ਕੁਸੱਤ - ਪੰਜਾਬੀ ਕਹਾਣੀ - ਬਲਬੀਰ ਕੌਰ ਸੰਘੇੜਾ (ਕੈਨੇਡਾ)
ਦਰ ਵੜਦਿਆਂ ਮੇਰਾ ਮੱਥਾ ਠਣਕਿਆ। ਘਰ ਵਿਚ ਸੁੰਨ ਮਸਾਣ ਸੀ। ਸਾਂ-ਸਾਂ ਦੀ ਆਵਾਜ਼ ਕੰਨਾਂ ਨੂੰ ਕੁਰੇਦ ਰਹੀ ਸੀ। ਚੁੱਪ ਦਾ ਸ਼ੋਰ ਜਿਵੇਂ ਮੇਰੇ ਅੰਦਰ ਨੂੰ ਹਿਲੂਨਣ ਲੱਗ ਪਿਆ। ਚੁੱਪ ਡਰਾਉਣੀ ਹੁੰਦੀ ਐ, ਤੇ ਮੈਂ ਵੀ ਡਰਨ ਲੱਗ ਪਈ।
ਮੈਂ ਪੰਝੀ ਦਿਨਾਂ ਬਾਅਦ ਆਪਣੇ ਘਰ ਪਰਤੀ ਸਾਂ। ਦੇਵ ਮੈਨੂੰ ਕਿੱਧਰੇ ਦਿਖਾਈ ਨਾ ਦਿੱਤਾ। ਅੱਵਲ ਤਾਂ ਉਸਨੂੰ ਏਅਰ ਪੋਰਟ ਤੇ ਪਹੁੰਚਣਾ ਚਾਹੀਦਾ ਸੀ, ਮੈਂ ਮਨ ‘ਚ ਸੋਚਿਆ। ਮੈਂ ਏਅਰਪੋਰਟ ਤੇ ਵੀ ਬਥੇਰਾ ਆਲਾ-ਦੁਆਲਾ ਦੇਖਿਆ। ਘੰਟਾ ਭਰ ਦੇਵ ਦੀ ਇੰਤਜ਼ਾਰ ਵੀ ਕੀਤੀ। ਘਰ ਟੈਲੀਫੋਨ ਮਿਲਾਇਆ, ਪਰ ਕੋਈ ਉੱਤਰ ਨਾ ਮਿਲਿਆ। ਉਸਦੇ ਸੈੱਲ-ਫੋਨ ਤੇ ਫੋਨ ਕੀਤਾ, ਸੈੱਲ-ਫੋਨ ਬੰਦ ਸੀ। ਮੈਂ ਆਪਣੀ ਸੱਸ ਨੂੰ ਫੋਨ ਕੀਤਾ, ਉਸਨੇ ਵੀ ਫੋਨ ਨਾ ਚੁੱਕਿਆ। ਮੈਂ ਤਾਂ ਸੋਚਿਆ ਸ਼ਾਇਦ ਉਹ ਕਿੱਧਰੇ ਬਾਹਰ ਗਈ ਹੋਵੇਗੀ। ਪਰ ਨਹੀਂ, ਮੈਨੂੰ ਬਾਅਦ ਵਿਚ ਪਤਾ ਲੱਗਾ ਕਿ ਇਹ ਸਭ ਸਾਜ਼ਿਸ਼ ਦੀ ਇੱਕੋ ਲੜੀ ਵਿਚ ਪਰੋਤੇ ਮਣਕੇ ਸਨ। … ਤੇ ਮੈਂ ਕਮਲੀ, ਖਿੱਝਦੀ-ਖਪਦੀ, ਸਿਰ ਪਟਕਦੀ ਹੋਈ ਟੈਕਸੀ ਲੈ ਕੇ ਘਰ ਪਹੁੰਚ ਗਈ। ਸ਼ੁਕਰ ਐ, ਮੇਰੇ ਕੋਲ ਘਰ ਦੀ ਕੁੰਜੀ ਹੈ ਸੀ। ਜੇ ਨਾ ਹੁੰਦੀ ਤਾਂ ਮੈਂ ਕੀ ਕਰਦੀ?
ਦਰ ਵੜਦਿਆਂ ਮੈਂ ਦੇਵ ਨੂੰ ਆਵਾਜ਼ਾਂ ਦਿੱਤੀਆਂ। ਭਾਵੇਂ ਮੈਨੂੰ ਪਤਾ ਸੀ ਕਿ ਉਹ ਘਰ ਨਹੀਂ ਸੀ। ਉਸਨੇ ਮੇਰਾ ਫੋਨ ਜੁ ਨਹੀਂ ਸੀ ਚੁੱਕਿਆ। ਬੱਚਿਆਂ ਨੂੰ ਅਵਾਜ਼ਾਂ ਦਿੱਤੀਆਂ, “ਹੈਲੋ ਹਨੀ, ਮੈਂ ਆ ਗਈ ਹਾਂ। ਕਿੱਥੇ ਓਂ ਸਾਰੇ?”
ਮੈਨੂੰ ਕੋਈ ਉੱਤਰ ਨਾ ਮਿਲਿਆ। ਖਾਲੀ ਹਵਾ ਵਿਚ ਮੇਰੀ ਆਵਾਜ਼ ਗੂੰਜਦੀ ਰਹੀ।
ਮੈਂ ਬੱਤੀਆਂ ਜਗਾ ਦਿੱਤੀਆਂ ਤਾਂ ਕਿ ਮੇਰੀ ਇੱਕਲਤਾ ਮੈਨੂੰ ਨਾ ਚੁੱਭੇ ਅਤੇ ਘਰ ਵੱਸਦਾ-ਰੱਸਦਾ ਵੀ ਲੱਗੇ। ਪਰ ਬੱਚਿਆਂ ਦੀ ਹੋਂਦ ਤੋਂ ਬਿਨਾਂ ਘਰ ਮੈਨੂੰ ਉਜਾੜ ਵਾਂਗ ਜਾਪਿਆ। ਮੈਂ ਤਾਂ ਪੂਰੇ ਚੌਦਾਂ ਘੰਟੇ ਪਲ-ਪਲ ਬੱਚਿਆਂ ਨੂੰ ਦੇਖਣ ਲਈ, ਮਿਲਣ ਲਈ, ਬਾਹਵਾਂ ਵਿਚ ਲੈਣ ਲਈ ਤੜਫ਼ਦੀ ਨੇ ਕੱਟੇ ਸਨ। ਸੋਚਾਂ ਹੀ ਸੋਚਾਂ ਵਿਚ ਕਿ “ਬੱਚੇ ਹੁਣ ਕੀ ਕਰ ਰਹੇ ਹੋਣਗੇ? ਕਿਵੇਂ ਟੱਡੀਆਂ ਅੱਖਾਂ ਨਾਲ਼ ਮੇਰੀ ਰਾਹ ਦੇਖ ਰਹੇ ਹੋਣਗੇ। ਕਿਵੇਂ ਮੈਨੂੰ ਉਡੀਕ ਰਹੇ ਹੋਣਗੇ?…ਤੇ ਦੇਵ, ਉਹ ਵੀ ਘਰ ਦੀ ਸਾਫ਼-ਸਫ਼ਾਈ ਵਿਚ ਰੁੱਝਾ ਹੋਵੇਗਾ। ਭਾਵੇਂ ਪੂਰੇ ਤਿੰਨ ਹਫ਼ਤੇ ਉਸਨੇ ਘਰ ਨਾ ਵੀ ਸਾਫ਼ ਕੀਤਾ ਹੋਵੇ … ਮੇਰੇ ਆਉਣ ਦੇ ਚਾਅ ਵਿਚ ਉਹ ਜ਼ਰੂਰ ਮੈਨੂੰ ਖੁਸ਼ ਕਰਨ ਵਾਸਤੇ ਰੁੱਝਾ ਹੋਇਆ ਹੋਣੈ।” ਮੈਂ ਕਿਆਸ ਕਰਦੀ ਰਹੀ।
ਪਰ ਨਹੀਂ, ਕੁੱਝ ਵੀ ਐਸਾ ਨਹੀਂ ਸੀ। ਨਾ ਬੱਚੇ ਮੈਨੂੰ ਉਡੀਕ ਰਹੇ ਸਨ ਤੇ ਨਾ ਹੀ ਦੇਵ। ਘਰ ਸਾਫ਼ ਸੀ। ਬਹੁਤ ਸਾਫ਼। ਇਹ ਸਫ਼ਾਈ ਦੇਖ ਕੇ ਮੇਰਾ ਮੱਥਾ ਠਣਕਿਆ। ਦਿਲ ਧੜਕਿਆ। ਜਿਵੇਂ ਮਨ ਦੀ ਆਵਾਜ਼ ਨੇ ਆਖਿਆ ਹੋਵੇ, ਕੁੱਝ ਗੜ-ਬੜ ਜ਼ਰੂਰ ਹੈ। ਰੱਬ ਖੈਰ-ਮਿਹਰ ਕਰੇ। ਮੈਨੂੰ ਦੇਵ ਦੀ ਆਦਤ ਦਾ ਪਤਾ ਸੀ, ਉਹ ਜਿੱਥੇ ਜੁਰਾਬਾਂ ਲਾਹੁੰਦਾ, ਉੱਥੇ ਹੀ ਸੁੱਟ ਦਿੰਦਾ, ਸਲੀਪਰ ਨੌਰਥ-ਸਾਊਥ ਵੱਲ ਤੁਰੇ ਫਿਰਦੇ। ਕੱਪੜੇ ਜਿੱਥੇ ਲਾਹੁੰਦਾ ਉੱਥੇ ਹੀ ਰੱਖ ਦਿੰਦਾ। ਕੋਟ ਕਦੀ ਹੈਂਗਰ ਵਿਚ ਨਹੀਂ ਸੀ ਟੰਗਿਆ।… ਤੇ ਅੱਜ? ਘਰ ਚਮਕ ਰਿਹਾ ਸੀ। ਹਰ ਵਸਤ ਆਪਣੇ ਥਾਂਹ ਸਿਰ ਟਿਕੀ ਪਈ ਸੀ।
ਪੂਰਾ ਘੰਟਾ ਮੈਂ ਘਰ ਵਿਚ ਤੁਰੀ ਫਿਰਦੀ ਰਹੀ। ਫੋਨ ਡਾਇਲ ਕਰਕੇ ਪਤਾ ਕਰਦੀ ਰਹੀ। ਕਦੀ ਦੇਵ ਦਾ ਨੰਬਰ ਮਿਲਾਵਾਂ ਤੇ ਕਦੀ ਬੀਜੀ ਦੇ ਘਰ ਦਾ। ਇੱਕ ਦੋ ਮਿੱਤਰਾਂ-ਦੋਸਤਾਂ ਨੂੰ ਫੋਨ ਕਰ ਬੈਠੀ। ਕਿਸੇ ਨੂੰ ਦੇਵ ਦੀ ਅਤੇ ਬੱਚਿਆਂ ਦੀ ਕੋਈ ਖ਼ਬਰ-ਸਾਰ ਨਹੀਂ ਸੀ।
ਰਾਤ ਦਾ ਹਨੇਰਾ ਪਸਰ ਰਿਹਾ ਸੀ। … ਤੇ ਮੇਰੀ ਚਿੰਤਾ ਵੱਧ ਰਹੀ ਸੀ। “ਕਿੱਥੇ ਹਨ ਬੱਚੇ? ਜ਼ਰੂਰ ਦੇਵ ਉਨ੍ਹਾਂ ਨੂੰ ਬਾਹਰ ਲੈ ਕੇ ਗਿਆ ਹੋਵੇਗਾ”, ਮੈਂ ਆਪਣੇ ਮਨ ਨਾਲ਼ ਸਮਝੌਤੇ ਕਰਦੀ ਰਹੀ। ਰੋਹ ਮਨ ਵਿਚ ਉਬਾਲੇ ਵੀ ਖਾਂਦਾ ਰਿਹਾ ਕਿ ਮੈਂ ਤਾਂ ਦੇਵ ਨੂੰ ਦਿੱਲੀ ਤੋਂ ਫੋਨ ਕਰਕੇ ਆਪਣੀ ਫਲਾਈਟ ਬਾਰੇ ਦੱਸ ਦਿੱਤਾ ਸੀ। ਮੈਂ ਇਹ ਵੀ ਪਛਤਾਉਂਦੀ ਰਹੀ ਕਿ ਸ਼ਾਇਦ ਮੈਥੋਂ ਗ਼ਲਤ ਵਕਤ ਦੇ ਦਿੱਤਾ ਗਿਆ ਹੋਵੇ, ਜਾਂ ਫਲਾਈਟ ਨੰਬਰ ਗ਼ਲਤ ਦਿੱਤਾ ਗਿਆ ਹੋਵੇ।… ਕੀ ਹੋ ਸਕਦਾ ਹੈ?
… ਤੇ ਮੈਂ ਫੇਰ ਇਸ ਗੱਲ ਦੀ ਚਿੰਤਾ ਕਰਨ ਲੱਗ ਪਈ ਕਿ ‘ਕਿੱਧਰੇ ਮੈਂ ਉਸਨੂੰ ਏਅਰ ਪੋਰਟ ਤੇ ਹੀ ਮਿੱਸ ਨਾ ਕਰ ਦਿੱਤਾ ਹੋਵੇ। ਕਿੱਥੇ ਬੱਚੇ ਤੇ ਦੇਵ ਮੈਨੂੰ ਭਾਲਦੇ, ਭਟਕਦੇ ਤੁਰੇ ਫਿਰਦੇ ਹੋਣਗੇ?’
ਸੋਚਿਆ, ‘ਕੀ ਮੈਨੂੰ ਵਾਪਸ ਏਅਰਪੋਰਟ ਉਨ੍ਹਾਂ ਨੂੰ ਭਾਲਣ ਚਲੀ ਜਾਣਾ ਚਾਹੀਦਾ ਹੈ?’
ਮੈਂ ਗੈਰਾਜ਼ ਦੀ ਡੋਰ ਖੋਲ ਕੇ ਦੇਖੀ, ਮੇਰੀ ਕਾਰ ਗੈਰਾਜ ਵਿਚ ਹੀ ਸੀ। ਮੈਂ ਫੇਰ ਕੁੱਝ ਮਿੰਟ ਉਡੀਕਣ ਵਾਸਤੇ ਘਰ ਅੰਦਰ ਆ ਗਈ। ਕੁੱਝ ਕਰਨ ਨੂੰ ਵੀ ਜੀਅ ਨਹੀਂ ਸੀ ਕਰਦਾ। ਕੀ ਕੀਤਾ ਜਾਵੇ? ਰਿੰਨਣ ਪਕਾਉਣ ਤੋਂ ਬਿਨਾਂ ਔਰਤ ਕੀ ਸੋਚ ਸਕਦੀ ਹੈ? ਮੈਂ ਆਪਣੇ ਮਨ ਨਾਲ਼ ਹੀ ਸਮਝੌਤਾ ਕੀਤਾ ਕਿ ਮੈਨੂੰ ਕੁੱਝ ਦੇਰ ਠਹਿਰ ਜਾਣਾ ਚਾਹੀਦਾ ਹੈ। ਦੇਵ ਦੀ ਉਡੀਕ ਕਰਨੀ ਚਾਹੀਦੀ ਹੈ। ਇਹ ਨਾ ਹੋਵੇ ਬੀਜੀ ਵੱਲੋਂ ਖਾ-ਪੀ ਕੇ ਹੀ ਆਉਣ। ਜੇ ਨਹੀਂ ਵੀ ਤਾਂ ਪੀਜ਼ਾ ਮੰਗਵਾ ਲਵਾਂਗੇ। ਵੈਸੇ ਵੀ ਮੈਂ ਸਫ਼ਰ ਦੀ ਥੱਕੀ-ਟੁੱਟੀ ਪਈ ਹਾਂ।
ਮੈਂ ਰਸੋਈ ਵਿਚ ਗਈ, ਕੈਟਲ ਦਾ ਪਲੱਗ ਔਨ ਕਰ ਦਿੱਤਾ। ਮਿੰਟਾਂ ਵਿਚ ਸੀਟੀਆਂ ਮਾਰਦਾ ਪਾਣੀ ਮੈਨੂੰ ਅਵਾਜ਼ਾਂ ਮਾਰ ਰਿਹਾ ਸੀ। ਮੈਂ ਟੀ-ਬੈਗ ਕੱਪ ਵਿਚ ਧਰ ਕੇ ਉਬਲਦਾ ਪਾਣੀ ਪਾਇਆ, ਤੇ ਚਾਹ ਦੀ ਪਿਆਲੀ ਲੈ ਕੇ ਫੈਮਿਲੀ ਰੂਮ ਵਿਚ ਆ ਬੈਠੀ। ਚਾਹ ਦੀਆਂ ਤੱਤੀਆਂ ਚੁਸਕੀਆਂ ਨੇ ਮਨ ਸੋਚਾਂ ਦੀ ਘੁੰਮਣਘੇਰੀ ਵਿਚ ਗੋਤੇ ਖਾਣ ਲਾ ਦਿੱਤਾ।
ਜਦੋਂ ਨੂੰ ਬਾਹਰਲੇ ਦਰਵਾਜ਼ੇ ਵਿਚ ਕਿਸੇ ਕੁੰਜੀ ਦੇ ਘੁੰਮਣ ਦੀ ਆਵਾਜ਼ ਮੇਰੇ ਕੰਨਾ ਵਿਚ ਪਈ। ਮੈਂ ਕੱਪ ਨੂੰ ਉਸੇ ਤਰ੍ਹਾਂ ਫੜੀ, ਦੌੜ ਕੇ ਜਾ ਕੇ ਦਰ ਖੋਲ੍ਹਿਆ। ਇਹ ਦੇਵ ਹੀ ਸੀ। ਇਕੱਲਾ। ਬੱਚੇ ਉਸਦੇ ਨਾਲ਼ ਨਹੀਂ ਸਨ।
ਮਿੰਟ ਕੁ ਲਈ ਦੇਵ ਨੂੰ ਦੇਖ ਕੇ ਮੈਂ ਖਿੜ ਗਈ। ਮੇਰੀ ਥਕਾਨ, ਮੇਰੀ ਚਿੰਤਾ, ਮਿੰਟ ਵਿਚ ਜਿਵੇਂ ਛੂ-ਮੰਤਰ ਹੋ ਗਈ। ਪਰ ਬੱਚੇ ਨਾਲ਼ ਨਾ ਹੋਣ ਦੀ ਚਿੰਤਾ ਮੇਰੇ ਮਨ ਦੇ ਕਿਸੇ ਕੋਨੇ ਨੂੰ ਕੁਰੇਦ ਗਈ। ਮੈਂ ਦੇਵ ਦੇ ਪਿੱਛੇ ਅਤੇ ਦਰਾਂ ਦੇ ਬਾਹਰ ਤਕ ਨਜ਼ਰ ਘੁੰਮਾ ਕੇ ਦੇਖਿਆ, ਉਹ ਮੈਨੂੰ ਕਿੱਧਰੇ ਵੀ ਦਿਖਾਈ ਨਾ ਦਿੱਤੇ। ਮੇਰੇ ਅੰਦਰ ਇੱਕ ਡੋਬ ਜਿਹਾ ਪਿਆ।
ਮੇਰੀ ਨਜ਼ਰ ਸੜਕ ‘ਤੇ ਦੂਰ, ਸੜਕਾਂ ਦੇ ਕੋਨਿਆਂ ਨਾਲ਼ ਟਕਰਾਅ ਕੇ ਮੁੜ ਰਹੀ ਸੀ।
ਮੈਂ ਆਪਣੀ ਨਜ਼ਰ ਨੂੰ ਸੜਕਾਂ ਤੋਂ ਮੋੜ ਕੇ ਦੇਵ ਤੇ ਗੱਡ ਦਿੱਤਾ, “ਦੇਵ ਬੱਚੇ?” ਮੇਰੇ ਮੂੰਹੋਂ ਮਸਾਂ ਰੁਕ ਕੇ ਆਖਿਆ ਗਿਆ।
“ਸਹੀ ਸਲਾਮਤ ਨੇ । ਕੁਛ ਨ੍ਹੀ ਹੋਇਆ ਉਨ੍ਹਾਂ ਨੂੰ।” ਦੇਵ ਨੇ ਬਿਨਾਂ ਨਜ਼ਰ ਮਿਲਾਉਣ ਤੋਂ ਉੱਤਰ ਦਿੱਤਾ।
“ਫੇਰ ਵੀ? ਕਿੱਥੇ ਹਨ?” ਮੈਨੂੰ ਅਚਵੀ ਜਿਹੀ ਲੱਗੀ ਹੋਈ ਸੀ। ਜਿਵੇਂ ਅੰਦਰ ਆਖ ਰਿਹਾ ਹੋਵੇ, ਕੁੱਝ ਵੀ ਠੀਕ ਨਹੀਂ ਜਾਪਦਾ।
ਦੇਵ ਨੇ ਖੰਘੂਰਾ ਜਿਹਾ ਮਾਰਿਆ ਜਿਵੇਂ ਤਾਕਤ ਇਕੱਠੀ ਕਰ ਰਿਹਾ ਹੋਵੇ, “ਤਿੰਨ ਹਫ਼ਤੇ ਤਾਂ ਉਨ੍ਹਾਂ ਦਾ ਖਿਆਲ ਨ੍ਹੀ ਆਇਆ। ਤੇ ਹੁਣ?” ਦੇਵ ਜਿਵੇਂ ਮੂੰਹ ਨੂੰ ਵਟਾ ਜਿਹਾ ਦਿੰਦਾ ਹੋਇਆ ਆਖਣ ਲੱਗਾ।
ਮੈਨੂੰ ਦੇਵ ਦੀ ਅਵਾਜ਼ ਓਪਰੀ ਜਾਪੀ। ਰੁੱਖੀ, ਗੁੱਸੇ-ਗਿਲਿਆਂ ਨਾਲ਼ ਭਰਪੂਰ, ਤਨਜ਼ ਭਰੀ। ਪਰ ਮੈਂ ਆਪਣੇ ਅੰਦਰਲੇ ਮਨ ਨੂੰ ਮਾਰ ਕੇ ਪੁੱਛਿਆ, “ਦੇਵ ਤਿੰਨ ਹਫ਼ਤੇ ਮੈਨੂੰ ਮਜ਼ਬੂਰੀ ਵੱਸ ਉਨ੍ਹਾਂ ਤੋਂ ਦੂਰ ਰਹਿਣਾ ਪਿਆ, ਵਰਨਾ ਮੈਂ ਕਦੇ ਐਂਜ ਛੱਡੇ ਹਨ ਪਹਿਲਾਂ? … ਤੇ ਫੇਰ ਚੇਤਾ ਕਿਉਂ ਨਹੀਂ ਆਇਆ? ਮੈਂ ਹਰ ਰੋਜ਼ ਤੁਹਾਨੂੰ ਫੋਨ ਕਰਦੀ ਸੀ। ਬੱਚਿਆਂ ਨਾਲ਼ ਗੱਲ ਕਰਦੀ ਸੀ। ਤੁਹਾਥੋਂ ਹਾਲ-ਚਾਲ ਪੁੱਛਦੀ ਸੀ। ਜੇ ਕਰ ਕੋਈ ਸਮੱਸਿਆ ਸੀ, ਤਾਂ ਕਿਉਂ ਨਹੀਂ ਮੈਨੂੰ ਦੱਸੀ?”
“ਮਜ਼ਬੂਰੀ? … ਮਜ਼ਬੂਰੀ ਤਾਂ ਤੇਰੇ ਮਨ ਦੀ ਕਾਢ ਵੀ ਹੋ ਸਕਦੀ ਐ। ਹੋਰ ਕੁੱਝ ਨ੍ਹੀ। ਫੋਨ ਦਾ ਕੀ ਐ, ਆਂਢ-ਗੁਆਂਢ ਵੀ ਫੋਨ ਮਾਰ ਕੇ ਪੁੱਛ-ਦੱਸ ਲੈਂਦੇ ਹਨ।” ਦੇਵ ਨੇ ਮੂੰਹ ਮੇਰੇ ਵੱਲ ਘੁੰਮਾਏ ਬਿਨਾਂ ਆਖ ਦਿੱਤਾ।
ਮੈਨੂੰ ਦੇਵ ਦੇ ਬੋਲਾਂ ਤੇ ਯਕੀਨ ਨਾ ਆਇਆ। ਮੈਨੂੰ ਧਰਤ ਘੁੰਮਦੀ ਜਾਪੀ। ਮੈਂ ਜਿਵੇਂ ਕੰਨਾਂ ਨੂੰ ਜ਼ੋਰ ਲਾ ਕੇ ਖੋਲਿਆ। ਮੇਰਾ ਸ਼ੱਕ ਹੋਰ ਵੀ ਪੱਕਾ ਹੋ ਗਿਆ ਕਿ ਕੁੱਝ ਗੜ-ਬੜ ਜ਼ਰੂਰ ਹੈ। ਇਸ ਤੋਂ ਅੱਗੇ ਪੁੱਛਣ ਦਾ ਮੇਰਾ ਜੇਰਾ ਨਾ ਪਿਆ। ਮੇਰੇ ਅੰਦਰ ਪੈਂਦਾ ਡੋਬ ਆਖ ਰਿਹਾ ਸੀ ਕਿ ਪਤਾ ਨਹੀਂ ਤੈਨੂੰ ਕੀ ਕੁੱਝ ਸੁਣਨਾ ਪੈ ਜਾਵੇ। ਮੈਂ ਆਪਣੇ ਆਪ ਨੂੰ ਸ਼ਾਂਤ ਰੱਖਦੇ ਹੋਏ ਆਖਿਆ, “ਦੇਵ, ਪਰੇਸ਼ਾਨ ਲਗਦੈਂ? ਕੀ ਗੱਲ ਐ? ਕੋਈ ਕੰਮ ਤੇ ਪਰੇਸ਼ਾਨੀ …? ਦੱਸੇਂ ਵੀ?” ਪਰ ਮੇਰਾ ਅੰਦਰਲਾ ਮਨ ਆਖ ਰਿਹਾ ਸੀ ਕਿ ਜੋ ਕੁੱਝ ਇਸਨੇ ਦੱਸਣਾ ਹੈ, ਉਹ ਮੈਨੂੰ ਨਾ ਹੀ ਸੁਣੇ। ਮੈਂ ਸੋਚ ਰਹੀ ਸਾਂ ਕਿ ਇਹ ਕਿਸ ਤਰ੍ਹਾਂ ਦਾ ਬੰਦਾ ਹੈ, ਜਿਸਨੇ ਮੇਰੀ ਬਿਪਤਾ ਪੁੱਛਣ ਦੀ ਥਾਂ, ਮੇਰੀ ਮਾਂ ਦੀ ਰਾਜ਼ੀ-ਖੁਸ਼ੀ ਪੁੱਛਣ ਦੀ ਥਾਂ, ਮੇਰੀ ਜੁਦਾਈ ਦੀ ਗੱਲ ਕਰਨ ਦੀ ਥਾਂ, ਮੇਰੇ ਘਰ ਆਉਂਦਿਆਂ ਹੀ ਤਾਹਨੇ-ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਕੀ ਹੋ ਗਿਆ ਸੀ ਦੇਵ ਨੂੰ?
“ਨਹੀਂ।” ਉਸਦਾ ਉੱਤਰ ਛੋਟਾ ਜਿਹਾ ਤੇ ਕਿਸੇ ਅਹਿਸਾਸ ਤੋਂ ਸੱਖਣਾ ਸੀ।
ਦੇਵ ਨੂੰ ਮੈਂ ਬਾਰਾਂ ਵਰ੍ਹਿਆਂ ਤੋਂ ਜਾਣਦੀ ਸਾਂ। ਬਾਰਾਂ ਵਰ੍ਹੇ ਹੋ ਗਏ ਸਨ ਸਾਡੇ ਵਿਆਹ ਨੂੰ। ਬਹੁਤੀਆਂ ਗੱਲਾਂ ਤਾਂ ਉਹ ਕਦੇ ਵੀ ਨਹੀਂ ਸੀ ਕਰਦਾ। ਪਰ ਏਸ ਤਰ੍ਹਾਂ ਦੀ ਚੁੱਪ ਇੱਕ ਨਵੀਂ ਕਹਾਣੀ ਸਿਰਜ ਰਹੀ ਸੀ। ਮੇਰੇ ਕੋਲੋਂ ਹੋਰ ਬਹੁਤਾ ਜੇਰਾ ਨਾ ਹੋਇਆ ਤੇ ਮੈਂ ਜਰਾ ਕੁ ਡਟ ਕੇ ਪੁੱਛ ਹੀ ਲਿਆ, “ਬੱਚੇ ਹੈਨ ਕਿੱਥੇ?”
“ਉਹ ਬੀਜੀ ਕੋਲ ਹਨ। ਅੱਜ ਨਹੀਂ ਆਉਣਗੇ।”
“ਅੱਜ ਨਹੀਂ ਆਉਂਣਗੇ? ਕੀ ਮਤਲਬ? ਕਿਉਂ ਨਹੀਂ ਆਉਣਗੇ?” ਸਵਾਲ ਮੈਂ ਠਾਹ ਕਰਦਾ ਜਿਵੇਂ ਦੇਵ ਦੇ ਮੱਥੇ ‘ਚ ਮਾਰਿਆ। ਪਲ ਲਈ ਮੈਂ ਇਹ ਵੀ ਸੋਚਿਆ ਕਿ ਦੇਵ ਸ਼ਾਇਦ ਇਹ ਦਿਨ-ਰਾਤ ਮੇਰੇ ਨਾਲ਼ ਗੁਜ਼ਾਰਨੀ ਚਾਹੁੰਦਾ ਹੋਵੇਗਾ। ਅਸੀਂ ਕਦੀ ਅੱਡ ਹੋਏ ਵੀ ਨਹੀਂ ਸਾਂ। ਮੈਂ ਪਹਿਲੀ ਵੇਰਾਂ ਹੀ ਤਾਂ ਕੱਲੀ ਕਿੱਧਰੇ ਗਈ ਸਾਂ। ਇਹ ਵੀ ਮੈਨੂੰ ਬਿਪਤਾ ਕਾਰਨ ਜਾਣਾ ਪਿਆ ਸੀ। ਮਾਂ ਮੇਰੀ ਕੈਂਸਰ ਨਾਲ਼ ਕਈ ਵਰ੍ਹਿਆਂ ਤੋਂ ਘੋਲ ਕਰ ਰਹੀ ਸੀ। ਉਸ ਜੰਗ ਦੇ ਮੈਦਾਨ ਵਿਚ ਉਸਦੀ ਹਾਰ ਪੱਕੀ ਸੀ। ਪਾਪਾ ਜੀ ਕਹਿੰਦੇ ਸਨ, “ਜਿਉਂਦੀ ਮਾਂ ਦਾ ਮੂੰਹ ਦੇਖ ਜਾ।”
ਦੇਵ ਨੇ ਕੁੜੀਆਂ ਨੂੰ ਮੇਰੇ ਨਾਲ਼ ਨਹੀਂ ਸੀ ਜਾਣ ਦਿੱਤਾ। ਇੱਕ ਤਾਂ ਸਕੂਲ ਦੇ ਦਿਨ ਸਨ ਤੇ ਦੂਜਾ ਉੱਥੋਂ ਦੀ ਗਰਮੀ ਕੁੜੀਆਂ ਤੋਂ ਝੱਲੀ ਨਹੀਂ ਸੀ ਜਾਣੀ। ਮੇਰੇ ਵੀ ਗੱਲ ਮਨ ਲੱਗੀ।
ਮੇਰੇ ਅੰਦਰ ਇੱਕ ਪਲ ਲਈ ਦੇਵ ਵਾਸਤੇ ਮੋਹ ਜਿਹਾ ਜਾਗ ਪਿਆ। ਜੀਅ ਕੀਤਾ ਦੇਵ ਹੁਣੇ ਹੀ ਮੈਨੂੰ ਬਾਹਵਾਂ ਵਿਚ ਸਮੇਟ ਲਵੇ। ਮੈਂ ਭੁੱਲ ਜਾਵਾਂ ਹਰ ਉਸ ਬਿਪਤਾ ਨੂੰ ਜਿਸ ਵਿਚੀ ਮੈਂ ਗੁਜ਼ਰ ਕੇ ਆਈ ਸਾਂ। ਨਾ ਚਾਹੁੰਦਿਆਂ ਹੋਇਆਂ ਵੀ ਵਾਪਿਸ ਪਰਤਣਾ ਪਿਆ ਸੀ। ਮਨ ਨੂੰ ਧਰਵਾਸ ਦੇ ਲਿਆ ਸੀ ਕਿ ਘੱਟੋ-ਘੱਟ ਮੈਂ ਆਪਣੀ ਮਾਂ ਨੂੰ ਦੇਖ ਤਾਂ ਚੱਲੀ ਹਾਂ। ਆਪਣੀ ਸੂਰਤ ਦਿਖਾ ਤਾਂ ਚੱਲੀ ਹਾਂ। ਉਹ ਵੀ ਆਪਣੇ ਅਖੀਰਲੇ ਪਲਾਂ ਵਿਚ ਸ਼ਾਂਤੀ ਨਾਲ਼ ਜਾ ਸਕੇਗੀ। ਮੈਂ ਸੋਚਦੀ ਸਾਂ ਦੇਵ ਮੇਰੇ ਦੁੱਖ ਨੂੰ ਮਹਿਸੂਸ ਕਰਕੇ ਦੁਖੀ ਹੋਇਆ ਹੋਵੇਗਾ। ਮੈਨੂੰ ਦੇਖਦਿਆਂ ਹੀ ਗਲ ਲਾ ਲਵੇਗਾ। ਡੀਕ ਲਵੇਗਾ ਮੇਰਾ ਸਭ ਦੁੱਖ-ਦਰਦ।
ਪਰ ਮੈਂ ਕਿੰਨੀ ਗ਼ਲਤ ਸਾਂ। ਉਸਦੇ ਵਤੀਰੇ ਵਿਚ ਕਹਿਰਾਂ ਦਾ ਅੰਤਰ ਸੀ। ਜਿਸਦੀ ਮੈਨੂੰ ਸਮਝ ਨਹੀਂ ਸੀ ਆ ਰਹੀ। ਮੈਂ ਸ਼ਾਂਤ ਰਹਿੰਦਿਆਂ ਆਖਿਆ, “ਮੈਂ ਦਿੱਲੀ ਤੋਂ ਬੱਚਿਆਂ ਨਾਲ਼ ਗੱਲ ਕੀਤੀ ਸੀ ਦੇਵ, ਤੇ ਮੈਂ ਰਵੀ ਨੂੰ ਭਰੋਸਾ ਦੁਆਇਆ ਸੀ ਕਿ ਅੱਜ ਰਾਤ ਦਾ ਡਿਨਰ ‘ਕੱਠੇ ਕਰਾਂਗੇ। ਰੀਨਾ ਨੂੰ ਆਖਿਆ ਸੀ ਕਿ ਮੈਂ ਢੇਰ ਸਾਰੀਆਂ ਗੱਲਾਂ ਉਸ ਨਾਲ਼ ਕਰਨੀਆਂ ਚਾਹੁੰਦੀ ਹਾਂ। ਤਿੰਨਾ ਹਫ਼ਤਿਆਂ ਵਿਚ ਕੀ ਕੁੱਝ ਵਾਪਰਿਆ ਦੱਸਣਾ-ਪੁੱਛਣਾ ਚਾਹੁੰਦੀ ਹਾਂ। ਜਾਣਦੇ ਹੋ ਕਿਵੇਂ ਕੱਟੇ ਹਨ ਮੈਂ ਇਹ ਪਲ? ਬੱਚਿਆਂ ਤੋਂ ਬਿਨਾਂ, ਤੁਹਾਥੋਂ ਬਿਨਾਂ?” ਮੈਂ ਸਭ ਕੁੱਝ ਇੱਕੋ ਸਾਹੇ ਆਖ ਦਿੱਤਾ।
“ਕੋਈ ਲੋੜ ਨਹੀਂ ਦੱਸਣ-ਪੁੱਛਣ ਦੀ। ਉਹ ਜਿੱਥੇ ਹਨ, ਠੀਕ ਹਨ … ਤੇਰੇ ਬਿਨਾਂ।” ਦੇਵ ਨੇ ਗੁੱਸੇ ਵਿਚ ਆ ਕੇ ਮੂੰਹ ਨੂੰ ਵਟਾ ਜਿਹਾ ਦਿੰਦਿਆਂ ਹੋਇਆਂ ਰੁਕ-ਰੁਕ ਕੇ ਆਖਿਆ।
ਦੇਵ ਨੇ ਨਾ ਮੇਰੀ ਮਾਂ ਦਾ ਹਾਲ ਪੁੱਛਿਆ ਤੇ ਨਾ ਮੇਰਾ। ਸਾਂਝ ਦੀ ਤੰਦ ਐਨੀ ਕਮਜ਼ੋਰ? ਅਹਿਸਾਸ ਦੇ ਛੱਜ ਵਿਚ ਮਘੋਰੇ? ਏਕ ਜੋਤਿ ਦੋਇ ਮੂਰਤੀ, ਦੀ ਜੋਤਿ ਮੈਨੂੰ ਡਗਮਗਾਉਂਦੀ ਥਿੜਕਦੀ ਨਜ਼ਰ ਆਈ ਜਿਵੇਂ ਬੁਝੂੰ-ਬੁਝੂੰ ਕਰ ਰਹੀ ਹੋਵੇ। ਕੀ ਸੀ ਇਸਦਾ ਅਰਥ? ਇੱਕ ਬਾਂਹ ਦੂਜੀ ਨੂੰ ਆਸਰਾ ਨਾ ਦੇਵੇ? ਇੱਕ ਸਾਥੀ ਦੂਜੀ ਦੀ ਸਮੱਸਿਆ ਨਾ ਜਾਣੇ? ਪਰ ਮੈਂ ਸ਼ਾਂਤ ਰਹੀ। ਐਸ ਵੇਲੇ ਮੇਰੀ ਹੋਰ ਜੱਦੋ-ਜਹਿਦ ਜਾਰੀ ਸੀ। ਜਿਵੇਂ ਅੰਦਰ ਜੰਗ ਦਾ ਐਲਾਨ ਕਰਨਾ ਲੋਚ ਰਿਹਾ ਸੀ।
ਆਪਣੀ ਹਿੱਕ ਦਾ ਰੁੱਗ ਭਰਕੇ, ਅੰਦਰ ਦੱਬ ਕੇ ਮੈਂ ਆਖਿਆ, “ਦੇਵ! ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ? ਕੀ ਮੈਂ ਕੋਈ ਭੁੱਲ ਕੀਤੀ ਹੈ? ਜਿਸਦੀ ਸਜ਼ਾ ਮੈਨੂੰ ਦਿੱਤੀ ਜਾ ਰਹੀ ਐ। ਗੱਲ ਹੈ ਕੀ? ਮੈਂ ਵੀ ਜਾਣਾਂ? ਤੁਹਾਡੇ ਰੰਗ-ਢੰਗ ਵਿਚ ਫਰਕ ਕਿਉਂ? ਤੁਹਾਡੀ ਸਲਾਹ ਨਾਲ਼ ਮੈਂ ਗਈ ਸੀ। ਮੈਂ ਮਨ ਮਰਜ਼ੀ ਤਾਂ ਨਹੀਂ ਕੀਤੀ? ਰਹੀ ਗੱਲ ਬੱਚਿਆਂ ਦੀ, … ਉਹ ਮੇਰੇ ਵੀ ਬੱਚੇ ਹਨ। ਮੈਨੂੰ ਵੀ ਉਨ੍ਹਾਂ ਦੀ ਚਿੰਤਾ ਹੈ। ਜੇ ਕਰ ਮੈਂ ਛੱਡ ਕੇ ਗਈ ਸੀ ਤਾਂ ਤੁਹਾਡੇ ਕੋਲ ਅਤੇ ਉਨ੍ਹਾਂ ਦੇ ਦਾਦੀ-ਬਾਬੇ ਕੋਲ ਹੀ ਛੱਡ ਕੇ ਗਈ ਸਾਂ। ਹੋਰ ਲੋਕਾਂ ਕੋਲ ਤਾਂ ਨਹੀਂ ਛੱਡੇ? ਮੈਂ ਹੁਣੇ ਹੀ ਲੈ ਕੇ ਆਉਂਦੀ ਹਾਂ ਉਨ੍ਹਾਂ ਨੂੰ।” ਆਖਦਿਆਂ ਹੋਇਆ, ਮੈਂ ਆਪਣਾ ਕੋਟ ਚੁੱਕ ਕੇ ਪਾਉਣ ਲੱਗ ਪਈ।
ਕਾਰ ਦੀ ਕੁੰਜੀ ਲੈਣ ਮੈਂ ਕਿਚਨ ਵੱਲ ਨੂੰ ਵਧੀ ਤਾਂ ਦੇਵ ਨੇ ਮੈਨੂੰ ਰੋਕ ਲਿਆ। ਉਸਦਾ ਛੇ ਫੁੱਟ ਉੱਚਾ ਕੱਦ ਮੇਰੇ ਅੱਗੇ ਰੁੱਖ ਵਾਂਗ ਆ ਖੜੋਇਆ। ਮੈਂ ਜਿਵੇਂ ਮਿੱਟੀ ਵਿਚ ਧਸਦਾ ਜਾ ਰਿਹਾ ਨਿੱਕਾ ਜਿਹਾ ਜੀਵ ਹੋਵਾਂ। ਉਹ ਅੱਖਾਂ ਅੱਡ ਕੇ ਆਖਣ ਲੱਗਾ, “ਤੂੰ ਉਨ੍ਹਾਂ ਨੂੰ ਨਹੀਂ ਲਿਆ ਸਕਦੀ। ਤੇਰਾ ਉਨ੍ਹਾਂ ਤੇ ਹੱਕ ਈ ਕੋਈ ਨ੍ਹੀ। ਤੂੰ ਤਾਂ ਉਨ੍ਹਾਂ ਨੂੰ ਛੱਡ ਕੇ ਇੰਡੀਆ ਨੂੰ ਦੌੜ ਗਈ ਸੀ। ਕੈਨੇਡੇ ਦੇ ਕਨੂੰਨ ਮੁਤਾਬਿਕ ਤੂੰ ਉਨ੍ਹਾਂ ਨੂੰ ਡਿਜ਼ਰਟ ਕੀਤਾ ਹੈ। ਉਸ ਔਰਤ ਨੂੰ ਕੁੱਝ ਨਹੀਂ ਮਿਲਦਾ ਜਿਹੜੀ ਆਪਣਾ ਘਰ-ਘਾਟ ਛੱਡ ਕੇ ਗਈ ਹੋਵੇ। ਛੋਟੇ-ਛੋਟੇ ਬੱਚੇ ਛੱਡ ਕੇ ਗਈ ਹੋਵੇ।”
“ਕੀ?” ਮੇਰੇ ਮੂੰਹੋਂ ਸਵਾਲ ਦੇ ਤੌਰ ਤੇ ਇਸ ਤਰ੍ਹਾਂ ਨਿਕਲਿਆ ਜਿਵੇਂ ਕੋਈ ਚੀਕ ਨਿੱਕਲਦੀ ਐ। ਮੈਨੂੰ ਮੇਰੇ ਆਪਣੇ ਕੰਨਾਂ ਤੇ ਹੀੰ ਯਕੀਨ ਨਾ ਆਇਆ ਕਿ ਮੈਂ ਹੁਣੇ-ਹੁਣੇ ਕੀ ਸੁਣਿਆ ਹੈ। ਦੇਵ ਦੇ ਬੋਲ ਹਵਾ ਵਿਚ ਉਸੇ ਤਰ੍ਹਾਂ ਗੂੰਜ ਰਹੇ ਸਨ। ਮੇਰੇ ਸਿਰ ਦੁਆਲੇ ਚੱਕਰ ਕੱਢ ਰਹੇ ਸਨ.
ਮੈਂ ਉਲਝੇ ਜਿਹੇ ਆਲਮ ਵਿਚ ਜਿਵੇਂ ਚੀਖ਼ੀ, “ਵੱਟ ਡੂ ਯੂ ਮੀਨ ਬਾਈ ਦੈਟ? ਡਿਜ਼ਰਟ? ਮੈਂ? ਮੈਂ ਕਿਵੇਂ ਬੱਚਿਆਂ ਨੂੰ ਛੱਡ ਸਕਦੀ ਹਾਂ। ਮੈਂ ਪਲ-ਪਲ ਜੀਵਨ ਦਾ ਉਨ੍ਹਾਂ ਦੇ ਲੇਖੇ ਲਾਇਆ ਹੈ। ਦੇਵ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹ ਕੀ ਖਾਂਦੇ ਹਨ ਤੇ ਕੀ ਪਸੰਦ ਕਰਦੇ ਹਨ? ਉਨ੍ਹਾਂ ਦੀ ਰੀਝ ਕੀ ਹੈ, ਉਨ੍ਹਾਂ ਦੇ ਚੁਆਇਸ ਦੇ ਰੰਗ ਕੀ ਹਨ?… ਤੇ ਅੱਜ … ਤੁਹਾਨੂੰ ਉਨ੍ਹਾਂ ਦਾ ਚੇਤਾ ਆ ਗਿਆ …?” … ਮੇਰੇ ਅੰਦਰਲਾ ਰੋਹ ਹੁਣ ਜਿਵੇਂ ਭਾਂਬੜ ਬਣ ਕੇ ਉੱਬਲ ਰਿਹਾ ਸੀ। … ਤੇ ਮੈਂ ਹੋਰ ਵੀ ਗੁੱਸੇ ਵਿਚ ਭੜਕਦੀ ਹੋਈ ਨੇ ਦੇਵ ਨੂੰ ਜਿਵੇਂ ਧੱਫ਼ਾ ਮਾਰ ਕੇ ਧੱਕਾ ਮਾਰਿਆ। ਉਸਦਾ ਦੋ ਸੌ ਪੌਂਡ ਦਾ ਜਿਸਮ, ਮਾਰ ਦੇ ਜੋਸ਼ ਹੇਠਾਂ ਲੜ-ਖੜਾ ਗਿਆ। ਮੈਂ ਬੋਲੀ, “ਦੇਵ! ਛੱਡੋ ਮੇਰਾ ਰਾਹ।” ਮੇਰੇ ਛੋਟੇ ਜਿਹੇ ਜਿਸਮ ਵਿੱਚ ਮਾਂ ਨਾਮੀ ਜੋਸ਼ ਨੇ ਤਰਥੱਲ ਮਚਾਇਆ ਹੋਇਆ ਸੀ।
“ਰਾਹ ਤਾਂ ਮੈਂ ਛੱਡ ਹੀ ਦੇਣੈ। ਬੱਚਿਆਂ ਨੂੰ ਲੈਣ ਜਾਣ ਲਈ ਨਹੀਂ। ਸਿਰਫ਼ ਤੇਰੇ ਏਸ ਘਰੋਂ ਜਾਣ ਲਈ।” ਉਹ ਆਪਣਾ ਆਪਾ ਸਾਂਭਦਾ ਹੋਇਆ ਬੋਲਿਆ।
ਦੇਵ ਦਿਆਂ ਸ਼ਬਦਾਂ ਤੇ ਮੈਨੂੰ ਜਿਵੇਂ ਯਕੀਨ ਹੀ ਨਹੀਂ ਸੀ ਹੋ ਰਿਹਾ ਕਿ ਉਹ ਕੀ ਆਖ ਰਿਹਾ ਸੀ। ਕੀ ਹੋ ਗਿਆ ਸੀ ਦੇਵ ਨੂੰ? ਇਨ੍ਹਾਂ ਤਿੰਨਾ ਹਫ਼ਤਿਆਂ ਵਿਚ? ਮੇਰੀ ਸੁਰੱਖਿਅਤਾ, ਅਸੁਰੱਖਿਅਤਾ ਵਿਚ ਵਟ ਗਈ ਸੀ। ਬਾਰ੍ਹਾਂ ਵਰ੍ਹਿਆਂ ਦੀ ਜ਼ਿੰਦਗੀ ਦਾ ਇਹ ਹਾਲ? ਪਤਾ ਨਹੀਂ ਕਦੋਂ ਔਰਤ ਆਪਣੇ ਆਪ ਤੋਂ ਵੀ ਬੇਗਾਨੀ ਹੋ ਜਾਵੇ? ਕਦੋਂ ਘਰ ਤੋਂ ਬੇ-ਘਰ ਹੋ ਜਾਵੇ? ਮੈਂ ਸਮਝੋਂ ਬਾਹਰ ਸਾਂ।
ਜਦੋਂ ਤੋਂ ਬੀਜੀ ਕੈਨੇਡਾ ਆਈ ਸੀ, ਉਸਦੀ ਇਹੋ ਕੋਸ਼ਿਸ਼ ਰਹੀ ਕਿ ਦੇਵ ਮੈਨੂੰ ਛੱਡ ਦੇਵੇ। ਮੈਂ ਜਿਵੇਂ ਉਸਦੇ ਮਨ ਚੜ੍ਹੀ ਹੀ ਨਾ। ਪਰ ਦੇਵ ਨੇ ਮੈਨੂੰ ਨਹੀਂ ਸੀ ਛੱਡਿਆ।
ਮੈਂ ਵਿਤੋਂ ਵੱਧ ਕੰਮ ਕਰਦੀ, ਬੱਚਿਆਂ ਨੂੰ ਪਾਲਦੀ, ਘਰ-ਬਾਰ ਸਾਂਭਦੀ, ਕਦੀ ਦੇਵ ਨੂੰ ਮੌਕਾ ਹੀ ਨਾ ਦਿੰਦੀ ਕਿ ਕਿਸੇ ਕਿਸਮ ਦੀ ਸ਼ਿਕਾਇਤ ਉਹ ਕਰ ਸਕੇ। ਬਿਮਾਰ-ਠੁਮਾਰ ਵੀ ਹੋਵਾਂ ਤਾਂ ਮੈਂ ਕੁੱਝ ਨਾ ਸਮਝਦੀ। ਬੱਚਿਆਂ ਨੂੰ ਜਨਮ ਤੋਂ ਪਾਲ਼ਦਿਆਂ ਹੋਇਆਂ, ਮੈਂ ਕਦੀ ਦੇਵ ਨੂੰ ਰਾਤਾਂ ਜਾਗਣ ਨਹੀਂ ਸੀ ਦਿੱਤਾ। ਬੱਚੇ ਢਿੱਲੇ-ਮੱਠੇ ਹੋ ਜਾਂਦੇ ਤਾਂ ਮੈਂ ਦੂਜੇ ਕਮਰੇ ਵਿਚ ਉਨ੍ਹਾਂ ਨੂੰ ਲੈ ਕੇ ਜਾ ਲੰਮੀ ਪੈਂਦੀ। ਸੋਚਦੀ ਦੇਵ ਨੇ ਸਵੇਰੇ ਕੰਮ ਤੇ ਜਾਣਾ ਹੈ। ਹਊ ਸੌਂ ਲਵੇ। ਮੈਂ ਆਪ ਔਖੀ ਹੁੰਦੀ ਪਰ ਦੇਵ ਨੂੰ ਔਖਾ ਨਾ ਕਰਦੀ।
… ਤੇ ਫੇਰ ਦੋ ਬੱਚਿਆਂ ਦਾ ਖਰਚਾ, ਘਰ ਦੇ ਬਿੱਲ-ਬੱਤੀਆਂ, ਸਾਡਾ ਗੁਜ਼ਾਰਾ ਔਖਾ ਹੋ ਗਿਆ। ਦੇਵ ਆਖਣ ਲੱਗਾ, “ਕਿਉਂ ਨਾ ਬੀਜੀ ਹੋਰਾਂ ਨੂੰ ਮੰਗਵਾ ਲਈਏ। ਉਹ ਬੱਚੇ ਸਾਂਭਣਗੇ ਤੇ ਆਪਾਂ ਦੋਵੇਂ ਰਲ ਕੇ ਕੰਮ ਕਰਾਂਗੇ।”
ਮੈਨੂੰ ਵੀ ਇਹ ਗੱਲ ਜਚੀ। ਸੋਚਿਆ, ਇਨ੍ਹਾਂ ਮੁਲਕਾਂ ਵਿਚ ਕੰਮ ਤੋਂ ਬਿਨਾਂ ਤਾਂ ਗੁਜ਼ਾਰਾ ਹੈ ਈ ਨਹੀਂ। ਬੇਬੀ ਸਿਟਰ ਰੱਖੀਏ ਤਾਂ ਮੇਰੀ ਤਨਖਾਹ ਬੇਬੀ ਸਿਟਰ ਦੇ ਢਿੱਡ ਪੈ ਜਾਣੀ ਐ। ਬਜ਼ੁਰਗ ਦਾਦੀ-ਬਾਬੇ ਨਾਲ਼ ਘਰ ਦਾ ਮਹੌਲ ਵੀ ਵਾਹਵਾ ਰੌਣਕ ਵਾਲਾ ਰਹੇਗਾ। ਸਪੌਂਸਰਸ਼ਿਪ ਤੋਂ ਕੋਈ ਛੇ-ਅੱਠ ਕੁ ਮਹੀਨੇ ਬਾਅਦ ਬੀਜੀ ਤੇ ਭਾਪਾ ਜੀ ਆ ਗਏ। ਤਿੰਨ ਬੈੱਡਰੂਮ ਦਾ ਘਰ ਵੀ ਸਾਨੂੰ ਛੋਟਾ ਲੱਗਣ ਲੱਗ ਪਿਆ। ਮੈਨੂੰ ਕੰਮ ਮਿਲਦਿਆਂ ਹੀ ਅਸੀਂ ਔਖੇ ਹੋਕੇ ਚਾਰ ਬੈੱਡਰੂਮ ਦਾ ਘਰ ਖਰੀਦ ਲਿਆ। ਬੀਜੀ ਤੇ ਭਾਪਾ ਜੀ ਬੱਚੇ ਸਾਂਭ ਲੈਂਦੇ ਤੇ ਅਸੀਂ ਦੋਨੋਂ ਕੰਮ ਤੇ ਚਲੇ ਜਾਂਦੇ। ਦਾਲ ਸਬਜ਼ੀ ਬੀਜੀ ਬਣਾ ਲੈਂਦੇ ਤੇ ਚਾਰ ਰੋਟੀਆਂ ਮੈਂ ਆ ਕੇ ਥੱਪ ਲੈਂਦੀ। ਬੀਜੀ ਦੀ ਥੋੜੀ ਬਹੁਤੀ ਨੁਕਤਾ ਚੀਨੀ ਦੀ ਆਦਤ ਸੀ। ਮੈਂ ਜਿਵੇਂ ਉਨ੍ਹਾਂ ਦੇ ਮਨ ਦੇ ਚੌਖਟੇ ਵਿੱਚ ਫਿੱਟ ਹੋਈ ਹੀ ਨਾ। ਘਰ ਦਾ ਕੋਈ ਕੰਮ ਮੈਂ ਠੀਕ ਢੰਗ ਨਾਲ਼ ਜਿਵੇਂ ਕਰ ਹੀ ਨਾ ਸਕਦੀ। ਕੰਮ ਤੋਂ ਪਰਤਦਿਆਂ ਹੋਇਆਂ ਪੰਜ-ਦਸ ਮਿੰਟ ਲੇਟ ਹੋ ਜਾਵੋ ਤਾਂ ਉਹ ਕਈ ਤਰ੍ਹਾਂ ਦੇ ਸਵਾਲ ਪੁੱਛਦੇ। ਫੇਰ ਜਦੋਂ ਦੇਵ ਰੋਟੀ ਖਾਣ ਬੈਠਦੇ ਤਾਂ ਇਸ਼ਾਰੇ ਮਾਤਰ ਗੱਲ ਕਰਦੇ ਹੋਏ ਦੇਵ ਨੂੰ ਦੱਸਣਾ ਚਾਹੁੰਦੇ ਕਿ ਮੈਂ ਘਰ ਦੇਰ ਨਾਲ਼ ਪਹੁੰਚੀ ਹਾਂ।
ਪਰ ਦੇਵ ਤੇ ਕਿਸੇ ਗੱਲ ਦਾ ਅਸਰ ਨਾ ਹੁੰਦਾ।
ਜਦੋਂ ਉਨ੍ਹਾਂ ਨੂੰ ਆਇਆਂ ਨੂੰ ਕੋਈ ਦੋ ਕੁ ਸਾਲ ਹੋ ਗਏ ਤਾਂ ਮੈਂ ਇੱਕ ਦਿਨ ਬੀਜੀ ਨੂੰ ਆਖ ਹੀ ਦਿੱਤਾ, “ਬੀਜੀ ਤੁਸੀਂ ਇੱਦਾਂ ਦੀਆਂ ਗੱਲਾਂ ਕਿਉਂ ਕਰਦੇ ਹੋ? ਕਿਉਂ ਚਾਹੁੰਦੇ ਹੋ ਕਿ ਸਾਡੇ ਵਿਚ ਲੜਾਈ ਹੋਵੇ? ਤੁਸੀਂ ਨ੍ਹੀ ਚਾਹੁੰਦੇ ਕਿ ਤੁਹਾਡੇ ਪੁੱਤ ਦਾ ਘਰ ਸੁੱਖੀ-ਸਾਂਦੀ ਵੱਸਦਾ-ਰੱਸਦਾ ਰਹਵੇ?”
ਬੀਜੀ ਨਹੀਂ ਬੋਲੇ। ਬੱਸ ਮੇਰੇ ਨਾਲ਼ ਵੱਟ ਜਿਹੇ ਹੋ ਗਏ। ਮੈਂ ਬੜਾ ਪਛਤਾਈ। ਪਰ ਹੁਣ ਕੀ ਹੋ ਸਕਦਾ ਸੀ, ਜੋ ਗੱਲ ਹੋ ਚੁੱਕੀ ਸੀ ਉਸਨੂੰ ਬਦਲਿਆ ਨਹੀਂ ਸੀ ਜਾ ਸਕਦਾ।
ਇੱਕ ਦਿਨ ਸਾਡੀ ਗੁਆਂਢਣ ਚੰਨਣ ਕੋਰ ਮੇਰੇ ਘਰ ਆੳੁਂਦੀ ਨੂੰ ਆਈ ਬੈਠੀ ਸੀ। ਪਤਾ ਨਹੀਂ ਕੀ ਗੱਲਾਂ ਹੁੰਦੀਆਂ ਰਹੀਆਂ ਹੋਣਗੀਆਂ। ਮੈਨੂੰ ਦਰ ਵੜਦੀ ਨੂੰ ਤਾਂ ਏਨਾਂ ਹੀ ਸੁਣਾਈ ਦਿੱਤਾ, “ਕੰਮ ਤਾਂ ਨੇ ਜਾਣੀਏਂ ਕਦੋਂ ਦੀਆਂ ਛੱਡ ਦੇਂਦੀਆਂ, ਫਿਰਦੀਆਂ ਹੋਣੀਆਂ ਨੇ ਸ਼ੌਪਾਂ ਵਿਚ। ਪਿੱਛੇ ਹੁੰਦੀਆਂ ਤਾਂ ਗੁਤਨੀਆਂ ਹੱਥ ਫੜਾ ਦਿੰਦੀਆਂ। ਪਰ ਐਨਾਂ ਮੁਲਕਾਂ ‘ਚ? ਤੌਬਾ-ਤੌਬਾ।”
“ਸਾਨੂੰ ਮੰਗਵਾ ਕੇ ਦੇ ਦਿੱਤਾ ਬਲੀ ਦੇ ਬੂਥੇ। ਛੱਡ ਜਾਂਦੀ ਐ ਛਿੱਟਾਂ ਸਾਡਾ ਸਿਰ ਖਾਣ ਲਈ। ਐਹ ਉਮਰ ਐ ਸਾਡੀ ਰੌਲਾ-ਗੌਲਾ ਝੱਲਣ ਦੀ।” ਬੀਜੀ ਵੀ ਜਿਵੇਂ ਰੋਣ ਹਾਕੇ ਹੋਏ ਪਏ ਸਨ।
ਮੇਰੇ ਆਉਣ ਦਾ ਖੜਾਕ ਸੁਣ ਕੇ ਦੋਨੋਂ ਠਠੰਬਰ ਜਿਹੀਆਂ ਗਈਆਂ ਤੇ ਚੰਨਣ ਕੋਰ, “ਚਲਦੀ ਆਂ ਭੈਣਾਂ। ਲੈ ਸ਼ਰਨ ਵੀ ਆ ਗਈ। ਮੈਂ ਵੀ ਕਰਦੀ ਆਂ ਜਾਕੇ ਕੋਈ ਰੋਟੀ ਪਾਣੀ ਦਾ ਜੁਗਾੜ।” ਆਖ ਕੇ ਚਲਦੀ ਬਣੀ।
ਜੀਅ ਤਾਂ ਕੀਤਾ ਕਿ ਗੁਆਂਢਣ ਬੈਠੀ ਤੇ ਹੀ ਉਸਨੂੰ ਚਾਰ ਤੱਤੀਆਂ-ਠੰਢੀਆਂ ਸੁਣਾ ਦਿਆਂ ਕਿ ਨਾ ਤਾਂ ਤੁਸੀਂ ਆਪਣੇ ਘਰ ਵਿਚ ਸੁੱਖ-ਸ਼ਾਂਤੀ ਰੱਖਦੀਆਂ ਹੋ ਤੇ ਨਾ ਦੂਜੇ ਦੇ ਰਹਿਣ ਦਿੰਦੀਆਂ ਹੋ। ਪਰ ਮੈਂ ਚੁੱਪ ਰਹੀ। ਬੀਜੀ ਨੂੰ ਪੁੱਛਣ ਦਾ ਜੇਰਾ ਨਾ ਪਿਆ ਕਿ ਸਮੱਸਿਆ ਕੀ ਹੈ? ਸੋਚਿਆ ਕਿ ਠੰਢੇ ਜਿਗਰੇ ਨਾਲ਼ ਗੱਲ ਕਰਾਂਗੀ। ਹੁਣ ਮੇਰੇ ਅੰਦਰ ਵੀ ਰੋਹ ਘੋਲ ਕਰ ਰਿਹਾ ਹੈ। ਜਦੋਂ ਮਨ ਸ਼ਾਂਤ ਹੋਵੇਗਾ ਤਾਂ ਪੁੱਛ ਲਵਾਂਗੀ। ਠੰਢੇ ਪਾਣੀ ਦਾ ਗਲਾਸ ਪੀ ਕੇ ਮੈਂ ਆਪਣੇ ਕਮਰੇ ਵਿਚ ਚਲੀ ਗਈ।
ਦੋ ਕੁ ਦਿਨ ਬਾਅਦ ਮੈਂ ਬੀਜੀ ਨਾਲ਼ ਗੱਲ ਕੀਤੀ, “ਬੀਜੀ ਜੇ ਕਰ ਕੋਈ ਸਮੱਸਿਆ ਹੈ ਤਾਂ ਮੈਨੂੰ ਦੱਸ ਦਿਆ ਕਰੋ। ਬਾਹਰ ਐਂਵੇ ਲੋਕੀ ਊਠਾਂ ਦੀਆਂ ਡਾਰਾਂ ਬਣਾਉਣ ਲੱਗ ਪੈਂਦੇ ਹਨ।”
“ਕਿਸੇ ਨਾਲ਼ ਗੱਲ ਕਰਨ ਲਈ ਮੈਨੂੰ ਹੁਣ ਤੈਥੋਂ ਇਜਾਜ਼ਤ ਲੈਣੀ ਪਊ?” ਬੀਜੀ ਜਿਵੇਂ ਗੁੱਸੇ ਵਿਚ ਬੋਲੇ।
“ਨਹੀਂ ਮੈਂ ਇਹ ਤਾਂ ਨਹੀਂ ਕਿਹਾ।” ਮੈਂ ਵਾਤਾਵਰਨ ਨੂੰ ਸ਼ਾਂਤ ਜਿਹਾ ਕਰਨ ਦੀ ਕੋਸ਼ਿਸ਼ ਕੀਤੀ। “ਬੀਜੀ ਮੈਂ ਤਾਂ ਇਹ ਕਿਹਾ ਹੈ ਕਿ ਜੇ ਕਰ ਤੁਹਾਨੂੰ ਮੇਰੇ ਨਾਲ਼ ਕੋਈ ਗੁੱਸਾ ਗਿਲਾ ਹੈ ਤਾਂ ਘਰ ਵਿਚ ਹੀ ਨਿਪਟਾ ਲਿਆ ਜਾਵੇ ਤਾਂ ਠੀਕ ਐ। ਮੈਂ ਵੀ ਤਾਂ ਦੇਵ ਵਰਗੀ ਹਾਂ, ਤੁਸੀਂ ਜੋ ਮਰਜ਼ੀ ਮੈਨੂੰ ਆਖ ਸਕਦੇ ਹੋ।”
“ਨਾ ਭਾਈ ਬੀਬਾ, ਤੂੰ ਦੇਵ ਵਰਗੀ ਕਿਮੇਂ? ਦੇਵ ਦੇ ਤਾਂ ਮੈਂ ਕੰਨ ਫੜ ਕੇ ਪੁੱਛ ਸਕਦੀ ਹਾਂ ਕਿ ਲੇਟ ਕਿਮੇਂ ਹੋ ਗਿਆ। ਤੇ ਤੂੰ ਨਿੱਕੀ ਜਿਹੀ ਗੱਲ ਨੂੰ ਕੱਚੀ ਲੱਸੀ ਵਾਂਗ ਵਧਾ ਲੈਂਦੀ ਐਂ। ਤੈਥੋਂ ਤਾਂ ਭਾਈ ਊਂ ਹੀ ਡਰਦੇ ਰਹੀਦਾ ਐ। ਇੱਕ ਤੇਰੇ ਜੁਆਕ ਪਾਲੀਦੇ ਐ ਤੇ ਦੂਜਾ ਤੇਰੀ ਗੁਲਾਮੀ ਕਰੀਦੀ ਐ ਤੇ ਤੀਜਾ ਹੁਕਮ ਵੀ ਝੱਲੋ। ਨਹੀਂ ਹੁੰਦਾ ਇਹ ਮੇਰੇ ਕੋਲੋਂ।” ਬੀਜੀ ਦਾ ਜਿਵੇਂ ਅਸਮਾਨ ਪਾਟ ਗਿਆ ਹੋਵੇ ਵਾਂਗ ਵਰ੍ਹ ਪਏ। ਮੈਨੂੰ ਸਮਝ ਨਾ ਆਵੇ ਕਿ ਮੈਂ ਏਸ ਸਮੱਸਿਆ ਨੂੰ ਕਿਵੇਂ ਸਮੇਟਾਂ। ਮੈਂ ਅੱਗੋਂ ਚੁੱਪ ਸਾਧ ਲਈ। ਦੇਵ ਨੂੰ ਦੱਸਦੀ ਤਾਂ ਕਿਵੇਂ? ਆਖਰ ਉਸਦੀ ਮਾਂ ਹੈ। ਮੇਰੀ ਸਾਰੀ ਅਕਲ ਖੂਹ-ਖਾਤੇ ਵਿਚ ਪੈ ਗਈ।
ਵਾਰਦਾਤਾਂ ਦਿਨੋਂ ਦਿਨ ਵੱਧਣ ਲੱਗ ਪਈਆਂ। ਅਸਲੀ ਗੱਲ ਮੈਨੂੰ ਬਾਅਦ ਵਿਚ ਪਤਾ ਲੱਗੀ ਕਿ ਗੁਆਂਢੀਆਂ ਦੇ ਦੀਪੇ ਨੇ ਬੀਜੀ ਤੇ ਭਾਪਾ ਜੀ ਨੂੰ ਨਾਲ਼ ਲਿਜਾ ਕੇ ਵੈੱਲਫੇਅਰ ਲੁਆ ਦਿੱਤੀ ਸੀ। ਤੇ ਬੀਜੀ ਦੇ ਸਿਰ ਭੂਤ ਸਵਾਰ ਸੀ ਕਿ ਉਨ੍ਹਾਂ ਨੇ ‘ਕੱਲੇ ਰਹਿਣਾ ਹੈ। ਭਾਪਾ ਜੀ ਬਥੇਰਾ ਸਮਝਾਉਂਦੇ ਰਹੇ, “ਸਾਡਾ ਇੱਕੋ ਤਾਂ ਪੁੱਤ ਐ। ਉਸਤੋਂ ਵੀ ਦੂਰ?” ਪਰ ਬੀਜੀ ਨੇ ਇੱਕ ਨਾ ਮੰਨੀ। ਆਖਰ ਹੋਇਆ ਉਹ ਹੀ ਜੋ ਬੀਜੀ ਨੇ ਮਨ ਵਿਚ ਪਕਾਇਆ ਹੋਇਆ ਸੀ। ਸੌ ਬਹਾਨੇ ਉਨ੍ਹਾਂ ਨੇ ਦੇਵ ਦੀ ਝੋਲੀ ਵਿਚ ਪਾਏ। ਸੌ ਇਲਜ਼ਾਮ ਉਨ੍ਹਾਂ ਨੇ ਮੇਰੇ ਸਿਰ ਮੜ੍ਹੇ। ਇੱਕ ਦਿਨ ਦੇਵ ਨੂੰ ਆਖਣ ਲੱਗੇ, “ਮੈਂ ਭਾਈ ਆਪਣੀ ਗੁੱਤ ਨ੍ਹੀ ਪਟਾਉਣੀਂ ਏਦੇ ਕੋਲੋਂ।”
ਦੇਵ ਉੱਠਿਆ, ਉਸਨੇ ਦੋ-ਚਾਰ ਮੇਰੇ ਜੜ ਦਿੱਤੀਆਂ। ਸੱਟਾਂ ਦੀ ਮਾਰ ਹੇਠਾਂ ਮੈਂ ਉਸਦੇ ਮੂੰਹ ਵਲ ਦੇਖਾਂ। ਸਧਾਰਨ ਤੌਰ ਤੇ ਕੁੱਝ ਪੁੱਛ-ਦੱਸ ਲੈਣਾ ਬੀਜੀ ਬਦਤਮੀਜ਼ੀ ਸਮਝਦੇ ਸਨ। ਉਨ੍ਹਾਂ ਨੂੰ ਸ਼ਾਇਦ ਨੂੰਹ ਚਾਹੀਦੀ ਸੀ ਜਿਹੜੀ ਕੰਨਾ ਤੋਂ ਬੋਲੀ ਤੇ ਮੂੰਹ ਤੋਂ ਗੂੰਗੀ ਹੋਵੇ। ਮੈਂ ਉਹ ਨਹੀਂ ਸਾਂ। ਜਦੋਂ ਵੀ ਕੋਈ ਗੱਲ ਹੁੰਦੀ ਤਾਂ ਦੇਵ ਆਫ਼ਰ ਜਾਂਦਾ। ਦੋ ਦਿਨ ਬੀਤਦੇ, ਉਹੀ ਦੇਵ ਹੁੰਦਾ ਤੇ ਉਹੀ ਮੈਂ ਹੁੰਦੀ। ਭਾਪਾ ਜੀ ਦੇਵ ਨੂੰ ਸਮਝਾਉਂਦੇ ਵੀ। ਪਰ ਉਸਦੇ ਸਿਰ ਵਿਚ ਗੱਲ ਹੀ ਨਾ ਪੈਂਦੀ। ਬੀਜੀ ਕੋਲ ਪਤਾ ਨਹੀਂ ਕਿਹੜੀ ਜਾਦੂ ਦੀ ਪੁੜੀ ਸੀ ਜਿਸ ਨਾਲ਼ ਉਹ ਦੇਵ ਨੂੰ ਆਪਣੇ ਮਗਰ ਲਾ ਲੈਂਦੇ ਸਨ।
ਭਾਪਾ ਜੀ ਦੇ ਕਹਿੰਦੇ-ਕਹਿੰਦੇ ਬੀਜੀ ਬਿਸਤਰੇ ਬੰਨ ਕੇ ਤੁਰ ਪਏ। ਭਾਪਾ ਜੀ ਜਾਂਦੇ ਹੋਏ ਏਨਾਂ ਆਖ ਗਏ, “ਸ਼ਰਨ ਪੁੱਤ! ਬੁਰਾ ਨ੍ਹੀ ਮਨਾਉਣਾ। ਤੁਹਾਡੀ ਬੀਜੀ ਦਾ ਸੁਭਾਅ ਈ ਏਦਾਂ ਦਾ ਐ। ਮੈਂ ਤਾਂ ਭੇਦ ਪਾ ਲਿਆ ਤੇ ਜ਼ਿੰਦਗੀ ਕੱਟ ਲਈ ਐ। ਪਰ ਸ਼ਾਬਾਸ਼ ਪੁੱਤ ਤੂੰ ਉਸਨੂੰ ਕੁੱਝ ਮਾੜਾ ਚੰਗਾ ਨ੍ਹੀ ਕਿਹਾ। ਸਗੋਂ ਇਕ ਗੱਲ ਤਾਂ ਚੰਗੀ ਵੀ ਐ, ਘੱਟੋ-ਘੱਟ ਮੁੰਡੇ ਨੂੰ ਚਾਬੀ ਤਾਂ ਨਾ ਦੇਊ।”
ਦੇਵ ਕੁੱਝ ਚਿਰ ਤਾਂ ਮੇਰੇ ਨਾਲ਼ ਵੱਟਿਆ ਰਿਹਾ। ਫੇਰ ਜ਼ਿੰਦਗੀ ਆਪਣੀ ਰਫ਼ਤਾਰ ਤੁਰ ਪਈ। ਬੱਚੇ ਸਕੂਲ ਜਾਣ ਲੱਗ ਪਏ। ਰਵੀ ਤੇ ਰੀਨਾ ਨੂੰ ਮੈਂ ਆਫਟਰ ਆਵਰ ਦੇ ਪ੍ਰੋਗਰਾਮ ਵਿਚ ਪਾ ਦਿੱਤਾ। ਉਸੇ ਸਕੂਲ ਵਿਚ ਬੱਚੇ ਦੋ ਘੰਟੇ ਹੋਰ ਰਹਿ ਸਕਦੇ ਸਨ। ਮੈਂ ਕੰਮ ਤੋਂ ਪਰਤਦੀ ਹੋਈ ਜਾਂ ਦੇਵ ਕੰਮ ਤੋਂ ਪਰਤਦੇ ਹੋਏ ਬੱਚਿਆਂ ਨੂੰ ਲਈ ਆਉਂਦੇ।
ਬੀਜੀ ਤੇ ਭਾਪਾ ਜੀ ਨਾਲ਼ ਵੀ ਅਸੀਂ ਰਾਬਤਾ ਟੁੱਟਣ ਨਾ ਦਿੱਤਾ। ਭਾਪਾ ਜੀ ਦੀ ਆਖੀ ਗੱਲ, ਮੇਰੇ ਅੰਦਰ ਘਰ ਕਰ ਗਈ ਕਿ “ਏਨ੍ਹਾਂ ਦੀ ਆਦਤ ਹੀ ਐ।”
ਪਰ ਬੀਜੀ ਆਪਣਾ ਦਾਉ ਖੇਡਣੋਂ ਕਦੀ ਬਾਜ ਨਾ ਆਉਂਦੇ। ਜਦੋਂ ਦੇਵ ਬੀਜੀ ਨੂੰ ਮਿਲ ਕੇ ਆਉਂਦੇ ਤਾਂ ਉਨ੍ਹਾਂ ਦਾ ਮੂਡ ਹਮੇਸ਼ਾਂ ਔਫ ਹੁੰਦਾ। ਉੱਖੜੇ-ਉੱਖੜੇ ਦਿਖਾਈ ਦਿੰਦੇ। ਬੀਜੀ ਦੇਵ ਦੇ ਕੰਨ ਭਰਦੇ ਰਹਿੰਦੇ। ਦੇਵ ਬਹੁਤ ਚੰਗਾ ਸੀ, ਪਰ ਕੰਨਾਂ ਦਾ ਕੱਚਾ ਸੀ। ਬਹੁਤਾ ਬੋਲਦਾ ਨਹੀਂ ਸੀ ਉਹ। ਕੋਈ ਮਾੜੀ ਆਦਤ ਨਹੀਂ ਸੀ। ਸਾਡੀ ਟਿਉਨਿੰਗ ਠੀਕ-ਠਾਕ ਚਲਦੀ ਰਹੀ। ਘਰ ਬੱਚੇ ਮੈਂ ਸਾਂਭਦੀ। ਬਾਹਰਲਾ ਕੰਮ ਦੇਵ ਨਿਪਟਾ ਲੈਂਦੇ। ਬੀਜੀ ਕਦੇ-ਕਦਾਈਂ ਗੜ-ਬੜ ਕਰ ਦਿੰਦੇ ਪਰ ਏਸ ਕਦਰ ਕੋਈ ਰੌਲਾ ਨਾ ਪੈਂਦਾ ਕਿ ਘਰ ਵਿਚ ਤੂਫ਼ਾਨ ਖੜਾ ਹੋ ਜਾਵੇ।
… ਤੇ ਹੁਣ, ਮੈਨੂੰ ਕਿਸੇ ਤੂਫ਼ਾਨ ਦਾ ਸ਼ੋਰ ਘਰ ਦੇ ਹਰ ਕੋਨੇ ਵਿਚ ਗੂੰਜਦਾ ਸੁਣਾਈ ਦਿੰਦਾ ਸੀ। ਇਸ ਤੂਫ਼ਾਨ ਦਾ ਨਾਂ ਕੀ ਸੀ? ਮੈਨੂੰ ਨਹੀਂ ਸੀ ਪਤਾ। ਕਿਵੇਂ ਮੈਂ ਇਸ ਦੀ ਘੁੰਮਣਘੇਰੀ ਵਿਚੋਂ ਨਿਕਲਣਾ ਸੀ? ਇਹ ਵੀ ਨਹੀਂ ਸੀ ਪਤਾ।
ਦੇਵ ਦੇ ਲਫ਼ਜ਼ ਮੇਰੇ ਕੰਨਾਂ ਵਿਚ ਫਿਰ ਗੂੰਜੇ। “ਜਿੰਨਾ ਚਿਰ ਕੋਈ ਫੈਸਲਾ ਨ੍ਹੀ ਹੁੰਦਾ, ਤੂੰ ਰਹਿਣਾ ਚਾਹੇਂ ਤਾਂ ਰਹਿ ਸਕਦੀ ਐਂ। ਫੇਰ ਤੈਨੂੰ ਕੋਈ ਆਪਣੀ ਥਾਂ ਭਾਲਣੀ ਪਊ।”
“ਕਾਹਦਾ ਫੈਸਲਾ? ਕੀ ਫੈਸਲਾ? ਕੀ ਮਤਲਬ ਐ? ਇਹ ਮੇਰਾ ਘਰ ਐ। ਮੇਰਾ ਪਰਿਵਾਰ ਐ। ਕਿਉਂ ਥਾਂ ਭਾਲਣੀ ਪਊ? ਮੈਂ ਕਿਉਂ ਜਾਵਾਂ? ਤੇ ਕਿੱਥੇ ਜਾਵਾਂ?” ਮੇਰੇ ਮੂੰਹੋਂ ਪਤਾ ਨਹੀਂ ਕੀ-ਕੀ ਤੇ ਕਿਸ ਤਰ੍ਹਾਂ ਦੇ ਸਵਾਲ-ਜਵਾਬ ਉੱਠ ਰਹੇ ਸਨ ਤੇ ਮੈਂ ਬੋਲੀ ਜਾ ਰਹੀ ਸਾਂ। “ਕਨੂੰਨ ਮੈਂ ਵੀ ਜਾਣਦੀ ਹਾਂ। ਘਰ ਔਰਤ ਦਾ ਹੁੰਦਾ ਹੈ। ਬੱਚਿਆਂ ਦਾ ਹੁੰਦਾ ਹੈ। ਮੈਂ ਬੱਚਿਆਂ ਤੋਂ ਬਿਨਾਂ ਕਿਵੇਂ ਰਹਿ ਸਕਦੀ ਹਾਂ ਭਲਾ?”
“ਇਹ ਉਸ ਵੇਲੇ ਚੇਤਾ ਰੱਖਣਾ ਸੀ ਜਦੋਂ ਛੋਟੇ-ਛੋਟੇ ਬੱਚਿਆਂ ਨੂੰ ਛੱਡ ਕੇ ਚਲੀ ਗਈ। ਇਹ ਵੀ ਨਹੀਂ ਸੋਚਿਆ ਕਿ ਰਵੀ ਨੂੰ ਕਿਵੇਂ ਦੌਰਾ ਪੈ ਜਾਂਦਾ ਹੈ। ਉਸਦਾ ਆਸਥਮਾ …।” ਤੇ ਦੇਵ ਨੇ ਗੱਲ ਵਿਚਾਲੇ ਛੱਡ ਦਿੱਤੀ। ਮੂੰਹ ਦੂਜੇ ਬੰਨੇ ਕਰਦਾ ਜਿਵੇਂ ਗੁੱਸੇ ਤੇ ਕੜਵਾਹਟ ਦਾ ਕੌੜਾ ਘੁੱਟ ਭਰ ਰਿਹਾ ਹੋਵੇ।
“ਕੀ ਹੋਇਆ ਰਵੀ ਨੂੰ? ਮੈਨੂੰ ਦੱਸਿਆ ਕਿਉਂ ਨਹੀਂ? ਮੈਂ ਹਰ ਰੋਜ਼ ਫੋਨ ਕਰਦੀ ਸੀ। ਸਿਰਫ਼ ਇੱਕ ਦਿਨ ਫੋਨ ਨ੍ਹੀ ਕੀਤਾ। ਇਕ ਦਿਨ ਕਿਸੇ ਨੇ ਫੋਨ ਹੀ ਨਹੀਂ ਚੁੱਕਿਆ।” ਆਪਣੀ ਧੀ ਦਾ ਦੁੱਖ ਸੁਣ ਕੇ ਮੈਨੂੰ ਜਿਵੇਂ ਆਪਣੀ ਮਾਂ ਦਾ ਪੀੜਾਂ ਵਿੱਚ ਕੁਰਲਾਉਣਾ ਵੀ ਭੁੱਲ ਗਿਆ।
“ਪੂਰੀ ਰਾਤ ਹਸਪਤਾਲ ਵਿਚ ਰਹੀ ਉਹ। ਦਵਾਈ ਤੇ ਉਸਦੇ ਸਪਰੇਅ ਵੀ ਪਤਾ ਨਹੀਂ ਸੀ ਕਿੱਥੇ ਸਨ।” ਦੇਵ ਜਿਵੇਂ ਜ਼ਹਿਰ ਨਾਲ਼ ਭਰਿਆ ਪਿਆ ਸੀ।
ਜਿਉਂ-ਜਿਉਂ ਮੈਨੂੰ ਰਵੀ ਬਾਰੇ ਪਤਾ ਲੱਗ ਰਿਹਾ ਸੀ, ਬੱਚਿਆਂ ਨੂੰ ਦੇਖਣ ਦੀ ਤਾਂਘ ਹੋਰ ਵੱਧ ਰਹੀ ਸੀ। ਮੈਂ ਫੇਰ ਵੀ ਆਪਣੇ ਆਪ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕੀਤੀ ਕਿ ਬਿਪਤਾ ਟਲਣ ਦੀ ਥਾਂ ਹੋਰ ਨਾ ਵੱਧ ਜਾਵੇ। ਪਰ ਬਿਪਤਾ ਹੈ ਕੀ ਸੀ? ਮੈਨੂੰ ਪੂਰੀ ਤਰ੍ਹਾਂ ਨਾਲ਼ ਸਮਝ ਨਹੀਂ ਸੀ ਆ ਰਹੀ।
“ਦੇਵ ਹੋਇਆ ਕੀ ਸੀ? ਸਾਰੇ ਸਪਰੇਅ ਅਤੇ ਦਵਾਈਆਂ ਮੈਂ ਤੁਹਾਨੂੰ ਦੱਸ ਸਮਝਾ ਕੇ ਗਈ ਸੀ। ਵਾਧੂ ਸਪਰੇਅ ਮੈਂ ਅੱਡ ਕਲੌਜਿੱਟ ਵਿਚ ਰੱਖ ਕੇ ਗਈ ਸੀ। ਪੂਰੀ ਲਿਸਟ ਲਿਖ ਕੇ ਮੈਂ ਫਰਿੱਜ ਤੇ ਲਾਈ ਹੋਈ ਸੀ।” ਮੈਂ ਦੇਵ ਨੂੰ ਬਾਹਵਾਂ ਤੋਂ ਫੜ ਕੇ ਝੰਝੋੜਦਿਆਂ ਹੋਇਆਂ ਆਖ ਰਹੀ ਸਾਂ। ਜੀ ਕਰਦਾ ਸੀ ਦੇਵ ਦੀ ਹਿੱਕ ‘ਚ ਮੁੱਕੀਆਂ ਮਾਰ ਕੇ, ਉਸਦੇ ਦਿਲ ਦੇ ਦਰਵਾਜ਼ੇ ਉੱਤੇ ਦਸਤਕ ਦੇਵਾਂ ਪਰ ਸਭ ਫਜ਼ੂਲ ਸੀ।
“ਹੋਣਾ ਕੀ ਸੀ, ਤੈਨੂੰ ਤਾਂ ਚਾਅ ਚੜਿਆ ਸੀ ਇੰਡੀਆ ਨੂੰ ਜਾਣ ਦਾ। ਬੱਚਿਆਂ ਬਾਰੇ ਤਾਂ ਸੋਚਿਆ ਹੀ ਨਹੀਂ। ਕਿਵੇਂ ਰਹਿਣਗੇ? ਕੀ ਕਰਨਗੇ? ਬਿਮਾਰ-ਠੁਮਾਰ ਹੋਣਗੇ ਤਾਂ ਕਿਸਨੂੰ ਅਵਾਜ਼ ਮਾਰਨਗੇ? ਤੇ ਜਿਹੜੀ ਲਿਸਟ ਦੀ ਤੂੰ ਗੱਲ ਕਰਦੀ ਐਂ, ਉਹ ਨਿਆਣਿਆਂ ਨੇ ਪਾੜ-ਪੂੜ ਦਿੱਤੀ ਹੋਣੀ ਐ। ਮੈਨੂੰ ਤਾਂ ਦਿਸੀ ਨ੍ਹੀ।” ਦੇਵ ਦੀ ਨਜ਼ਰ ਹਵਾ ਵਿਚ ਭਟਕ ਰਹੀ ਸੀ।
ਹੁਣ ਮੈਨੂੰ ਦੇਵ ਤੇ ਬਹੁਤ ਗੁੱਸਾ ਆ ਰਿਹਾ ਸੀ। ਦੇਵ ਨੂੰ ਪਤਾ ਸੀ, ਮੈਂ ਕਿਉਂ ਇਹ ਕਦਮ ਚੁੱਕਿਆ ਸੀ। ਚੀਖ਼ਦਿਆਂ ਹੋਇਆ ਮੈਂ ਆਖਿਆ, “ਦੇਵ, ਮੈਨੂੰ ਕੋਈ ਚਾਅ ਨ੍ਹੀ ਸੀ ਚੜਿਆ। ਮਾਂ ਬਿਮਾਰ ਸੀ ਮੇਰੀ। ਮਰਨ ਨਿਆਈਂ। ਕਦੀ ਸੋਚਿਆ ਕਿ ਮੌਤ ਦੇ ਦਰ ਤੇ ਬੈਠੇ ਬੰਦੇ ਦਾ ਕੀ ਹਾਲ ਹੁੰਦੈ? ਮੈਂ ਉਸ ਮੌਤ ਦੀ ਚੌਖਟ ਤੇ ਮੱਥੇ ਰਗੜ ਕੇ ਆਈ ਹਾਂ। ਤਿੰਨ ਹਫ਼ਤੇ ਮੈਂ ਤੁਹਾਥੋਂ ਤੇ ਬੀਜੀ ਤੋਂ ਮਿੰਤਾਂ ਨਾਲ਼ ਰਾਖਵੇਂ ਲਏ ਸਨ। ਕੀ ਤੁਸੀਂ ਐਨਾ ਵੀ ਸਮਝ ਨਹੀਂ ਸਕਦੇ ਕਿ ਮੇਰੀ ਵੀ ਮਾਂ ਹੈ? ਮੇਰੀ ਕੋਈ ਜਿੰਮੇਵਾਰੀ ਉਸ ਪ੍ਰਤੀ ਵੀ ਹੈ। … ਤੇ ਫੇਰ ਬੱਚੇ? ਬੱਚੇ ਤੁਹਾਡੇ ਕੋਲ ਹੀ ਸਨ। ਵੇਲੇ-ਕਵੇਲੇ ਤੁਹਾਡਾ ਵੀ ਫ਼ਰਜ਼ ਬਣਦੈ ਉਨ੍ਹਾਂ ਨੂੰ ਸਾਂਭਣ ਦਾ।”
ਘਰ ਦੀ ਸ਼ਾਂਤ ਹਵਾ ਵਿਚ ਮੇਰੇ ਬੋਲ ਇਉਂ ਪ੍ਰਤੀਤ ਹੋਏ ਜਿਵੇਂ ਆਪੋ ਵਿਚੀਂ ਲੜਦੇ-ਝਗੜਦੇ ਗੂੰਜਦੇ ਪਏ ਹੋਣ।
ਦੇਵ ਫੇਰ ਵੀ ਵਿੰਡੋ ਵਿਚੀਂ ਬਾਹਰ ਦੇਖ ਰਿਹਾ ਸੀ। ਖਾਲੀ ਹਵਾ ਨੂੰ ਨਜ਼ਰ ਚੀਰਦੀ ਹੋਈ ਲੰਘ ਰਹੀ ਸੀ। ਨਾ ਉਹ ਮੇਰੇ ਵਲ ਦੇਖ ਰਿਹਾ ਸੀ ਨਾ ਨਜ਼ਰ ਮਿਲਾ ਰਿਹਾ ਸੀ।
ਮੈਂ ਸਮਝ ਗਈ ਕਿ ਇਹ ਸਭ ਕੰਨਾ ਦਾ ਕਸੂਰ ਹੈ। ਪਤਾ ਨਹੀਂ ਕੀ ਕੁੱਝ ਕੰਨਾ ਵਿਚ ਭਰਿਆ ਪਿਆ ਸੀ। ਮੇਰੇ ਬੋਲਾਂ ਲਈ ਕੰਨ ਜਿਵੇਂ ਬੰਦ ਹੋ ਚੁੱਕੇ ਸਨ। ਹੁਣ ਮੇਰੇ ਵੀ ਸਬਰ ਦੀ ਇੰਤਹਾ ਸੀ। ਕਿੰਨਾ ਕੁ ਚਿਰ ਮੈਂ ਡਰ-ਡਰ ਕੇ ਝੱਲਦੀ ਰਹਾਂਗੀ? ਪੈਰ-ਪੈਰ ਤੇ ਮੈਂ ਆਪਣੇ ਆਪ ਨੂੰ ਇਸ ਘਰ ਅਤੇ ਘਰ ਦੇ ਬੰਦਿਆਂ ਅਨੁਸਾਰ ਢਾਲਿਆ। ਹਰ ਵੇਲੇ ਇਹ ਤੌਖਲਾ ਕਿ ਮਾਂ ਦੇ ਦਰੋਂ ਆਉਂਦੇ ਦਾ ਮੂਡ ਕਿਸ ਤਰ੍ਹਾਂ ਦਾ ਹੋਵੇਗਾ। ਫੇਰ ਮੈਨੂੰ ਆਪਣੀ ਮਾਂ ਦੀ ਤਮੰਨਾ ਦੱਸਣ ਬੈਠ ਜਾਵੇਗਾ ਕਿ ਉਹ ਪੋਤੇ ਦਾ ਮੂੰਹ ਦੇਖਣਾ ਚਾਹੁੰਦੀ ਐ। ਹੋਰ ਨਹੀਂ ਬੱਸ, ਮੈਂ ਆਪਣੇ ਆਪ ਨੂੰ ਕਿਹਾ।
ਦੇਵ ਨੇ ਕਾਰ ਦੀ ਕੁੰਜੀ ਕਾਉਂਟਰ ਤੋਂ ਚੁੱਕੀ ਤੇ ਬਾਹਰ ਨੂੰ ਤੁਰ ਪਿਆ। ਜਾਂਦਾ ਹੋਇਆ ਆਖ ਗਿਆ ਕਿ “ਜੇ ਕਰ ਬੱਚਿਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਦੇਖੀਂ ਫੇਰ। ਕਨੂੰਨੀ ਤੌਰ ਤੇ ਤੈਨੂੰ ਉਨ੍ਹਾਂ ਤੋਂ ਪੰਜ ਸੌ ਗਜ਼ ਦੂਰ ਰਹਿਣਾ ਹੋਵੇਗਾ। ਮੈਂ ਤੇ ਬੱਚਿਆਂ ਨੇ ਬੀਜੀ ਦੇ ਘਰ ਸ਼ਿਫ਼ਟ ਕਰ ਲਿਆ ਹੈ। ਮੈਂ ਤੈਨੂੰ ਦੱਸਣ ਹੀ ਆਇਆ ਹਾਂ।”
ਦੇਵ ਦੇ ਬੋਲ ਸੁਣ ਕੇ ਮੇਰੇ ਸਿਰ ਵਿਚ ਹਥੌੜੇ ਦੀ ਮਾਰ ਪਈ। ਇੰਜ ਲੱਗਾ ਜਿਵੇਂ ਮੇਰੇ ਸਿਰ ਦੀਆਂ ਨਾੜਾ ਪਾਟ ਗਈਆਂ ਹੋਣ। ਤੇ ਖੂਨ ਪਰਲ-ਪਰਲ ਮੇਰੇ ਮੱਥੇ ਤੇ ਵਗ ਰਿਹਾ ਹੋਵੇ। ਮੈਂ ਆਪਣੇ ਹੱਥਾਂ ਨਾਲ਼ ਮੱਥਾ ਪੂੰਝਿਆ। ਕੋਈ ਖੂਨ ਨਹੀਂ ਸੀ। ਪਸੀਨਾ ਸੀ ਤਤੀਰੀ ਵਾਂਗ ਚੋਅ ਰਿਹਾ।
ਪੰਜ ਸੌ ਗ਼ਜ਼? ਕੀ ਅਰਥ ਹੋਵੇਗਾ ਏਸਦਾ? ਬੀਜੀ ਦੇ ਘਰ ਸ਼ਿਫ਼ਟ ਕਰ ਲਿਆ ਹੈ? ਮੈਂ ਬੌਂਦਲ ਗਈ। ਇਹ ਮੇਰੇ ਨਾਲ਼ ਹੋ ਕੀ ਰਿਹਾ ਸੀ? ਤਿੰਨਾਂ ਹਫ਼ਤਿਆਂ ਵਿਚ ਮੇਰੀ ਦੁਨੀਆਂ ਹੀ ਪਲਟ ਗਈ ਸੀ। ਮੇਰਾ ਜੁਰਮ, ਮੇਰੀ ਮਾਂ ਦੀ ਬਿਮਾਰੀ। ਕੀ ਧੀ ਨੂੰ ਐਨਾ ਵੀ ਹੱਕ ਨਹੀਂ? ਕਿਹੜਾ ਕਨੂੰਨ ਹੈ ਜੋ ਇਕ ਮਾਂ ਨੂੰ ਏਸ ਲਈ ਸਜ਼ਾ ਦੇਵੇ ਕਿ ਉਹ ਆਪਣੀ ਮਰ ਰਹੀ ਮਾਂ ਨੂੰ ਮਿਲਣ ਗਈ ਸੀ। ਲੱਖਾਂ ਖਿਆਲ ਘਰ ਦੀਆਂ ਕੰਧਾਂ ਨਾਲ਼ ਟਕੱਰਾ-ਟਕੱਰਾ ਕੇ ਜ਼ਖ਼ਮੀ ਹੋ ਰਹੇ ਸਨ। ਵਲੂੰਧਰਿਆ ਮਨ ਕੁਰਲਾ ਰਿਹਾ ਸੀ। ਇਸ ਆਉਣ ਵਾਲੀ ਬਿਪਤਾ ਦਾ ਮੈਨੂੰ ਥਹੁ ਸਿਰਾ ਵੀ ਨਹੀਂ ਸੀ ਲੱਭ ਰਿਹਾ।
ਮੈਂ ਸੋਚ ਰਹੀ ਸਾਂ, ਜਿਸ ਸਖ਼ਸ਼ ਨਾਲ਼ ਮੈਂ ਬਾਰ੍ਹਾਂ ਵਰ੍ਹੇ ਕੱਟੇ ਹਨ, ਮੈਂ ਉਸਨੂੰ ਜਾਣਦੀ ਹਾਂ, ਅਨੁਭਵ ਕਰ ਸਕਦੀ ਹਾਂ, ਉਸਦੀ ਹਰ ਸੋਚ ਮੇਰੇ ਧੁਰ ਅੰਦਰ ਤਕ ਪਹੁੰਚ ਸਕਦੀ ਹੈ। ਪਰ ਨਹੀਂ, ਜਿਹੜਾ ਇਨਸਾਨ ਹੁਣੇ ਮੇਰੇ ਅੱਗੇ ਖੜਾ ਸੀ, ਜਿਸਦੀ ਮੈਂ ਤੁਰੇ ਜਾਂਦੇ ਦੀ ਪਿੱਠ ਦੇਖੀ ਸੀ, ਰੁੱਖੇ ਬੋਲ ਸੁਣੇ ਸਨ, ਉਸਨੂੰ ਨਾ ਮੈਂ ਜਾਣਦੀ ਸਾਂ ਨਾ ਮੈਂ ਪਹਿਚਾਣਦੀ ਸਾਂ। ਇਹ ਦੇਵ ਮੇਰਾ ਪਤੀ ਨਹੀਂ ਸੀ ਹੋ ਸਕਦਾ। ਇਹ ਦੇਵ ਮੇਰੇ ਬੱਚਿਆਂ ਦਾ ਬਾਪ ਵੀ ਨਹੀਂ ਹੋ ਸਕਦਾ। ਜਿਵੇਂ ਪੰਝੀਆਂ ਦਿਨਾਂ ਵਿਚ ਕਿਸੇ ਹੋਰ ਇਨਸਾਨ ਨੇ ਇਸਦਾ ਜਿਸਮ ਅਤੇ ਦਿਮਾਗ ਕਾਬੂ ਕਰ ਲਿਆ ਹੋਵੇ। ਮੈਂ ਸੋਚਣ ਲੱਗੀ, ਜੇ ਕਰ ਦੇਵ ਨਾਲ਼ ਧੀਰਜ ਨਾਲ਼ ਗੱਲ ਕਰਾਂ, ਉਸਦਾ ਗੁੱਸਾ ਸ਼ਾਂਤ ਕਰਾਂ, ਸ਼ਾਇਦ ਸਭ ਠੀਕ ਹੋ ਜਾਵੇਗਾ। ਐਂਵੇਂ ਰੋਸਾ ਜਿਹਾ ਹੀ ਮਨ ਵਿਚ ਹੋਣੈ। ਦੇਵ ਕਿਵੇਂ ਭੁੱਲ ਸਕਦੈ ਪੂਰੀ ਜ਼ਿੰਦਗੀ? ਕਿਵੇਂ ਭੁੱਲ ਸਕਦੈ ਉਹ ਖੁਬਸੂਰਤ ਪਲ ਜੋ ਅਸੀਂ ਆਪਣੀਆਂ ਬੱਚੀਆਂ ਨਾਲ਼ ਮਾਣੇ ਸਨ? ਮੈਂ ਕੰਮ ਤੋਂ ਲੇਟ ਹੋ ਜਾਵਾਂ ਤਾਂ ਚਿੰਤਾ ਵਿਚ ਡੁੱਬ ਜਾਂਦਾ ਸੀ। ਪਰ ਹੁਣ, ਦੇਵ ਕੁੱਝ ਵੀ ਸੁਣਨ ਨੂੰ ਤਿਆਰ ਨਹੀਂ ਸੀ, ਕੁੱਝ ਵੀ ਜਾਨਣ ਨੂੰ ਤਿਆਰ ਨਹੀਂ ਸੀ, ਕੁਝ ਵੀ ਚੇਤੇ ਕਰਨ ਨੂੰ ਤਿਆਰ ਨਹੀਂ ਸੀ।
ਦੇਵ ਨੇ ਬਾਹਰਲੇ ਦਰਵਾਜ਼ੇ ਨੂੰ ਠੱਕ ਦੇਣੀ ਬੰਦ ਕੀਤਾ। ਜਿਵੇਂ ਮੇਰਾ ਧੁਰ ਅੰਦਰ ਕੰਬ ਗਿਆ। ਮੇਰੇ ਸੀਨੇ ਵਿਚ ਗੋਲੀ ਠਾਹ ਕਰਦੀ ਲੱਗੀ। ਮੈਂ ਕੰਬਦੀਆਂ ਲੱਤਾਂ ਨੂੰ ਲੈ ਕੇ ਥਾਂ ਹੀ ਬੈਠ ਗਈ। ਪਤਾ ਨਹੀਂ ਕਿੰਨਾ ਕੁ ਚਿਰ ਬੈਠੀ ਰਹੀ। ਕੁੱਝ ਸੋਚਦੀ ਹੋਈ, ਜ਼ਿੰਦਗੀ ਦੇ ਵਰਕੇ ਪਲਟਦੀ ਹੋਈ। ਫੋਨ ਦੀ ਘੰਟੀ ਨੇ ਮੇਰੀ ਸੋਚ ਤੋੜ ਦਿੱਤੀ। ਕੋਈ ਸੇਲਜ਼ ਮੈਨ ਸੀ, ਕੁੱਝ ਵੇਚ ਰਿਹਾ। “ਨੋ, ਨੌਟ ਇੰਟਰੈਸਟਿਡ” ਆਖ ਕੇ ਮੈਂ ਫੋਨ ਰੱਖ ਦਿੱਤਾ।
ਮੇਰੀ ਸੋਚ ਫੇਰ ਦੇਵ ਦੇ ਵਤੀਰੇ ਵੱਲ ਪਰਤੀ। ਮੈਂ ਆਪਣੀ ਬਿਪਤਾ ਦਾ ਕੋਈ ਹੱਲ ਭਾਲਣ ਲੱਗੀ। ਸੋਚਾਂ, ਕਿਵੇਂ ਮੈਂ ਦੇਵ ਦੇ ਮਨ ਅੰਦਰ ਝਾਕਾਂ? ਕਿਵੇ ਦਿਲ ਦੇ ਦਰਵਾਜ਼ੇ ਤੇ ਦਸਤਕ ਦੇਵਾਂ? ਕਿਹੜੀ ਚਾਬੀ ਨਾਲ਼ ਇਸ ਦੇ ਦਿਮਾਗ ਦੇ ਦਰ ਖੋਲ੍ਹ ਕੇ ਦੇਖਾਂ? ਮੰੈਂ ਕਨਫਿਊਜ਼ਡ ਹੋਈ ਪਈ ਸਾਂ। ਬੇਬਸੀ ਵਿਚ ਮੈਂ ਕੰਧਾਂ ਨਾਲ ਸਿਰ ਪਟਕ ਰਹੀ ਸਾਂ।
ਮੇਰੇ ਆਪਣੇ ਘਰ ਵਿਚ ਮੇਰੇ ਲਈ ਥਾਂ ਨਹੀਂ? ਔਰਤ ਐਨੀ ਨਿਹਥੀ ਹੋ ਜਾਂਦੀ ਐ? ਕੀ ਕਰਾਂ, ਕਿਸ ਨਾਲ਼ ਗੱਲ ਕਰਾਂ? ਕਿਸਦੀ ਸਲਾਹ ਲਵਾਂ? ਬਾਰਾਂ ਵਰ੍ਹੇ ਘਰ ਵਿਚ ਵਸ-ਰਸ ਕੇ ਵੀ ਮੇਰਾ ਇਹ ਹਾਲ? ਤੀਵੀਂ ਕਦੀ ਵੀ ਸੁਰੱਖਿਅਤ ਨਹੀਂ? ਡਰ ਦੀ ਤਲਵਾਰ ਉਸਦੇ ਸਿਰ ਤੇ ਹਮੇਸ਼ਾਂ ਲਟਕਦੀ ਰਹੇਗੀ? ਪਤਾ ਨਹੀਂ ਕਦੋਂ, ਕਿਸ ਹਾਲ ਵਿਚ ਉਸਦਾ ਸਾਥੀ ਜਾਂ ਉਸਦੇ ਘਰ ਵਾਲੇ, ਉਸਨੂੰ ਬਾਹਰ ਕੱਢ ਮਾਰਨਗੇ? … ਤੇ ਫੇਰ ਐਸ ਮੁਲਕ ਵਿਚ? ਕਿਵੇਂ? ਮੈਂ ਤਾਂ ਬਰਾਬਰ ਕੰਮ ਕਰਕੇ ਘਰ ਚਲਾਉਂਦੀ ਹਾਂ। ਇਹ ਮੇਰਾ ਘਰ ਐ, ਮੇਰੇ ਬੱਚੇ ਹਨ। ਤਿੰਨਾਂ ਹਫ਼ਤਿਆਂ ਵਿਚ ਸਭ ਖੇਰੂੰ-ਖੇਰੂੰ ਹੋ ਗਿਆ? ਇਸ ਸਾਂਝ ਦੀ ਡੋਰ ਐਨੀ ਕੱਚੀ? ਰਿਸ਼ਤਾ ਰੇਤੇ ਵਾਂਗ ਭੁਰ ਗਿਆ? ਰਿਸ਼ਤੇ ਨਾਲ਼ੋਂ ਮੈਨੂੰ ਆਪਣੀ ਹੋਂਦ ਪਾਣੀ ਵਾਂਗ ਵਹਿ ਗਈ ਮਹਿਸੂਸ ਹੋਈ। ਜਿਵੇਂ ਮੇਰੀ ਆਪਣੀ ਹੋਂਦ ਹੈ ਹੀ ਨਹੀਂ ਸੀ। ਕਦੀ ਹੁੰਦੀ ਵੀ ਨਹੀਂ।
ਮੈਂ ਸੋਚਾਂ ਵਿਚ ਉਲਝੀ ਪਈ ਸਾਂ। ਮੈਨੂੰ ਉਹ ਪਲ ਚੇਤੇ ਆਏ ਜਿਨ੍ਹਾਂ ਵਿਚ ਮੈਂ ਤੇ ਦੇਵ ਇੱਕ-ਮਿੱਕ ਸਾਂ। ਮੇਰੀ ਸੱਸ ਦੇਵ ਦੇ ਕੰਨ ਵੀ ਭਰਦੀ ਤਾਂ ਦੇਵ ਤੇ ਕੁਝ ਚਿਰ ਅਸਰ ਹੁੰਦਾ ਪਰ ਇੱਕ ਦੋ ਦਿਨਾਂ ਵਿਚ ਲੱਥ ਜਾਂਦਾ। ਕੁੜੀਆਂ ਗਲ ਚਿੰਬੜਦੀਆਂ ਤਾਂ ਦੇਵ ਨੂੰ ਕਿਸੇ ਪੁੱਤ ਦੀ ਤਲਬ ਤੰਗ ਨਾ ਕਰਦੀ। ਪਰ ਮੇਰੀਆਂ ਧੀਆਂ ਮੇਰੀ ਸੱਸ ਲਈ ਬੋਝ ਸਨ। ਉਹ ਦੇਵ ਦਾ ਵਿਆਹ ਫੇਰ ਰਚਾਉਣਾ ਚਾਹੁੰਦੀ ਸੀ ਤਾਂਕਿ ਉਹ ਦੇਵ ਦੇ ਪੁੱਤਰ ਦਾ ਮੂੰਹ ਦੇਖ ਸਕੇ। ਮੇਰੀ ਛੋਟੀ ਧੀ ਵੇਲੇ ਕੰਪਲੀਕੇਸ਼ਨ ਹੋਣ ਕਾਰਨ ਮੇਰੀ ਕੁੱਖ ਬੰਜਰ ਹੋ ਗਈ ਸੀ। ਮੈਂ ਚਾਹ ਕੇ ਵੀ ਏਸ ਘਰ ਨੂੰ ਪੁੱਤ ਨਹੀਂ ਸਾਂ ਦੇ ਸਕਦੀ। ਤੇ ਫੇਰ ਸ਼ਾਇਦ ਮੇਰਾ ਮਨ ਰੱਖਣ ਲਈ ਹੀ ਦੇਵ ਵੀ ਬੀਜੀ ਨੂੰ ਕਹਿੰਦਾ, “ਜਦ ਮੈਨੂੰ ਕੋਈ ਫਰਕ ਨਹੀਂ ਤਾਂ ਤੁਸੀਂ ਕਿਉਂ ਚਿੰਤਾ ਕਰਦੇ ਹੋਂ? ਅਜ ਕਲ ਧੀ-ਪੁੱਤ ਦਾ ਕੋਈ ਫ਼ਰਕ ਨ੍ਹੀ।”
“ਫ਼ਰਕ ਕਿਉਂ ਨ੍ਹੀ? ਕੁੱਲ ਦਾ ਨਾਂ ਤਾਂ ਪੁੱਤ ਦੇ ਨਾਲ਼ ਈ ਚਲਣੈ।” ਤੇ ਬੀਜੀ ਵੱਲੋਂ ਕੁੱਝ ਨਾ ਕੁੱਝ ਸੁਣਨ ਨੂੰ ਮਿਲਦਾ ਹੀ ਰਹਿੰਦਾ। “ਪੁੱਤ ਬਿਨਾਂ ਕੁੱਲ ਕਿਵੇਂ ਤੁਰੂ?” ਉਹ ਦੇਵ ਨੂੰ ਆਖਦੀ। “ਤੂੰ ਹਾਂਅ ਤਾਂ ਕਰ, ਲੱਖਾਂ ਸਾਕ ਮਿਲਦੈ ਐ। ਲੋਕੀਂ ਦਸ-ਬੀਹ ਲੱਖ ਵੀ ਨਾਲ਼ ਦਿੰਦੇ ਐ ਤੇ ਸਾਕ ਵੀ ਕਰਦੇ ਐ। ਦੱਸਾਂ-ਬੀਹਾਂ ਲੱਖਾਂ ਵਿਚ ਅਗਲਿਆਂ ਦਾ ਪੂਰਾ ਟੱਬਰ ਜੁ ਕਨੇਡਾ ਆ ਜਾਣੈਂ ਤੇ ਉਹ ਵੀ ਸਹੀ ਕਨੂੰਨ ਨਾਲ਼। ਕਿਹੜੀਆਂ ਦੋ ਨਹੀਂ ਹੁੰਦੀਆਂ। ਪਿੰਡਾਂ ਵਿਚ ਕੱਠੀਆਂ ਰਹਿ ਸਕਦੀਆਂ ਸਨ, ਐਥੇ ਕਿਉਂ ਨ੍ਹੀ? ਫੇਰ ਕਨੂੰਨੀ ਕਾਰਵਾਈ ਹੀ ਤਾਂ ਕਰਨੀ ਹੋਈ। ਸ਼ਰਨ ਦੇ ਦਸਖ਼ਤ ਹੋਏ, ਸਪੌਂਸਰਸ਼ਿਪ ਭੇਜ ਦਿਆਂਗੇ।”
ਦੇਵ ਨੇ ਉਸਨੂੰ ਚੁੱਪ ਕਰਾ ਦਿੱਤਾ ਸੀ। ਸ਼ਾਇਦ ਮੇਰੇ ਕੋਲ ਬੈਠੀ ਹੋਣ ਕਾਰਨ। ਮੈਂ ਉੱਠੀ ਤੇ ਆਪਣੇ ਕਮਰੇ ਨੂੰ ਚਲੇ ਗਈ। ਮੈਂ ਗੁੱਸੇ ਵਿਚ ਕਈ ਕੁੱਝ ਵਗਾਹ ਮਾਰਿਆ ਸੀ। ਜੀਅ ਕੀਤਾ ਸੀ ਸੱਸ ਦਾ ਗਲ ਘੁੱਟ ਦਿਆਂ।
ਇਹ ਸੋਚਦਿਆਂ ਮਹਿਸੂਸ ਹੋਇਆ ਜਿਵੇਂ ਮੈਂ ਕੋਈ ਜਿਉਂਦੀ ਸੁੰਡੀ ਨਿਗਲ ਲਈ ਹੋਵੇ। ਜੀਅ ਕੱਚਾ-ਕੱਚਾ ਹੋਣ ਲੱਗ ਪਿਆ। ਜਦੋਂ ਫੇਰ ਟੈਲੀਫੋਨ ਦੀ ਘੰਟੀ ਨੇ ਮੇਰੇ ਦਿਮਾਗ ਵਿਚ ਖੌਰੂ ਪਾਉਣਾ ਸ਼ੁਰੂ ਕੀਤਾ। ਮੇਰੀ ਗੁਆਂਢਣ ਜ਼ੀਨਾ ਮੈਨੂੰ ਵੈੱਲਕਮ ਕਰ ਰਹੀ ਸੀ। “ਵੈੱਲਕਮ ਬੈਕ। ਹਾਓ ਇਜ਼ ਯੂਅਰ ਮਦਰ ਸ਼ੈਰਨ?”
“ਸ਼ੀ ਇੱਜ਼ ਸਰਵਾਈਵਿੰਗ। ਪਤਾ ਨਹੀਂ ਕਿੰਨੇ ਦਿਨ ਹੋਰ ਪਰ…” ਆਖਦਿਆਂ ਮੇਰਾ ਜਿਵੇਂ ਗੱਚ ਭਰ ਆਇਆ।
“ਮੈਂ ਸਮਝ ਸਕਦੀ ਹਾਂ, ਮਾਂ ਧੀਆਂ ਦੇ ਖਾਸ ਨੇੜੇ ਹੁੰਦੀ ਐ। ਮਨ ਨਾ ਭਰ। ਅੱਲਾ ਤਾਲਾ ਤੇ ਯਕੀਨ ਰੱਖ ਸਭ ਠੀਕ ਹੋ ਜਾਵੇਗਾ।”
“ਸੁਆਹ ਠੀਕ ਹੋ ਜਾਵੇਗਾ, ਸਭ ਕੁੱਝ ਗੜ-ਬੜ ਹੈ ਜ਼ੀਨਾ।”
“ਕਿਉਂ ਕੀ ਹੋਇਆ? ਆਂਟੀ ਠੀਕ ਨਹੀਂ?” ਜ਼ੀਨਾ ਨੂੰ ਕਿਸੇ ਗੱਲ ਦੀ ਖ਼ਬਰ ਨਹੀਂ ਸੀ। ਜ਼ੀਨਾ ਮੇਰੀ ਨਿੱਘੀ ਸਹੇਲੀ ਸੀ। ਜਦੋਂ ਜ਼ੀਨਾ ਮੁਸੀਬਤ ਵਿਚ ਸੀ ਤਾਂ ਮੈਂ ਰਾਤ ਦਿਨ ਲਾ ਕੇ ਜ਼ੀਨਾ ਦੀ ਮਦਦ ਕੀਤੀ ਸੀ। ਕੈਨੇਡਾ ਵਿਚ ਸੈੱਟ ਹੋਣ ਲਈ, ਦੇਵ ਤੇ ਮੈਂ ਦੋਹਾਂ ਨੇ ਇਸਨੂੰ ਦਿਨ ਰਾਤ ਸਹਾਰਾ ਦਿੱਤਾ ਸੀ। ਜ਼ੀਨਾ ਪਾਕਿਸਤਾਨ ਵਿਚ ਜੰਮੀ ਸੀ। ਵਲੈਤ ਵਿਚ ਪਲੀ ਸੀ। ਯੁਨੀਵਰਸਿਟੀ ਵਿੱਚ ਪੜ੍ਹਦਿਆਂ ਹੋਇਆਂ ਗ਼ਲਤੀ ਕਰ ਬੈਠੀ। ਜੇ ਕਰ ਘਰ ਪਤਾ ਲੱਗ ਜਾਂਦਾ ਤਾਂ ਉਨ੍ਹਾਂ ਨੇ ਜ਼ੀਨਾ ਨੂੰ ਪਾਕਿਸਤਾਨ ਰਵਾਨਾ ਕਰ ਦੇਣਾ ਸੀ।… ਤੇ ਅੱਜ ਤਕ ਉਸਦਾ ਖੁਰਾ-ਖੋਜ ਭਾਲਿਆਂ ਵੀ ਨਹੀਂ ਸੀ ਮਿਲਣਾ। ਜ਼ੀਨਾ ਨੂੰ ਗ਼ਲਤੀ ਕਰਨ ਤੋਂ ਬਾਅਦ ਪਤਾ ਲੱਗਾ ਕਿ ਉਹ ਬੰਦਾ ਪਹਿਲਾਂ ਹੀ ਵਿਆਹਿਆ ਹੋਇਆ ਹੈ। ਬਾਲ-ਬੱਚੇ ਵਾਲਾ ਹੈ। ਜੇ ਕਰ ਉਸਦੇ ਘਰ ਜ਼ੀਨਾ ਜਾ ਵੀ ਵਸਦੀ ਤਾਂ ਕਿਵੇਂ ਜ਼ਿੰਦਗੀ ਕੱਟਦੀ? ਪਰ ਜ਼ੀਨਾ ਨੂੰ ਉਸਦੇ ਬਿਸਤਰੇ ਦੀ ਗੰਦੀ ਚਾਦਰ ਬਣਨਾ ਮੰਜ਼ੂਰ ਨਹੀਂ ਸੀ। ਨਾ ਉਹ ਚਾਹੁੰਦੀ ਸੀ ਕਿ ਬੇਹੀ ਰੋਟੀ ਵਾਂਗ ਉਸਦੇ ਘਰ ਦੇ ਕਿਸੇ ਕੂੜੇ ਕਰਕਟ ਵਿਚ ਪਈ ਰਹੇ। ਉਸਨੇ ਗ਼ਲਤੀ ਕੀਤੀ ਸੀ ਤੇ ਇੱਕ ਭੁੱਲ ਤਾਂ ਰੱਬ ਵੀ ਮਾਫ਼ ਕਰ ਦਿੰਦਾ ਹੈ। ਮਾਂ-ਪਿਓ ਨੂੰ ਦੱਸਣ ਤੋਂ ਬਿਨਾਂ … ਉਹ ਹਿੰਮਤ ਕਰਕੇ ਘਰੋਂ ਨਿੱਕਲ ਆਈ ਸੀ। ਸਹੇਲੀਆਂ ਕੋਲ ਵਕਤ ਕੱਟੀ ਕਰਦੀ ਨੂੰ ਜ਼ੀਨਾ ਦੇ ਮਸੇਰ ਭਾਈ ਨੇ ਕੈਨੇਡਾ ਆਉਣ ਦਾ ਰਾਹ ਦੱਸ ਦਿੱਤਾ। ਕੈਨੇਡਾ ਆ ਕੇ ਜ਼ੀਨਾ ਨੇ ਪੁੱਤ ਨੂੰ ਜਨਮ ਦਿੱਤਾ। ਮਸੇਰ ਭਾਈ ਨੇ ਵੀ ਕੁੱਝ ਚਿਰ ਸਾਥ ਦਿੱਤਾ ਤੇ ਫੇਰ ਉਸਦੇ ਘਰ ਵਿਚ ਵੀ ਇਹ ਮਾਂ-ਪੁੱਤ ਜਿਵੇਂ ਖੱਟਕਣ ਲੱਗ ਪਏ। ਬੱਸ ਬੋਝ ਬਣ ਗਏ। ਉਸ ਵੇਲੇ ਇਹ ਮੈਨੂੰ ਮਿਲੀ ਸੀ ਜਦੋਂ ਪੱਤਝੜ ਦੇ ਪੱਤੇ ਵਾਂਗ ਰੁਲ ਰਹੀ ਸੀ। … ਸ਼ੁਕਰ ਐ, ਸੰਭਲ ਗਈ। … ਤੇ ਹੁਣ ਇਹ ਆਪਣੀ ਰੋਟੀ ਕਮਾਉਂਦੀ ਤੇ ਪੁੱਤ ਨੂੰ ਪਾਲਦੀ ਸੀ।
ਮੇਰੇ ਉਲਝੇ ਮਨ ਨੂੰ ਜ਼ੀਨਾ ਦੇ ਫੋਨ ਕਾਲ ਦਾ ਸਹਾਰਾ ਮਿਲ ਗਿਆ। ਕਿਸੇ ਨਾਲ਼ ਤਾਂ ਮੈਂ ਦਿਲ ਦੀ ਗੱਲ ਕਰਨੀ ਹੀ ਸੀ। ਸੋਚਿਆ, ਫੇਰ ਜ਼ੀਨਾ ਹੀ ਕਿਉਂ ਨਹੀਂ? ਆਖ਼ਰ ਉਹ ਏਸੇ ਤਰ੍ਹਾਂ ਦੀ ਸਮੱਸਿਆ ਵਿਚੀਂ ਨਿੱਕਲੀ ਐ। ਫ਼ਰਕ ਐਨਾ ਏ ਕਿ ਉਹ ਆਪ ਘਰ ਛੱਡ ਕੇ ਆਈ ਸੀ ਤੇ ਮੈਨੂੰ ਘਰੋਂ ਬੇ-ਘਰ ਕੀਤਾ ਜਾ ਰਿਹਾ ਐ। ਇਹ ਸੋਚਦਿਆਂ ਹੋਇਆਂ ਮੇਰਾ ਗੱਚ ਭਰ ਆਇਆ। ਆਪਣੇ ਆਪ ਨੂੰ ਸੰਭਾਲਦਿਆਂ ਹੋਇਆਂ ਮੈਂ ਆਪਣੀ ਸਾਰੀ ਹਿੰਮਤ ਇਕੱਠੀ ਕਰਕੇ ਜ਼ੀਨਾ ਨੂੰ ਆਖਿਆ, “ਜ਼ੀਨਾ ਜਰਾ ਕੁ ਇੱਧਰ ਆ ਸਕਦੀ ਐਂ?”
“ਕੀ ਗੱਲ? ਸਭ ਠੀਕ ਤਾਂ ਹੈ?” ਜ਼ੀਨਾ ਨੂੰ ਜਿਵੇਂ ਮੇਰੀ ਫ਼ਿਕਰ ਹੋ ਗਈ।
“ਬੱਸ ਤੂੰ ਆ ਜਾ।” ਆਖ ਕੇ ਮੈਂ ਫੋਨ ਠੱਪ ਦੇਣੀ ਰੱਖ ਦਿੱਤਾ।
ਜ਼ੀਨਾ ਮਿੰਟਾਂ ਵਿਚ ਮੇਰੇ ਕੋਲ ਸੀ। ਹੱਥ ਵਿਚ ਕੁੰਜੀਆਂ ਦਾ ਗੁੱਛਾ ਫੜੀ। ਗੁੱਛੇ ਦੀ ਰਿੰਗ ਇੱਕ ਉਂਗਲੀ ਵਿਚ ਫਸਾਈ। ਜ਼ੀਨਾ ਲੰਮੀ ਲੰਝੀ, ਗੋਰਾ ਰੰਗ, ਕਪਰੀਆਂ ਅੱਖਾਂ, ਤੁਰਦੀ ਤਾਂ ਵਲ਼ ਜਿਹਾ ਪੈਂਦਾ। ਉਸਦੇ ਨੱਕ ਦੇ ਖੱਬੇ ਪਾਸੇ ਪਾਇਆ ਸੋਨੇ ਦਾ ਕੋਕਾ ਚਮਕਦਾ ਹੋਇਆ ਜਿਵੇਂ ਉਸਦੀਆਂ ਅੱਖਾਂ ਵਿਚ ਚਿਲਕੋਰ ਮਾਰਦਾ।
ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਗੱਲ ਕਿੱਥੋਂ ਸ਼ੁਰੂ ਕਰਾਂ। ਜ਼ੀਨਾ ਨੂੰ ਦੇਖਦਿਆਂ ਮੇਰਾ ਤਾਂ ਰੋਣਾ ਨਿੱਕਲ ਗਿਆ।
ਮੇਰੇ ਕੰਬਦੇ ਹੱਥ ਜ਼ੀਨਾ ਨੇ ਆਪਣੇ ਹੱਥਾਂ ਵਿਚ ਘੁੱਟਣੇ ਚਾਹੇ। ਮੈਂ ਨਰਵੱਸ ਹੋਈ ਪਈ ਸਾਂ।
ਬਾਰ੍ਹਾਂ ਵਰ੍ਹੇ ਸੁੱਖ ਸ਼ਾਤੀ ਦੇ ਨਿੱਕਲੇ ਸਨ। ਘਰਾਂ ਦੀ ਮਾੜੀ-ਮੋਟੀ ਸਮੱਸਿਆ ਤਾਂ ਹੁੰਦੀ ਹੀ ਐ। … ਤੇ ਹੁਣ ਜਿਵੇਂ ਤੂਫ਼ਾਨ ਮੇਰੀਆਂ ਬਰੂਹਾਂ ਤੇ ਆਣ ਖਲੋਤਾ ਸੀ।
ਜ਼ੀਨਾ ਨੇ ਮੇਰੇ ਦੁਆਲੇ ਆਪਣੀ ਬਾਂਹ ਵੱਲ ਲਈ। ਟਿਸ਼ੂ ਪੇਪਰ ਚੁੱਕ ਕੇ ਮੇਰੇ ਅੱਥਰੂ ਪੂੰਝੇ। ਪਾਣੀ ਦਾ ਗਲਾਸ ਮੈਨੂੰ ਪੀਣ ਨੂੰ ਦਿੱਤਾ। ਤੇ ਆਖਣ ਲੱਗੀ, “ਕੁੱਝ ਪਿੜ-ਪੱਲੇ ਵੀ ਪਾਵੇਂ?”
ਮੈਂ ਮਸਾਂ ਰੁੱਕ ਕੇ ਆਖ ਸਕੀ, “ਜ਼ੀਨਾ ਮੈਨੂੰ ਤਾਂ ਖੁਦ ਸਮਝ ਨਹੀਂ ਆਉਂਦੀ ਕਿ ਮੇਰੇ ਸਿਰ ਇਹ ਬਿਪਤਾ ਕਿਸ ਤਰ੍ਹਾਂ ਪੈ ਗਈ। ਕਿਹੜੀ ਗੱਲ ਦੀ ਕਮੀ ਸੀ ਘਰ ਵਿਚ ਜਾਂ ਮੇਰੇ ਵਿਚ। ਕੀ ਮੈਂ ਆਪਣਾ ਪਤਨੀ ਧਰਮ ਨਹੀਂ ਨਿਭਾ ਪਾਈ? ਤੇ ਜਾਂ ਕੁੱਝ ਹੋਰ …? ” ਆਖਦਿਆਂ ਸਵਾਲੀਆ ਚਿੰਨ੍ਹ ਮੇਰੇ ਮੱਥੇ ਵਿਚ ਉੱਗ ਆਇਆ।
“ਗੱਲ ਹੋਈ ਕੀ ਐ?” ਜ਼ੀਨਾ ਅੰਦਰ ਪ੍ਰਸ਼ਨ ਧੁਮਾਲ ਪਾ ਰਹੇ ਸਨ। ਜਿਵੇਂ ਦੇਵ ਅਤੇ ਮੇਰੇ ਵਿਚਾਲੇ ਕਦੀ ਕੋਈ ਗੱਲ ਹੋ ਹੀ ਨਹੀਂ ਸੀ ਸਕਦੀ।
ਮੈਂ ਜ਼ੀਨਾ ਨੂੰ ਜੋ ਮੇਰੇ ਨਾਲ਼ ਬੀਤਿਆ ਸੀ ਆਖ ਸੁਣਾਇਆ। ਮਾਂ ਦੀ ਬਿਮਾਰੀ ਤੋਂ ਲੈ ਕੇ, ਟੋਰਾਂਟੋ ਘਰ ਤੱਕ ਵਾਪਸੀ ਦਾ ਸਫ਼ਰ, ਤੇ ਫੇਰ ਜੋ ਵਾਪਸ ਪਰਤਣ ਤੇ ਬੀਤੀ,ਉਸਦਾ ਜ਼ਿਕਰ ਵੀ। “ਕੀ ਕਮੀ ਸੀ ਮੇਰੇ ਵਿਚ ਜ਼ੀਨਾ? ਕਿਉਂ ਦੇਵ ਤਿੰਨਾ ਹਫ਼ਤਿਆਂ ਵਿਚ ਬਦਲ ਗਿਐ? ਇਨ੍ਹਾਂ ਵਰ੍ਹਿਆਂ ਦੀ ਡੋਰ ਐਨੀ ਕੱਚੀ? ਇੱਕੋ ਝਟਕੇ ਨਾਲ਼ …”
“ਐਸੀ ਕੋਈ ਗੱਲ ਨ੍ਹੀਂ ਐ। ਨੁਕਸ ਤੇਰੇ ਵਿਚ ਨਹੀਂ। ਤੈਨੂੰ ਵੀ ਪਤੈ ਨੁਕਸ ਕਿੱਥੇ ਐ। … ਤੇ ਫੇਰ ਇਹ ਮਰਦ ਜ਼ਾਤ ਤਾਂ ਹੁੰਦੀ ਈ ਏਸ ਤਰ੍ਹਾਂ ਦੀ ਐ। ਏਨ੍ਹਾਂ ਦੀ ਆਪਣੀ ਅਕਲ ਦਾ ਤਾਂ ਤੈਨੂੰ ਪਤਾ ਹੀ ਐ ਕਿੱਥੇ ਐ। ਦੂਜਾ ਤੇਰੀ ਸੱਸ ਫਫ਼ਾਕੁਟਣੀ ਵੀ ਘੱਟ ਨਹੀਂ। ਕੰਨ ਤਾਂ ਉਹ ਤੇਰੇ ਇੱਥੇ ਹੁੰਦਿਆਂ ਵੀ ਭਰਦੀ ਰਹਿੰਦੀ ਸੀ। ਤੇਰੇ ਵਿਚ ਉਸਨੂੰ ਲੱਖ ਨੁਕਸ ਦਿਖਾਈ ਦਿੰਦੇ ਸਨ। ਜਿਮੇਂ ਕਿਸੇ ਹੋਰ ਹੂਰ ਨੂੰ ਲਿਆ ਕੇ ਪੁੱਤ ਦਾ ਘਰ ਵਸਾਉਣਾ ਹੋਵੇ। ਮੈਨੂੰ ਤਾਂ ਲਗਦੈ, ਕੋਈ ਹੋਰ ਸਾਮੀ ਮਿਲ ਗਈ ਹੋਣੀ ਐ। ਇਹ ਬੁੱਢੜੀ ਤਾਂ ਆਪਣੇ ਹੀ ਪੁੱਤ ਦਾ ਘਰ ਬਰਬਾਦ ਕਰਨ ਡਹੀ ਐ। ਸਟੂਪਿੱਡ ਵੋਮੈਨ, ਕੁੜੀਆਂ ਦਾ ਵੀ ਖਿਆਲ ਨ੍ਹੀ ਕੀਤਾ। ਹੁਣ ਆਪਾਂ ਸੋਚਣਾ ਇਹ ਐ ਕਿ ਦੇਵ ਨੇ ਤਿੰਨਾ ਹਫ਼ਤਿਆਂ ਵਿਚ ਇਹ ਕਦਮ ਚੁੱਕਿਆ ਤਾਂ ਕਿਉਂ?” ਜ਼ੀਨਾ ਵੀ ਮੱਥੇ ਤੇ ਹੱਥ ਧਰ ਕੇ ਬੈਠ ਗਈ।
ਮੇਰੀ ਸਮਝ ਕੁੱਝ ਨਹੀਂ ਸੀ ਪੈ ਰਿਹਾ। ਹਰ ਸੋਚ ਮੇਰਾ ਸਾਥ ਛੱਡ ਰਹੀ ਸੀ। ਕਰਾਂ ਤਾਂ ਕੀ ਕਰਾਂ? ਕਿਹੜਾ ਦਰ ਖੜਕਾਵਾਂ। ਹੋਰਨਾਂ ਲੋਕਾਂ ਦੀਆਂ ਕਹਾਣੀਆਂ ਮੈਂ ਸੁਣਦੀ ਸਾਂ, ਪਰ ਇਹ ਨਹੀਂ ਸਾਂ ਜਾਣਦੀ ਕਿ ਮੇਰੇ ਘਰ ਹੀ ਆਫ਼ਤ ਆ ਖੜੇਗੀ। ਮੈਨੂੰ ਕੁੱਝ ਨਹੀਂ ਸੀ ਸੁੱਝ ਰਿਹਾ। ਚਿੰਤਾ ਵਿਚ ਗਰਸਤ ਜ਼ੀਨਾ ਬੋਲੀ, “ਦੇਖ ਤੂੰ ਢਿੱਲ ਨਾ ਕਰ। ਕਿਸੇ ਨਾਲ਼ ਮਸ਼ਵਰਾ ਕਰ ਲੈ।”
“ਕੀ ਮਤਲਬ?”
“ਬੱਸ ਤੂੰ ਮੇਰਾ ਆਖਾ ਮੰਨ, ਇੱਕ ਵਾਰੀ ਸ਼ਾਰਦਾ ਨਾਲ਼ ਗੱਲ ਕਰ ਦੇਖ।
“ਉਹ ਕੌਣ ਐ” ਮੈਂ ਪੁੱਛਿਆ।
“ਵਕੀਲ ਐ… ਹੋਰ ਕੀ?”
“ਭਲਾ ਕਿਉਂ? ਮੈਨੂੰ ਵਕੀਲ ਦੀ ਕੀ ਲੋੜ ਐ?” ਮੈਂ ਹੈਰਾਨ ਹੋ ਕੇ ਪੁੱਛ ਰਹੀ ਸਾਂ।
“ਨਹੀਂ ਵੀ ਲੋੜ ਤਾਂ ਇੱਕ ਵਾਰੀ ਗੱਲ ਕਰਨ ਵਿਚ ਕੀ ਹਰਜ਼ ਐ।” ਜ਼ੀਨਾ ਨੇ ਜੋਰ ਦੇ ਕੇ ਆਖਿਆ।
ਮੈਂ ਨਹੀਂ ਸਾਂ ਚਾਹੁੰਦੀ ਕਿ ਕਿਸੇ ਦੂਜੇ ਬੰਦੇ ਨੂੰ ਆਪਣੇ ਘਰੇਲੂ ਮਾਮਲੇ ਵਿਚ ਘਸੀਟਾਂ। ਅਨੇਕਾਂ ਕੇਸ ਮੈਂ ਸੁਣੇ ਸਨ ਕਿ ਔਰਤਾਂ ਦੀ ਮਦਦ ਕਰਨ ਵਾਲੇ ਅਦਾਰੇ ਘਰ ਜੋੜਨ ਦੀ ਥਾਂ ਤੋੜ ਦਿੰਦੇ ਹਨ। ਖੇਰੂੰ-ਖੇਰੂੰ ਪਰਵਾਰ ਰੁਲਦੇ ਪਏ ਸਨ ਤੇ ਉਹ ਆਪਣੀਆਂ ਫੀਸਾਂ ਲੈ ਕੇ ਢਿੱਡ ਭਰ ਲੈਂਦੇ ਸਨ। ਜਿੰਨੇ ਕੇਸ ਵੱਧ ਕਰਨਗੇ ਉਨੀਂ ਹੀ ਗੌਰਮੈਂਟ ਤੋਂ ਗਰਾਂਟ ਵੀ ਵੱਧ ਮਿਲੇਗੀ। ਉਨ੍ਹਾਂ ਨੂੰ ਇੱਕ ਵਾਰੀ ਫੋਨ ਕਰੋ, ਬੱਸ ਜੀ ਔਰਤ ਨੂੰ ਪਹੁੰਚਾ ਦੇਣਗੇ ਬੈਟਰਡ ਵੁਮੈਨ ਦੇ ਹੋਮ ਵਿਚ।
“ਨਹੀਂ ਜ਼ੀਨਾ … ਮੈਂ ਇਹ ਨਹੀਂ ਕਰ ਸਕਾਂਗੀ। ਮੈਨੂੰ ਕਿਸੇ ਵਕੀਲ ਦੀ ਲੋੜ ਨਹੀਂ ਹੈ।” ਮੈਂ ਜ਼ੀਨਾ ਨੂੰ ਆਖਿਆ।
“ਫੇਰ ਵੀ ਅੜੀਏ, ਕੀ ਪਤਾ ਹੈ ਕਿਸ ਮੁਸੀਬਤ ਦਾ ਸਾਮ੍ਹਣਾ ਕਰਨਾ ਪੈਣੈ।” ਜ਼ੀਨਾ ਸੱਚ ਹੀ ਮੇਰੇ ਲਈ ਪਰੇਸ਼ਾਨ ਹੋਈ ਪਈ ਸੀ।
“ਪਰ ਜ਼ੀਨਾ … ਐਸ ਵੇਲੇ? ਸਭ ਦਫ਼ਤਰ ਬੰਦ ਹੋਣਗੇ? ਹੈ ਨਾ?” ਮੇਰੀਆਂ ਸਵਾਲੀਆ ਨਜ਼ਰਾਂ ਜ਼ੀਨਾ ਦੇ ਧੁਰ ਅੰਦਰ ਨੂੰ ਕੁਰੇਦ ਗਈਆਂ।
“ਤੂੰ ਚਿੰਤਾ ਨਾ ਕਰ। ਮੈਂ ਦੇਖਦੀ ਹਾਂ। ਸੋਚਦੀ ਹਾਂ ਕੀ ਕੀਤਾ ਜਾ ਸਕਦੈ। ਫੋਨ ਫੜਾਈਂ।” ਉਸਨੇ ਮੇਰੇ ਵੱਲ ਕੋਰਡ ਲੈੱਸ ਫੋਨ ਲੈਣ ਲਈ ਹੱਥ ਵਧਾਇਆ।
ਮੈਨੂੰ ਉਸਦੀ ਗੱਲ-ਬਾਤ ਤੋਂ ਹੀ ਪਤਾ ਲੱਗ ਰਿਹਾ ਸੀ ਕਿ ਉਹ ਕਿਸੇ ਕੋਲੋਂ ਮੇਰੀ ਬਿਪਤਾ ਲਈ ਸਲਾਹ ਲੈ ਰਹੀ ਹੈ। ਕੌਣ ਸੀ ਉਹ ਬੰਦਾ ਮੈਨੂੰ ਨਹੀਂ ਸੀ ਪਤਾ। ਜ਼ੀਨਾ ਨੇ ਫੋਨ ਬੰਦ ਕੀਤਾ ਤੇ ਬੋਲੀ, “ਤੂੰ ਫ਼ਿਕਰ ਨਾ ਕਰ। ਸਲੀਮ ਹੋਰੀਂ ਹੁਣੇ ਆ ਰਹੇ ਐ।”
“ਕੌਣ ਸਲੀਮ?” ਇਹ ਨਾਂ ਮੈਂ ਜ਼ੀਨਾ ਦੇ ਮੂੰਹੋਂ ਪਹਿਲੀ ਵੇਰਾਂ ਸੁਣਿਆ ਸੀ। ਮੈਨੂੰ ਜ਼ੀਨਾ ਦੀ ਪੂਰੀ ਜ਼ਿੰਦਗੀ ਦੀ ਸਾਰ ਸੀ। ਉਸ ਨਾਲ਼ ਬੀਤੇ ਦੀ ਖ਼ਬਰ ਸੀ। ਤੇ ਇਹ ਨਾਂ “ਸਲੀਮ” ਉਸ ਕਿਤਾਬ ਦੇ ਕਿਸੇ ਵਰਕੇ ਤੇ ਨਹੀਂ ਸੀ ਆਇਆ।
ਜ਼ੀਨਾ ਬੋਲੀ, “ਤੂੰ ਫ਼ਿਕਰ ਕਿਓਂ ਕਰਨ ਡਹੀ ਐਂ। ਤੈਨੂੰ ਕਿਹਾ ਨਾ ਸਭ ਠੀਕ ਹੋ ਜਾਊ। … ਤੇ ਮੈਂ ਤੈਨੂੰ ਸਲੀਮ ਬਾਰੇ ਵੀ ਦੱਸ ਦੇਊਂ। ਹਾਲ ਦੀ ਘੜੀ ਤੂੰ ਇਹ ਸਮਝ ਲੈ ਕਿ ਇਸ ਤੋਂ ਚੰਗੀ ਸਲਾਹ ਸਾਨੂੰ ਹੋਰ ਕੋਈ ਨਹੀਂ ਦੇ ਸਕਦੈ। ਮੇਰੇ ਤੇ ਭਰੋਸਾ ਕਰ।”
ਉਸਦੀਆਂ ਟੱਡੀਆਂ ਅੱਖਾਂ ਮੇਰੇ ਧੁਰ ਅੰਦਰ ਨੂੰ ਫਰੋਲ ਰਹੀਆਂ ਸਨ ਕਿ ਚਿੰਤਾ ਕਿਵੇਂ ਘੁਣ ਵਾਂਗ ਮੈਨੂੰ ਖਾ ਰਹੀ ਹੈ। ਮੈਂ ਤੇ ਜ਼ੀਨਾ ਨੇ ਕਈ ਉਤਰਾਅ ਝੜਾਅ ਦੇਖੇ ਸਨ। ਉਹ ਮੇਰੀ ਹਰ ਹਰਕਤ ਤੋਂ ਵਾਕਿਫ਼ ਸੀ। ਹਰ ਆਦਤ ਦੀ ਪਛਾਣ ਸੀ ਉਸਨੂੰ। ਮੇਰਾ ਉਸ ਨਾਲ਼ ਕੀ ਸੰਬੰਧ ਸੀ? ਉਹ ਵੀ ਕਹਿਣਾ ਮੁਸ਼ਕਲ ਸੀ। ਅਸੀਂ ਇੱਕ ਦੂਜੀ ਦੀ ਰਗ-ਰਗ ਤੋਂ ਵਾਕਿਫ਼ ਸਾਂ। ਕਈ ਵੇਰੀਂ ਮੇਰੀ ਸੱਸ ਦੇਵ ਨੂੰ ਆਖਦੀ, ਇਹ ਤੇਰੇ ਨਾਲ਼ ਵਿਆਹੀ ਐ ਜਾਂ ਉਸ ਖਸਮਾਂਪਿੱਟੀ ਜ਼ੀਨਾ ਨਾਲ਼।
ਮੈਨੂੰ ਉਸਦੀ ਗੱਲ ਤੋਂ ਅੱਗ ਲੱਗ ਜਾਂਦੀ। ਪਰ ਮੈਂ ਨਾ ਦੇਵ ਨੂੰ ਸਮਝਾ ਸਕਦੀ ਤੇ ਨਾ ਆਪਣੀ ਸੱਸ ਨੂੰ। ਕਈ ਰਿਸ਼ਤੇ ਐਸੇ ਵੀ ਹੁੰਦੇ ਹਨ ਜਿਨ੍ਹਾਂ ਵਿਚ ਕੋਈ ਸੁਆਰਥ ਨਹੀਂ ਹੁੰਦਾ। ਉਹ ਹਮੇਸ਼ਾਂ ਏਸ ਕਦਰ ਮਹਿਕਦੇ ਹਨ ਜਿਵੇਂ ਹਰ ਦਿਨ ਤਾਜ਼ਾ ਹੋਵੇ, ਹਰ ਪਲ ਮਹਿਕਦਾ ਹੋਵੇ। ਜ਼ੀਨਾ ਵੀ ਏਸੇ ਤਰ੍ਹਾਂ ਮੇਰੀ ਜ਼ਿੰਦਗੀ ਵਿਚ ਆਈ ਸੀ। ਉਸਦੇ ਰੁਲਦੇ ਦਿਨਾਂ ਵਿਚ ਅਸੀਂ ਉਸਦਾ ਸਾਥ ਦਿੱਤਾ ਸੀ। … ਤੇ ਜ਼ੀਨਾ ਪੂਰੀ ਦੀ ਪੂਰੀ ਮੇਰੀ ਜ਼ਿੰਦਗੀ ਵਿਚ ਵੀ ਸਮਾ ਗਈ। ਕਿਸੇ ਧਰਮ ਨੇ ਸਾਡੇ ਵਿਚ ਵਖੇੜਾ ਨਹੀਂ ਖੜਾ ਕੀਤਾ। ਨਾ ਰਿਸ਼ਤੇ ਦਾ ਕੋਈ ਨਾਂ ਸੀ। ਬੱਸ ਅਸੀਂ ਦੋਵੇਂ ਸਾਂ। ਦੁੱਖ-ਸੁੱਖ ਸਾਂਝਾ ਕਰਦੀਆਂ ਹੋਈਆਂ। ਇੰਡੀਆ ਵੀ ਮੈਂ ਏਸੇ ਲਈ ਚਲੀ ਗਈ ਸਾਂ ਕਿ ਜ਼ੀਨਾ ਬੱਚਿਆਂ ਦਾ ਧਿਆਨ ਰਖੇਗੀ। ਪਰ ਕੁੱਝ ਗੱਲਾਂ ਉਸਦੇ ਵੱਸੋਂ ਬਾਹਰ ਦੀਆਂ ਵੀ ਸਨ। ਉਹ ਮੇਰੇ ਘਰ ਵਿਚ ਕਿੰਨੀ ਕੁ ਦਖ਼ਲ ਅੰਦਾਜ਼ੀ ਕਰ ਸਕਦੀ ਸੀ ਭਲਾ? ਉਸਨੂੰ ਕੀ ਪਤਾ ਸੀ ਕਿ ਮੇਰੇ ਘਰ ਦੀਆਂ ਕੰਧਾਂ ਅੰਦਰ ਕੀ ਪੱਕ ਰਿਹਾ ਹੈ।
“ਸਲੀਮ” ਨੇ ਦਰਵਾਜ਼ਾ ਨੌਕ ਕੀਤਾ। ਜ਼ੀਨਾ ਨੇ ਹੀ ਦੌੜ ਕੇ ਜਾ ਕੇ ਖੋਲ੍ਹਿਆ। ਜਿਵੇਂ ਜ਼ੀਨਾ ਨੇ ਉਸਦਾ ਚਿਹਰਾ ਪਹਿਲਾਂ ਤੱਕਣਾ ਹੋਵੇ। ਮੈਨੂੰ ਲੱਗਾ, ਜਿਵੇਂ ਮੈਨੂੰ ਵੀ ਜ਼ੀਨਾ ਲਈ ਖੁਸ਼ੀ ਹੋਈ ਹੋਵੇ। ਮੇਰੇ ਬੁੱਲ੍ਹਾਂ ਦੀ ਹਰਕਤ ਨੇ ਮੇਰੇ ਜ਼ਿਹਨ ਵਿਚ ਇੱਕ ਲਹਿਰ ਜਿਹੀ ਪੈਦਾ ਕੀਤੀ। ਉਹ ਬਾਹਰਲਾ ਦਰ ਖੋਲ੍ਹਦਿਆਂ ਬੋਲੀ, “ਜਹਿ ਨਸੀਬ! ਦੇਖੇਂ ਨਾ ਕਿਸ ਕਦਰ ਮਿਲਾਪ ਹੋਸੀ।”
ਜ਼ੀਨਾ ਨੇ ਮੇਰੀ ਕਹਾਣੀ ਬੜੇ ਥੋੜੇ ਸ਼ਬਦਾਂ ਵਿਚ ਸਲੀਮ ਨੂੰ ਆਖ ਸੁਣਾਈ। ਮੈਨੂੰ ਤਾਂ ਯਕੀਨ ਵੀ ਨਹੀਂ ਸੀ ਕਿ ਇਹ ਕੋਈ ਬਿਪਤਾ ਹੈ ਵੀ ਜਾਂ ਨਹੀਂ। ਮੈਂ ਆਪਣੇ ਮਨ ਨੂੰ ਆਖ ਰਹੀ ਸਾਂ, ਸ਼ਾਇਦ ਮੈਨੂੰ ਭੁਲੇਖਾ ਲੱਗਾ ਹੋਣੈ। ਕਿਉਂ ਮੈਂ ਵਾਲ਼ ਦੀ ਖਾਲ਼ ਉਧੇੜ ਰਹੀ ਹਾਂ। ਘਰਾਂ ਵਿਚ ਕੁੱਝ ਤਾਂ ਤੱਤੀਆਂ-ਠੰਢੀਆਂ ਹੁੰਦੀਆਂ ਹੀ ਨੇ। ਪਰ ਨਹੀਂ, ਸਲੀਮ ਮੇਰੇ ਮੋਹਰੇ ਲੰਮੀ ਚੌੜੀ ਕਹਾਣੀ ਲੈ ਕੇ ਬੈਠ ਗਿਆ ਸੀ। ਆਖਣ ਲੱਗਾ, “ਪਹਿਲਾਂ ਤਾਂ ਬੱਚਿਆਂ ਨੂੰ ਕੋਲ ਲਿਆਉਣ ਬਾਰੇ ਸੋਚਣਾ ਹੋਵੇਗਾ। ਜੇ ਕਰ ਉਸਨੇ ਬੱਚੇ ਦੇਖਣ ਤੋਂ ਨਾਂਹ ਕਰ ਦਿੱਤੀ ਹੈ ਤਾਂ ਜਿੰਨਾ ਚਿਰ ਕਸਟੱਡੀ ਦਾ ਕੋਈ ਫੈਸਲਾ ਨਹੀਂ ਹੁੰਦਾ, ਉੱਨਾਂ ਚਿਰ ਵਿਜ਼ਿਟਿੰਗ ਰਾਈਟ ਬਾਰੇ ਅਪਲਾਈ ਕਰਨਾ ਪਵੇਗਾ।”
ਸਲੀਮ ਸਮਝਾ ਹੀ ਰਿਹਾ ਸੀ ਕਿ ਮੈਂ ਵਿਚਾਲਿਓਂ ਭੜਕ ਕੇ ਬੋਲ ਪਈ। “ਭਾਈ! ਇਹ ਕਿਸ ਤਰ੍ਹਾਂ ਦੀਆਂ ਗੱਲਾਂ ਪਏ ਕਰਦੇ ਹੋ? ਦੇਵ ਨਰਾਜ਼ ਹੈ, ਹੋਰ ਕੁੱਝ ਨਹੀਂ। ਕੋਰਟ-ਕਚਿਹਰੀ, ਇਹ ਕੀ ਹੋਇਆ।” ਮੈਂ ਔਖੀ ਹੋਈ ਪਈ ਸਾਂ। ਮੈਂ ਸੋਚਦੀ ਸਾਂ ਜਦੋਂ ਦੇਵ ਦਾ ਗੁੱਸਾ ਢੱਲ ਗਿਆ ਤਾਂ ਸਭ ਠੀਕ ਹੋ ਜਾਊ। ਮੈਂ ਫੇਰ ਕਿਹਾ, “ਦੇਖ ਜ਼ੀਨਾ, ਮੈਂ ਇਨ੍ਹਾਂ ਝੰਝਟਾਂ ਵਿਚ ਨਹੀਂ ਪੈਣਾ ਚਾਹੁੰਦੀ। ਨਾ ਹੀ ਮੈਂ ਆਪਣਾ ਘਰ ਤੋੜਨਾ ਚਾਹੁੰਦੀ ਹਾਂ। ਜੋ ਹੋਊ ਦੇਖੀ ਜਾਊ। ਰਹਿਣ ਦਿਓ। ਮੈਂ ਐਂਵੇ …।” ਆਖਦਿਆਂ ਮੈਂ ਜ਼ੀਨਾ ਵੱਲ ਨਹਿਰੀ ਜਿਹੀ ਵੱਟ ਕੇ ਦੇਖਿਆ।
ਜ਼ੀਨਾ ਦੀ ਥਾਂ ਸਲੀਮ ਬੋਲਿਆ, “ਤੁਸੀਂ ਗ਼ਲਤੀ ਕਰਦੇ ਹੋ। ਜੇ ਕਰ ਸੋਚਦੇ ਹੋ ਕਿ ਸਭ ਕੁੱਝ ਠੀਕ ਹੋ ਜਾਵੇਗਾ ਤਾਂ ਤੁਸੀਂ ਭੁਲੇਖੇ ਵਿਚ ਹੋਂ। ਤੁਹਾਡਾ ਕਸੂਰ ਵੀ ਨਹੀਂ, ਡਿਨਾਇਲ ਵਿਚ ਅਕਸਰ ਇਨਸਾਨ ਆਪਣੇ ਆਪ ਨੂੰ ਸਮੇਟ ਲੈਂਦਾ ਹੈ। ਜੋ ਕੁੱਝ ਮੈਨੂੰ ਜ਼ੀਨਾ ਨੇ ਦੱਸਿਆ ਹੈ, ਉਸ ਮੁਤਾਬਿਕ ਦੇਵ ਜੋ ਵੀ ਕਰ ਰਿਹਾ ਹੈ, ਉਹ ਕੱਚੇ ਪੈਰੀਂ ਨਹੀਂ ਕਰ ਰਿਹਾ।” ਉਹ ਆਪਣੀ ਕਾਪੀ ਨੂੰ ਬੰਦ ਕਰਦਾ ਬੋਲਿਆ, “ਚਲੋ ਕੋਈ ਕਦਮ ਨਹੀਂ ਚੁੱਕਦੇ, ਪਰ ਤਿਆਰ ਰਹਿਣ ਵਿਚ ਕੀ ਹਰਜ਼ ਹੈ।”
“ਤਿਆਰ? ਕਿਸ ਵਾਸਤੇ?” ਮੈਂ ਜਿਵੇਂ ਇੱਟ ਵਾਂਗ ਉਸਦੇ ਸਵਾਲ ਮਾਰਿਆ।
“ਪਤਾ ਨਹੀਂ ਤੁਹਾਡੇ ਹਸਬੈਂਡ ਦੇ ਮਨ ਵਿਚ ਕੀ ਹੈ? ਇਨ੍ਹਾਂ ਦੇਸ਼ਾਂ ਵਿਚ ਕੁੱਝ ਵੀ ਹੋ ਸਕਦਾ ਹੈ। ਕਦੇ ਵੀ ਕਿਸੇ ਦੀ ਨੀਅਤ ਬਦਲ ਸਕਦੀ ਹੈ। ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਆਪਣੇ ਭਲੇ-ਬੁਰੇ ਬਾਰੇ ਸੋਚੋਂ।”
ਜ਼ੀਨਾ ਨੇ ਮੈਨੂੰ ਬਹੁਤ ਸਮਝਾਇਆ। ਸਲੀਮ ਨੇ ਕਨੂੰਨੀ ਨੁਕਤੇ ਦੱਸੇ-ਸਮਝਾਏ। ਪਰ ਐਸ ਵੇਲੇ ਬੱਚਿਆਂ ਤੋਂ ਬਿਨਾਂ ਮੈਨੂੰ ਕੁੱਝ ਨਹੀਂ ਸੀ ਸੁੱਝ ਰਿਹਾ। ਮੇਰੇ ਨਾਲ਼ ਐਂਜ ਵੀ ਬੀਤ ਸਕਦਾ ਹੈ? ਮੈਂ ਨਹੀਂ ਸਾਂ ਸਮਝ ਸਕਦੀ। ਮੇਰਾ ਤਾਂ ਸਿਰਫ਼ ਇਹੋ ਜੀ ਕਰਦਾ ਸੀ ਕਿ ਸੱਸ ਦੇ ਦਰ ਜਾ ਖੜੀ ਹੋਵਾਂ। ਬੱਚਿਆਂ ਨੂੰ ਬਾਹੋਂ ਫੜਾਂ ਤੇ ਘਰ ਆ ਜਾਵਾਂ। ਤੇ ਫੇਰ ਮੇਰੀ ਸੱਸ ਨੂੰ ਤਾਂ ਕੁੜੀਆਂ ਚਾਹੀਦੀਆਂ ਹੀ ਨਹੀਂ ਸਨ। ਅੱਠਾਂ-ਦਸਾਂ ਵਰ੍ਹਿਆਂ ਦੀਆਂ ਕੁੜੀਆਂ ਦਾ ਕੀ ਕਰੇਗੀ ਉਹ? ਉਨ੍ਹਾਂ ਦੇ ਤਾਂ ਜਨਮ ਦਿਨ ਵੀ ਉਸਨੂੰ ਚੇਤੇ ਨਹੀਂ ਸਨ ਰਹਿੰਦੇ। ਆਖਦੀ ਸੀ, “ਕੌਣ ਕੁੜੀਆਂ ਦੇ ਜਨਮ ਦਿਨ ਮਨਾਉਂਦੈ?”
… ਤੇ ਫੇਰ ਹੋਰ ਬੁਰੇ ਖਿਆਲ ਦਿਮਾਗ ਵਿਚ ਘਰ ਕਰਨ ਲੱਗੇ, ਸ਼ਾਇਦ ਦੋ-ਚਹੁੰ ਸਾਲਾਂ ਤੱਕ ਉਹ ਇਨ੍ਹਾਂ ਲਈ ਵੀ ਵਰ ਲੱਭਣ ਲੱਗੇ ਜੋ ਉਸਨੂੰ ਵੀਹ-ਤੀਹ ਲੱਖ ਦੇਣਗੇ। ਤੌਬਾ-ਤੌਬਾ। ਮੈਂ ਕੰਨਾ ਨੂੰ ਹੱਥ ਲਾਏ। ਹੁਣ ਸੱਚ ਹੀ ਮੇਰੇ ਅੰਦਰ ਦਹਿਲ ਜਿਹਾ ਪੈਦਾ ਹੋ ਗਿਆ। ਮੈਨੂੰ ਮੇਰੀਆਂ ਕੁੜੀਆਂ ਦੀ ਚਿੰਤਾ ਖਾਣ ਲੱਗੀ। ਮੈਂ ਰਾਤੋ-ਰਾਤ ਕੁੜੀਆਂ ਨੂੰ ਆਪਣੇ ਕੋਲ ਚਾਹੁੰਦੀ ਸਾਂ। ਇਸ ਉਧੇੜ-ਬੁਣ ਵਿਚ ਮੈਂ ਕੰਬਦੀ ਹੋਈ ਨੇ ਸਲੀਮ ਵਾਲੇ ਫਾਰਮ ਤੇ ਦਸਤਖ਼ਤ ਕਰਨੇ ਸ਼ੁਰੂ ਕਰ ਦਿੱਤੇ। ਸਲੀਮ ਹੋਰੀਂ ਫਾਈਲ ਸਮੇਟ ਕੇ ਚਲੇ ਗਏ। ਜਾਂਦੇ ਹੋਏ ਆਖ ਗਏ, “ਤੁਸੀਂ ਸਹੀ ਫੈਸਲਾ ਲਿਆ ਹੈ।”
ਉਹ ਰਾਤ ਮੈਂ ਕਿਵੇਂ ਕੱਟੀ, ਮੈਨੂੰ ਹੀ ਪਤਾ ਹੈ। ਬੀਜੀ ਦੇ ਘਰ ਫੋਨ ਕਰਾਂ ਤਾਂ ਕੋਈ ਚੁੱਕੇ ਹੀ ਨਾ। ਸਲੀਮ ਹੋਰੀਂ ਆਖ ਗਏ ਸਨ ਕਿ ਮੈਂ ਬੱਚਿਆਂ ਨੂੰ ਮਿਲਣ ਦੀ ਕੋਸ਼ਿਸ਼ ਨਾ ਕਰਾਂ ਕਿਉਂ ਕਿ ਦੇਵ ਨੇ ਇਹ ਵਾਰਨਿੰਗ ਦਿੱਤੀ ਹੋਈ ਹੈ। ਵਰਨਾ ਉਹ ਤੈਨੂੰ ਅਰੈਸਟ ਕਰਵਾ ਦੇਣਗੇ। ਮੈਂ ਪੁਲੀਸ ਲੌਕ-ਅੱਪ ਵਿਚ ਹੋਵਾਂਗੀ। ਬੱਚਿਆਂ ਨੂੰ ਦੇਖੇ ਵਗੈਰ ਮੈਨੂੰ ਚੈਨ ਵੀ ਨਹੀਂ ਸੀ ਆ ਰਿਹਾ। ਸੋਚਾਂ, ਕੀ ਦੇਵ ਸੱਚ ਹੀ ਅੈਂਜ ਕਰੂ? ਦੇਵ ਏਸ ਕਦਰ ਬਦਲ ਸਕਦਾ ਹੈ? … ਤੇ ਮੈਨੂੰ ਦੁਨੀਆਂ ਦੇ ਦੇਵ ਨਜ਼ਰ ਆਉਣ ਲੱਗ ਪਏ। ਕਚੂਰ ਲੈਰੀਆਂ ਕੁੜੀਆਂ, ਸੂਹੇ ਚੂੜੇ ਪਹਿਨੀ, ਕਲੀਰੇ ਲਮਕਾਈ, ਕਈ ਦੇਵਾਂ ਦੇ ਮਗਰ-ਮਗਰ ਤੁਰ ਰਹੀਆਂ ਸਨ। ਜਿਵੇਂ ਉਨ੍ਹਾਂ ਦੀ ਇੱਕ ਡਾਰ ਮੇਰੀਆਂ ਬਰੂਹਾਂ ਦੇ ਉੱਤੇ ਵੀ ਖੜੀ ਸੀ। ਸੁੱਭਰ ਵਿਚ ਨੋਟਾਂ ਦੀਆਂ ਥੱਬੀਆਂ ਲਈ। ਤ੍ਰੇਲੀਆਂ ਨੇ ਮੇਰਾ ਜਿਸਮ ਭਿਉਂ ਦਿੱਤਾ।
ਫੋਨ ਫੇਰ ਖੜਕਿਆ। ਮੈਂ ਸੋਚਿਆ ਕਿ ਸ਼ਾਇਦ ਕੁੜੀਆਂ ਨੇ ਫੋਨ ਕੀਤਾ ਹੋਵੇਗਾ। ਦੇਵ ਐਨਾ ਨਿਰਮੋਹਾ ਤਾਂ ਨਹੀਂ ਹੋ ਸਕਦਾ। ਫੋਨ ਤਾਂ ਕਰਾ ਹੀ ਦੇਊ। ਪਰ ਨਹੀਂ। ਸਲੀਮ ਸੀ, ਉਸਨੇ ਡੀ.ਏ. ਦੀ ਇਜ਼ਾਜ਼ਤ ਨਾਲ਼ ਬੱਚਿਆਂ ਨੂੰ ਮਿਲਣ ਦੀ ਪਰਮਿਸ਼ਨ ਲੈ ਲਈ ਸੀ। ਮੇਰੇ ਚੰਗੀ ਮਾਂ ਹੋਣ ਦੀ ਗਵਾਹੀ ਜ਼ੀਨਾ ਨੇ ਭਰ ਦਿੱਤੀ ਸੀ। ਹੁਣ ਦੇਵ ਮੈਨੂੰ ਬੱਚੇ ਦੇਖਣ ਤੋਂ ਰੋਕ ਨਹੀਂ ਸੀ ਸਕਦਾ। ਮੈਂ ਸਲੀਮ ਦੀ ਕਾਰ ਵਿਚ ਹੀ ਬੀਜੀ ਦੇ ਘਰ ਗਈ। ਦਰਵਾਜ਼ਾ ਖੜਕਾ ਕੇ ਬੱਚਿਆਂ ਨੂੰ ਬਾਹਰ ਹੀ ਸੱਦ ਲਿਆ। ਦੇਵ ਘਰ ਨਹੀਂ ਸੀ। ਬੀਜੀ ਨੇ ਬਥੇਰਾ ਰੌਲਾ ਪਾਇਆ। ਪਰ ਮੈਂ ਕੁੱਝ ਵੀ ਸੁਣਨ ਨੂੰ ਤਿਆਰ ਨਹੀਂ ਸਾਂ। ਬੀਜੀ ਨੂੰ ਸਲੀਮ ਨੇ ਕਾਗ਼ਜ਼ ਦਿਖਾਏ ਤੇ ਚੁੱਪ ਕਰਾ ਦਿੱਤਾ। ਜੋ ਕਹਿਣਾ ਸੀ ਸਲੀਮ ਨੇ ਹੀ ਕਿਹਾ।
ਬੱਚਿਆਂ ਨੂੰ ਮੈਂ ਆਪਣੇ ਗਲ ਲਾਇਆ। ਚੁੰਮਿਆ-ਚੱਟਿਆ। ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਪਰ ਮੈਂ ਦੇਵ ਜਾਂ ਬੀਜੀ ਦੇ ਖਿਲਾਫ਼ ਕੋਈ ਲਫ਼ਜ਼ ਨਾ ਆਖਿਆ। ਇਹੋ ਮੈਨੂੰ ਸਲੀਮ ਨੇ ਆਖਿਆ ਸੀ। ਮੈਂ ਬੱਚਿਆਂ ਨੂੰ ਸਮਝਾ ਦਿੱਤਾ ਕਿ ਮੈਂ ਦੋ-ਚਾਰ ਦਿਨ ਸ਼ਾਇਦ ਉਹਨਾਂ ਨੂੰ ਨਾ ਮਿਲ ਸਕਾਂ। ਤੁਸੀਂ ਗੁੱਡ ਗਰਲਜ਼ ਬਣ ਕੇ ਦਾਦੀ ਕੋਲ ਰਹਿਣਾ। ਬੀਹੇਵ ਕਰਨਾ। ਤੰਗ ਨਹੀਂ ਕਰਨਾ। ਪਰ ਉਸਤੋਂ ਬਾਅਦ ਉਹ ਮੇਰੇ ਕੋਲ ਹੋਣਗੀਆਂ।
“ਵਾਈ ਕਾਂਟ ਆਈ ਕੱਮ ਵਿੱਦ ਯੂ ਨਾਓ?” ਰਵੀ ਡੁਸਕਦੀ ਹੋਈ ਬੋਲੀ।
“ਯੈਹ ਮੌਮ, ਵਾਈ?” ਰੀਨਾ ਨੇ ਸਵਾਲ ਦਾਗ਼ਿਆ।
“ਮੈਨੂੰ ਇੱਕ ਦੋ ਕੰਮ ਜ਼ਰੂਰੀ ਹਨ। ਉਨ੍ਹਾਂ ਤੋਂ ਬਾਅਦ ਮੈਂ ਤੁਹਾਨੂੰ ਲੈ ਜਾਵਾਂਗੀ। ਆਈ ਪਰਾਮਿਜ਼।” ਮੈਂ ਆਪਣੇ ਅੱਥਰੂ ਲਕੋਂਦੀ ਹੋਈ ਬੋਲੀ। ਮੈਂ ਨਹੀਂ ਸਾਂ ਚਾਹੁੰਦੀ ਕਿ ਮੇਰੀਆਂ ਕੁੜੀਆਂ ਮੇਰੀਆਂ ਅੱਖਾਂ ਵਿਚ ਆਇਆ ਪਾਣੀ ਦੇਖਣ ਅਤੇ ਉਦਾਸ ਹੋਣ।
“ਫਾਰ ਇੰਡੀਆ ਗਰੈਂਡਮਾ?” ਰੀਨਾ ਬੋਲੀ।
“ਯੈੱਸ ਹਨੀ, ਫਾਰ ਇੰਡੀਆ ਗਰੈਂਡਮਾ।” ਮੈਂ ਉਨ੍ਹਾਂ ਨੂੰ ਭਰੋਸਾ ਦੁਆ ਕੇ ਆਪਣਾ ਆਪ ਲੈ ਕੇ ਉੱਥੋਂ ਆ ਗਈ।
ਭਾਪਾ ਜੀ ਬਾਹਰੋਂ ਸੈਰ ਕਰਕੇ ਪਰਤ ਰਹੇ ਸਨ। ਮੈਂ ਬੜੇ ਅਦਬ ਨਾਲ਼ ਸਤਿ ਸ੍ਰੀ ਅਕਾਲ ਬੁਲਾਈ। ਉੱਤਰ ਦਿੰਦਿਆਂ ਉਨ੍ਹਾਂ ਦੀ ਨਜ਼ਰ ਮੇਰੇ ਪੈਰਾਂ ਵਿਚ ਗੱਡੀ ਹੋਈ ਸੀ। ਭਰੇ ਗਲੇ ਨਾਲ਼ ਆਖਣ ਲੱਗੇ, “ਜੋ ਹੋ ਰਿਹਾ, ਠੀਕ ਨਹੀਂ ਹੋ ਰਿਹਾ ਪੁੱਤਰ। ਮੇਰੇ ਵੱਸੋਂ ਬਾਹਰ ਐ। ਤੂੰ ਚੰਗਾ ਜਿਹਾ ਵਕੀਲ ਕਰ ਲੈ।” ਇੰਨਾ ਆਖਦੇ ਹੋਏ ਉਹ ਅੰਦਰ ਨੂੰ ਤੁਰ ਗਏ।
ਉਨ੍ਹਾਂ ਦੀ ਮਜ਼ਬੂਰੀ ਮੈਂ ਮਹਿਸੂਸ ਕੀਤੀ। ਪਰ ਮੈਨੂੰ ਐਨਾ ਵੀ ਅਹਿਸਾਸ ਹੋਇਆ ਕਿ ਇੱਕ ਵੋਟ ਮੇਰੇ ਹੱਕ ਵਿਚ ਵੀ ਖੜੀ ਐ।
ਦਿਨ-ਰਾਤਾਂ ਮੈਂ ਔਖੀਆਂ ਕੱਟੀਆਂ। ਬੱਚਿਆਂ ਨੂੰ ਫੋਨ ਕਰਕੇ ਗੱਲ ਕਰਨ ਦਾ ਹੱਕ ਵੀ ਮੈਨੂੰ ਮਿਲ ਗਿਆ ਸੀ। ਪੂਰਾ ਵੀਕ ਐਂਡ ਵੀ ਮੈਂ ਬੱਚੇ ਕੋਲ ਰੱਖ ਸਕਦੀ ਸਾਂ। ਆਨੇ-ਬਹਾਨੇ ਲਾ ਕੇ ਮੈਂ ਕੁੜੀਆਂ ਨਾਲ਼ ਵਕਤ ਕੱਟ ਰਹੀ ਸਾਂ। ਹਰ ਵਾਰੀ ਵਿਛੜਨ ਵੇਲੇ ਨਵਾਂ ਬਹਾਨਾ ਘੜਦੀ। … ਤੇ ਫੇਰ ਇੱਕ ਦਿਨ ਮੈਨੂੰ ਕੁੜੀਆਂ ਨੂੰ ਬਿਠਾਲ ਕੇ ਸੱਚ ਦੱਸਣਾ ਹੀ ਪਿਆ। ਕੁੜੀਆਂ ਗੁੰਮ-ਸੁੰਮ ਹੋ ਗਈਆਂ ਜਿਵੇਂ ਗ਼ਮ ਦਾ ਗੋਲਾ ਉਨ੍ਹਾਂ ਦੀ ਹਿੱਕ ਵਿਚ ਜੱਮ ਗਿਆ ਹੋਵੇ।
ਸਲੀਮ ਨੇ ਕਾਉਂਟਰ ਕੇਸ ਵੀ ਦਰਜ਼ ਕਰਵਾ ਦਿੱਤਾ। ਜਦੋਂ ਡਾਈਵੋਰਸ ਕੇਸ ਚੱਲਿਆ, ਤਾਂ ਬਹੁਤ ਗੰਦ-ਮੰਦ ਇੱਕ ਦੂਜੇ ਬਾਰੇ ਫੋਲਿਆ ਗਿਆ। ਇਖ਼ਲਾਕੀ ਚਿੱਕੜ ਦੇ ਛਿੱਟੇ ਜੇ ਮੇਰੇ ਤੇ ਪਏ ਤਾਂ ਦੇਵ ਤੇ ਵੀ ਪਏ। ਜ਼ੀਨਾ ਦੇ ਤੇ ਮੇਰੇ ਰਿਸ਼ਤੇ ਨੂੰ ਅੱਗੇ ਲਿਆਂਦਾ ਗਿਆ। ਸਲੀਮ ਨੂੰ ਇਹ ਸਭ ਸੁਣਨਾ ਪਿਆ ਤੇ ਝੱਲਣਾ ਪਿਆ।
ਅਖੀਰ ਫੈਸਲਾ ਇਹ ਹੋਇਆ ਕਿ ਘਰ ਤੇ ਬੱਚੇ ਮੇਰੇ ਕੋਲ ਰਹਿਣਗੇ। ਮੈਂ ਇੱਕ ਚੰਗੀ ਮਾਂ ਰਹੀ ਹਾਂ। ਮਿਹਨਤੀ ਹਾਂ। ਜਿਸ ਦਿਨ ਦਾ ਘਰ ਬੰਨਿਆ ਹੈ ਉਸ ਵਿਚ ਮੇਰਾ ਵੱਧ ਹੱਥ ਹੈ। ਮਾਂ ਤੇ ਬੱਚਿਆਂ ਨੂੰ ਵੈਸੇ ਵੀ ਘਰੋਂ-ਬੇਘਰ ਨਹੀਂ ਕੀਤਾ ਜਾ ਸਕਦਾ। ਘਰ ਵਿਕਣ ਦੀ ਹਾਲਤ ਵਿੱਚ ਜਾਂ ਘਰ ਦਾ ਮੁੱਲ ਪਾ ਲੈਣ ਦੀ ਹਾਲਣ ਵਿੱਚ, ਵਕੀਲਾਂ ਦੇ ਖਰਚੇ ਕੱਢ ਕੇ ਪੈਸੇ ਅੱਧੇ-ਅੱਧੇ ਮਿਲਣਗੇ। ਦੇਵ ਤਨਖਾਹ ਦਾ ਕੁੱਝ ਹਿੱਸਾ ਕੁੜੀਆਂ ਦੇ ਖਰਚੇ ਲਈ ਵੀ ਦੇਵੇਗਾ। ਉਹ ਹਫ਼ਤੇ ਵਿਚ ਇੱਕ ਵਾਰੀ ਕੁੜੀਆਂ ਨੂੰ ਕਿਸੇ ਹੋਰ ਦੀ ਮੌਜ਼ੂਦਗੀ ਵਿਚ (ਸੁਪਰਵਾਈਜ਼ਡ ਵਿਜ਼ਿਟ) ਮਿਲ ਵੀ ਸਕੇਗਾ। ਦਾਦੀ-ਬਾਬਾ ਮੇਰੀ ਰਜਾਮੰਦੀ ਨਾਲ਼ ਘਰ ਆ ਕੇ ਕੁੜੀਆਂ ਨੂੰ ਦੇਖ ਸਕਣਗੇ।
ਉਸ ਦਿਨ ਕੋਰਟ ਵਿਚੋਂ ਨਿਕਲਦਿਆਂ ਭਾਪਾ ਜੀ ਨੇ ਮੇਰੀਆਂ ਅੱਖਾਂ ਵਿਚ ਝਾਕਦਿਆਂ ਹੋਇਆਂ ਆਖਿਆ, “ਪੁੱਤਰ! ਤਕੜੀ ਹੋ ਕੇ ਜੀ ਹੁਣ।”
ਉਨ੍ਹਾਂ ਦੇ ਇਨ੍ਹਾਂ ਸ਼ਬਦਾਂ ਦੇ ਅਰਥ ਬੜੇ ਡੂੰਘੇ ਸਨ। ਮੈਨੂੰ ਸਹਾਰਾ ਵੀ ਮਿਲ ਗਿਆ।
ਹੁਣ ਬੀਜੀ ਪਿੱਟਦੀ ਸੀ, ਦੇਵ ਰੋਂਦਾ ਸੀ ਕਿ ਅੱਧੀ ਤਨਖਾਹ ਨਾਲ਼ ਉਹ ਕੀ ਕਰੂ। ਘਰ ਕਿਵੇਂ ਵਸਾਊ?
ਫੇਰ ਵੀ ਬੀਜੀ ਨੇ ਆਪਣੀ ਮਨ ਮਰਜ਼ੀ ਕਰ ਹੀ ਲਈ। ਇੰਡੀਆ ਗਈ ਦੇਵ ਨੂੰ ਵਿਆਹ ਲਿਆਈ। ਪੜ੍ਹੀ-ਲਿਖੀ ਕੁੜੀ ਦੇਵ ਤੋਂ ਦਸ-ਬਾਰਾਂ ਵਰ੍ਹੇ ਛੋਟੀ ਉਸਦੇ ਲੜ ਲਾ ਲਿਆਈ। ਛੇ ਕੁ ਮਹੀਨੇ ਵਿਚ ਨਵੀਂ ਨੂੰਹ ਹਰਜੋਤ ਕੈਨੇਡਾ ਆ ਗਈ। ਏਅਰਪੋਰਟ ਤੇ ਬੀਜੀ ਤੇ ਦੇਵ ਬਣ-ਠਣ ਕੇ ਉਸਨੂੰ ਲੈਣ ਪਹੁੰਚੇ। ਜਹਾਜ ਦੇ ਸਾਰੇ ਪੈਸੰਜਰ ਉੱਤਰ ਕੇ ਚਲੇ ਗਏ। ਪਰ ਹਰਜੋਤ ਦੀ ਖ਼ਬਰ ਸਾਰ ਨਾ ਮਿਲੀ। ਇੰਨਕੁਆਰੀ ਕਰਨ ਤੇ ਪਤਾ ਲੱਗਾ ਕਿ ਉਹ ਤਾਂ ਕੈਲਗਰੀ ਦੀ ਫਲਾਈਟ ਵਿਚ ਸੀ ਤੇ ਉਹ ਵੀ ਦੋ ਦਿਨ ਪਹਿਲਾਂ। ਟਰਾਂਟੋ ਆਈ ਹੀ ਨਹੀਂ। ਸ਼ਾਇਦ ਉੱਥੇ ਉਸਦਾ ਪਹਿਲਾ ਬੁਆਏ ਫਰੈਂਡ ਰਹਿੰਦਾ ਸੀ। ਉਸਦਾ ਰਫ਼ਿਊਜੀ ਕੇਸ ਚਲਦਾ ਹੋਣ ਕਾਰਨ ਉਸਨੂੰ ਮੰਗਵਾ ਨਹੀਂ ਸੀ ਸਕਦਾ। ਨਾ ਪਿੱਛੇ ਨੂੰ ਜਾ ਸਕਦਾ ਸੀ। ਇਹੋ ਇੱਕੋ ਇੱਕ ਤਰੀਕਾ ਸੀ ਜਿਸ ਨਾਲ਼ ਉਹ ਕੱਠੇ ਹੋ ਸਕਦੇ ਸਨ।
ਬੀਜੀ ਤੇ ਦੇਵ ਨੇ ਰਲ ਕੇ ਘਰ ਪੱਟ ਲਿਆ ਸੀ। ਮਾਂ-ਪੁੱਤ ਪਛਤਾਵੇ ਦੀ ਅੱਗ ਵਿਚ ਝੁਲਸ ਹੁੰਦੇ ਸਨ।
ਦੋ ਵਰ੍ਹੇ ਹੋਰ ਬੀਤ ਗਏ।
ਇਨ੍ਹਾਂ ਮੁਲਕਾਂ ਵਿਚ ਸਿੰਗਲ-ਮਦਰ ਨੂੰ ਬਥੇਰੀ ਮਦਦ ਮਿਲ ਜਾਂਦੀ ਐ। ਮੈਂ ਆਪਣੇ ਆਪ ਵਿਚ ਸੰਤੁਸ਼ਟ ਹੋ ਕੇ ਜੀਅ ਰਹੀ ਸਾਂ। ਕੁੜੀਆਂ ਨੂੰ ਪਾਲ਼ ਰਹੀ ਸਾਂ। ਟੁੱਟੇ ਘਰ ਦੀਆਂ ਕੰਕਰਾਂ ਕਦੀ ਤੰਗ ਕਰਦੀਆਂ ਵੀ ਤਾਂ ਮਨ ਨੂੰ ਸ਼ਾਂਤ ਕਰ ਲੈਂਦੀ ਪਰ ਹੌਸਲਾ ਨਾ ਹਾਰਦੀ। ਮੇਰੀਆਂ ਕੁੜੀਆਂ ਮੇਰੇ ਜੀਣ ਦਾ ਵਸੀਲਾ ਸਨ। ਮੇਰਾ ਕੰਮ ਵੀ ਚੰਗਾ ਸੀ। ਗੱਲ ਕੀ, ਜੇ ਮੈਂ ਖ਼ੁਸ਼ ਨਹੀਂ ਤਾਂ ਸ਼ਾਂਤ ਜ਼ਰੂਰ ਸਾਂ।
… ਤੇ ਫੇਰ ਇੱਕ ਦਿਨ ਭਾਪਾ ਜੀ ਮੇਰੇ ਦਰ ਦੀਆਂ ਬਰੂਹਾਂ ਤੇ ਖੜੇ ਸਨ। ਮੈਂ ਸ਼ਿਸ਼ਟਾਚਾਰ ਵਜੋਂ ਉਨ੍ਹਾਂ ਨੂੰ ਅੰਦਰ ਆਉਣ ਲਈ ਆਖਿਆ। ਅੱਜ ਫੇਰ ਉਨ੍ਹਾਂ ਦੀ ਨਜ਼ਰ ਮੇਰੇ ਪੈਰਾਂ ਦੁਆਲੇ ਘੁੰਮ ਰਹੀ ਸੀ। ਜਾਪਦਾ ਸੀ ਜਿਵੇਂ ਉਹ ਕਿਸੇ ਘੁੰਮਣਘੇਰੀ ਵਿਚ ਫਸੇ ਹੋਏ ਹੋਣ।
“ਕੀ ਗੱਲ ਭਾਪਾ ਜੀ, ਕੁੱਝ ਪਰੇਸ਼ਾਨ ਲਗਦੇ ਹੋਂ? ਕਿਵੇਂ ਆਉਣਾ ਹੋਇਆ?” ਮੈਂ ਪੁੱਛ ਹੀ ਲਿਆ।
ਉਹ ਆਪਣੀ ਸੋਟੀ ਘੁੰਮਾਉਂਦੇ ਹੋਏ ਅਟਕ-ਅਟਕ ਕੇ ਬੋਲੇ, “ਇਹ ਘਰ ਦੀ ਤਬਾਹੀ ਰੋਕ ਲੈ ਪੁੱਤਰ। ਦੇਵ ਨੂੰ ਮਾਫ਼ …” ਉਹ ਅੱਗੋਂ ਕੁੱਝ ਨਾ ਬੋਲੇ।
ਮੈਂ ਉਨ੍ਹਾਂ ਵੱਲ ਦੇਖਿਆ। ਉਨ੍ਹਾਂ ਦੀ ਨਜ਼ਰ ਉਸੇ ਤਰ੍ਹਾਂ ਜ਼ਮੀਨ ਵਿਚ ਗੱਡੀ ਹੋਈ ਸੀ। ਪਲ ਕੁ ਲਈ ਤਾਂ ਮੈਂ ਠਠੰਬਰੀ। ਗੁੱਸਾ ਵੀ ਆਇਆ। ਬਹੁਤ ਕੁੱਝ ਕਹਿਣ ਨੂੰ ਵੀ ਜੀਅ ਕੀਤਾ। ਪਰ ਨਹੀਂ, ਮੈਂ ਸਭ ਅੰਦਰ ਦੱਬ ਲਿਆ। ਮੈਂ ਐਨਾ ਹੀ ਆਖ ਸਕੀ, “ਭਾਪਾ ਜੀ, ਮੈਂ ਨਜ਼ਰ ਮਿਲਾ ਕੇ ਗੱਲ ਕਰਨਾ ਚਾਹੁੰਦੀ ਹਾਂ, ਝੁਕਾ ਕੇ ਨਹੀਂ। ਪਿਆਰ, ਵਿਸ਼ਵਾਸ, ਆਦਰ ਇਨ੍ਹਾਂ ਵਿਚੋਂ ਇੱਕ ਵੀ ਮੇਰੇ ਪੱਲੇ ਰਹਿ ਗਿਆ ਹੁੰਦਾ ਤਾਂ ਮੈਂ…” ਤੇ ਮੈਂ ਗੱਲ ਅਧੂਰੀ ਛੱਡ ਦਿੱਤੀ।
ਹੁਣ ਉਨ੍ਹਾਂ ਨੇ ਮੇਰੇ ਵੱਲ ਤੱਕਿਆ, ਨੀਝ ਲਾ ਕੇ। ਜਿਵੇਂ ਮੁਸਕਰਾਹਟ ਉਨ੍ਹਾਂ ਦੇ ਬੁੱਲ੍ਹਾਂ ਤੇ ਫੇਰ ਆ ਗਈ ਹੋਵੇ। “ਠੀਕ ਐ ਪੁੱਤਰ। ਮੈਂ ਸਮਝਦਾਂ।” ਆਖ ਕੇ ਉਹ ਨਜ਼ਰ ਮਿਲਾਉਂਦੇ ਹੋਏ ਉੱਠੇ ਤੇ ਤੁਰ ਗਏ।
ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈੱਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖ਼ੁਸ਼ੀ ਲੈ ਰਹੇ ਹਾਂ। – ਲਿਖਾਰੀ
(ਪਹਿਲੀ ਵਾਰ ਛਪਿਆ 2005)
(ਦੂਜੀ ਵਾਰ 26 ਮਾਰਚ 2023)
***
1058
***
ਬਲਬੀਰ ਕੌਰ ਸੰਘੇੜਾ
2945 Gulfstream Way
Mississauga, Ont. (Canada)
L5N 6J9
- ਬਲਬੀਰ ਕੌਰ ਸੰਘੇੜਾhttps://likhari.net/author/%e0%a8%ac%e0%a8%b2%e0%a8%ac%e0%a9%80%e0%a8%b0-%e0%a8%95%e0%a9%8c%e0%a8%b0-%e0%a8%b8%e0%a9%b0%e0%a8%98%e0%a9%87%e0%a9%9c%e0%a8%be/
- ਬਲਬੀਰ ਕੌਰ ਸੰਘੇੜਾhttps://likhari.net/author/%e0%a8%ac%e0%a8%b2%e0%a8%ac%e0%a9%80%e0%a8%b0-%e0%a8%95%e0%a9%8c%e0%a8%b0-%e0%a8%b8%e0%a9%b0%e0%a8%98%e0%a9%87%e0%a9%9c%e0%a8%be/
- ਬਲਬੀਰ ਕੌਰ ਸੰਘੇੜਾhttps://likhari.net/author/%e0%a8%ac%e0%a8%b2%e0%a8%ac%e0%a9%80%e0%a8%b0-%e0%a8%95%e0%a9%8c%e0%a8%b0-%e0%a8%b8%e0%a9%b0%e0%a8%98%e0%a9%87%e0%a9%9c%e0%a8%be/