ਵਿਪਸਾਅ ਕਾਨਫ਼ਰੰਸ, ਅਕਤੂਬਰ 3-4-5, ਦੇ ਮੌਕੇ ‘ਤੇ: ਮਨੁੱਖ, ਧਰਤੀ ਉੱਪਰ ਜਿੰਦਗੀ ਦੇ ਵਿਕਾਸ ਦੌਰਾਨ, ਇੱਕ ਜੂਨ, ਯਾਣਿ species, ਦੇ ਰੂਪ ਵਿੱਚ ਪ੍ਰਗਟ ਹੋਇਆ। ਉਦੋਂ ਤੋ ਹੀ, ਮਨੁੱਖੀ ਬੁੱਧੀ ਤੇ ਇਹਦੀ ਕਲਪਨਾ ਯੋਗਤਾ ਸਦਕੇ, ਇੱਕ ਸਫ਼ਰ ਸ਼ੁਰੂ ਹੋ ਗਿਆ ਜੋ ਅੱਜ ਵੀ ਜਾਰੀ ਹੈ। ਇਹ ਉਹੀ ਸਫ਼ਰ ਹੈ ਜੋ ਸਾਨੂੰ, ਮਨੁੱਖੀ ਜੂਨ ਵਜੋਂ, ਜੰਗਲਾਂ-ਗੁਫ਼ਾਵਾਂ ਤੋਂ ਕੱਢ ‘ਅੱਜ’, ਯਾਣਿ ਆਧੁਨਿਕ ਯੁੱਗ, ਤੱਕ ਲੈ ਆਇਆ ਹੈ। ਭਾਵੇਂ ਇਸ ਮਨੁੱਖੀ ਜੂਨ ਦੇ ਸਫ਼ਰ ਦਾ ਰਾਹ ਇੰਨਾ ਸਿੱਧਾ ਨਹੀਂ ਰਿਹਾ ਤੇ ਨਾ ਹੀ ਹਰ ਦੇਸ਼ ਦਾ ‘ਅੱਜ’ ਵੀ ਸੰਸਾਰ ਪੱਧਰ ‘ਤੇ ਸਾਂਵਾ ਹੈ, ਫਿਰ ਵੀ ਔਸਤਨ ਰੂਪ ਵਿੱਚ, ਡੈਟਾ ਦੇ ਆਧਾਰ ਤੇ, ਵਿਗਿਆਨਕ ਤੌਰ ‘ਤੇ ਸਿੱਧ ਕੀਤਾ, ਜਾਂ ਵਿਖਾਇਆ, ਜਾ ਸਕਦਾ ਹੈ ਕਿ ਇਹ ਰਾਹ ਮਨੁੱਖੀ ਤਰੱਕੀ ਦਾ ਰਾਹ ਰਿਹਾ ਹੈ [1], ਜਿਸਨੂੰ ਮਨੁੱਖੀ ਵਿਕਾਸ, ਮਨੁੱਖੀ ਪ੍ਰਗਤੀ, ਜਾਂ ਪ੍ਰਗਤੀਸ਼ੀਲਤਾ, ਦਾ ਰਾਹ ਵੀ ਕਿਹਾ ਗਿਆ ਹੈ। ਮਨੁੱਖੀ ਤਜਰਬੇ ਦੇ ਅਨੁਸਾਰ, ਮਨੁੱਖਤਾ ਦੀ ਪ੍ਰਗਤੀ ਦਾ ਇਹ ਰਾਹ ਰਿਹਾ ਹੈ: ਅਗਿਆਨਤਾ ਤੋਂ ਗਿਆਨ, ਅੰਧ-ਵਿਸ਼ਵਾਸ਼/ਵਿਸ਼ਵਾਸ਼ ਤੋਂ ਵਿਗਿਆਨ, ਭੇਤਾਂ ਤੋਂ ਖੁੱਲ੍ਹੇਪਣ, ਰਾਜਾਸ਼ਾਹੀ/ਤਾਨਾਸ਼ਾਹੀ ਤੋ ਜਮਹੂਰੀਅਤ, ਗ਼ੁਲਾਮੀ ਤੋਂ ਆਜ਼ਾਦੀ, ਤੇ ਮਨੁੱਖੀ ਲੁੱਟ-ਖਸੁੱਟ ਤੋਂ ਮਨੁੱਖੀ ਹੱਕਾਂ ਦੀ ਮਾਨਤਾ ਆਦਿ ਵੱਲ ਨੂੰ। ਕਿਸੇ ਵੀ ਸਮਾਜ ਦੀ ਮੌਜੂਦਾ ਸਥਿਤੀ ਅਨੁਸਾਰ, ਜਿਹੜੀ ਕਵਿਤਾ ਮਨੁੱਖੀ ਪ੍ਰਗਤੀ ਦਾ ਇਹ ਰਾਹ ਪਛਾਣੇ, ਇਹ ਰਾਹ ਪਛਾਣਨ ‘ਚੇ ਲੋਕਾਂ ਦੀ ਮੱਦਦ ਕਰੇ, ਤੇ ਇਸ ਰਾਹੇ ਪੈਣ ਲਈ ਲੋਕਾਂ ਨੂੰ ਪ੍ਰੇਰੇ ਜਾਂ ਉਤਸ਼ਾਹਿਤ ਕਰੇ, ਉਹੀ ਪ੍ਰਗਤੀਸ਼ੀਲ ਕਵਿਤਾ ਹੁੰਦੀ ਹੈ; ਪ੍ਰਗਤੀਸ਼ੀਲਤਾ ਦੀ ਇਹ ਪ੍ਰੀਭਾਸ਼ਾ ਸਾਹਿਤ ਦੇ ਸਾਰੇ ਰੂਪਾਂ ‘ਤੇ ਲਾਗੂ ਹੁੰਦੀ ਹੈ। ਪੰਜਾਬੀ ਕਵਿਤਾ ਦੇ ਖੇਤਰ ਵਿੱਚ ਹੀ ਨਹੀਂ, ਸਗੋਂ ਸੰਸਾਰ ਪੱਧਰ ‘ਤੇ ਚੱਲੀਆਂ ਪ੍ਰਗਤੀਵਾਦੀ ਕਵਿਤਾ ਤੇ ਕ੍ਰਾਂਤੀਕਾਰੀ ਕਵਿਤਾ ਦੀਆਂ ਲਹਿਰਾਂ ਦਾ ਕਾਵਿ ਪ੍ਰਗਤੀਸ਼ੀਲ ਕਵਿਤਾ ਸੀ। ਇਸ ਪ੍ਰਸੰਗ ਵਿੱਚ, ਕਵਿਤਾ ਦੀ ਮੂਲ ਸੰਭਾਵਨਾ ਉਹਦੀ ਪ੍ਰਗਤੀਸ਼ੀਲਤਾ ਵਿੱਚ ਹੀ ਹੁੰਦੀ ਹੈ, ਕੋਈ ਵੀ ਭਾਸ਼ਾ ਤੇ ਕੋਈ ਵੀ ਦੇਸ਼ ਹੋਵੇ। ਇਹ ਲੇਖ ਵਿੱਚ, ਅਸੀਂ ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ਦੀ ਮੂਲ ਸੰਭਾਵਨਾ, ਯਾਣਿ ਪ੍ਰਗਤੀਸ਼ੀਲਤਾ, ਦਾ ਵਿਸ਼ਲੇਸ਼ਣ ਪੇਸ਼ ਕਰਾਂਗੇ। ਜਾਣਕਾਰੀ: ਕਿਹੜੀ ਆਲੋਚਨਾ? ਉੱਪਰ, ਕੁਦਰਤੀ ਢੰਗ ਨਾਲ, ਮਨੁੱਖੀ ਵਿਕਾਸ ‘ਚੋਂ, ਖਿੱਚੀ ਪ੍ਰਗਤੀਸ਼ੀਲ ਕਵਿਤਾ ਦੀ ਪ੍ਰੀਭਾਸ਼ਾ, ਕਵਿਤਾ ਦਾ ਰਿਸ਼ਤਾ ਮਨੁੱਖਤਾ ਨਾਲ ਜੋੜਦੀ ਹੋਈ, “ਕਵਿਤਾ ਕੇਵਲ ਕਵਿਤਾ ਲਈ ਹੀ ਨਹੀਂ, ਸਮਾਜ ਤੇ ਮਨੁੱਖਤਾ ਲਈ ਵੀ” ਦੇ ਥੀਸਿਸ, ਯਾਣਿ thesis, ‘ਤੇ ਵੀ ਹਸਤਾਖ਼ਰ ਕਰ ਜਾਂਦੀ ਹੈ, ਚਾਹੇ ਲੁਪਤ ਢੰਗ, ਭਾਵ implication, ਨਾਲ ਹੀ। ਇਸ ਲਈ, ਮੈਂ ਉਨ੍ਹਾਂ ਵਿੱਚੋਂ ਨਹੀਂ, ਜੋ ਕਵਿਤਾ ਦੇ ਸਾਰੇ ਸੰਬੰਧਾਂ ਦੀ ਡੂੰਘਿਆਈ ਵਿੱਚ ਨਾ ਜਾਂਦੇ ਹੋਏ, ਇਸ ਨੂੰ ਕੇਵਲ ਮਨੁੱਖੀ-ਭਾਵਾਂ ਤੇ ਆਤਮਕ ਵ੍ਰਿਤੀਆਂ ਦੇ ਕੀਲੇ ਨਾਲ ਬੰਨ, ਇਹਦਾ ਪ੍ਰਭਾਵ-ਘੇਰਾ ਬਹੁਤ ਸੀਮਿਤ ਕਰ ਦਿੰਦੇ ਨੇ। ਇਸ ਦੇ ਓਲਟ, ਮੈਂ ਸੰਤ ਸਿੰਘ ਸੇਖੋਂ ਦੇ ਕਥਨ ਨਾਲ ਖੜ੍ਹਦਾ ਹਾਂ, “ਕਵਿਤਾ ਜਾਂ ਕਲਾ ਕੇਵਲ ਜਾਤੀ ਦੀ ਸੰਸਕ੍ਰਿਤੀ ਤੇ ਪਰੰਪਰਾ ਉੱਪਰ ਆਧਾਰ ਹੀ ਨਹੀਂ ਰੱਖਦੀ, ਇਸ ਦੇ ਵਿਕਾਸ ਵਿੱਚ ਹਿਸਾ ਪਾਂਦੀ ਹੈ [2]”। ਇਸ ਤਰ੍ਹਾਂ ਹੀ, ਆਪਣੇ ਸਮਾਜ ਰਾਹੀ, ਤੇ ਖ਼ਾਸ ਸਮਾਜ ਤੋਂ ਉੱਪਰ ਉੱਠ ਕੇ ਵੀ, ਕਵਿਤਾ ਮਨੁੱਖੀ ਵਿਕਾਸ ਵੀ ਹਿੱਸਾ ਪਾਉਂਦੀ ਹੈ, ਨਕਾਰਾਤਮਕ ਜਾਂ ਸਕਾਰਾਤਮਕ; ਪ੍ਰਗਤੀਵਾਦੀ ਕਵਿਤਾ, ਆਪਣੀ ਪ੍ਰਭਾਸ਼ਾ ਤੋਂ ਹੀ, ਸਕਾਰਾਤਮਕ ਹਿੱਸਾ ਪਾਉੰਦੀ ਹੈ। ਗ਼ੈਰ-ਪ੍ਰਗਤੀਸ਼ੀਲ ਜਾਂ ਉਲਟ-ਪ੍ਰਗਤੀਸ਼ੀਲ ਕਾਵਿ ਦੀਆਂ ਕਈ ਕਿਸਮਾਂ, ਯਾਣਿ genres, ਹੋ ਸਕਦੇ ਨੇ; ਉਨ੍ਹਾਂ ‘ਚੋਂ ਇੱਕ ਨੂੰ, ਜੋ ਪੰਜਾਬੀ ਕਵਿਤਾ ‘ਤੇ ਭਾਰੂ ਰਿਹਾ ਹੈ, ਅਸੀਂ ਕਹਿ ਸਕਦੇ ਹਾਂ: ‘ਗ਼ੁਲਾਮ ਮਾਨਸਿਕਤਾ’ ਕਾਵਿ [3, 4], ਕਾਵਿ ਜੋ ਗ਼ੁਲਾਮੀ ਜਾਂ ‘ਗ਼ੁਲਾਮ ਮਾਨਸਿਕਤਾ’ ਨੂੰ ਪ੍ਰਸਾਰਦਾ ਜਾਂ ਪ੍ਰਚਾਰਦਾ ਹੈ, ਜਾਂ ਲੋਕਾਂ ਪਹਿਲਾਂ ਹੀ ਮੌਜੂਦ ‘ਗ਼ੁਲਾਮ ਮਾਨਸਿਕਤਾ’ ਨੂੰ ਹੱਲਾ-ਸ਼ੇਰੀ ਦਿੰਦਾ ਹੈ। ਪਰ, ਇਸ ਲੇਖ ਦਾ ਮਕਸਦ ਹੈ ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ਵਿੱਚ ਪੜਤਾਲ ਕਰਨਾ। ਇੱਥੇ ਅਮਰੀਕਾ ਤੋਂ ਸਾਡਾ ਮੱਤਲਬ ਸੰਯੁਕਤ ਰਾਜ ਅਮਰੀਕਾ, ਯਾਣਿ United States of America, ਦੇਸ਼ ਹੈ, ਨਾ ਕਿ ਉੱਤਰੀ ਅਮਰੀਕਾ ਮਹਾਂਦੀਪ। ਉੱਤਕ ਤਰਕ ‘ਤੇ ਆਧਾਰਿਤ, ਇਸ ਲੇਖ ਨੂੰ ਕਵਿਤਾ ਦੀ ਸਮਾਜਕ ਆਲੋਚਨਾ ਜਾਂ ਸਮੀਖਿਆ ਦੇ ਖ਼ੇਤਰ ਵਿੱਚ ਰੱਖਿਆ ਜਾ ਸਕਦਾ ਹੈ; ਸਮਾਜ ਕੋਈ ਵੀ ਹੋ ਸਕਦਾ ਹੈ: ਪੰਜਾਬੀ, ਭਾਰਤੀ, ਜਾਂ ਮਨੁੱਖੀ ਯਾਨਿ ਸੰਸਾਰਪੁਰੀ ਭਾਵ Global Village, ਅੱਜਕੱਲ ਦੇ ਸੂਚਨਾ ਯੁੱਗ ਦਾ। ਪਿੱਠਭੂਮੀ: ਕਿਹੜਾ ਸਮਕਾਲੀਨ ਕਾਲ ਤੇ ਕਿਨ੍ਹਾਂ ਦਾ? ਅਮਰੀਕਾ ਵਿੱਚ ਪੰਜਾਬੀ ਕਵਿਤਾ ਦਾ ਆਗਮਨ, 20ਵੀਂ ਦੇ ਪਹਿਲੇ ਚੌਥਾਈ ਭਾਗ ਵਿੱਚ, ਗ਼ਦਰ ਲਹਿਰ ਨਾਲ ਹੋਇਆ, ਜਿਸ ਦਾ ਮੁੱਢ ਕੈਲਿਫੋਰਨੀਆਂ ਦੇ ਸ਼ਹਿਰ ਸੈਨ ਫਰਾਂਸਿਸਕੋ ਤੋਂ ਬੱਝਾ, ਭਾਰਤ ਵਿੱਚ ਘਟਣ ਲਈ। ਇਹ ਗ਼ਦਰੀ ਪੰਜਾਬ ਦੇ ਸਾਧਾਰਨ ਮੱਧ-ਵਰਗੀ, ਤੇ ਜ਼ਿਆਦਾਤਰ, ਕਿਸਾਨ ਪਰਵਾਰਾਂ ਤੋਂ ਆਏ ਇੰਮੀਗਰੈਂਟਾਂ, ਵਿੱਚੋਂ ਸਨ। ਅਮਰੀਕਾ ਸੰਨ 1917 ਦੇ ਇਮੀਗ੍ਰੇਸ਼ਨ ਐਕਟ ਨੇ ਗੈਰ-ਯੂਰਪੀਅਨ ਇੰਮੀਗਰੈਂਟਾਂ ‘ਤੇ ਪਾਬੰਦੀਆਂ ਲਗਾ ਦਿੱਤੀਆਂ, ਜਿਸ ਨਾਲ ਭਾਰਤੀ ਇਮੀਗ੍ਰੇਸ਼ਨ ਨੂੰ ਬੁਰੀ ਤਰ੍ਹਾਂ ਘਟਾਇਆ ਗਿਆ। ਸੰਨ 1965 ਦੇ ਇਮੀਗ੍ਰੇਸ਼ਨ ਅਤੇ ਰਾਸ਼ਟਰੀਅਤਾ ਐਕਟ ਨੇ ਇਨ੍ਹਾਂ ਪਾਬੰਦੀਆਂ ਹਟਾਉਂਦੇ ਹੋਏ ਹੁਨਰਾਂ ਅਤੇ ਪਰਿਵਾਰਕ ਪੁਨਰ-ਏਕੀਕਰਨ ਦੇ ਅਧਾਰ ‘ਤੇ ਪ੍ਰਵਾਸੀਆਂ ਲਈ ਅਮਰੀਕਾ ਗੈਰ-ਯੂਰਪੀਅਨਾਂ ਲਈ ਵੀ ਖੋਲ੍ਹ ਦਿੱਤਾ। ਇਸ ਲਈ, ਗ਼ਦਰੀਆਂ ਤੋਂ ਬਾਅਦ, ਗਿਣਤੀ ਦੇ ਕੁੱਝ ਪੰਜਾਬੀ ਕਵੀ ਉਨੀਂ ਸੌ 70ਵਿਆਂ ਦੌਰਾਨ ਅਮਰੀਕਾ ਆਏ, ਜਿਵੇਂ ਗੁਰੂਮੇਲ ਸਿੱਧੂ ਤੇ ਜਗਜੀਤ ਬਰਾੜ। ਆਮ ਆਉਣਾ, ਆਮ ਲੋਕਾਂ ਦੇ ਨਾਲ, ਉਨੀਂ ਸੌ 80ਵਿਆਂ ਵਿੱਚ ਸ਼ੁਰੂ ਹੋਇਆ, ਜਿਸ ਦੌਰਾਨ ਆਪਣੇ ਸਮੇਂ ਦਾ ਲਾਸਾਨੀ, ਯਾਨਿ unmatched, ਪੰਜਾਬੀ ਕਵੀ ਪਾਸ਼ ਜੁਲਾਈ 1986 ਨੂੰ ਅਮਰੀਕਾ ਦੇ ਸੂਬੇ ਕੇਲਿਫੋਰਨੀਆਂ ਪਹੁੰਚਿਆ। ਸੂਚਨਾ ਯੁੱਗ ਵਿੱਚ ਰਹਿੰਦੇ ਹੋਏ, ਸਾਨੂੰ ਕਿਸੇ ਵੀ ਕੌਮੀ ਜਾਂ ਸਥਾਨਿਕ ਮਸਲੇ ਜਾਂ ਮੁੱਦੇ ਨੂੰ ਕੌਮੀ/ਸਥਾਨਿਕ ਹਾਲਾਤਾਂ ਵਿੱਚ ਰੱਖ ਕੇ ਵਿਸ਼ਵ ਪ੍ਰਸੰਗ ਵਿੱਚ ਵਿਚਾਰਨਾ ਚਾਹੀਦਾ ਹੈ। ਇਸ ਭਾਵਨਾ ਨਾਲ, ਅਸੀਂ ਨੋਟ ਕਰਦੇ ਹਾਂ ਕਿ ਸਮਕਾਲੀ ਅਮਰੀਕੀ ਅੰਗਰੇਜ਼ੀ ਕਵਿਤਾ ਦੇ ਘੇਰੇ ਵਿੱਚ ਆਮ ਤੌਰ ‘ਤੇ 1945 ਤੋਂ ਲੈ ਕੇ ਅੱਜ ਤੱਕ ਲਿਖੀ ਗਈ ਕਵਿਤਾ ਆਉਂਦੀ ਹੈ। ਇਸ ਕਾਲ ਨੂੰ ਦੂਜੇ ਵਿਸ਼ਵ ਯੁੱਧ ਦੇ ਨਤੀਜਿਆਂ ਯਾਨਿ aftermath ਨੇ, ਅਤੇ ਉਸ ਤੋਂ ਬਾਅਦ ਦੇ ਸਮੇਂ ਨੂੰ ਪ੍ਰਤੀਬਿੰਬਤ ਕਰਦੀਆਂ ਵਿਭਿੰਨ ਸ਼ੈਲੀਆਂ ਤੇ ਥੀਮਾਂ ਦੀਆਂ ਸ਼੍ਰੇਣੀਆਂ ਨੇ, ਪ੍ਰਭਾਸ਼ਤ ਕੀਤਾ। ਇਸ ਸਮਕਾਲੀ ਕਵਿਤਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਰਹੀਆਂ ਨੇ: ਰਵਾਇਤੀ ਰੂਪਾਂ ਤੋਂ ਹਟਣਾ, ਨਿੱਜੀ ਤੇ ਸਮਾਜਿਕ ਮੁੱਦਿਆਂ ਦੀ ਖੋਜ, ਵਿਅਕਤੀਗਤ ਆਵਾਜ਼ਾਂ, ਪ੍ਰਯੋਗਾਤਮਕ ਤਕਨੀਕਾਂ ਨੂੰ ਅਪਣਾਉਣਾ, ਅਤੇ ਆਧੁਨਿਕ ਸੰਸਾਰ ‘ਤੇ ਧਿਆਨ ਕੇਂਦਰਿਤ ਕਰਨਾ। ਆਮ ਥੀਮਾਂ, ਯਾਨਿ themes, ਵਿੱਚ ਸ਼ਾਮਲ ਹਨ: 1) ਮਨੁੱਖੀ ਚੇਤਨਾ: ਮਨੁੱਖੀ ਮਨ ਅਤੇ ਅਨੁਭਵ ਦੀਆਂ ਗੁੰਝਲਾਂ ਦੀ ਪੜਚੋਲ ਕਰਨਾ ਅਤੇ 2) ਸਮਾਜਿਕ/ਰਾਜਨੀਨਿਕ ਮੁੱਦੇ: ਨਸਲਵਾਦ, ਯੁੱਧ, ਅਤੇ ਸੱਭਿਆਚਾਰਕ ਪਛਾਣ ਵਰਗੇ ਮੁੱਦਿਆਂ ਨੂੰ ਸੰਬੋਧਿਤ ਕਰਨਾ। ਇਨ੍ਹਾਂ ਵਿਸ਼ਵ ਪ੍ਰਸੰਗ ਦੀਆਂ ਕਾਵਿ-ਵਿਸ਼ੇਸ਼ਤਾਵਾਂ ‘ਤੇ ਵੀ ਅਸੀਂ ਅੱਖ ਰੱਖਾਂਗੇ, ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ਦਾ ਵਿਸ਼ਲੇਸਣ ਕਰਦੇ ਹੋਏ, ਪ੍ਰਗਤੀਸ਼ੀਲਤਾ ਦੇ ਸੰਦਰਭ ਵਿੱਚ। ਧਰਤੀ ਉੱਪਰ ਜਿੰਦਗੀ ਦੇ ਵਿਕਾਸ, ਯਾਣਿ evolution , ਦੌਰਾਨ ਮਨੁੱਖ ਦੇ ਪ੍ਰਗਟ ਹੋਣ ਤੋਂ ਬਾਅਦ, ਮਨੁੱਖੀ ਆਬਾਦੀ ਦੇ ਵਧਣ ਫੁੱਲਣ ਦੌਰਾਨ ਇਮੀਗ੍ਰੇਸ਼ਨ, ਜਿਹਨੂੰ ਪੰਜਾਬੀ ਵਿੱਚ ‘ਪਰਵਾਸ’ ਨੇ, ਗਲਤ ਤੌਰ ‘ਤੇ। ਇਮੀਗ੍ਰੇਸ਼ਨ ਤੋਂ ਭਾਵ ਮਨੁੱਖ ਜਾਂ ਮਨੁਖੀ-ਆਬਾਦੀ ਦਾ ਇਕ ਤੋਂ ਦੂਜੀ ਥਾਂ ਨੂੰ ਸਥਾਈ ਤੌਰ ‘ਤੇ ਤੁਰ ਜਾਣ ਦੀ ਪ੍ਰਕਿਰਿਆ ਹੁੰਦੀ ਹੈ, ਜਿਸਦੀ ਭੂਮੀਕਾ ਮਨੁੱਖੀ ਵਿਕਾਸ ਵਿੱਚ, ਕੁੱਲ ਮਿਲਾ ਕੇ, ਹਾਂ-ਪੱਖੀ ਰਹੀ ਹੈ। ਅਜੋਕੇ ਯੁੱਗ ਵਿੱਚ ਵੀ ਧਰਤੀ ਦੇ ਵੱਖ ਵੱਖ ਖਿੱਤਿਆਂ ਦੇ ਦੇਸ਼ਾ ਵਿੱਚ ਮਨੁੱਖਤਾ ਦੀ ਅਸਾਵੀਂ ਤਰੱਕੀ ਕਰਕੇ ਮੌਕਿਆਂ ਦੀ ਉਪਲੱਭਤਾ ਵਿੱਚ ਅਸਾਵੇਂਪਣ ਨੂੰ ਹੁੰਘਾਰਾ ਭਰਦੇ ਕੁਝ ਮਨੁੱਖ ਇੱਕ ਦੇਸ਼ ਤੋਂ ਦੂਜੇ ਦੇਸ਼ ਨੂੰ ਕੂਚ ਕਰ ਜਾਂਦੇ ਨੇ, ਸਥਾਈ ਤੌਰ ‘ਤੇ। ਜੇ ਪਹਿਲਾ ਦੇਸ਼ ਉਨ੍ਹਾਂ ਦਾ ਜਨਮ-ਭੂਮੀ ਦੇਸ਼ ਹੁੰਦਾ ਹੈ ਤੇ ਰਹਿੰਦਾ ਹੈ, ਅਤੇ ਦੂਜਾ ਦੇਸ਼, ਉਸ ਦੇ ਨਾਗਰਿਕ ਬਣਨ ਤੋਂ ਬਾਅਦ, ਉਨ੍ਹਾਂ ਦਾ ਨਵਾਂ ਦੇਸ਼ ਬਣ ਜਾਂਦਾ ਹੈ, ਉਨ੍ਹਾਂ ਦੀ ਚੋਣ ਦਾ ਦੇਸ਼। ਦੋਨੋਂ ਉਨ੍ਹਾਂ ਦੇ ਦੇਸ਼ ਹੁੰਦੇ ਨੇ, ਬਿਦੇਸ਼ ਕੋਈ ਨਹੀਂ ਹੁੰਦਾ। ਤੇ ਉਹ ਆਪਣੇ ਨਵੇਂ ਦੇਸ਼ ਦੇ ਨਾਗਰਿਕ ਹੁੰਦੇ ਨੇ, ਪਰਵਾਸੀ ਨਹੀਂ; ਪਰਵਾਸ ਤਾਂ ਇੱਕ ਪ੍ਰਕਿਰਿਆਂ ਹੈ, ਪਹਿਲੇ ਦੇਸ਼ ਤੋਂ ਦੂਜੇ ਦੇਸ਼ ਨੂੰ ਕੂਚ ਕਰਨ ਦੀ, ਜਿਸ ਵਿੱਚੋਂ ਉਹ ਗੁਜ਼ਰ ਚੁੱਕੇ ਹੁੰਦੇ ਨੇ। ਪਰ, ਪੰਜਾਬੀ ਸਾਹਿਤ ਦੀ ਪੰਜਾਬ/ਭਾਰਤ ਵਿੱਚਲੀ ਸਥਾਪਤੀ ਨੂੰ ਇਨ੍ਹ੍ਹਾਂ ਉੱਤਕ ਪ੍ਰੀਭਾਸ਼ਾਵਾਂ ਤੇ ਇਨ੍ਹਾਂ ਦੀ ਸਾਧਾਰਨ ਸਮਝ, ਯਾਣਿ common sense, ਦੀ ਕੋਈ ਪਰਵਾਹ ਨਹੀਂ ਸੀ, ਜਦੋਂ ਉਹ ਭਾਰਤ ਤੋਂ ਪੰਜਾਬੀ ਸਾਹਿਤਕਾਰਾਂ ਨੂੰ ਵੱਖ-ਵੱਖ ਦੇਸ਼ਾਂ ਨੂੰ ਕੂਚ ਕਰਦਿਆਂ, ਤੇ ਵੱਖ-ਵੱਖ ਦੇਸ਼ਾਂ ਵਿੱਚ ਪੰਜਾਬੀ ਲੇਖਕਾਂ ਦੀਆਂ ਜਥੇਬੰਦੀਆਂ ਨੂੰ ਉਗਮਦਿਆਂ, ਤੱਕ ਰਹੇ ਸਨ। ਦੁਨੀਆਂ ਭਰ ਵਿੱਚ ਫ਼ੈਲ ਰਹੇ ਪੰਜਾਬੀਆਂ, ਜਿਨ੍ਹਾਂ ਵਿੱਚ ਪੰਜਾਬੀ ਲੇਖਕ ਵੀ ਸ਼ਾਮਲ ਸਨ, ਕਾਰਨ ਗਲੋਬਲ ਬਣ ਪੰਜਾਬੀ ਬੋਲੀ ਉੱਪਰ ਆਪਣਾ ਗਲਬਾ ਤੇ ਇਜਾਰੇਦਾਰੀ ਖੁਸਣ ਦੇ ਭੈਅ ਵਿੱਚ ਉਨ੍ਹਾਂ ਦੇ ਦਿਲਾਂ ਨੂੰ ਡੋਬੂ ਪੈ ਰਹੇ ਸਨ। ਨਤੀਜਣ, ਉਨ੍ਹਾਂ ਨੇ ਇਮੀਗ੍ਰੇਸ਼ਨ, ਜਿਹਨੂੰ ਉਹ ਪਰਵਾਸ ਕਹਿੰਦੇ ਸਨ, ਦੀ ਪ੍ਰਕਿਰਿਆ ਨੂੰ ਜ਼ਿੰਦਗੀ ਭਰ ਦੀ ਉਪਾਧੀ, ਜਾਂ ਗਾਲ੍ਹ, ਵਿੱਚ ਬਦਲ ਦੇਣਾ ਚਾਹਿਆ। ਉਨ੍ਹਾਂ ਦਾ ਵੱਸ ਚੱਲਦਾ ਤਾਂ ਭਾਰਤ/ਪਾਕਿਸਤਾਨ ਤੋਂ ਬਾਹਰਲੇ, ਜ਼ਿਆਦਾਤਰ ਪੱਛਮੀ, ਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਸਾਹਿੱਤਕਾਰਾਂ ਦੇ ਗਲਾਂ ਵਿੱਚ ਪਟੇ ਪਾ ਕੇ ਉਨ੍ਹਾਂ ਉੱਪਰ ਲਿਖ ਦਿੰਦੇ: ਪਰਵਾਸੀ ਕਵੀ, ਪਰਵਾਸੀ ਕਹਾਣੀਕਾਰ, ਪਰਵਾਸੀ ਲੇਖਕ, ਪਰਵਾਸੀ ਸਾਹਿਤਕਾਰ, ਆਦਿ। ਬਾਹਰ ਵਸਦੇ, ਜੇ ਸਾਰੇ ਨਹੀਂ ਤਾਂ, ਬਹੁਤੇ ਪੰਜਾਬੀ ਸਾਹਿਤਕਾਰ ਸ਼ੁਰੂ ਤੋਂ ਹੀ ਜਾਣਦੇ ਰਹੇ ਨੇ ਕਿ ‘ਪਰਵਾਸੀ’ ਟਾਈਟਲ ਦੀ ਕੀ ਕਹਾਣੀ ਰਹੀ ਹੈ, ਪਰ ਉਨ੍ਹਾਂ ‘ਚੋਂ ਬਾਹਲੇ ਸਮਝੌਤੇ ਕਰ ਗਏ, ਕੁਝ ਨਿੱਜੀ ਲਾਹਾਂ ਲੈਣ ਲਈ ਵੀ, ਤੇ ਕੁਝ ਆਪਣੀ ਵਿੱਤ ਮੂਜਬ ‘ਪਰਵਾਸੀ’ ਟਾਈਟਲ ਜਾਂ ਗਾਲ੍ਹ ਦਾ ਵਿਰੋਧ ਕਰਦੇ ਰਹੇ। ਹੇਠਾਂ ਦੋ ਮੁਕਾਬਲਤਨ ਅਗੇਤੀਆਂ ਮਿਸਾਲਾਂ ਪੇਸ਼ ਨੇ। 1. “ਅਮਰੀਕਨ ਪੰਜਾਬੀ ਕਵਿਤਾ” ਦੀ ਪੁਸਤਕ ‘ਚੋਂ. “ਇਸ ਪੁਸਤਕ ਵਿੱਚ ਸ਼ਾਮਲ ਸਾਰੇ ਪੰਜਾਬੀ ਕਵੀ ਭੌਤਿਕ ਅਤੇ ਨਿਰਵਾਹਕ ਤੌਰ ‘ਤੇ ਅਮਰੀਕਾ ਦੀ ਮਿੱਟੀ ਨਾਲ ਬੱਝੇ ਹੋਏ ਹਨ ਪਰ ਇਹ ਮਾਨਸਿਕ ਤੌਰ ‘ਤੇ ਇਹ ਅਜੇ ਵੀ ਆਪਣਾ ਨਾੜੂ ਆਪਣੀ ਜੰਮਣ-ਭੋਂ ਨਾਲੋਂ ਕੱਟ ਨਹੀਂ ਸਕੇ। ਇਨ੍ਹਾਂ ਦਾ ਤਨ ਪਰਦੇਸੀ ਹੈ ਮਨ ਅਜੇ ਵੀ ਦੇਸੀ ਹੈ। ਇਸ ਲਈ ਇਨ੍ਹਾਂ ਕਵੀਆਂ ਨੂੰ ਸਹੀ ਅਰਥਾਂ ਵਿੱਚ ਪਰਦੇਸੀ, ਪਰਵਾਸੀ ਜਾਂ ਬਦੇਸ਼ੀ ਕਵੀ ਨਹੀਂ ਆਖਿਆ ਜਾ ਸਕਦਾ।”…(ਡਾ. ਗੁਰੂਮੇਲ, ‘ਗਲੋਬਲ ਸਰੋਕਾਰ ਅਤੇ ਕਵਿਤਾ’, ਸੰਪਾਦਕੀ, ‘ਸ਼ਬਦਾਂ ਦਾ ਸ਼ਗਨ’, ਪ੍ਰਕਾਸ਼ਕ: ਓਪੀਨੀਅਨ ਮੇਕਰਜ਼, ਅਪਰੈਲ 1999) ਇਸ ‘ਟੇਬਲਟਾਕ’ [5] ‘ਚੋਂ ਕੁਝ ਸੁਰਖ਼ੀਆਂ: ਸਾਧੂ ਬਿਨਿੰਗ: “ਪੰਜਾਬੀ ਬੋਲੀ ਇਕ ਗਲੋਬਲ ਬੋਲੀ ਬਣ ਗਈ ਹੈ। ਜਿਨ੍ਹਾਂ ਇੰਡੀਆ ਬੈਠੇ ਲੇਖਕਾਂ ਆਲੋਚਕਾਂ ਨਾਲ ਸਾਡਾ ਸੰਬੰਧ ਹੈ, ਉਨ੍ਹਾਂ ਨੂੰ ਇਹ ਗੱਲ ਐਕਸੈਪਟ ਕਰਨੀ ਅਜੇ ਜ਼ਰਾ ਮੁਸ਼ਕਿਲ ਲੱਗਦੀ ਹੈ ਕਿ ਉਨ੍ਹਾਂ ਦੀ ਪੰਜਾਬੀ ਉੱਪਰ ਮਨੌਪਲੀ ਨਹੀਂ ਹੈ।” ਰਵਿੰਦਰ ਸਹਿਰਾਅ: “ਪਰਵਾਸੀ ਲਫ਼ਜ਼ ਸਾਨੂੰ ਦਿੱਤਾ ਗਿਆ ਪੰਜਾਬ ਦੇ ਆਲੋਚਕਾਂ ਵਲੋਂ।… ਮੈਂ ਸਾਧੂ ਦੀ ਗੱਲ ਵਿਚ ਜ਼ਰਾ ਐਡ ਕਰਨਾ ਚਾਹੁੰਦਾ ਕਿ ਸਿਰਫ ਗੁਲਾਮ ਜ਼ਹਿਨੀਅਤ ਹੀ ਨਹੀਂ ਉਸਦੇ ਨਾਲ ਨਾਲ ਜਗੀਰੂ ਕਦਰਾਂ ਕੀਮਤਾਂ ਸਾਡੇ ਆਲੋਚਕਾਂ ਉੱਪਰ ਬਹੁਤ ਭਾਰੂ ਹਨ ਜੋ ਅਜਿਹੀ ਟਰਮਨੌਲੋਜੀ ਨੂੰ ਜਨਮ ਦਿੰਦੀਆਂ ਹਨ ਜਿਵੇਂ’ ‘ਉੱਚੀ ਪਧਰ ਦਾ ਸਾਹਿਤ’ ਜਾਂ ‘ਨੀਵੀਂ ਪਧਰ ਦਾ ਸਾਹਿਤ’। ਉੱਚੀ ਨੀਵੀਂ ਪੱਧਰ ਦੋਸਤੀ ਦੇ ਹਿਸਾਬ ਨਾਲ ਮਿੱਥੀ ਜਾਂਦੀ ਹੈ। ਬਹੁਤ ਆਲੋਚਕ ਖੋਜ ਕਰਨ ਦੀ ਕੋਸ਼ਿਸ਼ ਨਹੀਂ ਕਰਦੇ।” ਸਤਿੰਦਰ ਸਿੰਘ ਨੂਰ: “ਪਰਵਾਸੀ ਸ਼ਬਦ ਉਹ ਕੋਈ ਇੱਜ਼ਤ ਦੇ ਨਾਲ ਨਹੀਂ ਵਰਤ ਰਹੇ। ਬਿਲਕੁਲ ਜਿਵੇਂ ਮਹਾਂਤਮਾ ਗਾਂਧੀ ਨੇ ਸ਼ਬਦ ‘ਹਰੀਜਨ’ ਬਣਾ ਦਿੱਤਾ, ਸਿਚੁਏਸ਼ਨ ਉਹੀ ਹੈ। ਇਹ ਸਮਸਿਆ ਕਾਫੀ ਗੰਭੀਰ ਹੈ ਜੋ ਅਜ ਡਿਸਕੱਸ ਹੋ ਰਹੀ ਹੈ। ਇਹ ਕਾਫੀ ਦੇਰ ਪਹਿਲਾਂ ਡਿਸਕੱਸ ਹੋਣੀ ਚਾਹੀਦੀ ਸੀ। ਉਹ ਲੋਕ ਓਪੋਜ਼ ਰੋਣੇ ਚਾਰੀਦੇ ਹਨ ਜਿਵੇਂ ਫ਼ਰਜ਼ ਕਰੋ ਪਰਵਾਸ ਮੈਗਜ਼ੀਨ ਕੱਢ ਰਹੇ ਆ ਉਨ੍ਹਾਂ ਨੇ ਇਕ ਸਿਧਾਂਤਕ ਟਰਮ ਬਣਾ ਕੇ ਇਸਟੈਬਲਿਸ਼ ਕਰ ਦਿੱਤਾ। ਇਰ ਗੱਲ ਸੋਚੀ ਜਾਣੀ ਬੜੀ ਇੰਪਾਰਟੈਂਟ ਹੈ।” ਜਿਹੜੀਆਂ ਗੱਲਾਂ ਦਾ ਸਤਿੰਦਰ ਸਿੰਘ ਨੂਰ ਨੇ ਫ਼ਿਕਰ ਜ਼ਾਹਰ ਕੀਤਾ ਸੀ, ਉਹ ਤੇ ਉੱਦਾਂ ਦੀਆਂ ਹੋਰ ਇੱਕਵੀਂ ਸਦੀ ਵਿੱਚ ਵੀ ਵਾਪਰ ਰਹੀਆਂ ਰਹੀਆਂ ਨੇ। ਨੂਰ ਨੇ ਕਿਹਾ, “ਫ਼ਰਜ਼ ਕਰੋ ਪਰਵਾਸ ਮੈਗਜ਼ੀਨ ਕੱਢ ਰਹੇ ਆ…”, ਇੱਕ਼ੀਵੀਂ ਸਦੀ ਵਿੱਚ, ਫ਼ਰਜ਼ ਕਰਨ ਹੀ ਲੋੜ ਨਹੀਂ, ਕੇਵਲ ਪਰਵਾਸ ਮੈਗਜ਼ੀਨ ਹੀ ਨਹੀਂ ਨਿੱਕਲ ਰਿਹਾ, ਜਾਂ ਨਿੱਕਲ ਰਹੇ, ਸਗੋ ਗ਼ੈਰ-ਪਰਵਾਸੀ ਮੈਗਜ਼ੀਨ ਵੀ ਪਰਵਾਸੀ ਵਿਸ਼ੇਸ਼ ਅੰਕ ਕੱਢਦੇ ਰਹਿੰਦੇ ਨੇ, ਜਿਨ੍ਹਾਂ ਵਿੱਚ ਛਪਣ ਲਈ ਪਰਵਾਸੀ ‘ਹਰੀਜਨਾਂ’ ਦੀਆਂ ਕਤਾਰਾਂ ਲੱਗੀਆਂ ਰਹਿੰਦੀ ਨੇ। ਨੂਰ ਨੇ ਜਿਨ੍ਹਾਂ ਲੋਕਾਂ ਬਾਰੇ ਕਿਹਾ, “ਉਹ ਲੋਕ ਓਪੋਜ਼ ਰੋਣੇ ਚਾਰੀਦੇ ਹਨ”, ਉਨ੍ਹਾਂ ਲੋਕਾਂ ਨੂੰ ਤਾਂ ‘ਹਰੀਜਨ’ ਪੂਜਦੇ ਨੇ। ਉਹ ਲੋਕ ‘ਹਰੀਜਨਾਂ’ ਲਈ ਵਿਸ਼ੇਸ਼ ਮੈਗਜ਼ੀਨ ਹੀ ਨਹੀ ਕੱਢਦੇ, ‘ਹਰੀਜਨਾਂ’ ਨੂੰ ਵਿਸ਼ੇਸ਼ ਸਾਹਿਤਕ ਇਨਾਮ-ਸਨਮਾਨ ਵੀ ਦਿੰਦੇ ਨੇ। ‘ਉਹਨਾਂ’ ਦਾ ‘ਪਰਵਾਸੀ’ ਲੇਖਕਾਂ ਨਾਲ ‘ਹਰੀਜਨਾਂ’ ਵਾਲਾ ਵਰਤਾਓ ਅਕਸਰ ਨੰਗਾ ਹੋ ਜਾਂਦਾ ਹੈ, ਮਿਸਾਲ ਵਜੋ, ਜਦੋਂ ਉਹ ਕਦੀ ਸਾਹਿਤਕ ਮੈਗਜ਼ੀਨ ‘ਪਰਵਾਸ’ ਸਾਰਾ ਅੰਕ ‘ਹਰੀਜਨਾਂ’ ਦੀਆਂ ਸਾਹਿਤਕ ਕਿਰਤਾਂ ਦੀ ਥਾਂ ‘ਹਰੀਜਨਾਂ’ ਦੇ ਐਡਰੈੱਸਾਂ ਤੇ ਸੰਖੇਪ ਜੀਵੀਨੀਆਂ, ਯਾਣਿ bio’s, ਨਾਲ ਭਰ ਦਿੰਦੇ ਨੇ। ਖ਼ੈਰ, ‘ਪਰਵਾਸੀ’ ਦਾ ਸੰਕਲਪ, ਜਾਂ ‘ਨੂਰ’ ਅਨੁਸਾਰ ਸਿਧਾਂਤ ਯਾਣਿ ‘ਪਰਵਾਸਵਾਦ’, ਤਾਂ ਇੰਡੀਆ ਬੈਠੀ ਪੰਜਾਬੀ ਸਾਹਿਤ ਸਥਾਪਤੀ ਦੀ ਸਮੱਸਿਆ ਹੈ, ਅਸੀਂ ਬਾਹਲੇ ਸ਼ਪਸ਼ਟ ਹਾਂ ਪਛਾਣ ਬਾਰੇ। ਮਿਸਾਲ ਵਲੋਂ, ਹੁਣ ਤੱਕ, ਅਮਰੀਕੀ ਪੰਜਾਬੀ ਕਵਿਤਾ ਦੇ ਤਿੰਨ ਮੁੱਖ ਸਾਂਝੇ ਕਾਵਿ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਨੇ: ਅਮਰੀਕੀ ਪੰਜਾਬੀ ਕਵਿਤਾ (1993), ਸੰਪਾਦਕ: ਸੁਖਵਿੰਦਰ ਕੰਬੋਜ ਤੇ ਰਵਿੰਦਰ ਸਹਿਰਾਅ; ਅਮਰੀਕੀ ਪੰਜਾਬੀ ਕਵਿਤਾ-ਭਾਗ ਦੂਜਾ (2019), ਸੰਪਾਦਕ: ਸੁਖਵਿੰਦਰ ਕੰਬੋਜ, ਰਵਿੰਦਰ ਸਹਿਰਾਅ, ਤੇ ਕੁਲਵਿੰਦਰ; ‘ਸ਼ਬਦਾਂ ਦਾ ਸ਼ਗਨ’ (1999), ਜਿਹਨੂੰ ਇਸ ਦੇ ਸੰਪਾਦਕ ਡਾ. ਗੁਰੂਮੇਲ ਨੇ ਇਸ ਕਵਿਤਾ ਨੂੰ “ਅਜੋਕੀ ਅਮਰੀਕਨ ਪੰਜਾਬੀ ਕਵਿਤਾ” ਕਿਹਾ। ਇਸ ਤਰ੍ਹਾਂ, ਅਸਾਂ ਪੰਜਾਬੀ ਕਵੀਆਂ ਨੂੰ ਧੱਕਕੇ ਜੇ ਧਰਤੀ ਦੇ ਇਸ ਖੂੰਜੇ ਦੀ ਕੰਧ ਨਾਲ ਲਾ ਕੇ ਪੁੱਛਿਆ ਜਾਵੇ ਕਿ ਅਸੀਂ ਕੌਣ ਹਾਂ, ਤਾਂ ਸਾਡੀ ਜ਼ੁਬਾਨੋਂ ਨਿੱਕਲੇਗਾ: ਅਮਰੀਕੀ ਪੰਜਾਬੀ ਕਵੀ, ਨਾ ਕਿ ਪਰਵਾਸੀ ਕਵੀ। ਉੱਤਕ ਡੇਟਾ ਇਸ ਦਾਅਵੇ ਦੀ ਗਵਾਹੀ ਭਰਦਾ ਹੈ। ਅਕਸਰ ਬੰਦਾ ਜਦ ਆਪਣੀ ਮਾਤ-ਭੂਮੀ ਤੋਂ ਪਰਾਂ ਕਿਸੇ ਦੂਜੇ ਦੇਸ਼ ਜਾ ਵਸੇ ਤਾਂ ਇਸ ਪ੍ਰਕਿਰਿਆ ਦੌਰਾਨ ਬੰਦੇ ਨੂੰ ਮਾਤਭੂਮੀ ਦੀ ਯਾਣ ਸਤਾ ਸਕਦੀ ਹੈ, ਉਹ ਜਿੱਦਾਂ ਅੰਗਰੇਜ਼ੀ ਵਿੱਚ ਕਹਿੰਦੇ ਆ ਕਿ home sick, ਯਾਣਿ ਘਰ-ਬੀਮਾਰ, ਮਹਿਸੂਸ ਕਰ ਸਕਦਾ। ਜੇ ਬੰਦਾ ਕਵੀ ਹੋਵੇ ਤਾਂ ਘਰ-ਬੀਮਾਰਪੁਣੇ ਉੱਪਰ ਕਵਿਤਾਵਾਂ ਵੀ ਲਿਖ ਸਕਦਾ ਹੈ। ਜੇ ਇਹ ਹੱਦੋਂ ਪਰਾਂ ਵੱਧ ਜਾਏ, ਤਾਂ ਇਹ ਕਸਰ ਨੂੰ ਆਪਾਂ ਰੋਗ ਤਾਂ ਕਹਿ ਸਕਦੇ ਹਾਂ, ਪਰ ਇਹ ਬੰਦੇ ਨੂੰ ਪਰਵਾਸੀ ਨਹੀਂ ਬਣਾ ਦਿੰਦਾ, ਉਹ ਵੀ ਉਮਰ ਭਰ ਲਈ। ਜੇ ਇਹਨੂੰ ‘ਉਹ’ ਪਰਵਾਸ ਕਹਿੰਦੇ ਨੇ, ਤਾਂ ਚਲੋ ਉਹਨਾਂ ਨੂੰ ਖ਼ੁਸ਼ ਲਈ ਇਹਨੂੰ ਸਥਾਨਿਕ ਪਰਵਾਸ ਕਹਿ ਲਈਏ, ਕਿਉਂਕਿ ਇਹ ਸਥਾਨ ਦੇ ਕਰਕੇ ਹੈ। ਏਸੇ ਤਰਕ ਨਾਲ ਅਸੀਂ ਕਹਿ ਸਕਦੇ ਹਾਂ ਕਿ ‘ਉਹ’, ਯਾਣਿ ਇੰਡੀਆ ਬੈਠੇ ਲੇਖਕਾਂ, ਆਲੋਚਕ, ਤੇ ਸਾਹਿਤ-ਸਥਾਪਤੀ, ਸਾਰੇ ਨਹੀਂ ਤਾਂ ਕਰੀਬ ਸਾਰੇ ਸਮਾਇਕ ‘ਪਰਵਾਸਵਾਦ’ ਦੇ ਸ਼ਿਕਾਰ ਨੇ। ਪਰਵਾਸ ਕਿਹਤੋਂ? ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ, ਜਾਂ ਹਿੰਦੂ ਫ਼ਲਸਫ਼ੇ, ਅਨੁਸਾਰ “ਪਹਿਲਾਂ ਯੁੱਗ ਸੱਤਯੁਗ ਸੀ ਅਤੇ ਤ੍ਰੇਤਾ ਤੇ ਦੁਆਪਰ ਤੋਂ ਬਾਅਦ ਹੁਣ ਦਾ ਯੁੱਗ ਕਲਯੁੱਗ ਹੈ।” ਇਹ ਵਿਸ਼ਵਾਸ ਭੂਤਮੁੱਖੀ ਸੋਚ ਤੇ ਪਹੁੰਚ ਨੂੰ ਜਨਮ ਦਿੰਦਾ ਹੈ, ਜਿਹਦੇ ਧਾਰਨੀ ‘ਅੱਜ’ ਦੀਆਂ ਸਮੱਸਿਆਵਾਂ ਦੇ ਹੱਲ ਭੂਤ ਕਾਲ ਵਿੱਚੋਂ ਲੱਭਦੇ ਆ। ਜੇ ਸੱਤਯੁੱਗ ਤਾਂ ਪਿੱਛੇ ਰਹਿ ਗਿਆ, ਅੱਜ ਕਲਯੁੱਗ, ਯਾਣਿ ਭੈੜਾ ਯੁੱਗ, ਆ; ਤਾਂ ਪਿਛਲ-ਝਾਕ ਤਾਂ ਲੱਗਣੀ ਹੀ ਹੋਈ “ਭਲੇ ਜ਼ਮਾਨਿਆਂ” ਵੱਲ ਨੂੰ। ਮਿਸਾਲ ਦੇ ਤੌਰ ‘ਤੇ, ਸਾਡੇ ‘ਉਨ੍ਹਾਂ’ ਵਿੱਚੋਂ ਵੱਡਾ ਹਿੱਸਾ, ਵਾਰਿਸਸ਼ਾਹ, ਬਾਬਾ ਨਾਨਕ, ਬੁਲੇ ਸ਼ਾਹ, ਤੇ ਸ਼ਿਵ ਆਦਿ ਨੂੰ ਹਾਕਾਂ ਮਾਰਦੇ ਆ, ਜਾਂ ਉਨ੍ਹਾਂ ਨੂੰ ਮਾਰੀਆਂ ਜਾ ਰਹੀਆਂ ਹਾਕਾਂ ਉੱਪਰ ਤਾੜੀਆਂ ਮਾਰਦੇ ਨਹੀਂ ਥੱਕਦੇ। ‘ਉਹ’ ‘ਅੱਜ’ ਵਿੱਚ ਭੂਤ ਦੇ ਪਰਵਾਸੀ ਨੇ। ਅਸਲ ਵਿੱਚ, ਇੱਕ ਕੌਮ ਦੇ ਤੌਰ ‘ਤੇ, ਸਾਡਾ ਇਹ ਪਰਵਾਸ, ਯਾਣਿ ਭੂਤਮੁੱਖਤਾ ਵਾਲਾ ਪਰਵਾਸ ਮੂਲ ਹੈ; ਇੰਡੀਆ ਬੈਠਿਆਂ ਦਾ ਸਥਾਨਿਕ ਪਰਵਾਸ ਏਸੇ ਸਮਾਇਕ ਪਰਵਾਸ ‘ਚੋਂ ਨਿੱਕਲਦਾ ਹੈ ਜੋ ਉਹ ਸਾਡੇ ਸਿਰ ਮੜ੍ਹ ਦਿੰਦੇ ਨੇ, ਯਾਣਿ ਉਹ ਆਪਣੇ ਭੂਤਮੁੱਖਤਾ-ਪਰਵਾਸ, ਜਾਂ ਭੂਤ-ਪਰਵਾਸ ਦੀਆਂ ਅੱਖਾਂ ਨਾਲ ਸਾਨੂੰ ਦੇਖਦੇ ਨੇ ਤਾਂ ਅਸੀਂ ਉਨ੍ਹਾਂ ਨੂੰ ਪਰਵਾਸੀ ਦਿਸਦੇ ਹਾਂ। ਇਸ ਲਈ, ਮੈਂ ਕਹਿੰਦਾ ਹਾਂ ‘ਪਰਵਾਸ’ ਉਨ੍ਹਾਂ ਦੀ ਸਮੱਸਿਆ ਹੈ, ਜੋ ਸਾਨੂੰ ਪਰਵਾਸੀ ਕਹਿੰਦੇ ਨੇ। ਜਿਵੇਂ ਮੈਂ ਆਪਣੀ ਹਾਲੀਆ ਮੁਲਾਕਾਤ [6] ਵਿੱਚ ਕਿਹਾ ਹੈ ਕਿਓਂਕਿ ਸਾਡਾ ‘ਪਰਵਾਸਵਾਦ’ ਦਾ ਮੁੱਦਾ ਆਪਣੇ ਪਿਛਲੇ ਦੇਸ਼, ਜਾਂ ਇਹਦੇ ਲੇਖਕਾਂ, ਨਾਲ ਹੈ, ‘ਪਰਵਾਸਵਾਦ’ ਦੇ ਸਿੱਕੇ ਦਾ ਦੂਜਾ ਪਾਸਾ ਹੈ: ਬਸਤੀਵਾਦ। ਪੰਜਾਬ/ਭਾਰਤ ਵਸਦੇ ਪੰਜਾਬੀ ਲੇਖਕਾਂ/ਆਲੋਚਕਾਂ ਤੇ ਸਥਾਪਤੀ ਸਾਡੇ ਨਾਲ ਇਸ ਤਰ੍ਹਾਂ ਪੇਸ਼ ਆਉਂਦੇ ਨੇ, ਜਿਵੇਂ ਅਸੀਂ ਭਾਰਤ ਤੋਂ ਬਾਹਰਲੇ ਦੇਸ਼ਾ ਵਿੱਚ ਰਹਿਣ ਵਾਲੇ ਪੰਜਾਬੀ ਲੇਖਕ ਉਨ੍ਹਾਂ ਦੀਆਂ ਛੋਟੀਆਂ ਛੋਟੀਆਂ ਬਸਤੀਆਂ, ਯਾਣਿ ਕਲੋਨੀਆਂ, ਹੋਈਏ। ਮਿਸਾਲ ਉਹ ਸਾਨੂੰ ਦੱਸਦੇ ਨੇ ਅਸੀਂ ਪੰਜਾਬੀ ਸਾਹਿਤ ਵਿੱਚ ਕੀ ਕਰ ਸਕਦੇ ਹਾਂ ਤੇ ਕੀ ਨਹੀਂ। ਇੱਥੇ, ਪਿੱਛੇ ਜਿਹੇ ਇੰਡੀਆ ਤੋਂ ਇੱਕ ਲੇਖਕ ਬੰਦਾ ਆਇਆ ਸੀ, ਜਿਹਨੂੰ ਸਟੇਜ ਸਕੱਤਰ ਨੇ ਪੰਜਾਬੀ ਕਹਾਣੀਕਾਰ ਤੇ ਚਿੰਤਕ ਵਜੋਂ ਪੇਸ਼ ਕੀਤਾ ਅਸਾਂ ਅਮਰੀਕੀ ਪੰਜਾਬੀ ਲੇਖਕਾਂ ਦੀ ਮੀਟਿੰਗ ਵਿੱਚ। ਉਹ ਬਿਨ੍ਹਾਂ ਪੁੱਛਿਆਂ ਹੀ, ਸਾਨੂੰ ਦੱਸ ਗਿਆ ਕਿ ਅਸੀਂ ਪੰਜਾਬੀ ਵਿੱਚ ਕਵੀ ਤੇ ਕਹਾਣੀਕਾਰ ਤਾਂ ਬਣ ਸਕਦੇ ਆ, ਪਰ ਪੰਜਾਬੀ ਚਿੰਤਕ/ਆਲੋਚਕ ਨਹੀਂ। ਖੈਰ, ਮੈਂ ਜਿੱਦਾਂ ਆਪਣੀ ਮੁਲਾਕਾਤ [6] ਵਿੱਚ ਕਿਹਾ ਕਿ ਸਾਨੂੰ ਇੰਡੀਆ ਬੈਠਿਆਂ ਦੇ ਪਰਵਾਸਵਾਦੀ ਸੌੜੇਪਣ ਦੇ ਰੱਦ ਕਰਦੇ ਹੋਏ, ਅਪਣਾਉਣਾ ਚਾਹੀਦਾ ਹੈ ਅੰਤਰਰਾਸ਼ਟਰੀਵਾਦ, ਜਿਹਦਾ ਹਿੱਸਾ ਹੈ: ਵਿਸ਼ਵੀਕਰਨ, ਜਿਹਤੋਂ ਅੱਖਾਂ ਨਹੀਂ ਮੀਟੀਆਂ ਜਾ ਸਕਦੀਆ, ਕਿਉਕਿ ਇਹ ਹੋ ਰਿਹਾ ਆ; ਕਬੂਤਰਾਂ ਵਾਗੂੰ ਅੱਖਾਂ ਮੀਟਣ ਦੀ ਥਾਂ, ਸਾਨੂੰ ਇਸ ਨਾਲ ਸਿੱਧੇ ਮੱਥੇ ਟੱਕਰਨਾ ਚਾਹੀਦਾ ਹੈ। ਗਾਥਾ ਹਵਾਲਾ ਫਰੇਮਾਂ ਦੀ: ਪਰਵਾਸੀ ਜਾਂ ਸੰਸਾਰਵਾਸੀ? ਜਿਵੇਂ ਮੈਂ ਲੇਖ ਦੇ ਪਿਛਲੇ ਭਾਗ ਵਿੱਚ ਕਿਹਾ, ਇੰਡੀਆ ਬੈਠਿਆਂ ਲੇਖਕਾਂ, ਆਲੋਚਕਾਂ, ਤੇ ਸਥਾਪਤੀ ਨੂੰ ਅਸੀਂ, ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਲੇਖਕ, ਪਰਵਾਸੀ ਦਿਸਦੇ ਹਾਂ, ਕਿਉਂਕਿ ਉਹ ਸਾਨੂੰ ਆਪਣੀ ਭੂਤਮੁੱਖਤਾ ਦੀਆਂ ਅੱਖਾਂ ਨਾਲ ਦੇਖ ਰਹੇ ਹੁੰਦੇ ਨੇ। ਭੂਤਮੁੱਖਤਾ ਵਿਚ ਪਰਵਾਸ ਹੁੰਦਾ ਹੈ: ਭੂਤਕਾਲ ਤੋਂ ਵਰਤਮਾਨ ਨੂੰ ਪਰਵਾਸ। ਪੰਜਾਬ ਵਿੱਚ ਹੀ ਨਹੀਂ, ਭਾਰਤ ਵਿੱਚ ਕਿਧਰੇ ਵੀ ਜੰਮੇ ਲੋਕ, ਜਨਮੋ ਹੀ ਪਰਵਾਸੀ ਹੁੰਦੇ ਹਾਂ, ਕਿਉਂਕਿ ਭੂਤਮੁੱਖਤਾ ਵਿਰਸੇ ਵਿੱਚ ਮਿਲਦੀ ਹੈ, ਪੀੜ੍ਹੀ ਦਰ ਪੀੜ੍ਹੀ। ਕਿਉਂਕਿ ਅਸੀਂ ਜਨਮੋ ਹੀ ਪਰਵਾਸੀ, ਸਾਨੂੰ ਪਤਾ ਹੀ ਨਹੀਂ ਵਾਸੀ ਕਿੰਝ ਹੋਇਆ ਜਾਂਦਾ ਹੈ। ਭਾਰਤ ਦੇ ਅੰਦਰ ਹੀ ਕਿਸੇ ਸੂਬੇ ਤੋਂ ਭਾਰਤੀ ਨਾਗਰਿਕ ਕੋਈ ਮਜ਼ਦੂਰ ਸਾਡੇ ਸੂਬੇ ‘ਚੇ ਆ ਜਵੇ ਮਜ਼ਦੂਰੀ ਕਰਨ, ਤਾਂ ਅਸੀੰ ਉਹਨੂੰ ਵੀ ਪਰਵਾਸੀ ਕਹਿਦੇ ਆਂ, ਜੇ ਕੋਈ ਸਾਡੇ ਸੂਬੇ, ਤੇ ਭਾਰਤ, ਤੋਂ ਬਾਹਰਲੇ ਕਿਸੇ ਦੇਸ਼ ਨੂੰ ਚਲਿਆ ਜਾਵੇ, ਤਾਂ ਉਹ ਵੀ ਪਰਵਾਸੀ। ਅਸੀਂ ਖ਼ੁਦ ਮਨੋਂ ਪਰਵਾਸੀ, ਭੂਤਮੁੱਖਤਾ ਵਾਲੇ ਪਰਵਾਸੀ, ਇਸ ਲਈ, ਸਾਨੂੰ ਹਰ ਕੂਚ ਕਰਨੇ ਵਾਲਾ ਪਰਵਾਸੀ ਦਿਸਦਾ; ਜਿੱਦਾਂ ਸਾਵਣ ਦੇ ਅੰਨ੍ਹੇ ਨੂੰ ਹਰਾ ਹੀ ਹਰਾ ਦਿਖਾਈ ਦਿੰਦਾ ਹੈ। ਸੋ, ਇੰਡੀਆ ਵਿੱਚ ਜੰਮੇ ਅਸੀ ਕਰੀਬ ਸਾਰੇ ਭੂਤਮੁੱਖਤਾ ਦੇ ਸਦਾ-ਬਹਾਰ ਸਾਵਣ ਦੇ ਅੰਨ੍ਹੇ ਹੁੰਦੇ ਹਾਂ। ਭਾਰਤ ਵਿੱਚ ਤਾਂ ਅਸੀਂ ਅਕਸਰ ਭੂਤਮੁੱਖੀਏ ਹੁੰਦੇ ਹਾਂ, ਭੂਤਮੁੱਖੀਆਂ ਵਿਚਕਾਰ, ਜਾਂ ਭੂਤਮੁੱਖੀਏ ਸਮਾਜ ਵਿੱਚ, ਰਹਿ ਰਹੇ। ਹੁਣ ਜਿਹੜੇ ਅਸੀਂ ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਲੇਖਕ ਹਾਂ, ਜਿੱਦਾਂ ਮੈਂ ਆਪਣੀ ਮੁਲਾਕਾਤ [6] ਵਿੱਚ ਕਿਹਾ, ਇਸ ਰਹਿਣੇ ਸੰਗ ਭੂਤਮੁੱਖੀ ਸੋਚ ਤੇ ਪਹੁੰਚ ਨਾਲ ਨਾ ਨਿਪਟੀਏ, ਤਾਂ ਪੰਜਾਬੀ ਸਾਹਿਤ ਦੀ ਸਥਾਪਤੀ ਵਲੋਂ ਸਾਡੇ ਉੱਪਰ ਸੁੱਟੇ ‘ਪਰਵਾਸਵਾਦ’ ਦੇ ‘ਸਰਾਪ’ ਦਾ ਸ਼ਿਕਾਰ ਹੁੰਦੇ ਰਵ੍ਹਾਂਗੇ। ਵਿਸ਼ਵ ਪੱਧਰ ‘ਤੇ, ਸਾਡੇ ਵਿੱਚੋਂ ਭਾਰੀ-ਗਿਣਤੀ, ਜੇ ਕਰੀਬ ਸਾਰੇ ਨਹੀਂ, ਉਸ ‘ਪਰਵਾਸਵਾਦ’ ਦਾ ਸ਼ਿਕਾਰ ਆਂ। ਲੇਕਿਨ, ਬਾਹਰ ਆਉਣ ਕਰਕੇ, ਸਾਨੂੰ ਮਿਲੇ ਇਸ ‘ਸਰਾਪ’ ਦੀ ਹੋਣੀ ਅਟੱਲ ਨਹੀਂ। ਇਸ ਨੂੰ ਅਸੀਂ ਬਦਲ ਸਕਦੇ ਹਾਂ ‘ਵਰਦਾਨ’ ਹੋਣੀ ਵਿੱਚ। ਕਿੱਦਾਂ? ਭੂਤਮੁੱਖੀ ਦੀ ਥਾਂ ਭਵਿੱਖਮੁੱਖੀ ਸੋਚ ਤੇ ਪਹੁੰਚ ਅਪਣਾ ਕੇ, ਜਿਸ ਦੇ ਅਨੁਸਾਰ ਅਸੀਂ ਆਪਣੀ ਸੋਚ ਨੂੰ ਪਿਛਲ-ਝਾਤ ਦੇ ਕੀਲ੍ਹੇ ਨਾਲ ਨਾ ਬੰਨਦੇ ਹੋਏ, ਅੱਜ ਦੇ ਮੁੱਦਿਆਂ ਤੇ ਮਸਲਿਆਂ ਦੇ ਹੱਲ ਭੂਤ ‘ਚੋਂ ਤਲਾਸ਼ਣ ਦੀ ਬਜਾਇ, ਮੁੱਦਿਆਂ ਤੇ ਮਸਲਿਆਂ ਨੂੰ ਉਨ੍ਹਾਂ ਦੇ ਮੌਜੂਦਾ ਲੋਕਲ ਹਾਲਾਤਾਂ ਵਿੱਚ ਰੱਖ ਕੇ, ਉੱਚਿੱਤ ਵਿਸ਼ਵ ਪ੍ਰਸੰਗ ਵਿੱਚ, ਵਿਗਿਆਨਕ ਸੋਚ ਦੀ ਲੋਏ, ਉਨ੍ਹਾਂ ਦੇ ਹੱਲ ਖੋਜਾਂਗੇ। ਇੰਝ ਕਰਨਾ ਇੱਧਰ ਮੁਸ਼ਕਲ ਨਹੀਂ। ਭਾਰਤ ਦੇ ਭੂਤਮੁੱਖੀਆਂ ਅਵਾਂਗ, ਇਧਰਲੇ ਸਮਾਜਾਂ ਵਿੱਚ ਅਕਸਰ ਬਾਹਲੇ ਬੰਦਿਆਂ ਤੇ ਅਦਾਰਿਆਂ ਨੇ ਉੱਤਕ ਵਿਗਿਆਨਕ ਤੇ ਭਵਿੱਖਮੁੱਖੀ ਸੋਚ ਤੇ ਪਹੁੰਚ ਨੂੰ ਅਪਨਾ ਲਿਆ ਹੁੰਦਾ ਹੈ, ਘੱਟੋ ਘੱਟ ਕਿਸੇ ਨਾ ਕਿਸੇ ਹੱਦ ਤੀਕਰ, ਆਪਣੀ ਲੋੜਾਂ ਪੂਰੀਆਂ ਕਰਨ ਲਈ, ਤੇ ਆਪਣੀ ਹੋਂਦ ਬਹਾਲ ਰੱਖਦੇ ਹੋਏ, ਵਧਣ ਫੁੱਲਣ ਲਈ। ਵਿਗਿਆਨਕ ਤੇ ਭਵਿੱਖਮੁੱਖੀ ਸੋਚ ਤੇ ਪਹੁੰਚ ਸਾਨੂੰ ‘ਪਰਵਾਸਵਾਦ’ ਦੇ ‘ਸਰਾਪ’ ਤੋਂ ਮੁਕਤ ਕਰਵਾ ਦਿੰਦੀ ਆ; ਤੇ ਅਸੀਂ ਪਰਵਾਸੀ ਹੋਣ ਦੇ ਕੱਫ਼ਣ ‘ਚੋਂ ਨਿੱਕਲ ਕੇ ਆਪਣੇ ਇੱਧਰਲੇ ਨਵੇਂ ਦੇਸ਼/ਸਮਾਜ ਦੇ ਵਾਸੀ ਬਣ ਅੱਜ ਵਿੱਚ ਜੀਣ ਲੱਗ ਪੈਂਦੇ ਆਂ। ਆਪਣੇ ਹੀ ਸਿਰਫ ਪੰਜਾਬੀ/ਭਾਰਤੀ ਭਾਈਚਾਰੇ ਤੱਕ ਹੀ ਸੀਮਿਤ ਨਾ ਰਹਿ ਕੇ, ਘੇਰਾ ਵਿਸ਼ਾਲ ਕਰਦੇ ਹੋਏ, ਇਸ ਸਮਾਜ/ਦੇਸ਼ ਦੇ ਸਮਾਜਿਕ ਤੇ ਰਾਜਨੀਨਿਕ ਜੀਵਨ ਵਿੱਚ ਦਿਲਚਸਪੀ, ਸੰਭਾਵਿਤ ਹਿੱਸਾ, ਲੈਣ ਲੱਗ ਜਾਂਦੇ ਆਂ; ਇਸ ਦੇਸ਼ ਤੇ ਧਰਤੀ ਦੇ ਇਸ ਖ਼ਿੱਤੇ ਦੇ ਇਤਿਹਾਸ ਬਾਰੇ ਜਾਗਰੂਕ ਹੋਣ ਲੱਗਦੇ ਆਂ, ਇਤਿਆਦਿ। ਇੰਝ ਚੱਲਦੇ ‘ਅੱਜ’ ਦੇ ਤੇ ‘ਅੱਜ’ ਤੱਕ ਦੇ ਜੀਵਨ ਤਜਰਬੇ ਤੋਂ ਉੱਸਰਣ ਲੱਗਦਾ ਹੈ, ਇੱਕ ਨਵਾਂ ਤੇ ਅਲਿਹਦਾ ਸੋਚ ਹਵਾਲਾ-ਫਰੇਮ, ਯਾਣੀ thinking reference frame। ਇੰਝ ਇਹ ਵਿਗਿਆਨਕ ਤੇ ਭਵਿੱਖਮੁੱਖੀ ਸੋਚ ਤੇ ਪਹੁੰਚ ਸਾਨੂੰ ਬਿੱਲਕੁੱਲ ਨਵਾਂ, ਜਾਣਿ brand new, ਤੇ ਅਲਿਹਦਾ ਹਵਾਲਾ-ਫਰੇਮ ਮੁਹੱਈਆ ਕਰਦੀ ਹੈ, ਜਿਹੜਾ ਪੁਰਾਣੇ ‘ਭੂਤਮੁੱਖੀ ਹਵਾਲਾ-ਫਰੇਮ’ ਦੀ ਥਾਂ ਲੈ ਲੈਂਦਾ ਹੈ [6]। ਇਹ ਹਵਾਲਾ-ਫਰੇਮ ਹੀ ਵਰਦਾਨ ਹੈ, ਭਵਿੱਖਮੁੱਖੀ ਸੋਚ ਦਾ ਸਾਡੇ ਲਈ; ਇਸ ਦੇ ਸੁਭਾਅ ਤੇ ਘੇਰੇ (scope) ਵਜੋਂ, ਜਿਸ ਨੂੰ ਅਸੀਂ ‘ਵਿਸ਼ਵ ਹਵਾਲਾ-ਫਰੇਮ’ ਕਹਿ ਸਕਦੇ ਆ। ਜੇ ਅਸੀਂ ਇੰਡੀਆ ਦੀ ਸਥਾਪਤੀ ਵਲੋਂ ਸਾਡੇ ਉੱਪਰ ਥੋਪੇ ਪਰਵਾਸਵਾਦ ਦੇ ਕੱਫ਼ਣ ਕੈਦ ਨਾ ਹੋਈਏ, ਤਾਂ ਇਧਰਲੇ ਵਸਣੇ/ਜੀਣੇ ਵਿੱਚੋਂ ਇਹ ‘ਵਿਸ਼ਵ ਹਵਾਲਾ-ਫਰੇਮ’ ਕਿਸੇ ਹੱਦ ਤੱਕ ਆਪ ਹੀ ਉਸਰਨ ਲੱਗ ਜਾਂਦਾ ਹੈ। ਇਹ ਨਵਾਂ ਹਵਾਲਾ-ਫਰੇਮ ਹਰ ਖੇਤਰ ਵਿੱਚ ਬੰਦੇ ਦੀ ਸੋਚ ਨੂੰ ਪ੍ਰਭਾਵਿਤ ਕਰਦਾ ਹੈ, ਪਰ ਇੱਥੇ ਅਸੀਂ ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ਦੀ ਗੱਲ ਕਰ ਰਹੇ ਹਾਂ। ਮਿਸਾਲ ਵਜੋਂ ਰੁੱਖ, ਆਪਣੀ ਸਥਿਰਤਾ ਤੇ ਜੜ੍ਹਤਾ ਕਰਕੇ ਬੇਬੱਸ ਤੇ ਕਮਜ਼ੋਰ, ਯਾਨਿ vulnerable, ਹੁੰਦਾ ਹੈ, ਮਨੁੱਖ ਦੀ ਨਜ਼ਰੋਂ; ਇਸ ਕਰਕੇ ਗ਼ੁਲਾਮ ਦਾ ਉਚਿਤ ਬਿੰਬ ਬਣਦਾ ਹੈ। ‘ਰੁੱਖ’ ਨੂੰ ਗ਼ੁਲਾਮ ਜਾਂ ਗ਼ੁਲਾਮੀ ਦੇ ਪ੍ਰਤੀਕ ਵਜੋਂ, ਸੁਚੇਤ ਜਾਂ ਅਚੇਤ ਤੌਰ ‘ਤੇ, ਵਰਤਣਾ ਪੰਜਾਬੀ ਕਵਿਤਾ ਵਿੱਚ ਫ਼ਰੀਦ-ਕਾਵਿ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਇਕਸਾਰਤਾ ਦਾ ਸਿਧਾਂਤ ਵਰਤਕੇ ਦਿਖਾਇਆ ਜਾ ਸਕਦਾ ਹੈ ਕਿ ਪੰਜਾਬੀ ਕਵਿਤਾ ਵਿੱਚ ਆਮ ਤੌਰ ‘ਤੇ ‘ਰੁੱਖ’ ਗ਼ੁਲਾਮ ਜਾਂ ‘ਗ਼ੁਲਾਮ ਮਾਨਸਿਕਤਾ’ ਦੇ ਬਿੰਬ ਵਜੋਂ ਅਸਲੋਂ ਹੀ ਵਰਤਿਆ ਜਾਂਦਾ ਰਿਹਾ ਹੈ [4]; ਪੰਜਾਬੀ ‘ਗ਼ੁਲਾਮ ਮਾਨਸਿਕਤਾ’ ਕਾਵਿ ਦਾ ਸੱਭ ਪਿਆਰਾ ਗ਼ੁਲਾਮੀ-ਬਿੰਬ[3, 4]। ਪੰਜਾਬੀ ਕਵਿਤਾ ਵਿੱਚ, ਬਹੁਤੀ ਵਾਰੀ ਜਦ ਕੋਈ ਕਾਵਿ-ਟੋਟਾ ‘ਰੁੱਖ’ ਬਿੰਬ ਵਰਤਦਾ ਹੈ, ਤਾਂ ਉਹ ‘ਗ਼ੁਲਾਮ ਮਾਨਸਿਕਤਾ’ ਕਾਵਿ ਹੁੰਦਾ ਹੈ, ਪਰ ਹਰ ਵਾਰੀ ਨਹੀਂ। ਇਹ ਇਸ ਕਾਰਕ ‘ਤੇ ਨਿਰਭਰ ਕਰਦਾ ਹੈ ਕਿ ਬਿੰਬ ਲਾਗੂ ਕਿਸ ਤਰ੍ਹਾਂ ਕੀਤਾ ਜਾਂਦਾ ਹੈ। ਆਮ ਤੌਰ ‘ਤੇ, ਰੁੱਖ ਜਾਂ ਹੋਰ ਲੱਛਣ ਵਰਤ ਕੇ, ਜੋ ਕਾਵਿ-ਟੋਟਾ ਗ਼ੁਲਾਮੀ ਜਾਂ ‘ਗ਼ੁਲਾਮ ਮਾਨਸਿਕਤਾ’ ਦਾ ਪ੍ਰਸਾਰ ਜਾਂ ਪ੍ਰਚਾਰ ਕਰਦਾ ਹੈ, ਉਹ ‘ਗ਼ੁਲਾਮ ਮਾਨਸਿਕਤਾ’ ਕਾਵਿ ਦਾ ਹਿੱਸਾ ਹੁੰਦਾ ਹੈ। ਪਰ, ਜੇ ਕਾਵਿ-ਟੋਟਾ ਵਿੱਚ ਕੋਈ ਗ਼ੁਲਾਮੀ ਹੰਢਾਉਂਦਾ ਹੈ, ਤੇ ਇਹ ਵਿਅੰਗ ਜਾਂ ਕਿਸੇ ਹੋਰ ਰੂਪ ਵਿੱਚ ਗ਼ੁਲਾਮੀ ਦਾ ਵਿਰੋਧ, ਜਾਂ ਇਸ ਨੂੰ ਨੰਗਿਆਂ, ਕਰ ਰਿਹਾ ਹੋਵੇ, ਤਾਂ ਉਹ ਕਾਵਿ-ਟੋਟਾ ‘ਗ਼ੁਲਾਮ ਮਾਨਸਿਕਤਾ’ ਕਾਵਿ ਦਾ ਹਿੱਸਾ ਨਹੀਂ ਹੁੰਦਾ ਹੈ। ਪੰਜਾਬੀ ਇਸ ਤਰ੍ਹਾਂ ਦੀਆਂ ਕਵਿਤਾਵਾਂ ਵਿਰਲੀਆਂ ਨੇ ਜਿਨ੍ਹਾਂ ਵਿੱਚਲੇ ਰੁੱਖ ਉਨ੍ਹਾਂ ਨੂੰ ਪ੍ਰਗਤੀਸ਼ੀਲ ਕਵਿਤਾਵਾਂ ਬਣਾ ਦੇਣ। ਹਾਲਾਂਕਿ ਐਸੀ ਇੱਕ ਮਿਸਾਲ, ਸ਼ਿਵ ਕੁਮਾਰ ਦੀ ਕਵਿਤਾ ‘ਫਾਂਸੀ’ ਵਿੱਚਲਾ ਰੁੱਖ ਹੈ, ਜੋ ਕਵਿਤਾ ਨੂੰ ‘ਗ਼ੁਲਾਮ ਮਾਨਸਿਕਤਾ’ ਕਾਵਿ ਦਾ ਹਿੱਸਾ ਬਣਾਉਣ ਦੀ ਥਾਂ ਪ੍ਰਗਤੀਸ਼ੀਲ ਕਵਿਤਾ ਬਣਾ ਦਿੰਦਾ ਹੈ, ਕਿਉਂਕਿ ਇਸ ਰੁੱਖ ਦੇ ਪੈਰ ਹਨ ਤੇ ਉਹ ਹੋਰਾਂ ਰੁੱਖਾਂ ਨੂੰ ਨਿਜ਼ਾਮ ਦੀ ਗ਼ੁਲਾਮੀ ਵਿਰੁੱਧ ਜਥੇਬੰਦ ਕਰਦਾ ਹੈ [3]। ਪੰਜਾਬੀ ਕਵਿਤਾ ਵਿੱਚ ਗ਼ੁਲਾਮੀ-ਬਿੰਬ ਰੁੱਖ ਨੂੰ ਵਰਤ ਕੇ ‘ਗ਼ੁਲਾਮ ਮਾਨਸਿਕਤਾ’ ਕਾਵਿ ਉਪਜਾਉਣ ਦੀ ਰੀਤ ਪੰਜਾਬੀ ਦੇ ਪਹਿਲੇ ਜਾਣੇ ਜਾਂਦੇ ਪ੍ਰਮੁੱਖ ਕਵੀ ਸ਼ੇਖ ਫ਼ਰੀਦ ਤੋਂ ਹੀ ਸ਼ੁਰੂ ਹੋ ਗਈ ਸੀ; ਮਿਸਾਲ ਵਜੋਂ ਉਹ ਕਹਿੰਦੇ ਨੇ: ਉੱਤਕ ਕਾਵਿ-ਟੋਟਾ ਵਿਚਲਾ ‘ਮੈਂ’ ਰੁੱਖ ਦੀ ਸਮਾਧੀ ਜੈਸੀ ਜ਼ਿੰਦਗੀ ਲੋਚਦਾ ਹੈ, ਯਾਣਿ ਪੂਰੀ ਬੰਦਿਸ਼ ਵਾਲੀ ਜ਼ਿੰਦਗੀ; ਰੁੱਖ ਆਮ ਅਵੱਸਥਾ ਵਿੱਚ ਕੁੱਝ ਤਾਂ ਆਜ਼ਾਦੀ ਮਾਣ ਸਕਦਾ ਹੈ: ਮਿਸਾਲ ਵਜੋਂ ਧੁੱਪ ਵੱਲ ਨੂੰ ਵਧ ਸਕਦਾ ਹੈ, ਹਵਾ/ਨ੍ਹੇਰੀ ਸੰਗ ਝੂਲ ਸਕਦਾ ਹੈ, ਫੁੱਲ/ਫ਼ਲ/ਪੱਤੇ ਗੁਰੂਤਾ ਦੀ ਝੋਲੀ ਪਾ ਜਮੀਂ ‘ਤੇ ਸੁੱਟ ਸਕਦਾ ਹੈ, ਆਦਿ। ਪਰ, ਸਮਾਧੀ ਲੱਗਾ ਰੁੱਖ ਇਸ ਸੱਭ ਵੀ ਨਹੀਂ ਕਰ ਸਕਦਾ, ਮੂਕ ਅਵੱਸਤਾ ਵਿੱਚ ਹੁੰਦਾ ਹੁੰਦਾ ਹੈ, ਮਾਨੋ ਗ਼ੁਲਾਮੀ ਦੀ ਸਿਖਰ ਦਾ ਬਿੰਬ: ਸਮਾਧੀ ਲੱਗਾ ਰੁੱਖ। ਉੱਤਕ ਦੋਵੇ ਟਾਈਟਲ ਮਿਸਾਲਾਂ, ਪੰਜਾਬੀ ਕਵਿਤਾ ਵਿੱਚ ਗ਼ੁਲਾਮੀ-ਬਿੰਬ ਰੁੱਖ ਨੂੰ ਵਰਤ ਕੇ ‘ਗ਼ੁਲਾਮ ਮਾਨਸਿਕਤਾ’ ਕਾਵਿ ਉਪਜਾਉਣ ਦੀ ਰੀਤ ਨੂੰ ਜਾਰੀ ਰੱਖਦੀਆਂ ਜੋ ਸ਼ੇਖ ਫ਼ਰੀਦ ਦੇ ਸਮੇਂ ਤੋਂ ਚਲੀ ਆਉਂਦੀ ਹੈ। ਇਹ ਦੋਵੇਂ ‘ਭੂਤਮੁੱਖੀ ਹਵਾਲਾ-ਫਰੇਮ’ ਵਿੱਚ ਹੀ ਵਾਪਰਦੀਆਂ ਹਨ, ਕਿਉਂਕਿ ਸਦੀਆਂ ਪੁਰਾਣੀ ਗ਼ੁਲਾਮੀ ਜਾਂ ‘ਗ਼ੁਲਾਮ ਮਾਨਸਿਕਤਾ’ ਰੀਤ ਨੂੰ ਢੋਂਦੇ ਰਹਿਣ ਲਈ ਭੂਤਮੁੱਖੀ ਸੋਚ ਤੇ ਪਹੁੰਚ ਦਾ ਹੋਣਾ ਜ਼ਰੂਰੀ ਹੈ। ਹੁਣ, ਉੱਤਕ ਟਾਈਟਲਾਂ ‘ਬਿਰਖ ਅਰਜ਼ ਕਰੇ’ ਤੇ ‘ਰੁੱਖ ਤੇ ਰਿਸ਼ੀ’ ਦੀ ਤੁਲਨਾ ਕਰੋ ਟਾਈਟਲ ‘ਬਿਰਛਾਂ ਅੰਦਰ ਉੱਗੇ ਖ਼ੰਡਰ’ ਨਾਲ, ਟਾਈਟਲ ਪੱਧਰ ‘ਤੇ ਹੀ। ਪ੍ਰਸ਼ਨ: ਬਿਰਛਾਂ ਅੰਦਰ ਖ਼ੰਡਰ ਉੱਗਾਉਣ ਦੀ ਕੀ ਜ਼ਰੂਰਤ ਪੈ ਗਈ? ਇਸ ਨੁਕਤੇ ‘ਤੇ, ਪਹਿਲਾਂ ਇਸ ਗੱਲ ‘ਤੇ ਸਹਿਮਤ ਹੋ ਲਈਏ ਕੋਈ ਰਚਨਾ ਭਾਵੇਂ ਵਿਗਿਆਨ/ਟੈਕਨਾਲੋਜੀ ਦੇ ਖ਼ੇਤਰ ਵਿੱਚ ਹੋਵੇ, ਚਾਹਵੇ ਆਰਟ/ਕਲਾ ‘ਚੇ, ਜੇ ਉਸ ਨੂੰ ਉਸਾਰਣ ਵਿੱਚ ਕਲਪਨਾ-ਉਡਾਰੀ ਸ਼ਾਮਲ ਹੁੰਦੀ ਹੈ, ਤਾਂ ਉਸ ਦੀ ਉਸਾਰੀ ਪ੍ਰਕਿਰਿਆ ਵਿੱਚ ਅਕਸਰ ਸੁਚੇਤ ਤੇ ਅਚੇਤ ਦੋਨੋਂ ਮਨ ਸ਼ਾਮਲ ਹੁੰਦੇ ਨੇ। ਰਿਵਾਇਤੀ ਤੌਰ ‘ਤੇ ਤਾਂ ਸਧਾਰਨ ਰੁੱਖ ਗ਼ੁਲਾਮੀ-ਬਿੰਬ ਹੈ। ਹਰਿਭਜਨ ਸਿੰਘ ਸਧਾਰਨ ਰੁੱਖ ਨਾਲ ਰਿਸ਼ੀ ਜੋੜ ਕੇ, ਇੰਝ ਰੁੱਖ ਦੀ ਸਮਾਧੀ ਲੱਗਵਾ ਕੇ, ਉਹਦੀ ਗ਼ੁਲਾਮੀ ਨੂੰ ਹੋਰ ਵੀ ਤੀਖਣ ਕਰ ਦਿੰਦਾ ਹੈ, ਤੇ ਇਸ ਤਰ੍ਹਾਂ ਫਿਰ ਵੀ ‘ਭੂਤਮੁੱਖੀ ਹਵਾਲਾ-ਫਰੇਮ’ ਵਿੱਚ ਹੀ ਰਹਿੰਦਾ ਹੈ। ਪਰ, ਇਹਦੇ ਉਲਟ, ਸ਼ਿਵ ਕੁਮਾਰ ਦੀ ਕਵਿਤਾ ‘ਫਾਂਸੀ’ ਵਿੱਚ, ਰੁੱਖ ਦੇ ਪੈਰ ਨੇ, ਇੰਝ ਉਹ ਜੜ੍ਹਤਾ ਤੋੜ੍ਹ ਕੇ, ਹੋਰ ਰੁੱਖਾਂ ਨੂੰ ਨਿਜ਼ਾਮ ਦੀ ਗ਼ੁਲਾਮੀ ਵਿਰੁੱਧ ਜਥੇਬੰਦ ਕਰਦਾ ਹੈ; ਕਵਿਤਾ ਪ੍ਰਗਤੀਸ਼ੀਲ ਬਣ ਜਾਂਦੀ ਹੈ [3]। ਨਿਸ਼ਚੇ ਹੀ, ਇਸ ਕਵਿਤਾ ਵਿੱਚ, ਸ਼ਿਵ ਕੁਮਾਰ ‘ਭੂਤਮੁੱਖੀ ਹਵਾਲਾ-ਫਰੇਮ’ ਦੀ ਥਾਂ, ‘ਭਵਿੱਖਮੁੱਖੀ ਹਵਾਲਾ-ਫਰੇਮ’ ਵਿੱਚ ਵਿਚਰ ਰਿਹਾ ਹੈ। ਉੱਤਕ ਪ੍ਰਸੰਗ ਵਿੱਚ, ਅਸੀਂ ‘ਬਿਰਛਾਂ ਅੰਦਰ ਉੱਗੇ ਖ਼ੰਡਰ’, ਅਮਰੀਕੀ ਪੰਜਾਬੀ ਕਵੀ ਕੁਲਵਿੰਦਰ ਦੇ ਪਹਿਲੇ ਗਜ਼ਲ-ਸੰਗ੍ਰਹਿ ਦਾ ਟਾਈਟਲ, ਬਾਰੇ ਕੀ ਕਹਿ ਸਕਦੇ ਹਾਂ? ਫਿਰ ਉਹੀ ਪ੍ਰਸ਼ਨ: ਬਿਰਛਾਂ ਅੰਦਰ ਖ਼ੰਡਰ ਉੱਗਾਉਣ ਦੀ ਕੀ ਜ਼ਰੂਰਤ ਪੈ ਗਈ? ਕਵੀ, ਚਾਹੇ ਸੁਚੇਤ ਜਾਂ ਅਚੇਤ ਮਨ ਨਾਲ ਕਰ ਰਿਹਾ ਹੋਵੇ, ਕੋਈ ਫ਼ਰਕ ਨਹੀਂ ਪੈਂਦਾ, ਉਹ ਬਿਰਛ ਵਿੱਚ ਖ਼ੰਡਰ ਪਾਉਂਦਾ ਹੈ ਬਿਰਛ ਦੇ ਪਛਾਣ ਪੱਤਰ ਵਜੋਂ। ਇਹ ਪਛਾਣ ਪੱਤਰ ਦੋਹਰਾ, ਯਾਣਿ dual, ਹੈ। ਇੱਕ ਪਾਸਿਓਂ ਕਹਿੰਦਾ ਹੈ ਕਿ ਮੈਂ ਆਪਣੀ ਜੜ੍ਹਤਾ ਕਰਕੇ ਗ਼ਲਾਮੀ ਦਾ ਬਿੰਬ ਹਾਂ; ਤੁਸੀਂ ‘ਮੈਂ’ ਹੋ ਸਕਦੇ ਹੋ ਜਦੋਂ ਤੁਹਾਡਾ ਇਸ਼ਕ ਸਾਥੀ ਪੌਣ ਹੋ ਜਵੇ: “ਮੈਂ ਬਿਰਖ ਬਣ ਗਿਆ ਸਾਂ ਉਹ ਪੌਣ ਹੋ ਗਈ ਸੀ ਪਰ, ਇਹ ਕੁਝ ਕਰਨ ਲਈ, ਤੁਹਾਨੂੰ ਇਤਿਹਾਸ, ਯਾਣਿ ਬੀਤੇ, ਦੇ ਖ਼ੰਡਰਾਂ ਨੂੰ ਜਾਣਾ ਪਵੇਗਾ, ਯਾਣਿ ਭੂਤਮੁੱਖੀ ਬਣਨਾ ਪਏਗਾ, ਕਿਓਂਕਿ ਆਧੁਨਿਕ ਯੁੱਗ ਦੀ ਨਜ਼ਰੇ ਗ਼ਲਾਮੀ ਅਤੀਤ ਦੀ ਸ਼ੈਅ ਹੈ, ਜਾਂ ਹੋਣੀ ਚਾਹੀਦੀ ਹੈ (ਉੱਤਕ ਦੋਨੋਂ ਕਾਵਿ-ਟੋਟੇ ‘ਗ਼ੁਲਾਮ ਮਾਨਸਿਕਤਾ’ ਕਾਵਿ ਦਾ ਹਿੱਸਾ ਬਣ ਜਾਂਦੇ ਨੇ [3, 4])। ਇੰਝ, ‘ਬਿਰਛਾਂ ਅੰਦਰ ਉੱਗੇ ਖ਼ੰਡਰ’ ਦੇ ਪਛਾਣ ਪੱਤਰ ਦਾ ਦੂਜਾ ਪਾਸਾ ਆਪਣੇ ਅਤੀਤ ਪੱਖ ਦੀ ਪਛਾਣ ਕਰਵਾਉਂਦਾ ਹੈ। ਮਿਸਾਲ ਵਜੋਂ, ਇਸ ਪਛਾਣ ਪੱਤਰ ਦੂਜੇ ਪਾਸਿਓਂ ਕਹਿਦਾ ਹੈ: ਜੇ ਮੈਨੂੰ ਵੱਢੋਗੇ ਤਾਂ ਮੈਂ ਆਪਣੇ ਅੰਦਰਲਾ ਖ਼ੰਡਰ ਪਿੱਛੇ ਛੱਡ ਜਾਵਾਂਗਾ, ਤੁਹਾਡੇ ਵਾਸਤੇ: ਉੱਤਕ ਕਾਵਿ-ਟੋਟਾ ਭਵਿੱਖ ਤੇ ਪ੍ਰਗਤੀਸ਼ੀਲ ਹੈ ਕਿਉਂਕਿ ਇਹ ‘ਅੱਜ’ ਰੁੱਖਾਂ ਨੂੰ ਵੱਢਣ ਦੇ ਭਲਕ ‘ਤੇ ਪੈਂਦੇ ਮਾਰੂ ਅਸਰ ਵੱਲ ਇਸ਼ਾਰਾ ਕਰਦੇ ਹੋਏ ਸਾਨੂੰ ਰੁੱਖ ਨਾ ਵੱਢਣ ਲਈ ਪ੍ਰੇਰਦਾ ਹੈ। ਇੰਝ, ‘ਬਿਰਛਾਂ ਅੰਦਰ ਉੱਗੇ ਖ਼ੰਡਰ’ ਟਾਈਟਲ, ਇਕ ਹੱਥ ‘ਰੁੱਖ’ ਦੇ ਗ਼ੁਲਾਮੀ ਬਿੰਬ ਨੂੰ ਪੂਰਣ ਦਿੰਦਾ ਹੈ, ਗ਼ੁਲਾਮੀ ਸੰਗ ਅਤੀਤ (ਇੰਝ ਭੂਤਮੁੱਖਤਾ) ਨੱਥੀ ਕਰਕੇ, ‘ਖ਼ੰਡਰ’ ਦੇ ਰੂਪ ਵਿੱਚ; ਤੇ ਦੂਸਰੇ ਹੱਥ ਕਵੀ ਨੂੰ ਇੱਕ ਹੋਰ ਪੈਰਾਮੀਟਰ (parameter), ‘ਖ਼ੰਡਰ’, ਵੀ ਦੇ ਜਾਂਦਾ ਹੈ, ਕਵਿਤਾ ਵਿੱਚ ਲੋੜੀਂਦਾ ਸੰਤੁਲਨ ਬਣਾਈ ਰੱਖਣ ਲਈ। ਖ਼ੰਡਰ ਦੇ ਰੂਪ ਵਿੱਚ ਬਿਰਛ ਦੇ ਪਛਾਣ ਪੱਤਰ ਦੇ ਦੂਜੇ ਪਾਸੇ , ਯਾਣਿ ਭੂਤਮੁੱਖੀ ਸੋਚ ਤੇ ਪਹੁੰਚ, ਦੀ ਇੱਕ ਮਿਸਾਲ, ਕੁਲਵਿੰਦਰ-ਕਾਵਿ ‘ਚੋਂ: ਉੱਤਕ ‘ਬਸਤੀਆਂ ਵਿੱਚ ਜੰਗਲਾਂ ਦਾ ਉਗ ਪੈਣਾ’ ਭੂਤਮੁੱਖੀ ਸੋਚ ਤੇ ਪਹੁੰਚ ਦੇ ਪਸਾਰੇ ਹੀ ਦੂਜਾ ਨਾਮ ਹੈ, ਜੋ ਸਾਡੇ ਅਰਧ-ਜਾਗੀਰੂ ਪੰਜਾਬੀ ਸਮਾਜ ਵਿੱਚ ਹਕੀਕਤ ਹੈ। ਆਖਰੀ ਦੋ ਸ਼ਤਰਾਂ ਅਤੀਤ ਦੇ ਝਗੜਿਆਂ ਨੂੰ ਅੱਜ ਵਿੱਚ ਨੂੰ ਘੜੀਸ ਲਿਆਉਣ ਜਾਂ ਅੱਜ ਦੀਆਂ ਸਮੱਸਿਆਵਾਂ ਦੇ ਹੱਲ ਅਤੀਤ ਵਿੱਚੋਂ ਢੂੰਢਣ ਵੱਲ ਇਸ਼ਾਰਾ ਕਰਦੀਆਂ ਨੇ। ‘ਅਜੇ ਤਕ ਚੀਕ ਉਸਦੀ ਸੁਣ ਰਹੀ ਹੈ ਖ਼ੰਡਰਾਂ ਵਿੱਚ’ ਜੜ੍ਹਤਾ ਦੀ ਨਿਸ਼ਾਨੀ ਹੈ। ਉੱਤਕ ਕਾਵਿ-ਟੋਟਾ, ਵਿਅੰਗ ਰੂਪ ਵਿੱਚ ਭੂਤਮੁੱਖੀ ਸੋਚ ਤੇ ਪਹੁੰਚ ‘ਤੇ ਕਰਾਰੀ ਸੱਟ ਮਾਰਦਾ ਹੋਇਆ ਭਵਿੱਖਮੁੱਖੀ ਬਣ ਜਾਂਦਾ ਹੈ। ਇੰਝ ‘ਬਿਰਛਾਂ ਅੰਦਰ ਉੱਗੇ ਖ਼ੰਡਰ’ ਟਾਈਟਲ ਵਿੱਚਲਾ ‘ਖ਼ੰਡਰ’ ਬਿਰਛ ਦੇ ਪਛਾਣ ਪੱਤਰ ਵਜੋਂ ਕੰਮ ਆਉਂਦਾ ਹੈ, ਜਿਸ ਪਛਾਣ ਪੱਤਰ ਦੇ ਦੋਨੋਂ ਪਾਸੇ ਭਵਿੱਖਮੁੱਖੀ ਸੋਚ ਵਾਲੀ ਪ੍ਰਗਤੀਸ਼ੀਲ ਕਵਿਤਾ ਉਪਜਾ ਸਕਦੇ ਨੇ, ਜਿਵੇਂ ਦਿਖਾਉਂਦੇ ਨੇ ਉੱਤਕ ਦੋਵੇਂ ਕਾਵਿ-ਟੋਟੇ, ਕੁਲਵਿੰਦਰ ਦੇ ਇਸ ਟਾਈਟਲ ‘ਚੋਂ। ਪਰਵਾਸਵਾਦ ਦੀ ਪ੍ਰਸੰਗ ਵਿੱਚ, ਇਹ ‘ਵਿਸ਼ਵ ਹਵਾਲਾ-ਫਰੇਮ’ ਵਿੱਚ ਹੀ ਵਾਪਰ ਸਕਦਾ ਹੈ। ਜਿਵੇਂ ਉੱਤਕ ਕਾਵਿ-ਟੋਟਿਆਂ ਤੋਂ ਸਪਸ਼ਟ ਹੈ, ਕੁਲਵਿੰਦਰ-ਕਾਵਿ ਦੇ ‘ਮੈਂ’ ਨੂੰ ਖ਼ੁਦ ਹੀ ਰੁੱਖ ਹੋ ਜਾਣ ਦਾ ਹਮੇਸ਼ਾ ਝੱਸ ਨਹੀਂ ਉੱਠਿਆ ਰਹਿੰਦਾ, ਜਦੋਂ ‘ਮੈਂ’ ਨੇ ਰੁੱਖ ਬਣਨਾ ਹੀ ਹੋਵੇ ਤਾਂ ਇਹ ਸੂਖਮ, ਯਾਣਿ subtle, ਢੰਗ ਨਾਲ ਵੀ ਹੋ ਸਕਦਾ ਹੈ: ‘ਮੈ’ ਦੇ ਖ਼ੁਦ ਰੁੱਖ ਬਣਨ ਵਿੱਚ ਕਾਹਲੀ ਦਾ ਨਾ ਹੋਣਾ, ਕਈ ਵਾਰ ਰੁੱਖ ਨੂੰ ਗ਼ੁਲਾਮੀ-ਬਿੰਬ ਵਜੋੰ ਵਰਤਣ ਲਈ ਦਿਲਚਸਪੀ ਦੀ ਘਾਟ ‘ਚੋਂ ਨਿੱਕਲਦਾ ਹੈ। ਪਰ ਜੇ ‘ਮੈਂ’ ਸਿੱਧੇ-ਮੂੰਹ ਵੀ ਰੁੱਖ ਬਣ ਜਾਵੇ, ਤਾਂ ਵੀ ਉਹ ਭਵਿੱਖਮੁੱਖੀ ਸੋਚ ਦੇ ਪ੍ਰਗਤੀਸ਼ੀਲਤਾ ਕਾਇਮ ਰੱਖ ਸਕਦਾ ਹੈ, ਸ਼ਿਵ ਦੀ ਕਵਿਤਾ ‘ਫਾਂਸੀ’ ਵਿੱਚਲੇ ਰੁੱਖ ਵਾਂਗ, ਜਿਵੇਂ: ਉੱਤਕ ਕਾਵਿ-ਟੋਟਾ ਵਿੱਚਲਾ ਬੂਟਾ/ਬਿਰਖ, ‘ਫਾਂਸੀ’ ਵਿੱਚਲੇ ਰੁੱਖ ਵਾਂਗ, ਸੋਚਦਾ ਵੀ ਤੇ ਚੱਲਦਾ ਵੀ। ਉਹਦੇ ਪੈਰ, ਰਾਹ, ਪੜਾ, ਤੇ ਇਸ ਲਈ ਸਫ਼ਰ ਵੀ, ਹੈ। ਉਹ ਗ਼ੁਜ਼ਰ ਚੁੱਕਾ ਹੈ ਰੰਗਾਂ ਵਿੱਚ ਦੀ, (ਜੋ ਨੰਗੀ ਅੱਖ ਨੂੰ ਦਿਖਣਯੋਗ ਹੁੰਦੇ); ਯਾਣਿ ਉਹ ਅਤੀਤ ਵਿੱਚੋਂ ਲੰਘ ਕੇ ‘ਅੱਜ’ ਦੇ ਪੜਾਅ ‘ਤੇ ਪਹੁੰਚ ਚੁੱਕਿਆ ਹੈ। ਜੋ ਰੰਗ ਅਜੇ ਦਿਖਣਯੋਗ ਨਹੀ ਉਹ ਭਵਿੱਖ ਦੇ ਰੰਗ ਨੇ। “ਕਿਸ ਪੜਾ ‘ਤੇ ਆ ਗਿਆ ਹਾਂ” ਪ੍ਰਸ਼ਨ ਤੋਂ ਸਫਰਧਾਰੀ ਬੰਦੇ ਦਾ ਅਕਸਰ ਭਾਵ ਹੁੰਦਾ ਹੈ: ਮੈਂ ਕਿੱਥੇ ਜਾ ਰਿਹਾਂ ਹਾਂ? ਉੱਤਕ ਕਾਵਿ-ਟੋਟਾ ਵਿੱਚਲੇ ‘ਮੈਂ’ ਦੀ ਦਿਸ਼ਾ, ਯਾਣਿ ਅਤੀਤ ਤੋਂ ‘ਅੱਜ’, ਤੋਂ ਸਪਸ਼ਟ ਹੈ ਕਿ ਉਹ ਭਵਿੱਖ ਨੂੰ ਜਾਂਦੇ ਰਾਹ ‘ਤੇ ਚੱਲ ਰਿਹਾ ਹੈ; ਇਸ ਤਰ੍ਹਾਂ ਉਹ ਭੂਤਮੁੱਖੀ ਹੋਣ ਥਾਂ ਭਵਿਖਮੁੱਖੀ, ਯਾਣਿ ਪ੍ਰਗਤੀਸ਼ੀਲ ਹੈ। ਕੁਲਵਿੰਦਰ-ਕਾਵਿ ਵਿੱਚਲਾ ‘ਮੈਂ’, ਚਾਹੇ ਰੁੱਖ ਹੋ ਜਾਂ ਕੁਝ ਹੋਰ, ਅਤੀਤ ਵਿੱਚ ਨੂੰ ਵੀ ਉੱਤਰ ਜਾਵੇ, ਤਾਂ ਵੀ ਆਪਣੇ ਭਵਿੱਖਮੁੱਖੀ ਸਫ਼ਰ ਸਦਕਾ, ਜਾਣਦਾ ਹੈ ਕਿ ‘ਅੱਜ’ ਨੂੰ ਕਿੱਦਾਂ ਆਉਣਾ ਹੈ: ਕਿਉਂਕਿ ‘ਮੈਂ’ ਭੂਤਮੁੱਖੀ ਨਹੀਂ ਹੈ, ਉਸ ਅੱਜ ਦੇ ‘ਮੈਂ’ ਨੂੰ ਅਤੀਤ ਵਿੱਚ ਖ਼ਤਮ ਨਹੀਂ ਕੀਤਾ ਜਾ ਸਕਦਾ; ਉਹ ਅੱਜ ਵਿੱਚ ਆ ਕੇ ਇਹਦੀ ਮਿੱਟੀ ਤੇ ਪੌਣ ਨਾਲ ਸਵਭਾਵਨਾ ਦਾ ਰਿਸ਼ਤਾ ਬਣਾ ਲੈਂਦਾ, ਪਾਤਰ-ਕਾਵਿ ਵਿੱਚਲੇ ‘ਮੈਂ’ ਦੇ ਪੌਣ ਸਾਹਵੇਂ ਬਿਰਖ ਹੋ ਜਾਣ ਅਵਾਂਗ! ਜਿਵੇਂ ਮੈਂ ਆਪਣੇ ਇੱਕ ਹੋਰ ਲੇਖ ਵਿੱਚ [4], ਅਮਰਜੀਤ ਚੰਦਨ ਦੀ ਇੱਕ ਕਵਿਤਾ ਰਾਹੀਂ ਦਿਖਾਇਆ ਹੈ ਕਿ ਸਿਰਫ਼ ਅਤੀਤ ਕੋਈ ਯਾਦ ਤਾਜ਼ਾ ਕਰ ਲੈਣ ਨਾਲ ਹੀ ਕੋਈ ਭੂਤਮੁੱਖੀ ਨਹੀ ਬਣ ਜਾਂਦਾ। ਇਸ ਤਰਾਂ ਹੀ, ਹੇਠਲੇ ਕਾਵਿ-ਟੋਟਾ ਵਿੱਚਲੀ ਯਾਦ ਕਵੀ ਨੂੰ ਭੂਤਮੁੱਖੀ ਨਹੀ ਬਣਾ ਜਾਂਦੀ: ਯਾਦ ਤਾਂ ਸਿਰਫ਼ ਯਾਦ ਹੈ। ਕੁੱਝ ਯਾਦਾਂ ਤੋਂ ਸਿੱਖਿਆ ਜਾ ਸਕਦਾ ਹੈ, ਬਾਕੀ ਦੀਆਂ ਬਾਂਝ ਹੁੰਦੀਆਂ ਨੇ ਕਿਸੇ ਵੀ ਤਰ੍ਹਾਂ ਦੀ ਸਿਖਿਆ ਤੋਂ। ਇੱਥੇ ਤਾਂ ‘ਕਾਵਿ-ਟੋਟਾ’ ਵਿੱਚਲਾ ‘ਮੈਂ’, ਯਾਦ ਦੀ ਤਾਕਤ ਮਹਿਸੂਸ ਕਰਦਾ ਹੋਇਆ ਵੀ, ਉਹਨੂੰ ‘ਹੋਊ-ਪਰ੍ਹੇ’ ਕਰਨ ਜਿੰਨੀ ਹੀ ਅਹਿਮੀਅਤ ਦਿੰਦਾ ਹੈ: ਉੱਤਕ ਕਾਵਿ-ਟੋਟਿਆਂ ਤੋਂ ਸਪਸ਼ਟ ਹੈ ਕਿ ‘ਯਾਦਾਂ’ ਤੇ ਖ਼ੰਡਰਾਂ ਰਾਹੀਂ ਭੂਤ ਦੀ ਯਾਤਰਾਂ ਕਰਦਾ ਵੀ ਹੈ ਤਾਂ ਝਰੀਟਾਂ, ਕਾਗਜ਼ ਜਾਂ ਸੋਚ ‘ਤੇ, ਪਵਾ ਕੇ, ਜਾਂ ਕਿਸੇ ਤਰ੍ਹਾਂ ਦੀ ‘ਮੌਤ’ ਵਿੱਚੋਂ ਲੰਘ ਕੇ ਪਰਤਦਾ ਹੈ, ਅੱਜ ਨੂੰ, ਭੂਤਮੁੱਖੀ ਦੀ ਥਾਂ ਭਵਿੱਖਮੁੱਖੀ ਪ੍ਰਗਤੀਸ਼ੀਲ ਸੋਚ ਤੇ ਪਹੁੰਚ ਨਾਲ। ਇੰਝ ਕੁੱਲ ਮਿਲਾ ਕੇ, ਕੁਲਵਿੰਦਰ ਆਪਣੇ ਕਾਵਿ ਸੰਸਾਰ ਵਿੱਚ ਪਰਵਾਸਵਾਦ ‘ਤੇ ਕਾਬੂ ਪਾ, ਹੁਣ ਤੱਕ. ‘ਵਿਸ਼ਵ ਹਵਾਲਾ-ਫਰੇਮ’ ਉਸਾਰਦਾ ਤੇ ਵਰਤਦਾ ਰਿਹਾ ਹੈ। ਇਸ ਤਰ੍ਹਾਂ ਹੀ, ਜਦ ਰਵਿੰਦਰ ਸਹਿਰਾਅ ਦੇ ਕਾਵਿ ਵਿੱਚ ‘ਮੈਂ’ ‘ਰੁੱਖ’ ਨੂੰ ਮਿਲਦਾ ਹੈ, ਤਾਂ ਉਹਨੂੰ ‘ਗ਼ੁਲਾਮ ਮਾਨਸਿਕਤਾ’ ਕਾਵਿ ਦੀ ਉਤਪਾਦਨ ਮਸ਼ੀਨ ਵਜੋਂ ਵਰਤਣ ਦੀ ਥਾਂ, ਮਨੁੱਖੀ ਹਮਦਰਦੀ ਯਾਣਿ human compassion, ਤੇ ‘ਸੁਣੀਆਂ ਸੁਣਾਈਆ’ ਵਿੱਚ ਵਿਸ਼ਵਾਸ ਕਰਨ ਦੀ ਥਾਂ ਡੈਟਾ ਇਕੱਠਾ ਕਰਨ, ਦਾ ਤਾਰਕਿਕ/ਵਿਗਿਆਨਕ ਢੰਗ ਅਪਨਾਉਂਦਾ ਹੈ: ਉੱਤਕ ਕਾਵਿ-ਟੋਟਾ ਵਿੱਚ ਵੀ ‘ਰੁੱਖ’ ਗ਼ੁਲਾਮ ਦਾ ਬਿੰਬ ਹੈ ਤੇ ‘ਮੈਂ’ ਉਹਦੀ ਗਾਥਾ ਖ਼ੁਦ ਉਹਤੋਂ ਸੁਣਨਾ ਚਾਹੁੰਦਾ ਹੈ। ‘ਤੇ ਫਿਰ ਆਪਣਿਆਂ ਵਾਂਗ ਗੱਲਾਂ ਹੋਣਗੀਆਂ ਖਾਣ-ਪੀਣ, ਭਰਮਾਂ, ਤੇ ਭਵਿੱਖ ਨੂੰ ਬਦਲਣ, ਯਾਣਿ ਕ੍ਰਾਂਤੀ, ਦੀਆਂ ਵੀ: “ਦੂਰ ਦੁਮੇਲਾਂ ਤੱਕ ਦੌੜਦੀ ‘ਰੁੱਖ’, ਜਾਂ ਹੋਰ ਕੋਈ ਵੀ ਗ਼ੁਲਾਮੀ ਬਿੰਬ, ਇੱਕ ਅਤਿ ‘ਤੇ ਵਰਤਿਆ ਜਾ ਸਕਦਾ ਹੈ ‘ਗ਼ੁਲਾਮ ਮਾਨਸਿਕਤਾ’ ਕਾਵਿ ਦੀ ਰਚਣ ਲਈ [3, 4], ਪਰ ਦੂਜੇ ਅਤਿ ‘ਤੇ ਗ਼ੁਲਾਮੀ ਬਿੰਬ ਵਰਤਿਆ ਜਾ ਸਕਦਾ ਹੈ ਗ਼ੁਲਾਮੀ ਵਿਰੁੱਧ, ਜਿਵੇਂ ਸ਼ਿਵ ਦੀ ਕਵਿਤਾ ‘ਫਾਂਸੀ’[3] ਜਾਂ ਇੱਥੇ ਉੱਤਕ ਦੋ ਕਾਵਿ-ਟੋਟੇ। ‘ਗ਼ੁਲਾਮ ਮਾਨਸਿਕਤਾ’ ਵਾਲੇ ਸਮਾਜ ਵਿੱਚ ਜੰਮ-ਪਲ ਕੇ ਗ਼ੁਲਾਮੀ ਬਿੰਬ ਨੂੰ ਸਹਿਜ ਜਾਂ ਅਚੇਤ ਵਿੱਚ ਗ਼ੁਲਾਮੀ ਵਿਰੁੱਧ ਵਰਤਣ ਲਈ ਕਿਸੇ ਨਾ ਕਿਸੇ ਪੱਧਰ ‘ਤੇ ‘ਵਿਸ਼ਵ ਹਵਾਲਾ-ਫਰੇਮ’ ਉੱਪਰ ਖੜ੍ਹਣ ਦੀ ਜ਼ਰੂਰਤ ਪੈਂਦੀ ਹੈ। ਇੱਥੇ ਸਪਸ਼ਟ ਕਰ ਦਿਆਂ ਕਿ ਭਾਵੇਂ ਭਾਰਤ ਹੋਵੇ ਜਾਂ ਭਾਰਤ ਤੋਂ ਬਾਹਰਲੇ ਦੇਸ਼, ਜ਼ਿਆਦਾਤਰ ਪੱਛਮੀ, ਪੰਜਾਬੀ ਕਵੀਆਂ ਨੂੰ, ਹਵਾਲਾ-ਫਰੇਮਾਂ ਦੇ ਲਿਹਾਜ਼ ਤੋਂ, ਤਿੰਨ ਧੜ੍ਹਿਆਂ ਵਿੱਚ ਵੰਡਿਆ ਜਾ ਸਕਦਾ: ਭਾਰਤ ਵਿੱਚ ਰਹਿ ਰਹੇ ਭੂਤ-ਪਰਵਾਸੀ, ਤੇ ਭਾਰਤ ਤੋਂ ਬਾਹਰਲੇ ਦੇਸ਼ਾਂ ਵਿੱਚ ਵਸ ਰਹੇ ਤੇ ਆਪਣੇ-ਆਪ ਨੂੰ ਪਰਵਾਸੀ ਸਮਝ ਰਹੇ, ਕਵੀ ਅਕਸਰ ‘ਭੂਤਮੁੱਖੀ ਹਵਾਲਾ-ਫਰੇਮ ਧਾਰਨੀ’ ਧੜ੍ਹੇ ਨਾਲ ਸੰਬੰਧਤ ਹੁੰਦੇ ਨੇ। ਸਮਕਾਲੀ ਪੰਜਾਬੀ ਕਵਿਤਾ ਦੇ ਅਧਿਅਨ ਤੋਂ ਵੀ, ਮੈਂ ਕਹਿ ਸਕਦਾ ਹਾਂ ਕਿ ਪੰਜਾਬ ਸਮੇਤ ਭਾਰਤ ਦੇ ਸਮਕਾਲੀ ਪੰਜਾਬੀ ਕਵੀ ਜ਼ਿਆਦਾਤਰ ‘ਭੂਤਮੁੱਖੀ ਹਵਾਲਾ-ਫਰੇਮ ਧਾਰਨੀ’ ਧੜ੍ਹੇ ਨਾਲ ਸੰਬੰਧਿਤ ਰਹਿੰਦੇ ਚਲੇ ਆਉਦੇ ਨੇ। ਗਦਰ ਲਹਿਰ ਦੀ ਕਵਿਤਾ ਤੋੰ ਬਾਅਦ, ਸਾਰੀ ਅਮਰੀਕੀ ਪੰਜਾਬੀ ਕਵਿਤਾ ਸਮਕਾਲੀ ਕਵਿਤਾ-ਕਾਲ ਵਿੱਚ ਆਉਂਦੀ ਹੈ, ਤੇ ਇਸ ਕਾਲ ਦੇ ਪੰਜਾਬੀ ਕਵੀਆਂ ਵਿੱਚੋਂ ਉੱਤਕ ਤਿੰਨਾਂ ਧੜ੍ਹਿਆਂ ਨਾਲ ਸੰਬੰਧਿਤ ਕਵੀ ਲੱਭੇ ਜਾ ਸਕਦੇ ਨੇ: ਕੋਈ ਭੂਤਮੁੱਖੀ ਹਵਾਲਾ-ਫਰੇਮ ਵਾਲਾ, ਕੋਈ ਵਿਸ਼ਵ ਹਵਾਲਾ-ਫਰੇਮ ਦਾ ਧਾਰਨੀ, ਤੇ ਬਾਕੀ ਹਾਈਬ੍ਰਿਡ, ਯਾਣਿ ਵੇਰੜੇ, ਧੜ੍ਹੇ ਵਾਲੇ। ਪਰ, ਇਸ ਲੇਖ ਵਿੱਚ, ਅਸੀਂ ਉੱਤਕ ਤਿੰਨ ਤਰ੍ਹਾਂ ਦੇ ਹਵਾਲਾ-ਫਰੇਮਾਂ ਦੇ ਪ੍ਰਸੰਗ ਵਿੱਚ, ‘ਵਿਸ਼ਵ ਹਵਾਲਾ-ਫਰੇਮ’ ਦੀ ਧਾਰਨੀ ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ‘ਤੇ ਕੇਂਦਰਿਤ, ਯਾਣਿ focused, ਰਹਾਂਗੇ, ਸਿਰਲੇਖ ਨਾਲ ਇਨਸਾਫ਼ ਕਰਨ ਲਈ। ਇਹ ਇਸ ਲਈ ਕਿਉਂਕਿ ਪੰਜਾਬੀ ਕਵਿਤਾ ਦੇ ਵਿਕਾਸ ਦੀ ਮੂਲ ਸੰਭਾਵਨਾ ਇਹਦੀ ਪ੍ਰਗਤੀਸ਼ੀਲਤਾ ਵਿੱਚ ਹੈ, ਤੇ ਭੂਤਮੁੱਖੀ ਭਾਰਤ ਦੇ ਜੰਮਪਲ ਅਸੀਂ ਜੋ ਭਾਰਤ ਤੋਂ ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਹਾਂ, ਸਾਡੇ ਲਈ ‘ਵਿਸ਼ਵ ਹਵਾਲਾ-ਫਰੇਮ’ ਨੂੰ ਉਸਾਰਨਾ ਜ਼ਰੂਰੀ, ਪ੍ਰਗਤੀਸ਼ੀਲ ਕਵਿਤਾ ਦੀ ਰਚਨਾ ਲਈ। ਪੁਰਾਤਨ ਭਾਰਤੀ ਸਮਾਜ ਵਿੱਚ, ਇਸ਼ਕ-ਹਕੀਕੀ ਦਾ ਇੱਕ ਰੂਪ ਗ੍ਰਹਸਥ ਧਰਮ ਵਾਲੇ ਜੀਵਨ ਵਿੱਚ ਲਾਗੂ ਸੀ, ਜਿਸ ਵਿੱਚ ਮਰਦ ਰੱਬ ਦਾ ਰੂਪ ਹੁੰਦਾ ਸੀ ਤੇ ਔਰਤ ਉਹਦੀ ਦਾਸੀ [2]। ਮਿਸਾਲ ਵਜੋਂ, ਉਸੇ ਸਮੇਂ ਤੋਂ ਚਲੀ ਆ ਰਹੀ ਔਰਤ-ਗ਼ੁਲਾਮੀ ਦੇ ਅਜੇ ਤੱਕ ਬਚੇ-ਖੁਸੇ ਮਾਹੌਲ ਦੇ ਰੋਮਾਂਸੀਕਰਨ ਵਿੱਚ ਰੁੱਝੇ ਰਹਿੰਦੇ ਨੇ, ਭਾਰਤ ਵਿੱਚ ਬਥੇਰੇ ਸਮਕਾਲੀ ਪੰਜਾਬੀ ਕਵੀ: ਜਿਵੇਂ ਧੀਆਂ ਤਾਂ ਧਨ ਬਿਗਾਨਾ, ਧੀਆਂ ਅਸ਼ੀਲ ਗਊਆਂ ਵਰਗੀਆਂ, ਕੁੜ੍ਹੀਆਂ ਚਿੜ੍ਹੀਆਂ, ਜਾਂ “ਸਾਡਾ ਚਿੜੀਆਂ ਦਾ ਚੰਭਾ ਵੇ, ਬਾਬਲ ਅਸਾਂ ਉੱਡ ਵੇ ਜਾਣਾ”, ਆਦਿ । ਪਰ, ਭਾਰਤ ਤੋਂ ਧਰਤੀ ਦੇ ਦੂਜੇ ਪਾਸੇ ਰਹਿੰਦੇ ਕਵੀ ਦਾ ‘ਵਿਸ਼ਵ ਹਵਾਲਾ-ਫਰੇਮ’ ਜੇ ਕਿਰਿਆਸ਼ੀਲ, ਯਾਣਿ activate, ਹੋ ਜਾਵੇ ਤਾਂ ਦੋ ਸ਼ਤਰਾਂ ਵਿੱਚ ਹੀ ਢੋਲ ਦੇ ਪੋਲ ਖੋਲ੍ਹ ਸਕਦੀਆਂ ਨੇ: ਧਰਤੀ ਦੇ ਦੂਜੇ ਪਾਸਿਓਂ ਹੀ, ਜਦੋਂ ਉਹ ‘ਵਿਸ਼ਵ ਹਵਾਲਾ-ਫਰੇਮ’ ‘ਤੇ ਖੜ੍ਹਾਂ ਹੋਵੇ, ਤਾਂ ਉਹਨੂੰ ਸਾਰੇ ਭਾਰਤ ਵਿੱਚ ਵਿਛੀ ਭੂਤਮੁੱਖਤਾ ਦੀ ਚਾਦਰ ਦਿਸ ਹੀ ਨਹੀਂ ਪੈਂਦੀ, ਸਗੋਂ ਉਹ ਕਵੀ ਇਸਨੂੰ ਪੇਸ਼ ਵੀ ਕਰ ਸਕਦਾ ਹੈ, ਸਪਸ਼ਟ ਦ੍ਰਿਸ਼ਟੀਕੋਨ ਸੰਗ, ਚਾਹੇ ਗਜ਼ਲ ਲਿਖ ਰਿਹਾ ਹੋਵੇ ਜਾਂ ਖੁੱਲ੍ਹੀ ਕਵਿਤਾ ਹੀ: ਅੱਜ ਦੀਆਂ ਸਮੱਸਿਆਵਾਂ ਦੇ ਹੱਲਾਂ ਦੀ ਤਲਾਸ਼ ਵਿੱਚ ਭੂਤਮੁੱਖੀਏ ਅਕਸਰ ਭੂਤ ਦੇ ਵੱਖ ਵੱਖ ਖ਼ੰਡਰਾਂ ਵੱਲ ਨੂੰ ਨਿੱਕਲ ਤੁਰਦੇ ਨੇ, ਵੱਖ ਵੱਖ ਰਾਹਵਾਂ ‘ਤੇ। ਇਸ ਰਾਹ ਬੇਮਕਸਦ ਸਾਬਤ ਹੁੰਦੇ ਨੇ ਕਿਉਂਕਿ ਅਤੀਤ ਕੋਲ ਅੱਜ ਦੇ ਮਸਲਿਆਂ ਦੇ ਹੱਲ ਨਹੀਂ ਹੁੰਦੇ। ਇਸ ਰਾਹ ਦਿਸ਼ਾਹੀਣ ਵੀ ਹੁੰਦੇ ਨੇ ਕਿਓਂਕਿ ਗੇੜ੍ਹਿਆਂ, ਯਾਣਿ loops, ਦੀ ਕੋਈ ਦਿਸ਼ਾ ਨਹੀਂ ਹੁੰਦੀ: ਭੂਤਮੁੱਖੀਏ ਆਪਣੇ, ਤੇ ਆਪਣੇ ਸਮਾਜ ਦੇ, ਆਦਿ ਤੋਂ ‘ਅੱਜ’ ਤੀਕ ਗੇੜ੍ਹੇ ਮਾਰਦੇ ਨੇ, ਭਾਵ, ‘ਭਲਕ’ ਵੱਲ ਵਧਣ ਦੀ ਬਜਾਏ, ਬੀਤ ਗਏ ਕੱਲ੍ਹ ਤੇ ਆਉਣ ਵਾਲੇ ਕੱਲ੍ਹ ਵਿੱਚਕਾਰ ਘੁੰਮਦੇ ਰਹਿੰਦੇ ਨੇ। ਤੇ ਜਾਂ ਭਾਰਤ ਤੋਂ ਧਰਤੀ ਦੇ ਦੂਜੇ ਪਾਸੇ ਰਹਿੰਦਾ ਕੋਈ ਸਮਕਾਲੀ ਅਮਰੀਕੀ ਪੰਜਾਬੀ ਕਵੀ ਹੋਵੇ, ਇਹ ਕਹਿੰਦਾ ਹੋਇਆ: ਜਿਵੇਂ ਐਂਟੀ-ਭੂਤਮੁੱਖੀ ਸਟੈਂਡ ਪਾਸ਼ ਦੇ ਉੱਤਕ ਕਾਵਿ-ਟੋਟਾ ਤੋਂ ਵੀ ਸਪਸ਼ਟ ਹੈ, ਪਰ ਉਸਦੀ ਭੂਤਮੁੱਖਤਾ ਵਿਰੁੱਧ ਬਗਾਵਤ ਉਸ ਦੇ ਪਹਿਲੇ ਕਾਵਿ ਸੰਗ੍ਰਹਿ ‘ਲੋਹ ਕਥਾ’ ਤੋਂ ਸ਼ੁਰੂ ਹੋ ਗਈ ਸੀ, ਜਿਵੇ ਮਿਸਾਲ ਵਜੋਂ: ਉੱਤਕ ‘ਕਾਵਿ ਟੋਟਾ’ ਵਿੱਚ ‘ਕੰਡਿਆਲੀ ਥੋਹਰ’ ਤੋਂ ਪਾਸ਼ ਦਾ ਭਾਵ ਇਸੇ ਟਾਈਟਲ ਵਾਲੀ ਸ਼ਿਵ ਕੁਮਾਰ ਇੱਕ ਕਵਿਤਾ ਤੋੰ ਹੈ, ਜਿਹਨੂੰ ਮੈਂ ‘ਗ਼ੁਲਾਮ ‘ਮਾਨਸਿਕਤਾ’ ਕਾਵਿ ਵਿੱਚ ਰੱਖਦਾ ਹੈ[4]. ਖ਼ੈਰ, ਉੱਤਕ ‘ਕਾਵਿ ਟੋਟਾ’ ਸਿਰਫ਼ ਭੂਤਮੁੱਖਤਾ ਵਿਰੁੱਧ ਬਗਾਵਤ ਨਹੀਂ, ਬਲਕਿ ਪਾਸ਼ ਦੇ ‘ਵਿਸ਼ਵ ਹਵਾਲਾ-ਫਰੇਮ’ ਉਸਾਰੀ ਦੀ ਸ਼ੁਰੂਆਤ ਦਾ ਵੀ ਸੂਚਕ ਸੀ। ਸਮਕਾਲੀ ਅਮਰੀਕੀ ਪੰਜਾਬੀ ਕਵੀ ਦੇ ਤੌਰ ‘ਤੇ, ਮਿਸਾਲ ਵਜੋਂ, ਹੇਠਲਾ ਕਾਵਿ-ਟੋਟਾ ਵੀ ਪਾਸ਼ ਨੂੰ ‘ਵਿਸ਼ਵ ਹਵਾਲਾ-ਫਰੇਮ’ ‘ਤੇ ਖੜ੍ਹਾ ਦਿਖਾਉਂਦਾ ਹੈ: ਡਾ. ਗੁਰੂਮੇਲ ਸਿੱਧੂ, ਜਦੋਂ ਕੋਈ ਕਵਿਤਾ ਦੀ ਕਿਬਾਤ ਸੰਪਾਦਤ ਕਰੇ ਜਾਂ ਕਵਿਤਾ ‘ਤੇ ਕੋਈ ਲੇਖ ਲਿਖੇ, ਤਾਂ ਆਪਣੀ ਕਵਿਤਾ ਬਾਰੇ ਕੁਝ ਕਹਿਣ ਦੀ ਬਜਾਏ ਜਾਂ ਹਵਾਲਾ ਦੇਣ ਤੋਂ ਪਹਿਲਾਂ ਪਾਠਕਾਂ ਨਾਲ ਸਾਂਝਾ ਕਰ ਲੈਂਦਾ ਸੀ ਕਿ ਕਿਸੇ ਹੋਰ ਸਾਹਿਤਕਾਰ, ਆਲੋਚਕ, ਜਾਂ ਚਿੰਤਕ ਉਸਦੀ ਕਵਿਤਾ ਬਾਰੇ ਕੀ ਸੋਚਦਾ ਸੀ। ਇਸ ਲੇਖ ਵਿੱਚ, ਮੈਂ ਵੀ ਆਪਣੀ ਕਵਿਤਾ ਦਾ ਹਵਾਲਾ ਦੇਣ ਲੱਗਿਆ ਡਾ. ਗੁਰੂਮੇਲ ਦੀ ਵਿਧੀ ਨੂੰ ਵਰਤਣ ਦੀ ਕੋਸ਼ਿਸ਼ ਕਰਾਂਗਾ। ਪੰਜਾਬ ਦੇ ਨਾਟਕਕਾਰ, ਅਭਿਨੈ ਕਲਾਕਾਰ, ਤੇ ਚਿੰਤਕ ਗੁਰਸ਼ਰਨ ਸਿੰਘ ਨੇ, ਮੇਰੇ ਕਾਵਿ-ਸੰਗ੍ਰਹਿ ‘ਕਿੱਸਿਆਂ ਦੇ ਕੈਦੀ’ ਬਾਰੇ ਲਿਖਣ ਦੌਰਾਨ ਕਿਹਾ ਸੀ: ੳਸੇ ਲਿਖਤ ਵਿੱਚ ਗੁਰਸ਼ਰਨ ਭਾਜੀ ਨੇ ਵਲੋਂ ਵਰਤਿਆ ਇੱਕ ਕਾਵਿ-ਕਾਵਿ ਹੇਠਾਂ ਪੇਸ਼ ਹੈ, ‘ਕਿੱਸਿਆਂ ਦੇ ਕੈਦੀ’ ਦੇ ਦੂਜੇ ਸੰਸਕਰਣ ਵਿੱਚੋਂ: ਉਸੇ ਲਿਖਤ ਵਿੱਚ ਹੇਠਲੇ ਕਾਵਿ-ਟੋਟਾ ਦਾ ਵੀ ਚਲੰਤ ਹਵਾਲਾ ਦਿੱਤਾ ਗਿਆ ਸੀ: ਇਸੇ ਤਰਜ਼ ‘ਤੇ, ‘ਵਿਸ਼ਵ ਹਵਾਲਾ-ਫਰੇਮ’ ਦੇ ਪ੍ਰਸੰਗ ਵਿੱਚ ਹੀ, ਇੱਕ ਹੋਰ ਕਾਵਿ-ਟੋਟਾ ਪੇਸ਼ ਹੈ: ਉੱਤਕ ਕਾਵਿ-ਟੋਟਿਆਂ ਦੇ ‘ਵਿਸ਼ਵ ਹਵਾਲਾ-ਫਰੇਮ’ ਦੇ ਪ੍ਰਸੰਗ ਬਾਰੇ, ਇੱਥੇ ਮੈਂ ਇੰਨਾਂ ਹੀ ਕਹਿਣਾ ਚਾਹਾਂਗਾ: ਜੇ ਮੈਂ ਭਾਰਤ ਤੋਂ ਬਾਹਰ ਨਾ ਰਿਹਾ ਹੁੰਦਾ ਤਾਂ ‘ਕਿੱਸਿਆਂ ਦੇ ਕੈਦੀ’, ‘ਭੂਤ ਨਗਰੀ’, ਤੇ ‘ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ: ਯੂਰਪੀਅਨ ਰੇਨੇਸਾਂਸ ਦੇ ਪ੍ਰਸੰਗ ਵਿੱਚ’ ਨਾ ਉਪਜਦੀਆਂ। ‘ਵਿਸ਼ਵ ਹਵਾਲਾ-ਫਰੇਮ’ ਦਾ ਸਿੱਧਾ ਸਬੰਧ ਮਨੁੱਖੀ ਅਨੁਭਵ ਤੇ ਚੇਤਨਾ ਨਾਲ ਹੁੰਦਾ ਹੈ। ਮਨੁੱਖੀ ਅਨੁਭਵ ਤੇ ਚੇਤਨਾ ਸਿੱਧੇ-ਸਾਦੇ ਸ਼ਬਦਾਂ ਵਿੱਚ, ਯਾਣਿ simply put, ਮਨੁੱਖੀ ਚੇਤਨਾ, ਮੂਲ ਰੂਪ ਵਿੱਚ, ਮਨੁੱਖ ਦਾ ਆਪਣੇ-ਆਪ, ਆਪਣੇ ਆਲੇ-ਦੁਆਲੇ, ਤੇ ਦੁਨੀਆ/ਬ੍ਰਹਿਮੰਡ, ਨੂੰ ਸਮਝਣ ਦਾ ਗੁਣ ਹੁੰਦਾ ਹੈ। ਕਵੀਆਂ, ਆਮ ਤੌਰ ‘ਤੇ, ਯਾਨਿ, in general, ਲੇਖਕਾਂ, ਦੀ ਚੇਤਨਾ-ਕਿਸਮ ਤੇ ਚੇਤਨਾ-ਪੱਧਰ ਉਨ੍ਹਾ ਦੇ ਰਚਨਾ ਵਿਸ਼ੇ ਤੇ ਗੁਣਵੱਤਾ ਤੈਅ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਨੇ। ਸਮੁੱਚੇ ਤੌਰ ‘ਤੇ, ਜਿਵੇਂ ਪਹਿਲਾਂ ਹੀ ਇਸ਼ਾਰਾ ਕੀਤਾ ਗਿਆ ਹੈ ਕਿ ਪੰਜਾਬ ਸਮੇਤ ਇੰਡੀਆ ਦੇ ਬਾਹਲੇ ਪੰਜਾਬੀ ਕਵੀਆਂ ਦੀ ਚੇਤਨਾ ‘ਭੂਤਮੁੱਖੀ ਹਵਾਲਾ-ਫਰੇਮ’ ‘ਤੇ ਆਧਾਰਿਤ ਹੈ [3, 4], ਅਤੇ ਸਮਕਾਲੀ ਅਮਰੀਕੀ ਪੰਜਾਬੀ ਕਵੀਆਂ ਨੂੰ ਸੰਬੰਧਿਤ, ਯਾਣਿ relevant, ਚੇਤਨਾ ਦੇ ਲਿਹਾਜ਼ ਤੋਂ, ਤਿੰਨ ਧੜ੍ਹਿਆਂ ਵਿੱਚ ਵੰਡਿਆ ਜਾ ਸਕਦਾ ਹੈ: ‘ਭੂਤਮੁੱਖੀ ਹਵਾਲਾ-ਫਰੇਮ’ ਦੇ ਧਾਰਨੀ, ‘ਵਿਸ਼ਵ ਹਵਾਲਾ-ਫਰੇਮ’ ਦੇ ਧਾਰਨੀ, ਤੇ ਹਾਈਬ੍ਰਿਡ ਹਵਾਲਾ-ਫਰੇਮ ਦੇ ਧਾਰਨੀ। ਪਰ, ਜਿਵੇਂ ਪਹਿਲਾਂ ਹੀ ਦੱਸਿਆ ਗਿਆਂ ਕਿ ਇੱਥੇ ਅਸੀਂ ‘ਵਿਸ਼ਵ ਹਵਾਲਾ-ਫਰੇਮ’ ਵਾਲੀ ਕਵਿਤਾ, ਨਤੀਜਣ ‘ਵਿਸ਼ਵ ਹਵਾਲਾ-ਫਰੇਮ’ ਤੇ ਹਾਈਬ੍ਰਿਡ ਹਵਾਲਾ-ਫਰੇਮ ਦੇ ਧਾਰਨੀ ਕਵੀਆਂ, ‘ਤੇ ਕੇਂਦਰਿਤ ਰਹਿ ਰਹੇ ਹਾਂ। ਮਿਸਾਲ ਵਜੋਂ: ਉੱਤਕ ਕਾਵਿ-ਟੋਟਾ, ਇਸ ਕਵਿਤਾ ਸਮੇਤ, ਮਨੁੱਖੀ ਚੇਤਨਾ ਤੇ ਅਨੁਭਵ ਨਾਲ ਸਿੱਧਾ ਜੁੜਿਆ ਹੋਇਆ ਹੈ। ਇਸੇ ਤਰ੍ਹਾਂ, ਹੇਠਲਾ ਕਾਵਿ-ਟੋਟਾ, ਜਾਂ ਲਘੂ ਕਵਿਤਾ, ਵੀ: ਉੱਤਕ ਦੋਨੋਂ ਕਾਵਿ-ਟੋਟੇ, ਮੂਲ ਰੂਪ ਵਿੱਚ, ਕਿਸੇ ਵਿਸ਼ੇਸ਼ ਸੱਭਿਆਚਾਰ ਤੇ ਨਸਲ ਤੋਂ ਆਜ਼ਾਦ ਮਨੁੱਖੀ ਚੇਤਨਾ ਤੇ ਅਨੁਭਵ ਨਾਲ ਸਬੰਧਿਤ ਨੇ, ਪ੍ਰਗਤੀਸ਼ੀਲਤਾ ਦੀ ਨਜ਼ਰੇ। ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ‘ਚੋਂ ਹੀ ਇੱਕ ਹੋਰ ਮਿਸਾਲ: ਉੱਤਕ ਕਾਵਿ-ਟੋਟਾ ਦੀ ਪ੍ਰਗਤੀਸ਼ੀਲਤਾ ਇਹਦੇ ਦਰਸਾਉਣ/ਦਿਖਾਉਣ ਵਿੱਚ ਹੈ ਕਿ ਮਨੁੱਖੀ ਜੂਨ, ਯਾਣਿ ਇਨਸਾਨੀਅਤ, ਗ਼ੁਲਾਮ/ਆਜ਼ਾਦ ਵੱਖ ਵੱਖ ਰੂਪਾਂ, ਸੱਭਿਅਤਾਵਾਂ, ਤੇ ਯੁੱਗਾਂ ਵਿੱਚ ਦੀ ਗੁਜ਼ਰਦੀ ਵਿਕਾਸ ਦੀ ਰਾਹ ‘ਤੇ ਅੱਗੇ ਵਧਦੀ ਆਈ ਹੈ। ਹੇਠਲਾ ਕਾਵਿ-ਟੋਟਾ ਮਨੁੱਖੀ ਚੇਤਨਾ ਤੇ ਅਨੁਭਵ ਦੇ ਕੁਝ ਮਾਰੂ, ਯਾਣਿ ਨਾਹ-ਵਾਚਿਕ, ਪੱਖਾਂ ਨੂੰ ਵੰਗਾਰਦਾ ਹੈ: ਸੁਰਤ ਸੰਭਾਲਦਿਆਂ ਹੀ ਮਨੁੱਖ ਮਨੁੱਖ ਬਣਨ ਵਾਸਤੇ ਇਹ ਸਮਝਣਾ ਮੁਸ਼ਕਲ ਨਹੀਂ ਹੋਣਾ ਚਾਹੀਦਾ ਕਿ ਇਸ ਭਾਗ ਦੇ ਉੱਤਕ ਸਾਰੇ ਕਾਵਿ-ਟੋਟੇ ‘ਵਿਸ਼ਵ ਹਵਾਲਾ-ਫਰੇਮ’ ‘ਤੇ ਖੜ੍ਹਕੇ ਹੀ ਰਚੇ ਜਾ ਸਕਦੇ ਨੇ, ਨਾ ਕਿ ‘ਭੂਤਮੁੱਖੀ ਹਵਾਲਾ-ਫਰੇਮ’ ‘ਤੇ। ਕਿਉਂਕਿ ‘ਵਿਸ਼ਵ ਹਵਾਲਾ-ਫਰੇਮ’ ਦਾ ਸੋਚ-ਘੇਰਾ ਵਿਸ਼ਾਲ ਹੁੰਦਾ ਹੈ, ਇਸ ਲਈ ਇਹਦੇ ਨਾਲ ਸਬੰਧਿਤ ਕਵੀਆਂ ਦੀ, ਕੁਦਰਤੀ ਹੀ, ਦੁਨੀਆਵੀ ਮਸਲਿਆਂ ਵਿੱਚ ਦਿਲਚਸਪੀ ਹੁੰਦੀ ਹੈ। ਦੁਨੀਆਵੀ ਮਸਲੇ ਮੇਰੀ ਰਾਏ ਮੁਤਾਬਕ ਸਾਨੂੰ ਹੋਰ ਲਿਖਣਾ ਚਾਹੀਦਾ ਹੈ, ਉਂਝ ਅੰਤਰਰਾਸ਼ਟਰੀ ਜਾਂ ਦੁਨੀਆਵੀ ਪੱਧਰ ਦੇ ਮਸਲਿਆਂ ਬਾਰੇ ਅਸੀ ਬਿੱਲਕੁਲ ਚੁੱਪ ਵੀ ਨਹੀਂ ਹਾਂ। ਇੱਕ ਦੁਨੀਆਵੀ ਪੱਧਰ ਦਾ ਵਿਸ਼ਾ ਹੈ ਧਰਮ, ਜਿਸ ਨਾਲ ਸਬੰਧਿਤ ਲੋਕ ਅਕਸਰ ਮਸਲੇ ਖੜ੍ਹੇ ਰੱਖਦੇ ਨੇ। ਧਰਮ ਲੋਕਾਂ ਨੂੰ ਅਕਸਰ ਵਿਰਸੇ ਵਿੱਚ ਮਿਲ ਜਾਂਦਾ ਹੈ। ਇਸ ਪ੍ਰਸੰਗ ਵਿੱਚ, ਮਿਸਾਲ ਵਜੋਂ, ਇਕ ਸਮਕਾਲੀ ਅਮਰੀਕੀ ਪੰਜਾਬੀ ਕਵਿੱਤਰੀ ਦਾ ਕਾਵਿ-ਟੋਟਾ, ਜ਼ਰਾ ਵਿਅੰਗਮਈ ਅੰਦਾਜ਼ ਵਾਲਾ, ਪੇਸ਼ ਹੈ: ਉੱਤਕ ਕਾਵਿ-ਟੋਟਾ ਧਰਮਾਂ ਦੀ ਸੰਕੀਰਨਤਾ, ਕਠੋਰਤਾ, ਤੇ ਠੇਕਾ-ਸੁਭਾਅ ‘ਤੇ ਉਂਗਲ ਧਰਦਾ ਹੋਇਆ, ਲੁਪਤ ਤੌਰ ‘ਤੇ, ਧਰਮਾਂ ਦੁਆਰਾ ਦੁਨੀਆਂ ਨੂੰ ਵੱਖ ਵੱਖ ਧਰਮਾਂ ਵਿੱਚ ਵੰਡ ਕੇ ਮਨੁੱਖਤਾ ਵਿਰੁੱਧ ਭਗਤਾਉਣ ਦੇ ਕਾਰਿਆਂ ਵੱਲ ਇਸ਼ਾਰਾ ਕਰਦਾ ਹੈ; ਇਸ ਵਿੱਚ ਹੀ ਇਸਦੀ ਪ੍ਰਗਤੀਸ਼ੀਲਤਾ ਹੈ। ਹੋਰ, ਸਾਡੇ ਗ੍ਰਹਿ, ਧਰਤੀ, ਦਾ ਬਿਗੜ੍ਹਦਾ ਵਾਤਾਵਰਨ ਇੱਕ ਹੋਰ ਲਗਾਤਾਰ ਦੁਨੀਆਵੀ ਵਿਸ਼ਾ/ਮਸਲਾ ਹੈ, ਜਿਸਨੂੰ ਵੀ ਅਮਰੀਕੀ ਪੰਜਾਬੀ ਦੇ ਕਵੀਆਂ ਛੋਹਿਆ ਹੈ; ਮਿਸਾਲ ਵਜੋਂ: ਫ਼ਲਸਤੀਨ ਮਸਲਾ ਬਹੁਤ ਗੰਭੀਰ ਕੌਮਾਂਤਰੀ ਮਸਲਾ ਹੈ, ਮਨੁੱਖਤਾ ਦਾ। ਗੱਲ ਇੱਕ ਕੌਮ, ਫ਼ਲਸਤੀਨ, ਦੀ ਨਸਲਕੁਸ਼ੀ ਤੱਕ ਆਣ ਪੁੱਜੀ ਹੈ, ਤਾਂ ਹਰ ਕਲਾਕਾਰ, ਜਥੇਬੰਦੀ, ਤੇ ਮਨੁੱਖ ਦਾ ਫਰਜ਼ ਬਣਦਾ ਹੈ ਇਸ ਮਨੁੱਖ-ਘਾਤ ਵਿਰੁੱਧ ਤੇ ਫ਼ਲਸਤੀਨੀ ਕੌਮ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਦਾ।ਮੇਰੇ ਜਾਂਚੇ ਅਸੀਂ, ਪੰਜਾਬੀ ਕਵੀਆਂ ਨੇ ਇਸ ਮਸਲੇ ਨੂੰ ਵੀ ਇੰਨੀ ਗੰਭੀਰਤਾ ਨਹੀਂ ਲਿਆ, ਜਿੱਦਾਂ ਲੈਣਾ ਬਣਦਾ ਸੀ/ਹੈ। ਤਾਂ ਵੀ ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ਵਿੱਚ ਇਸ ਮਸਲੇ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਨਹੀਂ ਕੀਤਾ ਗਿਆ। ਮਿਸਾਲ ਵਜੋਂ, ਇੱਕ ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ਵਿੱਚ, ਇੱਕ ਫ਼ਲਸਤੀਨੀ ਕੁੜੀ ਘਰੋਂ ਸੌਦਾ-ਪੱਤਾ ਲੈਣ ਨਿੱਕਲੀ ਹੈ, ਬਾਜ਼ਾਰ ਵਿੱਚ ਹੋਰ ਲੋਕਾਂ ਸਮੇਤ, ਇਜ਼ਰਾਈਲੀ ਫ਼ੌਜੀ ਜਹਾਜ਼ ਵਲੋਂ ਕੀਤੀ ਬੰਬਾਰੀ ਦਾ ਸ਼ਿਕਾਰ ਹੋ ਜਾਂਦੀ ਹੈ; ਉਹਦੇ ਘਰ ਨਾ ਪਰਤਣ ‘ਤੇ, ਘਰ ਵਾਲੇ ਉਹਨੂੰ ਲੱਭਣ ਨਿਕਲਦੇ ਨੇ, ਆਪਣੀ ਛੋਟੀ ਕੁੜੀ ਸਮੇਤ: ਜਦੋਂ ਕੋਈ ਸਟੇਟ ਨਿਹੱਥੇ ਲੋਕਾਂ ‘ਤੇ ਗੋਲੀਆਂ ਚਲਾਵੇ ਤੇ ਬੰਬ ਵਰ੍ਹਾਵੇ, ਉਹ ਸਟੇਟ ਵੀ ਦਹਿਸ਼ਤਵਾਦੀ ਹੁੰਦੀ ਹੈ: ਗੱਲ ਇੱਕ ਕੌਮ, ਫ਼ਲਸਤੀਨ, ਦੀ ਨਸਲਕੁਸ਼ੀ ਤੱਕ ਆਣ ਪੁੱਜੀ ਹੈ, ਤੇ ਇਜ਼ਰਾਈਲੀ ਸਟੇਟ ਹਿਟਲਰਸ਼ਾਹੀ ਦਾ ਰੋਲ ਨਿਭਾ ਰਹੀ ਹੈ: ਇੱਕ ਕਵਿਤਾ ਦਾ ‘ਮੈਂ’ ਸ਼ੰਘਰਸ਼ ਭਰੇ ਜਿੰਦਗੀ-ਸਫ਼ਰ ਦੌਰਾਨ “ਸਾਰੀ ਦੁਨੀਆਂ ਗਾਹ ਕੇ, ਯੁੱਗਾਂ ਯੁੱਗਾਂ ਤੋਂ ਬਾਅਦ, ਘਰ ਪਰਤ ਰਿਹਾ” ਹੈ, ਤਾਂ ਸੋਚਾਂ ਲੜਾ ਰਿਹਾ ਕਿ ਘਰ ਉਹਨੂੰ ਉਡੀਕਦੀ ਆਪਣੀ ਮੁਹੱਬਤ ਲਈ ਕੀ ਤੋਹਫਾ ਲੈ ਕੇ ਜਾਏ। ਉਹਦੀ ਮੁਹੱਬਤ ਜੇ ‘ਭੂਤਮੁੱਖੀ ਹਵਾਲਾ-ਫਰੇਮ’ ਖੜ੍ਹੀ ਹੁੰਦੀ ਤਾਂ ਗੁੰਮ ਹੋ ਗਏ ਚਰਖਿਆਂ, ਤੀਆਂ, ਤੇ ਬੋਹੜਾਂ ਦੀਆਂ ਛਾਵਾਂ ਆਦਿ ਦੇ ਕੀਰਨੇ ਪਾਉਂਦੀ, ਪਰ ਜ਼ਾਹਰਾ ਤੌਰ ‘ਤੇ ਉਹ ‘ਵਿਸ਼ਵ ਹਵਾਲਾ-ਫਰੇਮ’ ‘ਤੇ ਖੜ੍ਹੀ ਹੈ, ਤਾਂਹੀਓਂ ਉਹਦਾ ਹੁੰਘਾਰਾ ਕੁਝ ਇਸ ਤਰ੍ਹਾਂ ਹੈ: ਇਸ ਲੇਖ ਵਿੱਚ, ਹੁਣ ਤੱਕ, ਬੇਸ਼ੱਕ, ਸਪਸ਼ਟ ਹੋ ਗਿਆ ਹੋਵੇਗਾ ਕਿ ‘ਵਿਸ਼ਵ ਹਵਾਲਾ-ਫਰੇਮ’, ਨਜੀਤਣ ਪ੍ਰਗਤਾਸ਼ੀਲ ਕਵਿਤਾ, ਭਵਿੱਖਮੁੱਖਤਾ ਦਾ ਸ਼ਿਕਾਰ ਨਹੀਂ ਹੁੰਦੀ। ਭੂਤਮੁੱਖਤਾ ਤੋਂ ਬਗਾਵਤ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਸਿਰਫ਼ ਅਤੀਤ ਨੂੰ ਚੇਤੇ ਕਰਨ ਤੇ ਇਹਦਾ ਰਿਵਿਊ ਕਰਨ ਨਾਲ ਹੀ ਬੰਦਾ ਭੂਤਮੁੱਖੀ ਨਹੀਂ ਬਣ ਜਾਂਦਾ; ਆਖ਼ਰ, ਯਾਣਿ after all, ਭਵਿੱਖਮੁੱਖੀਏ ਵੀ ਅਤੀਤ ਦਾ ਅਕਸਰ ਵਿਸ਼ਲੇਸ਼ਣ ਕਰਦੇ ਨੇ, ਤੇ ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ਇਹ ਤੱਥ ਜਾਣਦੀ ਹੈ; ਮਿਸਾਲ ਵਜੋਂ: ਉੱਤਕ ਕਾਵਿ-ਟੋਟਾ ਅਤੀਤ ਦਾ ਵਿਸ਼ਲੇਸ਼ਣ ਕਰਦਾ ਹੈ ਜ਼ਿੰਦਗੀ ਦੇ ਨਵੇਂ ਮੰਤਵ ਤੇ ਸੰਕਲਪ, ਜਿਵੇਂ ਕੁਰਬਾਨੀ, ਉਲੀਕਣ/ਉਸਾਰਨ ਲਈ, ਜੋ ਇਹਨੂੰ ਭਵਿੱਖਮੁੱਖੀ ਬਣਾ ਦਿੰਦਾ ਹੈ। ਹੇਠਲਾ ਕਾਵਿ-ਟੋਟਾ ਵੀ ਕੁਝ ਇਸ ਤਰ੍ਹਾਂ ਦਾ ਹੀ ਕਰਦਾ ਹੈ: ਇਹ ਕੋਈ ਕੁਰਬਾਨੀ ਨਹੀਂ…”…(ਡਾ. ਸੁਖਪਾਲ ਸੰਘੇੜਾ: ਆਦਤ [11]) ‘ਪਰਵਾਸੀ’ ਸ਼ਬਦ, ਜੋ ਇੰਡੀਆ ਬੈਠੇ ਪੰਜਾਬੀ ਲੇਖਕ/ਆਲੋਚਕ ਤੇ ਸਥਾਪਤੀ ਆਖਦੀ/ਵਰਤਦੂ ਹੈ, ‘ਯੁੱਧਬੰਦੀ’ ਦਾ ਹਾਣੀ ਹੈ, ਆਪਣੀ ਸਹੀ ਅਰਥਾਂ ਵਜੋਂ, ਕਿਉਂਕਿ ਕਿਸੇ ਦੇਸ਼ ਵਿੱਚ ਉਹਦੇ ‘ਯੁੱਧਬੰਦੀ’ ਹੀ ਪਰਵਾਸੀ ਹੁਦੇ ਹਨ, ਸ਼ਬਦ ਦੇ ਸਹੀ ਅਰਥਾਂ, ਕਿਉਂਕਿ ਉਹ ਨਾਗਰਿਕ ਨਹੀਂ ਹੁੰਦੇ; ਜੋ ਨਾਗਰਿਕ ਹੁੰਦੇ ਨੇ, ਉਹ ਪਰਵਾਸੀ ਨਹੀਂ ਹੁੰਦੇ। ਜਦੋਂ ਲੋਕ ਆਪਣੀ ਮਾਤਭੂਮੀ ਛੱਡ ਕੇ ਕਿਸੇ ਹੋਰ ਦੇਸ਼, ਜਿਵੇ ਪੱਛਮੀ ਦੇਸ਼, ਨੂੰ ਜਾਂਦੇ ਨੇ ਤਾਂ ਉਹ ਅਕਸਰ ਆਪਣੀ ਮਰਜ਼ੀ ਨਾਲ ਜਾਂਦੇ ਨੇ; ਜਿਵੇ ਹੇਠਲੇ ਕਾਵਿ-ਟੋਟਾ ਦਾ ਸਮਕਾਲੀ ਅਮਰੀਕੀ ਕਵੀ ਇਕਬਾਲ ਕਰਦਾ ਹੈ: ਉੱਤਕ ਕਾਵਿ-ਟੋਟਾ ਵਿੱਚ ‘ਅਸੀਂ’ ਖੰਭਾਂ ‘ਤੇ ਉੱਡ ਕੇ ਮਰਜ਼ੀ ਦੇ ਦੇਸ਼ ਆਉਂਦੇ ਨੇ, ਪਰ ਆਉਣ ਬਾਅਦ ਖੰਭਾਂ ਨੂੰ ਨਾਲ ਲਿਆਏ ਬੈਗਾਂ ਵਿੱਚ ਛੁਪਾ ਦਿੰਦੇ ਨੇ। ਕਵਿਤਾ ਵਿੱਚ ‘ਅਸੀਂ’ ਤਰਕ ਕਰਦੇ ਨੇ ਕਿ ਰੋਜ਼ਨਾਮਚਾ ਜ਼ਿੰਦਗੀ ਦਾ ਸੰਘਰਸ਼ ਤੇ ਅਤੀਤ ਦੇ ਚੇਤੇ ਉਨ੍ਹਾਂ ਗੋਡਣੀਆਂ ਲਵਾਈ ਰੱਖਦੇ ਨੇ, ਉਨ੍ਹਾਂ ਨੂੰ ਉੱਡਣ-ਯੋਗ ਰਹਿਣ ਦਿੰਦੇ; ਤਾਂ ਹੀ ਉਨ੍ਹਾਂ ਨੇ ਉਹ ਖੰਭ ਬੈਗਾਂ ਵਿੱਚ ਲੁਕਾ ਦਿੱਤੇ ਨੇ। ਸ਼ਾਇਦ, ‘ਅਸੀਂ’ ਦੇ ਅਚੇਤ ਮਨਾਂ ਨੇ ਇਹ ਵੀ ਅਨੁਭਵ ਕਰ ਲਿਆ ਹੋਵੇ ਕਿ ਭੂਤਮੁੱਖੀ ਜਾਂ ਅਰਧ-ਭੂਤਮੁੱਖੀ ਉਹ ਖੰਭ ਐਧਰਲੇ, ਜਾਂ ਭਵਿੱਖ ਦੇ, ਆਸਮਾਨਾਂ ਵਿੱਚ ਉੱਡਣ ਲਈ ਐਨੇ ਸਹਾਈ ਨਾ ਹੋਣ। ਤਾਂਹੀਉਂ ‘ਅਸੀਂ’ ਨੇ ਉਹ ਖੰਭ ਸੰਭਾਲ ਕੇ ਰੱਖ ਲਏ ਨੇ ਤੇ: ਤੇ ਤਾਂਹੀਉਂ ਤਾਂ ਇਧਰ ਨਵੇਂ ਖੰਭ ਉਗਾਉਣ ਦੇ ਖਿਆਲ ਆਉਣੇ ਸ਼ੁਰੂ ਹੋ ਗਏ ਨੇ: ਉੱਤਕ ਕਾਵਿ-ਟੋਟਾ ਵਿੱਚ ‘ਅਸੀਂ’ ਨਵੇ ਖੰਭ ਉਗਾਉਣ ਦਾ ਸੁਪਨਾ ਦੇਖਦੇ ਨੇ, ਇੰਝ ‘ਭੂਤਮੁੱਖੀ ਹਵਾਲਾ-ਫਰੇਮ’ ਦੀ ਥਾਂ ‘ਵਿਸ਼ਵ ਹਵਾਲਾ-ਫਰੇਮ’ ਦੇ ਖੰਭ ਦਾ ਖ਼ਾਬ ਵੇਖਦੇ ਨੇ। ਇਸ ‘ਵਿਸ਼ਵ ਹਵਾਲਾ-ਫਰੇਮ’ ਤੋਂ ਉਡਾਰੀ ਭਰੀ ਜਾ ਸਕਦੀ ਹੈ ਨਵੇਂ ਬ੍ਰਹਿਮੰਡ ਵੱਲ ਨੂੰ, ਜਿਸ ਵਿੱਚ ਰਿਸ਼ਤੇ ਦੇ ਆਰ ਪਾਰ ਉਡਿਆ ਸਕਦਾ ਹੈ ਸਮੁੰਦਰਾਂ ਦਾ ਫ਼ਾਸਲਾ ਮਿਟਾ ਕੇ। ਇਸ ਤਰ੍ਹਾਂ ਹੀ, ਮਿਸਾਲ ਵਜੋਂ, ਇੱਕ ਸਮਕਾਲੀ ਅਮਰੀਕੀ ਪੰਜਾਬੀ ਕਵੀ ‘ਵਿਸ਼ਵ ਹਵਾਲਾ-ਫਰੇਮ’ ‘ਤੇ ਖੜ੍ਹੇ ਹੋਣ ਦਾ ਪ੍ਰਦਰਸ਼ਨ ਕਰਦਾ ਹੈ, ਜਿਵੇਂ ਕਿ ‘ਵਿਸ਼ਵ ਹਵਾਲਾ-ਫਰੇਮ’ ‘ਤੇ ਖੜ੍ਹੋ ਕੇ, ਪਿਛਾਂਹ ਨਜ਼ਰ ਮਾਰਿਆਂ ਵੀ, ਉਹ ਕੁਝ ਦਿਸਦਾ ਹੈ, ਜੋ ‘ਭੂਤਮੁੱਖੀ ਹਵਾਲਾ-ਫਰੇਮ’ ਤੋਂ ਦਿਸ ਸਕਦਾ, ਮਿਸਾਲ ਵਜੋਂ: ਆਧੁਨਿਕ ਵਿੱਚ ਵੀ, ਹਰਿਭਜਨ ਸਿੰਘ ਤੇ ਸੁਰਜੀਤ ਪਾਤਰ ਵਰਗਿਆਂ ਤੋਂ ਲੈਕੇ ਹੁਣ ਤੱਕ ਕਰੀਬ ਸਾਰੇ ਸਮਕਾਲੀ ਪੰਜਾਬੀ ਕਵੀ ਚਾਨਣ/ਗਿਆਨ ਦੇ ਬਿੰਬਾਂ ਵਜੋਂ ਜਾਗੀਰੂ/ਰਾਜਾਸ਼ਾਹੀ ਡਿਵਾਈਸਾਂ ਜਿਵੇਂ ਮਿਸ਼ਾਲਾਂ, ਜੋਤਾਂ/ਦੀਵੇ, ਤੇ ਮੋਮਬੱਤੀਆਂ ਆਦਿ ਨੂੰ ਹੀ ਵਰਤਦੇ ਚਲੇ ਆ ਰਹੇ ਨੇ, ਜਦੋਂ ਕਿ ਆਧੁਨਿਕ ਯੁੱਗ ਵਿੱਚ ਰਾਤੀਂ ਧੁੱਪ ਵਰਗੀ ਰੌਸ਼ਨੀ ਕਰਨ ਵਾਲੇ ਬਿਜਲਈ ਬਲ੍ਹਬਾਂ ਤੇ ਟਿਊਬਾਂ ਵਰਗੇ ਡਿਵਾਈਸ ਉਪਲੱਬਦ ਨੇ, ਤੇ ਦੁਨੀਆਂ ਬਿਜਲੀ ਵੀ ਸੂਰਜ ਦੀ ਰੌਸ਼ਨੀ ਤੋਂ ਬਣਾਉਣ ਦੇ ਪੜਾਅ ‘ਤੇ ਪਹੁੰਚ ਰਹੀ ਹੈ। ਇਸ ਪ੍ਰਸੰਗ ਵਿੱਚ, ਹੇਠਲੇ ‘ਕਾਵਿ-ਟੋਟਾ’ ਦਾ ਅਮਰੀਕੀ ਪੰਜਾਬੀ ਕਵੀ ‘ਭੂਤਮੁੱਖੀ ਹਵਾਲਾ-ਫਰੇਮ’ ਦੀ ਥਾਂ ‘ਵਿਸ਼ਵ ਹਵਾਲਾ-ਫਰੇਮ’ ‘ਤੇ ਖੜ੍ਹਾ ਪ੍ਰਤੀਤ ਹੁੰਦਾ ਹੈ: ਅੱਜ ਪੰਜਾਬੀ ਕਵੀ ਭਾਵੇਂ ਕਿਸੇ ਵੀ ਦੇਸ਼ ਵਿੱਚ ਵਸਦੇ ਹੋਣ, ਅਸੀਂ ਕਰੀਬ ਸਾਰੇ ਹੀ ਭੂਤਮੁੱਖੀ ਭਾਰਤੀ ਸਮਾਜ ਦੇ ਜੰਮਪਲ ਹਾਂ। ਸੋ, ਜੋ ਵੀ ਪੰਜਾਬੀ ਕਵੀ ਕਦੀ ਵੀ ‘ਵਿਸ਼ਵ ਹਵਾਲਾ-ਫਰੇਮ’ ‘ਤੇ ਖੜ੍ਹਿਆ, ਉਹਨੇ ਕਿਸੇ ਨਾ ਕਿਸੇ ਰੂਪ ਵਿੱਚ ‘ਭੂਤਮੁੱਖੀ ਹਵਾਲਾ-ਫਰੇਮ’ ਤੋ ‘ਵਿਸ਼ਵ ਹਵਾਲਾ-ਫਰੇਮ’ ਤੱਕ ਦਾ ਸਫਰ ਤੈਅ ਤਹਿ ਕੀਤਾ ਹੋਵੇਗਾ; ਇੱਥੋਂ ਤੱਕ ਕਿ ਪਾਸ਼ ਨੇ ਵੀ, ਮਿਸਾਲ ਵਜੋਂ, ‘ਅੰਤਿਕਾ’ ਤੋਂ ‘ਖੁੱਲ੍ਹੀ ਚਿੱਠੀ’ ਤੱਕ ਦਾ [6]। ਸੋ, ਇਸ ਸਫ਼ਰ ਦਾ ਕਿਸੇ ਨੂੰ ਕੋਈ ਮਿਹਣਾ ਨਹੀਂ; ਕਿਉਂਕਿ ਇਹ ਸਫ਼ਰ ਆਪਣੇ ਆਪਣੇ-ਆਪ ਵਿੱਚ ‘ਭੂਤਮੁੱਖੀ’ ਦੀ ਥਾਂ ਭਵਿੱਖਮੁੱਖੀ ਹੁੰਦਾ ਹੈ, ਤੇ ਅਕਸਰ ਵਧੀਆ ਕਾਵਿ ਦੀ ਰਚਨਾ ਕਰ ਦਿੰਦਾ ਹੈ। ਮਿਸਾਲ ਵਜੋਂ, ਆਓ ਇੱਥੇ ਐਸੀ ਹੀ ਇੱਕ ਖੂਬਸੂਰਤ ਅਮਰੀਕੀ ਪੰਜਾਬੀ ਕਵਿਤਾ ਵਿਚਾਰੀਏ ਜੋ ‘ਭੂਤਮੁੱਖੀ ਹਵਾਲਾ-ਫਰੇਮ’ ਤੋ ‘ਵਿਸ਼ਵ ਹਵਾਲਾ-ਫਰੇਮ’ ਨੂੰ ਸਫ਼ਰ ਤੈਅ ਕਰਦੀ ਹੈ; ਕਵਿਤਾ ਦਾ ਦੂਜਾ ਕਾਵਿ-ਟੋਟਾ ਇਸ ਦ੍ਰਿਸ਼ ਸਥਾਪਤ ਕਰ ਦਿੰਦਾ ਹੈ: ਉੱਤਕ ਕਾਵਿ-ਟੋਟਾ ਵਿੱਚ, ਜੇ ਜੰਗਲ ਨੂੰ ਸਮਾਜ ਦਾ ਪ੍ਰਤੀਕ ਅਤੇ ‘ਸੁੱਕੇ-ਟੁੱਟੇ ਐਨਾਂ ਕੁਝ’ ਤੇ ‘ਸਦੀਆਂ ਭਰ ਦਾ ਮਲਬਾ’ ਨੂੰ ਉਸ ਸਮਾਜ ਦੀਆਂ ਗਲ੍ਹੀਆਂ ਸੜੀਆਂ, ਸਮਾਂ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਦਾ ਪ੍ਰਤੀਕ ਮੰਨ ਲਵਾਂ, ਤਾਂ ਮੈਂ ਐਸਾ ਕਰਨ ਵਾਲਾ ਪਹਿਲਾ ਕਵੀ ਜਾਂ ਵਿਸ਼ਲੇਸ਼ਕ ਨਹੀਂ ਹੋਵਾਂਗਾ। ਇਸ ਕਾਵਿ-ਟੋਟਾ ਦਾ ਪਾਤਰ ‘ਮੈਂ’ ਇੱਹ ਹਰਾ ਰੁੱਖ ਹੈ, ਯਾਣਿ ਸਮਾਜ ਦਾ ਨਾਗਰਿਕ। ਉੱਤਕ ਕਾਵਿ-ਟੋਟਾ ਵਿੱਚਲਾ ਸਮਾਜ ਮਨੁੱਖੀ ਵਿਕਾਸ ਦੀ ਰਾਹ ‘ਚੇ ਅੜ੍ਹ/ਖੜ੍ਹ ਗਿਆ ਸਮਾਜ ਭਾਸਦਾ ਹੈ, ਜੋ ਯੁੱਗ-ਪਲਟੇ ਬਗੈਰ ਅਗਾਂਹ ਨਹੀਂ ਵੱਧ ਸਕਦਾ। ‘ਮੈ’ ਕਿਉਂਕਿ ਹਰਾ ਹੈ, ਉਹ ਕੋਲ ਗੁਆਉਣ ਲਈ ਕੁਝ ਹੈ, ਕੋਈ ਗੜਬੜ/ਤਬਦੀਲੀ ਨਹੀਂ ਚਾਹੁੰਦਾ। ਹਵਾ, ਜੋ ਤਬਦੀਲੀ ਦੀ ਵਾਹਕ ਹੈ, ‘ਮੈਂ’ ਨੂੰ, ਕਵਿਤਾ ਦੇ ਪਹਿਲੇ ਕਾਵਿ-ਟੋਟਾ ਵਿੱਚ ਹੀ ਸਾਜ਼ਿਸ਼ੀ ਤੇ ਕੁਲੱਛਣੀ ਲੱਗਦੀ ਹੈ: ਏਸੇ ਲਈ ਹੀ: ਉਂਝ ਤਾਂ ਕਵਿਤਾ ਦੀਆਂ ਆਖਰੀ ਦੀ ਸ਼ਤਰਾਂ ‘ਮੈਂ’ ਨੂੰ ‘ਵਿਸ਼ਵ ਹਵਾਲਾ-ਫਰੇਮ’ ਦੇ ਵਸੀਮੇ ਲਿਆ ਖੜਾ ਕਰਦੀਆਂ ਨੇ: ਭਵਿੱਖਮੁੱਖੀਏ ਜਿਵੇਂ ਇਸ ਲੇਖ ਵਿੱਚ ਪਹਿਲਾਂ ਹੀ ਕਿਹਾ ਗਿਆ ਹੈ ਕਿ ‘ਵਿਸ਼ਵ ਹਵਾਲਾ-ਫਰੇਮ’, ਪ੍ਰਭਾਸ਼ਾ ਤੋਂ ਹੀ, ਭਵਿਖਮੁੱਖੀ ਹੁੰਦਾ ਹੈ। ਮਿਸਾਲ ਵਜੋਂ, ਹੇਠਲੇ ਕਾਵਿ-ਟੋਟਾ ਵਿੱਚ ‘ਮੈਂ’ ਅਤੀਤ ਦੇ ਆਜ਼ਾਦੀ ਘੁਲਾਟੀਆਂ ਦੇ ਨਾਮ ਵਰਤਦਾ ਹੈ, ਬਿੰਬਾਂ ਵਜੋਂ, ਮਨੁੱਖੀ ਲੁੱਟ ਤੇ ਜ਼ਬਰ ਵਿਰੁੱਧ ਸੰਘਰਸ਼ ਦਾ ਸਫ਼ਰ ਜਾਰੀ ਰੱਖਣ ਲਈ; ਇਹ ਬੇਸ਼ੱਕ ਭਵਿਖਮੁੱਖੀ ਪਹੁੰਚ ਹੈ: ਆਪਣੇ ਘਰ/ਟਿਕਾਣੇ ਉੱਪਰ ਜ਼ਬਰ ਦਾ ਵਿਰੋਧ ਕਰਨ ਲਈ ‘ਮੈਂ’ ਦੀ ਪਹੁੰਚ ਸਥਾਨਕ ਦੀ ਥਾਂ ਗਲੋਬਲ ਜਾਂ ਬ੍ਰਹਿਮੰਡੀ ਹੈ; ਇਹ ਵੀ ‘ਵਿਸ਼ਵ ਹਵਾਲਾ-ਫਰੇਮ’ ਦੀ ਹਾਜ਼ਰੀ ਕਰਕੇ ਹੈ। ਹੇਠਲੇ ਕਾਵਿ-ਟੋਟਾ ਦਾ ‘ਮੈਂ’ ਅਤੀਤ ਵਿੱਚ ਮਿਲੇ ਮੁਕਟ ਪੁਰਸਕਾਰ ਤੋਂ ਭਵਿੱਖ ਵਿੱਚ ਆਪਣੇ ਸਿਰ ਦੀ ਲੋੜ ਨੂੰ ਜ਼ਿਆਦਾ ਮਹੱਤਵ ਦਿੰਦਾ ਹੈ: ਜਦੋਂ ਨਵੇਂ ਸ਼ਬਦਾਂ, ਪ੍ਰੀਭਾਸ਼ਾਵਾਂ , ਸੰਕਲਪਾਂ ਆਦਿ ਦੀ ਲੋੜ ਭਾਸਦੀ ਹੈ, ਤਾਂ ਅਸੀਂ ਅਕਸਰ ਭਵਿੱਖ ਨਾਲ ਸਿੱਜ ਰਹੇ ਹੁੰਦੇ ਹਾਂ: ਇਸ ਤਰ੍ਹਾਂ, ਸਮਕਾਲੀ ਅਮਰੀਕੀ ਪੰਜਾਬੀ ਕਵਿਤਾ “ਇਸ ਯੁੱਗ ਤੋੰ ਅਗਲੇ ਯੁੱਗ ਤੱਕ” ਜਾਣ ਦੇ ਖ਼ਿਆਲ ਵਿੱਚ, ਅਗਲੇ ਯੁੱਗ ਦਾ ਸੁਪਨਾ ਵੀ ਵੇਖਦੀ ਹੈ: ਭਵਿੱਖਮੁੱਖੀਏ ਤਬਦੀਲੀ ਤੇ ਸਫ਼ਰ ਤੋਂ ਕਦ ਡਰਦੇ ਨੇ? ਉਹ ਤਾਂ ਅਕਸਰ ਤਬਦੀਲੀ ਦੇ ਸਫਰ ‘ਤੇ ਹੁੰਦੇ ਨੇ। ਤਬਦੀਲੀ ਤੇ ਸਫਰ ਤਬਦੀਲੀ ਦਾ ਸਫ਼ਰ ਕੁਦਰਤ ਦਾ ਅਟੱਲ ਨਿਯਮ ਹੈ। ਪ੍ਰਗਤੀਸ਼ੀਲ ਕਵਿਤਾ, ਜੋ ਧਰਤੀ ਉੱਪਰ ਮਨੁੱਖੀ ਜੂਨ ਦੇ ਅਗਾਂਹ ਨੂੰ ਵਿਕਾਸ ਦਾ ਸਮਰਥਨ ਕਰਨ ਵਾਲੀ ਹੁੰਦੀ ਹੈ, ਦੇ ਲਈ ਤਬਦੀਲੀ ਤੇ ਸਫਰ ਚਾਲਕ ਊਰਜਾ, ਜਿਵੇਂ ਬਿਜਲੀ-ਕਾਰ ਦੀ ਬੈਟਰੀ ਜਾਂ ਬਿਜਲੀ, ਦਾ ਕੰਮ ਕਰਦੀ ਹੈ। ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ‘ਚੇ ਇਹ ਵੀ ਮਿਲ ਜਾਂਦਾ ਹੈ, ਮਿਸਾਲ ਵਜੋਂ, ਹੇਠਲਾ ਕਾਵਿ-ਟੋਟਾ ਮਿਹਣਿਆਂ-ਤਾਨਿਆਂ ਦੇ ਖ਼ੜੋਤ ਸੱਭਿਆਚਾਰ, ਯਾਣਿ static culture, ਛੱਡ ਕੇ ਤਬਦੀਲੀ ਦੇ ਰਾਹ ਪੈਣ ਲਈ ਪ੍ਰੇਰਦਾ ਹੈ: ਅਮਰੀਕੀ ਪੰਜਾਬੀ ਕਵਿਤਾ ਸਿਰਫ਼ ਮਨੁੱਖੀ ਪ੍ਰਗਤੀ ਤੱਕ ਹੀ ਸੀਮਿਤ ਨਾ ਰਹਿੰਦੀ ਹੋਈ, ਉਸ ਇੱਕ ਸੈੱਲ ਤੱਕ ਪਹੁੰਚ ਜਾਂਦੀ ਹੈ ਜਿੱਥੋਂ, ਪ੍ਰਮਾਣਤ ਵਿਗਿਆਨਕ ਵਿਕਾਸਵਾਦੀ ਸਿਧਾਂਤ ਅਨੁਸਾਰ, ਧਰਤੀ ਉੱਪਰ ਜਿੰਦਗੀ ਦੀ ਸ਼ੁਰੂਆਤ ਹੋਈ: ਜਿਸ ਸਫ਼ਰ ਨੇ ‘ਭੂਤਮੁੱਖੀ ਹਵਾਲਾ-ਫਰੇਮ’ ਦੀ ਨਜ਼ਰੇ ਵੇਖਿਆਂ ਪਰਵਾਸਵਾਦ ਦਾ ਰੋਣਾ-ਧੋਣਾ ਬਣ ਕੇ ਰਹਿ ਜਾਣਾ ਸੀ, ੳਹੀ ਸਫ਼ਰ-ਅਨੁਭਵ ‘ਵਿਸ਼ਵ ਹਵਾਲਾ-ਫਰੇਮ’ ਦੀ ਨਜ਼ਰੇ ਕੁਝ ਇਸ ਤਰ੍ਹਾਂ ਦਾ ਲੱਗਦਾ ਹੈ: ਫਿਰ ਡਾ. ਗੁਰੂਮੇਲ ਦੀ ਵਿਧੀ ਵਰਤਦੇ ਹੋਏ: ਉੱਤਕ ‘ਕਾਵਿ-ਟੋਟਾ’ ਮਿਸਾਲ ਵਜੋਂ ਵਰਤਦੇ ਹੋਏ, ਇਸ ਕਵਿਤਾ ਬਾਰੇ ਪੰਜਾਬ ਦੇ ਨਾਟਕਕਾਰ, ਅਭਿਨੈ ਕਲਾਕਾਰ, ਤੇ ਚਿੰਤਕ ਗੁਰਸ਼ਰਨ ਸਿੰਘ ਨੇ ਕਿਹਾ ਸੀ: ‘ਵਿਸ਼ਵ ਹਵਾਲਾ-ਫਰੇਮ’, ਨਤੀਜਣ ਪ੍ਰਗਤੀਸ਼ੀਲ ਕਵਿਤਾ, ਦੀ ਸੱਭਿਆਚਾਰਕ ਪਛਾਣ ਨੂੰ ਕੀ ਦੇਣ ਹੈ? ਸੱਭਿਆਚਾਰਕ ਪਛਾਣ ‘ਵਿਸ਼ਵ ਹਵਾਲਾ-ਫਰੇਮ’ ਤੋਂ ਸੱਭਿਆਚਾਰਕ ਪਛਾਣ ਵਿੱਚ ਬੰਦਾ ਮਨੁੱਖਤਾ ਨਾਲ, ਦੇਸ਼ਾਂ ਦੀਆਂ ਜ਼ਮੀਆਂ ਧਰਤੀ ਨਾਲ, ਅਤੇ ਨਿੱਜੀ ਦੁੱਖ/ਸੁੱਖ ਮਨੁੱਖਤਾ ਤੇ ਧਰਤੀ ਦੋਵਾਂ ਨਾਲ, ਜੁੜ੍ਹੇ ਦਿਸਦੇ ਨੇ, ਮਿਸਾਲ ਵਜੋਂ: ‘ਤੇ ਬੰਦਾ ਘਰ ਜਾਂ ਪਿਆਰਿਆਂ ਨਾਲ ਹੀ ਨਹੀਂ, ਜ਼ਮਾਨੇ ਨਾਲ ਵੀ ਜੁੜਿਆਂ ਹੁੰਦਾ ਹੈ: ‘ਵਿਸ਼ਵ ਹਵਾਲਾ-ਫਰੇਮ’ ‘ਤੇ ਖੜ੍ਹਾ ਕਵੀ ਆਪਣੀ ਅੱਖੋਂ ਮਨੁੱਖ ਤੇ ਧਰਤੀ ਹੀ ਨਹੀਂ, ਇਸ ਪਰੇ ਨਾਲ ਜੁੜਿਆਂ ਹੁੰਦਾ ਹੈ: ‘ਵਿਸ਼ਵ ਹਵਾਲਾ-ਫਰੇਮ’ ‘ਤੇ ਖੜ੍ਹ ਕੇ ਸੱਭਿਆਚਾਰਕ ਪਛਾਣ ਦੇ ਪ੍ਰਸੰਗ ਵਿੱਚ, ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ਸੱਭਿਆਚਾਰਕ ਵੱਖਰੇਵੇਂ ਦੇਖਣ ਵਿੱਚ ਵਰਤੀ ਜਾ ਰਹੀ ‘ਸਮਝ’ ਨੂੰ ਵੀ ਵੰਗਾਰ ਸਕਦੀ ਹੈ, ਮਿਸਾਲ ਵਜੋਂ: ਪੂਰਬ ਤੇ ਪੱਛਮ ਦੇ ਦੱਸੋ ਫ਼ਰਕ ਹੈ ਕਿੱਡਾ ਜੀ? ਸਾਡੀ ਸਮਝ ਸੀਮਾ ‘ਤੇ ਖੜ੍ਹੀ ‘ਵਿਸ਼ਵ ਹਵਾਲਾ-ਫਰੇਮ’, ਨਤੀਜਣ ਪ੍ਰਗਤੀਸ਼ੀਲ ਕਵਿਤਾ, ਆਪਣੀ ਨਜ਼ਰ ਦੇ ਵਿਸ਼ਾਲ ਘੇਰੇ ਕਰਕੇ, ਜਿੱਥੇ ਬਾਹਰੋਂ ਬ੍ਰਹਿਮੰਡ ਦੇ ਆਰ ਪਾਰ, ਉੱਥੇ ਅੰਦਰੋਂ ‘ਨਿੱਜ’ ਤੱਕ, ਵੇਖ ਸਕਦੀ ਹੈ। ਨਿੱਜ ਜਿਵੇਂ ਪਹਿਲਾਂ ਵੀ ਕਿਹਾ ਗਿਆ ਹੈ, ਪੁਰਾਤਨ ਭਾਰਤੀ ਸਮਾਜ ਵਿੱਚ, ਇਸ਼ਕ-ਹਕੀਕੀ ਦਾ ਇੱਕ ਰੂਪ ਗ੍ਰਹਸਥ ਧਰਮ ਵਾਲੇ ਜੀਵਨ ਵਿੱਚ ਲਾਗੂ ਸੀ, ਜਿਸ ਵਿੱਚ ਮਰਦ ਰੱਬ ਦਾ ਰੂਪ ਹੁੰਦਾ ਸੀ ਤੇ ਔਰਤ ਉਹਦੀ ਦਾਸੀ [2]। ਸਾਡੇ ਅਰਧ-ਜਾਗੀਰੂ ਪੰਜਾਬੀ ਸਣੇ ਭਾਰਤੀ ਸਮਾਜ ਵਿੱਚ, ਉਸ ਗ਼ੁਲਾਮੀ ਦੀ ਰਹਿੰਦ-ਖ਼ੂੰਦ ਕਈਆਂ ਰੂਪਾਂ ਵਿੱਚ ਅਜੇ ਬਾਕੀ ਹੈ। ਨਤੀਜਣ, ਔਰਤ ਦਾ ਨਿੱਜ ਅਕਸਰ ਕਿਸੇ ਮਰਦ ਨਾਲ ਬੱਝਾ ਹੁੰਦਾ ਹੈ, ਮਿਸਾਲ ਵਜੋ: ਜਿੱਥੇ ‘ਵਿਸ਼ਵ ਹਵਾਲਾ-ਫਰੇਮ’ ਗ਼ੁਲਾਮੀ ਦੀ ਇਸ ਰਹਿੰਦ-ਖ਼ੂੰਦ ਨੂੰ ਪਛਾਣਨ ਵਾਲੀ ਨਜ਼ਰ ਬਖਸ਼ਦਾ ਹੈ, ਉੱਥੇ ਗ਼ੁਲਾਮੀ ਤੋਂ ਮੁਕਤ ਹੋਣ ਦਾ ਸਿਰੜ ਵੀ: ‘ਤੇ ਮੁਕਤ ਹੋਏ ‘ਨਿਜ’ ਦੇ ਖ਼ਾਬਾਂ ਦੀਆਂ ਜੜ੍ਹਾਂ ਮਿੱਟੀ/ਰੇਤ ਜਾਂ ਜ਼ਮੀਂ ਵਿੱਚ ਨਹੀਂ, ਸਗੋਂ ਧਰਤੀ ਵਿੱਚ ਲੱਗਦੀਆਂ ਨੇ, ਤੇ ਖ਼ਾਬ ਅੰਬਰਾਂ ਤੱਕ ਫ਼ੈਲਣ ਲਈ ਆਜ਼ਾਦ ਹੁੰਦੇ ਨੇ, ਤੇ ਉਨ੍ਹਾਂ ਦੀਆਂ ਯਾਦਾਂ ਵੀ: : ‘ਵਿਸ਼ਵ ਹਵਾਲਾ-ਫਰੇਮ’ ‘ਤੇ ਖੜ੍ਹਾ ਕਵੀ, ਜਦੋਂ ਮਾਤ-ਭੂਮੀ ਤੋਂ ਨਵੇਂ ਦੇਸ਼ ਦੇ ਸਫਰ ਵਿੱਚ ‘ਕੀ ਖੋਹਿਆ, ਕੀ ਪਾਇਆ’ ਦਾ ਪ੍ਰਸ਼ਨ ਪੁੱਛਦਾ ਤਾਂ ‘ਪਰਵਾਸਵਾਦ’ ਦਾ ਰੋਣਾ-ਧੋਣਾ ਕਰਨ ਦੀ ਥਾਂ ਆਪਣੀ ਸੋਚ ਨੂੰ ਚੈਲੰਜ ਕਰਦਾ ਹੈ: ਅੰਤਿਕਾ: ਮੁੱਕਦੀ ਗੱਲ ਮਨੁੱਖੀ ਵਿਕਾਸ ਦੇ ਪ੍ਰਸੰਗ ‘ਚੇ, ਕਿਸੇ ਵੀ ਭਾਸ਼ਾ ਤੇ ਦੇਸ਼ ਵਿੱਚ, ਕਵਿਤਾ ਦੀ ਮੂਲ ਸੰਭਾਵਨਾ ਉਹਦੀ ਪ੍ਰਗਤੀਸ਼ੀਲਤਾ ਵਿੱਚ ਹੀ ਹੁੰਦੀ ਹੈ।ਚੀਜ਼ਾਂ ਤੇ ਵਰਤਾਰਿਆਂ ਬਾਰੇ ਸੋਚਣ ਦਿਸ਼ਾ ਤੇ ਸਥਾਨ-ਘੇਰੇ ਦੇ ਢਾਂਚੇ ਨੂੰ ‘ਹਵਾਲਾ-ਫਰੇਮ’ ਕਹਿ ਸਕਦੇ ਹਾਂ। ਮੁੱਖ ਤੌਰ ‘ਤੇ, ਸੋਚ ਹਵਾਲਾ-ਫਰੇਮ ਦੋ ਤਰ੍ਹਾਂ ਦੇ ਹੁੰਦੇ ਨੇ: 1) ਮਨੁੱਖੀ ਵਿਕਾਸ ਦੀ ਦਿਸ਼ਾ ਵਿੱਚ ਸੇਧਤ ਤੇ ਗਲੋਬਲ ਸਥਾਨ-ਘੇਰੇ ਵਾਲਾ, ਜਿਸ ਨੂੰ ‘ਵਿਸ਼ਵ ਹਵਾਲਾ-ਫਰੇਮ’ ਕਹਿ ਸਕਦੇ, ਅਤੇ 2) ਮਨੁੱਖੀ ਵਿਕਾਸ ਦੀ ਉਲਟ-ਦਿਸ਼ਾ ਵਿੱਚ ਸੇਧਤ ਤੇ ਸੰਕੀਰਨ ਸਥਾਨ-ਘੇਰੇ ਵਾਲਾ, ਜਿਸ ਨੂੰ, ਭਾਰਤੀ ਸਮਾਜ ਦੇ ਸੰਦਰਭ ਵਿੱਚ, ‘ਭੂਤਮੁੱਖੀ ਹਵਾਲਾ-ਫਰੇਮ’ ਕਹਿ ਸਕਦੇ ਹਾਂ। ਮਿਸਾਲ ਦੇ ਤੌਰ ‘ਤੇ, ਪੰਜਾਬੀ ਵਿੱਚ ‘ਗ਼ੁਲਾਮ ਮਾਨਸਿਕਤਾ’ ਕਾਵਿ ਰਚਣ ਲਈ ਅਕਸਰ ‘ਭੂਤਮੁੱਖੀ ਹਵਾਲਾ-ਫਰੇਮ’ ਵਰਤਿਆ ਜਾਂਦਾ ਰਿਹਾ ਹੈ [3, 4]; ਇਸ ਦੇ ਉਲਟ, ਜਿਵੇਂ ਇਸ ਲੇਖ ਵਿਚ ਦਿਖਾਇਆ ਗਿਆ ਹੈ ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ਦੇ ਪ੍ਰਸੰਗ ਵਿੱਚ, ਪ੍ਰਗਤੀਸ਼ੀਲ ਕਵਿਤਾ ‘ਵਿਸ਼ਵ ਹਵਾਲਾ-ਫਰੇਮ’ ਵਰਤਦੀ ਹੈ। ਸਮਕਾਲੀ ਅਮਰੀਕੀ ਪੰਜਾਬੀ ਕਵੀ, ਆਮ ਤੌਰ ‘ਤੇ, ਦੋਵੇਂ ‘ਭੂਤਮੁੱਖੀ ਹਵਾਲਾ-ਫਰੇਮ’ ਤੇ ‘ਵਿਸ਼ਵ ਹਵਾਲਾ-ਫਰੇਮ’ ਵਰਤਦੇ ਰਹੇ ਹਨ ਨੇ, ਕਾਵਿ ਰਚਣਾ ਕਰਨ ਲਈ: ਕਈ ‘ਵਿਸ਼ਵ ਹਵਾਲਾ-ਫਰੇਮ’, ਕੁਝ ‘ਭੂਤਮੁੱਖੀ ਹਵਾਲਾ-ਫਰੇਮ’, ਬਾਕੀ ਦੋਵੇਂ। ਨਤੀਜਣ, ਭੂਤਮੁੱਖੀ ਜਾਂ ‘ਗ਼ੁਲਾਮ ਮਾਨਸਿਕਤਾ’ ਕਾਵਿ ਲੱਭਣ ਵਿੱਚ ਵੀ ਕੋਈ ਔਖ ਨਹੀਂ ਆਏਗੀ, ਪਰ ਇਸ ਲੇਖ ਵਿੱਚ, ਅਸੀਂ ‘ਵਿਸ਼ਵ ਹਵਾਲਾ-ਫਰੇਮ’, ਨਤੀਜਣ ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ਦੀ ਪ੍ਰਗਤੀਸ਼ੀਲ ਧਾਰਾ ‘ਤੇ ਹੀ ਕੇਂਦਰਿਤ ਰਹੇ ਹਾਂ। ਅਜਿਹੇ ਪਰਚੇ ਪੰਜਾਬੀ ਕਵਿਤਾ ਵਿੱਚ ਹੋਣ, ਚਾਹੇ ਭੌਤਿਕ ਵਿਗਿਆਨ ਵਿੱਚ, ਹਮੇਸ਼ਾ ਅਪੂਰਨ ਹੀ ਹੁੰਦੇ ਨੇ। ਇਸ ਲਈ, ਅਸੀਂ ਪਰਚੇ ਨੂੰ ਸੰਪੂਰਨ ਕਰਨ ਦੀ ਕੋਸ਼ਿਸ਼ ਵਿੱਚ, ਅਸੀਂ ਹਰ ਸਾਲ ਇਸ ਦਾ ਸੋਧਿਆ ਹੋਇਆ ਅੱਪਡੇਟਿਡ ਵਰਜਨ (version), ਯਾਣਿ ਅਸਲੀ ਤੇ ਪੂਰੀ ਹੀਰ, ਕੱਢਿਆ ਕਰਾਂਗੇ। ਸੌ ਹੱਥ ਰੱਸਾ, ਸਿਰੇ ‘ਤੇ ਗੰਢ 1. ਮਨੁੱਖੀ ਵਿਕਾਸ ਦੇ ਪ੍ਰਸੰਗ ‘ਚੇ, ਕਿਸੇ ਵੀ ਭਾਸ਼ਾ ਤੇ ਦੇਸ਼ ਵਿੱਚ, ਕਵਿਤਾ ਦੀ ਮੂਲ ਸੰਭਾਵਨਾ ਉਹਦੀ ਪ੍ਰਗਤੀਸ਼ੀਲਤਾ ਵਿੱਚ ਹੀ ਹੁੰਦੀ ਹੈ। ਹਵਾਲੇ 1. Steven Pinker, Enlightenment Now: The Case for Reason, Science, Humanism, and Progress; Publisher : Viking, February 13, 2018. |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |