18 September 2024

ਗ਼ਜ਼ਲ —ਸ਼ਾਮ ਸਿੰਘ

ਝੁੱਗੀਆਂ ਦੇ  ਬੋਲ ਕਰਾਰੇ ਹੋਏ ਨੇ ।
ਰਾਹਾਂ ‘ਚ ਤਾਹੀਉਂ ਅੰਗਾਰੇ ਹੋਏ ਨੇ।ਸਾਰਾ ਹੀ ਦਿਨ ਜੋ ਵਹਾਂਦੇ ਪਸੀਨਾ,
ਰੋਟੀ ਤੋਂ ਵੀ ਉਹ  ਵਿਸਾਰੇ ਹੋਏ ਨੇ ।

ਮਹਿਲਾਂ ਦਾ ਮਾਣ ਕਾਹਦਾ ਹੈ ਯਾਰੋ,
ਝੁੱਗੀਆਂ ਨੇ ਹੀ  ਜੋ ਉਸਾਰੇ ਹੋਏ ਨੇ।

ਮਰਦੇ ਨਹੀਂ ਕਦੇ ਮਰਦੇ ਨਹੀਂ ਉਹ,
ਜਿਨ੍ਹਾਂ ਸਿਰ ਸੂਲੀ ਤੋਂ ਵਾਰੇ ਹੋਏ ਨੇ।

ਹੱਕਾਂ  ਲਈ ਏਥੇ  ਲੜਦੇ  ਨਹੀਂ  ਜੋ ,
ਅੰਗਾਰੇ ਉਹ ਪਾਣੀ ਦੇ ਠਾਰੇ ਹੋਏ ਨੇ।

ਸੁਣਦੇ ਨਹੀਂ ਜਿਹੜੇ ਜਨਤਾ ਦੀ ਗੱਲ
ਉਹ ਤਾਂ ਕਾਰਪੋਰੇਟਾਂ ਦੇ ਚਾਰੇ ਹੋਏ ਨੇ।

ਦਿੱਲੀ  ਦੁਆਲੇ ਜੋ  ਹੱਕਾਂ ਲਈ  ਬੈਠੇ
ਇਰਾਦੇ ਉਨ੍ਹਾਂ  ਜਿੱਤ ਦੇ ਧਾਰੇ ਹੋਏ ਨੇ।

ਵਾਰ ਗਏ ਜਾਨਾਂ ਜਿਹੜੇ ਵੀ ਕਿਰਤੀ,
ਬਿਨਾਂ ਸ਼ੱਕ ਅੰਬਰ  ਦੇ ਤਾਰੇ ਹੋਏ ਨੇ।

‘ਸ਼ਾਮ’ ਜਿਨ੍ਹਾਂ ਕੀਤੇ ਵਾਅਦੇ ਨਾ ਪੂਰੇ,
ਉਹ ਲੋਕ-ਮਨਾ ਵਿਚ ਲਾਰੇ ਹੋਏ ਨੇ।
***
152
***

ਸ਼ਾਮ ਸਿੰਘ

ਸ਼ਾਮ ਸਿੰਘ (ਅੰਗ-ਸੰਗ)

ਸ਼ਾਮ ਸਿੰਘ

ਸ਼ਾਮ ਸਿੰਘ (ਅੰਗ-ਸੰਗ)

View all posts by ਸ਼ਾਮ ਸਿੰਘ →