ਇਹ ਰਚਨਾ ‘‘ਲਿਖਾਰੀ’ ਦੇ ਸਹਿਯੋਗੀ ਕੰਵਰ ਬਰਾੜ ਦੇ ਉੱਦਮ ਸਦਕਾ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ
ਅੰਤਰ ਅਨੁਭਵਤਾ ਅਤੇ ਧਰਮ – ਡਾ: ਅਮਰਜੀਤ ਸਿੰਘ ਟਾਂਡਾ (ਸਿਡਨੀ)ਧਰਮ ਕਦੇ ਵੰਡਦਾ ਨਹੀਂ ਸਦਾ ਜੋੜਦਾ ਹੈ। ਧਰਮ ਤਾਂ ਇਕ ਮਨ ਦੀ ਪਹੁੰਚ, ਹਾਲਤ ਜਾਂ ਅਵਸਥਾ ਦਾ ਦੂਸਰਾ ਜਨਮ ਜਾਂ ਨਾਂ ਹੁੰਦਾ ਹੈ। ਧਰਮ ਦੀ ਜਗ੍ਹਾ ਸਦਾ ਹੀ ਮੱਥੇ ਦੀਆਂ ਲਕੀਰਾਂ ‘ਚ ਲਿਖੀ ਤੇ ਮਨ ਮਸਤਕ ਤੇ ਉੱਕਰੀ ਹੁੰਦੀ ਹੈ। ਲੋਕਾਂ ਨੇ ਧਰਮ ਨੂੰ ਆਪਣੇ ਘਰ ਵਿਹੜੇ ਦਾ ਸ਼ਿੰਗਾਰ ਵੀ ਨਹੀਂ ਰਹਿਣ ਦਿਤਾ ਗਲੀਆਂ ਬਜਾਰਾਂ ‘ਚ ਥਾਂ ਥਾਂ ਤੇ ਰੋਲ ਦਿਤਾ। ਮਨ-ਮਸਤਕ ਖਾਲੀ ਹੋਏ ਪਏ ਨੇ। ਜਿਸ ਨੇ ਇਨਸਾਨ ਨੂੰ ਹਰ ਭੈਅ ਤੋਂ ਦੂਰ ਰੱਖਣਾ ਸੀ, ਉਸ ਨੇ ਹੀ ਧਰਮ ਦਾ ਨਾਂ ਲੈ ਕੇ ਹਰ ਚੁਰਾਹੇ ਡਰ ਖੜਾ ਕੀਤਾ ਹੋਇਆ ਹੈ। ਨੈਤਿਕਤਾ ਆਪਣੇ ਜ਼ਿਹਨ ਚ ਹੀ ਪੈਦਾ ਹੋਈ ਖੁਸਬੂ ਹੁੰਦੀ ਹੈ। ਜੋ ਸਾਰੇ ਹੀ ਚੁਗਿਰਦੇ ਨੂੰ ਮਹਿਕਾ ਸਕਦੀ ਹੈ। ਪੌਣਾਂ ਨੂੰ ਸੁਗੰਧੀਆਂ ਵੰਡ ਸਕਦੀ ਹੈ। ਤੁਸੀਂ ਅਸੀਂ ਭਾਵੇਂ ਕਿਸੇ ਮਜ਼ਹਬ ਦੀ ਬਾਤ ਪਾਓ ਜਾਂ ਕਿਸੇ ਹਕੂਮਤ ਦੀ ਗੱਲ ਕਰੋ-ਕਿਸੇ ਵੀ ਅਵਸਥਾ ਚ ਵਹਿੰਦਿਆਂ ਕਈ ਲੋਕ ਹਰਫਾਂ ਨੂੰ ਪਿਆਰ ਨਾਲ ਸਜਾਉਂਦੇ ਹਨ ਤੇ ਦੂਸਰੇ ਉਹਨਾਂ ਹੀ ਹਰਫਾਂ ਦੀਆਂ ਦੁਕਾਨਾਂ ਪਾ ਕੇ ਬਿਜ਼ਨਸ ਕਰਦੇ ਹਨ। ਕੋਈ ਮੋਹ ਨਹੀ ਹੈ ਸ਼ਬਦਾਂ ਨਾਲ-ਸੱਭ ਬੇਕਾਰ ਹੈ ਉਹਨਾਂ ਲਈ। ਸ਼ਬਦਾਂ ਦੀ ਪ੍ਰੀਭਾਸ਼ਾ ਹੀ ਖਤਮ ਹੈ ਉਹਨਾਂ ਲਈ। ਰੰਗ ਬਿਰੰਗੇ ਬਲਬਾਂ ਨਾਲ-ਅਸੀਂ ਅਜੇ ਗੁੰਬਦਾਂ ਨੂੰ ਹੀ ਸੋਹਣੇ ਢੰਗ ਨਾਲ ਸਜਾਉਣਾ ਸਿਖਿਆ ਹੈ-ਹਿੱਕ ਨਹੀ ਸਜਾਈ- ਮਨ ਨਹੀਂ ਪੂੰਝੇ। ਧਰਮ ਭਰਮ ਬਣ ਗਿਆ ਹੈ- ਸੂਰਜ ਨੇ ਤਾਂ ਓਹੀ ਲੋਅ ਕਰਨੀ ਹੈ, ਜਿਸ ਵੇਲੇ ਵੀ ਊਦੈ ਹੋਵੇ-ਓਹਦਾ ਮਕਸਦ ਤਾਂ ਹਨੇਰਾ ਪੰੂਝਣਾ ਹੁੰਦਾ ਹੈ। ਅਜੇ ਅਸੀਂ ਨਾਨਕ ਦੀ ਜਨਮ ਤਾਰੀਖ, ਤੇ ਪਿੰਡ ਦਾ ਨਾਂ ਹੀ ਚੇਤੇ ਕੀਤਾ ਹੈ- ਨਾਨਕ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਹੋਇਆ ਸੀ ਜਾ ਵਿਸਾਖ ਦੇ ਮਹੀਨੇ-ਸਭ ਅਹਿਮੀਅਤ ਰਹਿਤ ਹੈ। ਅਜੇ ਸਾਡੀ ਚੇਤਨਾ ਜਾਗੀ ਹੀ ਨਹੀ-ਮਨ ਮਸਤਕ ਚ ਕਿਤੇ ਦਸਤਕ ਹੀ ਨਹੀ ਹੋਈ। ਚੇਤਨਾ ਬੰਦੇ ਲਈ ਮਹਿਬੂਬਾ ਵਾਂਗ ਹੁੰਦੀ ਹੈ ਜਿਸ ਨੂੰ ਉਹ ਪਿਆਰ ਕਰਦਾ ਹੈ। ਲਗਦਾ ਹੈ ਸਾਰੇ ਜੱਗ ਚ ਅਜੇ ਲੋਕਾਂ ਦਾ ਮਨ ਮਸਤਕ ਸੁੱਤਾ ਪਿਆ ਹੈ ਤਾਂ ਹੀ ਥਾਂ ਥਾਂ ਅੱਗਾਂ ਖਿੱਲਰ ਰਹੀਆਂ ਹਨ ਅਤੇ ਜੰਗਾਂ ਪ੍ਰਧਾਨ ਹਨ। ਨਿੱਕੀ ਨਿੱਕੀ ਚੌਧਰ ਲਈ ਮਨ ਤਨ ਵੇਚ ਦਿਤਾ ਹੈ ਅਸੀਂ। ਧਰਮ ਵਿਕਾਊ ਹੈ, ਮਜ਼ਹਬ ਨੇ ਹਰ ਚੁਰਾਹੇ ਹੱਟੀਆਂ ਪਾ ਲਈਆਂ ਹਨ। ਵਿਉਪਾਰ ਜਾਰੀ ਹੈ: ਧਰਤ ਦਾ, ਜਿਸਮਾਂ ਦਾ, ਸਭ ਕਾਸੇ ਦਾ। ਘਰ ਘਰ ਬਿਹਬਲ ਹੋਇਆ ਫਿਰਦਾ ਹੈ, ਅਸ਼ਾਂਤੀ ਹੀ ਵਿਚਰ ਰਹੀ ਹੈ ਹਰ ਵਿਹੜੇ, ਹਰ ਦਰ ‘ਤੇ। ਧਰਮ ਦੀ ਵੀ ਕੋਈ ਚੇਤਨਾ, ਆਤਮਾ ਹੁੰਦੀ ਹੈ। ਉਹ ਅੱਜ ਕਿਤੇ ਵੀ ਨਹੀਂ ਦਿਸ ਰਹੀ। ਅਸੀਂ ਉਹਨੂੰ ਘਰੋਂ ਹੀ ਦੁਰਕਾਰ ਕੇ ਬਾਹਰ ਕੱਢ ਦਿਤਾ ਹੈ। ਅਸੀਂ ਉਹਦੇ ਕਈ ਮਜ਼ਹਬ ਬਣਾ ਲਏ ਹਨ। ਹਰ ਪਾਸੇ ਆਪਣੇ ਆਪਣੇ ਮਜ਼ਹਬ ਦਾ ਸ਼ੋਰ ਪੈ ਰਿਹਾ ਹੈ। ਇਹ ਸਾਰਾ ਕੁਝ ਜ਼ੋਰ ਤੇ ਧਨ ਦੇ ਸਿਰ ਤੇ ਉਸਰਿਆ ਹੈ, ਕਈ ਥਾਂਈ ਗੋਲੀ, ਲਾਠੀ ਤੇ ਖੰਜ਼ਰ ਵੀ ਹਿੱਕਾਂ ਚ ਖਭ੍ਹੇ ਗਏ। ਬੋਲ਼ੀ ਤੇ ਅੰਨੀ੍ਹ ਪਗਡੰਡੀ ਤੇ ਲੋਕਾਂ ਨੂੰ ਤੋਰਿਆ ਜਾ ਰਿਹਾ ਹੈ। ਧਰਮ ਜਿਸ ਨੇ ਰਾਹ ਵਿਖਾਉਣਾ ਸੀ, ਮਜ਼ਹਬਾਂ ਚ ਪੱਤਾ ਪੱਤਾ ਹੋ ਗਿਆ। ਜਿਸ ਨੇ ਲੋਅ ਵੰਡਣੀ ਸੀ, ‘ਨੇਰੇ ਦੇ ਜਾਲ ਚ ਐਸਾ ਫਸਿਆ ਕਿ ਤਾਣੀ ਹੋਰ ਉਲਝ ਗਈ। ਤਾਂ ਹੀ ਨਿੱਤ ਜੰਗਾਂ ਹੋ ਰਹੀਆਂ ਹਨ, ਇਜ਼ਤ ਮਾਣ ਖੁਰ ਰਹੇ ਹਨ, ਈਮਾਨ ਤੋਂ ਊਣੇ ਲੋਕ ਭੈਅ ਗ੍ਰਸਤ ਹੋਏ ਫਿਰਦੇ ਹਨ। ਧਰਮ ਦੇ ਠੇਕੇਦਾਰਾਂ ਨੇ ਮਜ਼ਹਬਾਂ ਦਾ ਜਾਲ ਵਿਛਾ ਕੇ ਲੋਕਾਂ ਦੇ ਬੋਲ ਖੋਹੇ, ਮਨਾਂ ਨੂੰ ਰਾਹਾਂ ਚ ਰੋਲਿਆ, ਦ੍ਰਿਸ਼ਟੀ ‘ਤੇ ਪਰਦੇ ਪਾਏ-ਪਲਕਾਂ ਦੇਖਣੋ ਅਸਮਰੱਥ ਹੋ ਗਈਆਂ, ਪੱਬ ਪੈੜਾਂ ਭੁੱਲ ਗਏ, ਮੰਜ਼ਿਲਾਂ ਵਿਸਰ ਗਈਆਂ ਅਤੇ ਮਨ ਮਸਤਕ ਪਾਗਲਾਂ ਵਾਂਗ ਵਿਚਰਨ ਲੱਗੇ। ਅਜੇ ਵੀ ਮੌਕਾ ਹੈ, ਹੁਜਰੇ ਦੀ ਮਿੱਟੀ ਭਾਲਣ ਦਾ, ਧਰਮ ਗਿਆਨ ਨੂੰ ਮੱਥੇ ‘ਚ ਉਤਾਰਨ ਦਾ ਜਿਸ ਨੂੰ ਸਿਰਫ਼ ਅੰਤਰ ਅਨੁਭਵਤਾ ਨੇ ਹੀ ਪਛਾਨਣਾ ਹੁੰਦਾ ਹੈ। (ਪਹਿਲੀ ਵਾਰ ਛਪਿਆ: 24 ਨਵੰਬਰ 2005) |