8 December 2024

ਕਾਂਗਰਸ ਹਾਈ ਕਮਾਂਡ ਹਮੇਸ਼ਾਂ ਆਪਣੇ ਪੈਰਾਂ ਉਤੇ ਕੁਹਾੜਾ ਮਾਰਦੀ ਹੈ—ਉਜਾਗਰ ਸਿੰਘ

ਇਵਜ਼ਾਨਾ ਕਾਂਗਰਸ ਪਾਰਟੀ ਨੂੰ ਭੁਗਤਣਾ ਪਵੇਗਾ
ਕਾਂਗਰਸ ਹਾਈ ਕਮਾਂਡ ਹਮੇਸ਼ਾ ਨਵੇਂ ਫਾਰਮੂਲਿਆਂ ਅਨੁਸਾਰ ਕੰਮ ਕਰਦੀ ਰਹਿੰਦੀ ਹੈ, ਭਾਵੇਂ ਉਨ੍ਹਾਂ ਦੇ ਨਵੇਂ ਫਾਰਮੂਲੇ ਹਰ ਵਾਰੀ ਫ਼ੇਲ੍ਹ ਹੁੰਦੇ ਰਹੇ ਹਨ। ਇਸੇ ਤਰ੍ਹਾਂ ਜਦੋਂ ਵੀ ਪੰਜਾਬ ਵਿੱਚ ਕਾਂਗਰਸ ਦੇ ਮੁੱਖ ਮੰਤਰੀਆਂ ਦੇ ਵਿਰੁੱਧ ਹੋਈ ਬਗ਼ਾਵਤ ਤੋਂ ਬਾਅਦ ਕੋਈ ਵੀ ਤਬਦੀਲੀ ਕੀਤੀ ਗਈ ਹੈ ਤਾਂ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਮੂੰਹ ਦੀ ਖਾਣੀ ਪਈ ਹੈ। ਹਰਚਰਨ ਸਿੰਘ ਬਰਾੜ ਵਿਰੁੱਧ ਕੀਤੀ ਬਗ਼ਾਵਤ ਤੋਂ ਬਾਅਦ ਰਾਜਿੰਦਰ ਕੌਰ ਭੱਠਲ ਨੂੰ ਮੁੱਖ ਮੰਤਰੀ ਬਣਾਇਆ ਗਿਆ ਤਾਂ 1997 ਵਿੱਚ ਹੋਈ ਵਿਧਾਨ ਸਭਾ ਚੋਣ ਵਿੱਚ ਕਾਂਗਰਸ ਬੁਰੀ ਤਰ੍ਹਾਂ ਹਾਰ ਗਈ ਸੀ। 2002-2007 ਦੀ ਸਰਕਾਰ ਸਮੇਂ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਰਾਜਿੰਦਰ ਕੌਰ ਭੱਠਲ ਨੇ ਬਗ਼ਾਵਤ ਕੀਤੀ ਸੀ ਤਾਂ ਭੱਠਲ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ, ਫਿਰ 2007 ਵਿੱਚ ਹੋਈ ਚੋਣ ਵਿੱਚ ਕਾਂਗਰਸ ਹਾਰ ਗਈ ਸੀ। ਕਾਂਗਰਸ ਹਾਈ ਕਮਾਂਡ ਅਜੇ ਵੀ ਸਮਝ ਨਹੀਂ ਰਹੀ, ਸਗੋਂ ਇਕ ਗ਼ਲਤੀ ਤੋਂ ਬਾਅਦ ਦੂਜੀ ਗ਼ਲਤੀ ਕਰੀ ਜਾ ਰਹੀ ਹੈ। ਜਿਸਦਾ ਇਵਜ਼ਾਨਾ ਕਾਂਗਰਸ ਪਾਰਟੀ ਨੂੰ ਭੁਗਤਣਾ ਪਵੇਗਾ।

ਪੰਜਾਬ ਕਾਂਗਰਸ ਦੇ ਤਾਜ਼ਾ ਕਾਟੋ ਕਲੇਸ਼ ਨੇ ਕੈਪਟਨ ਅਮਰਿੰਦਰ ਸਿੰਘ ਦੇ ਅਚਾਨਕ ਅਸਤੀਫ਼ੇ ਨਾਲ ਆਪਣਾ ਰੰਗ ਵਿਖਾਲ ਦਿੱਤਾ ਹੈ। ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਇਸ ਰੰਗ ਦਾ ਪੰਜਾਬ ਕਾਂਗਰਸ ਦੀ 2022 ਵਾਲੀ ਵਿਧਾਨ ਸਭਾ ਚੋਣ ‘ਤੇ ਕੀ ਅਸਰ ਪਵੇਗਾ? ਕੀ ਕਾਂਗਰਸ ਪਾਰਟੀ ਦਾ ਅਕਸ ਸੁਧਰ ਸਕੇਗਾ? ਜਦੋਂ ਕਿ ਚੋਣਾਂ ਵਿਚ ਸਮਾਂ ਬਹੁਤ ਥੋੜ੍ਹਾ ਸਾਢੇ ਤਿੰਨ ਮਹੀਨੇ ਦਾ ਰਹਿ ਗਿਆ ਹੈ। ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਕਾਂਗਰਸ ਹਾਈ ਕਮਾਂਡ ਵੱਲੋਂ ਰਾਜਾਂ ਵਿੱਚ ਸਿਆਸੀ ਤਾਕਤ ਦੇ ਦੋ ਧੁਰੇ ਬਣਾਉਣ ਦਾ ਨਤੀਜਾ ਹੈ। ਦੋ ਬਰਾਬਰ ਦੇ ਧੜੇ ਬਣਾਉਣ ਦਾ ਸੁਆਦ ਕਾਂਗਰਸ ਹਾਈ ਕਮਾਂਡ ਪਹਿਲਾਂ ਹੀ ਮੱਧ ਪ੍ਰਦੇਸ਼ ਵਿੱਚ ਕਾਂਗਰਸ ਪਾਰਟੀ ਦੀ ਬਣੀ ਬਣਾਈ ਸਰਕਾਰ ਗੁਆ ਕੇ ਚੱਖ ਚੁੱਕੀ ਹੈ। ਰਾਜਸਥਾਨ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਟ ਅਤੇ ਸਚਿਨ ਪਾਇਲਟ ਦੇ ਧੜਿਆਂ ਦਾ ਅਜੇ ਤੱਕ ਰੇੜਕਾ ਜ਼ਾਰੀ ਹੈ। ਪੰਜਾਬ ਵਿੱਚ ਨਵਾਂ ਕਲੇਸ਼ ਖੜ੍ਹਾ ਕਰ ਲਿਆ ਹੈ। ਪੰਜਾਬ ਤੋਂ ਬਾਅਦ ਰਾਜਸਥਾਨ ਦੀ ਸਰਕਾਰ ਲਈ ਖ਼ਤਰਾ ਬਣ ਗਿਆ ਹੈ ਕਿਉਂਕਿ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦੇ ਘਟਨਾਕ੍ਰਮ ਤੋਂ ਹਵਾ ਮਿਲੇਗੀ। ਭਾਵੇਂ ਕੈਪਟਨ ਅਮਰਿੰਦਰ ਸਿੰਘ ਅਤੇ ਅਸ਼ੋਕ ਗਹਿਲੋਟ ਕਾਂਗਰਸ ਵਿੱਚ ਸੀਨੀਅਰ ਨੇਤਾ ਹਨ ਪ੍ਰੰਤੂ ਕੈਪਟਨ ਦੇ ਬਦਲਣ ਨਾਲ ਅਸ਼ੋਕ ਗਹਿਲੋਟ ਦਾ ਬਦਲਣਾ ਅਸੰਭਵ ਨਹੀਂ। ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਭਾਵੇਂ ਬਹੁਤੀ ਤਸੱਲੀ ਬਖ਼ਸ਼ ਨਹੀਂ ਰਹੀ ਪ੍ਰੰਤੂ ਕਿਸੇ ਸੀਨੀਅਰ ਕਾਂਗਰਸੀ ਨੂੰ ਇਸ ਤਰ੍ਹਾਂ ਜ਼ਲੀਲ ਕਰਕੇ ਦਰਕਿਨਾਰ ਕਰਨਾ ਕਾਂਗਰਸ ਪਾਰਟੀ ਲਈ ਸ਼ੋਭਾ ਨਹੀਂ ਦਿੰਦਾ। ਕੈਪਟਨ ਅਮਰਿੰਦਰ ਸਿੰਘ ਕਿਸਾਨੀ ਦਾ ਹਿਤੈਸ਼ੀ ਹੈ। ਉਨ੍ਹਾਂ ਨੇ ਜੱਟ ਸਭਾ ਵੀ ਬਣਾਈ ਹੋਈ ਹੈ। ਜੇ ਉਹ ਚਾਹੁੰਦੇ ਤਾਂ ਪੰਜਾਬ ਵਿਧਾਨ ਸਭਾ ਭੰਗ ਕਰ ਸਕਦੇ ਸਨ ਪ੍ਰੰਤੂ ਕਿਸਾਨ ਹਿਤੈਸ਼ੀ ਹੋਣ ਕਰਕੇ ਉਹ ਪੰਜਾਬ ਦੀ ਵਾਗ ਡੋਰ ਰਾਸ਼ਟਰਪਤੀ ਰਾਜ ਰਾਹੀਂ ਭਾਜਪਾ ਦੇ ਹੱਥ ਨਹੀਂ ਦੇਣੀੇ ਚਾਹੁੰਦੇ ਸਨ। ਆਪਣੇ ਅਹੁਦੇ ਤੋਂ ਅਸਤੀਫ਼ ਦੇ ਕੇ ਕੈਪਟਨ ਅਮਰਿੰਦਰ ਸਿੰਘ ਕਿਸਾਨਾ ਦੇ ਹੱਕ ਵਿੱਚ ਭੁਗਤੇ ਹਨ। ਹਾਲਾਂ ਕਿ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਬਿਲਕੁਲ ਨਹੀਂ ਕਿਹਾ ਗਿਆ ਸੀ। ਲੈਜਿਸਲੇਚਰ ਪਾਰਟੀ ਵਿੱਚ ਕਾਂਗਰਸ ਹਾਈ ਕਮਾਂਡ ਵੱਲੋਂ ਦਿੱਤੇ ਗਏ 18 ਨੁਕਤਿਆਂ ‘ਤੇ ਹੋਈ ਪ੍ਰਾਗਰੈਸ ਦਾ ਜਵਾਬ ਕੈਪਟਨ ਤੋਂ ਮੰਗਣਾ ਸੀ। ਜੇਕਰ ਵਿਧਾਨਕਾਰਾਂ ਦੀ ਤਸੱਲੀ ਨਾ ਹੁੰਦੀ ਤਾਂ ਉਨ੍ਹਾਂ ਨੂੰ ਬਦਲਣ ਦੀ ਕਾਰਵਾਈ ਹੋਣੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਇਸ ਮੀਟਿੰਗ ਨੂੰ ਉਨ੍ਹਾਂ ਨੂੰ ਭਰੋਸੇ ਵਿੱਚ ਲਏ ਤੋਂ ਬਿਨਾ ਬੁਲਾਉਣਾ ਆਪਣੀ ਬੇਇਜ਼ਤੀ ਮਹਿਸੂਸ ਕੀਤਾ ਹੈ, ਜਿਸ ਕਰਕੇ ਉਨ੍ਹਾਂ ਅਸਤੀਫ਼ਾ ਦੇ ਦਿੱਤਾ ਹੈ। ਲੈਜਿਸਲੇਚਰ ਪਾਰਟੀ ਦਾ ਮੁੱਖੀ ਹੋਣ ਕਰਕੇ ਮੀਟਿੰਗ ਬਲਾਉਣ ਦਾ ਅਧਿਕਾਰ ਮੁੱਖ ਮੰਤਰੀ ਦਾ ਹੀ ਸੀ। ਹਾਈ ਕਮਾਂਡ ਨੇ ਮੁੱਖ ਮੰਤਰੀ ਨੂੰ ਬਾਈਪਾਸ ਕੀਤਾ ਸੀ, ਜਿਸ ਕਰਕੇ ਕੈਪਟਨ ਅਮਰਿੰਦਰ ਸਿੰਘ ਨਰਾਜ਼ ਹੋ ਗਏ। ਅਸਤੀਫ਼ਾ ਦੇਣਾ ਉਨ੍ਹਾਂ ਲਈ ਕੋਈ ਨਵੀਂ ਗੱਲ ਨਹੀਂ। ਬਲਿਊ ਸਟਾਰ ਅਪ੍ਰੇਸ਼ਨ ਮੌਕੇ ਲੋਕ ਸਭਾ ਅਤੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦਿੱਤਾ। ਉਸਤੋਂ ਬਾਅਦ ਜਦੋਂ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਪੁਲਿਸ ਭੇਜਕੇ ਬਲੈਕ ਥੰਡਰ ਅਪ੍ਰੇਸ਼ਨ ਕੀਤਾ ਸੀ ਤਾਂ ਸੁਰਜੀਤ ਸਿੰਘ ਬਰਨਾਲਾ ਸਰਕਾਰ ਵਿੱਚ ਖੇਤੀਬਾੜੀ ਮੰਤਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਲਈ ਅਹੁਦਾ ਤਿਆਗਣਾ ਕੈਪਟਨ ਅਮਰਿੰਦਰ ਸਿੰਘ ਲਈ ਵੱਡੀ ਗੱਲ ਨਹੀਂ ਪ੍ਰੰਤੂ ਕਿਸਾਨੀ ਹਿਤ ਪਹਿਲਾਂ ਹਨ। ਇਹ ਹੋ ਸਕਦਾ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਆਨੰਦ ਮਾਣ ਰਹੇ ਸਨ, ਉਹ ਜ਼ਰੂਰ ਦੁੱਖੀ ਹੋਏ ਹੋਣਗੇ।

ਰਾਜਾਂ ਵਿੱਚ ਸਿਆਸਤਦਾਨਾਂ ਦੇ ਦੋ ਧੜੇ ਬਣਾਉਣਾ ਪਾਰਟੀ ਦੀ ਕਾਰਗੁਜ਼ਾਰੀ ਉਪਰ ਸਵਾਲੀਆ ਨਿਸ਼ਾਨ ਲਗਾ ਦਿੰਦਾ ਹੈ, ਕਿਉਂਕਿ ਸਿਆਸਤਦਾਨ ਇਕ ਦੂਜੇ ਤੋਂ ਸਿਆਸੀ ਤਾਕਤ ਹਥਿਆਉਣ ਲਈ ਲੱਤਾਂ ਖਿਚਦੇ ਰਹਿੰਦੇ ਹਨ। ਮੁੱਖ ਮੰਤਰੀ ਆਪਣੀ ਕੁਰਸੀ ਬਚਾਉਣ ਦੇ ਤੌਰ ਤਰੀਕੇ ਅਪਣਾਉਂਦੇ ਰਹਿੰਦੇ ਹਨ। ਵਿਰੋਧੀ ਮੁੱਖ ਮੰਤਰੀ ਨੂੰ ਕੁਰਸੀ ਤੋਂ ਲਾਹੁਣ ਦੇ ਮਨਸੂਬੇ ਬਣਾਉਂਦੇ ਰਹਿੰਦੇ ਹਨ। ਮੁੱਖ ਮੰਤਰੀ ਦੇ ਕੰਮ ਕਾਰ ਦਾ ਸਮਾਂ ਬਰਬਾਦ ਹੁੰਦਾ ਹੈ। ਸਰਕਾਰੀ ਕੰਮ ਠੱਪ ਹੋ ਜਾਂਦੇ ਹਨ। ਭਾਵ ਵਿਕਾਸ ਦੇ ਕੰਮ ਸੁਚੱਜੇ ਢੰਗ ਨਾਲ ਸਿਰੇ ਨਹੀਂ ਚੜ੍ਹਾਏ ਜਾ ਸਕਦੇ। ਪਿਛਲੇ 6 ਮਹੀਨੇ ਤੋਂ ਪੰਜਾਬ ਵਿੱਚ ਇਹੋ ਲੁਕਣ ਮੀਟੀ ਖੇਡੀ ਜਾ ਰਹੀ ਸੀ। ਇਸ ਲਈ ਜ਼ਿੰਮੇਵਾਰ ਸਿਰਫ਼ ਕਾਂਗਰਸ ਹਾਈ ਕਮਾਂਡ ਹੈ। ਮੁੱਖ ਮੰਤਰੀ ਭਾਵੇਂ ਕੋਈ ਹੋਵੇ, ਉਸਦਾ ਇਸ ਲੇਖ ਦਾ ਕੋਈ ਸੰਬੰਧ ਨਹੀਂ ਪ੍ਰੰਤੂ ਪੰਜਾਬ ਦੀ ਬਿਹਤਰੀ ਲਈ ਨਤੀਜੇ ਮਿਲਣੇ ਜ਼ਰੂਰੀ ਹਨ। 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਵਿਚ ਮਹਿਜ 3 ਮਹੀਨੇ 11 ਦਿਨ ਰਹਿ ਗਏ ਹਨ। 40 ਦਿਨ ਪਹਿਲਾਂ ਕੋਡ ਆਫ ਕੰਡਕਟ ਲੱਗ ਜਾਂਦਾ ਹੈ। ਕੋਡ ਆਫ ਕੰਡਕਟ ਤੋਂ ਇਕ ਮਹੀਨਾ ਪਹਿਲਾਂ ਅਧਿਕਾਰੀ ਕੰਮ ਕਰਨਾ ਛੱਡ ਕੇ ਟਾਲ ਮਟੋਲ ਕਰਨ ਲੱਗ ਜਾਂਦੇ ਹਨ। ਨਵੇਂ ਮੁੱਖ ਮੰਤਰੀ ਦੇ ਆਪਣੀ ਕਾਰਗੁਜ਼ਾਰੀ ਵਿਖਾਉਣ ਲਈ ਬਾਕੀ ਰਹਿ ਗਿਆ ਇਕ ਮਹੀਨਾ। ਇਕ ਮਹੀਨੇ ਵਿੱਚ ਹੀ ਉਨ੍ਹਾਂ ਨੇ ਆਪਣੀ ਮਰਜ਼ੀ ਦਾ ਪ੍ਰਿੰਸੀਪਲ ਸਕੱਤਰ, ਮੁੱਖ ਸਕੱਤਰ, ਡੀ ਜੀ ਪੀ, ਜਿਲ੍ਹਿਅਾਂ ਦੇ ਡਿਪਟੀ ਕਮਿਸ਼ਨਰ, ਐਸ ਐਸ ਪੀਜ਼ ਅਤੇ ਵਿਭਾਗਾਂ ਦੇ ਮੁੱਖ ਤੇ ਸਕੱਤਰ ਲਗਾਉਣੇ ਹਨ ਤਾਂ ਜੋ ਮੁੱਖ ਮੰਤਰੀ ਦੀ ਮਰਜ਼ੀ ਅਨੁਸਾਰ ਹੁਕਮਾਂ ਦੀ ਤਾਮੀਲ ਕਰ ਸਕਣ। ਇਸ ਕੰਮ ਨੂੰ ਵੀ ਸਮਾਂ ਚਾਹੀਦਾ ਹੈ। ਵਿਕਾਸ ਦੇ ਕੰਮ ਕਦੋਂ ਕਰਨਗੇ। ਇਸ ਤੋਂ ਇਲਾਵਾ ਪੰਜਾਬ ਵਿੱਚ ਬਹੁਤੇ ਵਿਭਾਗਾਂ ਦੇ ਕਰਮਚਾਰੀਆਂ ਦੇ ਅੰਦੋਲਨ ਚਲ ਰਹੇ ਹਨ। ਕੋੲ ਟੈਂਕੀ ਤੇ ਚੜ੍ਹਿਆ ਬੈਠਾ, ਕੋਈ ਕਿਸੇ ਹੋਰ ਢੰਗ ਨਾਲ ਅੰਦੋਲਨ ਕਰ ਰਿਹਾ ਹੈ। ਉਹ ਆਸ ਕਰਦੇ ਸਨ ਕਿ ਚੋਣਾ ਤੋਂ ਪਹਿਲਾਂ ਉਨ੍ਹਾਂ ਦੇ ਮਸਲੇ ਹਲ ਹੋ ਜਾਣਗੇ। ਕੁਝ ਹਲ ਹੋ ਵੀ ਹੋ ਗਏ ਸਨ। ਹੁਣ ਬਾਕੀ ਸਾਰੇ ਫ਼ੈਸਲੇ ਲਟਕ ਗਏ ਹਨ। ਆਮ ਤੌਰ ਤੇ ਸਰਕਾਰਾਂ ਬਹੁਤੇ ਕੰਮ ਚੋਣਾਂ ਦੇ ਨੇੜੇ ਕਰਦੀਆਂ ਹੁੰਦੀਆਂ ਹਨ। ਉਹ ਸਾਰੇ ਫ਼ੈੋਸਲੇ ਵਿਚ ਵਿਚਾਲੇ ਲਟਕ ਗਏ ਹਨ। ਪੰਜਾਬ ਦੇ ਜਿਹੜੇ ਭਖਦੇ ਮੁੱਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਨਸ਼ਾ, ਬੇਰੋਜ਼ਗਾਰੀ, ਰੇਤ ਬਜ਼ਰੀ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਸ਼ਰਾਬ ਮਾਫੀਆ ਅਤੇ ਬਿਜਲੀੇ ਸਮਝੌਤੇ ਰੱਦ ਕਰਨ ਵਰਗੇ ਕੰਮ ਕਿਸੇ ਕ੍ਰਿਸ਼ਮੇ ਨਾਲ ਹਲ ਨਹੀਂ ਹੋਣਗੇ ਮੀਟਿੰਗਾਂ ਕਰਨੀਆਂ ਪੈਣਗੀਆਂ। ਅਧਿਕਾਰੀ ਰਸਤੇ ਵਿੱਚ ਕਾਨੂੰਨੀ ਰੋੜੇ ਅੜਾਉਣਗੇ। ਜਿਨ੍ਹਾਂ ਅੜਿਕਿਆਂ ਨੂੰ ਕੈਪਟਨ ਦੂਰ ਨਹੀਂ ਕਰ ਸਕੇ, ਉਨ੍ਹਾਂ ਨੂੰ ਕਿਹੜੀ ਜਾਦੂ ਦੀ ਛੜੀ ਦੂਰ ਕਰੇਗੀ। ਅਜਿਹਾ ਪ੍ਰਬੰਧਕੀ ਕਾਰਜ਼ ਕੁਸ਼ਲ ਮੁੱਖ ਮੰਤਰੀ ਕਿੱਥੋਂ ਲਿਆਉਣਗੇ ਜਿਹੜਾ ਸਾਰੇ ਮਸਲੇ ਇਕ ਮਹੀਨੇ ਵਿੱਚ ਹੱਲ ਕਰ ਲਵੇਗਾ, ਬਸ ਇਕੋ ਗੱਲ ਉਨ੍ਹਾਂ ਦੀ ਖ਼ੁਸ਼ੀ ਲਈ ਹੈ ਕਿ ਕੈਪਟਨ ਨੂੰ ਬਦਲ ਦਿੱਤਾ ਹੈ। 

ਨਵੀਂ ਸਰਕਾਰ ਨੇ ਆਪਣੀ ਨੀਤੀ ਵੀ ਬਣਾਉਣੀ ਹੁੰਦੀ ਹੈ। ਸਰਕਾਰ ਕੋਲ ਆਪਣੀ ਕਾਰਗੁਜ਼ਾਰੀ ਵਿਖਾਉਣ ਲਈ ਸਮਾਂ ਹੀ ਬਾਕੀ ਨਹੀਂ ਰਿਹਾ। ਫਿਰ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨੂੰ ਕੀ ਜਵਾਬ ਦੇਣਗੇ? ‘ਵੋਟਾਂ’ ਕਿਸ ਪ੍ਰਾਪਤੀ ਕਰਕੇ ਮੰਗਣਗੇ। ਜੇ ਇਹ ਕਹਿ ਲਿਆ ਜਾਵੇ ਕਿ ਕਾਂਗਰਸ ਹਾਈ ਕਮਾਂਡ ਨੇ ਆਪਣੀ ਕਬਰ ਆਪ ਖੋਦ ਲਈ ਹੈ ਤਾਂ ਇਹ ਕੋਈ ਗ਼ਲਤ ਗੱਲ ਨਹੀਂ। ਕਾਂਗਰਸ ਆਪਣੇ ਆਧਾਰ ਨੂੰ ਆਪ ਹੀ ਖ਼ੋਰਾ ਲਾ ਰਹੀ ਹੈ। ਅਜੇ ਤਾਂ ਨਵਾਂ ਮੁੱਖ ਮੰਤਰੀ ਬਣਾਉਣਾ ਅਤੇ ਮੰਤਰੀ ਮੰਡਲ ਦੇ ਗਠਨ ਉਪਰ ਵੀ ਸਮਾਂ ਲਗੇਗਾ। ਫਿਰ ਨਵੇਂ ਮੰਤਰੀ ਆਪਣੇ ਵਿਭਾਗਾਂ ਬਾਰੇ ਜਾਣਕਾਰੀ ਹਾਸਲ ਕਰਨਗੇ। ਸਿਆਸੀ ਟਿਪਣੀਕਾਰ ਕਹਿੰਦੇ ਹਨ ਕਿ ਜੇ ਕਾਂਗਰਸ ਨੇ ਕੋਈ ਮੁੱਖ ਮੰਤਰੀ ਬਦਲਣ ਦਾ ਫ਼ੈਸਲਾ ਕਰਨਾ ਸੀ ਤਾਂ ਘੱਟੋ ਘੱਟ ਚੋਣ ਤੋਂ ਇਕ ਸਾਲ ਪਹਿਲਾਂ ਕਰਨਾ ਚਾਹੀਦਾ ਸੀ। ਕੈਪਟਨ ਅਮਰਿੰਦਰ ਸਿੰਘ ਉਪਰ ਮੁੱਖ ਦੋਸ਼ ਇਹ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਨੇ 2017 ਵਿਧਾਨ ਸਭਾ ਚੋਣ ਸਮੇਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਹਨ। ਇਹ ਬਿਲਕੁਲ ਠੀਕ ਹੈ ਪ੍ਰੰਤੂ ਮੰਤਰੀ ਮੰਡਲ ਦੀ ਕੁਲੈਕਟਿਵ ਜ਼ਿੰਮੇਵਾਰੀ ਹੁੰਦੀ ਹੈ, ਇਸ ਤੋਂ ਸ਼ਪਸ਼ਟ ਹੈ ਕਿ ਸਾਰੇ ਮੰਤਰੀ ਮੰਡਲ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਦੇ ਬਰਾਬਰ ਹੈ। ਜਦੋਂ ਉਨ੍ਹਾਂ ਨੂੰ ਪਤਾ ਸੀ ਕਿ ਵਾਅਦੇ ਪੂਰੇ ਨਹੀਂ ਹੋ ਰਹੇ ਤਾਂ ਉਦੋਂ ਹੀ ਵਿਟਰ ਜਾਂਦੇ। ਇਹ ਤਾਂ ਇਸ ਤਰ੍ਹਾਂ ਹੋਇਆ ਕਿ ‘ਅਬ ਕਿਆ ਬਣੇ ਜਬ ਚਿੜੀਆ ਚੁਗ ਗਈ ਖੇਤ।’ ਹੁਣ ਤਾਂ ਪਲਾਹ ਸੋਟੇ ਮਾਰੇ ਜਾ ਰਹੇ ਹਨ। ਕਾਂਗਰਸ ਦਾ ਭਵਿਖ ਕੰਧ ‘ਤੇ ਲਿਖਿਆ ਪਿਆ ਹੈ, ਜਿਹੜਾ ਮਰਜ਼ੀ ਮੁੱਖ ਮੰਤਰੀ ਬਣ ਜਾਵੇ। ਰਹਿੰਦੀ ਖੂੰਹਦੀ ਕਸਰ ਕੈਪਟਨ ਅਮਰਿੰਦਰ ਸਿੰਘ ਅਤੇ ਇਕ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫ਼ਾ ਇਕ ਦੂਜੇ ‘ਤੇ ਇਲਜ਼ਾਮ ਲਾ ਕੇ ਪੂਰੀ ਕਰ ਰਹੇ ਹਨ, ਜਿਨ੍ਹਾਂ ਨਾਲ ਕਾਂਗਰਸ ਦਾ ਅਕਸ ਖ਼ਰਾਬ ਹੋ ਰਿਹਾ ਹੈ।

ਵੈਸੇ ਤਾਂ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਬਗ਼ਾਵਤ ਦੀ ਕਨਸੋਅ ਆ ਰਹੀ ਹੈ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਬਾਰੇ ਕਿਆਸ ਅਰਾਈਆਂ ਹਨ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਕੋਈ ਵੱਡਾ ਸਿਆਸੀ ਧਮਾਕਾ ਕਰ ਸਕਦੇ ਹਨ। ਉਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਤੋਂ ਤਿੰਨ ਖੇਤੀਬਾੜੀ ਕਾਨੂੰਨ ਰੱਦ ਕਰਵਾਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਕੇ ਪੰਜਾਬ ਵਿੱਚ ਉਨ੍ਹਾਂ ਦੇ ਮੁੱਖ ਮੰਤਰੀ ਦਾ ਚਿਹਰਾ ਬਣਕੇ ਚੋਣ ਲੜ ਸਕਦੇ ਹਨ। ਜੇ ਇਹ ਕਿਆਸ ਅਰਾਈ ਸਹੀ ਸਾਬਤ ਹੋ ਗਈ ਤਾਂ ਪੰਜਾਬ ਦੇ ਕਾਂਗਰਸੀ ਕੁਰਸੀ ਦੇ ਲਾਲਚ ਕਰਕੇ ਜਿਹੜੇ ਹੁਣ ਕੈਪਟਨ ਤੋਂ ਦੂਰੀ ਬਣਾਈ ਬੈਠੇ ਹਨ, ਉਹ ਟਪੂਸੀਆਂ ਮਾਰ ਕੇ ਕੈਪਟਨ ਦਾ ਪੱਲਾ ਫੜ ਸਕਦੇ ਹਨ।
***
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072
                                                                                                              ujagarsingh48@yahoo.com

***
(ਪਹਿਲੀ ਵਾਰ ਛਪਿਆ 19 ਸਤੰਬਰ 2021)
***
377
***
ੳੁਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ