27 July 2024

ਪੰਜ ਗ਼ਜ਼ਲਾਂ — ਸੁਧੀਰ ਕੁਮਾਰ, ਸਰਹਿੰਦ

1. ਕਿਸੇ ਬੇਗ਼ਾਨੇ ਦਾ ਭਰੋਸਾ ਹੋਣ ਨੂੰ ਜੀਅ ਕਰਦਾ ਹੈ

ਕਿਸੇ ਬੇਗ਼ਾਨੇ ਦਾ ਭਰੋਸਾ ਹੋਣ ਨੂੰ ਜੀਅ ਕਰਦਾ ਹੈ।
ਕਿਸੇ ਅਣਪਛਾਤੀ ਲਾਸ਼ ਤੇ ਰੋਣ ਨੂੰ ਜੀਅ ਕਰਦਾ ਹੈ।

ਮਨ ਵਿੱਚ ਮੈਲ,ਕਿਰਦਾਰ ਤੋਂ ਗਿਰੇ,ਜਿੱਤ ਨਾ ਸਕੇ ਮਨ ਨੂੰ,
ਉਲਾਰ ਹੋਏ ਮਨ ਦੀ ਮੈਲ ਧੋਣ ਨੂੰ ਜੀਅ ਕਰਦਾ ਹੈ।

ਉਹ ਜੋ ਬਦਲ ਗਿਆ,ਉਹ ਜੋ ਵਿਸਰ ਗਿਆ, ਉਹ ਜੜ੍ਹ ਹੈ,
ਉਸ ਪਿੰਡ ਦੀਆਂ ਗਲੀਆਂ ‘ਚ ਖੋਣ ਨੂੰ ਜੀਅ ਕਰਦਾ ਹੈ।

ਜ਼ਮੀਨ ਵਿਕ ਗਈ,ਰਿਸ਼ਤੇ ਵਿਕ ਗਏ,ਬਣ ਗਏ ਵਿਉਪਾਰੀ,
ਜਾ ਕੇ ਪਿੰਡ ਗਾਂਵਾਂ ਮੱਝਾਂ ਚੌਣ ਨੂੰ ਜੀਅ ਕਰਦਾ ਹੈ।

ਜਾਗਦੀਆਂ ਅੱਖਾਂ ਵਿੱਚ ਸੁਫ਼ਨੇ ਹੁਣ ਆਂਉਂਦੇ ਨਹੀਂ,
ਕਿਸੇ ਖੁਸ਼ ਖ਼ਾਬ ਦੀ ਤਾਂਘ ‘ਚ ਸੌਣ ਨੂੰ ਜੀਅ ਕਰਦਾ ਹੈ।

ਸਿਆਹ ਦਿਨਾਂ ਦੇ ਨੇਰ੍ਹੇ ਢੋਅ ਲਏ ਬਥੇਰੇ ਸੁਧੀਰ,
ਖ਼ਲਕਤ ਵਿਚ ਅਮਨ ਦੇ ਗੀਤ ਗੌਣ ਨੂੰ ਜੀਅ ਕਰਦਾ ਹੈ।
**

2. ਜੀਅ ਰਿਹਾ ਤਿਲ-ਤਿਲ ਮਰ ਰਿਹਾ ਆਦਮੀ

ਜੀਅ ਰਿਹਾ ਤਿਲ-ਤਿਲ ਮਰ ਰਿਹਾ ਆਦਮੀ।
ਆਪਣੇ ਹੀ ਅਕਸ ਤੋਂ ਡਰ ਰਿਹਾ ਆਦਮੀ।

ਉਮਰ ਭਰ ਨਾ ਕਦੀ ਮਿਲਿਆ ਕੋਈ ਸਕੂਨ,
ਪੀੜਾਂ ਦੇ ਖ਼ਾਬ ਨਿੱਤ ਭਰ ਰਿਹਾ ਆਦਮੀ।

ਜ਼ਿੰਦਗੀ ਨੂੰ ਸਹਿਣ ਦੀ ਅਤਾ ਜੁ ਹਾਸ਼ਿਲ ਹੈ,
ਹੱਸ- ਹੱਸ ਕੇ ਜ਼ਬਰ ਜਰ ਰਿਹਾ ਆਦਮੀ।

ਜਿਸਮ ਵਿੱਚ ਜੰਮ ਗਈ ਹੈ ਖ਼ੌਫ਼ ਦੀ ਬਰਫ਼,
ਧੁੱਪਾਂ ਦੇ ਸੇਕ ਵਿੱਚ ਠਰ ਰਿਹਾ ਆਦਮੀ।

ਕਰ ਰਿਹਾ ਹੈ ਨਵੇਂ ਖ਼ਿਆਲਾਂ ਦੀ ਚਾਕਰੀ,
ਨਿੱਤ ਸੋਚ ਸਮੁੰਦਰ ਹੈ ਤਰ ਰਿਹਾ ਆਦਮੀ।

ਦੁਨੀਆਂ ਨੂੰ ਜਿੱਤਣ ਲਈ ਰੋਜ਼ ਲੜ੍ਹ ਰਿਹਾ,
ਹੈ ਅੰਦਰ ਦੇ ਬੰਦੇ ਤੋਂ ਹਰ ਰਿਹਾ ਆਦਮੀ।

ਫੁੱਲਾਂ ਨੂੰ ਫਾਂਟਦਾ ਉਜਾੜ ਨੂੰ ਤਾਂਘਦਾ,
ਅੰਗਿਆਰ ਹੱਥਾਂ ਤੇ ਧਰ ਰਿਹਾ ਆਦਮੀ।
**

3. ਦੌੜੀ ਜਾ ਰਹੀ ਭੀੜ ਦਾ ਕੋਈ ਨਾਮ ਨਹੀਂ ਹੁੰਦਾ।

ਦੌੜੀ ਜਾ ਰਹੀ ਭੀੜ ਦਾ ਕੋਈ ਨਾਮ ਨਹੀਂ ਹੁੰਦਾ।
ਬੋਝਲ ਚਿਹਰੇ ਭਾਰੇ ਪੈਰਾਂ ਨੂੰ ਆਰਾਮ ਨਹੀਂ ਹੁੰਦਾ।

ਆਦਮੀ ਨੂੰ ਨਹੀਂ ਨਸੀਬ ਫ਼ੁਰਸਤ ਦੀਆਂ ਘੜੀਆਂ,
ਉੱਛਲਦੀਆਂ ਸੋਚਾਂ ਨੂੰ ਕਦੀ ਵਿਰਾਮ ਨਹੀਂ ਹੁੰਦਾ।

ਪ੍ਰੇਮ ਵਿੱਚ ਵੀ ਅੱਖਾਂ ਨਮ ਹੋ ਜਾਂਦੀਆਂ ਹਨ,
ਹਰ ਹੰਝੂ ‘ਚ ਸ਼ਿਕਵਿਆਂ ਦਾ ਕੁਹਰਾਮ ਨਹੀਂ ਹੁੰਦਾ।

ਲੋਕਾਂ ਦੇ ਘਰ ਬਣਾਉਣਾ ਰੋਜ਼ੀ ਦਾ ਮਸਲਾ ਹੈ,
ਮਜ਼ਦੂਰ ਦੀ ਕਿਸਮਤ ਵਿੱਚ ਇਨਾਮ ਨਹੀਂ ਹੁੰਦਾ।

ਅਨੰਤ ਸਫ਼ਰ ਵਿੱਚ ਵੀ ਸੂਰਜ ਥੱਕਦਾ ਨਹੀਂ ਹੈ,
ਮਿਹਨਤਕਸ਼ਾਂ ਲਈ ਸੁਬਹ ਤੇ ਸ਼ਾਮ ਨਹੀਂ ਹੁੰਦਾ।

ਉਂਝ ਤਾਂ ਕਿਸੇ ਵੀ ਰਿਸ਼ਤੇ ਦਾ ਕਰਜ਼ ਨਹੀਂ ਲੱਥਦਾ,
ਭੁੱਲੀਂ ਨਾ ਮਾਂ ਦੀ ਮਮਤਾ ਦਾ ਕੋਈ ਦਾਮ ਨਹੀਂ ਹੁੰਦਾ।
**

4.ਘਰ ਭਰਿਆ ਹੈ ਪਰ ਮਨ ਵਿੱਚ ਖਲਬਲੀ ਹੈ

ਘਰ ਭਰਿਆ ਹੈ ਪਰ ਮਨ ਵਿੱਚ ਖਲਬਲੀ ਹੈ।
ਹਾਲੇ ਮੇਰੀਆਂ ਇੱਛਾਵਾਂ ਦੀ ਵਗਦੀ ਨਦੀ ਹੈ।

ਝੂਠ ਬੋਲਣ ਤੇ ਨਾ ਜ਼ੁਬਾਨ ਕਦੀ ਫਿਸਲਦੀ ਹੈ।
ਹਾਂ ,ਸੱਚ ਕਹਿਣ ‘ਤੇ ਜ਼ੁਬਾਨ ਜ਼ਰੂਰ ਕੰਬਦੀ ਹੈ।

ਸੂਰਜ ਚੰਨ ਤਾਰਿਆਂ ਦਾ ਰੁਤਬਾ ਹੈ ਬਹੁਤ ਬੜਾ,
ਜੁਗਨੂੰ ਖੁਸ਼ ਹੈ ਕਿ ਉਹਦੀ ਆਪਣੀ ਰੌਸ਼ਨੀ ਹੈ।

ਰਿਸ਼ਤੇ ਰਹਿ ਗਏ ਲੋਕਾਚਾਰੀ ਦੇ ਮੁਥਾਜ ਬਸ,
ਆਂਦਰਾਂ ਵਿਚ ਸ਼ਾਇਦ ਕੋਈ ਬਰਫ਼ ਜਮੀ ਹੈ।

ਤਹਿਜ਼ੀਬ ਦਾ ਪੱਥਰ ਫੜਿਆ ਹੈ ਹਰ ਹੱਥ ਨੇ,
ਕਿ ਉੱਤੋਂ ਸ਼ਾਂਤ ਆਦਮੀ ਅੰਦਰੋਂ ਤਾਂ ਜੰਗਲੀ ਹੈ।

ਕੈਨਵਸ ਤੇ ਬਣਾ ਲਈ ਹੂਬਹੂ ਇੱਕ ਤਿਤਲੀ ਮੈਂ,
ਨਾ ਖੰਭ ਹਿੱਲੇ ਨਾ ਅੱਜ ਤੱਕ ਉਹ ਉੱਡ ਸਕੀ ਹੈ।

ਸਮਰੱਥਾ ਨਾ ਬਾਕੀ ਬਚੀ ਹੁਣ ਦੁੱਖ ਸਹਿਣ ਦੀ,
ਜਾਈਏ ਵੀ ਕਿੱਥੇ ਹਰ ਪਾਸੇ ਹਵਾ ਸਾਜ਼ਿਸ਼ੀ ਹੈ।

ਛਾਣ ਲਈ ਹੈ ਖ਼ਾਕ ਦੁਨੀਆਂ ਭਰ ਦੀ ਛੱਡ ਹੁਣ, 
ਪਰਿੰਦਾ ਵੀ ਇਕ ਰੋਜ਼ ਕਰਦਾ ਘਰ ਵਾਪਸੀ ਹੈ।
**

5. ਗ਼ਜ਼ਲ

ਪਿੰਡ ਦਾ ਇੱਕ ਆਦਮੀ ਸ਼ਹਿਰ ਰਹਿਣ ਜਾ ਰਿਹਾ।
ਖ਼ੁਸ਼ੀਆਂ ਨਹੀਂ ਉਹ ਫ਼ਿਕਰ ਖ਼ਰੀਦਣ ਜਾ ਰਿਹਾ।

ਆਪਣਿਆਂ ਖੇਤਾਂ ਤੋਂ ਉਹ ਹੋਇਆ ਸੀ ਜੁਦਾ,
ਰੋਟੀ ਦੀ ਤਾਕ ਵਿੱਚ ਫਾਕੇ ਕੱਟਣ ਜਾ ਰਿਹਾ।

ਖੇਤ ਦਾ ਕਣ ਸ਼ਹਿਰੀ ਗਰਦ ‘ਚ ਰਲਣ ਜਾ ਰਿਹਾ।
ਉਹ ਆਪਣਿਆਂ ਦੀ ਯਾਦ ‘ਚ ਤੜਫ਼ਣ ਜਾ ਰਿਹਾ।

ਨਵੀਂ ਬਸਤੀ ‘ਚ ਉਸਦੀ ਕੋਈ ਹਸਤੀ ਨਾ ਸੀ,
ਯਤੀਮਾਂ ਵਾਂਗ ਉਹ ਸਹਿਮ ‘ਚ ਜਿਉਣ ਜਾ ਰਿਹਾ।

ਦੂਰ ਤੱਕ ਪਸਰੀ ਨਫ਼ਰਤ ਦੀ ਜ਼ਮੀਨ ‘ਚ ਉਹ,
ਆਪਣੇ  ਹਿੱਸੇ  ਦੇ   ਬੀਜ  ਸੁੱਟਣ  ਜਾ  ਰਿਹਾ।
**
ਸੁਧੀਰ ਕੁਮਾਰ,
ਮੋਬਾਈਲ ਫੋਨ+ ਵਟਸਐੱਪ ਨੂੰ: 9023893158
dpcmfgs@gmail.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1053
***

ਸੁਧੀਰ ਕੁਮਾਰ
ਸਟਾਰ ਕਾਲੋਨੀ,
ਵਾਰਡ ਨੰਬਰ-10
ਸਰਹਿੰਦ-140406
ਜਿਲ੍ਹਾ: ਸ੍ਰੀ ਫ਼ਤਹਿਗੜ੍ਹ ਸਾਹਿਬ
dpcmfgs@gmail.com
+91 9023893158

ਸੁਧੀਰ ਕੁਮਾਰ

ਸੁਧੀਰ ਕੁਮਾਰ ਸਟਾਰ ਕਾਲੋਨੀ, ਵਾਰਡ ਨੰਬਰ-10 ਸਰਹਿੰਦ-140406 ਜਿਲ੍ਹਾ: ਸ੍ਰੀ ਫ਼ਤਹਿਗੜ੍ਹ ਸਾਹਿਬ dpcmfgs@gmail.com +91 9023893158

View all posts by ਸੁਧੀਰ ਕੁਮਾਰ →