25 July 2024

ਰੀਵੀਊ: ਪ੍ਰਬੁੱਧ ਸ਼ਾਇਰ ਗੁਰਨਾਮ ਢਿੱਲੋਂ ਦਾ ਕਾਵਿ ਸੰਗ੍ਰਹਿ ਨਗਾਰਾ—ਭਗਵਾਨ ਢਿੱਲੋਂ

ਕਾਵਿ-ਸੰਗ੍ਰਹਿ: ਨਗਾਰਾ
ਲੇਖਕ : ਗੁਰਨਾਮ ਢਿੱਲੋਂ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 138
ਸੰਪਰਕ : 94638-36591
ਰਿਵਿਊਕਾਰ: ਭਗਵਾਨ ਢਿੱਲੋਂ

ਪ੍ਰਬੁੱਧ ਸ਼ਾਇਰ ਗੁਰਨਾਮ ਢਿੱਲੋਂ ਕਿਸੇ ਰਸਮੀ ਜਾਣ-ਪਛਾਣ ਦਾ ਮੁਹਤਾਜ਼ ਨਹੀਂ ਜੋ ਹਥਲੀ ਕਾਵਿ-ਕਿਤਾਬ ‘ਨਗਾਰਾ’ ਤੋਂ ਪਹਿਲਾਂ 12 ਕਾਵਿ-ਸੰਗ੍ਰਹਿਆਂ, ਇਕ ਸਵੈ-ਜੀਵਨੀ ਮੂਲਕ ਦੀ ਵਾਰਤਕ ਕਿਤਾਬ ਅਤੇ ਇਕ ਆਲੋਚਨਾ ਦੀ ਪੁਸਤਕ ‘ਸਮਕਾਲੀ ਪੰਜਾਬੀ ਕਾਵਿ-ਸਿਧਾਂਤਕ ਪਰਿਪੇਖ’ ਨਾਲ ਪੰਜਾਬੀ ਅਦਬ ਦੇ ਦਰਵਾਜ਼ੇ ‘ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਕਾਫ਼ੀ ਅਰਸੇ ਤੋਂ ਸੱਤ ਸਮੁੰਦਰ ਪਾਰ ਜਾ ਕੇ ਇੰਗਲੈਂਡ ਦੀ ਧਰਤੀ ‘ਤੇ ਅਦਬ ਦੀ ਧੂਣੀ ਧੁਖਾਈ ਬੈਠਾ ਹੈ। ਵੱਖ-ਵੱਖ ਨਸਲਾਂ, ਕੌਮੀਅਤਾਂ ਅਤੇ ਧਰਮਾਂ ਦੇ ਲੋਕ ਰੋਜ਼ੀ-ਰੋਟੀ ਲਈ ਪਰਵਾਸ ਹੰਢਾਅ ਰਹੇ ਹਨ ਤੇ ਅਜਿਹੇ ਖਿੱਤੇ ਵਿਚ ਵਿਚਰਨ ਕਾਰਨ ਉਹ ਗਲੋਬਲ ਚੇਤਨਾ ਨਾਲ ਤਾਂ ਲੈਸ ਹੀ ਹੈ ਪਰ ਆਪਣੀ ਜੰਮਣ ਭੋਇੰ ਦੇ ਅਮਾਨਵੀ ਵਰਤਾਰਿਆਂ ਅਤੇ ਫ਼ਿਕਰਾਂ ਤੋਂ ਵੀ ਅਣਭਿੱਜ ਨਹੀਂ ਰਹਿੰਦਾ।

ਕਿਤਾਬ ਦਾ ਨਾਂਅ ‘ਨਗਾਰਾ’ ਹੀ ਇਸ ਪੁਸਤਕ ਵਿਚਲੇ ਤੱਥ ਵੱਖ ਦੀ ਤੰਦ ਸੂਤਰ ਅਸਾਡੇ ਹੱਥ ਫੜਾ ਦਿੰਦਾ ਹੈ। ਨਗਾਰਾ ਉਸ ਵਕਤ ਵਜਾਇਆ ਜਾਂਦਾ ਹੈ। ਜਦੋਂ ਰਣ ਤੱਤੇ ਵਿਚ ਜੂਝਣ ਲਈ ਦੁਸ਼ਮਣ ਦੀਆਂ ਫ਼ੌਜਾਂ ਨੂੰ ਵੰਗਾਰਨਾ ਹੁੰਦਾ ਹੈ। ਪਰ ਇੱਥੇ ਤਾਂ ਰਣਤੱਤੇ ਵਿਚ ਦਿੱਲੀ ਦਰਬਾਰ ਦੇ ਭਗਵੇਂ ਬ੍ਰਿਗੇਡ ਦੀਆਂ ਫ਼ੌਜਾਂ ਨੂੰ ਵੰਗਾਰਨਾ ਪੈ ਰਿਹਾ ਹੈ ਤੇ ਦਿੱਲੀ ਦੇ ਤਖ਼ਤ ‘ਤੇ ਬੈਠਾ ਸਿਪਾਹਸਲਾਰ ਜੋ ਆਪਣੇ ਆਪ ਨੂੰ ਰੁਸਤਮ-ਏ-ਹਿੰਦ ਦੀ ਗੁਰਜ ਕਹਿੰਦਾ ਹੈ, ਨੂੰ ਆਪਣੀ ਨਜ਼ਮ ‘ਚੈਲਿੰਜ’ ਵਿਚ ਜੁਮਲੇਬਾਜ਼ ਨੂੰ ਚੌਰਾਹੇ ਵਿਚ ਨੰਗਿਆਂ ਕਰਕੇ ਕਲਮ ਦੀ ਤਲਵਾਰ ਨਾਲ ਵੰਗਾਰ ਰਿਹਾ ਹੈ। ਸ਼ਾਇਰ ਨਾਗਪੁਰੀ ਸੰਤਰੇ ਦੇ ਮੈਟਾਫਰ ਨਾਲ ਇਨ੍ਹਾਂ ਦੇ ਪਾਜ ਉਧੇੜਦਾ ਹੈ ਜੋ ਰਾਸ਼ਟਰੀ ਸਵੈਯਮ ਸੇਵਕ ਸੰਘ ਦੇ ਹਿੰਦੂਤਵੀ ਏਜੰਡੇ ਨੂੰ ਲਾਗੂ ਕਰਨ ਲਈ ਹਰ ਜਰਬਾ ਵਰਤ ਕੇ ਅੱਛੇ ਦਿਨ ਲਿਆਉਣ ਲਈ ਭਰਾਂਤੀਆਂ ਦਾ ਭਰਮ ਫੈਲਾ ਰਿਹਾ ਹੈ ਪਰ ਜੰਗ ਅਜੇ ਮੁੱਕੀ ਨਹੀਂ ਹੈ ਤੇ ਜਨਤਾ ਅੱਜ ਨਹੀਂ ਤਾਂ ਕੱਲ੍ਹ ਹਰ ਹਾਲਤ ਵਿਚ ਜਿੱਤ ਦੇ ਪਰਚਮ ਲਹਿਰਾਏਗੀ। ਸ਼ਾਇਰ ਉਨ੍ਹਾਂ ਸ਼ਾਇਰਾਂ ਨੂੰ ਵੀ ਵੰਗਾਰਦਾ ਹੈ ਜੋ ਬੰਦ ਕਮਰਿਆਂ ਵਿਚ ਬੈਠ ਕੇ ਲੱਛੇਦਾਰ ਸ਼ਬਦਾਵਲੀ ਨਾਲ ਕਲਮ ਦਾ ਜਬਰ-ਜਨਾਹ ਕਰਦੇ ਹਨ ਪਰ ਹੁਣ ਸ਼ਬਦਾਂ ਨਾਲ ਖੇਡਣ ਦੀ ਥਾਂ ਸ਼ਬਦਾਂ ਅਤੇ ਅਰਥਾਂ ਦਾ ਫ਼ਰਕ ਮਿਟਾਉਣਾ ਪੈਂਦਾ ਹੈ। ਸ਼ਾਇਰ ਮਿਥਿਹਾਸ ਵਿਚ ਪਈ ਰਾਵਣ ਦੀ ਮਿੱਥ ਦਾ ਪੁਨਰ ਉਥਾਨ ਕਰਦਿਆਂ ਕਹਿੰਦਾ ਹੈ ਕਿ ਰਾਵਣ ਨੇ ਸੀਤਾ ਨੂੰ ਆਪਣੇ ਮਹਿਲਾਂ ਅਤੇ ਅਸ਼ੋਕ ਵਾਟਿਕਾ ਵਿਚ ਪੂਰੇ ਰਾਜਸੀ ਸਤਿਕਾਰ ਨਾਲ ਰੱਖਿਆ, ਜਿੱਥੇ ਉਸ ਦੀ ਟਹਿਲ ਸੇਵਾ ਲਈ ਦਾਸੀਆਂ ਦੀ ਫ਼ੌਜ ਹਮੇਸ਼ਾ ਤਤਪਰ ਰਹਿੰਦੀ ਸੀ ਪਰ ਦੂਜੇ ਪਾਸੇ ਉਸ ਦਾ ਹੀ ਪਤੀ ਰਾਮ ਉਸ ਦੀ ਅਗਨ-ਪ੍ਰੀਖਿਆ ਲੈਂਦਾ ਹੈ, ਸ਼ਾਇਰ ਭਗਤ ਸਿੰਘ ਦੇ ਨਿੰਦਕਾਂ ਦੇ ਵੀ ਬਖੀਏ ਉਧੇੜਦਾ ਹੈ ਜੋ ਇਕ ਸੂਰਜ ਨੂੰ ਟਟਹਿਣਾ ਦਿਖਾ ਕੇ ਆਪਣੀ ਅਬੌਧਿਕਤਾ ਆਪ ਹੀ ਜ਼ਾਹਿਰ ਕਰ ਰਹੇ ਹਨ। ਇਸ ਤਰ੍ਹਾਂ ਉਹ ਸਿਮਰਨਜੀਤ ਮਾਨ ‘ਤੇ ਕਟਾਕਸ਼ ਦੇ ਨਸ਼ਤਰ ਚਲਾਉਂਦਾ ਹੈ। ਪਰ ਕੀ ਕਰੀਏ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਅਜੇ ਤੱਕ ਨਹੀਂ ਆਇਆ, ਜਿੱਥੇ ਗੋਰਿਆਂ ਦੀ ਥਾਂ ਕਾਲੇ ਅੰਗਰੇਜ਼ ਉਨ੍ਹਾਂ ਦੀ ਤੌਰ ਤਰੀਕਿਆਂ ਨਾਲ ਰਾਜ ਕਰ ਰਹੇ ਹਨ। ਉਹ ਕਿਸਾਨ ਅੰਦੋਲਨ ਦੌਰਾਨ ਫ਼ਿਲਮੀ ਅਦਾਕਾਰਾਂ ਕੰਗਨਾ ਰਣੌਤ ਦੀ ਥਾਂ ਪਿੰਡ ਦੀ ਕੁੜੀ ਨੂੰ ਸੂਰਤ ਤੇ ਸੀਰਤ ਦਾ ਮੁਜੱਸਮਾ ਗਰਦਾਨਦਾ ਹੈ। ਉਹ ਸ਼੍ਰੋਮਣੀ ਕਮੇਟੀ ‘ਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਤੇ ਆਪਣੀ ਤਫ਼ਤੀਸ਼ੀ ਬਿਆਨ ਦਾਗਦਾ ਹੈ ਤੇ ਬੇਬਾਕੀ ਨਾਲ ਕਹਿੰਦਾ ਹੈ, ‘ਚੋਰ ਨਹੀਂ ਇਹ ਕਾਬਲੋਂ ਧਾਏ, ਨਾ ਮੱਸੇ ਰੰਗੜ ਦੇ ਜਾਏ, ਨਾ ਹੀ ਦਿੱਲੀਓਂ ਚੜ੍ਹ ਕੇ ਆਏ, ਘਰ ਦੇ ਹੀ ਸਨ ਨਹੀਂ ਪਰਾਏ।’ ਉਹ ਵੱਖ-ਵੱਖ ਖਾਨਿਆਂ ਵਿਚ ਵੰਡੇ ਕਾਮਰੇਡਾਂ ‘ਤੇ ਵੀ ਲਾਹਨਤਾਂ ਦੀ ਵਾਛੜ ਮਾਰਦਾ ਹੈ। ਕਿਤਾਬ ਦੇ ਅਖੀਰ ਵਿਚ ਮਨੁੱਖੀ ਫ਼ਿਕਰਾਂ ਨਾਲ ਦਸਤਪੰਜਾ ਲੈਂਦੀਆਂ ਬੋਲੀਆਂ ਸ਼ਾਇਰ ਦੀ ਸ਼ਾਇਰੀ, ਕਾਵਿ-ਸ਼ਿਲਪ ਤੇ ਕਾਵਿ-ਚਿੰਤਨ ਦਾ ਸਿਖਰ ਹੋ ਨਿਬਦੀਆਂ ਹਨ। ਨਗਾਰੇ ‘ਤੇ ਚੋਟ ਮਾਰ ਕੇ ਅਗਾਊਂ ਜਾਗਰੂਕ ਕਰਨ ਵਾਲੀ ਬੌਧਿਕ ਮੁਹਾਵਰੇ ਦੀ ਸ਼ਾਇਰੀ ਨੂੰ ਸਲਾਮ ਤਾਂ ਕਰਨਾ ਬਣਦਾ ਹੀ ਹੈ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1094
***

gurnam dhillon