ਰਹੇ ਠੱਗ ਬਈ ਪੰਜਾਬੀਉ।
ਸਾਂਭੋ ਮਾਣ-ਮਤੀ ਪੱਗ ਬਈ ਪੰਜਾਬੀਉ।।
“ਹਮਕੋ-ਤੁਮਕੋ” ਨਕਾਰੋ,
“ਅਸੀਂ-ਤੁਸੀਂ” ਸਤਿਕਾਰੋ,
ਮਾਂ-ਬੋਲੀ ਨਾਂ ਭੁਲਾਇਉ
ਪੰਜਾਬੀ ਪੁੱਤ ਸਰਦਾਰੋ।
ਸਾਡੀ ਭਾਸ਼ਾ ਸਾਡਾ ਰੱਬ,
ਰਹੀ ਨਾੜਾਂ ਵਿੱਚ ਵਗ ਬਈ ਪੰਜਾਬੀਉ।
ਸਾਂਭੋ ਮਾਣ-ਮਤੀ ਪੱਗ ਬਈ ਪੰਜਾਬੀਉ।।
ਕੈਸੀ ਚੰਦਰੀ ‘ਵਾਅ ਵਗੀ,
ਜਵਾਨੀ ਨਸ਼ਿਆਂ ਤੇ ਲੱਗੀ,
ਖਾਕੇ ਚਿੱਟਾ-ਕਾਲਾ ਗੰਦ
ਗੱਭਰੂ ਹੋ ਗਏ ਡਰੱਗੀ।
ਦਾਰੂ-ਸਿੱਕੇ ਨਾਲ ਰੱਜ
ਰਹੇ ਗਲ਼ੀਆਂ ‘ਚ ਗੱਜ ਬਈ ਪੰਜਾਬੀਉ।
ਸਾਂਭੋ ਮਾਣ-ਮਤੀ ਪੱਗ ਬਈ ਪੰਜਾਬੀਉ।।
ਗਾਉਣ ਵਾਲੇ ਕਲਾਕਾਰ,
ਗਾਉਂਦੇ ਲੱਚਰ ਬੇਸ਼ੁਮਾਰ,
ਲੋਕਾਂ ਸਾਹਮਣੇ ਨਚਾਉਣ
ਅੱਧ-ਨੰਗੀ ਮੁਟਿਆਰ।
ਲਾਹ ਕੇ ਸ਼ਰਮ ‘ਤੇ ਲੱਜ
ਲਾਉਂਣ ਵਿਰਸੇ ਨੂੰ ਅੱਗ ਬਈ ਪੰਜਾਬੀਉ।
ਸਾਂਭੋ ਮਾਣ-ਮਤੀ ਪੱਗ ਬਈ ਪੰਜਾਬੀਉ।।
ਵਿਰਸਾ ਰੱਖਣਾ ਅਬਾਦ,
ਕਦਰਾਂ-ਕੀਮਤਾਂ ਵੀ ਯਾਦ,
“ਨਛੱਤਰ ਭੋਗਲ” ਨਾਂ ਭੁਲਾਵੀਂ
ਰੀਤੀ-ਰਸਮਾਂ ਰਿਵਾਜ।
ਸਿੱਖੋ ਚੰਗੇ-ਭਲੇ ਚੱਜ ,
ਸ਼ੋਭਾ ਕਰੇ ਸਾਰਾ ਜੱਗ ਬਈ ਪੰਜਾਬੀਉ।
ਸਾਂਭੋ ਮਾਣ-ਮਤੀ ਪੱਗ ਬਈ ਪੰਜਾਬੀਉ।।
*
3. “ਮਾਂ-ਬੋਲੀ”
ਪੜਨੀ ਲਿਖਣੀ,ਸਿਖ ਲਉ ਬੋਲੀ,
ਮਾਖਿਓਂ ਮਿਠੀ, ਅਮਿ੍ਤ ਬੋਲੀ,
ਮਾਂ ਦੀ ਲੋਰੀ, ਜਿਹੀ ਮਾਂ ਬੋਲੀ,
ਜਗ ਵਿਚ ਮਾਣ ਵਧਾਉਂਦੀ ਏ-ਮਾਂ ਬੋਲੀ।
ਗਿਆਨ ਦੇ ਦੀਪ ਜਗਾਉਦੀ ਏ-ਮਾਂ ਬੋਲੀ॥
“ਮਾਂ ਬੋਲੀ ਜੇ ਭੁਲ ਜਾਵੋਗੇ,
ਕੱਖਾਂ ਵਾਂਗਰ ਰੁਲ ਜਾਵੋਗੇ”,
ਕੌਡੀਆਂ ਵੱਟੇ ਤੁਲ ਜਾਵੋਗੇੇ,
ਵਿਰਸਾ ਸੱਮਝਣ ਲਾਉਦੀ ਏ-ਮਾਂ ਬੋਲੀ।
ਤੁਹਾਡੀ ਪਹਿਚਾਣ ਬਣਾਉਦੀ ਏ-ਮਾਂ ਬੋਲੀ ॥
ਸ਼ੁਧ ਹਵਾ ਲਈ, ਰੁਖ ਲਗਾ ਲਉ,
ਧੀ ਦੀ ਹੋਂਦ ਲਈ, ਕੁਖ ਬਚਾ ਲਉ,
ਸਿਹਤ-ਮੰਦ ਸਮਾਜ, ਸਜਾ ਲਉ,
ਭਲਾ-ਬੁਰਾ ਸਮਝਾਉਦੀ ਏ-ਮਾਂ ਬੋਲੀ।
ਗੂੜ੍ਹੀਆਂ ਸਾਂਝਾ ਪਾਉਦੀ ਏ-ਮਾਂ ਬੋਲੀ॥
ਜੇ ਕਰ ਆਪਣਾ, ਧਰਮ ਬਚਾਉਣਾ,
ਵਹਿਮ- ਭਰਮ ਦਾ, ਭੇਦ ਮਿਟਾਉਣਾ,
ਗੁਰ ਸਿਖਿਆ ਤੇ, ਅਮਲ ਕਮਾਉਣਾ,
ਸ਼ਬਦ ਗੁਰੂ ਲੜ, ਲਾਉਂਦੀ ਏ-ਮਾ ਬੋਲੀ।
ਗੁਰਬਾਣੀ ਪੜਨ ਸਿਖਾਉਂਦੀ ਏ-ਮਾਂ ਬੋਲੀ॥
ਡਾਕਟਰ ਬਣ ਜਾਉ, ਤੇ ਵਿਗਿਆਨੀ ,
“ਪੈਂਤੀ” ਦੀ ਨਾ, ਦਿਉ ਕੁਰਬਾਨੀ,
ਨਾਨਕ, ਬੁਲਾ, ਇਸ ਦੇ ਬਾਨੀ,
“ਭੋਗਲ” ਨੂੰ ਸਮਝਾਉਦੀ ਏ-ਮਾਂ ਬੋਲੀ।
ਸਭ ਨੂੰ ਗਲ਼ੇ ਲਗਾਉਦੀ ਏ-ਮਾਂ ਬੋਲੀ॥
* |