21 September 2024

ਗ਼ਜ਼ਲ — ਗੁਰਨਾਮ ਢਿੱਲੋਂ

ਅਸੀਂ ਕੁੱਝ ਹੋਰ ਚਾਹੁੰਦੇ ਸੀ ਤੁਸੀਂ ਕੁੱਝ ਹੋਰ ਕਰ ਦਿੱਤਾ।
ਇਹ ਕਿੱਸਾ ਬਹੁਤ ਲੰਮਾ ਸੀ ਤੁਸੀਂ ਕਰ ਮੁਖ਼ਤਸਰ ਦਿੱਤਾ।
-ਗੁਰਨਾਮ ਢਿੱਲੋਂ-
ਅਸੀਂ ਕੁੱਝ ਹੋਰ ਚਾਹੁੰਦੇ ਸੀ ਤੁਸੀਂ ਕੁੱਝ ਹੋਰ ਕਰ ਦਿੱਤਾ।
ਇਹ ਕਿੱਸਾ ਬਹੁਤ ਲੰਮਾ ਸੀ ਤੁਸੀਂ ਕਰ ਮੁਖ਼ਤਸਰ ਦਿੱਤਾ।

ਇਸ ਦੇ ਨੀਰ ਨੇ ਰੱਕੜਾਂ  ਨੂੰ  ਬਾਗੋ-ਬਾਗ ਕਰਨਾ ਸੀ
ਤੁਸੀਂ ਦਰਿਆ ਨੂੰ  ਪੱਥਰ, ਰੋੜ, ਰੇਤੇ ਨਾਲ ਭਰ ਦਿੱਤਾ।

ਹਵਾ  ਵੀ ਆਪਣੀ  ਸੀ  ਰੁੱਤ  ਵੀ  ਸੀ ਵੱਸ  ਵਿਚ ਸਾਡੇ
ਕਿਉਂ  ਖੁਸ਼ਬੂ ਦੇ ਦਿਲ ਉੱਤੇ ਅਸੀਂ ਅੰਗਿਆਰ ਧਰ ਦਿੱਤਾ?

ਵਕਤ  ਦੀ  ਲੋੜ  ਸੀ    ਸਾਰੇ  ਜਹਾਂ  ਵਿਚ  ਰੌਸ਼ਨੀ ਹੋਵੇ
ਤੁਸੀਂ ਤਾਂ  ਤੇਲ ਦੀ ਥਾਂ ਦੀਵਿਆਂ ਵਿਚ ਜ਼ਹਿਰ ਭਰ ਦਿੱਤਾ!

ਉਨ੍ਹਾਂ  ਬਾਗਾਂ   ਦੇ  ਬੂਟੇ  ਰੌਸ਼ਨੀ  ਤੋਂ ਬਾਂਝ ਨਹੀਂ  ਰਹਿੰਦੇ
ਜਿਨ੍ਹਾਂ ਨੇ ਫਲ਼ , ਫੁੱਲ, ਪੱਤ  ਕਰ ਸੂਰਜ  ਦੀ ਨਜ਼ਰ ਦਿੱਤਾ।

ਇਹ  ਕੈਸਾ  ਰਾਜ  ਹੈ ਰਾਜਾ! ਇਹ  ਕੈਸੀ ਮਿਹਰ ਹੈ ਤੇਰੀ
ਘਰਾਂ  ‘ਚੋਂ  ਕੱਢ  ਕੇ  ਫੁੱਲਾਂ  ਨੂੰ ਕਰ ਤੂੰ ਦਰ-ਬ-ਦਰ ਦਿੱਤਾ।

ਹਾਇ!  ਵਾਪਸ ਨਹੀਂ ਪਰਤੇ, ਪਰ ਇਕ ਦਿਨ ਆਉਣ ਗੇ ਪੰਛੀ
ਜਿਨ੍ਹਾਂ  ਤੂਫ਼ਾਨ  ਦੇ ਸੰਗ ਲੜਨ ਲਈ ਛੱਡ ਆਪਣਾ ਘਰ ਦਿੱਤਾ।

ਮੈਂ,  ਤੇਰੇ  ਪਿਆਰ ਦੀ ਇਕ ਬੂੰਦ ਪੀ ਕੇ ਹੋ ਗਿਆਂ ਸਾਗਰ
ਤੂੰ   ਭਾਵੇਂ   ਆਪਣੇ  ਵੱਲੋਂ  ਸੀ  ਮੈਂਨੂੰ ਰੀਣ-ਭਰ ਦਿਤਾ।

ਮੈਂ, ਤੇਰੇ ਪਿਆਰ ਤਾਈਂ ਵੇਖ! ਅੱਜ ਤੱਕ ਭੂੱਲ ਨਹੀਂ ਸਕਿਆ
ਕਿ ਜਿਸ ਨੇ ਕੱਢ ਕੇ ‘ਢਿਲਵਾਂ’ ਵਿੱਚੋਂ ਮੈਂਨੂੰ ‘ਮੁਕਤਸਰ’ ਦਿੱਤਾ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1237
***

gurnam dhillon