21 January 2025

ਇੱਕ ਦਰਸ਼ਕ ਨਜ਼ਰੀਏ ਤੋਂ: ਪਰਵਾਸਵਾਦ, ਪਾਤਰ-ਕਾਵਿ, ਤੇ ਪਵਿੱਤਰ ਸਚਾਈਆਂ — ਡਾ. ਸੁਖਪਾਲ ਸੰਘੇੜਾ ਓਰਫ ਪਰਖ਼ਾ

ਇੱਕ ਦਰਸ਼ਕ ਨਜ਼ਰੀਏ ਤੋਂ:
ਵਿਪਸਾ ਦੀ 24ਵੀਂ ਸਾਲਾਨਾ ਸਾਹਿਤਕ ਕਾਨਫਰੰਸ ਵਿੱਚ
ਪੇਸ਼

ਸਿਖਰ ਦੇ ਤਿੰਨ ਨੁਕਤੇ: ਪਰਵਾਸਵਾਦ, ਪਾਤਰਕਾਵਿ, ਤੇ ਪਵਿੱਤਰ ਸਚਾਈਆਂ
ਡਾ. ਸੁਖਪਾਲ ਸੰਘੇੜਾ ਓਰਫ ਪਰਖ਼ਾ

ਵਿਸ਼ਵ ਪੰਜਾਬੀ ਸਾਹਿਤ ਅਕਾਦਮੀ,  ਯਾਣਿ ਵਿਪਸਾ, ਕੈਲਿਫੋਰਨੀਆ,  ਦੀ 24ਵੀਂ ਸਾਲਾਨਾ ਸਾਹਿਤਕ ਕਾਨਫਰੰਸ ਹੇਅਵਰਡ, ਕੈਲਿਫੋਰਨੀਆ ਵਿਖੇ 16 ਤੇ 17 ਨਵੰਬਰ ਨੂੰ ਸਫ਼ਲਤਾਪੂਰਨ ਨੇਪਰੇ ਚੜ੍ਹੀ। ਹਰ ਸਾਲ ਵਾਂਗ, ਐਤਕੀ ਵੀ ਸਮੁੱਚੇ ਤੌਰ ‘ਤੇ ਕਾਨ੍ਹਫਰੰਸ ਦੀ ਦਿਖ, ਕਾਰਵਾਈ, ਤੇ ਤੱਤ/ਸਮੱਗਰੀ ਪੇਸ਼ਾਵਰ, ਯਾਨਿ professional, ਰਹੇ; ‘ਪੇਸ਼ਾਵਰ’ ਸ਼ਬਦ ਦੇ ਚੰਗੇ ਅਰਥਾਂ ਵਿੱਚ। ਇਹਦੇ ਵਿੱਚ ਮੈਨੂੰ ਵੀ ਦਰਸ਼ਕ ਦੇ ਰੂਪ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ। ਮੇਰੇ ਨਜ਼ਰੀਏ ਤੋਂ ਇਸ ਕਾਨਫਰੰਸ ਵਿੱਚ ਜੋ ਸਿਖਰ ਦੇ ਤਿੰਨ ਨੁਕਤੇ ਉੱਭਰ ਕੇ ਸਾਹਮਣੇ ਆਏ ਉਹ ਸਨ: ਪਰਵਾਸਵਾਦ, ਪਾਤਰ-ਕਾਵਿ, ਤੇ ‘ਪਵਿੱਤਰ ਸਚਾਈਆਂ’। ਇਸ ਲੇਖ ਵਿੱਚ, ਕਿਓਂਕਿ 24ਵੀਂ ਸਾਲਾਨਾ ਸਾਹਿਤਕ ਕਾਨਫਰੰਸ ਦੇ ਪ੍ਰਸੰਗ ਵਿਚਾਰੇ ਇਨ੍ਹਾਂ ਸਾਹਿਤਕ ਮਸਲਿਆਂ ਦਾ ਘੇਰਾ ਵਿਪਸਾ ਤੋਂ ਤੇ ਜੀਵਨ-ਕਾਲ ਮਹੀਨੀਆਂ ਤੋਂ ਕਿਤੇ ਵੱਡਾ ਹੈ; ਇਸ ਲਈ ਕੋਈ ਫ਼ਰਕ ਨਹੀਂ ਪੈਂਦਾ ਕਿ ਵਿਪਸਾ ਦੀ ਕਾਨਫਰੰਸ ਕਦੋ ਦੀ ਹੋ ਚੁੱਕੀ ਹੈ। ਉਂਝ ਵਿਪਸਾ ਦੀ ਵਡਿਆਈ ਹੈ ਕਿ ਉਹਦੀ ਸਟੇਜ ‘ਤੇ ਇਹੋ ਜਿਹੇ ਵਿਸ਼ੇ ਮਹੱਤਵਪੂਰਨ ਸਹਿਜ ਸੁਭਾਅ ਹੀ ਛਿੜ ਸਕਦੇ ਨੇ।

  1. ਪਰਵਾਸਵਾਦ

ਸ਼ੁਰੂ ਤੋਂ ਲੈ ਕੇ ਅੱਜ ਤੱਕ  ਤਥਾ-ਕਥਿਤ ‘ਪਰਵਾਸੀ’, ’ਪਰਵਾਸੀ ਕਵਿਤਾ’ ਜਾਂ ‘ਪਰਵਾਸੀ ਸਾਹਿਤ’ ਆਦਿ ਸੰਕਲਪਾਂ, ਜਿਹਨੂੰ ਕੁੱਲ-ਮਿਲਾ ਕੇ ਮੈਂ ਪਰਵਾਸਵਾਦ ਕਹਿੰਦਾ ਹਾਂ, ਅੱਗੇ ਗੋਡੇ ਟੇਕਣੇ ਤਾਂ ਦੂਰ ਦੀ ਗੱਲ ਰਹੀ, ਇਹਨੂੰ ਨੂੰ ਮੈਂ ਪ੍ਰਵਾਨਿਆਂ ਤੱਕ ਨਹੀਂ; ਵਾਹ ਲੱਗਦੀ ਨੂੰ ਧੱਜੀਆਂ ਹੀ ਉਡਾਈਆਂ ਨੇ ਮੈਂ ‘ਪਰਵਾਸਵਾਦ’ ਦੀਆਂ। ਉੱਨੀ ਸੌ 70ਵਿਆਂ ਤੇ ਆਂਢ-ਗੁਆਂਢ ਦੇ ਸਾਲਾਂ ਦੌਰਾਨ ਪੰਜਾਬ ਵਿੱਚ ਚੱਲੀ ਲਹਿਰ, ਜਿਸਦੇ ਸਾਹਿਤਕ-ਸੱਭਿਆਚਾਰਕ ਹਿੱਸੇ ਨੂੰ ਮੈਂ ਪੰਜਾਬ ਦਾ ਮਿੱਨੀ ਰੇਨਾਸਾਂਸ ਕਹਿੰਦਾ ਹਾਂ, ਵਿੱਚ ਮੇਰੇ ਵਡੇਰੇ ਸਹਿ-ਕਰਮੀ, ਯਾਨਿ ਸੀਨੀਅਰ colleagues, ਵਰਿਆਮ ਸੰਧੂ ਤੇ ਲੱਖਵਿੰਦਰ ਜੌਹਲ ਵੀ ਇਸ ਕਾਨਫਰੰਸ ਵਿੱਚ ਸ਼ਾਮਲ ਸਨ। ਉਹਨ੍ਹਾਂ ਨੇ ਇਸ ਕਾਨ੍ਹਫਰੰਸ ਵਿੱਚ ਹਿੱਸਾ ਲੈਂਦਿਆਂ ਸਾਹਿਤਕ ਪਰਵਾਸਵਾਦ ਦੇ ਸਬੰਧ ਵਿੱਚ ਕੁਝ ਮਹੱਤਵਪੂਰਨ ਬਿਆਨ ਦਿੱਤੇ, ਜਿਨ੍ਹਾਂ ਦਾ ਨੋਟਿਸ ਲੈਣਾ, ਤੇ ਜਿਨ੍ਹਾਂ ਨੂੰ ਸਮਝਣਾ, ਬਣਦਾ ਹੈ। ਕਾਰਜ ਲਈ ਇਨ੍ਹਾਂ ਬਿਆਨਾਂ ਨੂੰ ਪਾ ਕੇ ਦੇਖਣਾ ਜ਼ਰੂਰੀ ਹੈ ਢੁੱਕਵੇਂ ਪ੍ਰਸੰਗ ਵਿੱਚ ਜਿਹਦੇ, ਮੇਰੇ ਦ੍ਰਿਸ਼ਟੀਕੋਣ ਤੋਂ, ਦੋ ਮੁੱਖ ਹਿੱਸੇ ਨੇ:

1) 1994 ਦੀ ਪਰਵਾਸਵਾਦ ਉੱਪਰ ਇਤਿਹਾਸਕ ਟੇਬਲਟਾਕ.  ਉਨ੍ਹਾਂ ਦਿਨ੍ਹਾਂ ਦੌਰਾਨ, ਘੱਟੋ-ਘੱਟ ਕੈਨੇਡਾ ਤੇ ਅਮਰੀਕਾ ਵਿੱਚ, ਸਾਹਿਤ ਵਿੱਚ ‘ਪਰਵਾਸ’ ਦੇ  ਅਰਥ ਤੇ ਸੰਕਲਪ  “ਉਸਾਰੀ ਅਧੀਨ” ਅਵਸਥਾ ਵਿੱਚ ਹੀ ਸਨ।  ਬਾਅਦ ਵਿੱਚ ਪ੍ਰਕਾਸ਼ਤ ਇੱਕ ਰਿਪੋਰਟ [ਹਵਾਲਾ ਇੱਕ] ਅਨੁਸਾਰ  “ਇਹ ਟੇਬਲਟਾਕ ਨਿਊ ਯਾਰਕ ਵਿਖੇ ਸ੍ਰੀ ਦਲਜੀਤ ਮੇਖਾ ਦੇ ਘਰ ਰਵਿੰਦਰ ਸਹਿਰਾਅ, ਦਲਜੀਤ ਮੋਖਾ, ਤੇ ਡਾਕਟਰ ਸੁਖਪਾਲ ਸੰਘੇੜਾ ਦੇ ਉੱਦਮ ਨਾਲ ਪਹਿਲੀ ਮਈ 1994 ਨੂੰ ਕੀਤੀ ਗਈ। ਗੱਲਬਾਤ ਵਿਚ ਇਹਨਾਂ ਸਥਾਨਕ ਲੇਖਕਾਂ ਦੇ ਨਾਲ ਬਾਹਰੋ’ ਆਏ ਲੇਖਕ ਡਾਕਟਰ ਸਤਿੰਦਰ ਸਿੰਘ ਨੂਰ (ਦਿੱਲੀ), ਡਾਕਟਰ ਮੋਹਨਜੀਤ (ਦਿੱਲੀ), ਨਵਤੇਜ ਭਾਰਤੀ (ਲੰਡਨ, ਕੈਨੇਡਾ), ਬਲਰਾਜ ਚੀਮਾ (ਸਟਰੇਟਫੋਰਡ, ਕੈਨੇਡਾ), ਤੇ ਸਾਧੂ ਬਿਨਿੰਗ (ਵੈਨਕੂਵਰ, ਕੈਨੇਡਾ) ਨੇ ਹਿੱਸਾ ਲਿਆ। ਬਾਹਰਲੇ ਲੇਖਕ ਅਪ੍ਰੈਲ 30 ਨੂੰ ਕੋਲੰਬੀਆ ਯੂਨੀਵਰਸਿਟੀ, ਨਿਊ ਯਾਰਕ ਵਿਖੇ ਹੋਈ ‘ਪੋਸਟ ਪਾਰਟੀਸ਼ਨ ਪੰਜਾਬੀ ਲਿਟਰੇਚਰ’ ਨਾਂ ਦੀ ਕਾਂਨਫਰੰਸ ਵਿਚ ਹਿੱਸਾ ਲੈਣ ਆਏ ਸਨ।”

ਇਸ ‘ਟੇਬਲਟਾਕ’ [ਹਵਾਲਾ ਇੱਕ] ‘ਚੋਂ  ਕੁਝ ਸੁਰਖ਼ੀਆਂ:

ਸਤਿੰਦਰ ਸਿੰਘ ਨੂਰ: “ਪਰਵਾਸੀ ਸ਼ਬਦ ਉਹ ਕੋਈ ਇੱਜ਼ਤ ਦੇ ਨਾਲ ਨਹੀਂ ਵਰਤ ਰਹੇ। ਬਿਲਕੁਲ ਜਿਵੇਂ ਮਹਾਂਤਮਾ ਗਾਂਧੀ ਨੇ ਸ਼ਬਦ ਹਰੀਜਨ ਬਣਾ ਦਿੱਤਾ, ਸਿਚੁਏਸ਼ਨ ਉਹੀ ਹੈ। ਇਹ ਸਮਸਿਆ ਕਾਫੀ ਗੰਭੀਰ ਹੈ ਜੋ ਅਜ ਡਿਸਕੱਸ ਹੋ ਰਹੀ ਹੈ ਇਹ ਕਾਫੀ ਦੇਰ ਪਹਿਲਾਂ ਡਿਸਕੱਸ ਹੋਣੀ ਚਾਹੀਦੀ ਸੀ। ਉਹ ਲੋਕ ਓਪੋਜ਼ ਰੋਣੇ ਚਾਰੀਦੇ ਹਨ ਜਿਵੇਂ ਫ਼ਰਜ਼ ਕਰੋ ਪਰਵਾਸ ਮੈਗਜ਼ੀਨ ਕੱਢ ਰਹੇ ਆ ਉਨ੍ਹਾਂ ਨੇ ਇਕ ਸਿਧਾਂਤਕ ਟਰਮ ਬਣਾ ਕੇ ਇਸਟੈਬਲਿਸ਼ ਕਰ ਦਿੱਤਾ। ਇਰ ਗੱਲ ਸੋਚੀ ਜਾਣੀ ਬੜੀ ਇੰਪਾਰਟੈਂਟ ਹੈ।”

ਮੋਹਨਜੀਤ: “ਜਿਨ੍ਹਾਂ ਨੇ ਸ਼ਬਦ ਪਰਵਾਸ ਨੂੰ ਕੰਸੈਪਰੂਅਲ ਲੈਵਲ `ਤੇ ਪੇਸ਼ ਕੀਤਾ ਉਨ੍ਹਾਂ ਲੋਕਾਂ ਦੇ ਆਪਣੇ ਕੁਝ ਪੈਟੀ ਮਕਸਦ ਹਨ ਜੋ ਉਹ ਪੂਰੇ ਕਰਨਾ ਚਾਹੁੰਦੇ ਹਨ।…ਮੇਰਾ ਖਿਆਲ ਹੈ ਇਸਟੈਬਲਿਸ਼ਮੈਂਟ ਵੀ ਕਿਸੇ ਤਰ੍ਹਾਂ ਵੰਡੀਆਂ ਪਾਉਣੀਆਂ ਚਾਹੁੰਦੀ ਹੈ।”

ਸਾਧੂ ਬਿਨਿੰਗ:”ਪੰਜਾਬੀ ਬੋਲੀ ਇਕ ਗਲੋਬਲ ਬੋਲੀ ਬਣ ਗਈ ਹੈ। ਜਿਨ੍ਹਾਂ ਇੰਡੀਆ ਬੈਠੇ ਲੇਖਕਾਂ ਆਲੋਚਕਾਂ ਨਾਲ ਸਾਡਾ ਸੰਬੰਧ ਰੈ ਉਨ੍ਹਾਂ ਨੂੰ ਇਹ ਗੱਲ ਐਕਸੈਪਟ ਕਰਨੀ ਅਜੇ ਜ਼ਰਾ ਮੁਸ਼ਕਿਲ ਲੱਗਦੀ ਹੈ। ਉਨ੍ਹਾਂ ਦੀ ਪੰਜਾਬੀ ਉੱਪਰ ਮਨੌਪਲੀ ਨਹੀਂ ਹੈ।”

ਸੁਖਪਾਲ ਸੰਘੇੜਾ: “ਮੈ ਇਕ ਗੱਲ ਮੋਹਨਜੀਤ ਨੂੰ ਕਰਾਂਗਾ ਕਿ ਉਨ੍ਹਾਂ ਨੇ ਕਿਹਾ ਕਿ ਬਲੈਕ ਬਲੈਕ ਹੀ ਹੈ ਪਰ ਇਥੇ ਜਦੋਂ’ ਬਲੈਕ ਨੂੰ ਨੀਗਰੋ ਕਹੋ ਤਾਂ ਉਹ ਰੇਸਿਸਟ ਸ਼ਬਦ ਹੈ। ਇਸੇ ਤਰ੍ਹਾਂ ਪਰਵਾਸੀ ਸ਼ਬਦ ਦਾ ਦੁਰਉਪਯੋਗ ਹੋ ਰਿਹਾ ਹੈ, ਇਕ ਫਰਾਡ ਕੀਤਾ ਜਾ ਰਿਹਾ ਹੈ।… ਪਰ ਇਹ ਲਫ਼ਜ਼ ਸਾਨੂੰ ਦਿੱਤਾ ਗਿਆ, ਅਸੀ ਨਹੀਂ ਇਥੋਂ ਬਣਾ ਕੇ ਭੇਜਿਆ। ਸਾਨੂੰ ਇਸ ਸ਼ਬਦ ਨੇ ਇਕ ਪਾਸੇ ਕੱਢ ਕੇ ਰੱਖ ਦਿੱਤਾ ਹੈ, ਕੈਟਾਗੋਰੀ ਕਾਇਮ ਕਰ ਦਿੱਤੀ ਹੈ।

ਰਵਿੰਦਰ ਸਹਿਰਾਅ: “ਪਰਵਾਸੀ ਲਫ਼ਜ਼ ਸਾਨੂੰ ਦਿੱਤਾ ਗਿਆ ਪੰਜਾਬ ਦੇ ਆਲੋਚਕਾਂ ਵਲੋਂ।… ਮੈ’ ਸਾਧੂ ਦੀ ਗੱਲ ਵਿਚ ਜ਼ਰਾ ਐਡ ਕਰਨਾ ਚਾਹੁੰਦਾ ਕਿ ਸਿਰਫ ਗੁਲਾਮ ਜ਼ਹਿਨੀਅਤ ਹੀ ਨਹੀਂ ਉਸਦੇ ਨਾਲ ਨਾਲ ਜਗੀਰੂ ਕਦਰਾਂ ਕੀਮਤਾਂ ਸਾਡੇ ਆਲੋਚਕਾਂ ਉੱਪਰ ਬਹੁਤ ਭਾਰੂ ਹਨ ਜੋ ਅਜਿਹੀ ਟਰਮਨੌਲੋਜੀ ਨੂੰ ਜਨਮ ਦਿੰਦੀਆਂ ਹਨ ਜਿਵੇਂ’ “ਉੱਚੀ ਪਧਰ ਦਾ ਸਾਹਿਤ” ਜਾਂ “ਨੀਵੀਂ ਪਧਰ ਦਾ ਸਾਹਿਤ’। ਉੱਚੀ ਨੀਵੀਂ ਪੱਧਰ ਦੋਸਤੀ ਦੇ ਹਿਸਾਬ ਨਾਲ ਮਿੱਥੀ ਜਾਂਦੀ ਹੈ। ਬਹੁਤ ਆਲੋਚਕ ਖੋਜ ਕਰਨ ਦੀ ਕੋਸ਼ਿਸ਼ ਨਹੀਂ ਕਰਦੇ।”

2) ਹੁਣ ਦਾ ਹਾਲ. ਇਹ ਤੋਂ ਬਾਅਦ  ਇਸਟੈਬਲਿਸ਼ਮੈਂਟ ਦੀ ਜਿੱਤ ਹੋਈ ਤੇ ਸਾਹਿਤਕ ਪਰਵਾਸਵਾਦ ਦਾ ਮਾਡਲ, ਜਿਹਨੂੰ ਮੈਂ ‘ਬਸਤੀਵਾਦੀ ਮਾਡਲ’ ਕਹਿੰਦਾ ਹਾਂ, ਲਾਗੂ ਕਰ ਦਿੱਤਾ ਗਿਆ, ਜੋ ਕੁਝ ਇਸ ਤਰ੍ਹਾਂ ਚੱਲਦਾ ਹੈ:

  1. ਅਸੀਂ, ਯਾਨਿ ਪੰਜਾਬ ਸਣੇ ਭਾਰਤ ਵਸਦੇ ਪੰਜਾਬੀ ਲੇਖਕਾਂ/ਆਲੋਚਕਾਂ, ਤੇ ਸਥਾਪਤੀ ਪੰਜਾਬੀ ਸਾਹਿਤ ਦੀ ਬਸਤੀਵਾਦੀ ਤਾਕਤ ਹਾਂ ਤੇ ਤੁਸੀਂ, ਯਾਣਿ ਭਾਰਤ ਤੋਂ ਬਾਹਰ ਵਸਦੇ ਪੰਜਾਬੀ ਲੇਖਕਾਂ ਦੀ ਆਬਾਦੀਆ, ਸਾਡੀਆ ਪੰਜਾਬੀ ਸਾਹਿਤਕ ਬਸਤੀਆਂ ਹੋ।
  2. ਅਸੀਂ ਵਾਸੀ ਹਾਂ, ਤੁਸੀਂ ਅਵਾਸੀ ਜਾਂ ਪਰਵਾਸੀ ਹੋ, ਆਪਣੇ ਚੁਣੇ ਹੋਏ ਦੇਸ਼ ਅੰਦਰ ਵਸਦੇ ਹੋਏ ਵੀ; ਪੰਜਾਬੀ ਵਿੱਚ ਸਾਹਿਤ ਰਚਨ ਦਾ ਅਧਿਕਾਰ ਸਿਰਫ਼ ਸਾਨੂੰ ਹੈ, ਤੁਸੀਂ ਪੰਜਾਬੀ ਵਿੱਚ ਜੋ ਵੀ ਲਿਖੋਗੇ, ਪਰਵਾਸੀ ਸਾਹਿਤ ਕਹਾਏਗਾ, ਜਿਵੇਂ ਪਰਵਾਸੀ ਕਵਿਤਾ, ਪਰਵਾਸੀ ਕਹਾਣੀ ਆਦਿ; ਯਾਣਿ ਸਾਹਿਤ ਦੀ ਦਾਲ ਵਿੱਚ ਕੋਕੜੂ।
  3. ਤੁਸੀਂ ਪਰਵਾਸੀ ਸਾਹਿਤ ਲਿਖੋਗੇ, ਅਸੀਂ ‘ਪਰਵਾਸ’ ਰਸਾਲਾ ਕੱਢਾਂਗੇ, ਪੰਜਾਬ ਦੇ ਕਿਸੇ ਸ਼ਹਿਰ ਵਿੱਚੋਂ, ਤੁਹਾਡਾ ਪਰਵਾਸੀ ਸਾਹਿਤ ਪ੍ਰਕਾਸ਼ਤ ਲਈ।

ਕਿਹਨੂੰ ਛਾਪਣਾ, ਕਿਹਨੂੰ ਨਜ਼ਰ-ਅੰਦਾਜ਼ ਕਰਨਾ, ਫ਼ੈਸਲਾ ਸਾਡਾ, ਜਾਂ ਤੁਹਾਡੇ ਵਿੱਚੋ ਹੀ ਨਿਯੁਕਤ  ਕੀਤੇ ਸਾਡੇ ਸਾਡੇ ਰਾਜਦੂਤਾਂ ਦਾ; ਅਕਸਰ ਵਾਕਫ਼ੀਆਂ, ਗਰਜ਼ਾਂ ਤੇ ਅੰਤਰ ਚਾਅ-ਪਲੂਸੀਆਂ, ਨਾ ਕਿ ਸਾਹਿਤਕ ਗੁਣਵੱਤਾ, ਦੇ ਆਧਾਰ ‘ਤੇ ਕੀਤਾ। ਐਸੇ ਨਿਰੋਲ ਪਰਵਾਸੀ ਰਸਾਲੇ ਵਿੱਚ, ਸਾਹਿਤ ਦੀ ‘’ਡੰਮ-ਡਾਊਨ ਤਾ” ਇੰਨੀ ਡਿਗ ਸਕਦੀ ਹੈ ਕਿ ਕਰੀਬ ਸਾਰਾ ਅੰਕ ਹੀ ‘ਪਰਵਾਸੀ ਲੇਖਕਾਂ’ ਦੀਆਂ bio’s ਦੇ ਨਾਲ ਭਰ ਦਿੱਤਾ ਜਾਵੇ।

  1. ਇਸੇ ਤਰ੍ਹਾਂ, ਅਸੀਂ ਪੰਜਾਬ/ਭਾਰਤ ਤੋਂ ਨਿੱਕਲਦੇ ਪੰਜਾਬੀ ਸਾਹਿਤਕ ਰਸਾਲਿਆਂ ਵਲੋਂ ਵਿਸ਼ੇਸ਼ ਪਰਵਾਸੀ ਸਾਹਤਿਕ ਅੰਕ ਵੀ ਕੱਢਦੇ ਹਾਂ, ਯਾਨਿ ‘ਡੰਮ-ਡਾਊਨ’ ਸਾਹਿਤ ਬਾਰੇ ਅੰਕ, ਜਿਨ੍ਹਾਂ ਵਿੱਚ ਸ਼ਾਮਲ ਕਰਨ ਲਈ ਲੇਖਕਾਂ ਦੀ ਚੋਣ ਵੀ ਅਕਸਰ ਵਾਕਫ਼ੀਆਂ, ਗਰਜ਼ਾਂ ਤੇ ਅੰਤਰ ਚਾਅ-ਪਲੂਸੀਆਂ, ਨਾ ਕਿ ਸਾਹਿਤਕ ਗੁਣਵੱਤਾ, ਦੇ ਆਧਾਰ ‘ਤੇ  ਕਰਦੇ ਹਾਂ।
  2. ਤੁਸੀਂ ਪਰਵਾਸੀ ਸਾਹਿਤ ਲਿਖਦੇ ਹੋ, ਸਾਡੇ ਆਲੋਚਕ ਦਾ ਮੁੱਲਅੰਕਣ ਕਰਦੇ ਨੇ; ਕਿਹਦਾ ਜ਼ਿਕਰ ਕਰਨਾ, ਕਿਹਨੂੰ ਨਜ਼ਰ-ਅੰਦਾਜ਼ ਕਰਨਾ ਦਾ ਫ਼ੈਸਲਾ ਵੀ ਅਕਸਰ ਵਾਕਫ਼ੀਆਂ, ਗਰਜ਼ਾਂ ਤੇ ਅੰਤਰ ਚਾਅ-ਪਲੂਸੀਆਂ, ਨਾ ਕਿ ਸਾਹਿਤਕ ਗੁਣਵੱਤਾ, ਦੇ ਆਧਾਰ ‘ਤੇ  ਕਰਦੇ ਹਾਂ।
  1. ਪਰਵਾਸੀ ਲੇਖਕਾਂ, ਯਾਣਿ ਡੰਮ-ਡਾਊਨ ਲੇਖਕਾਂ, ਵੱਲ ਨੂੰ ਅਸੀਂ ਉਨ੍ਹਾਂ ਲਈ ਸਪੈਸ਼ਲ ਬਣਾਏ ਪਰਵਾਸੀ ਸਾਹਿਤ ਮਾਰਕਾ ਇਨਾਮ/ਸਨਮਾਨ ਸੁੱਟੇ ਦਿੰਦੇ ਆ, ਭਾਰਤ ਵਿੱਚ ਵਸਦੇ ਪੰਜਾਬੀ ਸਾਹਿਤ ਜਗਤ ਦੇ ‘ਪਹਿਲੇ ਦਰਜੇ ਦੇ ਸ਼ਹਿਰੀ’ ਲੇਖਕਾਂ ਦੇ ਇਨਾਮ/ਸਨਮਾਨ ਸਿਲਸਿਲੇ ਵਿੱਚ ਵਿਗਨ ਪਾਏ ਬਿਨ੍ਹਾਂ।
  2. ਮੁੱਕਦੀ ਗੱਲ, ਅਸੀਂ, ਯਾਨਿ, ਪੰਜਾਬ/ਭਾਰਤ ਵਸਦੇ ਪੰਜਾਬੀ ਲੇਖਕਾਂ/ਆਲੋਚਕਾਂ ਤੇ ਸਥਾਪਤੀ, ਨੇ ਤੁਹਾਡੇ, ਯਾਨਿ ਭਾਰਤ ਤੋਂ ਬਾਹਰ ਵਸਦੇ ਪੰਜਾਬੀ ਲੇਖਕਾਂ, ਉੱਪਰ ਪਰਵਾਸਵਾਦ ਦੀ ਕਾਠੀ ਪਾਈ ਹੋਈ ਏਂ, ਜਿਹਨੂੰ ਤੁਹਾਡੇ ਵਿੱਚੋਂ ਕਰੀਬ ਸਾਰੇ ਚਾਈਂ ਚਾਈਂ ਸਵੀਕਾਰ ਕਰਦੇ ਚਲੇ ਆ ਰਹੇ ਨੇ, ਭੂਤਮੁੱਖੀ ਸੋਚ ਦੇ ਅਸਰ ਅਧੀਨ [ਹਵਾਲਾ ਦੋ]।

ਅਮਰੀਕੀ ਪੰਜਾਬੀ ਕਵਿਤਾ ਬਾਰੇ ਬੋਲਦਿਆਂ, ਲਖਵਿੰਦਰ ਜੌਹਲ ਨੇ ਨੋਟ ਕੀਤਾ ਕਿ ਅੱਜ ਦੀ ਅਮਰੀਕੀ ਪੰਜਾਬੀ ਕਵਿਤਾ ਵਿੱਚ ਪਰਵਾਸ ਦਾ ਉਹ ਰੁਦਨ ਤੇ ਵੇਦਨਾ ਨਹੀਂ ਏਂ ਜੋ 20-25 ਸਾਲ ਪਹਿਲਾਂ ਇੰਗਲੈਂਡ ਦੀ ਪੰਜਾਬੀ ਕਵਿਤਾ ਵਿੱਚ ਹੁੰਦੀ ਸੀ। ਉਹਦੇ ਅਨੁਸਾਰ ਸਾਨੂੰ ਕਵਿਤਾ ਸਣੇ ਸਾਹਿਤ ਨੂੰ ਸਿਰਫ਼ ਪਰਵਾਸੀ ਚੌਖ਼ਟੇ ਵਿੱਚ ਰੱਖ ਕੇ ਨਹੀਂ ਦੇਖਣਾ ਚਾਹੀਦਾ…ਸਗੋਂ ਪੰਜਾਬੀ ਕਵਿਤਾ ਵਿੱਚ ਸਮੁੱਚੀ ਪੰਜਾਬੀ ਵੇਦਨਾ ਦਾ ਹੋਣਾ ਜ਼ਰੂਰੀ ਹੈ, ਯੁਨੀਵਰਸਲ ਚੌਖ਼ਟੇ ਵਿੱਚ; ਜੋ ਹੈ ਉਹਦੇ ਅਨੁਸਾਰ ਅਮਰੀਕੀ ਪੰਜਾਬੀ ਵਿੱਚ, ਜਿਵੇਂ  ਸੁਖਵਿੰਦਰ ਕੰਬੋਜ, ਰਵਿੰਦਰ ਸਹਿਰਾਅ, ਸੁਖਪਾਲ ਸੰਘੇੜਾ, ਕੁਲਵਿੰਦਰ, ਅਤੇ ਹਰਜਿੰਦਰ ਕੰਗ ਆਦਿ ਦੀ ਕਵਿਤਾ ਵਿੱਚ…ਅਮਰੀਕੀ ਪੰਜਾਬੀ ਕਵਿਤਾ ਨੂੰ ਅਮਰੀਕਾ ਵਿੱਚ ਲਿਖੀ ਜਾ ਰਹੀ ਪੰਜਾਬੀ ਕਵਿਤਾ ਕਹਿਣਾ ਚਾਹੀਦਾ ਹੈ…।

ਅਮਰੀਕੀ ਪੰਜਾਬੀ ਕਵਿਤਾ ਦੀ ਉੱਤਕ ਪ੍ਰਭਾਸ਼ਾ ‘ਚੋਂ ‘ਪਰਵਾਸ’ ਦੇ ਗੈਰ-ਹਾਜ਼ਰੀ ਦੇ ਨੁਕਤੇ ‘ਤੇ ਆ ਕੇ ਮੇਰੇ ਹੱਥਾਂ ਨੇ ਮੇਰੇ ਸਿਰ ਉੱਪਰ ਦੀ ਉੱਠਦਿਆਂ ਤਾੜ੍ਹੀਆਂ ਵਜਾ ਦਿੱਤੀਆਂ, ਮਾਨੋ ਪੰਜਾਬੀ ਕਵਿਤਾ ਦੇ ਇਸ ਵਿਸ਼ੇ ਬਾਰੇ ਮੇਰੀ ਸੋਚ ਹੱਥ ਮਿਲਾ ਰਹੀ ਹੋਵੇ, ਲਖਵਿੰਦਰ ਦੀ ਸੋਚ ਨਾਲ। ਇਸੇ ਤਰ੍ਹਾਂ ਹੀ, ਪਰਵਾਸੀ ਸਾਹਿਤ ਉੱਪਰ ਪੰਜਾਬ ਦੇ ਆਲੋਚਕਾਂ ਵਲੋਂ ਆਲੋਚਨਾ-ਪੱਤਰਾਂ ਵਿੱਚ ‘ਕਿਸ ਪਰਵਾਸੀ ਲੇਖਕ ਦਾ ਨਾਮ ਸ਼ਾਮਲ ਕਰਨਾ ਤੇ ਕਿਸਦਾ ਨਹੀਂ’ ਦੇ ਮਸਲੇ ਦੇ ਹੱਲ ਵਜੋਂ ‘ਪਿਆਰਿਆਂ ਦੇ ਮੂੰਹ ‘ਤੇ ਖ਼ਰੀਆਂ ਖ਼ਰੀਆਂ ਸੁਣਾਓਣ ਦੇ ਮਾਹਿਰ’ ਵਰਿਆਮ ਸੰਧੂ ਨੇ ਕਿਹਾ: ਤੁਸੀਂ ਬਾਹਰ ਵਾਲੇ ਪੰਜਾਬ ‘ਚੋਂ ਆਲੋਚਕ ਬੁਲਾਉਂਦੇ ਹੀ ਕਿਓਂ ਹੋ? ਆਪਣੇ ਵਿੱਚੋਂ ਆਲੋਚਕ ਪੈਦਾ ਕਰੋ! ਖ਼ਰਚਾ ਬਿਨ੍ਹਾਂ ਕਰਨਾ ਪਊ! ਬਣਦੇ ਮਾਣ ਸਹਿਤ, ਦੋਸਤਾਨਾ ਲਹਿਜ਼ੇ ਵਿੱਚ; ਸਾਡੇ ਇੱਧਰ ਪੱਛਮ ਵਿੱਚ ਇੱਕ ਕਹਾਵਾਤ ਹੈ ਕਿ ਬੰਦੇ ਨੂੰ ਇੱਛਿਆ ਪ੍ਰਗਟ ਕਰਦਿਆਂ ਚੌਕੰਨੇ ਰਹਿਣਾ ਚਾਹੀਦਾ ਕਿਓਂਕਿ ਪ੍ਰਗਟ ਇੱਛਿਆ ਪੂਰੀ ਵੀ ਹੋ ਸਕਦੀ ਹੈ।

‘ਪਰਵਾਸੀ’ ਚੌਖ਼ਟੇ ਵਿੱਚੋਂ ਨਿੱਕਲ ਕੇ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਲਿਖੀ ਜਾ ਰਹੀ ਪੰਜਾਬੀ ਕਵਿਤਾ ‘ਚੋਂ ਯੁਨੀਵਰਸਲ ਚੌਖ਼ਟੇ, ਯਾਨਿ ਗਲੋਬਲ ਪ੍ਰਸੰਗ, ਵਿੱਚ ‘ਸਮੁੱਚੀ ਪੰਜਾਬੀ ਵੇਦਨਾ’ ਦੀ ਤਲਾਸ਼ ਜਾਂ ਆਸ ਕਰਨ ਵਾਲੀ ਲਖਵਿੰਦਰ ਜੌਹਲ ਸੋਚ ਤੇ ਪਹੁੰਚ ਭੂਤਮੁੱਖੀ ਦੀ ਥਾਂ ਭਵਿੱਖਮੁੱਖੀ ਹੈ। ਇਸੇ ਤਰ੍ਹਾਂ ਜਦੋਂ ਵਰਿਆਮ ਸੰਧੂ ਵਲੋਂ ਬਾਹਰਲੇ ਪੰਜਾਬੀ ਲੇਖਕਾਂ ਅੱਗੇ ਚੁਣੌਤੀ ਸੁੱਟਦਾ ਕਿ ਉਹ ਸਥਾਨਕ ਪੱਧਰ ‘ਤੇ ਆਪਣੇ ਵਿੱਚੋਂ ਹੀ ਆਲੋਚਕ ਪੈਦਾ ਕਰਨ, ਉਨ੍ਹਾਂ ਵਲੋਂ ਰਚੇ ਜਾ ਰਹੇ ਪੰਜਾਬੀ ਸਾਹਿਤ ਦੀ ਆਲੋਚਨਾ ਕਰਨ ਲਈ, ਤਾ ਉਸ ਚਣੌਤੀ ਪਿੱਛੇ ਵੀ ਭਵਿੱਖਮੁੱਖੀ ਸੋਚ ਤੇ ਪਹੁੰਚ ਕੰਮ ਕਰਦੀ ਹੈ।

ਪੰਜਾਬੀ ਸਾਹਿਤ ਵਿੱਚ ਚੁਫੇਰੇ ਪਸਰੀ ਭੂਤਮੁੱਖੀ ਸੋਚ ਤੇ ਪਹੁੰਚ, ਜਿਸ ਵਿੱਚ ਪਰਵਾਸਵਾਦ ਸ਼ਰਨ ਲੈਂਦਾ ਹੈ [ਹਵਾਲਾ ਦੋ], ਦੀ ਪਿੱਠਭੂਮੀ ਦੇ ਖ਼ਿਲਾਫ ਉੱਤਕ ਵਰਣਨਿਤ ਭਵਿੱਖਮੁੱਖੀ ਬਿਆਨਾਂ ਤੇ ਖ਼ਿਆਲਾਂ ਦੀ ਉਚਿੱਤ ਸ਼ਲਾਘਾ ਕਰਨੀ ਬਣਦੀ ਹੈ। ਇਸ ਤੋਂ ਵੀ ਜ਼ਿਆਦਾ, ਇਸ ਖ਼ਿਆਲਾਂ ਨੂੰ ਲਾਗੂ ਕਰਨ ਦੀ ਜ਼ਰੂਰਤ ਹੈ,  ਕਿਓਕਿ ਕਵਿਤਾ ਸਣੇ ਪੰਜਾਬੀ ਸਾਹਿਤ ਤੇ ਪੰਜਾਬੀ ਭਾਸ਼ਾ ਦਾ ਭਵਿੱਖ ਜੇ ਹੋਣਾ ਤਾਂ ‘ਯੁਨੀਵਰਸਲ ਚੌਖ਼ਟੇ’, ਯਾਨਿ ਗਲੋਬਲ ਪ੍ਰਸੰਗ ਵਿੱਚ ਹੀ ਹੋਣਾ ਹੈ, ਪਰਵਾਸਵਾਦ ਦੇ ਆਂਡੇ, ਜਾਂ ਇਹਦੇ ਵਲੋਂ ਲਾਗੂ ਕੀਤੇ ਜਾ ਰਹੇ ਦਾ ‘ਬਸਤੀਵਾਦੀ ਮਾਡਲ’, ਵਿੱਚ ਨਹੀਂ।

ਇੱਥੇ ਸਪਸ਼ਟ ਕਰ ਦਿਆਂ ਕਿ ਮੈਂ ਸਮਝਦਾ ਹਾਂ ਜਦੋਂ ਕੋਈ ਮਾਤ-ਭੂਮੀ ਛੱਡ ਕੇ ਆਪਣੀ ਚੋਣ, ਨਾ ਕਿ ਦੇਸ਼-ਨਿਕਾਲੇ ਜਾਂ ਕਾਲੇ-ਪਾਣੀ, ਦੇ ਦੇਸ਼ ਵਿੱਚ ਰਹਿਣ ਜਾਂ ਵਸਣ ਪੈਂਦਾ,  ਤਾਂ ਪਿਛਾਂਹ ਰਹਿ ਗਏ ਦੇਸ਼ ਦੀਆਂ ਕੁਝ ਚੀਜ਼ਾਂ, ਮਿੱਤਰਾਂ, ਰਿਸ਼ਤੇਦਾਰਾਂ, ਥਾਵਾਂ ਆਦਿ ਦਾ ਹੇਰਵਾ ਆਉਣਾ ਕੁਦਰਤੀ ਹੈ,  ਖ਼ਾਸਕਰ ਸਾਡੇ ਭੂਤਮੁੱਖੀ ਪੰਜਾਬੀ ਸਮਾਜ ਵਿੱਚੋਂ ਆਏ ਬੰਦਿਆਂ ਲਈ। ਇਹੋ ਜਿਹੀਆਂ ਭਾਵਨਾਵਾਂ ਨਾਲ ਨਜਿੱਠਣ ਦੇ ਆਪੋ-ਆਪਣੇ ਵੱਖੋ-ਵੱਖਰੇ ਢੰਗ ਹੋ ਸਕਦੇ ਨੇ। ਕੁਝ ਲੋਕ ਇਨ੍ਹਾਂ ਭਾਵਨਾਵਾਂ ਨੂੰ ਰੋਗ ਬਣ ਕੇ ਆਪਣੇ ਮਨ ਨਾਲ ੳਮਰ ਭਰ ਚੰਬੜੇ ਦਿੰਦੇ ਨੇ; ਇਹ ਉਨ੍ਹਾਂ ਦਾ ਨਿੱਜੀ ਮਾਮਲਾ ਤੇ ਚੋਣ ਹੈ,  ਮੈਨੂੰ ਕੋਈ ਦਿੱਕਤ ਨਹੀਂ। ਅਜੇਹੀਆਂ ਭਾਵਨਾਵਾਂ ਨੂੰ ਕੋਈ ਕਵਿਤਾ ਵਿੱਚ ਪ੍ਰਗਟ ਕਰੇ, ਤਾਂ ਵੀ ਮੈਨੂੰ ਕੀ ਦਿੱਕਤ ਹੋਣ ਲੱਗੀ ਹੈ। ਇੱਥੋਂ ਤੱਕ ਕਿ ਬਾਹਰਲਾ ਕੋਈ ਕਵੀ ਆਪਣੀ ਕਵਿਤਾ ਨੂੰ ਪਰਵਾਸੀ ਕਵਿਤਾ ਕਹੇ ਤੇ ਆਪਣੇ ਆਪ ਨੂੰ ਪਰਵਾਸੀ, ਪੱਕੇ ਤੌਰ ਤੇ; ਇਹ ਉਸਦਾ ਦੀ ਆਪਣੀ ਸਾਹਿਤਕ ਜੀਵਨ-ਸ਼ੈਲੀ, ਯਾਨਿ  lifestyle, ਹੈ, ਮੈਨੂੰ ਕੀ?

ਮੈਨੂੰ ਦਿੱਕਤ ੳਦੋਂ ਤੋਂ ਆਉਣ ਲੱਗੀ ਜਦੋਂ ਤੋਂ ਪੰਜਾਬ ਸਣੇ ਭਾਰਤ ਵਸਦੇ ਪੰਜਾਬੀ ਲੇਖਕਾਂ/ਆਲੋਚਕਾਂ ਤੇ ਸਥਾਪਤੀ ਬਾਹਰਲੇ ਕੁੱਲ ਪੰਜਾਬੀ ਲੇਖਕਾਂ ਤੇ  ਉਨ੍ਹਾਂ ਵਲੋਂ ਲਿਖੇ ਜਾ ਰਹੇ ਕੁੱਲ ਪੰਜਾਬੀ ਸਾਹਿਤ ਉੱਪਰ ਇੱਕੋ ਹੀ ਸਾਹਿਤਕ ਸ਼ੇਣੀ,  ਯਾਨਿ genre ਜਾਂ category,  ਦਾ ਠੱਪਾ ਲਾਉਣ ਦੇ ਰਾਹੇ ਪੈ ਗਏ: ਪਰਵਾਸੀ ਲੇਖਕ ਤੇ ਪਰਵਾਸੀ ਸਾਹਿਤ। ਇੰਝ ਪੰਜਾਬੀ ਸਾਹਿਤ ਦੇ ਖ਼ੇਤਰ ਵਿੱਚ ਉਹ ਬਾਹਰਲਿਆਂ ਨੂੰ ਪਰਵਾਸੀ ਲੇਖਕ ਕਹਿ, ਉਹ ਆਪਣੇ ਆਪ ਨੂੰ ਪ੍ਰਭਾਵਤ ਤੌਰ ‘ਤੇ, ਯਾਣਿ by implication,  ਵਾਸੀ ਲੇਖਕ ਬਣਾ ਲੈਂਦੇ ਨੇ, ਜਾਂ ਜਿੱਦਾਂ ਸਾਡੀ ‘ਨਿਊ ਯਾਰਕ ਟੇਬਲਟਾਕ’ ਦੌਰਾਨ ਸਤਿੰਦਰ ਸਿੰਘ ਨੂਰ [ਹਵਾਲਾ ਇੱਕ] ਦੇ ਕਹਿਣੇ ਮੁਤਾਬਕ ਉਹ ਆਪਣੇ ਅਸਲੀ ਜਾਂ ਉੱਚੇ ‘ਤੇ ਸਾਨੂੰ ‘ਹਰੀਜਨ’, ਯਾਣਿ ਨੀਚ, ਲੇਖਕ ਸਮਝਦੇ ਨੇ; ਯਾਣਿ ਜਿੱਦਾਂ ਭਾਰਤੀ ਜਾਤ ਪ੍ਰਬੰਧ ਦਾ ‘ਹਰੀਜਨ’ ਹੁੰਦਾ ਹੈ, ਉੱਦਾਂ ਹੀ ਪੰਜਾਬੀ ਸਾਹਿਤ ਪ੍ਰਬੰਧ ਵਿੱਚ ਪਰਵਾਸੀ ਲੇਖਕ ਹੁੰਦਾ ਹੈ। ਉਨ੍ਹਾਂ ਦਾ ਆਪਣੇ-ਆਪ ਨੂੰ ਪੰਜਾਬੀ ਸਾਹਿਤ ਦੀ ਬਸਤੀਵਾਦੀ ਤਾਕਤ ਸਮਝ ਕੇ ਭਾਰਤ ਤੋਂ ਬਾਹਰ ਵਸਦੇ ਪੰਜਾਬੀ ਲੇਖਕਾਂ ਦੀ ਆਬਾਦੀਆ ਨਾਲ ਇਸ ਤਰਾਂ ਪੇਸ਼ ਆਣਾ ਜਿਵੇਂ ੳੇਹ ਉਨ੍ਹਾਂ ਦੀਆਂ ਸਾਹਿਤਕ ਬਸਤੀਆਂ ਹੋਣ, ‘ਨਿਊ ਯਾਰਕ ਟੇਬਲਟਾਕ’ ਦੌਰਾਨ ਮੋਹਨਜੀਤ ਵਲੋਂ ਪ੍ਰਗਟ ਕੀਤੇ ਇਸ ਖਿਆਲ ਹੀ ਪੁਸ਼ਟੀ ਕਰਦਾ ਹੈ ਕਿ ‘ਪਰਵਾਸ’ ਦਾ ਸੰਕਲਪ ਵਰਤ ਕੇ “ਇਸਟੈਬਲਿਸ਼ਮੈਂਟ ਵੀ ਕਿਸੇ ਤਰ੍ਹਾਂ ਵੰਡੀਆਂ ਪਾਉਣੀਆਂ ਚਾਹੁੰਦੀ ਹੈ”। ‘ਪਰਵਾਸ’ ਦਾ ਇਸ ਸੱਭ ਕੂੜ੍ਹਾ-ਕਰਕਟ ਭਾਰਤ ਵਸਦੀ ਪੰਜਾਬੀ ਸਾਹਿਤ ਦੀ ਸਥਾਪਤੀ ਵਲੋਂ ਬਾਹਰ ਰਹਿੰਦੇ ਪੰਜਾਬੀ ਲੇਖਕਾਂ ‘ਤੇ ਵਰਤਾਇਆ ਅੱਤਵਾਦ ਹੈ, ਜਿਹਨੂੰ ਮੈਂ ਪਰਵਾਸਵਾਦ ਕਹਿੰਦਾ ਹਾਂ।

ਪਰਵਾਸਵਾਦ ਕਵਿਤਾ ਸਣੇ ਪੰਜਾਬੀ ‘ਤੇ ਕੀਤਾ ਜਾ ਰਿਹਾ ਬੌਧਿਕ ਹਮਲਾ ਹੈ। ਇਸੇ ਲਈ, ਪਰਵਾਸਵਾਦ ਵਿਰੁੱਧ ਮੇਰੀ ਸ਼ੁਰੂ ਤੋਂ ਹੀ ਲੜਾਈ ਰਹੀ ਹੈ। ਇਸੇ ਲੜਾਈ ਵਿੱਚ ਹੀ ਮੈਂ ਨਾਹਰਿਆ ਨਿਹੋਰੇ ਮਾਰਦਾ ਰਿਹਾ ਹਾਂ, ਜਿਵੇਂ:

ਦੇਸ਼ ਪ੍ਰਦੇਸ਼ ਕੁਝ ਨਹੀਂਓਂ ਹੁੰਦਾ
ਨਾ ਵਾਸੀ ਪ੍ਰਵਾਸੀ।
ਬੰਦੇ  ਮਨ  ਲਕੀਰਾਂ  ਖਿੱਚੀਆਂ
ਕੁਦਰਤ ਫ਼ਰਕ ਨਾ ਕਾਸੀ।

ਬ੍ਰਹਿਮੰਡ ਅੱਖ ਵਜ਼ੂਦ-ਏ-ਧਰਤੀ
ਬਿੰਦੀ ਤੋਂ ਵੀ ਛੋਟਾ,
ਕਿੰਨਾ  ਛੋਟਾ  ਮਨ  ਜੋ  ਸੋਚੇ
ਵਾਸੀ  ਤੇ ਪ੍ਰਵਾਸੀ।

ਨਿੱਕੀ ਜਿਹੀ ਇਹ ਧਰਤ ‘ਪਰਖ਼ਿਆ’
ਅਣਗਣਿਤ ਜੂਨਾਂ ਦਾ ਵਾਸਾ,
ਕੋਈ ਨਹੀਂ ਪਰਵਾਸੀ ਕਿਧਰੇ
ਸੱਭ ਵਾਸੀ ਹੀ ਵਾਸੀ।

‘ਤੇ ਇਸੇ ਲੜਾਈ ਵਿੱਚ ਮੈਂ ਕਹਿੰਦਾ ਰਿਹਾ ਹਾਂ:
‘ਪਰਵਾਸੀ ਕਵਿਤਾ’ ‘ਪਰਖ਼ਿਆ’
ਕਵਿਤਾ ਨੂੰ ਕੱਢੀ
ਸੱਭ ਤੋਂ ਵੱਡੀ
ਸੱਭ ਤੋਂ ਭੱਦੀ
ਗਾਲ੍ਹ ਹੁੰਦੀ ਹੈ…

  1. ਪਾਤਰ-ਕਾਵਿ ਦੇ ਗੰਭੀਰ ਮੁੱਲਅੰਕਣ ਦੀ ਲੋੜ

ਇਹ ਕਾਨਫ਼ਰੰਸ “ਡਾ. ਸੁਰਜੀਤ ਪਾਤਰ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ” ਸੀ,  ਜਿਨ੍ਹਾਂ ਦਾ ਜੀਵਨ-ਸਫ਼ਰ ਇਸੇ ਸਾਲ ਦੀ ਮਈ 11 ਨੂੰ ਪੂਰਾ ਹੋ ਗਿਆ। ਇਸ ਲਈ, ਪਾਤਰ ਦੀ ਸ਼ਾਇਰੀ ਤੇ ਉਹਦੇ ਵਿਅੱਕਤੀਤਵ ਦਾ ਜ਼ਿਕਰ ਤੇ ਸ਼ਲਾਘਾ ਹਟ ਹਟ ਕੇ ਹੁੰਦੀ ਰਹੀ, ਕੁਦਰਤੀ ਹੀ। ਸੁਰਜੀਤ ਪਾਤਰ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਪ੍ਰਸਿੱਧ ਸ਼ਾਇਰ ਤੇ ਪ੍ਰਸਿੱਧ ਸ਼ਖਸੀਅਤ ਸੀ, ਜੋ ਖ਼ੁਦ ਪੰਜਾਬੀ ਸਾਹਿਤ ਦੀ ਸਥਾਪਤੀ ਦਾ ਹਿੱਸਾ ਬਣ ਚੁੱਕਿਆ ਸੀ। ਜਿਵੇਂ ਪੰਜਾਬ ਵਰਗੇ ਅਰਧ-ਜਾਗੂੀਰੂ ਸਮਾਜ ‘ਚੇ ਅਜੇਹੀ ਸਥਿਤੀ ਵਿੱਚ ਅਕਸਰ ਹੁੰਦਾ ਹੀ ਹੈ ਕਿ ਅਜੇਹੀ ਸ਼ਖਸੀਅਤ ਨਾਲ,  ਪਾਤਰ ਨਾਲ ਦੋ ਉਲਟ-ਧਰੁਵੀ ਧਿਰਾਂ ਜੁੜ ਗਈਆ,  ਇਕ  ਉਸ ਦੇ ਘੋਰ ਹਿਮਾਇਤੀਆਂ ਦੀ ਤੇ ਦੂਜੀ ਘੋਰ ਵਿਰੋਧੀਆਂ ਦੀ। ਵਿਰੋਧੀ ਧਿਰ ਕਹਿੰਦੀ ਹੈ,  ਤੁਸੀਂ ਹਿਮਾਇਤੀ ਉਸ ਦਾ ਮੱਠ ਹੋ ਜਾਂ ਮੱਠ ਚਲਾਓਦੇ ਹੋ; ਹਿਮਾਇਤੀ ਧਿਰ ਕਹਿੰਦੀ ਹੈ, ਤੁਸੀਂ ਵਿਰੋਧੀ ਉਸ ਦਾ ਵਿਰੋਧ ਇਸ ਲਈ ਕਰਦੇ ਹੋ ਕਿਓਂਕਿ ਉਸ ਦੀ ਪ੍ਰਸਿੱਧੀ ਤੋਂ ਸੜਦੇ ਹੋ, ਬਗ਼ੈਰਾ ਬਗ਼ੈਰਾ। ਇਸ ਤਰ੍ਹਾਂ ਦੇ ਤਾਹਨੇ-ਮਿਹਣੇ ਸਾਡੇ ਅਰਧ-ਜਾਗੀਰੂ ਪੰਜਾਬੀ ਵਿੱਚ ‘ਤਰਕ’ ਦੇ ਭਾਅ ਵਿਕਦੇ ਨੇ। ਇਸ ਸਥਿਤੀ ਵਿੱਚ ਸੱਭ ਤੋਂ ਵੱਧ ਨੁਕਸਾਨ ਸਾਹਿਤ ਦਾ ਹੁੰਦਾ ਹੈ,  ਸਮੁੱਚੇ ਸਾਹਿਤ ਦਾ ਆਮ ਤੌਰ ‘ਤੇ ਅਤੇ ਸਥਿਤੀ ਫ਼ਸੇ ‘ਪ੍ਰਸਿੱਧ ਸਾਹਿਤਕਾਰ’ ਦੀ ਕਿਰਤ (ਇੱਥੇ ਪਾਤਰ-ਕਾਵਿ) ਦਾ ਖ਼ਾਸ ਤੌਰ ‘ਤੇ। ਇਸ ਨੁਕਸਾਨ ਦਾ ਇੱਕ ਸੰਭਵ ਰੂਪ ਹੈ ‘ਪ੍ਰਸਿੱਧ ਸਾਹਿਤਕਾਰ’ ਦੀ ਸਮੁੱਚੀ ਕਿਰਤ ਦਾ ਗਲਤ ਜਾਂ ਉਲਾਰ ਮੁੱਲਅੰਕਣ ਹੋ ਜਾਣਾ, ਤੇ

ਸਾਹਿਤਕਾਰਾਂ ਦੀ ਨਵੀਂ ਪੀੜ੍ਹੀ ਤੇ ਆਓਣ ਵਾਲੀਆਂ ਪੀੜ੍ਹੀਆਂ ਦਾ ਨੁਕਸਾਨ ਹੋ ਜਾਣਾ, ਸਾਡੀ ਪੀੜ੍ਹੀ ਵਲੋਂ ਉਨ੍ਹਾਂ ਨੂੰ ‘ਪ੍ਰਸਿੱਧ ਸਾਹਿਤਕਾਰ’  ਤੇ ੳਹਦੀ ਕਿਰਤ ਵਾਰੇ ਗੁਮਰਾਹ ਕਰਨ ਦੇ ਰੂਪ ਵਿੱਚ। ਇਸ ਸੋਚ ਮੇਰੇ ਦਿਮਾਗ ‘ਚੇ ਉਦੋਂ ਸ਼ੁਰੂ ਹੋ ਗਈ ਜਦੋਂ ਪਾਤਰ ਦੀ ਹਿਮਾਇਤੀ ਧਿਰ ਦੇ ਇੱਕ ਮਾਣਯੋਗ ਸੱਜਣ ਨੇ ਵਿਰੋਧੀ ਧਿਰ ਉੱਪਰ ਸੰਖੇਪ ਜਿਹਾ ‘ਤਵਾ’ ਲਗਾ ਦਿੱਤਾ,  ਸ਼ਿਕਾਇਤ ਨਹੀਂ,  ਅਬਜ਼ਰਵੇਸ਼ਣ (observation) ਹੈ; ਮੇਰਾ ਨਹੀਂ ਖ਼ਿਆਲ ਉੱਥੇ ਵਿਰੋਧੀ ਧਿਰ ਦਾ ਕੋਈ ਬੰਦਾ ਮੌਜੂਦ ਸੀ। ਖੈਰ, ਫ਼ਾਇਦਾ ਇਹ ਹੋਇਆ ਕਿ ਇਸ ਅਬਜ਼ਰਵੇਸ਼ਣ ਨੇ ਮੇਰੇ ਦਿਮਾਗ਼ ‘ਚੇ ਪਾਤਰ-ਕਾਵਿ ਦੇ ਗੰਭੀਰ ਵਿਸ਼ਲੇਸ਼ਣ ਤੇ ਮੁੱਲਅੰਕਣ ਦੀ ਲੋੜ ਬਾਰੇ ਸੋਚ ਦੀ ਸੁਰੰਗੀ ਛੇੜ ਦਿੱਤੀ।

ਪਾਤਰ-ਕਾਵਿ ਦੇ ਗੰਭੀਰ ਮੁੱਲਅੰਕਣ ਦੀ ਲੋੜ ਦੀ ਗੱਲ ਵਰਿਆਮ ਸੰਧੂ ਵਲੋਂ ਭਾਰਤ ਤੋਂ ਬਾਹਰ ਵਾਲੇ ਪੰਜਾਬੀ ਲੇਖਕਾਂ ਨੂੰ ਦਿੱਤੀ ਚਣੌਤੀ ਸੰਗ ਜੁੜ ਜਾਂਦੀ ਹੈ ਕਿ ਉਹ ਆਪਣੇ ਵਿੱਚੋਂ ਹੀ ਆਪਣੇ ਲਿਖੇ ਪੰਜਾਬੀ ਸਾਹਿਤ ਦੇ ਆਲੋਚਕ ਪੈਦਾ ਕਰਨ। ਜਿਵੇਂ ਮੈਂ ਪਹਿਲਾਂ ਹੀ ਇਸ਼ਾਰਾ ਕੀਤਾ ਹੈ ਕਿ ਸਾਨੂੰ ਬਾਹਰਲਿਆਂ ਨੂੰ ਇਹ ਚਣੌਤੀ ਸਵੀਕਾਰ ਕਰ ਲੈਣੀ ਚਾਹੀਦੀ ਹੈ। ਮੈਂ ਤਾਂ ਸਦਾ ਸੋਚਿਆ ਤੇ ਕਿਹਾ ਹੈ ਕਿ ਕਵਿਤਾ ਵਾਸੀ ਜਾਂ ਪਰਵਾਸੀ ਨਹੀਂ ਹੁੰਦੀ, ਕਵਿਤਾ ਹੀ ਹੁੰਦੀ ਹੈ, ਭਾਵੇਂ ਕਿਤੇ ਲਿਖੀ ਗਈ ਹੋਵੇ;  ਜਿਵੇਂ ਇਸ ਕਾਨਫ਼ਰੰਸ ਵਿੱਚ ਲਖਵਿੰਦਰ ਜੌਹਲ ਨੇ ਕਿਹਾ ਕਿ ਕਿਤੇ ਵੀ ਲਿਖੀ ਪੰਜਾਬੀ ਕਵਿਤਾ ਨੂੰ ਯੁਨੀਵਰਸਲ ਚੌਖ਼ਟੇ, ਜਿਹਨੂੰ ਮੈਂ ਗਲੋਬਲ ਪ੍ਰਸੰਗ ਕਹਿੰਦਾ ਹਾਂ,  ਵਿੱਚ ਰੱਖ ਕੇ ਇਸ ਵਿੱਚਲੀ ਸਮੁੱਚੀ ਪੰਜਾਬੀ ਵੇਦਨਾ ਸੰਗ ਦੇਖਣਾ, ਭਾਵ ਪਰਖ਼ਣਾ, ਚਾਹੀਦਾ ਹੈ। ਇਹ ਜੇ ਕੋਈ ਜਾਣੇ ਜਾਂ ਸੁਣੇ, ਤਾਂ ਆਪਣੀ ਨਵੀਨਤਮ ਇੰਟਰਵਿਯੂ [ਹਵਾਲਾ ਦੋ] ਵਿੱਚ ਮੇਰੇ ਵਲੋਂ ਪੇਸ਼ ਕੀਤੀ reference frame. ਜਾਂ ਹਵਾਲਾ ਫਰੇਮ, ਥਿਓਰੀ ਅਨੁਸਾਰ ਕੋਈ ਬਾਹਰਲਾ ਲੇਖਕ/ਆਲੋਚਕ ਜੇ ਆਪਣੀ ਆਈ ‘ਤੇ ਆ ਜਾਵੇ ਤਾਂ ਆਪਣੇ ਬਾਹਰਲੇ ਮੁਲਖ ਦੀ ਪੰਜਾਬੀ ਕਵਿਤਾ ਤਾਂ ਕੀ,  ਪਾਤਰ-ਕਾਵਿ ਦਾ ਗੰਭੀਰ ਮੁੱਲਅੰਕਣ ਕਰਨ ਦੀ ਯੋਗਤਾ ਵਿੱਚ ਵੀ ਭਾਰਤ ਬੈਠੇ ਕਿਸੇ ਪੰਜਾਬੀ ਕਵਿਤਾ ਦੇ ਆਲੋਚਕ ਤੋਂ ਘੱਟ ਨਹੀਂ ਹੋਏਗਾ।

  1. ਪਵਿੱਤਰ ਸੱਚਾਈਆਂ

ਅੱਜਕੱਲ ਵਿਗਿਆਨ ਦੇ ਯੁੱਗ ਦੌਰਾਨ, ਘੱਟੋ-ਘੱਟ ਪੱਛਮ ਵਿੱਚ, ਉਦਯੋਗ ਦੇ ਹੋਰ ਖ਼ੇਤਰਾਂ ਵਿੱਚ ਆਮ ਕਰਕੇ  ਤੇ ਮੈਡੀਕਲ ਖ਼ੇਤਰ ਵਿੱਚ ਖ਼ਾਸ ਕਰ ਕਰਕੇ ‘ਮਿਆਰੀ ਸੰਚਾਲਿਤ ਪ੍ਰਕਿਰਿਆ’,ਯਾਣਿ standard operating procedure (SOP), ਦਸਤਾਵੇਜ਼ ਵਰਤਿਆ ਜਾਂਦਾ ਹੈ, ਜੋ ਕਿਸੇ ਪ੍ਰਕਿਰਿਆ ਜਾਂ ਕਾਰਜ ਨੂੰ ਪੂਰਾ ਕਰਨ ਲਈ ਸੰਕਲਿਤ ਕਦਮ-ਦਰ-ਕਦਮ ਨਿਰਦੇਸ਼ਾਂ ਦਾ ਸਮੂਹ ਹੁੰਦਾ ਹੈ,  ਜਿਸ ਨੂੰ ਸੰਸਥਾ ਦੇ ਕਰਮਚਾਰੀ ਉਸ ਕਾਰਜ ਨੂੰ ਨੇਪਰੇ ਚਾੜਣ ਲਈ ਵਰਤਦੇ ਹਨ।

ਇਹ ਵਿਗਿਆਨ ਪਹੁੰਚ ਹੈ ਕਿ ਜੇ ਕਿਸੇ ਕਾਰਜ ਪੂਰਤੀ ਦੀ ਇੱਕ ਮਿਆਰੀ ਵਿਧੀ ਈਜਾਦ ਕਰ ਲਈ ਗਈ ਹੈ, ਉਹ ਸਾਰਿਆਂ ਨੂੰ ਉਪਲੱਬਦ ਕਰਵਾ ਦੇਣਾ ਚਾਹੀਦੀ ਹੈ, ਤਾਂ ਕਿ ਕੋਈ ਕਾਰਜ ਇਕਸਾਰਤਾ ਨਾਲ ਨੇਪਰੇ ਚਾੜ੍ਹਿਆ ਜਾ ਸਕੇ।; ਜਿਵੇਂ ‘ਭੇਤ’ ਭਰੀ ਸਮੱਸਿਆ ਹੱਲ ਕੀਤੀ ਜਾ ਚੁੱਕੀ ਹੈ, ਸੱਭ ਨੂੰ ਹੱਲ ਉਪਲੱਬਦ ਕਰਵਾ ਦਿਓ! ਪਰ, ਅਸੀਂ ਇਹ ਕਿਵੇਂ ਕਰ ਸਕਦੇ ਹਾਂ?  ਇਹਦੇ ਉਲਟ, ਅਸੀਂ “ਭੇਤਪੁਰੀ ਦੇ ਵਾਸੀ” ਪੱਧਰੇ ਪਈ ਸਚਾਈ ਨੂੰ ਚੁੱਕ ਕੇ ਭੇਤ ਵਿੱਚ ਤਾਂ ਬਦਲ ਸਕਦੇ ਹਾਂ, ਜਿਵੇਂ “ਤੈਨੂੰ ਈ ਦੱਸਦਾਂ, ਕਿਸ ਹੋਰ ਨੂੰ ਨਾਂ ਦੱਸੀਂ।” ਜਾਂ ਜਿਵੇਂ ਸਾਡੇ ਜਿੰਦੇ ਤੇ ਮੁਰਦਾ ਵਡੇਰਿਆਂ ਵਲੋਂ ਸਾਨੂੰ ਵਿਰਸੇ ਵਿੱਚ ਮਿਲੇ ਭੇਤਾਂ ਨੂੰ ਅਸੀਂ ਚੰਬੜੇ ਰਹਿ ਸਕਦੇ ਹਾਂ, ਬਿਨ੍ਹਾਂ ਖੋਲਣ ਦੀ ਕੋਸ਼ਿਸ਼ ਕੀਤਿਆਂ। ਮਿਸਾਲ ਵਜੋਂ, ਵਿਰਸੇ ਵਿੱਚ ਮਿਲੇ ਇਨ੍ਹਾਂ ਭੇਤਾਂ ਦੀ ਇੱਕ ਕਿਸਮ ਹੈ: ਧੁਰੋਂ ਉਤਰਦੀ ਕਲਾ; ਜਿਵੇਂ “ਮੈਨੂੰ ਕੀ ਪਤਾ ਕਵਿਤਾ, ਜਾਂ ਕਹਾਣੀ, ਕਿਵੇਂ ਲਿਖੀਦੀ ਹੈ; ਬੱਸ ਉੱਤਰਦੀ ਹੈਂ ਤਾਂ ਲਿਖ ਲੈਂਨਾਂ।” ਇਹਦਾ ਮਤਲਬ ਹੈ ਕਿ ਕਵਿਤਾ, ਕਹਾਣੀ, ਜਾਂ ਹੋਰ ਕਲਾਵਾਂ ਦੇ ਹੁਨਰ ਧੁਰ ਰੱਬ ਕੋਲੋਂ ਮਿਲਦੇ ਨੇ, ਤੇ “ਉਹਦੀਆਂ ਉਹ ਹੀ ਜਾਣੇ”, ਸਾਨੂੰ ਕੀ ਪਤਾ? ਇਹਦਾ ਲੁਪਤ ਮਤਲਬ ਇਹ ਵੀ ਹੈ ਕਿ ਕਲਾਵਾਂ ਕਿਸੇ ਜਣੇ ਖਣੇ ਦੇ ਹੱਥ ਹੱਥ ਲੱਗਦੀਆ; ਕਿਸੇ ਕਿਸੇ ‘ਤੇ ਹੀ ‘ਰੱਬ’ ਦੀ ਮੇਹਰ ਹੁੰਦੀ ਹੈ। ਧਰਤੀ ‘ਤੇ ਮਨੁੱਖੀ ਇਤਿਹਾਸ ਗਵਾਹ ਹੈ ਕਿ ਇਹੋ ਜਿਹੇ ਭੇਤ ਤੇ ਵਿਸ਼ਵਾਸ਼ ਜਾਗੀਰੂ/ਰਾਜਾਸ਼ਾਹੀ ਨਿਜ਼ਾਮ ਵਾਲੇ ਸਮਾਜਾਂ ਦੀਆਂ ਕਰਦਾਂ-ਕੀਮਤਾਂ ਦਾ ਹਿੱਸਾ ਰਹੇ ਨੇ। ਸੋ, ਪੰਜਾਬ ਵਰਗੇ ਅਰਧ-ਜਾਗੀਰੂ ਭੂਤਮੁੱਖੀ ਸਮਾਜ ਵਿੱਚ ਅਜੇਹੇ ਭੇਤਾਂ ਤੇ ਵਿਸ਼ਵਾਸ਼ਾਂ ਦਾ ਵਸਣਾ ਕੋਈ ਆਚੰਭਾ ਨਹੀਂ। ਦੁੱਖ ਹੈ ਕਿ ਕੁਝ, ਜੇ ਬਾਹਲੇ ਨਹੀਂ, ਪੰਜਾਬੀ ਲੇਖਕਾਂ ਵਿੱਚ ਵੀ ਅਜੇਹੇ ਭੇਤਾਂ ਤੇ ਵਿਸ਼ਵਾਸ਼ਾਂ ਦਾ ਵਾਸਾ ਹੈ, ਪਰ  ਅਚੰਭਾ ਨਹੀਂ, ਕਿਓਂਕਿ ਉਹ ਲੇਖਕ ਵੀ ਸਮਾਜ ਵਾਂਗ ਭੂਤਮੁੱਖੀ ਸੋਚ ਦਾ ਸ਼ਿਕਾਰ ਨੇ।

ਵਿਪਸਾ ਦੀ ਇਸ ਕਾਨਫਰੰਸ ਵਿੱਚ ਦੀ ਸਟੇਜ ਉੱਤੇ ਇਸ ਕਿਸਮ ਦੇ ਭੇਤਾਂ ਦਾ ਪ੍ਰਦਰਸ਼ਨ ਸਹਿਜ ਸੁਭਾਅ ਕੁਦਰਤੀ ਤੌਰ ‘ਤੇ ਹੀ ਹੋਣਾ ਸ਼ੁਰੂ ਹੋ ਗਿਆ ਜਦੋ ‘ਕਹਾਣੀ ਸ਼ੈਸਨ’ ਵਿੱਚ ਇਸ ਸੁਆਲ ਨਾਲ ਕਹਾਣੀਕਾਰਾਂ ਦਾ ਵਾਹ ਪਿਆ “ਤੁਹਾਡਾ ਕਹਾਣੀ ਲਿਖਣ ਦਾ ਕੀ ਪਰੋਸੈੱਸ ਹੈ?”  ਹੁੰਘਾਰੇ ਵਜੋਂ ਇੱਕ ਜਾਂ ਜ਼ਿਆਦਾ ਕਹਾਣੀ ਲੇਖਕਾਂ ਨੇ ਵਿਰਸੇ ਵਿੱਚ ਮਿਲੇ ਜੁਆਬ ਸੰਗ ਖੜ੍ਹ੍ਹਦੇ ਹੋਏ ਇਹੋ ਜਿਹਾ ਸਟੈਂਡ ਲੈ ਲਿਆ ਕਿ “ਪਰੋਸੈੱਸ ਤਾਂ ਮੈਨੂੰ ਪਤਾ ਨਹੀ” ਜਾਂ “ਪਰੋਸੈੱਸ ਕੁੱਝ ਨਹੀਂ ਹੁੰਦਾ”, ਬੱਸ ਕਹਾਣੀ ਜਦ ਉਤਰਦੀ ਹੈ ਤਾਂ ਲਿਖੀ ਜਾਂਦੀ ਹੈ। ਪੰਜਾਬੀ ਕਹਾਣੀ ਦੇ ਇੱਕ ਵਡੇਰੇ ਨੇ, ਸ਼ਾਇਦ ਇਸ ਕਰਕੇ ਕਿ ਉਸ ਪ੍ਰਗਤੀਵਾਦੀ ਸਾਹਿਤ ਦੇ ਰਸਮੀ ਘੇਰੇ ਵਿੱਚ ਆਉਂਦਾ ਹੈ, ਝੱਟ ਹੀ ‘ਪਰੋਸੈੱਸ ਕੁੱਝ ਨਹੀਂ ਹੁੰਦਾ’ ਦੀ ਪਹੁੰਚ ਦਾ ਵਿਰੋਧ ਕਰ ਦਿੱਤਾ, ਪਰ ਫਿਰ ਹੌਲੀ ਹੌਲੀ ਵੇਖਦਿਆਂ ਹੀ ਵੇਖਦਿਆਂ ਇਸ ਪਹੁੰਚ ਅੱਗੇ ਗੋਡੇ ਟੇਕ ਦਿੱਤੇ। ਸ਼ੁਰੂਆਤੀ ਥੋੜ-ਚਿਰੇ ‘ਪਰੋਸੈੱਸ ਕੁੱਝ ਨਹੀਂ ਹੁੰਦਾ’ ਦੀ ਪਹੁੰਚ ਦਾ ਜ਼ਾਹਰਾ ਤੌਰ ‘ਤੇ ਵਿਰੋਧ ਤੋਂ ਬਾਅਦ ਝੱਬੇ ਹੀ ਯੂ-ਟਰਨ ਲੈ ਕੇ ਇਸ ਪਹੁੰਚ ਦੇ ਹੱਕ ਵਿੱਚ ਮਿਸਾਲਾਂ ਦੇਣੀਆਂ ਤੇ ਦਲੀਲਾਂ ਘੜਣੀਆਂ ਸ਼ੁਰੂ ਕਰ ਦਿੱਤੀਆਂ ਕਿ ਕਿੰਝ ‘ਪਰੋਸੈੱਸ ਕੁੱਝ ਨਹੀਂ ਹੁੰਦਾ’ ਜਾਂ ਇਹਦਾ ਪਤਾ ਨਹੀਂ ਲਗਾਇਆ ਜਾ ਸਕਦਾ। ਭਾਵੇਂ ਇੰਝ ‘ਸਿਆਣੇ’ ਨੇ ‘ਨਿਆਣਿਆਂ’ ਦਾ ਦਿਲ ਰੱਖਣ ਲਈ ਹੀ ਕੀਤਾ ਹੋਵੇ, ਫਿਰ ਵੀ ਨਤੀਜਾ ਤਾਂ ਸਮਾਨ ਹੈ: ‘ਲਿਖਣ ਦਾ ਪਰੋਸੈੱਸ ਕੁੱਝ ਨਹੀਂ ਹੁੰਦਾ’ ਦੇ ਮਾਡਲ ਦਾ ਪ੍ਰਸਾਰ।

ਕਿਓਕਿ ਸਟੇਜ ਉੱਪਰਲੇ ਵਡੇਰੇ ਤੇ ਹੋਰ ਕਹਾਣੀਕਾਰ ਸੱਭ ਆਪਣੇ ਨੇ, ਮੈਂ ਉਨ੍ਹਾਂ ਸੱਭਨਾਂ ਦੀ ਕਦਰ ਕਰਦਾ ਹਾਂ, ਇਸ ਲਈ ਇੱਥੇ ਨਾਵਾਂ ਦੇ ਹਵਾਲੇ ਦੇਣੇ ਜ਼ਰੂਰੀ ਨਹੀਂ ਸਮਝਦਾ। ਨਾਲੇ ਮੇਰੀ ਦਿਲਚਸਪੀ ਪੇਸ਼ ਕੀਤੇ ਖਿਆਲ ਤੇ ਪਹੁੰਚ, ਯਾਨਿ ਮਾਡਲ, ਵਿੱਚ ਹੀ ਹੈ, ਅਤੇ ਕਿਓਂਕਿ  ਸਟੇਜ ਪੇਸ਼ “ਲਿਖਣ ਦਾ ਪਰੋਸੈੱਸ ਕੁੱਝ ਨਹੀਂ ਹੁੰਦਾ” ਮਾਡਲ ਦਾ ਕੋਈ ਬਦਲ ਪੇਸ਼ ਕੀਤੇ ਬਗੈਰ ਹੀ ਇਸ ਪੁਰਾਣੇ ਪੇਸ਼ ਮਾਡਲ ਨੂੰ ਹੀ ‘ਪਵਿੱਤਰ ਸਚਾਈ’ ਦੀ ਤਰ੍ਹਾਂ ਮੰਨ ਲਿਆ ਗਿਆ, ਮੇਰੀ ਦਿਲਚਸਪੀ “ਲਿਖਣ ਦਾ ਪਰੋਸੈੱਸ ਕੁੱਝ ਨਹੀਂ ਹੁੰਦਾ” ਮਾਡਲ ਦਾ ਬਦਲ ਪੇਸ਼ ਕਰਨ ਵਿੱਚ ਹੈ। ਇੱਥੇ ਮੈਨੂੰ ਪਾਸ਼ ਦੀਆਂ ਉਹ ਕਾਵਿ-ਸ਼ਤਰਾਂ ਯਾਦ ਆ ਰਹੀਆਂ ਹੈ:

“ਮੈਂ ਭਲਾ ਕਿੰਜ ਰਹਾਂਗਾ
ਸਾਂਝੇ ਥੱੜ੍ਹੇ ਉੱਤੇ ਕੱਚ ਭੰਨਣ ਤੋਂ
ਜਿੱਥੇ ਹਾਰੇ ਹੋਏ ਬੁੜ੍ਹਿਆਂ ਨੇ ਬਹਿ ਕੇ
ਪਵਿੱਤਰ ਸਚਾਈਆਂ ਦੀਆਂ ਗੱਲਾਂ ਕਰਨੀਆਂ ਹਨ।”…(ਪਾਸ਼: ਜੰਗਲ ‘ਚੋਂ ਆਪਣੇ ਪਿੰਡ ਦੇ ਨਾਂ ਰੁੱਕਾ)

ਇੱਥੇ ਪਾਸ਼ ਦਾ ਨਿਸ਼ਾਨਾ ‘ਸਿਆਣਿਆ’ ਦੀ ਉਮਰ ਨਹੀ, ਉਨ੍ਹਾਂ ਦਾ ਬੀਤੀਆਂ, ਸਮਾਂ ਵਿਹਾ ਚੁੱਕੀਆਂ, ਪੁਰਾਣੀਆਂ ਕਦਰਾਂ-ਕੀਮਤਾਂ ਤੇ ਮਾਡਲਾਂ ਨਾਲ ਮੋਹ ਹੈ। ਪਾਸ਼ ਦੀਆਂ ਉੱਤਕ ਕਾਵਿ-ਸ਼ਤਰਾਂ ਦੇ ਪ੍ਰਸੰਗ ਵਿੱਚ ਹਥਲੀ ਸਥਿਤੀ ‘ਚੇ ‘ਸਾਂਝੇ ਥੱੜ੍ਹਾ’ ਹੈ ਸਟੇਜ, ‘ਪਵਿੱਤਰ ਸਚਾਈ’ ਹੈ “ਲਿਖਣ ਦਾ ਪਰੋਸੈੱਸ ਕੁੱਝ ਨਹੀਂ ਹੁੰਦਾ” ਮਾਡਲ, ਕੱਚ ਭੰਨਣ ਵਾਲਾ ਹੋ ਸਕਦਾ ਹੈ ਮੇਰੇ ਵਰਗਾ ਕੋਈ ਵੀ ਦਰਸ਼ਕ ਜਿਹਦੇ ਮੇਚ ਨਹੀ ਆਓਂਦਾ ਸਟੇਜ ਤੋਂ ਪੇਸ਼ ਕੀਤਾ ਮਾਡਲ: ਲਿਖਣ ਦਾ ਕੋਈ ਪਰੋਸੈੱਸ ਨਹੀਂ ਹੁੰਦਾ, ਤੇ ਕੱਚ ਭੰਨਣਾ ਹੋਏਗਾ ਇਸ ਮਾਡਲ ਦਾ ਬਦਲ ਪੇਸ਼ ਕਰਨਾ। ਮੇਰੇ ਵਲੋਂ ‘ਬਦਲ’ ਹੋਏਗਾ: ‘ਪਰੋਸੈੱਸ ਜਿੰਦਾਬਾਦ!’ ਮਾਡਲ; ਯਾਨਿ ਪਰੋਸੈੱਸ ਹਰ ਜਗਹ ਹੈ, ਮਿਸਾਲ ਵਜੋਂ ਬੰਦੇ ਤੋਂ ਕਵਿਤਾ ਤੱਕ ਤੇ ਬ੍ਰਹਿਮੰਡ ਤੋਂ ਕਹਾਣੀ ਤੱਕ ਹਰ ਰਚਨਾ ਰਚਨ ਦਾ ਇੱਕ ਪਰੋਸੈੱਸ ਹੁੰਦਾ ਹੈ। ਪਰੋਸੈੱਸ ਸਥਿਰ ਤੇ ਗੈਰ ਲਚਕਦਾਰ ਜਾਂ ਲਚਕਦਾਰ ਹੋ ਸਕਦੇ ਨੇ, ਪਰੋਸੈੱਸਾਂ ਦਾ ਵਿਕਾਸ ਵੀ ਹੋ ਸਕਦਾ ਹੈ, ਪਰ ਪਰੋਸੈੱਸ ਹੁੰਦੇ ਨੇ ਤੇ ਜਿੰਦਾਬਾਦ ਹੁੰਦੇ ਨੇ। ਇਹ ਬ੍ਰਹਿਮੰਡ ਕੀ ਹੈ? ਚੀਜ਼ਾ ਤੇ ਵਰਤਾਰਿਆਂ ਦਾ ਚੱਲਦਾ ਇੱਕੱਠ; ਕੁਦਰਤ ਵੀ ਚੀਜ਼ਾ ਤੇ ਵਰਤਾਰਿਆਂ ਦਾ ਇੱਕੱਠ, ਤੇ ਹਰ ਵਰਤਾਰੇ ਦੇ ਵਰਤਣ ਦਾ ਇੱਕ ਪਰੋਸੈੱਸ ਹੁੰਦਾ ਹੈ।

ਇਹ ਗੱਲ ਵੱਖਰੀ ਹੈ ਕਿ ਪਰੋਸੈੱਸ ਜਿਸ ਚੀਜ਼ ‘ਤੇ ਵਾਪਰਦਾ ਹੈ, ਉਰ ਚੀਜ਼ ਪਰੋਸੈੱਸ ਬਾਰੇ ਕਿੰਨੀ ਕੁ ਜਾਣੂ ਹੈ। ਮਿਸਾਲ ਵਜੋਂ, ਜੇ ਲੇਖਕ ਲਿਖਣ ਪਰੋਸੈੱਸ ਤੋਂ ਜਾਣੂ ਹੋਵੇ ਤਾਂ ਉਹ ਉਸਨੂੰ ਅਨੁਕੂਲ, ਯਾਣਿ optimal, ਢੰਗ ਨਾਲ ਕਾਬੂ, ਯਾਣਿ control, ਕਰਕੇ ਉਹਦਾ ਸੱਭ ਤੋਂ ਸੱਭ ਤੋਂ ਵੱਧ ਲਾਭ ਉਠਾ ਸਕਦਾ ਹੈ, ਆਪਣੀ ਰਚਨਾ ਨੂੰ ਅਸਰਦਾਇਕ ਬਣਾਉਣ ਲਈ। ਪਰ ਜੇ ਲੇਖਕ ਲਿਖਣ ਪਰੋਸੈੱਸ ਤੋਂ ਜਾਣੂ ਨਹੀਂ ਹੈ, ਪਰੋਸੈੱਸ ਤਾਂ ਫਿਰ ਵੀ ਵਰਤਦਾ ਹੀ ਹੈ, ਪਰ ਲੇਖਕ ਚੇਤਿੰਨ ਤੌਰ ‘ਤੇ ਉਹਦਾ ਲਾਭ ਉਠਾਉਣ ਤੋਂ ਵਾਝਿਆਂ ਰਹਿ ਜਾਂਦਾ ਹੈ।

“ਕੋਈ ਪਰੋਸੈੱਸ ਨਹੀਂ ਹੁੰਦਾ” ਮਾਡਲ ਦੇ ਦਿਨ ਕਦੋਂ ਦੇ ਗੁਜ਼ਰ ਚੁੱਕੇ ਨੇ। ਅੱਜ ਵਿਗਿਆਨ ਦੇ ਯੁੱਗ ਵਿੱਚ ਕਵਿਤਾ, ਕਹਾਣੀ, ਚਿੱਤਰਕਾਰੀ, ਗੱਲ ਕੀ ਸਿਰਜਣ-ਕਲਾ ਪਰੋਸੈੱਸ ਬਾਰੇ ਅਭਿਆਸੀ ਕੋਰਸ ਵੀ ਮਿਲਦੇ ਨੇ, ਜੋ ਕੋਈ ਵੀ ਲੈ ਸਕਦਾ ਹੈ। ਦੁਬਾਰਾ ਵਿਚਾਰੋ: ਪਵਿੱਤਰ ਸਚਾਈ ਜਾਂ ਸਚਾਈਆਂ ਕਿ ਕਵਿਤਾ, ਕਹਾਣੀ, ਚਿਤਰਕਾਰੀ, ਆਦਿ ਦਾ ਕੋਈ ਪਰੋਸੈੱਸ ਨਹੀ ਹੁਦਾ, ਇਹ ਕਲਾਵਾਂ ਤਾਂ ਬੱਸ ਧੁਰੋਂ ਉੱਤਰੀਆਂ ਨੇ, ਜਿਵੇਂ ਰੱਬ ਦੀ ਦੁਰਗਾਹੋਂ, ਰੱਬ ਦੀ ਮਿਹਰ ਨਾਲ ਹੀ, ਤੇ ਹਰ ਕਿਸੇ ਨੂੰ ਨਹੀਂ। ਇਸ ਕਿਸਮ ਦੀਆਂ ‘ਪਵਿੱਤਰ ਸਚਾਈਆਂ’ ਦੇ ਕੂੜ੍ਹ ਦਾ ਭਾਂਡਾ ਭਰ੍ਹੇ-ਬਾਜ਼ਾਰ ਪਹਿਲਾਂ ਭੰਨਿਆ ਯੋਰਪ ਵਿੱਚ ਚੱਲੀ ਮਾਨਵਵਾਦੀ ਰੇਨਾਸਾਂਸ ਲਹਿਰ (14ਵੀਂ ਸਦੀ ਤੋਂ 17ਵੀਂ ਸਦੀ ਤੱਕ) ਨੇ, ਜਿਹਨੇ ਕੁਦਰਤ ਦੇ ਕੇਂਦਰ ਵਿੱਚ ਮਨੁੱਖ ਨੂੰ ਰੱਖਦੇ ਹੋਏ ਕਿਹਾ: “ਤੇਰੀ ਸੰਭਾਵਨਾ ਸ਼ਕਤੀ ਅਸੀਮ ਹੈ, ਤੂੰ ਕੋਸ਼ਿਸ਼ ਕਰੇਂ ਤਾਂ ਕੁਝ ਵੀ ਬਣ ਸਕਦੇ ਏਂ।” [ਹਵਾਲਾ ਤਿੰਨ] ਰੇਨਾਸਾਂਸ ਮਾਨਵਵਾਦ ਦੇ ਮੁੱਖ ਲੱਛਣ ਇਨ੍ਹਾਂ ਨੇਮਾਂ ਵਿੱਚ ਅੰਕਿਤ ਕੀਤੇ ਜਾ ਸਕਦੇ ਹਨ: 1) ਜ਼ਿੰਦਗੀ ਦੇ ਜਸ਼ਨ ਮਨਾਓ:  ਜ਼ਿੰਦਗੀ ਬੰਦੇ ਲਈ ਮੌਕਾ ਹੈ, ਆਪਣੀਆਂ ਪੂਰੀਆਂ ਸੰਭਾਵਨਾਵਾਂ ਦੀ ਸਮਰੱਥਾ ਵਰਤਣ ਦਾ;  2) ਮਨੁੱਖੀ ਕਦਰਾਂ-ਕੀਮਤਾਂ ਤੇ ਨੈਤਿਕਤਾ ਲਾਗੂ ਕਰੋ;  3) ਸਵਤੰਤਰ ਚਿੰਤਕ ਬਣੋ: ਅੰਧ-ਵਿਸ਼ਵਾਸੀ ਤੇ ਲਾਈਲੱਗ ਮੱਤ ਬਣੋ,  ਖ਼ੁਦ ਸੋਚੋ;  4) ਅੰਧ-ਵਿਸ਼ਵਾਸ ਦੇ ਨੁਕਸਾਨਾਂ ਨੂੰ ਜਾਣਦੇ ਹੋਏ ਤਰਕਸ਼ੀਲ ਬਣੋ;  5) ਆਪਣੇ ਸਿੱਖਿਆ-ਘੇਰੇ ਨੂੰ ਵਿਸ਼ਾਲ ਕਰੋ: ਮਾਨਵਵਾਦੀ ਪੁਰਾਣੀਆਂ ਸੱਭਿਆਤਾਵਾਂ, ਸਾਹਿਤ, ਭਾਸ਼ਾ, ਗਣਿਤ, ਤੇ ਵਿਗਿਆਨ ਆਦਿ ਦੇ ਕਈ ਵਿਸ਼ਿਆਂ ਵਿੱਚ ਗਿਆਨ ਪ੍ਰਾਪਤ ਕਰਦੇ ਸਨ;  6) ਕਈ ਹੁਨਰਾਂ ਦੇ ਕਾਰੀਗਰ ਬਣੋ;  7) ਪ੍ਰਸਿੱਧੀ ਖੱਟੋ: ਆਪਣੇ ਹੁਨਰ ਜਾਂ ਕਿੱਤੇ ਦੇ ਉੱਤਮ ਕਾਰੀਗਰ ਬਣ ਕੇ।

ਜੋ ਐਸੇ ਮਾਨਵਵਾਦੀ ਗੁਣਾਂ ਦਾ ਮਾਲਕ ਹੋਵੇ, ਭਾਵ ਬਹੁ-ਵਿਸ਼ਿਆਂ ਦਾ ਮਾਹਿਰ, ਬਹੁ-ਹੁਨਰੀ, ਅੰਧ-ਵਿਸ਼ਵਾਸਾਂ ਤੋਂ ਆਜ਼ਾਦ, ਤੇ ਤਰਕਸ਼ੀਲ ਸਵਤੰਤਰ ਚਿੰਤਕ ਹੋਵੇ,  ਉਹਨੂੰ ‘ਰੇਨਾਸਾਂਸ ਮੈਨ’ ਕਿਹਾ ਜਾਂਦਾ ਸੀ। ਉਸ ਸਮੇਂ ਦੇ ਆਦਰਸ਼ ਰੇਨਾਸਾਂਸ ਮੈਨਾਂ ਵਿੱਚੋਂ ਇੱਕ ਪ੍ਰਸਿੱਧ ਸੀ ਇਟਲੀ ਦਾ ਲਿਓਨਾਰਡੋ ਡਾ ਵਿੰਸੀ (1452–1519),  ਜਿਸਨੇ ਲੇਖਨ, ਆਰਟ, ਸੰਗੀਤ, ਵਿਗਿਆਨ, ਕਾਢ, ਬੁੱਤ ਘੜਤਾ, ਨਿਰਮਾਨ ਕਲਾ, ਆਦਿ ਖੇਤਰਾਂ ਵਿੱਚ ਜੌਹਰ ਦਿਖਲਾਏ। ਇਹ ਉਹੀਓ ਲਿਓਨਾਰਡੋ ਹੈ ਜਿਹਦੀਆਂ ਮੋਨਾ ਲੀਸਾ, ਲਾਸਟ ਸਪਰ (ਆਖ਼ਰੀ ਭੋਜਨ), ਤੇ ਹੋਰ ਕਿੰਨੀਆਂ ਕ੍ਰਿਤਾਂ ਅੱਜ ਵੀ ਹਰਮਨ ਪਿਆਰੀਆਂ ਨੇ। ਰੇਨਾਸਾਂਸ ਦੇ ਮਾਨਵਵਾਦੀਆਂ ਇੱਕ ਉਦੇਸ਼ ਸੀ ਵੱਡੇ-ਛੋਟੇ ‘ਰੇਨਾਸਾਂਸ ਮੈਨ’  ਪੈਦਾ ਕਰਨਾ, ਭਾਈਚਾਰਿਆਂ ਤੇ ਸਮਾਜਾਂ ਨੂੰ ਅੱਗੇ ਵਧਾੳੇੁਣ ਲਈ [ਹਵਾਲਾ ਤਿੰਨ]।ਪਰ ਧਰਤੀ ਉੱਪਰ ਮਨੁੱਖੀ ਪ੍ਰਗਤੀ ਦੇ ਇਤਿਹਾਸ ਦਾ ਸਾਡੇ ਪੰਜਾਬੀ ਸਮਾਜ ਉੱਪਰ ਕਰਜ਼ਾ ਹੈ, ਆਪਣੇ ਹਿੱਸੇ ਦਾ ‘ਰੇਨਾਸਾਂਸ’ ਪੂਰਾ ਨਾ ਕਰਨ ਦਾ ਕਰਜ਼ਾ। ਠੀਕ, ‘ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ’ ਨੇ ਯੋਰਪੀਅਨ ਰੇਨਾਸਾਂਸ ਦੇ ਕਾਲ ਦੌਰਾਨ ਹੀ ਆਪਣਾ ਰੇਨਾਸਾਂਸ ਸ਼ੁਰੂ ਕੀਤਾ ਸੀ, ਪਰ ਉਹ ਮਹਾਂਰਾਜਾ ਰਣਜੀਤ ਸਿੰਘ ਦੀ ਸ਼ਾਹੀ ਕਲਗੀ ਵਿੱਚ ਉਲਝ ਕੇ ਰੁਕ ਗਿਆ, ਤੇ ਮਨੁੱਖੀ ਪ੍ਰਗਤੀ ਦੇ ਇਤਿਹਾਸ ਦੀ ਰਾਹ ‘ਤੇ ਪੰਜਾਬੀ ਸਮਾਜ ਦੀ ਗੱਡ ਕੁੱਲ ਮਿਲਾ ਕੇ ਉੱਥੇ ਹੀ ਫਸੀ ਖੜ੍ਹੀ ਹੈ [ਹਵਾਲਾ ਤਿੰਨ]; ਐਵੇਂ ਤਾਂ ਕਿ ਸਾਡੇ ਵਿੱਚੋਂ ਕਈ ਅੱਜ ਵੀ ਮਹਾਂਰਾਜਾ ਰਣਜੀਤ ਸਿੰਘ ਰਾਹ ਵਾਪਸੀ ਦੇ ਖ਼ਾਬ ਦੇਖਦੇ ਜਿਵੇਂ ਈਸਾਈ ਈਸਾ ਦੀ ਦੂਜੀ ਜਹਾਨ-ਫੇਰੀ ਦੇ। ਨਜੀਤਣ, ਮਨੁੱਖੀ ਪ੍ਰਗਤੀ ਦੇ ਇਤਿਹਾਸ ਵਲੋਂ ਸਾਡੀ ਕੌਮ ਨੂੰ ਮਿਲੇ ਸਰਾਪ ਤਹਿਤ ਸਾਡੇ ਬਾਹਲੇ ਪ੍ਰਗਤੀਸ਼ਲ ਸ਼ਖਸ਼ ਵੀ ਭੂਤਮੁੱਖੀ ਸੋਚ ਨੂੰ ਪ੍ਰਨਾਏ ਅਗਾਂਹ ਨੂੰ ਪਿਛਲਖੁਰੀ ਹੀ ਵਧਦੇ ਨੇ। ਸ਼ਾਇਦ, ਇਹੋ ਕੁਝ ਦਾ ਪ੍ਰਦਰਸ਼ਨ ਹੋ ਰਿਹਾ ਸੀ, ਕਹਾਣੀ ਸੇਸ਼ਨ ‘ਚੇ ਜਦ ‘ਲਿਖਣ ਦਾ ਕੋਈ ਪਰੋਸੈੱਸ ਨਹੀਂ ਹੁੰਦਾ’ ਦਾ ਮਾਡਲ ਪ੍ਰਸਾਰਿਆਂ ਜਾ ਰਿਹਾ ਸੀ।

“ਕੇਹੀ ਰਹੀ, ਬਈ ਪਰਖ਼ਿਆਂ?”, ਅੰਤ ‘ਤੇ ਕਾਨ੍ਹਫਰੰਸ ਹਾਲ ‘ਚੋਂ ਬਾਹਰ ਨਿੱਕਲਦਿਆਂ ਮੈਂ ਪੁੱਛਦਾ ਹਾਂ।

ਮਨ ਤੋਂ ਖੜ੍ਹੇ ਪੈਰ ਹੀ ਜੁਆਬ ਮਿਲਦਾ ਹੈ:

“ਖੂਬ ਹੀ ਰਹੀ ਹੋਵੇਗੀ! ਨਹੀਂ ਤਾਂ, ਜੋ ਇਕੱਠ ਪਾਸ਼-ਕਾਵਿ ਦੀ ਯਾਦ ਟਰਿੱਗਰ ਕਰਦਾ ਰਹੇ, ਉਸ ਤੋਂ ਚੰਗਾ ਭਲਾ ਹੋਰ ਕਿਹੜਾ ਇਕੱਠ ਹੋ ਸਕਦਾ ਹੈ?”

ਪਰ, ਸੋਚਾਂ ਦੀ ਪਿੱਠਭੂਮੀ ‘ਚੇ ਪਾਸ਼ ਦੀ ਕਵਿਤਾ ਅਗਾਊ ਹੀ ਸ਼ੁਰੂ ਹੋ ਚੁੱਕੀ ਸੀ:

“ਅਸੀਂ ਜੰਮਣਾ ਨਹੀਂ ਸੀ
ਅਸੀਂ ਲੜਨਾ ਨਹੀਂ ਸੀ
ਅਸੀਂ ਤਾਂ ਬਹਿ ਕੇ ਹੇਮਕੰਟ ਦੇ ਉੱਤੇ
ਭਗਤੀ ਕਰਨੀ ਸੀ
ਪਰ ਜਦ ਸਤਲੁਜ ਦੇ ਪਾਣੀ ਵਿੱਚੋਂ ਭਾਫ ਉੱਠੀ
ਪਰ ਜਦ ਕਾਜ਼ੀ ਨਜ਼ਰੁਲ ਇਸਲਾਮ ਦੀ ਜੀਭ ਰੁਕੀ
ਜਦ ਕੁੜੀਆਂ ਦੇ ਕੋਲ ਜਿਮ ਕਾਰਟਰ ਤੱਕਿਆ।
ਤੇ ਮੁੰਡਿਆਂ ਕੋਲ ਤੱਕਿਆ ‘ਜੇਮਜ਼ ਬਾਂਡ’
ਤਾਂ ਮੈਂ ਕਹਿ ਉੱਠਿਆ ਚਲ ਬਈ ਸੰਤ (ਸੰਧੂ)
ਹੇਠਾਂ ਧਰਤੀ ‘ਤੇ ਚਲੀਏ
ਪਾਪਾਂ ਦਾ ਤਾਂ ਭਾਰ ਵੱਧਦਾ ਜਾਂਦਾ ਹੈ…” —-(ਪਾਸ਼:ਅੰਤਿਕਾ)

ਹਵਾਲੇ

ਹਵਾਲਾ ਇੱਕ.  ਸਾਧੂ ਬਿਨਿੰਗ ਤੇ ਸੁਖਵੰਤ ਹੁੰਦਲ, ਪਰਵਾਸੀ ਸਾਹਿਤ ਸੰਬੰਧੀ: ਇਕ ਟੇਬਲਟਾਕ, ਵਤਨ-ਅਪ੍ਰੈਲ/ਮਈ/ਜੂਨ 1994.

https://archive.org/details/watanaprmayjune94/page/18/mode/2up

ਹਵਾਲਾ ਦੋ. ਰਵਿੰਦਰ ਸਿੰਘ ਸੋਢੀ, ‘ਡਾ. ਸੁਖਪਾਲ ਸੰਘੇੜਾ ਨਾਲ ਗੱਲਬਾਤ’, ਲਿਖਾਰੀ, 1 ਨਵੰਬਰ 2024.

ਡਾ. ਸੁਖਪਾਲ ਸੰਘੇੜਾ ਨਾਲ ਗੱਲਬਾਤ — ਰਵਿੰਦਰ ਸਿੰਘ ਸੋਢੀ       

 

ਹਵਾਲਾ ਤਿੰਨ. ਡਾ. ਸੁਖਪਾਲ ਸੰਘੇੜਾ, ‘ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ: ਯੂਰਪੀਅਨ ਰੇਨਾਸਾਂਸ ਦੇ ਪ੍ਰਸੰਗ ਵਿੱਚ’, ਪੀਪਲਜ਼ ਫ਼ੋਰਮ, ਪੰਜਾਬ, ਨਵੰਬਰ 2020.
https://likhari.net/madhkaali-punjab-dee-jagritee-lehar-dr-sukhpal-sanghera/

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1449
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਸੁਖਪਾਲ ਸੰਘੇੜਾ

View all posts by ਡਾ. ਸੁਖਪਾਲ ਸੰਘੇੜਾ →