(17 ਮਈ 2025 ਨੂੰ ਬਰਸੀ ਮਨਾਉਣ ਪ੍ਰਤੀ ਸ਼ਰਧਾਂਜਲੀ ਵਜੋਂ ਲਿਖਿਆ ਪਰਚਾ) |
![]() ਕਵੀ ਦਰਬਾਰ ਸਮਾਪਤ ਹੋਂਣ ਪਿੱਛੋਂ ‘ਸਾਕੀ’ ਹੋਰੀਂ ਮੇਰੇ ਪਾਸ ਆਏ ਅਤੇ ਛੇ ਫੁੱਟ ਤੋਂ ਵੱਧ, ਉੱਚੇ-ਲੰਮੇ ਕੱਦ, ਭਰਵੇਂ ਸਰੀਰ, ਸਾਬਤ-ਸਰੂਪ ਸਿੱਖੀ ਭੇਸ, ਰੋਹਬਦਾਰ ਫੌਜੀ ਅਫ਼ਸਰ, ਨਿਰਸੰਕੋਚ, ਬੇਝਿਜਕ ਸੁਭਾਉ ਵਾਲੇ ਅੰਦਾਜ਼ ਵਿਚ, ਆਪਣੇ ਖ਼ਦਸ਼ੇ ਸਮੇਤ ਮੇਰੇ ਉੱਤੇ ਸਵਾਲ ਦਾ ਸਿੱਧਾ ਮੋਹਵੰਤਾ ਗੋਲ਼ਾ ਦਾਗ ਦਿੱਤਾ। ਮੇਰੇ ਨਾਮ ਪਿੱਛੇ ਢਿੱਲੋਂ ਸ਼ਬਦ ਜੁੜਿਆ ਹੋਂਣ ਕਾਰਨ ਸ਼ਾਇਦ ਉਨ੍ਹਾਂ ਦੇ ਅਵਚੇਤਨ ਵਿਚ ਕਿਸੇ ਖਿਆਲ ਨੇ ਉਸਲਵੱਟੇ ਲਏ ਹੋਂਣ। “ਜੀ ਮੇਰਾ ਪਿੰਡ ਢਿੱਲਵਾਂ ਜਿਲਾ ਕਪੂਰਥਲਾ” ਹੈ” ਮੇਰਾ ਉੱਤਰ ਸੀ। “ਅੱਛਾ, ਫੇਰ ਤਾਂ ਤੂੰ ਆਪਣਾ ਮੁੰਡਾ ਨਿਕਲਿਆਂ, ਮੈਂ ਢਿਲਵਾਂ ਵਿਆਹਿਆਂ। ਤੇਰੀ ਸ਼ਬਦ ਚੋਂਣ ਚੰਗੀ ਹੈ। ਸਟੇਜ ਉੱਤੇ ਕਵਿਤਾ ਪੜ੍ਹਨ ਤੋਂ ਪਹਿਲਾਂ ਮੈਂਨੂੰ ਵਿਖਾ ਲਿਆ ਕਰ”। ਓਪਰੀ ਨਜ਼ਰੇ ਇਹ ਸਧਾਰਣ ਲਗਦੀ ਵਾਰਤਾਲਾਪ, ਡੂੰਘੀ ਨਜ਼ਰੇ, ‘ਸਾਕੀ’ ਹੋਰਾਂ ਦੇ ਸੁਭਾਉ ਦੀਆਂ ਕਈ ਗੁੱਝੀਆਂ ਪਰਤਾਂ ਖੋਲ੍ਹਦੀ ਹੈ ਐਪਰ ਏਥੇ ਮੈਂ ਕੁੱਝਕੁ ਦਾ ਹੀ ਜ਼ਿਕਰ ਕਰਾਂਗਾ। ਇਹ ਤੱਥ ਕਿਸੇ ਨੇਕ ਅਤੇ ਵੱਡੇ ਮਨੁੱਖ ਦੇ ਸੁਭਾਅ ਦੇ ਗੁਣਾਂ ਦੇ ਪਰਤੀਕ ਹਨ। ਇਸ ਮਿਲਣੀ ਉਪਰੰਤ ਅਨੇਕਾਂ ਕਵੀ ਦਰਬਾਰਾਂ ਅਤੇ ਸਾਹਿਤਕ ਸਮਾਗਾਮਾਂ ਵਿਚ ਮੇਲ-ਮਿਲਾਪ ਹੁੰਦਾ ਰਿਹਾ ਅਤੇ ਉਨ੍ਹਾਂ ਦੇ ਦਲੇਰਾਨਾ, ਬੇਬਾਕ, ਮਜ਼ਾਕੀਆ ਅਤੇ ਹਸਮੁੱਖ ਸੁਭਾਉ ਦੇ ਦਰਸ਼ਨ-ਦੀਦਾਰ ਹੁੰਦੇ ਰਹੇ। ਬਿਸ਼ੰਬਰ ਸਿੰਘ ‘ਸਾਕੀ’ ਦੇ ਕਾਵਿ-ਸੰਸਾਰ ਦਾ ਨਿਕਾਸ ਅਤੇ ਵਿਕਾਸ ਉਦਾਰਵਾਦੀ ਅਧਿਆਤਮਵਾਦ ਦੇ ਰੁਝਾਨ ਤੋਂ ਆਰੰਭ ਹੋ ਕੇ ਰੁਮਾਂਸਵਾਦੀ ਸੁਧਾਰਵਾਦ, ਰੁਮਾਂਸਵਾਦੀ ਪ੍ਰਗਤੀਵਾਦ, ਪ੍ਰਗਤੀਵਾਦੀ ਯਥਾਰਥਵਾਦ ਅਤੇ ਰਾਜਨੀਤਕ ਚੇਤਨਾਵਾਦ ਦੇ ਕਵੀ ਹੋਣ ਤਕ ਦਾ ਸਫਲ ਸਫ਼ਰ ਹੈ। ਉਪਰੋਕਤ ਸਾਰੇ ਹੀ ਰੰਗ ਸਮੁੱਚੇ ‘ਸਾਕੀ-ਕਾਵਿ’ ਵਿਚ ਉਪਲਭਦ ਹਨ। ਇਹ ਸੰਕਲਪ ਮੈਂ ‘ਸਾਕੀ’ ਦੀ ਪੁਸਤਕ ‘ਸਾਕੀ ਸੁਗੰਧੀਆਂ’ ਦਾ ਪਾਠ ਕਰਕੇ ਖ਼ੁਦ ਆਪਣੀ ਬੌਧਿਕਤਾ ਦੀ ਸਮਰੱਥਾ ਅਤੇ ਸੀਮਾ ਦੇ ਆਧਾਰ ਉੱਤੇ ਸਿਰਜੇ ਹਨ, ਕਿਸੇ ਹੋਰ ਅਲੋਚਕ ਪਾਸੋਂ ਉਧਾਰੇ ਨਹੀਂ ਲਏ। ਇਹ ਸੰਕਲਪ ਅੰਤਰ ਸੰਬੰਧਤ ਹਨ ਭਾਵ ਆਪਸ ਵਿਚ ਖਲਤ-ਮਲਤ (OVER-LAP) ਵੀ ਹੁੰਦੇ ਹਨ। ਇਸ ਪ੍ਰਕਿਰਿਆ ਵਿਚ ਮੇਰੀ ਇਹ ਵੀ ਕੋਸ਼ਿਸ਼ ਰਹੀ ਹੈ ਕਿ ਕਿਸੇ ਸਿਧਾਂਤ ਦੀਆਂ ਪੂਰਵਨਿਸ਼ਚਿਤ ਧਾਰਨਾਵਾਂ ਨੂੰ ‘ਸਾਕੀ-ਕਾਵਿ’ ਉੱਤੇ ਲਾਗੂ ਕਰਕੇ ਮੁੱਲਾਂਕਣ ਕਰਨ ਦੀ ਬਜਾਏ ਇਸ ਦੀ ਪੜਤ੍ਹ ਵਿੱਚੋਂ ਸੰਕਲਪਾਂ ਦੇ ਆਧਾਰ ਖੋਜਕੇ ਸਿੱਟੇ ਕੱਢੇ ਜਾਣ। ‘ਸਾਕੀ ਸੁਗੰਧੀਆਂ’ ਵਿਚ ਸ਼ਾਮਲ ‘ਆਸਾ ਦੀ ਵਾਰ’, ‘ਗੁਰੂ ਨਾਨਕ ਨੂੰ’, ‘ਆਤਮਾ ਦੀ ਸ਼ਾਂਤੀ’, ‘ਅਸਲ ਟਿਕਾਣਾ’ ਆਦਿ ਕਵਿਤਾਵਾਂ ਉਦਾਰਵਾਦੀ ਅਧਿਆਤਮਵਾਦ ਦੇ ਰੁਝਾਨ ਦੀਆਂ ਪ੍ਰਮੁੱਖ ਉਦਾਹਰਣਾਂ ਹਨ। ‘ਆਤਮਾ ਦੀ ਸ਼ਾਂਤੀ’ ਕਵਿਤਾ ਵਿਚ ਕਵੀ ਜਾਂ ਉਸਦਾ ਕਾਵਿ-ਪਾਤਰ ਜ਼ਿੰਦਗੀ ਵਿਚ ਥਾਂ ਥਾਂ ਠੋਕਰਾਂ ਖਾਂਦਾ, ਭਟਕਦਾ ਫਿਰਦਾ ਹੈ ਜਿਵੇਂ: ਚੜ੍ਹਿਆ ਰਿਹਾ ਮੈਂ ਚਿੰਤਾ ਦੀ ਚਿਖਾ ਉੱਤੇ ਉਪਰੋਕਤ ਕਾਵਿ-ਬੰਦ ਖੂਬਸੂਰਤ ਕਲਾ-ਕੌਸ਼ਲਤਾ ਅਤੇ ਪ੍ਰੌੜ ਕਵਿਤਾ ਦਾ ਨਮੂਨਾ ਹੈ। ਉਹ ਆਖਰ ਇਸੇ ਕਵਿਤਾ ਦੇ ਇਕ ਹੋਰ ਬੰਦ ਦੀਆਂ ਹੇਠਾਂ ਅੰਕਿਤ ਤੁਕਾਂ ਦੇ ਅਰਥ ਸੰਚਾਰ ਵਿਚੋਂ ਮਾਨਸਿਕ ਸ਼ਾਂਤੀ ਨੂੰ ਪ੍ਰਾਪਤ ਹੁੰਦਾ ਹੈ: ਮਸਤੀ ਚੜ੍ਹ ਗਈ ਕੀਰਤਨ ਦੀ ਧੁਨੀ ਸੁਣਕੇ ਧਾਰਮਿਕ ਅਨੁਭਵ ਦੀਆਂ ਕਵਿਤਾਵਾਂ ਰਚਦਾ ‘ਸਾਕੀ’ ਕਿਤੇ ਵੀ ਨਫ਼ਰਤ ਜਾਂ ਜਨੂਨ ਦਾ ਹਰਕਾਰਾ ਨਹੀਂ ਬਣਦਾ। ਉਹ ਰੂੜੀਗਤ ਅਧਿਆਤਮਵਾਦੀ ਚਿੰਤਨਧਾਰਾ ਤੋਂ ਦੂਰੀ ਸਿਰਜਦਾ ਹੈ। ‘ਸਾਕੀ-ਕਾਵਿ’ ਵਿਚ ਰੁਮਾਂਸਵਾਦੀ ਸੁਧਾਰਵਾਦ ਦੇ ਸੰਕਲਪ ਨਾਲ ਸੰਬੰਧਤ ਕਵਿਤਾਵਾਂ ਦੀ ਅਭਿਵਿਅਕਤੀ ਦੀ ਭਰਮਾਰ ਹੈ। ਇਹ ਸੰਕਲਪ ਅਸਾਨੂੰ ਨਿਜੀ ਆਕਾਖਿਆਵਾਂ, ਭਾਵਨਵਾਂ, ਕਾਰਨਾਮਿਆਂ ਅਤੇ ਮਿੱਥਾਂ-ਮਨੌਤਾਂ ਅਤੇ ਲੋੜਾਂ ਤੀਕ ਸੀਮਤ ਕਰ ਦਿੰਦਾ ਹੈ। ਇਹ ਮਹਿਜ਼ ਵਿਅੱਕਤੀਗਤ ਸੰਵੇਦਨਾ ਦੇ ਆਧਾਰ ਉੱਤੇ ਨਿਜੀ ਮਸਲਿਆਂ ਨੂੰ ਨਿਵਾਰਨ ਲਈ ਕੋਸ਼ਿਸ਼ ਕਰਨ ਦਾ ਹਮਾਇਤੀ ਹੈ। ਇਸ ਪ੍ਰਸੰਗ ਵਿਚ ‘ਤੇਰੇ ਪਿਆਰ ਸਦਕੇ’, ‘ਸੁਗੰਧੀਆਂ’ ਜਿਸ ਉੱਤੇ ਪੁਸਤਕ ਦਾ ਨਾਮਕਰਣ ਕੀਤਾ ਗਿਆ ਹੈ, ‘ਯਾਦ ਪਿਆਰਾ ਆ ਜਾਂਦਾ’, ‘ਸੱਜਣੀ ਜੇ ਤੂੰ ਹੋਵੇਂ ਮੇਰੇ ਕੋਲ’, ਅਤੇ ‘ਅੱਲ੍ਹੜ ਕੁੜੀ ਨੂੰ’ ਸਮੇਤ ਅਨੇਕਾਂ ਹੋਰ ਕਵਿਤਾਵਾਂ ਦਾ ਵਰਨਣ ਕੀਤਾ ਜਾ ਸਕਦਾ ਹੈ। ਉਹ ਮੇਰੀ ਹੈ ਅਰਧੰਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਇਹ ਪੰਗਤੀਆਂ ਹੇਠ ਲਿਖੇ ਅਨੁਸਾਰ ਹਨ: ”ਘਰ ਕੀ ਗੀਹਨਿ ਚੰਗੀ ਉਪਰੋਕਤ ਕਵਿਤਾ ਵਿਚ ਗ਼ਲਤ ਛਪੀਆਂ ਹਨ। ਇਸ ਪ੍ਰਸੰਗ ਵਿਚ ਇਕ ਹੋਰ ਉਦਾਹਰਣ ਹਾਜ਼ਰ ਹੈ: ਜੋ ਰਹਿਣਾ ਚਾਹੇ ਇਕੱਲਾ ਉਪਰੋਕਤ ਬੰਦ ਵਿਚ ਪਿਆਰ ਭਾਵ ਦਾ ਸੰਚਾਰ ਮਨੁੱਖੀ ਜੀਵਨ ਲਈ ਪ੍ਰੇਰਨਾ ਸ੍ਰੋਤ ਹੈ। ਇਸ ‘ਸਾਕੀ-ਕਾਵਿ’ ਦਾ ਅਗਲਾ ਪੜਾਅ ਰੁਮਾਂਸਵਾਦੀ ਪ੍ਰਗਤੀਵਾਦ ਦੇ ਰੂਪ ਵਜੋਂ ਰੇਖਾਂਕਿਤ ਕੀਤਾ ਜਾ ਸਕਦਾ ਹੈ। ਉਹ ਸਮਾਜ ਵਿਚ ਪ੍ਰਚਲਿਤ ਗ਼ਲਤ ਕਦਰਾਂ-ਕੀਮਤਾਂ ਅਤੇ ਵਿਸੰਗਤੀਆਂ ਨੂੰ ਦੂਰ ਕਰਨਾ ਚਾਹੁੰਦਾ ਹੈ ਅਤੇ ਇਸ ਪ੍ਰਕਾਰਜ ਦੀ ਪੂਰਤੀ ਲਈ ਆਪਣੇ ਕਾਵਿ-ਅਨੁਭਵ ਨੂੰ ਰੁਮਾਂਸਵਾਦ ਦੀ ਪੁੱਠ ਚਾੜ੍ਹਕੇ ਅਧਿਕਤਮ ਰਚਨਾਵਾਂ ਵਿਚ ਪ੍ਰਸਤੁਤ ਕਰਦਾ ਹੈ। ਇਕ ਉਦਾਹਰਣ ਵੇਖੋ: ਲਿਖ ਦਿਆਂ ਹਾਲਤ ਕਿਸੇ, ਮੈਂ ਮਿਹਨਤੀ ਕਿਰਸਾਣ ਦੀ। ਉਪਰੋਕਤ ਸਤਰਾਂ ਮਿਹਨਤੀ ਕਿਰਸਾਣ, ਕੰਮ ਨਾਲ ਘੁਲ ਰਹੇ ਕਾਰੀਗਾਰ ਦੀ ਤਰਸਯੋਗ ਹਾਲਤ ਦਾ ਬਾਖੂਬੀ ਜ਼ਿਕਰ ਕਰਦੀਆਂ ਹਨ। ਏਸੇ ਤਰਾਂ ਐਸ਼ਪ੍ਰਸਤ ਅਮੀਰਾਂ ਦੀ ਜੀਵਨ ਜਾਚ ਅਤੇ ਗ਼ਰੀਬ ਦੇ ਬੱਚਿਆਂ ਦਾ ਰੋਟੀ ਖੁਣੋ ਵਿਲਕਣ ਦੀ ਸੁੰਦਰ ਤਸਵੀਰਕਸ਼ੀ ਵੀ ਕਰਦੀਆਂ ਹਨ ਐਪਰ ਇਸ ਹਾਲਾਤ ਤੋਂ ਛੁਟਕਾਰਾ ਪਾਉਣ ਲਈ ਸੂਖਮ, ਸਹਿਜ ਅਤੇ ਕਲਾਤਮਿਕ ਕਾਵਿ-ਜੁਗਤਾਂ ਨਾਲ ਜਨਤਕ ਅੰਦੋਲਨ ਜਥੇਬੰਦ ਕਰਨ ਦਾ ਸੁਝਾਅ ਪੇਸ਼ ਨਹੀਂ ਕਰਦੀਆਂ। ਇਸ ਕਰਕੇ ਹੀ ਮੈਂ ਇਸ ਰੁਝਾਨ ਦੀਆਂ ਕਵਿਤਾਵਾਂ ਨੂੰ ਰੁਮਾਂਸਵਾਦੀ ਪ੍ਰਗਤੀਵਾਦ ਦੇ ਵਰਗ ਵਿਚ ਸੁਨਿਸ਼ਚਿਤ ਕੀਤਾ ਹੈ। ਜੀਵਨ ਦਾ ਤਾਣ ਲਗਾ ਦੇਸਾਂ ‘ਸਾਕੀ-ਸੁਗੰਧੀਆਂ ਦਾ ਪਾਠ ਕਰਦਿਆਂ ਕਈ ਥਾਈਂ ਪ੍ਰਗਤੀਵਾਦੀ ਯਥਾਰਥਵਾਦੀ ਸ਼ਾਇਰੀ ਦਾ ਰੰਗ ਵੀ ਉੱਘੜਦਾ ਹੈ ਜੋ ਇਸਦੇ ਵਿਕਾਸ ਦੀ ਪ੍ਰਾਪਤੀ ਕਿਹਾ ਜਾ ਸਕਦਾ ਹੈ। ਯਥਾਰਥਵਾਦ ਅਸਾਨੂੰ ਸਮਾਜਕ ਜੀਵਨ ਦੇ ਵਰਤਾਰਿਆਂ, ਘਟਨਾਵਾਂ, ਜੋੜਾਂ-ਤੋੜਾਂ, ਸਥਿਤੀਆਂ, ਪ੍ਰਸਥਿਤੀਆਂ, ਦੀ ਵਾਸਤਵਿਕ ਸਚਾਈ ਨੂੰ ਸਮਝਣ ਵਿਚ ਸਹਾਇਤਾ ਕਰਦਾ ਹੈ। ਜੇਕਰ ਇਸਦੇ ਅੱਗੇ ਪ੍ਰਗਤੀਵਾਦੀ ਸ਼ਬਦ ਜੋੜ ਦਿੱਤਾ ਜਾਵੇ ਤਾਂ ਨਿਰਸੰਕੋਚ ਇਸ ਸੰਕਲਪ ਪ੍ਰਤੀ ਵਿਗਿਆਨਕ ਦ੍ਰਿਸ਼ਟੀਕੋਣ ਅਪਨਾਉਣਾ ਲਾਜ਼ਮੀ ਹੋ ਜਾਂਦਾ ਹੈ। ਇਹ ਵਿਚਾਰਧਾਰਾ ਜਰਜਰੇ ਸ਼੍ਰੇਣੀ ਸਮਾਜ ਦੀਆਂ ਕਦਰਾਂ-ਕੀਮਤਾਂ ਅਤੇ ਪ੍ਰਾਪਤ ਕਾਣੀਵੰਡ ਵਾਲੀ ਅਰਥ ਵਿਵਿਸਥਾ ਨੂੰ ਬਦਲਣ ਲਈ ਜਨਤਕ ਸੰਗਰਾਮ ਕਰਨਾ ਵਿਚ ਵਿਸ਼ਵਾਸ ਰੱਖਦੀ ਹੈ। ਰੁਬਾਈ: ਸੰਬੋਧਨੀ ਅੰਦਾਜ਼ ਵਿਚ ਲਿਖੀ ਉਪਰੋਕਤ ਰੁਬਾਈ ਨੌਜਵਾਨ ਪੀੜ੍ਹੀ ਨੂੰ ਦੁਨੀਆਂ ਦੀ ਸਿਰਜਣਹਾਰ ਮਜ਼ਦੂਰ ਸ਼੍ਰੇਣੀ ਦੇ ਹੱਕਾਂ ਦੇ ਹਿੱਤ ਵਿਚ ਖੜੇ ਹੋਂਣ ਲਈ ਲਲਕਾਰਦੀ ਹੈ। ਇਕ ਇਕ ਗੱਲ ਦਾ ਜੁਆਬ ਮੰਗਾਂਗੇ। ਰਾਜਨੀਤਕ ਚੇਤਨਾਵਾਦੀ ਸ਼ਾਇਰੀ ਦਾ ਨਿਰੂਪਣ ਕਰਨਾ ਹੋਵੇ ਤਾਂ ਇਸ ਨਾਲ ਸੰਬੰਧਤ ‘ਸਾਕੀ-ਕਾਵਿ’ ਵਿਚ, ਭਾਰਤ ਦੇ ਅਜੋਕੇ ਹਾਲਾਤ ਬਾਰੇ ਗੌਲਣਯੋਗ ਸਮੱਗਰੀ ਪ੍ਰਾਪਤ ਹੈ। ਇਸ ਪ੍ਰਸੰਗ ਵਿਚ ‘ਨਵਾਂ ਪੰਜਾਬ’, ‘ਏਕ ਪਿਤਾ ਏਕਸ ਕੇ ਹਮ ਬਾਰਕ’ ਅਤੇ ‘ ਇਕ ਗਰੀਬ ਵੱਲੋਂ ਆਜ਼ਾਦੀ ਨੂੰ’ ਆਦਿ ਕਵਿਤਾਵਾਂ ਦਾ ਉਲੇਖ ਕੀਤਾ ਜਾ ਸਕਦਾ ਹੈ। ਉਦਾਹਰਣ ਹਾਜ਼ਰ ਹੈ: ਕਦੀ ਮੈਂਨੂੰ ਚੁੱਕਕੇ, ਜੇਹਲਾਂ ਦੇ ਅੰਦਰ ਤੁੰਨਿਆ। ਇਸ ਦੇ ਨਾਲ ਹੀ ‘ਸਾਕੀ-ਕਾਵਿ’ ਦੇਸ਼ ਦੀਆਂ ਦੀ ਹੱਦਾਂ ਟੱਪਕੇ ਅੰਤਰਰਾਸ਼ਟਰੀ ਪੱਧਰ ਤੀਕ ਦੇ ਰਾਜਨੀਤਕ ਮਸਲਿਆਂ ਨੂੰ ਕਲਾਵੇ ਵਿਚ ਲੈ ਕੇ ਆਪਣੇ ਕਾਵਿ ਮੁਹਾਵਰੇ ਦਾ ਸਾਤਵਿਕ ਵਿਸਥਾਰ ਅਤੇ ਪਾਸਾਰ ਕਰਦਾ ਹੈ। ਅਮਰੀਕੀ ਸਾਮਰਾਜ, ਦੱਖਣੀ ਵੀਅਤਨਾਮ ਵਿਚ ਕਮਿਊਨਿਸਟ ਪ੍ਰਭਾਵ ਨੂੰ ਠੱਲ ਪਾਉਣ ਲਈ ਇਸ ਦੀ ਸਰਕਾਰ ਦੇ ਸਹਿਯੋਗ ਨਾਲ ਓਥੇ ਦੇ ਵੀਅਤ ਕਾਂਗ ਗੁਰੀਲਿਆਂ, ਉੱਤਰੀ ਵੀਅਤਨਾਮ ਦੀ ਕਮਿਊਨਿਸਟ ਸਰਕਾਰ ਅਤੇ ਲੋਕਾਂ ਵਿਰੁਧ ਹਮਲਾਵਰ ਜੰਗ (1954-75) ਲੜ ਰਿਹਾ ਸੀ। ਦੂਜੇ ਪਾਸੇ ਉਤਰੀ ਵੀਅਤਨਾਮ ਦੇ ਲੋਕ ਆਪਣੇ ਮਹਿਬੂਬ ਨੇਤਾ ਹੋਚੀ ਮਿਨ੍ਹ ਦੀ ਰਹਿਨੁਮਾਈ ਹੇਠ, ਵੀਅਤ ਕਾਂਗ ਗੁਰੀਲਿਆਂ ਨਾਲ ਰਲ਼ਕੇ, ਉਤਰੀ ਅਤੇ ਦੱਖਣੀ ਵੀਅਤਨਾਮ ਦੇ ਏਕੀਕਰਣ ਲਈ ਕੌਮੀ ਮੁਕਤੀ ਘੋਲ ਲੜ ਰਹੇ ਸਨ। ਅਮਰੀਕਾ ਹਰ ਤਰਾਂ ਦੇ ਰਸਾਇਣਿਕ ਅਤੇ ਜ਼ਹਿਰੀਲੇ ਗੈਸੀ ਮਾਰੂ ਹਥਿਆਰ ਵਰਤ ਰਿਹਾ ਸੀ। ਅਖੀਰ ਵਿਚ ਅਮਰੀਕਾ ਨੂੰ ਇਸ ਜੰਗ ਵਿਚ ਹਾਰ ਹੋਈ ਅਤੇ ਉਸ ਨੂੰ ਸਿਰ ਉੱਤੇ ਪੈਰ ਰੱਖਕੇ ਵੀਅਤਨਾਮ ਵਿੱਚੋਂ ਭੱਜਣਾ ਪਿਆ। ਇਸ ਜੰਗ ਦੌਰਾਨ ‘ਸਾਕੀ’ ਨੇ ਅਮਰੀਕਾ ਦੇ ਤਤਕਾਲੀ ਰਾਸ਼ਰਪਤੀ ਨੂੰ ਸੰਬੋਧਨੀ ਅੰਦਾਜ਼ ਵਿਚ ‘ਵੀਅਤਨਾਮੀ ਸਿਪਾਹੀ ਵੱਲੋਂ’ ਨਾਮੀ ਮਹੱਤਵਪੂਰਨ ਕਵਿਤਾ ਲਿਖੀ ਜਿਸ ਦੀਆਂ ਕੁੱਝ ਸਤਰਾਂ ਹੇਠਾਂ ਅੰਕਿਤ ਹਨ: ਜਾਹਨਸਨ ਓ ਜਾਹਨਸਨ ਪੁਸਤਕ ‘ਸਾਕੀ ਸੁਗੰਧੀਆਂ’ ਵਿਚ ਕਾਵਿ ਦੇ ਹੋਰ ਵੀ ਅਨੇਕਾਂ ਰੰਗ ਅਤੇ ਸ਼ੇਡਜ ਹਨ ਜੋ ਕਿਤੇ ਕਿਤੇ ਆਪਸ ਵਿਚ ਰ਼ਲਗੱਡ ਤਾਂ ਹੋ ਜਾਂਦੇ ਹਨ ਐਪਰ ਕਾਲ਼ਾ ਹਨੇਰਾ ਕਤਈ ਨਹੀਂ ਸਿਰਜਦੇ। ਇਸ ਵਿਚ ਦੇਸ਼ ਪਿਆਰ ਦੇ ਜਜ਼ਬੇ, ਸਿੱਖ ਇਤਿਹਾਸ ਨਾਲ ਸੰਬੰਧਤ ਵਰਤਾਰਿਆਂ ਅਤੇ ਨਿੱਤ ਵਰਤੀਂਦੇ ਭਿੰਨ ਭਿੰਨ ਸਮਾਜਕ ਸਰੋਕਾਰਾਂ ਨੂੰ ਵੀ ਸਫਲਤਾ ਸਹਿਤ ਕਵਿਤਾਇਆ ਗਿਆ ਹੈ।
ਕਵਿਤਾ ਦੇ ਸੀਰਸ਼ਕ ਹੇਠ ਮਣਾਮੂੰਹੀਂ ਛਪ ਰਹੀ ਬੁਝਾਰਤਾਂ ਪਾਊ ਅਕਵਿਤਾ, ਵਾਰਤਕਨੁਮਾ ਕਵਿਤਾ, ਅਕਾਊ ਗੱਦ-ਕਾਵਿ, ਮੰਡੀਗਤ ਸੱਭਿਆਚਾਰ, ਸਾਹਿਤਕ ਪ੍ਰਦੂਸ਼ਣ, ਭਗਵੀਂ ਛੱਲ-ਕਪਟ ਵਿੱਦਿਆ ਅਤੇ ਵਿਖਾਵਾਵਾਦੀ ਪਰਭਾਵਵਾਦ ਦੇ ਅਜੋਕੇ ਦੌਰ ਵਿਚ ‘ਸਾਕੀ’ ਦੀ ਇਕ ਵੀ ਰਚਨਾ, ਅਕਵਿਤਾ, ਐਨਿਕਤਾ, ਅੰਧਵਿਸ਼ਵਾਸ ਅਤੇ ਧਾਰਮਿਕ ਜਨੂਨ ਵਿਚ ਗ੍ਰਸੇ ਹੋਂਣ ਦੀ ਹੁੱਝ ਨਹੀਂ ਖਾਂਦੀ। ਉਹ ਇੰਗਲੈਂਡ ਦੇ ਕਵੀ ਦਰਬਾਰਾਂ ਦਾ ਮਾਣ ਸੀ। ਏਸੇ ਤਰਾਂ ਸਾਰੀਆਂ ਹੀ ਰੂਬਾਈਆਤ ਆਪਣੇ ਵਿਧੀ ਵਿਧਾਨ ਉੱਤੇ ਪੂਰੀਆਂ ਉੱਤਰਦੀਆਂ ਹਨ। ਮੈਂ ਇਹ ਤੱਥ ਨਹੀਂ ਛੁਪਾਵਾਂਗਾ ਕਿ ਕੁੱਝ ਇਕ ਰੁਬਾਈਆਤ ਅਜਿਹੀਆਂ ਵੀ ਹਨ ਜਿਨ੍ਹਾਂ ਨੂੰ ਪੜ੍ਹਕੇ ਮੇਰਾ ਮਜ਼ਾ ਜ਼ਰਾ ਕੁ ਕਿਰਕਰਾ ਵੀ ਹੋਇਆ ਹੈ ਐਪਰ ਉਨ੍ਹਾਂ ਦੀ ਸੰਖਿਆ ਇਤਨੀ ਅਲਪ ਹੈ ਕਿ ਉਨ੍ਹਾਂ ਨੂੰ ਨਿਸ਼ਚੇ ਹੀ ਅਣਗੌਲਿਆਂ ਕੀਤਾ ਜਾ ਸਕਦਾ ਹੈ। ਕਾਵਿ ਦੀ ਗੁਣਵੰਤਾ ਬਾਰੇ ਭਾਰਤੀ ਕਾਵਿ ਆਚਾਰੀਆ ‘ਭਾਮਹ’ (500 ਤੋਂ 600 ਈਸਵੀ ਸਦੀ, ਭਾਰਤੀ ਕਾਵਿ-ਸ਼ਾਸਤਰ ਦਾ ਸੱਭ ਤੋਂ ਪਹਿਲਾ ਅਚਾਰੀਆ) ਦਾ ਇਕ ਕਥਨ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ “ਕਵੀ ਨਾ ਹੋਣਾ ਕੋਈ ਅਧਰਮ (ਬੁਰੀ ਗੱਲ) ਨਹੀਂ, ਕਵੀ ਨਾ ਹੋਣ ਦਾ ਮਤਲਬ ਰੋਗ ਅਥਵਾ ਕਿਸੇ ਤਰਾਂ ਦੇ ਦੰਡ ਦਾ ਹਿੱਸੇਦਾਰ ਬਣਨਾ ਵੀ ਨਹੀਂ ਹੈ, ਪਰ ਬੁਰਾ ਕਵੀ ਹੋਣਾ, ਗਿਆਨੀ ਮਨੁੱਖਾਂ ਅਨੁਸਾਰ, ਪ੍ਰਤੱਖ ਰੂਪ ਵਿਚ ਕਵਿਤਾ ਦੀ ਮੌਤ ਵਰਗਾ ਹੈ” (“ਭਾਰਤੀ ਕਾਵਿ-ਸ਼ਾਸਤਰ” ਲੇਖਕ ਪ੍ਰੋ. ਸ਼ੁਕਦੇਵ ਸ਼ਰਮਾ, ਸਫ਼ਾ 5 )। ‘ਸਾਕੀ’ ਨੇ ਜਿੱਥੇ ਆਪਣੀ ਕਾਵਿ-ਸਿਰਜਣਾ ਨਾਲ ਪੰਜਾਬੀ ਭਾਸ਼ਾ ਦੇ ਮੰਚਮੁਖੀ ਸਾਹਿਤ ਨੂੰ ਅਮੀਰ ਕੀਤਾ ਹੈ, ਇਸ ਦੀ ਸ਼ਾਨ ਵਿਚ ਵਾਧਾ ਕੀਤਾ ਹੈ, ਓਥੇ ਆਪਣੇ ਵਿਹਾਰਕ ਜੀਵਨ ਵਿਚ ਆਪਣੀ ਅਗਲੀ ਪੀੜ੍ਹੀ ਨੂੰ ਬੜੇ ਗੁਣਵਾਨ ਸੰਸਕਾਰ ਪ੍ਰਦਾਨ ਕੀਤੇ ਹਨ। ਉਨ੍ਹਾਂ ਦਾ ਬੇਟਾ ਮਹਿੰਦਰਪਾਲ ਸਿੰਘ ਪਾਲ ਅਤੇ ਬੇਟੀ ਮਨਜੀਤ ਕੌਰ ਪੱਡਾ ਪੰਜਾਬੀ ਭਾਸ਼ਾ ਵਿਚ ਯਥਾਸ਼ਕਤ ਸ਼ਾਇਰੀ ਕਰ ਰਹੇ ਹਨ ਜੋ ਵੱਡੇ ਮਾਣ ਵਾਲੀ ਗੱਲ ਹੈ। ਅੰਤ ਵਿਚ ਮੈਂ ‘ਸਾਕੀ’ ਜੀ ਦੇ ਪਰਵਾਰ ਅਤੇ ਇਸ ਸਮਾਗਮ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਹਾਂ ਜ੍ਹਿਨਾਂ ਨੇ ਆਪਣੀ ਮਿਹਰਬਾਨੀ ਦੇ ਭਰੇ ਸਮੁੰਦਰ ਵਿੱਚੋਂ ਦੋ-ਤਿੰਨ ਛੱਲਾਂ ਮੇਰੇ ਬੌਧਿਕ ਪਿੰਡੇ ਉੱਪਰ ਪਾਕੇ, ਮੇਰੇ ਵਰਗੇ ਮਸਕੀਨ ਲੇਖਕ ਨੂੰ ਬਿਸ਼ੰਭਰ ਸਿੰਘ ਸਾਕੀ ਦੇ ਵਿਅਕਤਿਤਤਵ ਅਤੇ ਉਸਦੇ ਕਾਵਿ-ਸਫ਼ਰ ਬਾਰੇ ਆਪਣੇ ਵਿਚਾਰ ਪੇਸ਼ ਕਰਨ ਦਾ ਅਵਸਰ ਪ੍ਰਦਾਨ ਕੀਤਾ ਹੈ। ਸੱਭ ਦਾ ਧੰਨਵਾਦ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |