15 October 2024

ਕਹਾਣੀ: – ਠੰਡੀ ਹਵਾ – ਬਲਬੀਰ ਕੌਰ ਸੰਘੇੜਾ (ਕੈਨੇਡਾ)

 

ਬਲਬੀਰ ਕੌਰ ਸੰਘੇੜਾ, ਬਰਤਾਨੀਆ ਤੋਂ ਕੈਨੇਡਾ ਜਾ ਵਸੀ ਪੰਜਾਬੀ ਲੇਖਿਕਾ ਦਾ ਨਾਂ ਸਾਹਿਤਕ ਜਗਤ ਵਿਚ ਇਕ ਨਾਵਲਕੱਰ, ਕਹਾਣੀਕਾਰ ਅਤੇ ਕਵਿਤਰੀ ਦੇ ਰੂਪ ਵਿਚ ਜਾਣਿਆ ਪਹਿਚਾਣਿਆ ਹੈ।ਉਸਦੀਆਂ ਹੁਣ ਤੱਕ ਅਣਗਿਣਤ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਅਾਂ ਹਨ ਜਿਹਨਾਂ ਵਿੱਚੋਂ ਕੁਝ ਇੱਕ ਪੁਸਤਕਾਂ ਦੇ ਨਾਮ ਹਨ: ਹੱਕ ਦੀ ਮੰਗ (ਨਾਵਲ), ਇਕ ਖੱਤ ਸੱਜਣਾਂ ਦੇ ਨਾਂ (ਨਾਵਲ), ਭਟਕਣ (ਕਹਾਣੀ ਸੰਗ੍ਰਿਹ), ਆਪਣੇ ਹੀ ਓਹਲੇ (ਕਹਾਣੀ ਸੰਗ੍ਰਿਹ), ਤੜਪਾਂ (ਕਾਵਿ ਸੰਗ੍ਰਿਹ), ਖੰਭੇ (ਕਹਾਣੀ ਸੰਗ੍ਰਹਿ), ਪਰਛਾਈਆਂ ਦੇ ਓਹਲੇ—ਪਰਕਰਮਾਂ(ਯਾਦਾਂ), (ਹੁਣੇ ਹੁਣੇ) ਠੰਡੀ ਹਵਾ (ਕਹਾਣੀ ਸੰਗ੍ਰਹਿ) ਛਪੀਆਂ ਅਤੇ ਬਹੁ-ਚਰਚਿਤ ਰਹੀਆਂ ਹਨ। ਇਕ ਲੰਮਾ ਸਮਾਂ ‘ਆਰ-ਪਾਰ’ ਨਾਂ ਦਾ ਪਰਚਾ ਵੀ ਸੰਪਾਦਿਤ ਕਰਦੇ ਰਹੇ ਹਨ।
ਸਰਬਤ ਦਾ ਭਲਾ ਮੰਗਦਿਆਂ ਅਤੇ ਸੋਚਦਿਆਂ ਉਸਨੇ ਨਾ ਕਦੇ ਸੱਚ ਦਾ ਪੱਲਾ ਹੀ ਛੱਡਿਆ ਹੈ ਅਤੇ ਨਾ ਹੀ ਕਦੇ ਸੱਚ ਦੇ ਅਹਿਸਾਸ ਤੋਂ ਕੰਨੀ ਹੀ ਕਤਰਾਈ ਹੈ। ਜਿੰਦਗੀ ਨੂੰ ਬਹੁਤ ਨੇੜਿਉਂ ਤੱਕਦਿਆਂ ਉਸਨੇ ਬੜੀ ਹੀ ਸ਼ਿੱਦਤ ਨਾਲ ਜਿਵੇਂ ਅਨੁਭਵ ਕੀਤਾ ਤਿਵੇਂ ਹੀ ਆਪਣੇ ਅਹਿਸਾਸਾਂ ਨੂੰ ਆਪਣੀ ਕਲਮ ਦੀ ਨੋਕ ਤੇ ਲਿਆਂਦਾ। ਸੰਘੇੜਾ ਹੁਰਾਂ ਦੀ ‘ਲਿਖਾਰੀ’ ਵਿੱਚ ਪਹਿਲਾਂ ਛਪੀ ਕਹਾਣੀ ‘ਠੰਡੀ ਹਵਾ’ ਮੁੜ ਲਿਖਾਰੀ ਦੇ ਪੱਠਕਾਂ ਦੇ ਰੂ-ਬ-ਰੂ ਕਰਨ ਦੀ ਖੁਸ਼ੀ ਲੈ ਰਹੇ ਹਾਂ।–ਗਸ ਰਾਏ

ਕਹਾਣੀ: – ਠੰਡੀ ਹਵਾ – ਬਲਬੀਰ ਕੌਰ ਸੰਘੇੜਾ (ਕੈਨੇਡਾ)

ਬੰਤਾ ਸਿਆਂ ਹੁਣ ਕੀ ਬਣੂ? ਕਿਵੇਂ ਘਰ ਪਹੁੰਚਾਂਗੇ?” ਮੰਗਲ ਸਿੰਘ ਦਾ ਚਿੰਤਾਗਰਸਤ ਚਿਹਰਾ ਸੂਤਿਆ ਪਿਆ ਸੀ।

“ਦੇਖਦੇ ਆਂ … ਬੱਸ ਆਉਣ ਦੇ, ਸੋਚਦੇ ਆਂ …।” ਬੰਤਾ ਸਿੰਘ ਨੇ ਆਪਣੇ ਮਨ ਦੇ ਹਾਵ-ਭਾਵ ਲੁਕਾਉਂਦੇ ਹੋਏ ਆਖ ਦਿੱਤਾ।

“ਸਾਲ਼ੀ ਬੋਲੀ ਵੀ ਨ੍ਹੀ ਆਉਂਦੀ … ਤੇ ਇੱਥੇ ਉਜਾੜ ਵਿਚ …? ਮੰਗਲ ਸਿੰਘ ਨੇ ਗੱਲ ਅਧੂਰੀ ਛੱਡ ਦਿੱਤੀ।

“ਫ਼ਿਕਰ ਨਾ ਕਰ … ਮੈਂ ਕਿਹਾ ਨਾ ਦੇਖਦੇ ਆਂ।” ਬੰਤਾ ਸਿੰਘ ਦੇ ਬੋਲਾਂ ਵਿਚ ਜਿਵੇਂ ਸੁੁੱਕੇ ਪੱਤੇ ਵਰਗੀ ਤਨਹਾਈ ਖੜਕ ਰਹੀ ਸੀ।

ਚੱਪਾ ਕੁ ਸਿਆਲ ਦੇ ਦਿਨ ਚੜ੍ਹ ਆਏ ਸਨ। ਆਲੇ-ਦੁਆਲੇ ਪੱਤੇ ਖੜ-ਖੜ ਕਰਦੇ ਉੜੇ ਫਿਰਦੇ ਸਨ। ਰੁਮਕਦੀ ਪੌਣ ਪਿੰਡਿਆਂ ਨਾਲ਼ ਖਹਿ-ਖਹਿ ਲੰਘਦੀ ਸੀ। ਝੁਣਝੂਣੀਆਂ ਪਿੰਡੇ ਨੂੰ ’ਕੱਠਾ ਕਰੀ ਜਾਂਦੀਆਂ ਸਨ।

ਬੰਤਾ ਸਿੰਘ ਅਤੇ ਮੰਗਲ ਸਿੰਘ ਸਵੇਰੇ ਘਰੋਂ ਨਿਕਲ ਆਏ ਸਨ। ਬਰੈਡ ਦੇ ਦੋ-ਦੋ ਪੀਸ ਖਾ ਕੇ ਅਤੇ ਚਾਹ ਦਾ ਕੱਪ ਪੀ ਕੇ। ਬੰਤਾ ਸਿੰਘ ਨੇ ਚਾਹ ਬਣਾ ਲਈ ਸੀ। ਉਸ ਵਿਚ ਉਨ੍ਹਾਂ ਦੋਹਾਂ ਨੇ ਬਰੈਡ ਨੂੰ ਭੇਂਅ-ਭੇਂਅ ਕੇ ਖਾ ਲਿਆ ਸੀ। ਮੰਗਲ ਸਿੰਘ ਦੇ ਸੰਘੋਂ ਸੁੱਕੀ ਬਰੈੱਡ ਉੱਤਰਦੀ ਹੀ ਨਹੀਂ ਸੀ। ਪਰ ਬੰਤਾ ਸਿੰਘ ਦੇ ਕਹਿਣ ਤੇ ਉਸਨੇ ਉਹ ਦੋ ਪੀਸ ਅੰਦਰ ਸਿੱਟ ਲਏ। ਬੰਤਾ ਸਿੰਘ ਦਾ ਕਹਿਣਾ ਸੀ ਕਿ, ਪਤਾ ਨਹੀਂ ਕਿੰਨਾ ਕੁ ਚਿਰ ਲਾਈਨ ਵਿਚ ਖੜਨਾ ਪੈਣਾ ਹੈ। ਇਹ ਸੋਸ਼ਲ ਸਕਿਉਰਿਟੀ ਦੇ ਦਫ਼ਤਰ ਵੀ ਭਰੇ ਪਏ ਹੁੰਦੇ ਹਨ। ਕਦੋਂ ਵਾਰੀ ਆਊਗੀ?

… ਇਸ ਲਈ ਉਨ੍ਹਾਂ ਦੋਹਾਂ ਨੇ ਕੁਝ ਖਾ ਕੇ ਪੂਰਾ ਦਿਨ ਕੱਟਣ ਦੀ ਸੋਚ ਲਈ ਸੀ।

ਉਸ ਦਿਨ ਬੰਤਾ ਸਿੰਘ ਨੇ ਮੰਗਲ ਸਿੰਘ ਨੂੰ ਨਾਲ਼ ਲੈ ਕੇ ਦਫ਼ਤਰ ਜਾਣਾ ਸੀ। ਉਹ ਅੱਗੇ ਵੀ ਕਈ ਹੋਰ ਬਜ਼ੁਰਗਾਂ ਨੂੰ ਆਪਣੇ ਨਾਲ਼ ਲਿਜਾ ਚੁੱਕਾ ਸੀ। ਭਾਵੇਂ ਉਸਨੂੰ ਅੰਗ੍ਰੇਜ਼ੀ ਬੋਲਣੀ ਨਹੀਂ ਸੀ ਆਉਂਦੀ ਪਰ ਉਸਨੂੰ ਐਨਾ ਚਿਰ ਕੈਨੇਡਾ ਰਹਿੰਦੇ ਨੂੰ ਹੋ ਗਿਆ ਸੀ, ਕਿ ਉਹ ਯੂ-ਮੀ ਕਰਕੇ ਕੁਝ ਨਾ ਕੁਝ ਸਮਝਾ ਦਿੰਦਾ ਅਤੇ ਉਨ੍ਹਾਂ ਦੀ ਆਖੀ ਹੋਈ ਗੱਲ ਅੱਧ-ਪਚੱਧੀ ਸਮਝ ਜਾਂਦਾ। ਉਹ ਮੰਗਲ ਸਿੰਘ ਦੀ ਹਾਲਤ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਇਕ ਦਿਨ ਉਹ ਆਪ ਵੀ ਇਸੇ ਤਰ੍ਹਾਂ ਦੇ ਹਾਲਾਤ ਵਿਚੋਂ ਨਿਕਲਿਆ ਸੀ। … ਫੇਰ ਧੱਕੇ-ਧੋੜੇ ਖਾ ਕੇ ਉਹ ਕੈਨੇਡਾ ਵਿਚ ਰੋਟੀ ਖਾਣ ਜੋਗਾ ਰਹਿ ਗਿਆ ਸੀ। ਹੁਣ ਉਸਨੂੰ ਪੈਨਸ਼ਨ ਲਗ ਗਈ ਸੀ। ਉਹ ਅਤੇ ਉਸਦੀ ਘਰ ਵਾਲੀ ਚੰਨਣ ਕੌਰ ਕਿਸੇ ਦੇ ਬੇਸਮੈਂਟ ਵਿਚ ਕਿਰਾਏ ‘ਤੇ ਰਹਿ ਰਹੇ ਸਨ। ਦਿਨ ਉਹ ਸੀਨੀਅਰ ਸਿਟੀਜ਼ਨ ਵਾਲਿਆਂ ਦੇ ਮਿਲਣ ਦੀ ਥਾਂਹ ਤੇ ਕੱਟ ਆਉਂਦੇ ਸਨ। ਵੀਕਐਂਡ ਵਾਲੇ ਦਿਨ, ਉਹ ਬੱਸ ਫੜ ਕੇ ਗੁਰਦੁਆਰੇ ਚਲੇ ਜਾਂਦੇ। ਉੱਥੇ ਕੀਰਤਨ ਸੁਣਦੇ ਅਤੇ ਲੰਗਰ ਛੱਕ ਕੇ ਵਾਪਿਸ ਘਰ ਆ ਜਾਂਦੇ। ਇਹੋ ਉਨ੍ਹਾਂ ਦਾ ਜੀਵਨ ਸੀ।

ਗਰਮੀਆਂ ਦੀ ਰੁੱਤ ਨੂੰ ਉਹ ਖੇਤਾਂ ਵਿਚ ਥੋੜ੍ਹਾ-ਬਹੁਤਾ ਕੰਮ ਵੀ ਕਰ ਲੈਂਦੇ, ਜਿੱਥੇ ਉਨ੍ਹਾਂ ਨੂੰ ਆਮ ਦਿਹਾੜੀ ਨਾਲੋਂ ਅੱਧੇ ਪੈਸੇ ਮਿਲਦੇ ਸਨ। ਭਾਰਤੀ ਲੋਕ ਕੰਮ ਦਾ ਠੇਕਾ ਲੈ ਲੈਂਦੇ ਸਨ ਅਤੇ ਜ਼ਾਹਲੀ ਆਏ ਹੋਏ ਬੰਦੇ ਜਾਂ ਇਸ ਤਰ੍ਹਾਂ ਮਜ਼ਬੂਰ ਬਜ਼ੁਰਗ ਬੰਦੇ ਰੱਖ ਕੇ, ਉਨ੍ਹਾਂ ਤੋਂ ਅੱਧੇ ਮਿਹਨਤਾਨਾ ‘ਤੇ ਕੰਮ ਕਰਾ ਲੈਂਦੇ ਸਨ। ਇਹ ਪੈਸੇ ਟੈਕਸ ਵਿਚ ਨਹੀਂ ਸਨ ਭਰਨੇ ਪੈਂਦੇ। ਹੱਥ ਵਿਚ ਕੈਸ਼ ਮਿਲ ਜਾਂਦੇ ਸਨ … ਅੰਡਰ ਦੀ ਟੇਬਲ।

ਬੰਤਾ ਸਿੰਘ ਅਤੇ ਚੰਨਣ ਕੌਰ ਜਦੋਂ ਪਿੰਡੋਂ ਤੁਰੇ, ਤਾਂ ਆਂਢ-ਗੁਆਂਢ ਆਖ ਰਿਹਾ ਸੀ, ‘ਭਲੇ ਕਰਮਾਂ ਦਾ ਫਲ ਐ ਭਾਈ। ਹੁਣ ਬੈਠੇ ਸੇਵਾ ਕਰਾਇਓ। ਸੁਰਗ ਕਿਹੜੇ ਹਰ ਇਕ ਨੂੰ ਮਿਲਦੇ ਐ। ਪੁੱਤ ਹੋਵੇ ਤਾਂ ਮਨਜੀਤ ਅਰਗਾ।’

ਇਹ ਗੱਲਾਂ ਸੁਣ-ਸੁਣ ਕੇ ਉਨ੍ਹਾਂ ਦੇ ਪੈਰ ਜ਼ਮੀਨ ‘ਤੇ ਨਹੀਂ ਸਨ ਟਿਕਦੇ। ਖੁਸ਼ੀ ਨਾਲ਼ ਉਹ ਹੋਰ ਵੀ ਚੌੜੇ ਹੋ ਕੇ ਤੁਰਦੇ।

ਜਦੋਂ ਉਹ ਕੈਨੇਡਾ ਪਹੁੰਚੇ ਤਾਂ ਉਨ੍ਹਾਂ ਨੂੰ ਸਭ ਕੁਝ ਅਜੀਬ ਜਿਹਾ ਜਾਪਿਆ ਸੀ। ਜਿਸ ਦਿਨ ਉਹ ਟਰਾਂਟੋ ਏਅਰਪੋਰਟ ‘ਤੇ ਉੱਤਰੇ, ਤਾਂ ਆਪਣੀ ਨੂੰਹ ਅਤੇ ਪੁੱਤਰ ਨੂੰ ਦੇਖ ਕੇ ਖੁਸ਼ ਹੋ ਗਏ ਸਨ। ਉਸ ਦਿਨ ਘਰ ਆ ਕੇ ਹੱਸਦੇ, ਆਂਢ-ਗੁਆਂਢ, ਸਾਕ-ਸਕੀਰੀਆਂ ਦੀਆਂ ਖ਼ਬਰਾਂ-ਸਾਰਾਂ, ਪੁੱਛਦੇ-ਦੱਸਦੇ ਹੋਏ, ਸ਼ਾਮ ਬੀਤ ਗਈ ਸੀ। ਭਾਵੇਂ ਨੂੰਹ ਦੀ ਚੁੱਪ ਉਨ੍ਹਾਂ ਦੇ ਮੱਥੇ ਵਿਚ ਮਾੜੀ ਜਿਹੀ ਠਣਕੀ। ਕੋਈ ਨਹੀਂ ਸਭ ਠੀਕ ਹੋ ਜਾਊ, ਆਖ ਕੇ ਉਨ੍ਹਾਂ ਨੇ ਰੱਬ ਦਾ ਨਾਂ ਲਿਆ ਸੀ ਅਤੇ ਉਸ ਚਿੰਤਾਂ ਨੂੰ ਮਨ ਦੇ ਕਿਸੇ ਕੋਨੇ ਵਿਚ ਘਰ ਨਹੀਂ ਸੀ ਕਰਨ ਦਿੱਤਾ।

ਦੋ ਕੁ ਦਿਨ ਤਾਂ ਮਨਜੀਤ ਅਤੇ ਸ਼ਮਿੰਦਰ ਨੇ ਛੁੱਟੀ ਲੈ ਲਈ। ਚਾਰੇ ਜੀਅ ਘਰ ਬੈਠੇ ਗੱਲਾਂ-ਬਾਤਾਂ ਕਰਦੇ, ਸੁੱਖ-ਸੁਨੇਹੇ ਸੁਣਦੇ-ਸੁਣਾਉਂਦੇ ਨਿੱਕਲ ਗਏ। ਸ਼ਮਿੰਦਰ ਦਾ ਘਟ ਬੋਲਣਾ ਵੀ, ਉਸਦੀ ਆਦਤ ਸਮਝ ਕੇ ਗੱਲ ਲਾਂਭੇ ਕਰ ਦਿੱਤੀ ਗਈ।

ਤੀਜੇ ਕੁ ਦਿਨ ਸ਼ਮਿੰਦਰ ਅਤੇ ਮਨਿੰਦਰ ਆਪਣੇ-ਆਪਣੇ ਕੰਮਾਂ ‘ਤੇ ਚਲੇ ਗਏ ਤਾਂ ਉਹ ਦੋਨੋਂ ਅਣਜਾਣ ਥਾਂ ਤੇ, ਬੰਦ ਘਰ ਵਿਚ ਕੈਦ ਜਿਹੇ ਹੋ ਗਏ ਸਨ। ਨਾ ਕੋਈ ਗੱਲ ਕਰਨ ਵਾਲਾ ਸੀ ਅਤੇ ਨਾ ਉਹ ਕਿਸੇ ਨੂੰ ਆਵਾਜ਼ ਮਾਰਨ ਜੋਗੇ ਸਨ। ਪੂਰਾ ਦਿਨ ਉਹ ਉਸ ਘਰ ਵਿਚ ਬੈਠੈ ਆਪਣੇ ਨੂੰਹ-ਪੁੱਤ ਦੀ ਉਡੀਕ ਕਰਦੇ ਰਹੇ। ਉਸ ਵੇਲੇ ਉਨ੍ਹਾਂ ਨੂੰ ਸਟੋਵ ਚਲਾਉਣ ਦਾ ਵੀ ਨਹੀਂ ਸੀ ਪਤਾ। ਜੋ ਕੁਝ ਸ਼ਮਿੰਦਰ ਬਾਹਰ ਕੱਢ ਕੇ ਰੱਖ ਗਈ ਸੀ, ਉਹ ਹੀ ਉਨ੍ਹਾਂ ਨੇ ਠੰਢਾ ਖਾਣਾ ਖਾ ਲਿਆ ਸੀ। ਭਾਵੇਂ ਮਨਜੀਤ ਨੇ ਕਈ ਕੁਝ ਸਮਝਾਇਆ ਵੀ, ਇਕ-ਦੋ ਵਾਰ ਕੰਮ ਤੋਂ ਫੋਨ ਕਰਕੇ ਵੀ ਹਾਲ-ਚਾਲ ਪੁੱਛਿਆ-ਦੱਸਿਆ, ਪਰ ਉਹ ਡਰਦੇ ਕਿਸੇ ਚੀਜ਼ ਨੂੰ ਹੱਥ ਹੀ ਨਹੀਂ ਸਨ ਲਾਉਂਦੇ।

ਪੂਰਾ ਦਿਨ ਪਲ ਗਿਣ-ਗਿਣ ਕੇ, ਉਹ ਆਪਣੇ ਬੱਚਿਆਂ ਨੂੰ ਉਡੀਕਦੇ ਰਹੇ। ਜਦੋਂ ਸ਼ਾਮ ਨੂੰ ਮਨਜੀਤ ਅਤੇ ਸ਼ਮਿੰਦਰ ਆਏ ਤਾਂ ਸ਼ਮਿੰਦਰ ਸਿੱਧੀ ਆਪਣੇ ਕਮਰੇ ਨੂੰ ਚਲੇ ਗਈ ਸੀ। ਮਨਜੀਤ ਨੇ ਹੀ ਉਨ੍ਹਾਂ ਨੂੰ ਦੱਸਿਆ ਸੀ, “ਸ਼ਮਿੰਦਰ ਨੂੰ ਅੱਜ ਕੰਮ ਬਹੁਤ ਸੀ। ਉਸਦਾ ਸਿਰ ਬੁਰੀ ਤਰ੍ਹਾਂ ਦੁਖ ਰਿਹਾ ਹੈ। ਉਹ ਘੜੀ ਆਰਾਮ ਕਰਨਾ ਚਾਹੁੰਦੀ ਹੈ।”

ਚੰਨਣ ਕੌਰ ਨੇ ਹੌਲੀ ਦੇਣੀ ਜਾਕੇ ਸ਼ਮਿੰਦਰ ਦਾ ਹਾਲ ਪੁੱਛਣਾ ਚਾਹਿਆ ਸੀ। ਜਦੋਂ ਉਹ ਸ਼ਮਿੰਦਰ ਦੇ ਕਮਰੇ ਵਿਚ ਗਈ ਤਾਂ ਸ਼ਮਿੰਦਰ ਬੈਠੀ ਆਪਣੀਆਂ ਜੁੱਤੀਆਂ ਪਾਲਿਸ਼ ਕਰ ਰਹੀ ਸੀ। ਚੰਨਣ ਕੌਰ ਨੇ ਪਿਆਰ ਨਾਲ ਪੁੱਛਿਆ ਸੀ, “ਕੀ ਗੱਲ ਹੋਈ ਪੁੱਤ! ਮਨਜੀਤ ਕਹਿੰਦੈ ਤੇਰਾ ਸਿਰ ਬੜਾ ਦੁਖਦਾ? ਕੋਈ ਦੁਆ ਲੈ ਲੈਣੀ ਸੀ। ਇਹ ਚੰਦਰਾ ਕਿਉਂ ਦੁਖਣ ਲਗ ਪਿਐ?” ਚੰਨਣ ਕੌਰ ਨੂੰ ਜਿਵੇਂ ਆਪਣਾ ਸਾਰੇ ਦਿਨ ਦਾ ਪਲ-ਪਲ ਕੱਟਣਾ ਭੁੱਲ ਗਿਆ, ਅਤੇ ਉਹ ਨੂੰਹ ਦੇ ਦੁੱਖ ਵਿਚ ਪਸੀਜ ਗਈ ਸੀ।

ਸ਼ਮਿੰਦਰ ਨੂੰ ਇਹ ਆਸ ਹੀ ਨਹੀਂ ਸੀ ਕਿ ਚੰਨਣ ਕੌਰ ਉਸਦੇ ਕਮਰੇ ਵਿਚ ਆ ਜਾਵੇਗੀ। ਇਨ੍ਹਾਂ ਮੁਲਕਾਂ ਵਿਚ ਏਸ ਤਰ੍ਹਾਂ ਬਿਨਾਂ ਡੋਰ ਨੌਕ ਕੀਤਿਆਂ ਕੌਣ ਕਿਸੇ ਦੇ ਕਮਰੇ ਵਿਚ ਵੜਦਾ ਹੈ? ਸੱਸ ਦੇ ਕਮਰੇ ਵਿਚ ਆਉਣ ਨਾਲ਼, ਨੂੰਹ ਦੇ ਮੱਥੇ ਦੀ ਤਿਊੜੀ ਜਿਵੇਂ ਡੂੰਘੀ ਹੋ ਗਈ। ਸਿਰਫ਼ ਡੂੰਘੀ ਹੀ ਨਹੀਂ ਹੋਈ ਜਿਵੇਂ ਮੱਥੇ ਵਿੱਚ ਤ੍ਰੇੜ ਆ ਗਈ। ਇਹ ਦੇਖ ਕੇ ਉਸਨੂੰ ਹੈਰਾਨੀ ਹੋਈ ਅਤੇ ਮਨ ਵਿਚ ਰੋਹ ਵੀ ਆਇਆ। ਪਰ ਉਸਨੇ ਚੰਨਣ ਕੌਰ ਨਾਲ਼ ਅੱਖ ਨਾ ਮਿਲਾਈ। ਬਸ ਏਨਾ ਹੀ ਕਿਹਾ, “ਪਤਾ ਨਹੀਂ ਕਿਉਂ ਦੁਖਣ ਲਗ ਪਿਐ ਬੀਜੀ।”

“ਮੈਂ ਘੁੱਟ ਦਿਆਂ ਪੁੱਤ?” ਚੰਨਣ ਕੌਰ ਪਿਆਰ ਨਾਲ਼ ਪੁੱਛ ਰਹੀ ਸੀ।

“ਨਹੀਂ ਬੀਜੀ, ਆਪੇ ਠੀਕ ਹੋਜੂ। ਤੁਸੀਂ ਫਿਕਰ ਨਾ ਕਰੋ। ਜਾ ਕੇ ਬਾਪੂ ਜੀ ਕੋਲ ਬੈਠੋ।”

ਚੰਨਣ ਕੌਰ ਕੋਲ ਜਿਵੇਂ ਹੋਰ ਕੋਈ ਗੱਲ ਕਹਿਣ-ਸੁਣਨ ਵਾਲੀ ਹੀ ਨਹੀਂ ਸੀ। ਕੀ ਕਹਿੰਦੀ, ਤੈਨੂੰ ਕੁਝ ਖਾਣ ਨੂੰ ਬਣਾ ਦਿਆਂ? ਉਹ ਤਾਂ ਉਸਨੂੰ ਆਪ ਨਹੀਂ ਸੀ ਪਤਾ, ਇਸ ਮੁਲਕ ਵਿਚ ਕੰਮ ਕਿਵੇਂ ਕਰਨਾ ਹੈ, ਅਤੇ ਹਰ ਇਕ ਚੀਜ਼ ਕਿੱਥੇ ਹੈ? ਭਾਵੇਂ ਮਨਜੀਤ ਨੇ ਕੁਝ ਨਾ ਕੁਝ ਸਮਝਾ ਦਿੱਤਾ ਸੀ ਪਰ ਓਪਰੇ ਥਾਂ ਤੇ ਐਡੀ ਛੇਤੀਂ ਕਿੱਥੇ ਪਤਾ ਲਗਦਾ ਹੈ?

ਉਹ ਐਨੀ ਗੱਲ ਆਖ ਕੇ, “ਅੱਛਾ ਪੁੱਤ ਮੈਂ ਜਾਨੀ ਆਂ ਫੇਰ” ਬਾਹਰ ਆ ਗਈ। ਉਸਦੇ ਆਪਣੇ ਮਨ ਵਿਚ ਬਾਵਰੋਲੇ ਵਾਂਗ ਇਕ ਚੜ੍ਹ ਰਹੀ ਸੀ ਅਤੇ ਇਕ ਉੱਤਰ ਰਹੀ ਸੀ। ਉਹ ਸੋਚ ਰਹੀ ਸੀ, ‘ਅਸੀਂ ਐਥੇ ਐਡੀ ਦੂਰ, ਸੱਤ-ਸਮੁੰਦਰ ਪਾਰ, ਬੱਚਿਆਂ ਦੇ ਕੋਲ ਆਏ ਹਾਂ। ਜੇ ਕੁੜੀ ਦਾ ਸਿਰ ਵੀ ਦੁਖਦਾ ਹੈ ਤਾਂ ਰਾਮ-ਸਤ ਤਾਂ ਕਰ ਹੀ ਸਕਦੀ ਸੀ? … ਫੇਰ ਇਹ ਕੀ ਉਸਨੇ ਆਖਿਆ, ਤੁਸੀਂ ਬਾਪੂ ਜੀ ਕੋਲ ਜਾਕੇ ਬੈਠੋ। ਚੰਨਣ ਕੌਰ ਦੇ ਅੰਦਰਲੀ ਸੱਸ ਅੰਦਰ ਹੀ ਲੜਨ ਲਗ ਪਈ ਸੀ।’

ਉਸਦਾ ਚਿਹਰਾ ਜਿਵੇਂ ਉੱਤਰ ਜਿਹਾ ਗਿਆ। ਉਹ ਪੈਰ ਮਲਦੀ ਹੋਈ ਬਾਹਰ ਆ ਗਈ॥ ਉਹ ਤਾਂ ਉਸੇ ਦਿਨ ਮਹਿਸੂਸ ਕਰਨ ਲਗ ਪਈ ਸੀ ਕਿ ਜੋ ਖੁਸ਼ੀਆਂ ਉਹ ਮਨ ਵਿਚ ਲੈ ਕੇ ਆਈ ਹੈ, ਉਨ੍ਹਾਂ ਦਾ ਰੰਗ ਸੂਹਾ ਨਹੀਂ ਸਲੇਟੀ ਹੈ।

ਬੰਤਾ ਸਿੰਘ ਨੇ ਉਸਨੂੰ ਆਉਂਦੀ ਨੂੰ ਪੁੱਛਿਆ, “ਕਿੱਦਾਂ ਆ ਸ਼ਮਿੰਦਰ? ਕਿਤੇ ਬਹੁਤੀ ਤਾਂ ਨਹੀਂ ਢਿੱਲੀ?”

“ਕਹਿੰਦੀ ਐ ਸਿਰ ਬਹੁਤ ਦੁਖਦਾ? ਅੱਜ ਕੰਮ ਬਹੁਤ ਸੀ।” ਚੰਨਣ ਕੌਰ ਨੇ ਮਧਮ ਜਿਹੀ ਅਵਾਜ਼ ਵਿਚ ਆਖਿਆ। ਉਸਨੇ ਆਪਣੇ ਚਿਹਰੇ ਦੇ ਹਰ ਹਾਵ-ਭਾਵ ਨੂੰ ਜਿਵੇਂ ਡੂੰਘੀਆਂ ਤੈਹਾਂ ਹੇਠਾਂ ਦੱਬਣ ਦੀ ਕੋਸ਼ਿਸ਼ ਕੀਤੀ।

ਬੰਤਾ ਸਿੰਘ ਉਸ ਵਲ ਦੇਖ ਕੇ ਕੁਝ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਚੰਨਣ ਕੌਰ ਨੇ ਉਸਨੂੰ ਕੁਝ ਵੀ ਪਤਾ-ਥਹੁ ਨਾ ਲੱਗਣ ਦਿੱਤਾ।

ਚੰਨਣ ਕੌਰ ਮਨ ਦੀਆਂ ਘੁੰਮਣਘੇਰੀਆਂ ਵਿੱਚ ਘਿਰੀ ਸੋਚ ਰਹੀ ਸੀ ਕਿ ਉਹ ਅੱਜ ਆਪਣੇ ਹੀ ਪੁੱਤ ਦੇ ਘਰ ਵਿੱਚ ਓਪਰੇ ਜਿਹੇ ਹੋ ਗਏ। ਇੱਕੋ ਪਲ ਵਿੱਚ, ਇੱਕੋ ਗੱਲ ਨਾਲ਼ ਉਸਦੀ ਆਪਣੀ ਹੋਂਦ, ਉਸ ਘਰ ਵਿੱਚ ਭਾਰੂ ਹੋ ਗਈ। ਸਾਰੀ ਉਮਰ ਬੀਤਣ ਤੋਂ ਬਾਅਦ ਉਸਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਉਸਨੂੰ ਤਾਂ ਜ਼ਿੰਦਗੀ ਵਿਚ ਕਿਸੇ ਕਿਸਮ ਦੀ ਸਮਝ ਆਈ ਹੀ ਨਹੀਂ ਸੀ। ਇਸ ਅੱਜ ਦੇ ਵੇਲੇ ਦੀ ਸਮੱਸਿਆ ਨਾਲ਼ ਉਸਨੇ ਕਿਵੇਂ ਜੂਝਣਾ ਹੈ? ਉਸਨੂੰ ਨਹੀਂ ਸੀ ਪਤਾ।

ਚੰਨਣ ਕੌਰ ਨੇ ਮਨਜੀਤ ਤੋਂ ਪੁੱਛ-ਦੱਸ ਕੇ ਰਾਤ ਦੇ ਖਾਣ ਲਈ ਚਾਰ ਰੋਟੀਆਂ ਲਾਹ ਲਈਆਂ। ਆਖਰ ਢਿੱਡ ਤਾਂ ਭਰਨਾ ਹੀ ਸੀ। ਉਸਨੇ ਆਪਣੀਆਂ ਭਰੀਆਂ ਅੱਖਾਂ ਆਪਣੇ ਆਦਮੀ ਅਤੇ ਪੁੱਤ, ਦੋਹਾਂ ਤੋਂ ਬਚਾ ਕੇ ਪੂੰਝ ਸੁੱਟੀਆਂ।

ਸ਼ਮਿੰਦਰ ਆਪਣੇ ਕਮਰੇ ਵਿੱਚੋਂ ਬਾਹਰ ਨਿਕਲੀ ਹੀ ਨਾ।

ਦੂਜੇ ਦਿਨ ਵੀ, ਉਹ ਸਾਰਾ ਦਿਨ ਆਪਣੇ ਨੂੰਹ-ਪੁੱਤ ਨੂੰ ਉਡੀਕਦੇ ਰਹੇ। ਸ਼ਾਮ ਪੈਣ ਤੇ ਮਨਜੀਤ ਦਾ ਫੋਨ ਆ ਗਿਆ ਸੀ, ‘ਬੀਜੀ ਤੁਸੀਂ ਕੁਝ ਖਾ ਲਿਓ, ਅਸੀਂ ਦੇਰ ਨਾਲ਼ ਆਵਾਂਗੇ।’

ਇਸ ਫੋਨ ਨਾਲ਼ ਉਨ੍ਹਾਂ ਦੋਹਾਂ ਦੇ ਚਿਹਰੇ ਜਿਵੇਂ ਧੁਆਂਖੇ ਜਿਹੇ ਗਏ। ਫੇਰ ਵੀ ਇਹ ਸੋਚ ਕੇ ਮਨ ਨੂੰ ਹੌਸਲਾ ਦੇ ਲਿਆ ਕਿ ਸ਼ਾਇਦ ਕੋਈ ਕੰਮ ਪੈ ਗਿਆ ਹੋਵੇਗਾ।

ਇਸਤੋਂ ਬਾਅਦ ਇਸ ਤਰ੍ਹਾਂ ਦੇ ਕੰਮ ਜਿਵੇਂ ਹਰ ਰੋਜ਼ ਹੀ ਪੈਣ ਲੱਗ ਪਏ ਸਨ।

ਮਨਜੀਤ ਤਾਂ ਕਦੀ-ਕਦਾਈਂ ਘਰ ਆ ਕੇ ਕੋਲ ਬੈਠ ਹੀ ਜਾਂਦਾ ਸੀ। ਸ਼ਮਿੰਦਰ, ਜਿਵੇਂ ਦੁਨੀਆਂ ਦਾ ਹਰ ਕੰਮ ਉਹ ਹੀ ਕਰ ਰਹੀ ਹੁੰਦੀ ਹੈ, ਕਦੀ ਵਿਹਲੀ ਹੁੰਦੀ ਹੀ ਨਾ। ਕੰਮ ‘ਤੇ ਨਾ ਹੁੰਦੀ ਤਾਂ ਇਰੋਬਿਕ (ਐਕਸਰਸਾਈਜ਼) ਕਰਨ ਚਲੀ ਜਾਂਦੀ। ਇਰੋਬਿਕ ਨਹੀਂ ਤਾਂ ਕਿਸੇ ਸਹੇਲੀ ਨੂੰ ਮਿਲਣ ਚਲੀ ਜਾਂਦੀ, ਵਰਨਾ ਆਪਣੀ ਮੰਮੀ ਦੇ ਘਰ ਨੂੰ ਚਲੀ ਜਾਂਦੀ। ਰਾਤ ਨੂੰ ਦੇਰ ਹੋਈ ਤੇ, ਸੌਣ ਲਈ ਘਰ ਆ ਜਾਂਦੀ। ਖਾ-ਪੀ ਵੀ ਬਾਹਰ ਆਉਂਦੀ। ਖਾਣਾ ਬਣਾਉਣ ਦਾ ਉਸਨੂੰ ਸ਼ੌਕ ਹੀ ਨਹੀਂ ਸੀ। ਕਿਚਨ ਦਾ ਕੰਮ ਉਹ ਕਦੀ ਕਰਦੀ ਹੀ ਨਹੀਂ ਸੀ। ਬਾਹਰੋਂ ਪੀਜ਼ਾ ਚੁੱਕਿਆ, ਬਰਗਰ ਖਰੀਦੇ ਖਾ ਲਏ। ਇਹੋ ਆਦਤ ਮਨਜੀਤ ਨੂੰ ਵੀ ਪੈ ਗਈ ਸੀ। ਕਦੀ ਕਦਾਈਂ ਰੋਟੀ ਖਾਣ ਨੂੰ ਜੀਅ ਕਰਦਾ ਤਾਂ ਉਹ ਆਪ ਵਿੰਗੀਆਂ-ਟੇਢੀਆਂ ਬਣਾ ਲੈਂਦਾ ਸੀ। ਘਰ ਵਿਚ ਕੋਈ ਬੱਚਾ ਵੀ ਨਹੀਂ ਸੀ ਜਿਸਦੀ ਸ਼ਮਿੰਦਰ ਨੂੰ ਤਾਂਘ ਹੁੰਦੀ।

ਚੰਨਣ ਕੌਰ ਦਿਨੋਂ ਦਿਨ ਸੋਚਣ ਲਗ ਪਈ, ਉਹ ਕਿਹੜਾ ਕੰਮ ਹੈ ਜਿਸ ਲਈ ਉਨ੍ਹਾਂ ਦੀ ਨੂੰਹ ਘਰ ਨਹੀਂ ਵੜਦੀ। ਕਦੀ-ਕਦਾਈਂ ਉਹ ਮਨਜੀਤ ਨੂੰ ਪੁੱਛ ਵੀ ਬੈਠਦੀ। ਮਨਜੀਤ ਕੋਈ ਲੜ ਸਿਰਾ ਨਾ ਫੜਾਉਂਦਾ। ਨੂੰਹ-ਪੁੱਤ ਹਨੇਰੇ ਹੋਏ ਤੇ ਘਰ ਵੜਦੇ ਅਤੇ ਸਿੱਧੇ ਆਪਣੇ ਕਮਰੇ ਨੂੰ ਚਲੇ ਜਾਂਦੇ। ਪਹਿਲੇ ਹੀ ਦਿਨ ਤੋਂ ਸ਼ਮਿੰਦਰ ਦੇ ਏਸ ਵਰਤਾਰੇ ਦੀ ਉਨ੍ਹਾਂ ਨੂੰ ਸਮਝ ਨਾ ਆਉਂਦੀ। ਕੁਝ ਆਖੀ ਨਾ ਸੁਣੀ, ਕਹੀ ਨਾ ਕਹਾਈ, ਫੇਰ ਏਸ ਤਰ੍ਹਾਂ ਕਿਉਂ? ਉਹ ਸੋਚੀ ਜਾਂਦੇ।

ਹਰ ਰੋਜ਼ ਦਿਨ ਇਸ ਤਰ੍ਹਾਂ ਦੇ ਨਿਕਲਣ ਲਗ ਪਏ ਸਨ।

ਚੰਨਣ ਕੌਰ ਅਤੇ ਬੰਤਾ ਸਿੰਘ ਸੋਚਦੇ, ਸਾਡਾ ਇੱਕੋ-ਇੱਕ ਪੁੱਤ ਜਿਸਦੇ ਆਸਰੇ ਅਸੀਂ ਸੱਤ-ਸਮੁੰਦਰਾਂ ਦੇ ਪਾਰ ਆਪਣੇ ਬੁਢਾਪੇ ਨੂੰ ਚੁੱਕ ਕੇ ਲਿਆਏ ਹਾਂ, ਆਪਣੀ ਧੀ ਜਿੰਦਰੋ ਨੂੰ ਵੀ ਪਿੱਛੇ ਛੱਡ ਆਏ ਹਾਂ। ਉੱਥੇ ਹੁੰਦੇ ਤਾਂ ਧੀ ਨਾਲ਼ ਹੀ ਦੁੱਖ-ਸੁੱਖ ਸਾਂਝਾ ਕਰਦੇ। ਕਦੀ ਉਹ ਸਾਨੂੰ ਮਿਲਣ ਆ ਜਾਂਦੀ ਅਤੇ ਕਦੀ ਅਸੀਂ ਉਸ ਨੂੰ, ਉਸਦੇ ਸਹੁਰੀਂ ਮਿਲ-ਗਿਲ ਆਉਂਦੇ। ਜੇ ਕਰ ਇਨ੍ਹਾਂ ਦੋਹਾਂ ਨੇ ਸਾਡੇ ਨਾਲ਼ ਇਸ ਤਰ੍ਹਾਂ ਦਾ ਸਲੂਕ ਕਰਨਾ ਸੀ, ਜਾਂ ਘਰ ਹੀ ਨਹੀਂ ਸੀ ਵੜਨਾ ਤਾਂ ਸਾਨੂੰ ਕਿਉਂ ਮੰਗਵਾਉਣਾ ਸੀ।? ਕੀ ਅਸੀਂ ਇਨ੍ਹਾਂ ਚਾਰ ਕੰਧਾਂ ਦੀ ਕੈਦ ਕੱਟਣ ਆਏ ਹਾਂ? ਪਿੰਡ ਹੁੰਦੇ ਸਾਂ, ਆਪਣੇ ਮਨ ਦੀ ਮਰਜ਼ੀ ਨਾਲ਼ ਬੈਠਦੇ-ਉਠਦੇ ਸਾਂ। ਮਿਲਦੇ-ਗਿਲਦੇ ਸਾਂ। ਆਂਢ-ਗੁਆਂਢ ਸੀ, ਸਾਕ-ਸਕੀਰੀਆਂ ਸਨ। ਹੁਣ ਇੱਥੇ ਕੈਨੇਡਾ ਵਿਚ, ਸਾਕ-ਸਕੀਰੀ ਦੇ ਵੀ ਕੋਈ ਅਰਥ ਨਹੀਂ ਰਹੇ। ਮੁੰਡੇ ਦੇ ਸਹੁਰੇ ਆਪਣੀ ਆਕੜ ਵਿਚ ਹਨ, ਜੀ ਹਮਾਂ ਨੇ ਤਾਂ ਤੁਹਾਡੇ ਪੁੱਤ ਨੂੰ ਸੁਰਗ ‘ਚ ਵਾੜਿਆ। ਸਾਡੇ ਪੈਰ ਧੋ-ਧੋ ਕੇ ਪੀਵੋ ਹੁਣ। ਕੀ ਹੱਜ-ਚੱਜ ਹੈ ਰਿਸ਼ਤੇਦਾਰੀਆਂ ਦੇ? ਕੋਈ ਦੁੱਖ-ਸੁੱਖ ਨਹੀਂ ਪੁੱਛਦਾ। ਅੰਦਰ ਪੈ ਕੇ ਭਾਵੇਂ ਮਰ ਜਾਵੋ।

ਇਕ ਦਿਨ ਵੀਕ ਐਂਡ ਤੇ ਬੰਤਾ ਸਿੰਘ ਨੇ ਮਨਜੀਤ ਅਤੇ ਸ਼ਮਿੰਦਰ ਨਾਲ਼ ਗੱਲ ਕਰਨ ਦੀ ਠਾਣ ਲਈ। ਉਸਨੇ ਬਹੁਤ ਧੀਰਜ ਨਾਲ਼ ਮਨਜੀਤ ਨੂੰ ਆਖਿਆ ਸੀ, “ਪੁੱਤਰਾ! ਕਦੀ ਕੋਈ ਟੈਮ ਸਾਡੇ ਲਈ ਵੀ ਕੱਢਿਆ ਕਰੋ। ਐਨਾ ਕੰਮ ਵੀ ਠੀਕ ਨਹੀਂ ਹੁੰਦਾ?”

“ਬਾਪੂ ਜੀ , ਜਾਂ ਤਾਂ ਤੁਹਾਡੇ ਕੋਲ ਬੈਠੀਏ, ਜਾਂ ਫੇਰ ਘਰ ਦਾ ਖਰਚਾ ਚਲਾਈਏ।”

“ਪੁੱਤ ਕੰਮ ਤਾਂ ਦੁਨੀਆਂ ਸਾਰੀ ਹੀ ਕਰਦੀ ਐ।” ਬੰਤਾ ਸਿੰਘ ਨੇ ਆਖਿਆ।

“ਬਾਪੂ ਜੀ, ਉਨ੍ਹਾਂ ਲੋਕਾਂ ਨੂੰ ਹੋਰ ਮਦਦ ਵੀ ਬਥੇਰੀ ਹੁੰਦੀ ਐ। ਉਹ ’ਕੱਲੇ ਨਹੀਂ ਟੱਬਰਾਂ ਦਾ ਭਾਰ ਚੁੱਕਦੇ।” ਮਨਜੀਤ ਨੇ ਜਿਵੇਂ ਨਿਹੋਰੇ ਜਿਹੇ ਨਾਲ਼ ਆਖਿਆ।

“ਕੀ ਕਰੀਏ ਪੁੱਤਰਾ, ਜੇ ਸਾਡੇ ਵੱਸ ਹੋਵੇ ਤਾਂ ਤੇਰੀ ਮਦਦ ਅਸੀਂ ਵੀ ਕਰ ਦੇਈਏ। ਹੁਣ ਏਸ ਮੁਲਕ ਵਿਚ, ਸਾਨੂੰ ਪਤਾ ਵੀ ਕਾਹਦਾ ਐ। ਤੇਰਾ ਵੀ ਕੋਈ ਹੋਰ ਵੀਰ ਹੁੰਦਾ ਤਾਂ ਤੈਨੂੰ ਵੀ ’ਕੱਲੇ ਨੂੰ ਭਾਰਾ ਨਾ ਚੁੱਕਣਾ ਪੈਂਦਾ। ਹੁਣ ਤਾਂ ਬੀਬਿਆ! ਇਹ ਸਭ ਤੇਰੇ ਹੀ ਸਿਰ ਹੈ। ਹੱਸ ਕੇ ਕਰ ਜਾਂ ਰੋ ਕੇ ਕਰ।” ਬੰਤਾ ਸਿੰਘ ਨੇ ਮਨ ਦੀ ਆਖ ਸੁਣਾਈ।

ਕੋਲ ਬੈਠੀ ਸ਼ਮਿੰਦਰ ਚੁੱਪ ਕਰਕੇ ਸੁਣਦੀ ਰਹੀ।

ਬੰਤਾ ਸਿੰਘ ਫੇਰ ਬੋਲਿਆ, “ਮਨਜੀਤ ਪੁੱਤਰਾ, ਤੁਹਾਡੀ ਦੋ ਜੀਆਂ ਦੀ ਕਮਾਈ ਐ, ਚਾਰ ਆਪਾਂ ਖਾਣ ਵਾਲੇ ਆਂ। ਕੀ ਏਨਾ ਵੀ ਗੁਜ਼ਾਰਾ ਹੋਣਾ ਔਖਾ ਹੈ?”

“ਬਾਪੂ ਜੀ, ਇਹ ਕੈਨੇਡਾ ਹੈ। ਇੱਥੇ ਹਰ ਸ਼ੈਅ ਮੁੱਲ ਦੀ ਹੈ। ਓਵਰ ਟੈਮ ਲਾਕੇ ਵੀ ਪੂਰੀ ਨਹੀਂ ਪੈਂਦੀ। ਹੁਣ ਜਾਂ ਤਾਂ ਕੰਮ ਕਰੀਏ ਤੇ ਜਾਂ ਫੇਰ ਤੁਹਾਡੇ ਕੋਲ ਬੈਠੀਏ।” ਮਨਜੀਤ ਨੇ ਸਿਰ ਸੁੱਟਦੇ ਨੇ ਆਖਿਆ।

ਚੰਨਣ ਕੌਰ ਵਿਚੋਂ ਬੋਲ ਪਈ, “ਮੱਖਣਾਂ! ਕੰਮ ਨੂੰ ਅਸੀਂ ਕਦ ਬੰਦ ਕਰਦੇ ਆਂ। ਜੱਮ-ਜੱਮ ਕੰਮ ਕਰੋ। ਬਾਕੀ ਦਾ ਫਿਰਨਾ-ਤੁਰਨਾ ਘਟਾ ਲਵੋ। ਸਾਰੇ ਹੀ ਕੰਮ ਕਰ ਲਈਦੇ ਹੁੰਦੇ ਆ।”

ਸ਼ਮਿੰਦਰ ਨੂੰ ਇਹ ਗੱਲ ਜਿਵੇਂ ਵਿਹੁ ਵਰਗੀ ਜਾਪੀ। ਉਸਨੂੰ ਇਉਂ ਮਹਿਸੂਸ ਹੋਇਆ ਜਿਵੇਂ ਉਸਦੀ ਸੱਸ ਨੇ ਉਸਨੂੰ ਸੁਣਾ ਕੇ ਗੱਲ ਆਖੀ ਹੋਵੇ। ਫਿਰਦਾ-ਤੁਰਦਾ ਕੌਣ ਹੈ? ਇਕ ਉਹ ਹੀ ਹੈ, ਜਿਹੜੀ ਆਪਣੀ ਮੰਮੀ ਦੇ ਘਰ ਜਾਂਦੀ ਹੈ। ਉਹ ਉਸ ਵੇਲੇ ਕੋਲ ਬੈਠੀ, ਆਪਣੇ ਮਨ ਵਿਚ, ਵਿੱਸ ਘੋਲਣ ਲਗ ਪਈ। ਚੰਨਣ ਕੌਰ ਵੀ ਸਮਝ ਗਈ ਕਿ ਉਸਨੂੰ ਮੇਰੀ ਇਹ ਗੱਲ ਚੰਗੀ ਨਹੀਂ ਲੱਗੀ। ਚੰਨਣ ਕੌਰ ਸਿਆਣੀ ਸੀ, ਚੁੱਪ ਕਰ ਗਈ।

ਬੰਤਾ ਸਿੰਘ ਨੇ ਜੋ ਮਨ ਵਿਚ ਸੀ ਉਹ ਸਭ ਪਿਆਰ ਦੇ ਨਾਲ਼ ਆਪਣੇ ਪੁੱਤ ਨੂੰ ਆਖ ਸੁਣਾਇਆ। ਮਨਜੀਤ ਬੈਠਾ ਸੁਣਦਾ ਰਿਹਾ। ਸ਼ਮਿੰਦਰ ਦਾ ਮਨ ਤਲਖੀ ਵਿਚ ਹੋਈ ਜਾ ਰਿਹਾ ਸੀ। ਪਰ ਉਹ ਬੋਲੀ ਕੁਝ ਨਾ।

ਉਸ ਰਾਤ ਜਦੋਂ ਉਹ ਸੌਣ ਲਈ ਆਪਣੇ ਬੈੱਡਰੂਮ ਵਿਚ ਗਈ ਤਾਂ ਮਨਜੀਤ ਨੂੰ ਆਖਣ ਲੱਗੀ, “ਮੰਮੀ ਹੋਰਾਂ ਦਾ ਗੱਲ ਕਰਨ ਦਾ ਤਰੀਕਾ ਮੈਨੂੰ ਚੰਗਾ ਨਹੀਂ ਲੱਗਾ। ਉਹ ਏਦਾਂ ਗੱਲ ਕਰਦੇ ਸੀ ਜਿਵੇਂ ਮੈਨੂੰ ਹੀ ਸੁਣਾ ਕੇ ਕਰ ਰਹੇ ਹੋਣ।”

“ਮੈਨੂੰ ਤਾਂ ਨਹੀਂ ਲੱਗਾ। ਉਹ ਤਾਂ ਸਰਸਰੀ ਜਿਹੀ ਹੀ ਗੱਲ ਸੀ।” ਮਨਜੀਤ ਨੇ ਜਿਵੇਂ ਸ਼ਮਿੰਦਰ ਦੇ ਮਨ ਤੋਂ ਭਾਰ ਦੀਆਂ ਤੈਹਾਂ ਨੂੰ ਲਾਹੁਣਾ ਚਾਹਿਆ।

“ਫੇਰ ਵੀ, ਬਾਹਰ ਹੋਰ ਕੌਣ ਜਾਂਦਾ ਹੈ? ਮੈਂ ਹੀ ਆਪਣੀ ਮੰਮੀ ਦੇ ਘਰ ਜਾਂਦੀ ਹਾਂ। ਮੇਰੀ ਵੀ ਉਹ ਮਾਂ ਹੈ। ਕਿਉਂ ਨਾ ਜਾਵਾਂ? ਇਹ ਇੰਡੀਆ ਤਾਂ ਹੈ ਨੀ, ਜਿੱਥੇ ਸੱਸ-ਸੌਹਰੇ ਦੇ ਰੋਹਬ ਹੇਠਾਂ ਸਾਹ ਲੈਣਾ ਪਊ। ਇੱਥੇ ਤਾਂ ਅਸੀਂ ਉਨ੍ਹਾਂ ਨੂੰ ਰੋਟੀ ਖਲਾਉਂਦੇ ਹਾਂ। ਇਹ ਵੀ ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ।” ਸ਼ਮਿੰਦਰ ਨਿੱਕੀ ਜਿਹੀ ਗੱਲ ਨੂੰ ਹੋਰ ਹਵਾ ਦੇ ਰਹੀ ਸੀ।

“ਐਂਵੇ ਵਹਿਮ ਨਹੀਂ ਕਰੀਦੇ ਹੁੰਦੇ? ਉਨ੍ਹਾਂ ਨੇ ਕਦੋਂ ਕਿਹਾ ਕਿ ਤੂੰ ਆਪਣੀ ਮੰਮੀ ਦੇ ਘਰ ਨਹੀਂ ਜਾ ਸਕਦੀ। ਮਨਜੀਤ ਨੇ ਉਸਨੂੰ ਸਮਝਾਉਣ ਵਾਂਗ ਆਖਿਆ।

“ਫੇਰ ਵੀ, ਮੈਂ ਦੇਖਦੀ ਹਾਂ ਜਦੋਂ ਮੈਂ ਘਰ ਹੋਵਾਂ ਤਾਂ ਉਹ ਹੈਪੀ ਨਹੀਂ ਹੁੰਦੇ।”

“ਐਂਵੇ ਕਮਲੀਆਂ ਗੱਲਾਂ ਨਾ ਕਰਿਆ ਕਰ। ਉਹਨਾਂ ਲਈ ਅਸੀਂ ਹੀ ਤਾਂ ਹਾਂ। ਹੋਰ ਹੈ ਵੀ ਕੌਣ? ਇਕ ਗੱਲੋਂ ਤਾਂ ਉਹ ਸੱਚੇ ਵੀ ਹਨ, ਅਸੀਂ ਉਨ੍ਹਾਂ ਨੂੰ ਆਪਣਾ ਵਕਤ ਦਿੱਤਾ ਵੀ ਕਦੋਂ ਹੈ?” ਮਨਜੀਤ ਗੱਲ ਨੂੰ ਵਧਾਉਣਾ ਨਹੀਂ ਸੀ ਚਾਹੁੰਦਾ।

“ਮੇਰੇ ਕੋਲ ਤਾਂ ਟੈਮ ਹੈ ਹੀ ਨਹੀਂ। ਕੰਮ ਛੱਡ ਕੇ ਘਰ ਕਿਵੇਂ ਬੈਠ ਜਾਵਾਂ? ਇਹ ਉਨ੍ਹਾਂ ਨੂੰ ਅੰਡਰਸਟੈਂਡ ਕਰਨ ਦੀ ਲੋੜ ਹੈ।” ਸ਼ਮਿੰਦਰ ਆਖ ਰਹੀ ਸੀ।

“ਮੈਂ ਪਿਆਰ ਨਾਲ ਸਮਝਾ ਦੇਊਂਗਾ। ਤੂੰ ਚਿੰਤਾ ਨਾ ਕਰ।” ਮਨਜੀਤ ਨੇ ਸ਼ਮਿੰਦਰ ਨੂੰ ਭਰੋਸਾ ਦੁਆਉਣਾ ਚਾਹਿਆ।

ਸ਼ਮਿੰਦਰ ਬਿਸਤਰੇ ਵਿਚ ਪਈ ਕਿੰਨਾ ਚਿਰ ਸੋਚਦੀ ਰਹੀ। ਉਹ ਸੋਚ ਰਹੀ ਸੀ, ਜਦੋਂ ਉਸਨੇ ਮਨਜੀਤ ਨੂੰ ਰੋਕਿਆ ਸੀ ਕਿ ਆਪਣੇ ਮੰਮੀ-ਡੈਡੀ ਨੂੰ ਨਾ ਮੰਗਾਵੇ। ਪਰ ਉਹ ਮੰਨਿਆ ਹੀ ਨਹੀਂ ਸੀ। ਕਹਿੰਦਾ ਸੀ, ਉਨ੍ਹਾਂ ਲਈ ਪਿੰਡ ਵਿਚ ਹੈ ਵੀ ਕੀ? ਇਕ ਭੈਣ ਹੈ, ਉਹ ਵੀ ਆਪਣੇ ਸਹੁਰੇ ਘਰ ਗਈ ਹੋਈ ਹੈ। ਏਥੇ ਹੋਣਗੇ ਤਾਂ ਆਪਣੇ ਲਈ ਸੌਖ ਹੋ ਜਾਵੇਗੀ। ਘਰ ਆਉਂਦਿਆਂ ਨੂੰ ਰੋਟੀ ਵੀ ਪੱਕੀ ਮਿਲੇਗੀ। ਦੁੱਖ-ਸੁੱਖ ਵੇਲੇ ਆਪਣੇ ਕੋਲ ਵੀ ਹੋਣਗੇ।”

ਸ਼ਮਿੰਦਰ ਨੇ ਬਹੁਤਾ ਰੋਕਿਆ ਨਾ। ਪਰ ਉਸਦਾ ਅੰਦਰਲਾ ਮਨ ਆਖ ਰਿਹਾ ਸੀ, ਮੈਂ ਤਾਂ ਕਿਸੇ ਦੇ ਵਿਚ ਰਹਿਣਾ ਪਸੰਦ ਹੀ ਨਹੀਂ ਕਰਦੀ। ਮੈਂ ਇੱਕ ਆਜ਼ਾਦ ਪੰਛੀ ਹਾਂ। ਵਿਆਹ ਵੀ ਏਸੇ ਲਈ ਕਰਾਇਆ ਹੈ ਕਿ, ਮੈਂ ਆਪਣੀ ਪੂਰੀ ਆਜ਼ਾਦੀ ਨਾਲ਼ ਰਹਿ ਸਕਾਂ। ਉਸਦੀ ਮਾਂ ਦੇ ਘਰ ਵਿਚ ਹਮੇਸ਼ਾਂ ਭੀੜ ਲੱਗੀ ਰਹਿੰਦੀ ਸੀ, ਤੇ ਉਹ ਉਸ ਰੌਲੇ-ਰੱਪੇ ਤੋਂ ਤੰਗ ਆ ਜਾਂਦੀ ਸੀ। ਉਸਦੀਆਂ ਭਰਜਾਈਆਂ ਪਿੰਡਾਂ ਤੋਂ ਉੱਠ ਕੇ ਆਈਆਂ ਸਨ, ਉਹ ਬਹੁਤ ਉੱਚਾ ਬੋਲਦੀਆਂ ਸਨ। ਕੋਈ ਤਹਿਜ਼ੀਬ ਹੀ ਨਹੀਂ ਸੀ ਉਨ੍ਹਾਂ ਨੂੰ। ਨਾ ਖਾਣ ਦਾ ਚੱਜ, ਨਾ ਬੋਲਣ ਦਾ ਸਲੀਕਾ। … ਤੇ ਉਹ ਆਪਣਾ ਜੀਵਨ ਮਾਡਰਨ ਢੰਗ ਨਾਲ਼ ਜੀਣਾ ਚਾਹੁੰਦੀ ਸੀ। ਟੱਬਰ ਦੇ ਜੀਆਂ ਜਾਂ ਦੋਸਤਾਂ ਨੂੰ ਜਦੋਂ ਸੱਦੋ ਤਾਂ ਹੀ ਆਉਣ। ਇਹ ਵੀ ਕੀ ਗੱਲ ਹੋਈ ਜਦੋਂ ਜੀਅ ਕੀਤਾ, ਕੋਈ ਵੀ ਮੂੰਹ ਚੁੱਕ ਕੇ ਉੱਠ ਕੇ ਤੁਰ ਪਿਆ। ਨਾ ਵੇਲੇ ਦਾ ਵਿਚਾਰ ਤੇ ਨਾ ਹੀ ਕਿਸੇ ਦੀ ਪਰਾਈਵਸੀ ਦਾ ਫਿਕਰ।

ਸ਼ਮਿੰਦਰ ਨੂੰ ਕੈਨੇਡਾ ਆਇਆਂ ਕਾਫ਼ੀ ਸਮਾਂ ਹੋ ਗਿਆ ਸੀ। ਉਹ ਸਕੂਲ ਵੀ ਕੈਨੇਡਾ ਆ ਕੇ ਹੀ ਗਈ ਸੀ। ਇੱਥੇ ਹੀ ਪਲ਼ੀ-ਪੜ੍ਹੀ ਵੱਡੀ ਹੋਈ ਸੀ, ਇੱਥੇ ਦੀ ਸਭਿਅਤਾ ਹੀ ਉਹ ਜਾਣਦੀ ਸੀ। ਉਸਦੀ ਮੰਮੀ ਕੋਲ ਸਮਾਂ ਕਿੱਥੇ ਸੀ ਆਪਣੇ ਬੱਚਿਆਂ ਨੂੰ ਕੁੱਝ ਦੱਸਣ ਸਮਝਾਉਣ ਦਾ। ਛੇ ਧੀਆਂ-ਪੁੱਤਾਂ ਵਿਚ ਉਹ ਲਪੇਟੀ ਪਈ ਸੀ।

ਸ਼ਮਿੰਦਰ ਉਸ ਰਾਤ ਸੌਂ ਨਾ ਸਕੀ, ਬਸ ਪਲਸੇਟੇ ਜਿਹੇ ਮਾਰਦੀ ਰਹੀ ਸੀ। ਮਨਜੀਤ ਨੂੰ ਵੀ ਹੋਰ ਕੁਝ ਨਾ ਆਖ ਸਕੀ। ਹੁਣ ਉਹ ਜਦੋਂ ਆ ਹੀ ਗਏ ਸਨ ਤਾਂ ਉਸਨੂੰ ਸਹਿਣਾ ਪੈਣਾ ਹੀ ਸੀ। ਹਰ ਸ਼ਾਮ ਜਦੋਂ ਉਹ ਕੰਮ ਤੋਂ ਪਰਤਦੀ ਤਾਂ ਉਹ ਆਪਣੀ ਮੰਮੀ ਦੇ ਘਰ ਨੂੰ ਚਲੇ ਜਾਂਦੀ ਜਿੱਥੇ ਰੌਲਾ-ਗੌਲਾ ਸੀ। ਭਾਵੇਂ ਭਰਾ-ਭਰਜਾਈਆਂ ਉਸਦੀ ਮਾਂ ਤੋਂ ਅੱਡ ਹੋ ਗਏ ਸਨ, ਫੇਰ ਵੀ ਉਹ ਆਉਂਦੇ ਜਾਂਦੇ, ਰੌਲਾ-ਰੱਪਾ ਪਾਈ ਰੱਖਦੇ।

ਆਪਣੀ ਮੰਮੀ ਦੀ ਉਹ ਲਾਡਲੀ ਧੀ ਸੀ। ਧੀਆਂ ਤਾਂ ਹੋਰ ਵੀ ਦੋ ਸਨ, ਵੱਡੀ ਵਿਆਹੀ ਹੋਈ ਸੀ, ਛੋਟੀ ਸਤਿੰਦਰ ਨੇ ਆਪ ਵਿਆਹ ਕਰਾ ਲਿਆ। ਜਿਹੜੀ ਵਿਆਹੀ ਹੋਈ ਸੀ, ਉਹ ਆਪਣੇ ਸੱਸ-ਸੌਹਰੇ ਵਿਚ ਰਲ-ਮਿਲ ਗਈ ਸੀ। ਸਤਿੰਦਰ ਆਪ-ਹੁਦਰੀ ਸੀ। ਕਿਸੇ ਦਾ ਕਹਿਣਾ ਮੰਨਦੀ ਹੀ ਨਹੀਂ ਸੀ। ਉਸਦੀਆਂ ਵਾਂਗਾਂ ਐਨੀਂਆਂ ਢਿੱਲੀਆਂ ਹੋ ਗਈਆਂ ਸਨ ਕਿ ਉਸਨੇ ਇੱਕ ਦਿਨ ਗੋਰੇ ਨਾਲ਼ ਰਜਿਸਟਰੀ ਦੇ ਦਫ਼ਤਰ ਜਾ ਕੇ ਵਿਆਹ ਕਰਾ ਲਿਆ। ਮਾਂ-ਪਿਓ, ਭੈਣ-ਭਰਾਵਾਂ ਦੀ ਵੀ ਉਸ ਨੇ ਲੋੜ ਨਾ ਜਾਣੀ।

ਸ਼ਮਿੰਦਰ ਦੀ ਮੰਮੀ ਚਰਨ ਕੌਰ ਨੇ ਉਸ ਧੀ ਨੂੰ ਕਦੀ ਮੁੜਕੇ ਬੁਲਾਇਆ ਹੀ ਨਹੀਂ। ਇਹ ਜੋਰ ਉਸਦੇ ਪੁੱਤਰ ਅਤੇ ਨੂੰਹਾ ਦਾ ਸੀ। ਉਹ ਕਹਿੰਦੇ ਸਨ, ਜੇ ਕਰ ਸਿੰਦੇ ਨਾਲ਼ ਮਿਲਣਾ-ਗਿਲਣਾ ਹੈ, ਤਾਂ ਅਸੀਂ ਕੋਈ ਵੀ ਤੇਰੇ ਘਰ ਨਹੀਂ ਆਵਾਂਗੇ। ਜੇ ਕਰ ਅਸੀਂ ਨਹੀਂ ਆਵਾਂਗੇ ਤਾਂ ਤੂੰ ਆਪਣੇ ਪੋਤੇ-ਪੋਤੀਆਂ ਵੀ ਨਹੀਂ ਦੇਖ ਸਕੇਂਗੀ। ਅਸੀਂ ਨਹੀਂ ਚਾਹੁੰਦੇ ਸਾਡੇ ਬੱਚਿਆਂ ਤੇ ਕਿਸੇ ਕਿਸਮ ਦਾ ਗਲਤ ਪ੍ਰਭਾਵ ਪਵੇ।

ਚਰਨ ਕੌਰ ਨੇ ਸਾਰੇ ਟੱਬਰ ਨੂੰ ਛੱਡਣ ਨਾਲ਼ੋਂ, ਆਪਣੀ ਇੱਕ ਧੀ ਛੱਡ ਦਿੱਤੀ, ਅਤੇ ਆਪਣੀ ਹਿੱਕ ਉੱਤੇ ਪੱਥਰ ਧਰ ਲਿਆ।

… ਤੇ ਹੁਣ ਉਸ ਲਈ ਸ਼ਮਿੰਦਰ ਹੀ ਇਕ ਐਸਾ ਜੀਅ ਸੀ ਜਿਹੜੀ ਮਾਂ ਦੀ ਹਰ ਗੱਲ ਮੰਨਦੀ ਸੀ। ਵੱਡੀ ਧੀ ਸਹੁਰੀਂ ਰਚ-ਮਿਚ ਗਈ ਸੀ ਅਤੇ ਆਪਣੀ ਮਾਂ ਦਾ ਬਹੁਤਾ ਧਿਆਨ ਨਹੀਂ ਸੀ ਕਰਦੀ, ਇਸ ਲਈ ਚਰਨ ਕੌਰ ਨੇ ਸ਼ਮਿੰਦਰ ਨੂੰ ਆਪਣੇ ਹੱਥ-ਵਸ ਇਸ ਤਰ੍ਹਾਂ ਕੀਤਾ ਕਿ ਉਹ ਉਸਦੇ ਸ਼ਿਕੰਜੇ ਵਿਚੋਂ ਨਿਕਲ ਹੀ ਨਾ ਸਕੇ। ਦਰਅਸਲ ਚਰਨ ਕੌਰ ਨਹੀਂ ਸੀ ਚਾਹੁੰਦੀ ਕਿ ਸ਼ਮਿੰਦਰ ਵੀ ਆਪਣੇ ਸੱਸ-ਸਹੁਰੇ ਵਿਚ ਐਨੀ ਰੁਝ ਜਾਵੇ ਜਿਹੜਾ ਉਸ ਦੀ ਬਾਤ ਹੀ ਨਾ ਪੁੱਛੇ।

ਏਸ ਮੁਲਕ ਵਿੱਚ ਕੌਣ ਮੁੰਡੇ ਵਾਲਿਆਂ ਨੂੰ ਪੁੱਛਦਾ ਹੈ, ਉਹ ਸੋਚਦੀ। ਉਸਨੇ ਤਾਂ ਉਨ੍ਹਾਂ ਉੱਤੇ ਬਹੁਤ ਵੱਡਾ ਅਹਿਸਾਨ ਕੀਤਾ ਸੀ। ਚਰਨ ਕੌਰ ਦੀ ਭਲਾਈ ਹੀ ਸੀ ਜਿਹੜਾ ਉਨ੍ਹਾਂ ਦਾ ਪੁੱਤ ਮੰਗਵਾ ਲਿਆ ਸੀ, ਬਿਨਾਂ ਕੋਈ ਪੈਸਾ ਧੇਲਾ ਲਿਆਂ। ਵਰਨਾ ਲੋਕੀਂ ਦਸ-ਦਸ ਲੱਖ ਹੱਥ ‘ਤੇ ਧਰਾਉਂਦੇ ਹਨ ਪਹਿਲਾਂ ਤੇ ਫੇਰ ਰਾਹਦਾਰੀ ਘੱਲਦੇ ਹਨ।

ਉਸਨੇ ਆਪਣੇ ਨੂੰਹਾਂ-ਪੁੱਤਾਂ ਵਿਚ ਵੀ ਬਥੇਰੀ ਤ੍ਰੇੜ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸਦੀ ਇਕ ਨਾ ਚੱਲੀ। ਉਸਦੀਆਂ ਨੂੰਹਾਂ ਸੁਚੇਤ ਸਨ। ਉਨ੍ਹਾਂ ਨੂੰ ਪਤਾ ਸੀ ਕਿ ਚਰਨ ਕੌਰ ਨੇ ਆਪਣੇ ਵੱਡੇ ਪੁੱਤਰ ਜਗਤਾਰ ਦੀ ਵਹੁਟੀ ਦਰਸ਼ੀ ਪਹਿਲਾਂ ਹੀ ਛੱਡੀ ਹੋਈ ਹੈ। ਉਹ ਕੁੜੀ ਪੜ੍ਹੀ ਲਿਖੀ ਸੀ। ਪਰ ਚਰਨ ਕੌਰ ਨੇ ਉਸਦੇ ਵੀ ਪੈਰ ਹੀ ਨਹੀਂ ਸਨ ਲਗਣ ਦਿੱਤੇ।

ਆਖਰ ਉਹ ਚਰਨ ਕੌਰ ਤੋਂ ਤੰਗ ਆਕੇ, ਆਪਣੇ ਪਲੇਠੇ ਬੱਚੇ ਨੂੰ ਲੈ ਕੇ ਇੰਗਲੈਂਡ, ਮਾਂ-ਬਾਪ ਦੇ ਕੋਲ ਚਲੀ ਗਈ। ਉਹ ਚੰਗੀ ਨੌਕਰੀ ਕਰਦੀ ਸੀ ਅਤੇ ਆਪਣੇ ਬੱਚੇ ਨੂੰ ਪਾਲਦੀ ਸੀ। ਚਰਨ ਕੌਰ ਨੇ ਆਪਣੇ ਪੁੱਤ ਨੂੰ ਐਸੀਆਂ ਪੱਟੀਆਂ ਪੜ੍ਹਾਈਆਂ ਸਨ ਕਿ ਉਸਨੇ ਆਪਣੀ ਘਰਵਾਲੀ ਦਾ ਮੁੜ ਕੇ ਨਾਂ ਵੀ ਨਾ ਲਿਆ। “ਬਥੇਰੀਆਂ ਦੇਖੀਆਂ ਏਦਾਂ ਦੀਆਂ ਨੂੰਹਾਂ। ਮੇਰੇ ਪੁੱਤਾਂ ਨੂੰ ਕੁੜੀਆਂ ਦੇ ਘਾਟੇ?” ਉਹ ਸਭ ਨੂੰ ਹੁੱਬ ਕੇ ਆਖਦੀ ਹੁੰਦੀ ਸੀ।

ਚਰਨ ਕੌਰ ਨੇ ਆਪਣਾ ਵੱਡਾ ਪੁੱਤ ਜਗਤਾਰ ਦੁਬਾਰਾ ਵਿਆਹ ਲਿਆ ਸੀ। ਜਦੋਂ ਉਹ ਆਪਣੀ ਇਸ ਨਵੀਂ ਨੂੰਹ ਕੁਲਦੀਪ ਨਾਲ਼ ਵੀ ਉਹੋ ਹਾਲ ਕਰਨ ਲੱਗੀ ਤਾਂ ਕੁਲਦੀਪ ਨੇ ਮੋਹਰੇ ਡੰਡਾ ਚੁੱਕ ਲਿਆ। ਆਖਣ ਲੱਗੀ, “ਮੈਂ ਤੇਰੀ ਵੱਡੀ ਨੂੰਹ ਵਰਗੀ ਕਮਜ਼ੋਰ ਨਹੀਂ ਹਾਂ। ਤੂੰ ਉਸਨੂੰ ਹੀ ਘਰੋਂ ਕੱਢ ਦਿੱਤੈ, ਮੈਂ ਕਿਤੇ ਨ੍ਹੀ ਜਾਣ ਲੱਗੀ। ਤੇਰੇ ਅਰਗੀਆਂ ਸੱਸਾਂ ਦਾ ਡੰਡਾ ਪੀਰ ਐ।”

ਚਰਨ ਕੌਰ ਨੂੰਹ ਦੀ ਇਸ ਗੱਲ ਤੋਂ ਡਰ ਗਈ। ਕਿੱਧਰੇ ਲੋਕਾਂ ਵਿਚ ਗੱਲ ਨਾ ਨਿੱਕਲ਼ੇ, ਉਹ ਚੁੱਪ ਕਰਕੇ ਬੈਠ ਗਈ।

ਦੂਜੀ ਨੂੰੂੰਹ, ਉਸਦੇ ਗਭਲੇ ਪੁੱਤ ਕੁਲਤਾਰ ਦੀ ਘਰਵਾਲੀ ਆਉਂਦੀ ਹੀ ਜੁਦੀ ਹੋ ਗਈ। ਏਸੇ ਕਾਰਨ ਉਹ ਆਪਣੀਆਂ ਧੀਆਂ ਨੂੰ ਆਪਣੇ ਹੱਥ ਵੱਸ ਰੱਖਣਾ ਚਾਹੁੰਦੀ ਸੀ। ਉਸਦਾ ਖਿਆਲ ਸੀ ਕਿ ਹਰ ਸੱਸ ਏਸੇ ਤਰ੍ਹਾਂ ਦਾ ਵਿਵਹਾਰ ਕਰਦੀ ਹੁੰਦੀ ਹੈ ਜਿਸ ਤਰ੍ਹਾਂ ਦਾ ਉਹ ਆਪ ਕਰ ਰਹੀ ਸੀ।

ਉਸਦੀ ਵੱਡੀ ਧੀ ਮਨਿੰਦਰ ਨੇ ਵਿਆਹ ਹੁੰਦੇ ਹੀ, ਪਹਿਲਾਂ ਆਪਣੇ ਘਰ ਦਾ ਸੁੱਖ ਦੇਖਿਆ। ਉਸਨੇ ਆਪਣੀ ਮਾਂ ਦੀ ਇਕ ਨਾ ਮੰਨੀ। ਮਾਂ ਨਿਹੋਰੇ ਲਾ ਚੁੱਕੀ। ਮਨਿੰਦਰ ‘ਤੇ ਜਿਵੇਂ ਕੋਈ ਅਸਰ ਹੀ ਨਾ ਹੁੰਦਾ। ਉਹ ਇਕ ਕੰਨ ਸੁਣਦੀ ਅਤੇ ਦੂਜੇ ਕੰਨ ਕੱਢ ਦਿੰਦੀ। ਕਦੀ-ਕਦਾਈਂ ਮਾਂ ਨੂੰ ਮਿਲਣ ਜ਼ਰੂਰ ਆ ਜਾਂਦੀ ਅਤੇ ਆਪਣੇ ਆਦਮੀ ਨਾਲ਼ ਉਸੇ ਦਿਨ ਵਾਪਿਸ ਘਰ ਨੂੰ ਚਲੀ ਜਾਂਦੀ। ਉਸਨੇ ਸਹੁਰੇ ਘਰ ਦੀ ਸੁੱਖ-ਸ਼ਾਤੀਂ ਵੀ ਦੇਖ ਲਈ ਸੀ ਜੋ ਉਸਨੂੰ ਚੰਗੀ ਲੱਗੀ ਸੀ। ਘਰ ਵਿਚ ਉਸਦੀਆਂ ਨਣਾਨਾਂ ਵੀ ਆਉਂਦੀਆਂ ਜਾਂਦੀਆਂ ਸਨ। ਦਿਉਰ-ਦਰਾਣੀ ਵੀ ਰਹਿੰਦੇ ਸਨ। ਕਿਸੇ ਕਿਸਮ ਦਾ ਭਿੰਨ-ਭੇਦ ਉਸ ਘਰ ਵਿਚ ਹੈ ਹੀ ਨਹੀਂ ਸੀ। ਉਸਦੀ ਸੱਸ ਆਪਣੀਆਂ ਨੂੰਹਾਂ ਅਤੇ ਧੀਆਂ ਨੂੰ ਬਰਾਬਰ ਸਮਝਦੀ ਸੀ। ਉਸ ਵੇਲੇ ਮਨਿੰਦਰ ਸੋਚਦੀ ਕਿ ਉਸਦੀ ਆਪਣੀ ਮਾਂ ਦੇ ਘਰ ਇਹ ਸੁੱਖ ਕਿਉਂ ਨਹੀਂ ਹੈ? ਕਿਉਂ ਉਹ ਹਰ ਵੇਲੇ ਇਸ ਤਾੜ ਵਿਚ ਹੀ ਰਹਿੰਦੀ ਹੈ ਕਿ ਆਪਣੇ ਪੁੱਤਾਂ ਅਤੇ ਨੂੰਹਾਂ ਨੂੰ ਵੱਖ ਕਰਾ ਦੇਵੇ। ਮਨਿੰਦਰ ਨੇ ਆਪਣੇ ਮਨ ਦੀ ਗੱਲ ਇਕ ਵਾਰੀ ਸ਼ਮਿੰਦਰ ਨੂੰ ਵੀ ਆਖੀ ਸੀ। ਕਹਿਣ ਲੱਗੀ, “ਦੇਖ ਸ਼ੀਨੂੰ! ਮੰਮੀ ਤਾਂ ਆਪਣੀ ਹੀ ਹੈ। ਉਸਨੂੰ ਉਸਦੀ ਗਲਤ ਗੱਲ ਬਾਰੇ ਕਹਿ ਦੇਣਾ ਗੁਸਤਾਖੀ ਨਹੀਂ ਹੈ। ਜੇ ਕਰ ਤੂੰ ਸੁਖੀ ਰਹਿਣਾ ਹੈ ਤਾਂ ਆਪਣੇ ਆਪ ਲਈ ਸੋਚਣਾ ਸ਼ੁਰੂ ਕਰ।”

ਸ਼ਮਿੰਦਰ ਨੂੰ ਆਪਣੀ ਭੈਣ ਦੀ ਗੱਲ ਵਿਹੁ ਵਰਗੀ ਲੱਗੀ। ਉਸਨੇ ਮਨਿੰਦਰ ਨੂੰ ਮੁੜ ਕੇ ਕੁਝ ਕਿਹਾ ਹੀ ਨਹੀਂ। ਪਰ ਉਸਦੇ ਘਰ ਆਉਣਾ-ਜਾਣਾ ਘਟਾ ਦਿੱਤਾ। ਸ਼ਮਿੰਦਰ ਨਾ ਭਰਾ-ਭਰਜਾਈਆਂ ਦੇ ਘਰੀਂ ਬਿਨ ਬੁਲਾਏ ਜਾਂਦੀ ਅਤੇ ਨਾ ਹੀ ਭੈਣ ਦੇ ਘਰ। ਬਸ ਆਪਣੀ ਮੰਮੀ ਦੇ ਘਰ ਆ ਜਾਂਦੀ। ਉਸਦੀ ਮੰਮੀ ਨੇ ਉਸਨੂੰ ਐਨਾ ਕੰਟਰੋਲ ਵਿਚ ਕੀਤਾ ਹੋਇਆ ਸੀ ਕਿ ਉਹ ਆਪਣੀ ਮਾਂ ਤੋਂ ਬਿਨਾਂ ਕੁਝ ਕਰ ਸਕਦੀ ਹੀ ਨਾ।

ਉਸਦੀ ਮਾਂ ਨੇ ਉਸਨੂੰ ਸਮਝਾਇਆ ਸੀ ਕਿ, ‘ਤੂੰ ਕਾਹਨੂੰ ਆਪਣੇ ਸੱਸ-ਸਹੁਰੇ ਦੇ ਅੱਗੇ-ਪਿੱਛੇ ਫਿਰਨਾ ਐ। ਉਹ ਆਪੇ ਆਪਣਾ ਕੰਮ ਕਰਦੇ ਰਹਿਣਗੇ। ਪਹਿਲਾਂ ਤੋਂ ਹੀ ਉਨ੍ਹਾਂ ਦੇ ਮੋਹਰੇ ਕੰਮ ਕਰਕੇ ਉਨ੍ਹਾਂ ਦੀ ਆਦਤ ਵਿਗਾੜ ਦਿੱਤੀ ਤਾਂ ਔਖੀ ਹੋਵੇਂਗੀ। ਆਪੇ ਉਨ੍ਹਾਂ ਦਾ ਪੁੱਤ ਉਨ੍ਹਾਂ ਤੇ ਖਰਚ ਕਰੂਗਾ। ਤੈਨੂੰ ਕੀ ਲੋੜ ਪਈ ਐ ਖਰਚ ਕਰਨ ਦੀ। ਮੈਂ ਤੈਨੂੰ ਪੜ੍ਹਾਇਆ ਹੈ, ਕੰਮ ਤੇ ਲਾਇਆ ਹੈ, ਆਪਣੀ ਜ਼ਿੰਦਗੀ ਸੁਆਰਨ ਲਈ ਨਾ ਕਿ ਕਮਾਈ ਕਰਕੇ ਉਨ੍ਹਾਂ ਨੂੰ ਸਾਂਭਣ ਲਈ। ਫ਼ਰਜ਼ ਮਨਜੀਤ ਦਾ ਬਣਦਾ ਹੈ, ਘਰ ਚਲਾਵੇ ਅਤੇ ਤੇਰੀ ਦੇਖ-ਭਾਲ ਕਰੇ। ਤੇਰੀ ਕਮਾਈ, ਤੇਰੀ ਆਪਣੀ ਹੈ। ਉਸਦੀ ਕਮਾਈ ਘਰ ਚਲਾਉਣ ਵਾਸਤੇ ਹੈ।’

ਏਸੇ ਲਈ ਸ਼ਮਿੰਦਰ ਆਪਣੀ ਤਨਖਾਹ ਵੱਖ ਰਖਦੀ ਅਤੇ ਮਨਜੀਤ ਆਪਣੀ ਵੱਖ। ਜਦੋਂ ਮਨਜੀਤ ਨੇ ਆਪਣੇ ਬਾਪੂ ਜੀ ਨੂੰ ਕਿਹਾ ਸੀ ਕਿ ਓਵਰ ਟੈਮ ਤੋਂ ਬਿਨਾਂ ਗੁਜ਼ਾਰਾ ਨਹੀਂ ਹੁੰਦਾ, ਉਸਦਾ ਇਹ ਵੀ ਭਾਵ ਸੀ ਕਿ ਕਮਾਈ ਉਸਦੀ ਇਕੱਲੇ ਦੀ ਹੈ। ਪਰ ਬੰਤਾ ਸਿੰਘ ਅਤੇ ਚੰਨਣ ਕੌਰ ਨੂੰ ਕੀ ਪਤਾ ਸੀ ਕਿ ਮਨਜੀਤ ਕੀ ਆਖ ਰਿਹਾ ਹੈ।

ਮਨਜੀਤ ਨੇ ਆਪਣੇ ਮਨ ਦੀ ਘੁੰਡੀ ਆਪਣੇ ਮਾਂ-ਬਾਪ ਦੇ ਕੋਲ ਖੋਲ੍ਹੀ ਹੀ ਨਾ। ਉਹ ਕੀ ਦੱਸਦਾ ਕਿ ਉਸਦੀ ਘਰਵਾਲੀ ਉਸਦਾ ਕੋਈ ਸਾਥ ਨਹੀਂ ਦੇ ਰਹੀ। ਉਹ ਕੀ ਕਹਿੰਦਾ ਕਿ ਚੌਹਾਂ ਜੀਆਂ ਦਾ ਖਰਚਾ, ਘਰ ਦਾ ਖਰਚਾ, ਬਿੱਲ-ਬੱਤੀਆਂ ਉਸਨੂੰ ਇਕੱਲੇ ਨੂੰ ਹੀ ਕਰਨੇ ਪੈ ਰਹੇ ਹਨ। ਉਹ ਕੀ ਦੱਸਦਾ ਕਿ ਇਨ੍ਹਾਂ ਮੁਲਕਾਂ ਵਿੱਚ ਏਸ ਤਰ੍ਹਾਂ ਵੀ ਹੋ ਸਕਦਾ ਹੈ। ਇਸ ਦੇਸ਼ ਵਿਚ ਹਰ ਇਨਸਾਨ ਐਨਾ ਆਜ਼ਾਦ ਖਿਆਲ ਹੈ ਕਿ ਜ਼ਿੰਮੇਵਾਰੀ ਨਾਂ ਦੀ ਕੋਈ ਚੀਜ਼ ਉਸਦੇ ਪੈਰਾਂ ਵਿਚ ਬੇੜੀਆਂ ਨਹੀਂ ਪਾਉਂਦੀ। ਇੱਥੇ ਕੋਈ ਇਨਸਾਨ ਹੋਰ ਕਿਸੇ ਦੂਜੇ ਇਨਸਾਨ ‘ਤੇ ਖਰਚ ਨਹੀਂ ਕਰਦਾ। ਇਹ ਸਿਰਫ਼ ਸਾਡੇ ਹੀ ਸੰਸਕਾਰ ਹਨ, ਜਿਨ੍ਹਾਂ ਸਦਕਾ ਸ਼ਰਮੋ-ਕੁ-ਸ਼ਰਮੀ ਅਸੀਂ ਇਨ੍ਹਾਂ ਰਸਮਾਂ ਦਾ ਪਾਲਨ ਕਰੀ ਜਾਂਦੇ ਹਾਂ। ਉਹ ਕੀ ਕਹਿੰਦਾ ਕਿ, ਏਸ ਮੁਲਕ ਵਿਚ ਬੱਚੇ ਮਾਂ-ਬਾਪ ਨੂੰ ਓਲਡ ਪੀਪਲਜ਼ ਹੋਮ (ਬਜ਼ੁਰਗਾਂ ਦੇ ਰਹਿਣ ਵਾਲੇ ਅਦਾਰੇ) ਵਿਚ ਛੱਡ ਆਉਂਦੇ ਹਨ ਅਤੇ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ।

ਪਰ ਉਹ ਕੁਝ ਵੀ ਆਖ ਨਾ ਸਕਦਾ। ਉਹ ਤਾਂ ਖੁਦ ਸ਼ਰਮਿੰਦਾ ਸੀ ਆਪਣੇ ਬਾਪੂ ਜੀ ਤੋਂ, ਆਪਣੀ ਬੀਜੀ ਤੋਂ। ਕੀ ਦੱਸੇ? ਕਿਵੇਂ ਸਮਝਾਵੇ ਕਿ ਕੈਨੇਡਾ ਆ ਕੇ ਉਸਦੀ ਜ਼ਿੰਦਗੀ ਦੀਆਂ ਧੱਜੀਆਂ ਉੱਡ ਗਈਆਂ ਹਨ। ਪਰ ਉਹ ਫੇਰ ਵੀ ਚੁੱਪ ਹੀ ਰਹਿੰਦਾ। ਕੋਸ਼ਿਸ਼ ਇਹ ਹੀ ਕਰਦਾ ਕਿ ਨਾ ਤਾਂ ਮਾਂ-ਪਿਉ ਨੂੰ ਕੁਝ ਆਖੇ ਅਤੇ ਨਾ ਹੀ ਸ਼ਮਿੰਦਰ ਨੂੰ। ਉਸਨੂੰ ਪਤਾ ਸੀ, ਸ਼ਮਿੰਦਰ ਨੇ ਝਲਣਾ ਵੀ ਨਹੀਂ ਸੀ। ਇਸ ਗੱਲ ਦਾ ਭੇਦ ਉਹ ਆਪਣੇ ਮਾਂ-ਪਿਉ ਕੋਲ ਵੀ ਖੋਲ੍ਹਣਾ ਨਹੀਂ ਸੀ ਚਾਹੁੰਦਾ। ਇਸੇ ਲਈ ਉਸਨੇ ਸ਼ਮਿੰਦਰ ਨੂੰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਬਿਠਾਲ ਕੇ ਕਿਹਾ ਸੀ, “ਸ਼ੀਨੂੰ! ਮੈਂ ਤੇਰੀ ਸੋਚ ਨੂੰ ਸਮਝਣ ਦੀ ਕੋਸ਼ਿਸ਼ ਕਰ ਸਕਦਾ ਹਾਂ ਪਰ ਜਿਸ ਵਾਤਾਵਰਨ ਵਿਚ ਉਹ ਜੀਵੇ ਹਨ, ਉਨ੍ਹਾਂ ਲਈ ਸਮਝਣਾ ਬਹੁਤ ਔਖਾ ਹੈ। ਇਸ ਲਈ ਤੂੰ ਕੋਸ਼ਿਸ਼ ਕਰੀਂ ਕਿ ਉਨ੍ਹਾਂ ਨੂੰ ਕੁਝ ਨਾ ਆਖੇਂ। ਮੈਂ, ਜਿੰਨੀ ਮੇਰੀ ਵਾਹ ਲੱਗੀ, ਤੈਨੂੰ ਔਖੀ ਨਹੀਂ ਹੋਣ ਦਿੰਦਾ।”

“ਪਰ ਮੈਂ ਕੁਝ ਕਹਿਣਾ-ਕਹਾਉਣਾ ਨਹੀਂ ਹੈ ਕਿਸੇ ਤੋਂ।” ਸ਼ਮਿੰਦਰ ਨੇ ਵੀ ਦਿਲ ਦੀ ਦੱਸ ਦਿੱਤੀ ਸੀ।

“ਮੈਨੂੰ ਬਾਪੂ ਜੀ ਦਾ ਪਤਾ ਹੈ, ਉਹ ਬਿਨਾਂ ਕਿਸੇ ਗੱਲ ਤੋਂ ਕਦੀ ਕੁਝ ਕਹਿਣ ਵਾਲੇ ਨਹੀਂ ਹਨ। ਬੀਜੀ ਨੂੰ ਵੀ ਮੈਂ ਸਮਝਾ ਦਿਆਂਗਾ।” ਮਨਜੀਤ ਨੇ ਸ਼ਮਿੰਦਰ ਦਾ ਹੌਸਲਾ ਬੰਨਿਆ ਸੀ।

ਦਿਨ ਗੁਜ਼ਰਨ ਲਗ ਪਏ ਸਨ। ਬੰਤਾ ਸਿੰਘ ਅਤੇ ਚੰਨਣ ਕੌਰ ਦੋਨੋਂ ਇਕੱਲੇ ਦਿਨ ਕੱਟ ਲੈਂਦੇ। ਕਦੀ-ਕਦੀ ਵੀਕ-ਐਂਡ ਤੇ ਆਪਣੇ ਪੁੱਤ ਨਾਲ਼ ਸਟੋਰਾਂ ਨੂੰ ਵੀ ਚਲੇ ਜਾਂਦੇ। ਜਦੋਂ ਦਿਨ ਨੂੰ ਘਰ ਇਕੱਲੇ ਹੁੰਦੇ ਤਾਂ ਬੰਤਾ ਸਿੰਘ ਘਰ ਦੇ ਬਾਹਰ ਫਿਰਨ-ਤੁਰਨ ਚਲਿਆ ਜਾਂਦਾ। ਘਰ ਦੇ ਨੇੜੇ ਹੀ ਪਾਰਕ ਸੀ, ਉੱਥੇ ਕੁਝ ਹੋਰ ਪੰਜਾਬੀਆਂ ਕੋਲ ਜਾ ਖੜੋਂਦਾ। ਗੱਲਾਂ-ਬਾਤਾਂ ਵਿਚ ਹਰ ਕੋਈ ਆਪਣਾ ਦੁੱਖ ਰੋ ਰਿਹਾ ਹੁੰਦਾ। ਬੰਤਾ ਸਿੰਘ ਸੁਣਦਾ ਰਹਿੰਦਾ ਅਤੇ ਘਰ ਆ ਕੇ ਚੰਨਣ ਕੌਰ ਨੂੰ ਵੀ ਦੱਸਦਾ ਕਿ ਇਹ ਮੁਲਕ ਤਾਂ ਮਿੱਠੀ ਜ਼ਹਿਰ ਐ। ਜਿਹੜਾ ਖਾਂਦਾ ਹੈ, ਉਹ ਵੀ ਪਛਤਾਉਂਦਾ, ਅਤੇ ਜਿਹੜਾ ਨਹੀਂ ਖਾਂਦਾ, ਉਹ ਵੀ ਪਛਤਾਉਂਦਾ।”

ਇਕ ਦਿਨ ਉਸਦੀ ਮੁਲਾਕਾਤ ਉਜਾਗਰ ਸਿੰਘ ਨਾਲ਼ ਹੋ ਗਈ। ਉਜਾਗਰ ਸਿੰਘ ਮਿਲਟਰੀ ਵਿੱਚੋਂ ਰਿਟਾਇਰਡ ਹੋ ਕੇ ਆਇਆ ਸੀ। ਸੱਤਰਾਂ ਵਰ੍ਹਿਆਂ ਦੀ ਉਮਰ ਹੋ ਗਈ ਸੀ ਅਤੇ ਕੰਮ ‘ਤੇ ਵੀ ਨਹੀਂ ਸੀ ਲਗ ਸਕਦਾ। ਉਨ੍ਹਾਂ ਨੂੰ ਵੀ ਨੂੰਹ-ਪੁੱਤ ਨੇ ਮੰਗਵਾਇਆ ਸੀ। ਉਸਦੀ ਘਰਵਾਲੀ ਘਰ ਦਾ ਸਾਰਾ ਕੰਮ ਕਰਦੀ। ਪੁੱਤ ਗੁਰਦਿਆਲ ਅਤੇ ਨੂੰਹ ਹਰਿੰਦਰ ਦੇ ਕੰਮ ਤੋਂ ਪਰਤਦਿਆਂ ਨੂੰ ਰੋਟੀ-ਟੁੱਕ ਵੀ ਬਣਾਉਂਦੀ। ਉਹ ਆਪਣੇ ਤਿੰਨੋ ਬੱਚੇ ਦਿਨ ਨੂੰ ਉਨ੍ਹਾਂ ਕੋਲ ਛੱਡ ਜਾਂਦੇ।

ਉਜਾਗਰ ਸਿੰਘ ਅਤੇ ਉਸਦੇ ਘਰਵਾਲੀ, ਸਾਰਾ ਦਿਨ ਬੱਚਿਆਂ ਨੂੰ ਸਾਂਭਦੇ ਰਹਿੰਦੇ, ਉਨ੍ਹਾਂ ਦੇ ਡਾਇਪਰ (ਪੋਤੜੇ) ਬਦਲਦੇ ਰਹਿੰਦੇ। ਥੱਕ-ਹਾਰ ਜਾਂਦੇ। ਕਦੀ-ਕਦਾਈਂ ਲੋੜ ਵੇਲੇ ਪੁੱਤ ਤੋਂ ਪੈਸਾ ਮੰਗਦਿਆਂ ਜਿਵੇਂ ਉਨ੍ਹਾਂ ਨੂੰ ਸ਼ਰਮ ਆਉਂਦੀ। ਖੁਦਮੁਖਤਾਰੀ ਦੀ ਜ਼ਿੰਦਗੀ ਜੀਉਣ ਤੋਂ ਬਾਅਦ, ਉਨ੍ਹਾਂ ਲਈ ਹੱਥ ਅੱਡਣਾ ਬਹੁਤ ਔਖਾ ਸੀ। ਉਹ ਕਈ ਵਾਰੀ ਪਿੱਛੇ ਨੂੰ ਮੁੜਨ ਦੀ ਵੀ ਸੋਚਦੇ। ਪਰ ਪੈਸਾ ਕਿੱਥੋਂ ਲਿਆਉਂਦੇ। ਜੇ ਕਰ ਗੁਰਦਿਆਲ ਨੂੰ ਕਹਿੰਦੇ ਕਿ ਸਾਨੂੰ ਪਿੱਛੇ ਨੂੰ ਭੇਜ ਦੇ, ਤਾਂ ਉਹ ਆਖ ਦਿੰਦਾ, “ਐਨੀ ਮਿਹਨਤ ਦੇ ਨਾਲ਼ ਤਾਂ ਤੁਹਾਨੂੰ ਇੱਥੇ ਮੰਗਵਾਇਆ ਹੈ। ਪਤਾ ਕਿੰਨੇ ਪੈਸੇ ਚਾਹੀਦੇ ਹਨ ਅਜ-ਕਲ ਮੰਗਵਾਉਣ ਲਈ। ਇਕ ਤੁਸੀਂ ਹੋ, ਜਿਹੜੇ ਸਾਡੀ ਔਖ ਵੀ ਨਹੀਂ ਦੇਖ ਸਕਦੇ।”

ਗੁਰਦਿਆਲ ਤੇ ਹਰਿੰਦਰ ਨੇ ਵੱਡਾ ਘਰ ਖਰੀਦ ਲਿਆ ਸੀ। ਉਸਦੀਆਂ ਕਿਸ਼ਤਾਂ ਲਈ ਉਹ ਦਿਨ ਰਾਤ ਕੰਮ ਕਰਦੇ, ਅਤੇ ਬੱਚੇ, ਮਾਂ-ਪਿਉ ਕੋਲ ਪਾਲਣ ਲਈ ਛੱਡ ਜਾਂਦੇ। ਜਦੋਂ ਉਜਾਗਰ ਸਿੰਘ ਪਿੱਛੇ ਰਹਿ ਗਏ ਕਿਸੇ ਬੱਚੇ ਨੂੰ ਕੁਝ ਭੇਜਣ ਲਈ ਆਖਦਾ ਤਾਂ ਗੁਰਦਿਆਲ ਕੋਲ ਕੋਈ ਪੈਸਾ ਨਾ ਹੁੰਦਾ। ਟਕੇ ਵਰਗਾ ਜਵਾਬ ਹਮੇਸ਼ਾਂ ਹਾਜ਼ਰ ਹੁੰਦਾ, “ਲੈ ਕਿੱਥੋਂ ਕੱਢੀਏ ਬਾਪੂ ਜੀ, ਸਾਡੀਆਂ ਤਾਂ ਲੋੜਾਂ ਹੀ ਪੂਰੀਆਂ ਨਹੀਂ ਹੁੰਦੀਆਂ। ਫੇਰ ਤੁਸੀਂ ਵੀ ਵਿਚ ਹੋਂ। ਦੂਣੇ ਖਰਚੇ ਨੇ, ਪੂਰੇ ਨਹੀਂ ਉਤਰਦੇ।”

ਉਹ ਕਿਸੇ ਨੂੰ ਦਿਲ ਦੀ ਗੱਲ ਨਾ ਦੱਸ ਸਕਦੇ ਅਤੇ ਨਾ ਹੀ ਕੁਝ ਕਰ ਸਕਦੇ। ਦੋਨੋਂ ਮੀਆਂ-ਬੀਵੀ ਆਪਣੇ-ਆਪ ਵਿਚ ਕੁੜਦੇ ਰਹਿੰਦੇ। ਕਿਹਦੇ ਕੋਲ ਗੱਲ ਕਰਨ? ਆਖਰ ਨੌਬਤ ਇੱਥੋਂ ਤਕ ਆ ਗਈ ਕਿ ਇੱਕ ਦਿਨ ਗੁਰਦਿਆਲ ਨੇ ਉਜਾਗਰ ਸਿੰਘ ਨੂੰ ਆਪ ਆਖ ਦਿੱਤਾ, “ਬਾਪੂ ਜੀ, ਲੋਕੀਂ ਵੀ ਖੇਤਾਂ ਵਿਚ ਜਾਂ ਏਅਰਪੋਰਟ ਤੇ ਸਕਿਊਰਿਟੀ ਦਾ ਕੰਮ ਕਰਦੇ ਹਨ, ਤੁਸੀਂ ਵੀ ਕਿਉਂ ਨਹੀਂ ਕਰ ਲੈਂਦੇ। ਨਿਆਣੇ ਤਾਂ ਬੀਬੀ ਕੋਲ ਹੀ ਹੁੰਦੇ ਹਨ।”

ਪੁੱਤ ਦੀ ਇਸ ਗੱਲ ਨਾਲ਼ ਉਜਾਗਰ ਸਿੰਘ ਦਾ ਸਵੈਮਾਨ ਖੇਰੂੰ-ਖੇਰੂੰ ਹੋ ਗਿਆ। ਸੱਤਰ ਵਰ੍ਹਿਆਂ ਦੀ ਉਮਰ, ਤੇ ਖੇਤਾਂ ਵਿਚ ਕੰਮ? ਮੇਰੇ ਪੁੱਤ ਦਾ ਜਿਗਰਾ ਕਿੱਦਾਂ ਪਿਆ ਕਹਿਣ ਦਾ? ਉਸਨੂੰ ਸਮਝ ਨਹੀਂ ਸੀ ਆ ਰਹੀ। ਕੀ ਹੋ ਗਿਆ ਸੀ ਇੱਥੇ ਦੇ ਬੱਚਿਆਂ ਨੂੰ? ਲਹੂ ਸੁਧਾ ਪਾਣੀ ਬਣ ਗਿਆ ਸੀ। ਕਿਸੇ ਨੇ ਸੁਣ ਲਈ ਜੇ ਇਹ ਗੱਲ ਤਾਂ ਲੋਕ ਕੀ ਕਹਿਣਗੇ? ਮਿਲਟਰੀ ਦਾ ਅਫ਼ਸਰ, ਜਿਸਨੂੰ ਆਪਣੇ ਪੁੱਤ ਦੇ ਘਰ ਰੋਟੀ ਨਹੀਂ? ਖੇਤਾਂ ਵਿਚ ਕੰਮ? ਵਹਿਣਾਂ ਵਿਚ ਪਿਆ ਉਹ ਇਕ ਦਿਨ ਦਿਲ ਦੀ ਗੱਲ ਹੋਰ ਮਿਲਦੇ ਬਜ਼ੁਰਗਾਂ ਵਿਚ ਕਰ ਬੈਠਾ। ਉਹ ਸਾਰੇ ਕਿਲਕਾਰੀ ਮਾਰ, ਹੱਸ ਕੇ ਆਖਣ ਲੱਗੇ, “ਲੈ ਹੁਣ ਆਇਆ ਲੈਨ ਤੇ ਤੂੰ ਵੀ।”

“ਕੀ ਭਾਵ?” ਉਜਾਗਰ ਸਿੰਘ ਨੇ ਹੈਰਾਨੀ ਨਾਲ਼ ਪੁੱਛਿਆ।

“ਭਾਵ-ਭੂਵ ਦਾ ਤਾਂ ਪਤਾ ਨਹੀਂ। ਇਹ ਜ਼ਰੂਰ ਪਤਾ ਹੈ ਕਿ ਹੌਲੀ-ਹੌਲੀ ਨੱਚ ਜੰਿਡਆਲਾ ਨੇੜੇ ਹੀ ਐ ਉਜਾਗਰ ਸਿੰਹਾਂ।” ਕੋਲ ਬੈਠੇ ਸੁਰਜਨ ਸਿੰਘ ਨੇ ਕਿਹਾ ਸੀ।

“ਵੈਲਕਮ ਟੂ ਦੀ ਕਲੱਬ।” ਅਜੈਬ ਸਿੰਘ ਬੋਲਿਆ।

ਉਸ ਦਿਨ ਗੱਲਾਂ-ਗੱਲਾਂ ਵਿਚ ਉਸਨੂੰ ਪਤਾ ਲਗ ਗਿਆ, ਉਹ ਕਿਵੇਂ ਬੇਸਮੈਂਟ ਜਾਂ ਫਲੈਟ ਕਿਰਾਏ ‘ਤੇ ਲੈ ਕੇ ਰਹਿ ਰਹੇ ਸਨ। ਗੌਰਮੈਂਟ ਵੱਲੋਂ ਭੱਤਾ ਮਿਲਣ ਨਾਲ਼ ਉਹ ਆਪਣੀ ਜ਼ਿੰਦਗੀ ਚੰਗੀ ਜਿਉਂਦੇ ਸਨ। ਕਈਆਂ ਦੇ ਨੂੰਹਾਂ-ਪੁੱਤਾਂ ਨੇ ਪੈਨਸ਼ਨਾ ਆਪ ਲੁਆ ਕੇ ਦਿੱਤੀਆਂ ਸਨ। ਘਰਾਂ ਦੀਆਂ ਕਿਸ਼ਤਾਂ ਦੇਣ ਲਈ ਨੂੰਹਾਂ-ਪੁੱਤ ਚੈੱਕ ਆਪ ਫੜ ਲੈਂਦੇ ਅਤੇ ਮਾਂ-ਬਾਪ ਰਹਿ ਜਾਂਦੇ ਬੱਚਿਆਂ ਦੀ ਦੇਖ ਭਾਲ ਕਰਨ ਵਾਸਤੇ।

ਉਜਾਗਰ ਸਿੰਘ ਨੇ ਬਾਹਰ ਅੰਦਰ ਲੋਕਾਂ ਵਿਚ ਬੈਠ ਕੇ ਕੈਨੇਡਾ ਦੇ ਕਨੂੰਨ ਬਾਰੇ ਪਤਾ ਕੀਤਾ। ਫੇਰ ਇਕ ਦਿਨ ਉਹ ਆਪ ਸੋਸ਼ਲ-ਸਕਿਉਰਿਟੀ ਵਾਲਿਆਂ ਦੇ ਦਰ ‘ਤੇ ਜਾ ਖੜਾ ਹੋਇਆ। ਡਿੱਗਦੀ-ਢਹਿੰਦੀ ਆਤਮਾ ਨੇ ਸਾਹਮਣੇ ਖੜੀ ਗੋਰੀ ਕੁੜੀ ਕੋਲ ਜਾ ਫਰਿਆਦ ਕੀਤੀ। ਪਾਣੀਓਂ-ਪਾਣੀ ਹੋਇਆ ਉਜਾਗਰ ਸਿੰਘ ਸ਼ਰਮਿੰਦਗੀ ਦੇ ਅਹਿਸਾਸ ਹੇਠ ਨਿੱਘਰਦਾ ਜਾਂਦਾ ਸੀ। ਪਰ ਉਸ ਕੁੜੀ ਨੇ ਪਿਆਰ ਨਾਲ਼ ਉਸ ਕੋਲੋਂ ਫਾਰਮ ਭਰਵਾਏ ਅਤੇ ਦਸਖਤ ਕਰਵਾ ਕੇ ਆਖ ਦਿੱਤਾ ਕਿ, “ਅਰਜ਼ੀ ਪਾਸ ਹੋਣ ਨੂੰ ਕੋਈ ਤਿੰਨ-ਚਾਰ ਹਫ਼ਤੇ ਲਗ ਜਾਣਗੇ। ਜੇ ਕਰ ਤੁਹਾਨੂੰ ਪੈਸਿਆਂ ਦੀ ਹੁਣ ਸਖ਼ਤ ਲੋੜ ਹੈ ਤਾਂ ਮੈਂ ਉਹ ਵੀ ਕੁਝ ਇੰਤਜ਼ਾਮ ਕਰਵਾ ਦਿੰਦੀ ਹਾਂ।”

ਉਸ ਦਿਨ ਉਜਾਗਰ ਸਿੰਘ ਨੂੰ ਆਪਣੇ ਦੇਸ਼ ਅਤੇ ਇਸ ਦੇਸ਼ ਵਿਚ ਬਹੁਤ ਵੱਡਾ ਫਰਕ ਮਹਿਸੂਸ ਹੋਇਆ ਸੀ। ਉਸਨੂੰ ਉਹ ਗੋਰੀ ਕੁੜੀ ਜਿਸਦੇ ਨੇਮ ਪਲੇਟ ਉੱਤੇ ਜੀਨ ਐਡਮਜ਼ ਲਿਖਿਆ ਹੋਇਆ ਸੀ, ਆਪਣੀ ਧੀ ਜਾਪੀ ਸੀ। ਆਪਣੇ ਹੱਥੀਂ ਖਿਡਾਏ ਅਤੇ ਪਾਲ਼ੇ ਹੋਏ ਬੱਚੇ ਬਿਗਾਨੇ ਬਣ ਗਏ ਸਨ ਅਤੇ ਇਹ ਕੁੜੀ ਪਿਆਰ ਨਾਲ਼ ਮਾਣ ਅਤੇ ਸਤਿਕਾਰ ਦੇ ਰਹੀ ਸੀ। ਉਹ ਦਫ਼ਤਰ ਵਿੱਚੋਂ ਸਵੈਮਾਣ ਨਾਲ਼ ਬਾਹਰ ਨਿਕਲਿਆ ਸੀ ਜਿਵੇਂ ਉਸਨੇ ਕੋਈ ਜੰਗ ਜਿੱਤ ਲਈ ਹੁੰਦੀ ਹੈ ਜਾਂ ਸੁਖਾਲਾ ਸਾਹ ਲੈਣ ਲਈ ਸਾਫ਼ ਹਵਾ ਉਸਨੂੰ ਮਿਲ ਗਈ ਹੁੰਦੀ ਹੈ।

ਕੁਝ ਹਫਤਿਆਂ ਨੂੰ ਪੈਸਿਆਂ ਦਾ ਚੈੱਕ ਘਰ ਆ ਗਿਆ। ਜਦੋਂ ਬੱਚੇ ਉਸ ਚੈੱਕ ਵਿਚੋਂ ਪੈਸੇ ਮੰਗਣ ਲੱਗੇ ਤਾਂ ਉਸਨੇ ਜਵਾਬ ਦੇ ਦਿੱਤਾ ਸੀ। ਉਸਨੇ ਗੁਰਦਿਆਲ ਨੂੰ ਕਿਹਾ ਸੀ, “ਜੋ ਮੇਰੇ ਹਿੱਸੇ ਰੋਟੀ-ਪਾਣੀ ਦਾ ਖਰਚ, ਬਿੱਲ-ਬੱਤੀਆਂ ਦਾ ਖਰਚ ਬਣਦਾ ਹੈ, ਉਹ ਲੈ ਲਵੋ। ਬਾਕੀ ਇਕ ਪੈਸਾ ਵੀ ਨਹੀਂ ਦੇਵਾਂਗਾ।”

“ਚੰਗੇ ਮਾਪੇ ਹਨ, ਜਿਹੜੇ ਵੀ ਐਥੇ ਆਉਂਦੇ ਹਨ ਉਹੋ ਲਾਲਚੀ ਬਣ ਜਾਂਦੇ ਹਨ। ਪੈਸਾ ਹੱਥ ਆਇਆ ਨਹੀਂ ਤਾਂ ਧੀਆਂ-ਪੁੱਤਾਂ ਨਾਲ਼ ਵੈਰ ਪਾਇਆ ਨਹੀਂ।” ਪੁੱਤ ਨੇ ਜਿਵੇਂ ਮਿਹਣਾ ਮਾਰਿਆ।

“ਧੀਆਂ-ਪੁੱਤਾਂ ਤੋਂ ਹੀ ਮਾਪੇ ਸਿੱਖ ਰਹੇ ਆ। ਇਹ ਕਿਹੜੀ ਮਾੜੀ ਗੱਲ ਐ ਜੇ ਕਰ ਅਸੀਂ ਵੀ ਆਪਣੀ ਜ਼ਿੰਦਗੀ ਵਲ ਧਿਆਨ ਦੇਈਏ? ਸਾਡਾ ਵੀ ਜੀਣ ਦਾ ਉੱਨਾ ਹੀ ਹੱਕ ਐ, ਜਿੰਨਾ ਤੁਹਾਡਾ।” ਉਜਾਗਰ ਸਿੰਘ ਨੇ ਉੱਤਰ ਦਿੱਤਾ ਸੀ।

“ਇੰਡੀਆ ਵਿਚ ਮਾਪੇ ਧੀਆਂ-ਪੁੱਤਾਂ ਲਈ ਜਿਉਂਦੇ ਸੀ ਅਤੇ ਇੱਥੇ ਆ ਕੇ ਉਨ੍ਹਾਂ ਨੂੰ ਨਵੇਂ ਪਾਹ ਲਗ ਜਾਂਦੇ ਹਨ ਫਰੀਡਮ ਦੇ। ਜੇ ਫਰੀਅ ਰਹਿਣਾ ਹੈ ਤਾਂ ਤੁਸੀਂ ਫਰੀਅ ਹੀ ਰਹੋ ਫੇਰ। ਕੋਈ ਲੋੜ ਨਹੀਂ ਖਰਚੇ ਦੇਣ ਦੀ ਵੀ। ਤੁਸੀਂ ਵੀ ਸੌਖੇ, ਅਸੀਂ ਵੀ ਸੌਖੇ।” ਗੁਰਦਿਆਲ ਔਖਾ ਹੋ ਕੇ ਕਹਿਣ ਲਗਾ।

ਇੱਥੋਂ ਵਿਗੜਦੀ-ਵਿਗੜਦੀ ਗੱਲ ਵਿਗੜ ਗਈ। ਉਜਾਗਰ ਸਿੰਘ ਨੂੰ ਕਿਸੇ ਹੋਰ ਦੇ ਬੇਸਮੈਂਟ ਵਿਚ ਆ ਕੇ ਰਹਿਣਾ ਪਿਆ ਸੀ। ਉਹ ਕੇਹੇ ਧੀਆਂ-ਪੁੱਤ ਨੇ ਜਿਨ੍ਹਾਂ ਦੇ ਮਨਾਂ ਵਿਚ ਮਾਂ-ਬਾਪ ਲਈ ਕੋਈ ਮੋਹ, ਪਿਆਰ ਤੇ ਮਾਣ-ਸਤਿਕਾਰ ਹੀ ਨਹੀਂ ਰਿਹਾ? ਉਹ ਬੇਸਮੈਂਟ ਵਿਚ ਪਿਆ ਸਾਰੀ ਰਾਤ ਸੋਚਦਾ ਰਿਹਾ ਸੀ। ਉਸ ਦਿਨ ਤੋਂ ਬਾਅਦ ਉਹ ਹੋਰ ਦੁਵਿ਼ਧਾ ‘ਚ ਫਸੇ ਹੋਏ ਬੰਦਿਆਂ ਨੂੰ ਵੀ ਇਹ ਰਾਹ ਦਿਖਾਲ ਰਿਹਾ ਸੀ। ਸੁਖੀ ਜੀਵਨ ਜਿਉਣ ਦਾ ਹੱਕ ਹਰ ਇਨਸਾਨ ਦਾ ਹੈ, ਉਹ ਸਭ ਨੂੰ ਦੱਸ ਰਿਹਾ ਸੀ। ਇਸ ਨਾਲ਼ ਉਸਦਾ ਵਕਤ ਵੀ ਨਿਕਲ ਜਾਂਦਾ ਅਤੇ ਉਹ ਕਿਸੇ ਦੀ ਮਦਦ ਵੀ ਕਰ ਦਿੰਦਾ।

ਜਦੋਂ ਬੰਤਾ ਸਿੰਘ ਅਤੇ ਚੰਨਣ ਕੌਰ ਘਰ ਦੀ ਹਾਲਤ ਤੋਂ ਏਨੇ ਤਰਸਯੋਗ ਹੋ ਗਏ ਤਾਂ ਉਨ੍ਹਾਂ ਕੋਲ ਵੀ ਹੋਰ ਕੋਈ ਰਾਹ ਨਹੀਂ ਸੀ ਰਿਹਾ। ਹਰ ਰੋਜ਼ ਮਨਜੀਤ ਨੂੰ ਆਪਣੀ ਵਿਥਿਆ ਦੱਸ-ਦੱਸ ਕੇ ਦੁਖੀ ਨਹੀਂ ਸੀ ਕਰਨਾ ਚਾਹੁੰਦੇ। ਉਹ ਤਾਂ ਇਹ ਵੀ ਸੋਚਦੇ ਸਨ ਕਿ ਜੇ ਘਰ ਵਿਚ ਕੋਈ ਨਿਆਣਾ-ਨਿੱਕਾ ਹੁੰਦਾ ਤਾਂ ਉਸ ਨਾਲ਼ ਉਨ੍ਹਾਂ ਦਾ ਜੀਅ ਪਰਚਿਆ ਰਹਿੰਦਾ। ਉਨ੍ਹਾਂ ਨੂੰ ਤਾਂ ਖੁਦ ਹੋਰਨਾਂ ਲੋਕਾਂ ਦੀ ਸਮਝ ਨਹੀਂ ਸੀ ਆਉਂਦੀ ਕਿ ਉਹ ਕਿਉਂ ਆਪਣੇ ਪੋਤੇ-ਦੋਹਤੇ ਸਾਂਭਦੇ ਹੋਏ ਔਖੇ ਮਹਿਸੂਸ ਕਰਦੇ ਸਨ। ਜੇ ਕਰ ਉਨ੍ਹਾਂ ਨੂੰ ਆਪਣੇ ਪੋਤੇ-ਦੋਹਤੇ ਸਾਂਭਣੇ ਪੈਂਦੇ ਤਾਂ ਉਨ੍ਹਾਂ ਦੋਹਾਂ ਜੀਆਂ ਲਈ ਤਾਂ ਸੁਰਗ ਸੀ ਇਹ।

ਸ਼ਮਿੰਦਰ ਦੀ ਆਦਤ ਦਾ ਉਹ ਕੋਈ ਭੇਦ ਨਾ ਪਾ ਸਕੇ। ਉਹ ਕਦੀ ਤਾਂ ਤੋਲ਼ਾ ਹੁੰਦੀ ਅਤੇ ਕਦੀ ਮਾਸਾ। ਕਦੀ ਉਹ ਘਰ ਦਾ ਸਾਰਾ ਕੰਮ ਕਰਦੀ, ਵਾਰ-ਵਾਰ ਚਾਹ ਬਣਾ ਕੇ ਦਿੰਦੀ ਅਤੇ ਕਦੀ ਹਫ਼ਤਾ-ਹਫ਼ਤਾ ਬੋਲਦੀ ਹੀ ਨਾ। ਉਹ ਦੋਨੋਂ ਜੀਅ, ਹਰ ਰੋਜ਼ ਵੱਖਰੇ ਤਜ਼ਰਬੇ ਵਿੱਚੀਂ ਲੰਘਦੇ।

ਪੂਰੀ ਸਾਰੀ ਜ਼ਿੰਦਗੀ ਵਿੱਚ ਉਹ ਇਸ ਤਰ੍ਹਾਂ ਦੀ ਪਰੇਸ਼ਾਨੀ ਅਤੇ ਉਲਝਨ ਵਿਚ ਨਹੀਂ ਸਨ ਪਏ ਜਿਵੇਂ ਕੁਝ ਸਮੇਂ ਤੋਂ ਉਨ੍ਹਾਂ ਨੂੰ ਸਾਮ੍ਹਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਦੀਆਂ ਸਾਰੀਆਂ ਆਸਾਂ, ਸਾਰੀਆਂ ਉਮੰਗਾਂ ਜਿਵੇਂ ਕਾਲੇ ਸਿਆਹ ਬੱਦਲਾਂ ਵਿਚ ਲੁਕ ਗਈਆਂ ਸਨ। ਉਹ ਤਾਂ ਆਪਣੇ ਨੂੰਹ-ਪੁੱਤ ਦੀ ਹਰ ਗੱਲ ਮੰਨਣ ਨੂੰ ਤਿਆਰ ਸਨ, ਪਰ ਸ਼ਮਿੰਦਰ ਉਨ੍ਹਾਂ ਦੇ ਪੱਲੇ ਤਾਂ ਕੁਝ ਪਾਵੇ, ਕਦੀ ਉਨ੍ਹਾਂ ਦੇ ਨਾਲ਼ ਬੈਠ ਕੇ ਕੋਈ ਗੱਲ ਤਾਂ ਕਰੇ। ਉਨ੍ਹਾਂ ਨੂੰ ਜਾਪਦਾ ਜਿਵੇਂ, ਉਨ੍ਹਾਂ ਦੀ ਸਾਰੀ ਅਕਲ ਸੌ ਘੜੇ ਪਾਣੀਆਂ ਦੇ ਹੇਠਾਂ ਆ ਗਈ ਹੋਵੇ।

ਜਦੋਂ ਕਦੀ ਉਨ੍ਹਾਂ ਦੀ ਧੀ ਦਾ ਫੋਨ ਆਉਂਦਾ ਤਾਂ ਚੰਨਣ ਕੌਰ ਦਾ ਦਿਲ ਕਰਦਾ ਉਹ ਬੁੱਭ ਮਾਰ ਕੇ ਦਿਲ ਦੀ ਭੜਾਸ ਕੱਢੇ। ਪਰ ਉਹ ਆਪਣੇ ਹਿੱਕ ਦੇ ਸ਼ੋਰ ਨੂੰ ਅੰਦਰ ਦੱਬ ਲੈਂਦੀ। ’ਕੱਲੇ ਬੈਠੇ ਦੋਨੋਂ ਤੀਂਵੀ ਆਦਮੀ ਵਿਚਾਰਾਂ ਕਰਦੇ ਰਹਿੰਦੇ। ਜੇ ਕਰ ਉਹ ਪੁੱਤ ਦੇ ਘਰ ਰਹਿੰਦੇ ਹਨ ਤਾਂ ਚਾਰੇ ਜੀਅ ਸਰਾਪੀਆਂ ਜਿਹੀਆਂ ਰੂਹਾਂ ਵਾਂਗ ਤੁਰੇ-ਫਿਰਦੇ ਹਨ। ਹੱਲ ਹੋਵੇ ਤਾਂ ਕੀ ਹੋਵੇ? ਕਿਵੇਂ ਹੋਵੇ? ਇੱਕੋ-ਇੱਕ ਪੁੱਤ ਕਿਵੇਂ ਖੁਸ਼ ਰਹੇ? ਸੋਚਦੇ ਰਹਿੰਦੇ।

ਅਖੀਰ ਉਹਨਾਂ ਦੋਹਾਂ ਨੇ ਵੀ ਕਿਸੇ ਹੋਰ ਦੇ ਬੇਸਮੈਂਟ ਵਿਚ ਰਹਿਣ ਦਾ ਫ਼ੈਸਲਾ ਕਰ ਲਿਆ। ਉਹ ਨਹੀਂ ਸਨ ਚਾਹੁੰਦੇ ਕਿ ਉਨ੍ਹਾਂ ਦੇ ਪੁੱਤ ਦਾ ਘਰ ਉੱਜੜੇ। ਜਦੋਂ ਸ਼ਮਿੰਦਰ ਦੀਆਂ ਆਦਤਾਂ ਦੇ ਭੇਦ ਖੁਲ੍ਹੇ ਸਨ ਤਾਂ ਉਨ੍ਹਾਂ ਦੀ ਆਤਮਾਂ ਚੂਰ-ਚੂਰ ਹੋ ਗਈ ਸੀ। “ਕਿਵੇਂ ਕਟੂ ਉਨ੍ਹਾਂ ਦਾ ਪੁੱਤ ਸਾਰੀ ਪੂਰੀ ਜ਼ਿੰਦਗੀ। ਇਹ ਵੀ ਕੋਈ ਸਾਂਝ ਹੁੰਦੀ ਐ, ਜਿੱਥੇ ਆਪੋ-ਧਾਪ ਦਾ ਰਿਸ਼ਤਾ ਹੋਵੇ।”

ਉਨ੍ਹਾਂ ਨੇ ਬੱਚਿਆਂ ਨੂੰ ਪਾਲਿਆ ਸੀ ਕਿ ਦੋਹਾਂ ਜੀਆਂ ਦੇ ਹੱਕ ਬਰਾਬਰ ਹੁੰਦੇ ਹਨ। ਪਰ ਉਨ੍ਹਾਂ ਨੇ ਇਹ ਗੱਲ ਨਹੀਂ ਸੀ ਸਮਝੀ ਕਿ ਪੱਛਮੀਂ ਦੇਸ਼ਾਂ ਵਿਚ ਆਕੇ ਬੰਦੇ ਬਦਲ ਚੁੱਕੇ ਹਨ। ਇਹਨ੍ਹਾਂ ਮੁਲਕਾਂ ਵਿੱਚ ਰਿਸ਼ਤੇ ਦੀ ਕੋਈ ਕਦਰ ਨਹੀਂ। ਇੱਥੇ ਕਦਰ ਹੈ ਤਾਂ ਇਹ ਕਿ ਕਿਸਨੇ, ਕਿਸਨੂੰ ਮੰਗਾਇਆ ਹੈ। ਸ਼ਮਿੰਦਰ ਦੀ ਮੰਮੀ ਵੀ ਇਹੋ ਕਹਿੰਦੀ ਸੀ, ‘ਸਾਡੀ ਧੀ ਨੇ ਤੁਹਾਨੂੰ ਸੁਰਗਾਂ ਵਿਚ ਵਾੜਿਆ। ਤੁਸੀਂ ਤਾਂ ਇਸਦੇ ਪੈਰ ਧੋ-ਧੋ ਕੇ ਪੀਓ ਜੀ।’

ਇਕ ਵਾਰੀ ਚੰਨਣ ਕੌਰ ਨੇ ਸ਼ਮਿੰਦਰ ਦੀ ਮੰਮੀ ਨੂੰ ਕਿਹਾ ਵੀ ਸੀ, “ਭੈਣ ਜੀ, ਜੇ ਕਰ ਮਨਜੀਤ ਸ਼ਮਿੰਦਰ ਨੂੰ ਮੰਗਾਉਦਾ ਅਤੇ ਇਹੋ ਗੱਲ ਅਸੀਂ ਤੁਹਾਨੂੰ ਕਹਿੰਦੇ ਤਾਂ ਤੁਹਾਡੇ ਮਨ ਤੇ ਕੀ ਬੀਤਦੀ?”

ਪਰ ਸ਼ਮਿੰਦਰ ਦੀ ਮੰਮੀ ਅਨਪੜ ਔਰਤ ਸੀ, ਉਸਨੇ ਆਪਣੀ ਬੋਲੀ ਵਿਚ ਚੰਨਣ ਕੌਰ ਨੂੰ ਐਸਾ ਬੁਰਾ ਭਲਾ ਆਖਿਆ ਕਿ, ਉਹ ਪੈਰੋਂ ਉੱਖੜ ਗਈ। ਉਸਨੂੰ ਆਪਣੇ ਪੁੱਤ ਦੇ ਘਰ ਵਿਚ ਹੀ ਆਪਣੀ ਜਿਉਂਦੀ ਲੋਥ ਭਾਰੂ ਜਾਪਣ ਲਗ ਪਈ ਸੀ। ਉਸਨੇ ਉਸ ਦਿਨ ਬੰਤਾ ਸਿੰਘ ਨੂੰ ਅੱਖਾਂ ਦੇ ਹੰਝੂ ਲੁਕੋਂਦੇ ਹੋਏ ਕਿਹਾ ਸੀ, “ਮਖ਼ਿਆ ਜੀ, ਆਪਾਂ ਭਲੀ ਕਰੀਏ ਤਾਂ ਪਿੱਛੇ ਨੂੰ ਮੁੜ ਚੱਲੀਏ।”

“ਕੀ ਕਰਾਂਗੇ ਪਿੱਛੇ ਜਾ ਕੇ? ਕੌਣ ਹੈ ਉੱਥੇ ਸਾਡਾ?” ਬੰਤਾ ਸਿੰਘ ਨੇ ਫਿਕਰਾਂ ਵਿਚ ਲੱਥੇ ਨੇ ਆਖਿਆ ਸੀ।

“ਫੇਰ ਵੀ ਧੀ ਹੈ ਉੱਥੇ। ਕਦੀ ਉਹ ਹੀ ਹਾਲ-ਚਾਲ ਪੁਛੂ।” ਚੰਨਣ ਕੌਰ ਆਪਣੇ ਦੋਵੇਂ ਹੱਥ ਮਲਦੀ ਹੋਈ ਆਖ ਰਹੀ ਸੀ।

“ਕਮਲੀ ਨਾ ਬਣ। ਧੀ ਆਪਣੇ ਘਰ ਐ। ਇਹ ਫੇਰ ਵੀ ਪੁੱਤ ਐ। ਏਦਾਂ ਹੀ ਠੀਕ ਐ। ਉਦਾਂ ਵੀ ਜੇ ਕਰ ਮੁੜਕੇ ਵਾਪਸ ਪਰਤੇ ਤਾਂ ਲੋਕਾਂ ਦੀ ਹਾਸੋ-ਹੀਣੀ ਵਾਧੂ ਦੀ।” ਬੰਤਾ ਸਿੰਘ ਆਖ ਰਿਹਾ ਸੀ।

“ਏਦਾਂ ਤਾਂ ਪੁੱਤ ਦੀ ਆਤਮਾਂ ਵੀ ਦੁਖੀ ਤੇ ਅਸੀਂ ਵੀ ਦੁਖੀ।” ਚੰਨਣ ਕੌਰ ਆਖ ਰਹੀ ਸੀ।

“ਕੋਈ ਨਹੀਂ ਸੋਚਦੇ ਆਂ ਕੁਝ। ਰੱਬ ਭਲੀ ਕਰੂ। ਜਿਸਨੇ ਸਾਜਿਆ, ਉਹ ਦੋ ਰੋਟੀਆਂ ਤਾਂ ਦੇਊਗਾ ਹੀ।” ਬੰਤਾ ਸਿੰਘ ਹੱਥਾਂ ਭਾਰ ਸੋਫੇ ਤੋਂ ਉੱਠਦਾ ਹੋਇਆ ਆਖ ਰਿਹਾ ਸੀ। ਉਸਨੂੰ ਇਉਂ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਦਿਨਾਂ ਵਿੱਚ ਬਹੁਤ ਬੁੱਢਾ ਹੋ ਗਿਆ ਹੋਵੇ। ਏਸ ਮੁਲਕ ਦੀ ਮਿੱਟੀ ਕਿਸ ਤਰ੍ਹਾਂ ਦੀ ਸੀ ਜਿਸਨੇ ਉਸਦੇ ਜਿਸਮ ਵਿਚ ਪਾਰਾ ਭਰ ਦਿੱਤਾ ਸੀ। ੳੱੁਠ ਕੇ ਤੁਰਦਾ ਤਾਂ ਲੱਤਾਂ ਕੰਬ ਜਾਂਦੀਆਂ ਸਨ। ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਸੀ।

ਉਸ ਦਿਨ ਉਹ ਜਦੋਂ ਸੁਰਜਨ ਸਿੰਘ ਨੂੰ ਮਿਲਿਆ, ਤਾਂ ਅੱਖਾਂ ਦਾ ਪਾਣੀ ਰੋਕ ਨਹੀਂ ਸੀ ਸਕਿਆ। ਸੁਰਜਨ ਸਿੰਘ ਉਸਨੂੰ ਨਾਲ਼ ਲੈ ਕੇ ਉਜਾਗਰ ਸਿੰਘ ਕੋਲ ਚਲੇ ਗਿਆ ਸੀ। ਦੂਜੀ ਸਵੇਰ ਉਹ ਦੋਵੇਂ ਮੀਆਂ-ਬੀਵੀ ਉਜਾਗਰ ਸਿੰਘ ਦੇ ਨਾਲ਼ ਸੋਸ਼ਲ ਸਕਿਉਰਿਟੀ ਦੇ ਦਫ਼ਤਰ ਵਿੱਚ ਬੈਠੇ ਸਨ। ਉਨ੍ਹਾਂ ਨੂੰ ਇਵੇਂ ਜਾਪ ਰਿਹਾ ਸੀ ਜਿਵੇਂ ਰੀਸੈਪਸ਼ਨ ‘ਤੇ ਬੈਠੀ ਕੁੜੀ, ਉਨ੍ਹਾਂ ਦੇ ਅੰਦਰਲੇ ਮਨ ਪੜ੍ਹ ਰਹੀ ਹੋਵੇ। ਪਰ ਜਿਸ ਤਹਿਜ਼ੀਬ ਨਾਲ਼ ਉਹ ਕੁੜੀ ਪੇਸ਼ ਆ ਰਹੀ ਸੀ, ਉਸ ਨਾਲ਼ ਉਨ੍ਹਾਂ ਦਾ ਮਨ ਸ਼ਰਮਿੰਦਾ ਹੋਣੋ ਬਚ ਗਿਆ ਸੀ। ਉਹ ਫਾਰਮ ਭਰ-ਭਰਾ ਕੇ ਦੋ ਤਿੰਨਾਂ ਘੰਟਿਆ ਵਿਚ ਘਰ ਵਾਪਸ ਪਰਤ ਆਏ।

ਬੰਤਾ ਸਿੰਘ ਅਤੇ ਚੰਨਣ ਕੌਰ ਨੇ ਮਨਜੀਤ ਨੂੰ ਸਾਰੀ ਕਹਾਣੀ ਆਖ ਸੁਣਾਈ ਸੀ। ਮਨਜੀਤ ਆਪਣੀਆਂ ਅੱਖਾਂ ਦੇ ਹੰਝੂ ਲੁਕੋਂਦਾ ਹੋਇਆ ਸਿਰ ਸਿੱਟ ਕੇ ਬੈਠਾ ਸੁਣਦਾ ਰਿਹਾ। ਉਸ ਵੇਲੇ ਚੰਨਣ ਕੌਰ ਦੀ ਆਤਮਾਂ ਵਿਲਕੀ ਕਿ ਇਹ ਕਿਸ ਤਰ੍ਹਾਂ ਦੇ ਦੇਸ ਹਨ ਜਿੱਥੇ ਬੰਦਾ ਆਪਣੇ ਆਪ ਲਈ ਖੁਦਗਰਜ਼ ਹੋ ਜਾਂਦਾ ਹੈ। ਇਹੋ ਪੁੱਤ ਪਿੰਡ ਵਿੱਚ ਹੁੰਦਾ ਤਾਂ ਹਿੱਕ ਠੋਕ ਕੇ ਆਖ ਸਕਦਾ ਸੀ ਕਿ, ਇਹ ਮੇਰੇ ਮਾਂ-ਬਾਪ ਹਨ। ਇਨ੍ਹਾਂ ਨੂੰ ਘਰੋਂ ਕਿੱਦਾਂ ਤੋਰ ਦਿਆਂ? ਹੁਣ ਇਸ ਦੇਸ ਵਿੱਚ ਹਰ ਕੋਈ ਐਨਾ ਆਜ਼ਾਦ ਹੈ। ਇਹ ਕੇਹੀ ਆਜ਼ਾਦੀ ਹੈ? ਕਿਹੋ ਜਿਹਾ ਸੰਤਾਪ ਹੈ? ਭਲਾ ਮਨ ਦੀਆਂ ਤੰਦਾਂ ਨੂੰ ਕੋਈ ਕੱਟੇ ਤਾਂ ਕਿਵੇਂ ਕੱਟੇ?

ਜਿਸ ਦਿਨ ਉਹ ਦੋਨੋਂ ਆਪਣੇ ਪੁੱਤ ਦੇ ਘਰੋਂ ਤੁਰੇ ਸਨ ਤਾਂ ਉਸ ਦਿਨ ਸ਼ਮਿੰਦਰ ਵੀ ਉਨ੍ਹਾਂ ਦੇ ਨਾਲ਼ ਸਮਾਨ ਬੰਨਾਉਣ ਲੱਗ ਪਈ ਸੀ। ਚੰਨਣ ਕੌਰ ਹੈਰਾਨ ਸੀ ਕਿ ਅਜ ਇਸਨੂੰ ਕੀ ਹੋ ਗਿਆ ਹੈ? ਇਹ ਤਬਦੀਲੀ ਇਸ ਵਿਚ ਕਿਵੇਂ ਆ ਗਈ। ਸ਼ਮਿੰਦਰ ਉਨ੍ਹਾਂ ਦਾ ਸਮਾਨ ਬੰਨਦੀ ਹੋਈ, ਆਪਣੇ ਘਰ ਦੀ ਸਾਫ਼-ਸਫ਼ਾਈ ਵੀ ਕਰ ਰਹੀ ਸੀ। ਜਿਵੇਂ ਕਿਸੇ ਕੂੜੇ ਨੂੰ ਬਾਹਰ ਸੁੱਟ ਦੇਣ ਲਈ ਬੈਗਾਂ ਜਾਂ ਬਕਸਿਆਂ ਵਿੱਚ ਪਾ-ਪਾ ਕੇ ਬਾਹਰਲੇ ਦਰਵਾਜ਼ੇ ਦੇ ਕੋਲ ਰੱਖ ਦੇਈਦਾ ਹੈ, ਇਸੇ ਤਰ੍ਹਾਂ ਉਨ੍ਹਾਂ ਦਾ ਥੋੜਾ ਜਿਹਾ ਸਮਾਨ ਵੀ ਬਾਹਰਲੇ ਦਰਾਂ ਦੇ ਕੋਲ ਤਰਸ ਦਾ ਪਾਤਰ ਬਣਿਆ ਪਿਆ ਸੀ।

ਮਨਜੀਤ ਉਸ ਦਿਨ ਘਰ ਹੀ ਨਹੀਂ ਸੀ ਆਇਆ। ਉਹ ਕਿਸ ਤਰ੍ਹਾਂ ਉਸ ਲਮਹੇ ਦਾ ਸਾਮ੍ਹਣਾ ਕਰਦਾ? ਕਿਵੇਂ ਉਸ ਮਾਂ ਨੂੰ ਦਰੋਂ ਹੱਥੀਂ ਤੋਰਦਾ? ਕਿਵੇਂ ਆਪਣੇ ਬਾਪ ਦੀਆਂ ਭਰੀਆਂ ਅੱਖਾਂ ‘ਚ ਝਾਕਦਾ?

ਕਈ ਘੰਟੇ ਉਹ ਮਨਜੀਤ ਨੂੰ ਉਡੀਕਦੇ ਰਹੇ। ਵਿੰਡੋ ਵਿੱਚੀਂ, ਲੰਘਦੀਆਂ ਕਾਰਾਂ ਨੂੰ ਤੱਕਦੇ ਰਹੇ। ਅਖੀਰ, ਜਦੋਂ ਮਨਜੀਤ ਘਰ ਨਾ ਹੀ ਆਇਆ ਤਾਂ ਉਹ ਦੋਨੋਂ ਆਪਣੇ ਬੈਗ ਚੁੱਕ ਕੇ ਉਸੇ ਹੀ ਸਟਰੀਟ ਵਿੱਚ ਕਿਰਾਏ ਤੇ ਲਏ ਬੇਸਮੈਂਟ ਨੂੰ ਤੁਰ ਪਏ। ਬੰਤਾ ਸਿੰਘ ਮੋਹਰੇ-ਮੋਹਰੇ ਅਤੇ ਚੰਨਣ ਕੌਰ ਪਿੱਛੇ-ਪਿੱਛੇ।

ਚੰਨਣ ਕੌਰ ਦੀਆਂ ਅੱਖਾਂ ਵਿੱਚੋਂ ਪਾਣੀ ਬੇ-ਮੁਹਾਰੇ ਵਹਿ ਰਿਹਾ ਸੀ। ਉਹ ਦੋਨੋਂ ਆਪਣੇ-ਆਪਣੇ ਮਨ ਦੀ ਹਾਲਤ ਇਕ ਦੂਜੇ ਤੋਂ ਲੁਕਾ ਰਹੇ ਸਨ। ਇਉਂ ਮਹਿਸੂਸ ਕਰ ਰਹੇ ਸਨ ਜਿਵੇਂ ਉਸ ਦਿਨ ਲੋਕ ਉਨ੍ਹਾਂ ਨੂੰ ਆਪਣੀਆਂ ਹੀ ਲੋਥਾਂ ਚੁੱਕੀ ਜਾਂਦੇ ਦੇਖ ਰਹੇ ਹੋਣ। ਪਰ ਦੁਨੀਆਂ ਤਾਂ ਆਪਣੇ-ਆਪਣੇ ਰਾਹਾਂ ਤੇ ਜਾ ਰਹੀ ਸੀ। ਕਿਸ ਕੋਲ ਐਨਾਂ ਸਮਾਂ ਸੀ ਜਿਹੜਾ ਕੋਈ ਉਨ੍ਹਾਂ ਵੱਲ ਦੇਖਦਾ?

ਬੇਸਮੈਂਟ ਵਿੱਚ ਪਹੁੰਚ ਕੇ, ਉਸ ਰਾਤ ਉਨ੍ਹਾਂ ਦੋਹਾਂ ਨੇ ਕੁਝ ਖਾਧਾ ਹੀ ਨਹੀਂ ਸੀ। ਭੁੱਖ-ਨਿਭਾਣੇ ਰਾਤ ਦੇ ਪਲਾਂ ਨੂੰ ਚੱਕ ਮਾਰਦੇ ਰਹੇ ਸਨ।

… ਤੇ ਫੇਰ ਹੋਰ ਲੋਕਾਂ ਵਲ ਦੇਖ-ਦੇਖ ਕੇ ਉਹ ਵੀ ਇਸ ਦੇਸ਼ ਵਿਚ ਰਹਿਣ ਦੇ ਆਦੀ ਹੋ ਗਏ। ਪਿੱਛਲੇ ਸੰਸਕਾਰ ਉਨ੍ਹਾਂ ਦੇ ਅੰਦਰ ਵੀ ਮਰਨ ਲਗ ਪਏ।

ਇਥੋਂ ਹੀ ਬੰਤਾਂ ਸਿੰਘ ਵੀ ਉਜਾਗਰ ਸਿੰਘ ਵਾਂਗ ਹਰ ਲੋੜਬੰਦ ਇਨਸਾਨ ਦੀ ਮਦਦ ਕਰਨ ਲਗ ਪਿਆ ਸੀ। ਜੀਵਨ-ਜਾਚ ਸਿੱਖਣ ਦਾ ਉਸਨੂੰ ਨਵਾਂ ਝੱਲ ਉੱਠ ਖੜੋਇਆ ਸੀ।

ਮਨਜੀਤ ਉਨ੍ਹਾਂ ਨੂੰ ਦੂਜੇ-ਤੀਜੇ ਦਿਨ ਆ ਕੇ ਮਿਲ ਜਾਂਦਾ। ਵੀਕ-ਐਂਡ ਹੁੰਦਾ ਤਾਂ ਸ਼ਾਪਿੰਗ ਕਰਾ ਲਿਆਉਂਦਾ। ਉਹ ਵੀ ਕਦੀ-ਕਦੀ ਮਨਜੀਤ ਦੇ ਘਰ ਚਲੇ ਜਾਂਦੇ। ਸ਼ਮਿੰਦਰ ਵੀ ਵੀਕ-ਐਂਡ ਤੇ ਮਿਲਣ ਆ ਹੀ ਜਾਂਦੀ। ਇਸ ਨਾਲ਼ ਉਨ੍ਹਾਂ ਦੇ ਮਨ ਦੀ ਖੁਸ਼ੀ ਵੀ ਬਣੀ ਰਹਿੰਦੀ। ਪੁੱਤ ਦੇ ਵੱਡੇ ਘਰ ਨਾਲੋਂ ਉਹ ਬੇਸਮੈਂਟ ਵਿਚ, ਆਪਣੀ ਹਵਾ ਵਿਚ ਸੌਖਾ ਸਾਹ ਲੈ ਲੈਂਦੇ। ਜੀ ਕਰਦਾ ਗੁਰਦੁਆਰੇ ਚਲੇ ਜਾਂਦੇ। ਜੀਅ ਕਰਦਾ ਸੀਨੀਅਰ ਸਿਟੀਜ਼ਨ ਵਾਲਿਆਂ ਦੀ ਮੀਟਿੰਗ ਵਿਚ ਚਲੇ ਜਾਂਦੇ। ਕਿਸੇ ਨੂੰ ਮਿਲਦੇ-ਗਿਲਦੇ ਅਤੇ ਖੁਸ਼ ਰਹਿੰਦੇ। ਕਿਸੇ ਹੋਰ ਨਵੇਂ ਆਏ ਬੰਦਿਆਂ ਦੀ ਮਦਦ ਕਰ ਦਿੰਦੇ। ਜਿਵੇਂ ਉਨ੍ਹਾਂ ਨੂੰ ਜ਼ਿੰਦਗੀ ਜਿਉਣ ਦਾ ਰਾਹ ਲੱਭ ਪਿਆ ਹੋਵੇ।

ਜਿਸ ਦਿਨ ਬੰਤਾ ਸਿੰਘ, ਮੰਗਲ ਸਿੰਘ ਨੂੰ ਨਾਲ਼ ਲੈ ਕੇ ਵੈਲਫੇਅਰ ਦੇ ਦਫ਼ਤਰ ਗਿਆ ਤਾਂ ਵਾਪਸ ਪਰਤਦਿਆਂ ਹੋਇਆਂ ਬੰਤਾਂ ਸਿੰਘ ਦਾ ਬਟੂਆ ਕਿੱਧਰੇ ਡਿੱਗ ਪਿਆ ਸੀ ਜਾਂ ਕਿਸੇ ਨੇ ਜੇਬ ਵਿੱਚੋਂ ਕੱਢ ਲਿਆ ਸੀ। ਉਨ੍ਹਾਂ ਦੋਹਾਂ ਨੇ ਬਥੇਰਾ ਆਲੇ-ਦੁਆਲੇ ਦੇਖਿਆ ਪਰ ਉਨ੍ਹਾਂ ਨੂੰ ਲੱਭਾ ਹੀ ਨਾ। ਮੰਗਲ ਸਿੰਘ ਦੀ ਜੇਬ ਵਿਚ ਤਾਂ ਊਂ ਹੀ ਧੇਲਾ ਨਹੀਂ ਸੀ। ਬਸ-ਸਟਾਪ ਉੱਤੇ ਖੜੇ ਉਹ ਚਿੰਤਾ ਵਿਚ ਪਏ ਹੋਏ ਇਕ ਦੂਜੇ ਨੂੰ ਦੱਸ-ਪੁੱਛ ਰਹੇ ਸਨ ਕਿ ਹੁਣ ਕੀ ਬਣੂ? ਸਾਰੀਆਂ ਜੇਬਾਂ ਫਰੋਲਦਿਆਂ ਹੋਇਆਂ, ਬੰਤਾ ਸਿੰਘ ਵਾਰ-ਵਾਰ ਮੰਗਲ ਸਿੰਘ ਨੂੰ ਧੀਰਜ ਦੁਆ ਰਿਹਾ ਸੀ। ਕੋਈ ਘੰਟਾ ਭਰ ਉਹ ਦੋਨੋਂ ਉਸ ਬਸ ਸਟਾਪ ਦੇ ਉੱਤੇ ਖੜੇ ਕਿਸੇ ਜਾਣੇ-ਪਛਾਣੇ ਬੰਦੇ ਨੂੰ ਉਡੀਕਦੇ ਰਹੇ। ਉਹ ਇਹ ਵੀ ਸੋਚ ਰਹੇ ਸਨ ਕਿ ਕੋਈ ਆਪਣਾ ਹੀ ਬੰਦਾ ਉੱਧਰ ਆ ਨਿਕਲੇ ਅਤੇ ਜਿਸਨੂੰ ਉਹ ਆਪਣੀ ਪਰੇਸ਼ਾਨੀ ਦੱਸ ਸਕਣ।

ਬੱਸਾਂ ਆਉਂਦੀਆਂ ਅਤੇ ਲੰਘ ਜਾਂਦੀਆਂ ਰਹੀਆਂ। ਇਕ ਬੱਸ ਵਿਚ ਉਹ ਚੜ੍ਹ ਵੀ ਗਏ। ਜਦੋਂ ਟਿਕਟ ਦੇ ਪੈਸੇ ਨਾ ਹੋਣ ਕਾਰਨ ਅਤੇ ਨਾ ਹੀ ਉਨ੍ਹਾਂ ਕੋਲ ਟਰਾਂਸਫਰ (ਟਿਕਟ ਜਿਸ ਨਾਲ਼ ਕਈ ਬੱਸਾਂ ਬਦਲੀਆਂ ਜਾ ਸਕਦੀਆਂ ਹਨ) ਜਾਂ ਬੱਸ ਪਾਸ ਹੋਣ ਕਾਰਨ, ਬੱਸ ਵਾਲੇ ਨੇ ਵੀ ਉਤਾਰ ਦਿੱਤੇ। ਬੋਲੀ ਵੀ ਨਹੀਂ ਸੀ ਆਉਂਦੀ, ਜਿਹੜੀ ਉਹ ਆਪਣੀ ਬਿਪਤਾ ਬੱਸ ਡਰਾਈਵਰ ਨੂੰ ਸਮਝਾ ਸਕਦੇ। ਬੰਤਾ ਸਿੰਘ ਦਾ ਬੱਸ-ਪਾਸ ਵੀ ਬਟੂਏ ਦੇ ਵਿਚ ਹੀ ਚਲੇ ਗਿਆ ਸੀ।

ਠੰਢ ਨਾਲ਼ ਉਨ੍ਹਾਂ ਦੇ ਦੰਦ ਵੱਜ ਰਹੇ ਸਨ।

ਉਨ੍ਹਾਂ ਨੂੰ ਇਕ ਪੰਜਾਬੀ ਬੰਦਾ ਆਪਣਾ ਝੋਲਾ ਚੁੱਕੀ ਬੱਸ ਸਟਾਪ ਵਲ ਨੂੰ ਆਉਂਦਾ ਨਜ਼ਰ ਆਇਆ। ਪਿੱਛੇ ਬੱਸ ਵੀ ਆਪਣੀ ਪੂਰੀ ਰਫ਼ਤਾਰ ਨਾਲ਼ ਆ ਰਹੀ ਸੀ। ਬੰਤਾ ਸਿੰਘ ਨੇ ਝਿਜਕਦੇ ਹੋਏ, ਉਸ ਬੰਦੇ ਦੇ ਕੋਲ ਫਰਿਆਦ ਕੀਤੀ। “ਜੁਆਨਾ, ਸਾਡਾ ਬਟੁਆ ਕਿੱਧਰੇ ਡਿੱਗ ਪਿਆ ਹੈ। ਘਰ ਦੂਰ ਹੈ ਜੇ ਕੁਝ ਮਦਦ ਕਰ ਦੇਵੇਂ ਤਾਂ ਤੇਰੀ ਮਿਹਰਬਾਨੀ ਹੋਊਗੀ।”

“ਭਾਈਆ! ਮੇਰੇ ਕੋਲ ਤਾਂ ਆਪ ਬੱਸ ਪਾਸ ਹੀ ਐ। ਚੇਂਜ ਹੈਨੀ। ਏਦਾਂ ਕਰੋ ਪੈਟਰੋਲ ਪੰਪ ਤੋਂ ਘਰ ਕੁਲੈਕਟ ਫੋਨ ਕਰ ਦਿਓ।”

“ਬੀਬਾ ਜੇ ਉਹ ਕਰ ਸਕਦੇ ਤਾਂ ਦੁੱਖ ਕਾਹਦਾ ਸੀ। ਚਲ ਤੂੰ ਹੀ ਨਾਲ਼ ਚਲ ਕੇ ਹੈਲਪ ਕਰਾ ਦੇਹ।” ਮੰਗਲ ਸਿੰਘ ਨੇ ਆਖਿਆ।

“ਮੇਰਾ ਤਾਂ ਟੈਮ ਟੁੱਟਦਾ ਐ ਭਾਈਆ। ਕਿਸੇ ਹੋਰ ਨੇ ਆ ਹੀ ਜਾਣਾ ਇੱਥੇ, ਉਹਨੂੰ ਕਿਹੋ।” ਤੇ ਉਹ ਛੇਤੀਂ-ਛੇਤੀਂ ਆ ਰਹੀ ਬੱਸ, ਜਿਹੜੀ ਹਾਲੇ ਰੁਕ ਹੀ ਰਹੀ ਸੀ, ਉਸ ਵਿਚ ਛਾਲ ਮਾਰ ਕੇ ਚੜ ਗਿਆ।

ਬੱਸ ਡਰਾਵੀਵਰ ਨੇ ਪੁੱਛਿਆ ਕੀ ਗੱਲ ਹੈ, ਤਾਂ ਉਹ ਬੱਸ ਵਿਚ ਜਾਂਦਾ ਹੋਇਆ ਹੱਸ ਕੇ ਆਖਣ ਲੱਗਾ, “ਕੀ ਦੱਸਾਂ ਭਰਾਵਾ ਸ਼ਰਮ ਆਉਂਦੀ ਐ, ਹੁਣ ਆਪਣੇ ਸਿਆਣੇ-ਬਿਆਣੇ ਲੋਕ ਵੀ ਮੰਗਣ ਲਗ ਪਏ।” ਤੇ ਉਹ ਗੱਲ ਕਰਦੇ-ਕਰਦੇ ਦੋਨੋਂ ਠਹਾਕਾ ਮਾਰ ਕੇ ਹੱਸ ਪਏ।

ਬੰਤਾ ਸਿੰਘ ਅਤੇ ਮੰਗਲ ਸਿੰਘ ਪਾਣੀਓਂ ਪਤਲੇ ਹੋ ਗਏ। ਇੱਕ ਜ਼ਮੀਨ ਵਿਹਲ ਨਹੀਂ ਸੀ ਦੇ ਰਹੀ ਜਿੱਥੇ ਉਹ ਉਸ ਵੇਲੇ ਨਿੱਘਰ ਜਾਂਦੇ।

ਉਨ੍ਹਾਂ ਦੇ ਕੋਲ ਇਕ ਚੀਨਣ ਕੁੜੀ ਖੜੀ ਸੀ। ਜਿਸਨੇ ਦੋ ਤਿੰਨ ਬੱਸਾਂ ਲੰਘਾ ਦਿੱਤੀਆਂ ਸਨ। ਉਹ ਖੜੀ ਸਭ ਕੁਝ ਦੇਖ ਰਹੀ ਸੀ। ਉਨ੍ਹਾਂ ਦੀ ਪਰੇਸ਼ਾਨੀ, ਉਨ੍ਹਾਂ ਨੂੰ ਪੂਰੀ ਬੋਲੀ ਨਾ ਆਉਣਾ। ਉਸਦੇ ਦਿਮਾਗ ਵਿਚ ਇਹ ਗੱਲ ਆ ਗਈ ਕਿ ਇਹ ਜ਼ਰੂਰ ਕਿਸੇ ਨਾ ਕਿਸੇ ਮੁਸੀਬਤ ਵਿਚ ਹਨ। ਜਦੋਂ ਉਹ ਪੰਜਾਬੀ ਆਦਮੀ ਵੀ ਉਨ੍ਹਾਂ ਨੂੰ ਛੱਡ ਗਿਆ ਤਾਂ ਉਨ੍ਹਾਂ ਦੇ ਚਿਹਰੇ ਦੇਖ ਕੇ ਉਸਦਾ ਅੰਦਾਜ਼ਾ ਸਹੀ ਨਿਕਲਿਆ। ਉਹ ਡਰਦੀ-ਡਰਦੀ ਕੋਲ ਆਈ, “ਡੂ ਯੂ ਨੀਡ ਹੈਲਪ?”

ਇੰਨੀ ਅੰਗ੍ਰੇਜ਼ੀ ਬੰਤਾ ਸਿੰਘ ਜਾਣ ਗਿਆ ਸੀ। “ਯੈੱਸ ਪਲੀਜ਼ ਹੈਲਪ।”

“ਯੂ ਹੈਵ ਮਨੀ ਫਾਰ ਦਾ ਬੱਸ?” ਉਸਨੇ ਪੁੱਛਿਆ।

“ਨੋ ਮਨੀ। ਪਰਸ ਗੌਨ। ਹੈਲਪ।” ਬੰਤਾ ਸਿੰਘ ਆਖ ਰਿਹਾ ਸੀ।

“ਯੂ ਨੋ ਵਿਅਰ ਟੂ ਗੈਟ ਔਫ?” ਉਹ ਹੱਥਾਂ ਦੇ ਇਸ਼ਾਰਿਆਂ ਨਾਲ ਪੁੱਛ ਰਹੀ ਸੀ ਕਿ ਤੁਸੀਂ ਕਿੱਥੇ ਉਤਰਨਾ ਹੈ।

“ਯੈੱਸ … ਯੈੱਸ ਪਲੀਜ਼।”

ਅਗਲੀ ਬੱਸ ਆਉਂਦੀ ਦਿਖਾਈ ਦਿੱਤੀ। ਉਸ ਕੁੜੀ ਨੇ ਹੱਥ ਖੜਾ ਕਰਕੇ ਰੋਕ ਲਈ।

ਉਹ ਬੱਸ ਡਰਾਈਵਰ ਨੂੰ ਸਾਰੀ ਕਹਾਣੀ ਦੱਸਣ ਲੱਗੀ ਅਤੇ ਦੋ ਟਰਾਂਸਫਰ ਟਿਕਟ ਲੈ ਕੇ ਉਸਨੇ ਉਨ੍ਹਾਂ ਦੋਹਾਂ ਦੇ ਹੱਥ ਫੜਾ ਦਿੱਤੇ। ਬੱਸ ਡਰਾਈਵਰ ਨੂੰ ਵੀ ਹਦਾਇਤ ਦੇ ਦਿੱਤੀ ਕਿ ਉਹ ਉਨ੍ਹਾਂ ਦਾ ਖਿਆਲ ਰੱਖੇ।

ਬੰਤਾ ਸਿੰਘ ਅਤੇ ਮੰਗਲ ਸਿੰਘ ਬੱਸ ਚੜ੍ਹਨ ਤੋਂ ਪਹਿਲਾਂ ਉਸ ਕੁੜੀ ਨੂੰ ਪੁੱਛ ਰਹੇ ਸਨ, “ਨੇਮ? ਟੈਲੀਫੂਨ ਨੰਬਰ? ਮਨੀ ਬੈਕ।”

“ਡੌਂਟ ਵਰੀ। ਆਈ ਐਮ ਗਲੈਡ ਆਈ ਕੁੱਡ ਹੈਲਪ। ਚਿੰਤਾ ਨਾ ਕਰੋ। ਮਦਦ ਕਰ ਕੇ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ।” ਉਸ ਕੁੜੀ ਨੇ ਕਿਹਾ।

“ਨੇਮ …? ਬੰਤਾ ਸਿੰਘ ਫੇਰ ਪੁੱਛ ਰਿਹਾ ਸੀ।

“ਮਾਈ ਨੇਮ ਇੱਜ਼ ਐਨਾ।” ਉਸਨੇ ਹੱਸ ਕੇ ਦੱਸਿਆ।

“ਥੈਂਕਯੂ … ਐਨਾ” ਆਖਦੇ ਹੋਏ, ਜਿਵੇਂ ਉਹ ਦੋਨੋਂ, ਉਸ ਕੁੜੀ ਦੇ ਸਿਰ ਤੇ ਪਿਆਰ ਦੇ ਰਹੇ ਹੋਣ। ਚਲਦੀ ਬੱਸ ਵਿਚ ਉਹ ਪਿੱਛਾ ਮੁੜ-ਮੁੜ ਕੇ ਐਨਾ ਵੱਲ ਤੱਕ ਰਹੇ ਸਨ। ਫਾਲ ਸੀਜ਼ਨ (ਪਤਝੱੜ) ਕਾਰਨ ਠੰਡੀ ਹਵਾ ਵਗ ਰਹੀ ਸੀ ਅਤੇ ਸੁੱਕੇ ਪੱਤੇ ਆਲੇ ਦੁਆਲੇ ਭਟਕ ਰਹੇ ਸਨ
***
306
***

(ਈ-ਮੇਲ ਰਾਹੀਂ: 26 ਅਪਰੈਲ 2002 ਨੂੰ)
ਦੂਜੀ ਵਾਰ 31 ਅਗਸਤ 2021 ਨੂੰ

ਇਹ ਰਚਨਾ ਲਿਖਾਰੀ’  ਦੇ ਸਹਿਯੋਗੀ ਕੰਵਰ ਬਰਾੜ ਦੇ ਉੱਦਮ ਸਦਕਾ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤਲਿਖਾਰੀ.ਨੈੱਟਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।ਲਿਖਾਰੀ

****

ਬਲਬੀਰ ਕੌਰ ਸੰਘੇੜਾ
2945 Gulfstream Way
Mississauga, Ont. (Canada)
L5N 6J9

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਬਲਬੀਰ ਕੌਰ ਸੰਘੇੜਾ
2945 Gulfstream Way
Mississauga, Ont. (Canada)
L5N 6J9

ਬਲਬੀਰ ਕੌਰ ਸੰਘੇੜਾ

ਬਲਬੀਰ ਕੌਰ ਸੰਘੇੜਾ 2945 Gulfstream Way Mississauga, Ont. (Canada) L5N 6J9

View all posts by ਬਲਬੀਰ ਕੌਰ ਸੰਘੇੜਾ →