4 February 2026

ਪੰਜ ਗ਼ਜ਼ਲਾਂ: ਗੁਰਨਾਮ ਢਿੱਲੋਂ

ਇੱਕ:

ਸੱਪਾਂ  ਨਾਲ  ਮੁਹੱਬਤ  ਕਰ ਕੇ  ਕੀ  ਲੈਣਾ  ਹੈ।
ਕੋਮਲ ਦਿਲ ਨੂੰ ਵਿਖ ਸੰਗ ਭਰਕੇ ਕੀ ਲੈਣਾ ਹੈ।

ਚੀਤੇ ਦੇ ਸੰਗ  ਪੱਗ ਵਟਾ  ਕੇ ਪਛਤਾਵੇਂ ਗਾ
ਤੂੰ ਅਣਿਆਈ  ਮੌਤੇ  ਮਰ ਕੇ  ਕੀ  ਲੈਣਾ ਹੈ।

ਮਿੱਤਰ ਪਾਸੋਂ ਬਾਜ਼ੀ  ਹਰ ਕੇ, ਜਿੱਤ ਗਿਆਂ ਤੂੰ
ਜਾ ਹੁਣ
,  ਜਿੱਤੀ  ਬਾਜ਼ੀ ਹਰ ਕੇ ਕੀ ਲੈਣਾ ਹੈ।

ਅੱਗ ਮਚੀ ਤਾਂ ਸਾਰਾ ਸ਼ਹਿਰ ਭਸਮ ਹੋ ਜਾਣਾ
ਕੱਖਾਂ  ‘ਤੇ ਚੰੜਿਆੜੀ  ਧਰ  ਕੇ  ਕੀ  ਲੈਣਾ ਹੈ।

ਵਰ੍ਹਨਾ ਹੈ  ਤਾਂ ਜਾ ਕੇ  ਬਲਦੇ  ਖੇਤਾਂ ‘ਤੇ  ਵਰ੍ਹ
ਬੱਦਲਾ!  ਸਾਗਰ  ਉੱਤੇ  ਵਰ੍ਹ ਕੇ  ਕੀ ਲੈਣਾ ਹੈ।

ਸੂਰਜ  ਹੈਂ  ਤੂੰ, ਤੇਰੀ  ਸ਼ਾਨ  ਹੈ  ਅੰਬਰ ਉੱਤੇ
ਤੂੰ ਡੂੰਘੇ  ਸਾਗਰ ਵਿਚ  ਗ਼ਰ ਕੇ ਕੀ ਲੈਣਾ ਹੈ।

ਪਰਲੇ  ਕੰਢੇ  ਨਿਰੀ  ਜਲ਼ਾਲਤ  ਪੱਲੇ  ਪੈਣੀ
ਮੁੜ ਜਾ! ਕਾਲ਼ੀ ਝੀਲ ਨੂੰ ਤਰ ਕੇ ਕੀ ਲੈਣਾ ਹੈ।
**

ਦੋ:
(ਚਾਰ ਗ਼ਜ਼ਲਾਂ ‘ਲਹਿੰਦੇ ਸੂਰਜ ਦੀ ਸੁਰਖੀ’ ਕਾਵਿ-ਸੰਗ੍ਰਹਿ ‘ਚੋਂ)

ਸਹਿਜੇ ਸਹਿਜੇ ਨਜ਼ਰ ਕੁੱਝ ਨਾਰਾਜ਼ ਹੁੰਦੀ ਜਾ ਰਹੀ ਹੈ।
ਹੋਰ ਉੱਚੀ ਪਰ ਮੇਰੀ ਪਰਵਾਜ਼ ਹੁੰਦੀ ਜਾ ਰਹੀ ਹੈ

ਜਿਉਂ ਜਿਉਂ ਗੈਰ ਹਮਲੇ ਕਰ ਰਹੇ ਹਨ ਹੋਰ ਤੇਜ਼

ਤਿਉਂ ਤਿਉਂ ਮੰਜ਼ਲ ਮਿਰੀ ਹਮਰਾਜ਼ ਹੁੰਦੀ ਜਾ ਰਹੀ ਹੈ

ਪਹਿਨ ਲਿਆ ਚੁੱਪ ਦਾ ਲੇਬਾਸ ਮੈਂ ਕੁੱਝ ਇਸ ਤਰ੍ਹਾਂ
ਨਜ਼ਰ ਮੇਰੀ ਜੱਗ ਵਿਚ ਆਵਾਜ਼ ਹੁੰਦੀ ਜਾ ਰਹੀ ਹੈ

ਫ਼ਾਸਲਾ ਮੈਂ ਜੀਭ, ਹੱਥ ਦਾ ਖ਼ਤਮ ਕੀਤਾ ਇਸ ਕਦਰ
ਸੋਚ ਮੇਰੀ ਦੀ ਚਿੜੀ ਹੁਣ ਬਾਜ ਹੁੰਦੀ ਜਾ ਰਹੀ ਹੈ

ਅਮਲ ਦੇ ਸੂਰਜ ਦੇ ਵਿੱਚੋਂ ਫੁੱਟ ਪਈ ਸੱਜਰੀ ਸਵੇਰ
ਮੇਰੀ ਹਰ ਇਕ ਸਫਲਤਾ ਵਾਹ ! ਨਾਜ਼ ਹੁੰਦੀ ਜਾ ਰਹੀ ਹੈ

ਇਕ ਦਿਨ ਸੂਰਜ ਨੇ ਮੇਰੇ ਕੰਨ ਦੇ ਵਿਚ ਆਖਿਆ
ਤੇਰੀ, ਮੇਰੀ ਸਾਂਝ ਯਾਰਾ! ਰਾਜ਼ ਹੁੰਦੀ ਜਾ ਰਹੀ ਹੈ

ਧਾਰਕੇ ਵਿਸ਼ਵਾਸ ਪੱਕਾ ਨ੍ਹੇਰਿਆਂ ਦੇ ਨਾਲ ਲੜ ਕੇ
ਚੜ੍ਹ ਰਹੀ ਜੋ ਧੁੱਪ ਸਿਰ ਦਾ ਤਾਜ ਹੁੰਦੀ ਜਾ ਰਹੀ ਹੈ
**
ਤਿੰਨ:

ਕੋਈ ਬੰਦਿਸ਼ ਨਹੀਂ ਤੇਰੇਤੇ ਦਿਲ ਕਰਦੈ ਜਿੱਧਰ ਹੋ ਜਾ
ਆ ਮੇਰੇ ਦਿਲ ਦੇਚ ਵੱਸ ਜਾ, ਫੈਸਲਾ ਕਰ, ਜਾਂ ਉੱਧਰ ਹੋ ਜਾ

ਹਨੇਰੇ ਨੇ ਪੁਆੜੇ ਪਾਉਣ ਦੀ ਕੋਸ਼ਿਸ਼ ਬੜੀ ਕਰਨੀ
ਸੰਭਲ ਜਾ, ਧਾਰ ਲੈ ਬੱਲ, ਰੌਸ਼ਨੀ ਲਈ ਬਾਖ਼ਬਰ ਹੋਜਾ

ਇਹ ਸੂਰਜ, ਚੰਦ, ਤਾਰੇ, ਸਭ ਤੇਰੀ ਮੌਜ ਨੇ ਪਿਆਰੇ
ਤੂੰ ਤਪਦੇ ਥਲਾਂ, ਖੁਸ਼ਕ ਨਦੀਆਂ ਦੀ ਖ਼ਾਤਰ ਸਰਵਰ ਹੋ ਜਾ

ਅਹੁ ਉਜੜੇ ਖੇਤ, ਰੋਂਦੇ ਰੁੱਖ, ਵਣ-ਤ੍ਰਿਣ ਭਰ ਰਹੇ ਹਾਉਕੇ
ਇਨ੍ਹਾਂ ਦੀ ਖੁਸ਼ੀ ਦੇ ਲਈ ਬਣ ਕੇ ਬੱਦਲ ਦਰ-ਬ-ਦਰ ਹੋ ਜਾ।

ਦੁਮੇਲਾਂ ਤੋਂ ਪਰੇ ਤੇਰਾ ਜਹਾਂ ਇਕ ਹੋਰ ਹੈ ਵੱਸਦਾ
ਫ਼ਤਹਿ ਬ੍ਰਹਿਮੰਡ ਕਰ ਲੈ ਦੂਲਿਆ ਤੂੰ! ਜੋਰਾਵਰ ਹੋ ਜਾ।

**

ਚਾਰ:

ਇਹ ਸੂਰਜ, ਚੰਦ, ਤਾਰੇ ਬਹੁਤ ਕੁੱਝ ਕਹਿੰਦੇ ਨੇ ਦਿਨ ਰਾਤੀ
ਇਹ ਪੱਥਰ ਕਹਿਰ ਦੇ ਸੀਨੇ ਤੇ ਵੀ ਸਹਿੰਦੇ ਨੇ ਦਿਨ ਰਾਤੀ

ਤਸੀਹੇ ਘੋਰ ਸਹਿੰਦੇ, ਸਿਰ ਕਟਾ ਲੈਂਦੇ, ਕਦੀ ਵੀ ਸੀ ਨਹੀਂ ਕਰਦੇ
ਮੁਜਾਹਦ, ਫ਼ਰਜ਼ ਵਾਲੇ ਤਖਤਤੇ ਬਹਿੰਦੇ ਨੇ ਦਿਨ ਰਾਤੀ

ਹੁਣ, ਆ ਵੀ ਜਾ ਕਿ ਮੇਰੇ ਨੈਣ ਤੇਰੀ ਦੀਦ ਦੀ ਖ਼ਾਤਰ
ਇਹ ਝੱਲੇ ਰਾਹ ਤੇਰੀ ਵੇਖਦੇ ਰਹਿੰਦੇ ਨੇ ਦਿਨ ਰਾਤੀ

ਇਸ਼ਕ ਦੇ ਪਾਣੀਆਂ ਦਾ ਕੋਈ ਆਦਿ, ਅੰਤ ਨਹੀਂ ਹੁੰਦਾ
ਸਾਗਰ ਵੱਲ ਜਜ਼ਬੇ ਦਰਿਆ ਬਣ ਵਹਿੰਦੇ ਨੇ ਦਿਨ ਰਾਤੀ

ਸੀਮਾ ਦੀ ਅਗੋਸ਼ਚ ਰਹਿ, ਨਾ ਸਿਰਤੇ ਚੁੱਕ ਅੰਬਰ ਨੂੰ
ਕਿਲ੍ਹੇ ਤਾਕਤ ਦੇ ਜੱਗਤੇ ਉੱਸਰਦੇ, ਢਹਿੰਦੇ ਨੇ ਦਿਨ ਰਾਤੀ

ਜੇ ਤੇਰੇ ਪਾਣੀਆਂ ਅੱਜ ਮਾਤ ਖਾਧੀ ਹੈ ਤੂੰ ਦਿਲ ਨਾ ਛੱਡ
ਇਹ ਦਰਿਆ ਹਾਰ, ਜਿੱਤ ਦੇ ਚੜ੍ਹਦੇ ਤੇ ਲਹਿੰਦੇ ਨੇ ਦਿਨ ਰਾਤੀ

ਜਿਨ੍ਹਾਂ ਰੁੱਖਾਂਚ ਹੋਵੇ ਸਿਦਕ, ਹੋਵੇ ਅਣਖ, ਹੋਵੇ ਜੋਸ਼ ਤੇ ਸ਼ਕਤੀ
ਨਾ ਮੰਨਦੇ ਈਨ, ਝੱਖੜਾਂ ਨਾਲ ਉਹ ਖਹਿੰਦੇ ਨੇ ਦਿਨ ਰਾਤੀ।
**

ਪੰਜਃ

ਸੂਰਜ ਨੂੰ ਬੇਦਾਵਾ ਦੇ ਕੇ, ‘ਨ੍ਹੇਰ ਗੁਫ਼ਾ ਵਿਚ ਮਰ ਜਾਵੇਂਗਾ
ਤੂੰ! ਜ਼ਿੰਦਗੀ ਦੀ ਘਾਲ-ਕਮਾਈ, ਇਕਦਮ ਖੋਟੀ ਕਰ ਜਾਵੇਂਗਾ

ਤੂੰ ਦਰਿਆ ਦਾ ਪਾਣੀ, ਤੇਰਾ ਕੰਮ ਮੌਜ ਵਿੱਚ ਰਹਿਣਾ ਵਗਦੇ
ਸਾਗਰ ਤੇਰੀ ਮੰਜ਼ਲ ਜਿਸ ਵਿੱਚ ਰਲ ਕੇ ਹੋ ਅਮਰ ਜਾਵੇਂਗਾ

ਪੈਰ ਪੈਰ ਤੇ ਢਾਬਾਂ, ਟੋਭੇ, ਟੁੱਟੇ ਡੈਮ, ਉਛਲਦੇ ਸਾਗਰ ਡਰ ਕੇ
ਜੇ ਤੂੰ ਦਿਲ ਨਾ ਢਾਇਆ, ਸ਼ੇਰਾ! ਸੱਭ ਕੁੱਝ ਤਰ ਜਾਵੇਂਗਾ

ਨੱਚਦਾ, ਟੱਪਦਾ, ਗਾਉਂਦਾ, ਗੱਜਦਾ ਜਦ ਤੂੰ ਵਧਿਆ ਮਕਤਲ ਦੇ ਵੱਲ
ਦੁਨੀਆਂ ਦੇ ਇਤਿਹਾਸਚ ਲਿਖਕੇ, ਵਾਹ ! ਸੁੰਦਰ ਅੱਖਰ ਜਾਵੇਂਗਾ

ਜੋ ਫ਼ਸਲਾਂ ਦੇ ਹੁਸਨ ਦੀ ਖ਼ਾਤਰ, ਲਾ ਗਿਉਂ ਆਪਣੀ ਜਾਨ ਦੀ ਬਾਜ਼ੀ
ਪੂਜਣਗੇ, ਲੱਗਣਗੇ ਮੇਲੇ ਜਿਹੜੀ ਥਾਂ ਪੱਬ ਧਰ ਜਾਵੇਂਗਾ ।

ਬਚਪਨ ਵਾਲੀਆਂ ਨਿੱਘੀਆਂ ਯਾਦਾਂ ਬਰਫ਼ ਦੀ ਨਾਗਨ ਜਾਵੇਗੀ ਡੰਗ
ਐ! ਪਰਦੇਸੀ ਪਿਛਲੀ ਉਮਰੇ ਜਦ ਤੂੰ ਵਾਪਿਸ ਘਰ ਜਾਵੇਂਗਾ।

ਉੱਚੇ ਪਰਬਤ, ਡੂੰਘੇ ਸਾਗਰ ਤੇਰਾ ਰਸਤਾ ਰੋਕ ਨਹੀਂ ਸਕਦੇ
ਤੁਰਨੋ ਪਹਿਲਾਂ ਮਾਂ ਦੇ ਪਾਸੋਂ, ਜੇਕਰ ਲੈ ਕੇ ਵਰ ਜਾਵੇਂਗਾ

ਹੀਰਾ ਹੰਸ ਹੈਂ ਮੋਤੀ ਚੁਗ ਤੂੰ! ਹਰ ਮੈਦਾਨ ਫਤਹਿ ਹੋਵੇਗੀ
ਬਗਲਿਆਂ ਦੇ ਸੰਗ ਜੇ ਰਲਿਆ ਤੂੰ ਜਿੱਤੀ ਬਾਜ਼ੀ ਹਰ ਜਾਵੇਂਗਾ

ਜੇਕਰ ਸਿਦਕ, ਭਰੋਸਾ ਪੱਕਾ, ਸੀਨੇ ਵਿਚ ਸਲਾਮਤ ਹੈ ਦਿਲ
ਜ਼ਾਲਮ ਵੇਲੇ ਦੇ ਜ਼ਖਮਾਂ ਨੂੰ ਪਿੰਡੇ ਉੱਤੇ ਜਰ ਜਾਵੇਂਗਾ।
**

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1738
***

gurnam dhillon
+44 7787059333 | gdhillon4@hotmail.com |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਨਾਮ ਢਿੱਲੋਂ
gdhillon4@hotmail.com
+44 7787059333

ਗੁਰਨਾਮ ਢਿੱਲੋਂ ਦਾ ਰਚਨਾ ਸੰਸਾਰ:
ਕਾਵਿ-ਸੰਗ੍ਰਹਿ:
* ਲਹਿੰਦੇ ਸੂਰਜ ਦੀ ਸੁਰਖੀ (2025)
* ਜੂਝਦੇ ਸੂਰਜ (2024)
* ਨਗਾਰਾ (2022)
* ਦਰਦ ਉਜੜੇ ਖੇਤਾਂ ਦਾ (2022)
* ਦਰਦ ਦੀ ਲਾਟ (2020)
* ਦਰਦ ਦੀ ਗੂੰਜ (2019)
* ਦਰਦ ਦਾ ਦਰਿਆ (2019
* ਲੋਕ ਸ਼ਕਤੀ (2019)
* ਦਰਦ ਦਾ ਰੰਗ (2017)
* ਤੇਰੀ ਮੁਹੱਬਤ (2016)
* ਸਮਰਪਿਤ (2007)
* ਤੂੰ ਕੀ ਜਾਣੇ (2002)
* ਤੇਰੇ ਨਾਂ ਦਾ ਮੌਸਮ (1997)
* ਹੱਥ ਤੇ ਹਥਿਆਰ (1974)
* ਅੱਗ ਦੇ ਬੀਜ (1970)

ਸਮਾਲੋਚਨਾ/ਵਾਰਤਕ ਦੀਆਂ ਦੋ ਸ਼ਾਹਕਾਰ ਪੁਸਤਕਾਂ:
* ਸਮਕਾਲੀ ਪੰਜਾਬੀ ਕਾਵਿ ਸਿਧਾਂਤਿਕ-ਪਰਿਪੇਖ (2011)
* ਸਵੈ-ਜੀਵਨੀ ਮੂਲਕ ਲੇਖਾਂ ਦੀ ਪੁਸਤਕ ‘ਓੜਕਿ ਸਚਿ ਰਹੀ’ (2021)

ਗੁਰਨਾਮ ਢਿੱਲੋਂ

ਗੁਰਨਾਮ ਢਿੱਲੋਂ gdhillon4@hotmail.com +44 7787059333 ਗੁਰਨਾਮ ਢਿੱਲੋਂ ਦਾ ਰਚਨਾ ਸੰਸਾਰ: ਕਾਵਿ-ਸੰਗ੍ਰਹਿ: * ਲਹਿੰਦੇ ਸੂਰਜ ਦੀ ਸੁਰਖੀ (2025) * ਜੂਝਦੇ ਸੂਰਜ (2024) * ਨਗਾਰਾ (2022) * ਦਰਦ ਉਜੜੇ ਖੇਤਾਂ ਦਾ (2022) * ਦਰਦ ਦੀ ਲਾਟ (2020) * ਦਰਦ ਦੀ ਗੂੰਜ (2019) * ਦਰਦ ਦਾ ਦਰਿਆ (2019 * ਲੋਕ ਸ਼ਕਤੀ (2019) * ਦਰਦ ਦਾ ਰੰਗ (2017) * ਤੇਰੀ ਮੁਹੱਬਤ (2016) * ਸਮਰਪਿਤ (2007) * ਤੂੰ ਕੀ ਜਾਣੇ (2002) * ਤੇਰੇ ਨਾਂ ਦਾ ਮੌਸਮ (1997) * ਹੱਥ ਤੇ ਹਥਿਆਰ (1974) * ਅੱਗ ਦੇ ਬੀਜ (1970) ਸਮਾਲੋਚਨਾ/ਵਾਰਤਕ ਦੀਆਂ ਦੋ ਸ਼ਾਹਕਾਰ ਪੁਸਤਕਾਂ: * ਸਮਕਾਲੀ ਪੰਜਾਬੀ ਕਾਵਿ ਸਿਧਾਂਤਿਕ-ਪਰਿਪੇਖ (2011) * ਸਵੈ-ਜੀਵਨੀ ਮੂਲਕ ਲੇਖਾਂ ਦੀ ਪੁਸਤਕ ‘ਓੜਕਿ ਸਚਿ ਰਹੀ’ (2021)

View all posts by ਗੁਰਨਾਮ ਢਿੱਲੋਂ →