ਕੁਛੜ ਕੁੜੀ ਤੇ ਜੱਗ ਢੰਡੋਰਾ ਫੋਟੂਆਂ ਖਿਚਾਉਣ ਦੀ ਹੋੜ ਆਯੋਜਿਤ ਕਾਨਫਰੰਸਾਂ ਵਿਚ ਬਹੁਤ ਸਾਰੇ ਫੋਟੋ/ਵੀਡੀਓ ਸ਼ੈ਼ਸ਼ਨ ਹੋਏ ਤੇ ਹੋਣੇ ਵੀ ਚਾਹੀਦੇ ਹਨ, ਪਰ ਇਹਨਾਂ ਉਕਤ ਸ਼ੈ਼ਸਨਾਂ ਵਿਚ ਇਹ ਵੀ ਨਜ਼ਾਰਾ ਦੇਖਿਆ ਗਿਆ ਕਿ ਕੁੱਝ ਵਿਅਕਤੀ ਬਾਕੀਆਂ ਤੋਂ ਬੇਪਰਵਾਹ ਹੋ ਕੇ ਸਿਰਫ ਆਪਣੀਆ ਹੀ ਫੋਟੋਆਂ ਖਿਚਵਾਉਣ ਦੀ ਹੋੜ ਵਿਚ ਧਕਮ ਧੱਕਾ ਹੋ ਰਹੇ ਸਨ , ਖਾਸ ਗੱਲ ਇਹ ਰਹੀ ਕਿ ਚੜ੍ਹਦੇ ਪੰਜਾਬੋਂ ਗਏ ਮਹਿਮਾਨਾਂ ਨਾਲ ਲਹਿੰਦੇ ਵਾਲਿਆਂ ਨੇ ਤਾਂ ਚਾਅ ਮਲ੍ਹਾਰ ਨਾਲ ਯਾਦਗਾਰੀ ਫੋਟੋਆਂ ਕਰਵਾਉਣੀਆਂ ਹੀ ਸਨ ਬਲਕਿ ਚੜ੍ਹਦੇ ਤੋਂ ਗਏ ਮਹਿਮਾਨ ਵੀ ਫੋਟੋ ਸ਼ੈਸ਼ਨਾ ਵਿਚ ਧਕਮ ਧੱਕਾ ਹੁੰਦੇ ਦੇਖੇ ਗਏ। ਪੁਸਤਕਾਂ ਰਿਲੀਜ ਕਿ ਮੱਛੀ ਬਜਾਰ ਦਾ ਸ਼ੋਰ! ਪਾਕਿਸਤਾਨ ਵਿਚ ਆਯੋਜਿਤ ਹੋਈਆਂ ਦੋਵੇਂ ਕਾਨਫਰੰਸਾਂ ਵਿਚ ਪੁਸਤਕਾਂ ਵੀ ਰਿਲੀਜ ਕੀਤੀਆਂ ਗਈਆ, ਪਰ ਦੋਵੇਂ ਜਗਾ ਲੋਕ ਅਰਪਣ ਕਰਨ ਦਾ ਢੰਗ ਵੱਖਰਾ ਵੱਖਰਾ ਨਜਰ ਆਇਆ। ਲਾਹੋਰ ਵਿਖੇ ਆਯੋਜਿਤ 34ਵੀਂ ਅੰਤਰ ਰਾਸ਼ਟਰੀ ਪੰਜਾਬੀ ਕਾਂਗਰਸ ਵਿਚ ਪ੍ਰਬੰਧਕਾਂ ਵਲੋਂ ਜੋ ਢੰਗ ਤਰੀਕਾ ਅਪਣਾਇਆ ਗਿਆ ਉਸ ਨੂੰ ਦੇਖ ਕੇ ਇੰਜ ਲਿਗ ਰਿਹਾ ਸੀ ਕਿ ਜਿਵੇਂ ਪੁਸਤਕਾਂ ਰਿਲੀਜ ਨਾ ਕੀਤੀਆਂ ਜਾ ਰਹੀਆਂ ਹੋਣ ਬਲਕਿ ਮੱਛੀ ਬਜਾਰ ਦਾ ਸ਼ੋਰ ਹੋਵੇ। ਇਸ ਰਿਲੀਜ ਸਮਾਰੋਹ ਤੋਂ ਇਸ ਤਰਾਂ ਦਾ ਅਹਿਸਾਸ ਵੀ ਹੋ ਰਿਹਾ ਸੀ ਕਿ ਜਿਵੇਂ ਪੁਸਤਕਾਂ ਰਿਲੀਜ ਕਰਨ ਦੇ ਨਾ ‘ਤੇ ਪੁਸਤਕ ਲੇਖਕਾਂ ਅਤੇ ਪੁਸਤਕਾਂ ਦੀ ਬੇਇੱਜਤੀ ਕੀਤੀ ਜਾ ਰਹੀ ਹੋਵੇ। ਇਸ ਉਕਤ ਸਮਾਰੋਹ ਦੀ ਸਮਾਪਤੀ ਤੋਂ ਬਾਅਦ ਕਾਫੀ ਸਾਰੀਆਂ ਪੁਸਤਕਾਂ ਟੇਬਲਾਂ ਉੱਤੇ ਇਧਰ ਉਧਰ ਰੁਲਦੀਆ ਵੀ ਦੇਖੀਆ ਗਈਆਂ। ਇਹ ਸਭ ਕੁੱਝ ਦੇਖ ਕੇ ਮਨ ਨੂੰ ਦੁੱਖ ਵੀ ਹੋਇਆ ਕਿਉਂਕਿ ਪੁਸਤਕ ਲੇਖਣ ਕਾਰਜ ਕੋਈ ਸੌਖਾ ਕਾਰਜ ਨਹੀਂ ਹੁੰਦਾ। ਦੂਜੇ ਪਾਸ ਯਾਰ ਕਹੀਮ ਖਾਨ ਵਿਖੇ ਆਯੋਜਿਤ ਪਹਿਲੀ ਪੰਜਾਬੀ ਅੰਤਰ ਰਾਸ਼ਟਰੀ ਰੋਹੀ ਕਾਨਫਰੰਸ ਵਿਚ ਇਹ ਕਾਰਜ ਵਧੀਆ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ ਤੇ ਨਾਲ ਹੀ ਪੁਸਤਕ ਲੇਖਕਾਂ ਨੂੰ ਆਪਣੀ ਪੁਸਤਕ ਦੇ ਬਾਰੇ ਵਿਚਾਰਾਂ ਦੀ ਸਾਂਝ ਪਾਉਣ ਦਾ ਉਚਿਤ ਮੌਕਾ ਵੀ ਦਿੱਤਾ ਗਿਆ। ਆਮਰ ਬੁੱਕ ਕਲੱਬ ਲਾਹੌਰ ਦੇ ਰੋਇਲ ਪਾਮ ਕਲੱਬ ਦੀ ਦੂਸਰੀ ਮੰਜਿਲ ਉਤੇ ਸਥਿੱਤ ‘ਆਮਰ ਬੁੱਕ ਕਲੱਬ’ ਸਾਹਿਤਕ ਹਲਕਿਆਂ ਵਿਚ ਬਹੁਤ ਵਧੀਆ ਰੋਲ ਅਦਾ ਕਰ ਰਹੀ ਹੈ। ਇਸ ਕਲੱਬ ਵਲੋਂ ਨਵੇਂ ਪੁਰਾਣੇ ਲੇਖਕਾਂ ਦੀਆਂ ਸੱਜਰੀਆਂ ਪੁਸਤਕਾਂ ਸਬੰਧੀ ਹਰ ਹਫਤੇ “ਲੇਖਕਾਂ ਨੂੰ ਮਿਲੋ” ਬੈਨਰ ਹੇਠ ਇਕ ਸਮਾਗਮ ਰਚਾਇਆ ਜਾਂਦਾ ਹੈ, ਜਿਸ ਵਿਚ ਸਾਹਿਤਕਾਰ ਤੇ ਸਾਹਿਤ ਵਿਚ ਰੁਚੀ ਰੱਖਣ ਵਾਲੇ ਸਰੋਤੇ ਵੱਡੀ ਗਿਣਤੀ ਵਿਚ ਹਿੱਸਾ ਲੈਂਦੇ ਹਨ। ਹਰ ਸਮਾਗਮ ਵਿਚ ਪੰਜ ਸਾਹਿਤਕਾਰਾਂ ਦਾ ਪੈਨਲ ਬਣਾ ਕੇ ਉਹਨਾਂ ਦੀਆਂ ਪੁਸਤਕਾ ਰਿਲੀਜ ਕੀਤੀਆਂ ਜਾਂਦੀਆਂ ਹਨ ਤੇ ਫਿਰ ਇਕ ਇਕ ਕਰਕੇ ਸਬੰਧਿਤ ਲੇਖਕਾਂ ਨੂੰ ਮੌਕਾ ਦਿੱਤਾ ਜਾਂਦਾ ਹੈ ਕਿ ਆਪੋ ਆਪਣੀ ਪੁਸਤਕ ਬਾਰੇ ਇਹ ਦੱਸਣ ਕਿ ਪੁਸਤਕ ਰਚਨਾ ਦਾ ਮਨੋਰਥ ਕੀ ਰਿਹਾ। ਇਸ ਤੋਂ ਬਾਅਦ ਹਾਜ਼ਰ ਸਰੋਤੇ ਵੀ ਰਿਲੀਜ ਹੋਈਆਂ ਪੁਸਤਕਾਂ ਦੇ ਲੇਖਕਾਂ ਤੋਂ ਸਵਾਲ ਪੁਛਦੇ ਹਨ। ਇਸ ਸਮਾਗਮ ਵਿਚ ਚਾਹ ਪਾਣੀ ਅਤੇ ਹਲਕੇ ਰੈਫਰੈਸ਼ਮੈਂਟ ਦਾ ਵੀ ਢੁੱਕਵਾਂ ਪ੍ਰਬੰਧ ਕੀਤਾ ਗਿਆ ਹੁੰਦਾ ਹੈ। ਮੇਰੀ ਜਾਚੇ ਪੁਸਤਕਾਂ ਲੋਕ ਅਰਪਿਤ ਕਰਨ ਦਾ ਇਹ ਇਕ ਵਧੀਆ ਢੰਗ ਹੈ ਜਿਸ ਦਾ ਮੁੱਖ ਫਾਇਦਾ ਇਹ ਹੈ ਕਿ ਪੁਸਤਕਾਂ ਪਾਠਕਾਂ ਦੀ ਰੁਚੀ ਮੁਤਾਬਿਕ ਉਹਨਾਂ ਤੱਕ ਪਹੁੰਚਣੀਆਂ ਅਸਾਨ ਹੋ ਜਾਂਦੀਆਂ ਹਨ। ਪੰਜਾਬੀ ਥੀਏਟਰ ਪਾਕਿਸਤਾਨ ਵਿਚ ਪੰਜਾਬੀ ਥੀਏਟਰ ਬਹੁਤ ਮਕਬੂਲ ਹੈ। ਵਾਪਸੀ ਤੋਂ ਇਕ ਦਿਨ ਪਹਿਲਾਂ ਅਸੀਂ ਪੰਜਾਬੀ ਥੀਏਟਰ ਦੇਖਣ ਦਾ ਮਨ ਬਣਾਇਆ। ਲਾਹੌਰ ਦੇ ਇਕ ਥੀਏਟਰ ਵਿਚ ਸ਼ਾਮ ਦੇ ਸੱਤ ਵਜੇ ਸ਼ੋਅ ਦੇਖਣ ਗਏ ਤਾਂ ਉਥੇ ਜਾ ਕੇ ਦੇਖਿਆ ਕਿ ਟਿਕਟ ਲੈਣ ਵਾਸਤੇ ਖਿੜਕੀ ‘ਤੇ ਏਨੀ ਭੀੜ ਸੀ, ਜੋ ਕਿਸੇ ਚੰਗੀ ਫਿਲਮ ਦੇ ਰਿਲੀਜ ਵੇਲੇ ਹੁੰਦੀ ਹੈ। ਹਾਲ ਵਿਚ ਗਏ ਤਾਂ ਦੇਖਿਆ ਕਿ ਥੀਏਟਰ ਹਾਲ ਖਚਾ ਖਚ ਭਰਿਆ ਹੋਇਆ ਸੀ। ਲਾਇਵ ਡਰਾਮਾ ਦੇਖਣ ਤੋਂ ਬਾਦ ਫਿਲਮ ਅਤੇ ਲਾਇਵ ਡਰਾਮੇ ਵਿਚਲਾ ਫਰਕ ਸਾਫ ਨਜਰ ਆ ਗਿਆ। ਡਰਾਮੇ ਵਿਚਲੇ ਪਾਤਰਾਂ ਦੀ ਪੰਜਾਬੀ ਬੋਲੀ ਤੇ ਡਾਇਲਾਗ ਡਿਲਵਰੀ ਬਹੁਤ ਹੀ ਠੁੱਕਦਾਰ ਸੀ, ਪੇਸ਼ਕਾਰੀ ਤਾਂ ਹੈ ਹੀ ਬਾਕਮਾਲ ਸੀ। ਮਨ ਨੂੰ ਬਹੁਤ ਖੁਸ਼ੀ ਹੋਈ ਕਿ ਇਥੇ ਬੋਲੀ ਦੀ ਸਾਂਭ ਸੰਭਾਲ ਵਿਚ ਥੀਏਟਰ ਵੀ ਵੱਡਾ ਯੋਗਦਾਨ ਪਾ ਰਿਹਾ ਹੈ। ਜੇਕਰ ਇਹ ਸਿਲਸਿਲਾ ਚੜ੍ਹਦੇ ਪੰਜਾਬ ਵਿਚ ਵੀ ਸ਼ੁਰੂ ਹੋ ਜਾਵੇ ਤਾਂ ਇਹ ਬੋਲੀ ਤੇ ਸੱਭਿਆਚਾਰ ਦੀ ਬੇਹਤਰੀ ਵਿਚ ਵੱਡਾ ਰੋਲ ਅਦਾ ਕਰ ਸਕਦਾ ਹੈ । ਚੜ੍ਹਦੇ ਪੰਜਾਬ ਵਿਚ ਬੇਸ਼ੱਕ ਅਨੀਤਾ ਸ਼ਬਦੀ਼ਸ਼ ਤੇ ਹੋਰ ਇਸ ਪੱਖੋਂ ਵਧੀਆ ਕੰਮ ਕਰ ਰਹੇ ਹਨ ਪਰ ਸੱਚ ਇਹ ਵੀ ਹੈ ਕਿ ਅਜੇ ਇਸ ਪੱਖੋਂ ਬਹੁਤ ਕੁੱਝ ਕਰਨਾ ਬਾਕੀ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |