ਅਰਜ਼ਪ੍ਰੀਤ ਦਾ ਕਾਵਿ ਸੰਗ੍ਰਹਿ ‘ਸੁਰਮੇ ਦੇ ਦਾਗ਼’ ਮੁਹੱਬਤ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ– ਉਜਾਗਰ ਸਿੰਘ |
ਅਰਜ਼ਪ੍ਰੀਤ ਦਾ ਕਾਵਿ ਸੰਗ੍ਰਹਿ ‘ਸੁਰਮੇ ਦੇ ਦਾਗ਼’ ਮੁਹੱਬਤ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ ਹੈ। ਇਸ ਕਾਵਿ ਸੰਗ੍ਰਹਿ ਵਿੱਚ 91 ਕਵਿਤਾਵਾਂ ਹਨ, ਜਿਨ੍ਹਾਂ ਵਿੱਚੋਂ 62 ਪਿਆਰ-ਮੁਹੱਬਤ, ਇਸ਼ਕ ਅਤੇ ਬਿਰਹਾ ਨਾਲ ਸੰਬੰਧਿਤ ਹਨ। ਬਾਕੀ ਦੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਦੀ ਤਰਜਮਾਨੀ ਕਰਦੀਆਂ ਹਨ। ਮੁੱਢਲੇ ਤੌਰ ਤੇ ਅਰਜ਼ਪ੍ਰੀਤ ਨੂੰ ਮੁਹੱਬਤ ਦਾ ਕਵੀ ਕਿਹਾ ਜਾ ਸਕਦਾ ਹੈ ਕਿਉਂਕਿ ਸਮਾਜਿਕ ਸਰੋਕਾਰਾਂ ਨਾਲ ਸੰਬੰਧਿਤ ਕਵਿਤਾਵਾਂ ਵਿੱਚ ਵੀ ਇਸ਼ਕ ਦੇ ਤੁਣਕੇ ਲਾਏ ਹੋਏ ਹਨ। ਸਮਾਜਿਕ ਸਰੋਕਾਰਾਂ ਵਾਲੀਆਂ ਕਵਿਤਾਵਾਂ ਵਿੱਚ ਦਾਜ-ਦਹੇਜ, ਭਰੂਣ ਹੱਤਿਆ, ਬਲਾਤਕਾਰ, ਸਭਿਆਚਾਰ ਤੋਂ ਬੇਮੁਖ ਹੋਣਾ, ਆਰਥਿਕ ਨਾ ਬਰਾਬਰੀ, ਧੋਖੇ, ਫ਼ਰੇਬ, ਖੁਦਕੁਸ਼ੀਆਂ, ਨਸ਼ੇ, ਰਾਜਨੀਤੀ, ਕਿਸਾਨੀ, ਧਰਮ ਅਤੇ ਦੇਸ਼ ਭਗਤੀ ਨੂੰ ਵਿਸ਼ਾ ਬਣਾਇਆ ਹੈ। ਪਿਆਰ ਮੁਹੱਬਤ ਦੀਆਂ ਕਵਿਤਾਵਾਂ ਵਿੱਚ ਬਿਰਹਾ ਦੇ ਦਰਦ ਦੀ ਅਤਿਅੰਤ ਚੀਸ ਵਿਖਾਈ ਦਿੰਦੀ ਹੈ। ਇੰਜ ਵੀ ਲਗਦਾ ਹੈ ਕਿ ਕਵੀ ਲੁਕਾਈ ਦੇ ਪਿਆਰ ਮੁਹੱਬਤ ਵਿੱਚ ਅਸਫਲ ਰਹਿਣ ਨੂੰ ਮਹਿਸੂਸ ਕਰਨ ਦੀ ਸਮਰੱਥਾ ਰੱਖਦਾ ਹੈ ਜਾਂ ਫਿਰ ਉਹ ਖ਼ੁਦ ਮੁਹੱਬਤ ਦਾ ਤਜਰਬਾ ਹਾਸਲ ਕਰ ਚੁੱਕਿਆ ਹੈ। ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਪੜ੍ਹਨ ਤੋਂ ਮਹਿਸੂਸ ਹੋ ਰਿਹਾ ਹੈ ਕਿ ਬਹੁਤੀਆਂ ਕਵਿਤਾਵਾਂ ਵਿੱਚ ਪਿਆਰ ਮੁਹੱਬਤ ਦੇ ਦਰਦ ਦੀ ਕਸਕ ਕਾਫ਼ੀ ਡੂੰਘੀ ਹੈ। ਜਿੰਦ ਦਾ ਸਰਮਾਇਆ ਕਵਿਤਾ ਵਿੱਚ ਲਿਖਿਆ ਹੈ-
ਆਜਾ ਮੇਰਿਆ ਸੱਜਣਾ ਵੇ, ਸ਼ਾਮਾ ਪੈ ਗਈਆਂ। ਪ੍ਰੇਮੀਆਂ ਨੂੰ ਬਿਰਹਾ ਦੀ ਅੱਗ ਦਾ ਸੇਕ ਅਜੀਬ ਸਥਿਤੀ ਵਿੱਚ ਪਾ ਦਿੰਦਾ ਹੈ। ਉਹ ਖਾਣਾ, ਪੀਣਾ, ਪਹਿਨਣਾ ਅਤੇ ਸਮਾਜ ਵਿੱਚ ਸਲੀਕੇ ਨਾਲ ਵਿਚਰਨਾ ਹੀ ਭੁੱਲ ਜਾਂਦੇ ਹਨ। ਹਰ ਵਕਤ ਬੇਗਾਨਿਆਂ ਦੀ ਤਰ੍ਹਾਂ ਓਪਰੀਆਂ ਗੱਲਾਂ ਕਰਦੇ ਸਮਾਜਿਕ ਤਾਣੇ ਬਾਣੇ ਵਿੱਚੋਂ ਪ੍ਰੇਮੀ ਨੂੰ ਲੱਭਦੇ ਹੋਏ ਪਾਗਲਾਂ ਦੀ ਤਰ੍ਹਾਂ ਵਿਵਹਾਰ ਕਰਦੇ ਹਨ। ਅਜਿਹੇ ਹਾਲਾਤ ਵਿੱਚ ਪ੍ਰੇਮੀਆਂ ਦੇ ਰੰਗ ਰੂਪ ਬਦਲ ਜਾਂਦੇ ਹਨ। ਇਸ਼ਕ ਵਿੱਚੋਂ ਉਪਜੇ ਗ਼ਮ ਦੇ ਦਰਦ ਦੀ ਦਾਸਤਾ ‘ਮੁੱਖ ਤੇ ਵਾਛੜ’ ਕਵਿਤਾ ਵਿੱਚ ਕਵੀ ਪ੍ਰਗਟਾਉਂਦੇ ਹਨ- ਗ਼ਮ ਤੇਰੇ ਨੇ ਨੂਰ ਉਡਾਇਆ, ਆਖੇਂ ਧੁੱਪੇ ਕਾਲਾ ਹੋ ਗਿਆ। ਪ੍ਰੇਮੀਆਂ ਲਈ ਪਿਆਰੇ ਜਿੰਦ ਜਾਨ ਹੁੰਦੇ ਹਨ। ਆਪਣੇ ਪਿਆਰੇ ਬਾਰੇ ਕੋਈ ਮੰਦਾ ਸ਼ਬਦ ਨਾ ਬੋਲਦੇ ਹਨ ਅਤੇ ਨਾ ਹੀ ਬੋਲਣ ਵਾਲੇ ਨੂੰ ਬਰਦਾਸ਼ਤ ਕਰਦੇ ਹਨ ਕਿਉਂਕਿ ਮੋਹ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਹੁੰਦਾ ਹੈ। ਸੁਪਨਿਆਂ ਦੀ ਦੁਨੀਆ ਵਿੱਚ ਰਹਿੰਦੇ ਹੋਏ ਦਿਨ ਨੂੰ ਵੀ ਯਾਰ ਨੂੰ ਮਿਲਣ ਦੇ ਸੁਪਨੇ ਵੇਖਦੇ ਰਹਿੰਦੇ ਹਨ। ਇਸ ਲਈ ‘ਸੁਰਮੇ ਵਾਲੇ ਦਾਗ਼’ ਸਿਰਲੇਖ ਵਾਲੀ ਕਵਿਤਾ ਵਿੱਚ ਕਵੀ ਲਿਖਿਆ ਹੈ- ਯਾਰ ਦੀ ਗੱਲ ਕਰੇ ਜੇ ਕੋਈ, ਨਫ਼ਾ ਕਰੋ। ਅਰਜ਼ਪ੍ਰੀਤ ਦੀਆਂ ਭਾਵੇਂ ਬਹੁਤੀਆਂ ਕਵਿਤਾਵਾਂ ਰੁਮਾਂਸਵਾਦ ਨਾਲ ਸੰਬੰਧਿਤ ਹਨ ਪ੍ਰੰਤੂ ਉਸ ਦੀ ਕੋਸ਼ਸ਼ ਹੁੰਦੀ ਹੈ ਕਿ ਉਨ੍ਹਾਂ ਕਵਿਤਾਵਾਂ ਵਿੱਚ ਵੀ ਸਮਾਜਿਕ ਸਰੋਕਾਰਾਂ ਦੀ ਵਕਾਲਤ ਕਰਦਾ ਰਹੇ। ਕਵੀ ਲਗਪਗ ਹਰ ਕਵਿਤਾ ਵਿੱਚ ਲੁਕਾਈ ਨਾਲ ਹੋ ਰਹੀਆਂ ਬੇਇਨਸਾਫ਼ੀਆਂ ਦਾ ਜ਼ਿਕਰ ਕਰਨਾ ਨਹੀਂ ਭੁੱਲਦਾ। ਗ਼ਰੀਬ ਨਾਲ ਹੋ ਰਹੀਆਂ ਜ਼ਿਆਦਤੀਆਂ, ਧੱਕੇਸ਼ਾਹੀ ਨਾ ਬਰਾਬਰਤਾ ਬਾਰੇ ਆਪਣੀਆਂ ਕਵਿਤਾਵਾਂ ਲਿਖਦਾ ਰਹਿੰਦਾ ਹੈ। ਬੱਚਿਆਂ ਦਾ ਬਚਪਨ ਰੁਲ ਜਾਣ ਦਾ ਹੰਦੇਸ਼ਾ ਆਪਣੀ ਕਵਿਤਾ ‘ਬੱਚੇ’ ਵਿੱਚ ਕਰਦਾ ਹੋਇਆ, ਉਹ ਸਮਾਜ ਨੂੰ ਚੇਤੰਨ ਕਰਦਾ ਹੈ ਕਿ ਜੇਕਰ ਅਸੀਂ ਬੱਚਿਆਂ ਦੇ ਭਵਿਖ ਨੂੰ ਧਿਆਨ ਵਿੱਚ ਨਾ ਰੱਖਿਆ ਤਾਂ ਆਉਣ ਵਾਲਾ ਸਮਾਂ ਖ਼ਤਰਨਾਕ ਸਾਬਤ ਹੋਵੇਗਾ। ਸਮਾਜ ਦਾ ਭਵਿਖ ਧੁੰਦਲਾ ਹੋ ਜਾਵੇਗਾ। ਬੱਚੇ ਕੌਮ ਦਾ ਸਰਮਾਇਆ ਹੁੰਦੇ ਹਨ, ਉਨ੍ਹਾਂ ਨੂੰ ਦੁਰਕਾਰਨ ਦੀ ਥਾਂ ਪਿਆਰ ਕਰੋ। ਬੱਚੇ ਰੱਬ ਦਾ ਰੂਪ ਹੁੰਦੇ ਹਨ। ਇਨ੍ਹਾਂ ਵਿੱਚ ਰੱਬ ਵੱਸਦਾ ਹੈ। ਕਵੀ ਲਿਖਦਾ ਹੈ- ਇਹ ਜੋ ਕੂੜਾ ਚੁੱਕਦੇ ਫ਼ਿਰਦੇ ਨੇ, ਜੋ ਨਿਤ ਕੁੱਤਿਆਂ ਨਾਲ ਘਿਰਦੇ ਨੇ। ਧਰਤੀ ਦੀ ਮਹੱਤਤਾ ਦਾ ਜ਼ਿਕਰ ਕਰਦਾ ‘ਮਿੱਟੀ’ ਸਿਰਲੇਖ ਵਾਲੀ ਕਵਿਤਾ ਵਿੱਚ ਕਵੀ ਲਿਖਦਾ ਹੈ ਕਿ ਮਿੱਟੀ ਦਾ ਦਰਜਾ ਸਰਵੋਤਮ ਹੈ। ਮਿੱਟੀ ਰੱਬ ਤੋਂ ਵੀ ਉੱਤਮ ਹੈ। ਇਹ ਇਨਸਾਨੀਅਤ ਦੀ ਜਿਸਮਾਨੀ ਭੁੱਖ ਦੀ ਤ੍ਰਿਪਤੀ ਕਰਦੀ ਹੈ। ਸਮੁੱਚਾ ਸਮਾਜ ਮਿੱਟੀ ‘ਤੇ ਨਿਰਭਰ ਹੈ। ਮਿੱਟੀ ‘ਚੋਂ ਅਨਾਜ ਦਾ ਉਤਪਾਦਨ ਕਰਨ ਵਾਲਾ ਮਿਹਨਤੀ ਕਿਸਾਨ ਵੀ ਜ਼ਿੰਦਗੀ ਦਾ ਧੁਰਾ ਹੈ। ਉਹ ਹਮੇਸ਼ਾ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਹੈ। ਮਿੱਟੀ ਖ਼ਜ਼ਾਨਾ ਹੈ। ਰਾਸ਼ਨ ਦੇ ਨਾਂ ‘ਤੇ ਠੱਗੀ ਮਾਰਨ ਵਾਲਿਆਂ ਅਤੇ ਦਾਨ ਵਿੱਚ ਅਨਾਜ ਮੰਗਣ ਬਾਰੇ ਵੀ ਕਿੰਤੂ ਪ੍ਰੰਤੂ ਕੀਤਾ ਗਿਆ ਹੈ। ਮਿੱਟੀ ਵਿਚੋਂ ਹੀ ਮਜ਼ਦੂਰਾਂ ਨੂੰ ਪੇਟ ਪਾਲਣ ਲਈ ਮਜ਼ਦੂਰੀ ਮਿਲਦੀ ਹੈ। ਮਿੱਟੀ ਕਵਿਤਾ ਵਿੱਚ ਲਿਖਿਆ ਹੈ- ਜਦ ਕਿਸਾਨ ਦੀ ਫਸਲ ਸੜੇ, ਜਦ ਜੱਟ ਮੰਡੀਆਂ ‘ਚ ਲੜੇ। ਸਮਾਜ ਵਿੱਚ ਆਪੋ ਧਾਪੀ ਪਈ ਹੋਈ ਹੈ। ਹਰ ਪਾਸੇ ਲਾਲਚ ਅਧੀਨ ਪੈਸਾ ਕਮਾਉਣ ਦੀ ਲਾਲਸਾ ਵਧੀ ਹੋਈ ਹੈ। ਭ੍ਰਿਸ਼ਟ ਲੋਕ ਗਿਰਝਾਂ ਦੀ ਤਰ੍ਹਾਂ ਚਾਰ ਚੁਫੇਰੇ ਘੁੰਮ ਰਹੇ ਹਨ। ਧੋਖੇਬਾਜ਼ਾਂ ਦਾ ਬੋਲਬਾਲਾ ਹੈ। ਇਸ ਹਾਲਾਤ ਬਾਰੇ ‘ਜੂਠੀ ਚਾਹ’ ਕਵਿਤਾ ਵਿੱਚ ਕਵੀ ਵਿਅੰਗ ਨਾਲ ਲਿਖਦੈ- ਧੋਖੇ ਸਾਜਿਸ਼ ਮਹਿਕਾਂ ਆਵਣ, ਸ਼ਹਿਰ ਤੇਰੇ ਦੀ ਹਵਾ ‘ਤੇ ਨਈਂ ਐ? ਧਾਰਮਿਕ ਸਥਾਨਾਂ ਵਿੱਚ ਵਾਪਰ ਰਹੀਆਂ ਅਪਮਾਨਜਨਕ ਘਟਨਾਵਾਂ ਨੇ ਸਮਾਜ ਨੂੰ ਸ਼ਰਮਸਾਰ ਕੀਤਾ ਹੋਇਆ ਹੈ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਗ਼ਰੀਬ ਹੋਰ ਗ਼ਰੀਬ ਹੋ ਰਿਹਾ ਹੈ। ਭਾਈਚਾਰਕ ਸਾਂਝ ਤਾਰ ਤਾਰ ਹੋਈ ਪਈ ਹੈ। ਇਨਸਾਨ ਇਕ ਦੂਜੇ ਤੋਂ ਡਰ ਰਿਹਾ ਹੈ। ਇਹ ਸਾਰਾ ਕੁਝ ਵੇਖਦਿਆਂ ਵੀ ਜੇ ਸ਼ਾਇਰ ਸਚਾਈ ਨਹੀਂ ਲਿਖਦੇ ਤਾਂ ਇਸ ਤੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ। ਵਿਅੰਗਮਈ ਕਵਿਤਾ ‘ਤੂੰ ਖ਼ੁਸ਼ਨਸੀਬ ਐਂ ਦੋਸਤ’ ਵਿੱਚ ਅਰਜ਼ਪ੍ਰੀਤ ਲਿਖਦੈ- ਜੇ ਤੇਰੇ ਸ਼ਹਿਰ ਦੇ ਮੰਦਿਰਾਂ ‘ਚ ਬਲਾਤਕਾਰ ਨਈਂ ਹੁੰਦੇ, ਸਾਰਾ ਸੰਸਾਰ ਇਸਤਰੀ ਨੂੰ ਪਵਿੱਤਰ ਕਹਿੰਦਾ ਹੈ। ਇੱਥੋਂ ਤੱਕ ਕਿ ਜਨਮਦਾਤੀ ਹੋਣ ਕਰਕੇ ਰੱਬ ਦਾ ਰੂਪ ਕਹਿੰਦਾ ਹੈ। ਪ੍ਰੰਤੂ ਅਮਲੀ ਰੂਪ ਵਿੱਚ ਇਨਸਾਨ ਖ਼ੁਦਦਾਰ ਹੈ। ਔਰਤ ਦੀ ਪ੍ਰਸੰਸਾ ਕਰਨ ਦਾ ਢੌਂਗ ਰਚਦਾ ਹੈ। ਕਵੀ ਨੇ ਮਰਦ ਦੀ ਮਾਨਸਿਕਤਾ ਨੂੰ ਬੜੇ ਸੋਹਣੇ ਢੰਗ ਨਾਲ ਆਪਣੀ ‘ਦੇਸ਼ ਦੀ ਲੜਕੀ’ ਸਿਰਲੇਖ ਵਾਲੀ ਕਵਿਤਾ ਵਿੱਚ ਲਿਖ ਕੇ ਪਰਦਾ ਫ਼ਾਸ਼ ਕੀਤਾ ਹੈ- ਮੇਰੇ ਜਨਮ ਤੋਂ ਬਾਪੂ ਡਰ ਗਿਆ, ਮੇਰਾ ਦਾਜ ਉਸ ਬਣਵਾਣਾ। ਇਸ ਕਾਵਿ ਸੰਗ੍ਰਹਿ ਦੇ ਸਿਰਲੇਖ ਵਾਲੀ ਕਵਿਤਾ ਭਾਵਨਾਤਮਿਕ ਹੈ, ਜਿਸ ਵਿੱਚ ਉਹ ਸਿੱਟਾ ਕੱਢਦਾ ਹੈ ਕਿ ਦੁੱਖ ਸੁੱਖ ਇਸੇ ਤਰ੍ਹਾਂ ਸੰਸਾਰ ਵਿੱਚ ਬਰਕਰਾਰ ਰਹਿਣਗੇ ਇਹ ਬਰਦਾਸ਼ਤ ਵੀ ਕਰਨੇ ਪੈਣਗੇ ਤੇ ਇਨ੍ਹਾਂ ਦਾ ਹੱਲ ਵੀ ਕੱਢਣਾ ਪਵੇਗਾ। ਕਵਿਤਾ ਦਾ ਸ਼ੇਅਰ ਹੈ: ਆ ਬਹਿ ਜਾ ਕੋਲੇ, ਕਿਉਂ ਰੋਂਦਾ ਐਂ ਰੋਣੇਂ। ਅਰਜ਼ਪ੍ਰੀਤ ਦੀ ਇਹ ਤੀਜਾ ਕਾਵਿ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ’ਅਰਜੋਈਆਂ’ ਮੌਲਿਕ ਕਾਵਿ ਸੰਗ੍ਰਹਿ ਅਤੇ ‘ਅਜੋਕਾ ਕਾਵਿ’ ਸੰਗ੍ਰਹਿ ਸੰਪਾਦਿਤ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਅਖੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਅਰਜ਼ਪ੍ਰੀਤ ਭਵਿਖ ਵਿੱਚ ਹੋਰ ਵਧੀਆ ਕਵਿਤਾਵਾਂ ਲਿਖ ਕੇ ਸਮਾਜ ਨੂੰ ਸੇਧ ਦੇਣ ਵਿੱਚ ਸਫਲ ਹੋ ਸਕਦਾ ਹੈ। 127 ਪੰਨਿਆਂ, 180 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ‘ ਸੂਰਜਾਂ ਦੇ ਵਾਰਿਸ ਪ੍ਰਕਾਸ਼ਨ ਪਿੰਡ ਭੂੰਦੜ ਜ਼ਿਲ੍ਹਾ ਬਠਿੰਡਾ’ ਨੇ ਪ੍ਰਕਾਸ਼ਿਤ ਕੀਤਾ ਹੈ। ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ |
***
820 *** |