22 July 2024

ਜੇਕਰ ਸਮਾਜ ਸੇਵਾ ਬੋਝ ਬਣ ਜਾਵੇ—ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)

Rich Gulatiਹਰੇਕ ਇਨਸਾਨ ਦਾ ਸੁਭਾਅ ਵੱਖਰਾ ਹੁੰਦਾ ਹੈ। ਬਹੁਤ ਸਾਰੇ ਲੋਕ ਸਮਾਜ ਸੇਵਾ ਜਾਂ ਦੂਜਿਆਂ ਦੀ ਮੱਦਦ ਨੂੰ ‘ਲੋੜੋਂ ਵੱਧ’ ਮਹੱਤਤਾ ਦਿੰਦੇ ਹਨ। ਸ਼ੁਰੂਆਤੀ ਦੌਰ ਵਿੱਚ ਉਹਨਾਂ ਨੂੰ ਅਜਿਹਾ ਕਰਨਾ ਚੰਗਾ ਜਾਪਦਾ ਹੈ ਅਤੇ ਉਹ ਸਮਾਜਿਕ ਕਾਰਜਾਂ ਜਾਂ ਹੋਰਨਾਂ ਦੀ ਮੱਦਦ ਕਰਨ ਲਈ ਆਪਣੇ ਵਿਤੋਂ ਵਧ ਕੇ ਮਿਹਨਤ ਕਰਦੇ ਹਨ। ਉਸ ਵਿਅਕਤੀ ਦੁਆਰਾ ਕੀਤੇ ਜਾ ਰਹੇ ਅਜਿਹੇ ਕਾਰਜਾਂ ਦੇ ਬਦਲੇ ਲੋਕਾਂ ਦੁਆਰਾ ਕੀਤੀ ਗਈ ਤਾਰੀਫ਼ ਸੁਪਨਮਈ ਆਨੰਦ ਦਿੰਦੀ ਹੈ।

ਜਿਵੇਂ ਜਿਵੇਂ ਸਮਾਂ ਬੀਤਦਾ ਹੈ, ਸੰਭਵ ਹੈ ਕਿ ਅਖ਼ਬਾਰਾਂ ਜਾਂ ਰਸਾਲਿਆਂ ਆਦਿ ਵਿੱਚ ਉਸ ਵਿਅਕਤੀ ਦੀਆਂ ਖ਼ਬਰਾਂ ਜਾਂ ਲੇਖ ਵੀ ਛਪਣ ਲੱਗ ਜਾਣ। ਇਸ ਤਰੀਕੇ ਨਾਲ ਉਸ ਵਿਅਕਤੀ ਬਾਰੇ ਜਿਹਨਾਂ ਲੋਕਾਂ ਨੂੰ ਨਹੀਂ ਵੀ ਪਤਾ ਹੁੰਦਾ, ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਹੈ। ਅਖ਼ਬਾਰਾਂ ਵਿੱਚ ਹੋ ਰਹੀ ਚੜ੍ਹਾਈ ਕਰਕੇ ਵਧਾਈਆਂ ਦੇ ਆਉਂਦੇ ਫੋਨ ਉਸ ਵਿਅਕਤੀ ਦੀ ਮਾਨਸਿਕ ਭੁੱਖ ਨੂੰ ਸ਼ਾਂਤ ਕਰਦੇ ਹਨ। ਜਿਸ ਮੰਤਵ ਨੂੰ ਲੈ ਕੇ ਸੇਵਾ ਜਾਂ ਮੱਦਦ ਕਰਨ ਦਾ ਕਾਰਜ ਅਰੰਭਿਆ ਗਿਆ ਸੀ, ਕਈ ਵਾਰ ਉਹ ਕਿਤੇ ਪਿੱਛੇ ਰਹਿ ਜਾਂਦਾ ਹੈ ਅਤੇ ਉਸ ਵਿਅਕਤੀ ਦਾ ਨਵਾਂ ਮੰਤਵ ‘ਵਾਹ-ਵਾਹ’ ਖੱਟਣ ਦੇ ਰੂਪ ਵਿਚ ਤਬਦੀਲ ਹੋ ਜਾਂਦਾ ਹੈ। ਸੰਭਵ ਹੈ ਕਿ ਕੋਈ ਵੀ ਇਸ ਗੱਲ ਨੂੰ ਸਵੀਕਾਰ ਨਾ ਕਰੇ ਪਰ ਆਪਣੇ ਅੰਦਰਲੀ ਆਵਾਜ਼ ਤੇ ਲੋੜ ਨੂੰ ਉਹ ਬਾਖੂਬੀ ਜਾਣਦਾ ਹੁੰਦਾ ਹੈ।

ਉਸਨੇ ਹੋਰਨਾਂ ਦੀ ਮੱਦਦ ਕਰਨ ਦੀ ਜੋ ਸੀਮਾ ਰੇਖਾ ਤੈਅ ਕੀਤੀ ਹੁੰਦੀ ਹੈ, ਉਹ ਅਛੋਪਲੇ ਜਿਹੇ ਉਲੰਘੀ ਜਾਂਦੀ ਹੈ, ਅਤੇ ਇਸ ਬਾਰੇ ਉਸਨੂੰ ਖੁਦ ਵੀ ਪਤਾ ਨਹੀਂ ਲੱਗਦਾ। ਉਸਦੇ ਆਪਣੇ ਘਰ ਦੇ ਕੰਮ ਸਿਰ ਚੜ੍ਹੇ ਰਹਿੰਦੇ ਹਨ ਪਰ ਉਸਨੂੰ ਲੋਕਾਂ ਦੇ ਕੰਮਾਂ ਤੋਂ ਹੀ ਵਿਹਲ ਨਹੀਂ ਮਿਲਦੀ। ਘਰ ਦੇ ਕੰਮਾਂ ਲਈ ਉਹ ਘਰ ਦਿਆਂ ਦੇ ਦੁਆਲੇ ਹੋਇਆ ਰਹਿੰਦਾ ਹੈ। ਹੌਲੀ-ਹੌਲੀ ਇਹ ਮੱਦਦ ਲੋਕਾਂ ਦੀ ਲੋੜ ਮੁਤਾਬਿਕ ਆਰਥਿਕ ਮੱਦਦ ਦਾ ਰੂਪ ਵੀ ਧਾਰਨ ਕਰਨ ਲੱਗ ਜਾਂਦੀ ਹੈ। ਅਜਿਹੀ ਮੱਦਦ ਕਰਨ ਲਈ ਉਹ ਸਮਰੱਥ ਲੋਕਾਂ ਨੂੰ ਬੇਨਤੀਆਂ ਵੀ ਕਰਦਾ ਹੈ।

ਮੱਦਦ ਪ੍ਰਾਪਤ ਕਰਨ ਵਾਲਿਆਂ ਵਿੱਚੋਂ ਵਧੇਰੇ ਦੀ ਕੋਈ ਸੀਮਾ ਨਹੀਂ ਹੁੰਦੀ। ਉਹਨਾਂ ਨੂੰ ਜੋ ਵੀ ਮਿਲਦਾ ਹੈ, ਉਸ ਤੋਂ ਵਧ ਕੇ ਪ੍ਰਾਪਤ ਕਰਨਾ ਚਾਹੁੰਦੇ ਹਨ। ਉਹ ਮੱਦਦ ਕਰਨ ਵਾਲਿਆਂ ਨੂੰ ਕੋਈ ਵੀ ਜਾਇਜ਼-ਨਜਾਇਜ਼ ਸੁਆਲ ਕਰਨ ਲੱਗਿਆਂ ਨਾ ਤਾਂ ਸੋਚਦੇ ਹਨ, ਨਾ ਹੀ ਸਮਝਦੇ ਹਨ ਤੇ ਨਾ ਹੀ ਮੱਦਦ ਕਰਨ ਵਾਲੇ ਦੀ ਸਥਿਤੀ ਦਾ ਵਿਸਲੇਸ਼ਣ ਕਰਦੇ ਹਨ ਕਿ ਉਹ ਮੰਗੀ ਗਈ ਮੱਦਦ ਕਰਨ ਦੇ ਕਾਬਿਲ ਹੈ ਵੀ ਜਾਂ ਨਹੀਂ। ਉਹਨਾਂ ਨੂੰ ਕੀਤੀ ਜਾ ਰਹੀ ਮੱਦਦ ਦੀ ਲੋੜ ਹੋਵੇ ਜਾਂ ਨਹੀਂ, ਇਹ ਤਾਂ ਉਹ ਵਿਚਾਰ ਹੀ ਨਹੀਂ ਕਰਦੇ ਬਲਕਿ ਉਹਨਾਂ ਵਿਚੋਂ ਬਹੁਤ ਸਾਰੇ ਲੋਕਾਂ ਦੀ ਸੋਚ ਇਹ ਵੀ ਹੋ ਸਕਦੀ ਹੈ ਕਿ ‘ਜੇਕਰ ਤੇਲ ਮੁਫ਼ਤ ਮਿਲਦਾ ਹੈ ਤਾਂ ਨਾਂਹ ਨਾ ਕਰੋ, ਉਹ ਲੈ ਕੇ ਜੁੱਤੀ ਵਿੱਚ ਪਾ ਲਵੋ!’ ਗੱਲ ਕੀ, ਉਹ ਦਿੱਤੀ ਜਾ ਰਹੀ ਮੱਦਦ ਨੂੰ ਡਾਂਗਾਂ ਦੇ ਗ਼ਜ਼ ਨਾਲ ਮਿਣਦੇ ਹਨ।

ਇੱਕ ਵੇਲਾ ਅਜਿਹਾ ਆਉਂਦਾ ਹੈ ਕਿ ਮੱਦਦ ਕਰਨ ਵਾਲਾ ਮਾਨਸਿਕ ਤੌਰ ‘ਤੇ ਇਸ ਸਭ ਤੋਂ ਅੱਕ ਜਾਂਦਾ ਹੈ, ਕਿਉਂ ਜੋ ਉਹ ਮੱਦਦ ਪ੍ਰਾਪਤ ਕਰਨ ਵਾਲਿਆਂ ਦੀ ਮਾਨਸਿਕਤਾ ਨੂੰ ਸਮਝਣ ਲੱਗ ਪੈਂਦਾ ਹੈ। ਉਸਨੂੰ ਸਾਫ਼ ਸਪੱਸ਼ਟ ਨਜ਼ਰ ਆਉਣ ਲੱਗ ਪੈਂਦਾ ਹੈ ਕਿ ਇਸ ਸਭ ਵਿਚ ਉਸਦਾ ਕੋਈ ਵੀ ਨਿੱਜੀ ਸੁਆਰਥ ਜਾਂ ਲਾਭ ਨਹੀਂ ਹੈ ਪਰ ਬਹੁਤ ਸਾਰੇ ਲੋਕ ਉਸਨੂੰ ਨਜਾਇਜ਼ ਤਰੀਕਿਆਂ ਨਾਲ ਤੰਗ ਕਰਨ ਲੱਗ ਪਏ ਹਨ, ਉਸਨੂੰ ਵਰਤਣ ਲੱਗ ਪਏ ਹਨ। ਚੇਤੇ ਰਹੇ ਕਿ ਇਹ ਸਭ ਰਾਤੋ-ਰਾਤ ਨਹੀਂ ਵਾਪਰਦਾ, ਇਸ ਲਈ ਸਮਾਂ ਲੱਗਦਾ ਹੈ।

ਮੱਦਦ ਪ੍ਰਾਪਤ ਕਰਨ ਵਾਲੇ ਨੂੰ ਤਾਂ ਇਹੀ ਜਾਪਦਾ ਹੈ ਕਿ ਉਹ ਦਿੱਕਤਾਂ ਦਾ ਸਾਹਮਣਾ ਕਰ ਰਿਹਾ ਹੈ, ਦੁਨੀਆ ਵਿੱਚ ਉਸ ਨਾਲੋਂ ਵਧੇਰੇ ਔਖਾ ਤੇ ਮਜ਼ਬੂਰ ਕੋਈ ਹੋਰ ਨਹੀਂ ਹੈ। ਮੱਦਦ ਕਰਨ ਵਾਲਾ ਕਿੰਝ ਤੇ ਕਿਹੜੇ ਹਾਲਾਤ ਵਿਚ ਮੱਦਦ ਕਰ ਰਿਹਾ ਹੈ, ਇਸ ਬਾਰੇ ਵਿਚਾਰ ਕਰਨ ਜੋਗੀ ਸਮਝ ਉਸਦੀ ਨਹੀਂ ਹੁੰਦੀ ਜਾਂ ਸੰਭਵ ਹੈ ਕਿ ਉਹ ਸਮਝਣਾ ਹੀ ਨਾ ਚਾਹੁੰਦਾ ਹੋਵੇ। ਮੱਦਦ ਕਰਨ ਵਾਲਿਆਂ ਕੋਲ ਕਿੰਨੇ ਮੱਦਦ ਪ੍ਰਾਪਤ ਕਰਨ ਵਾਲਿਆਂ ਦੀ ਲਾਈਨ ਲੱਗੀ ਹੁੰਦੀ ਹੈ, ਇਸ ਬਾਰੇ ਕੋਈ ਨਹੀਂ ਜਾਣਦਾ।

ਜ਼ਿਕਰਯੋਗ ਹੈ ਕਿ ਇਸ ਤਰਾਂ ਸਮਾਜਿਕ ਕਾਰਜ ਕਰਨ ਵਾਲੇ ਅਜਿਹੇ ਵਿਅਕਤੀਆਂ ਵਿੱਚੋਂ ਵਧੇਰੇ ਮੱਧ ਵਰਗੀ ਪਰਿਵਾਰਾਂ ਨਾਲ ਸੰਬੰਧਿਤ ਹੁੰਦੇ ਹਨ। ਆਪਣੇ ਆਲੇ-ਦੁਆਲੇ ਨਜ਼ਰ ਮਾਰ ਕੇ ਵੇਖ ਲਵੋ, ਕੋਈ ਵੀ ਅਮੀਰ ਵਿਅਕਤੀ ਉਹਨਾਂ ਵਾਂਗ ਮੁਫ਼ਤ ਵਿੱਚ ਹੱਥੀਂ ਕਾਰ ਕਰਦਾ ਨਹੀਂ ਮਿਲੇਗਾ। ਅਮੀਰ ਵਿਅਕਤੀ ਪੈਸੇ ਦੀ ਮੱਦਦ ਤਾਂ ਕਰ ਸਕਦਾ ਹੈ, ਪਰ ਜਦੋਂ ਵੀ ਚਾਰ ਲੋਕਾਂ ਵਿੱਚ ਵਿਚਰੇਗਾ, ਮੱਦਦਗਾਰ ਦੀ ਤਰਾਂ ਨਹੀਂ ਬਲਕਿ ਉਹ ਲੋਕਾਂ ਵਿੱਚ ਅਲੱਗ ਹੀ ਨਜ਼ਰ ਆਵੇਗਾ। ਜ਼ਮੀਨੀ ਪੱਧਰ ‘ਤੇ ਉਹਨਾਂ ਦੁਆਰਾ ਕੀਤੀ ਜਾਣ ਵਾਲੀ ਸੇਵਾ ਬਹੁਤੀ ਕਰਕੇ ਉਹਨਾਂ ਦੁਆਰਾ ਬੋਲੇ ਜਾ ਰਹੇ ਵਾਕਾਂ ਦੇ ਰੂਪ ਵਿੱਚ ਹੋਵੇਗੀ।

– “ਮੁੰਡਿਓ, ਆਹ ਕੰਮ ਕਰ ਲਵੋ ਬਈ!”
– “ਸ਼ਾਬਾਸ਼ੇ ਬਈ ਤੁਹਾਡੇ, ਬਹੁਤ ਵਧੀਆ ਤਰੀਕੇ ਨਾਲ ਸੇਵਾ ਕਰ ਰਹੇ ਹੋ!”
– “ਫਿਕਰ ਹੀ ਕੋਈ ਨਹੀਂ, ਅਸੀਂ ਤੁਹਾਡੇ ਨਾਲ ਹਾਂ। ਜੋ ਲੋੜ ਹੋਵੇ ਬੱਸ ਹੁਕਮ ਕਰੋ!”, ਆਦਿ।

ਉਹਨਾਂ ਦਾ ਕੰਮ ਹੱਲਾਸ਼ੇਰੀ ਦੇ ਕੇ ਉਥੋਂ ਤੁਰ ਜਾਣਾ ਹੁੰਦਾ ਹੈ। ਅਸਲ ਸੇਵਾਦਾਰ ਆਪਣਾ ਕੰਮ ਛੱਡ, ਦਿਹਾੜੀਆਂ ਭੰਨ ਉਥੇ ਲੱਗਾ ਰਹਿੰਦਾ ਹੈ। ਜੋ ਵਰਤਾਰਾ ਹੁਣ ਤੱਕ ਵਰਤਣ ਲੱਗ ਪਿਆ ਹੁੰਦਾ ਹੈ, ਉਸ ਦਾ ਪ੍ਰਭਾਵ ਮੱਦਦ ਕਰਨ ਵਾਲੇ ਦੀ ਨਿੱਜੀ ਜ਼ਿੰਦਗੀ ‘ਤੇ ਵੀ ਪੈਣਾ ਸ਼ੁਰੂ ਹੋ ਚੁੱਕਾ ਹੁੰਦਾ ਹੈ। ਪਰ ਸਮਾਜ ਵਿੱਚ ਉਸਦਾ ਅਕਸ ਹੀ ਇਸ ਤਰਾਂ ਦਾ ਬਣ ਚੁੱਕਿਆ ਹੁੰਦਾ ਹੈ ਕਿ “ਕੋਈ ਵੀ ਸਮੱਸਿਆ ਜਾਂ ਲੋੜ ਹੋਵੇ, ਫਲਾਣੇ ਬੰਦੇ ਨੂੰ ਫੋਨ ਕਰ ਲਵੋ। ਉਹ ਆਪਣੇ-ਆਪ ਤੁਹਾਡੀ ਲੋੜ ਦੀ ਪੂਰਤੀ ਕਰੇਗਾ!” ਬਹੁਤ ਸਾਰੇ ਲੋਕ ਆਪਣੀਆਂ ਲੋੜਾਂ ਤਾਂ ਉਸ ਕੋਲੋਂ ਪੂਰੀਆਂ ਕਰਦੇ ਹੀ ਹਨ, ਬਲਕਿ ਦੂਜਿਆਂ ਨੂੰ ਵੀ ਉਸ ਕੋਲ ਭੇਜਣਾ ਸ਼ੁਰੂ ਕਰ ਦਿੰਦੇ ਹਨ। ਵਿਚਾਰਨਯੋਗ ਹੈ ਕਿ ਜਦੋਂ ਲੋੜ ਵੇਲੇ ਉਹਨਾਂ ਨੇ ਆਪ ਮੱਦਦ ਲੈ ਲਈ ਸੀ ਤਾਂ ਹੁਣ ਉਹ ਖੁਦ ਦੂਜਿਆਂ ਦੇ ਕੰਮ ਕਿਉਂ ਨਹੀਂ ਆਉਂਦੇ? ਭਲਾ ਇੱਕ ਵਿਅਕਤੀ ਕਿੰਨੇ ਕੁ ਲੋਕਾਂ ਦਾ ਬੋਝ ਝੱਲ ਸਕਦਾ ਹੈ?

ਜੋ ਵਰਤਾਰਾ ਜਾਂ ਲੋਕਾਂ ਦੀ ਵਾਹ-ਵਾਹ ਸ਼ੁਰੂਆਤੀ ਦੌਰ ਵਿਚ ਮੱਦਦਕਰਤਾ ਨੂੰ ਆਨੰਦ ਦਿੰਦੀ ਸੀ, ਹੁਣ ਉਹ ਮੁਸੀਬਤ ਜਾਪਣ ਲੱਗ ਪੈਂਦੀ ਹੈ। ਉਸਦੇ ਪਰਿਵਾਰ ਅਤੇ ਪਰਿਵਾਰਕ ਰਿਸ਼ਤਿਆਂ ‘ਤੇ ਵੀ ਇਸ ਦਾ ਬੁਰਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ। ਹੁਣ ਉਹ ਲੋਕਾਂ ਨੂੰ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਤੋਂ ‘ਨਾਂਹ’ ਕਹਿਣੀ ਚਾਹੁੰਦਾ ਹੈ ਪਰ ਚਾਹੁੰਦਿਆਂ ਹੋਇਆਂ ਵੀ ਇਸ ਮੱਕੜਜਾਲ ਵਿੱਚੋਂ ਬਾਹਰ ਨਹੀਂ ਨਿੱਕਲ ਸਕਦਾ। ਉਸਨੂੰ ਜਾਪਦਾ ਹੈ ਕਿ ਜੇਕਰ ਉਸਨੇ ਕਿਸੇ ਨੂੰ ਨਾਂਹ ਕਰ ਦਿੱਤੀ ਤਾਂ ਉਸਦਾ ਅਕਸ ਖਰਾਬ ਹੋ ਜਾਵੇਗਾ, ਜਾਂ ਲੋਕ ਕੀ ਕਹਿਣਗੇ?

ਇੱਕ ਗੱਲ ਤਾਂ ਮੰਨਣਯੋਗ ਹੈ ਕਿ ਸੇਵਾ ਜਾਂ ਸਮਾਜਿਕ ਕਾਰਜ ਕਿਸੇ ਵੀ ਤਰਾਂ ਦੇ ਕਿਉਂ ਨਾ ਹੋਣ, ਸੇਵਾਦਾਰ ਨੂੰ ਕੀਤੀ ਜਾ ਰਹੀ ਸੇਵਾ ਵਿੱਚੋਂ ਓਨਾ ਚਿਰ ਹੀ ਰਸ ਆਵੇਗਾ, ਜਿਨਾ ਚਿਰ ਉਹ ਆਪਣੀ ਮਰਜ਼ੀ, ਸਮੇਂ ਅਤੇ ਸਾਧਨਾਂ ਦੇ ਮੁਤਾਬਿਕ ਸੇਵਾ ਕਰਦਾ ਹੈ। ਜਦੋਂ ਇਸ ਵਿਚ ਦਿੱਕਤਾਂ ਆੜੇ ਆਉਣ ਲੱਗ ਜਾਣ ਤਾਂ ਇਹ ਮਜ਼ਬੂਰੀਆਂ ਦੇ ਸੌਦੇ ਰਹਿ ਜਾਂਦੇ ਹਨ। ਜਦੋਂ ਕੋਈ ਹੋਰ ਉਸਦੀਆਂ ਆਪਣੀਆਂ ਆਸਾਂ ‘ਤੇ ਖਰਾ ਨਹੀਂ ਉਤਰਦਾ ਜਾਂ ਕੀਤੇ ਗਏ ਕਾਰਜਾਂ ਦਾ ਸਾਰਥਿਕ ਮੁੱਲ ਉਸਨੂੰ ਨਹੀਂ ਮਿਲਦਾ ਤਾਂ ਉਹ ਆਪਣੇ ਧੁਰ-ਅੰਦਰੋਂ ਕਿਤੋਂ ਟੁੱਟ ਜਾਂਦਾ ਹੈ। ਉਸਦੀ ਹਾਲਤ ਸੱਪ ਦੇ ਮੂੰਹ ਵਿੱਚ ਕੋਹੜ-ਕਿਰਲੀ ਵਰਗੀ ਹੋ ਜਾਂਦੀ ਹੈ, ਕਿ ਨਾ ਨਿਗ਼ਲ ਸਕਦਾ ਹੈ, ਨਾ ਹੀ ਉਗ਼ਲ ਸਕਦਾ ਹੈ। ਅਜਿਹੀ ਸਥਿਤੀ ਵਿੱਚ ਉਸ ਵਿਅਕਤੀ ਭਾਵ ਸੇਵਾਦਾਰ ਨੂੰ ਖੁਦ ਫੈਸਲਾ ਕਰਨਾ ਪਵੇਗਾ ਕਿ ‘ਉਹ ਕੀ ਚਾਹੁੰਦਾ ਹੈ?’

ਜੇਕਰ ਇਸ ਮੱਕੜਜਾਲ ਵਿੱਚ ਤੁਸੀਂ ਵੀ ਫਸੇ ਹੋਏ ਹੋ ਤਾਂ ਇਸ ਵਿੱਚੋਂ ਬਾਹਰ ਨਿੱਕਲਣ ਲਈ ਤੁਹਾਨੂੰ ਆਪਣੀ ਮੱਦਦ ਆਪ ਕਰਨੀ ਪਵੇਗੀ। ਤੁਹਾਨੂੰ ਆਪਣੀ ਸੀਮਾ ਰੇਖਾ ਤੈਅ ਕਰਨੀ ਪਵੇਗੀ ਕਿ ਕਿਸ ਹੱਦ ਤੱਕ ਤੁਸੀਂ ਸਮਾਜਿਕ ਕਾਰਜਾਂ ਵਿੱਚ ਭਾਗ ਲੈਣ ਲਈ ਰਾਜ਼ੀ ਹੋ। ਚਾਹੀਦਾ ਤਾਂ ਇਹ ਸੀ ਕਿ ਤੁਸੀਂ ਆਪਣੀ ਹੱਦ ਨਾ ਉਲੰਘਦੇ ਪਰ ਜੇਕਰ ਇਹ ਸਭ ਹੋ ਹੀ ਚੁੱਕਿਆ ਹੈ ਤਾਂ ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਤੁਸੀਂ ਹੁਣ ਵੀ ਆਪਣੀ ਸੀਮਾ ਰੇਖਾ ਤੈਅ ਕਰ ਸਕਦੇ ਹੋ। ਤੁਹਾਨੂੰ ਇਹ ਤੈਅ ਕਰਨਾ ਪਵੇਗਾ ਕਿ;

– ਤੁਸੀਂ ਕਿਸ ਪ੍ਰਕਾਰ ਦੇ ਕਾਰਜਾਂ ਵਿੱਚ ਹਿੱਸਾ ਲਵੋਗੇ?
– ਤੁਸੀਂ ਇੱਕ ਦਿਨ ਜਾਂ ਹਫ਼ਤੇ ਵਿੱਚ ਕਿੰਨੇ ਘੰਟੇ ਜਾਂ ਕਿਹੜੇ-ਕਿਹੜੇ ਦਿਨ ਲੋਕਾਂ ਲਈ ਉਪਲਭਧ ਰਹੋਗੇ?
– ਤੁਹਾਨੂੰ ਵਿਸਲੇਸ਼ਣ ਕਰਨਾ ਪਵੇਗਾ ਕਿ ਤੁਹਾਡੇ ਦੁਆਰਾ ਕੀਤੇ ਗਏ ਕਾਰਜਾਂ ਦਾ ਤੁਹਾਡੇ ਪਰਿਵਾਰ ‘ਤੇ ਕੀ ਪ੍ਰਭਾਵ ਪੈ ਰਿਹਾ ਹੈ?
– ਕੀ ਤੁਹਾਡਾ ਪਰਿਵਾਰ ਤੁਹਾਨੂੰ ਦਿਲੋਂ ਸਹਿਯੋਗ ਦੇ ਰਿਹਾ ਹੈ ਜਾਂ ਮਜ਼ਬੂਰੀ ਕਰਕੇ? ਹੋ ਸਕਦਾ ਹੈ ਕਿ ਪਤਨੀ ਤੇ ਬੱਚੇ ਡਰਦੇ ਕੁਝ ਨਾ ਕਹਿ ਸਕਦੇ ਹੋਣ।
– ਕੀ ਤੁਸੀਂ ਲੋਕਾਂ ਦੀ ਆਰਥਿਕ ਮੱਦਦ ਕਰਨ ਲਈ ਰਾਜੀ ਹੋ, ਜੇਕਰ ਹਾਂ ਤਾਂ ਕਿੰਨੀ?
– ਤੁਸੀਂ ਕਿਸੇ ਦੀ ਜੋ ਆਰਥਿਕ ਮੱਦਦ ਕਰੋਗੇ, ਉਹ ਤੁਹਾਡੀ ਜੇਬ ਵਿੱਚੋਂ ਹੋਵੇਗੀ ਜਾਂ ਹੋਰਨਾਂ ਤੋਂ ਉਹਨਾਂ ਦੀ ਮੱਦਦ ਕਰਵਾਓਗੇ?
– ਇਹ ਵੀ ਚੇਤੇ ਰੱਖਣਾ ਪਵੇਗਾ ਕਿ ਜਿਹੜੇ ਲੋਕਾਂ ਨੂੰ ਤੁਸੀਂ ਦੂਜਿਆਂ ਦੀ ਮੱਦਦ ਕਰਨ ਲਈ ਸੁਆਲ ਪਾ ਰਹੇ ਹੋ, ਆਪਣੀ ਲੋੜ ਵੇਲੇ ਉਹ ਤੁਹਾਨੂੰ ਹੀ ਸੰਪਰਕ ਕਰਨਗੇ। ਫਿਰ ਉਹਨਾਂ ਨੂੰ ਤੁਸੀਂ ਨਾਂਹ ਨਹੀਂ ਕਹਿ ਸਕੋਗੇ।
– ਤੁਹਾਨੂੰ ਇਹ ਵਿਸਲੇਸ਼ਣ ਕਰਨਾ ਪਵੇਗਾ ਕਿ ਤੁਸੀਂ ਆਪਣੇ ਪਰਿਵਾਰ ਦੇ ਮਹੱਤਵਪੂਰਨ ਦਿਨਾਂ ਨੂੰ ਕਿੰਨਾ ਕੁ ਯਾਦ ਰੱਖ ਪਾਉਂਦੇ ਹੋ?
– ਕੀ ਪਰਿਵਾਰਕ ਪ੍ਰੋਗਰਾਮਾਂ ਜਾਂ ਬੱਚਿਆਂ ਦੇ ਸਕੂਲ ਵਿਚ ਤੁਹਾਡੀ ਗ਼ੈਰਹਾਜ਼ਰੀ ਹੀ ਹੁੰਦੀ ਹੈ?

ਇਹ ਤਾਂ ਸਪੱਸ਼ਟ ਹੈ ਕਿ ਤੁਸੀਂ ਸਮਾਜ ਵਿਚ ਆਪਣੇ ਬਣ ਚੁੱਕੇ ਅਕਸ ਜਾਂ ਹੋਰ ਕਾਰਣਾਂ ਕਰਕੇ ਸਪੱਸ਼ਟ ਨਾਂਹ ਤਾਂ ਨਹੀਂ ਕਰ ਸਕੋਗੇ। ਕਿਸੇ ਨੂੰ ਨਾਂਹ ਕਰਨੀ ਮੁਸ਼ਕਿਲ ਤਾਂ ਹੈ ਪਰ ਇਹ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਮਹੱਤਵਪੂਰਨ ਹੈ। ਜੇਕਰ ਤੁਸੀਂ ਚਾਹੋ ਤਾਂ ਸਕਾਰਤਮਕ ਤਰੀਕੇ ਨਾਲ ਬਿਨਾ ਝੂਠ ਬੋਲਿਆਂ ਹੋਰਨਾਂ ਨੂੰ ਆਪਣੀ ਸਥਿਤੀ ਸਪੱਸ਼ਟ ਕਰ ਸਕਦੇ ਹੋ।

– ਇਸਦਾ ਪਹਿਲਾ ਕਦਮ ਜ਼ਿੰਦਗੀ ਵਿੱਚ ਆਪਣੀ ਤੇ ਆਪਣੇ ਪਰਿਵਾਰ ਦੀ ਮਹੱਤਤਾ ਨੂੰ ਪਹਿਲੇ ਸਥਾਨ ‘ਤੇ ਰੱਖਣਾ ਹੋਵੇਗਾ, ਜੋ ਕਿ ਕਿਸੇ ਵੀ ਪੱਖੋਂ ਗ਼ਲਤ ਨਹੀਂ ਹੈ।
– ਤੁਹਾਨੂੰ ਇਹ ਸਮਝਣਾ ਪਵੇਗਾ ਕਿ ਤੁਸੀਂ ਅਜਿਹੇ ਕਾਰਜਾਂ ਵਿੱਚ ਹਿੱਸਾ ਕਿਉਂ ਲੈਂਦੇ ਹੋ? ਆਪਣੀ ਮਾਨਸਿਕ ਸੰਤੁਸ਼ਟੀ ਲਈ, ਵਾਹ-ਵਾਹ ਲਈ ਜਾਂ ਇਸਦਾ ਕੋਈ ਹੋਰ ਮੰਤਵ ਹੈ? ਮੈਂ ਇਸ ਸੁਆਲ ਦਾ ਜੁਆਬ ਲਿਖ ਕੇ ਲੱਭਣ ਦੀ ਸਿਫ਼ਾਰਿਸ਼ ਕਰਦਾ ਹਾਂ। ਜੇਕਰ ਕੇਵਲ ਮਨ ਹੀ ਮਨ ਵਿਚਾਰ ਕੀਤੀ ਤਾਂ ਮਨ ਹਰ ਪਲ ਡੋਲਦਾ ਹੈ। ਜਦੋਂ ਤਰਕ ਭਰਪੂਰ ਲਿਖਤ ਸਾਹਮਣੇ ਹੋਵੇਗੀ ਤਾਂ ਤੁਹਾਨੂੰ ਸਿਹਤਮੰਦ ਫੈਸਲਾ ਲੈਣ ਵਿੱਚ ਮੱਦਦ ਮਿਲੇਗੀ।
– ਵਿਚਾਰਨਾ ਪਵੇਗਾ ਕਿ ਅਜਿਹੇ ਕਿਹੜੇ ਲੋਕ ਹਨ, ਜੋ ਤੁਹਾਨੂੰ ਗਾਰੰਟਿਡ ਰੂਪ ਵਿੱਚ ਲੈ ਰਹੇ ਹਨ। ਉਹਨਾਂ ਤੋਂ ਕਿਨਾਰਾ ਕਰਨਾ ਪਵੇਗਾ।
– ਸਮਝਣਾ ਪਵੇਗਾ ਕਿ ਉਹ ਕਿਹੜੇ ਲੋਕ ਹਨ, ਜੋ ਤੁਹਾਡੀਆਂ ਭਾਵਨਾਵਾਂ ਜਾਂ ਕੀਤੀ ਜਾ ਰਹੀ ਮੱਦਦ ਦਾ ਨਜਾਇਜ਼ ਫਾਇਦਾ ਚੁੱਕ ਰਹੇ ਹਨ।
– ਉਹ ਕਿਹੜੇ ਲੋਕ ਹਨ, ਜੋ ਤੁਹਾਨੂੰ ਕੇਵਲ ਮੁਸੀਬਤ ਵੇਲੇ ਯਾਦ ਕਰਦੇ ਹਨ ਅਤੇ ਫਿਰ ਬੜੀ ਛੇਤੀ ਭੁੱਲ ਜਾਂਦੇ ਹਨ।

ਅਣਚਾਹੇ ਲੋਕਾਂ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਦੀ ਤੁਹਾਡੇ ਵਿੱਚ ਜੁਰਅਤ ਹੋਣੀ ਚਾਹੀਦੀ ਹੈ। ਜੇਕਰ ਨਹੀਂ ਤਾਂ ਉਹ ਤੁਹਾਨੂੰ ਆਪਣੀਆਂ ਗੱਲਾਂ ਦੇ ਜਾਲ ਵਿੱਚ ਲਾਜ਼ਿਮੀ ਫਸਾ ਲੈਣਗੇ। ਜੇਕਰ ਸਪੱਸ਼ਟ ਨਾਂਹ ਨਾ ਕਰ ਸਕੋ ਤਾਂ ਕਿਹਾ ਜਾ ਸਕਦਾ ਹੈ;

– ਇਹ ਮੇਰੀ ਵੀ ਇੱਛਾ ਹੈ ਕਿ ਮੈਂ ਇਹ ਕੰਮ ਕਰ ਸਕਦਾ ਪਰ…
– ਕਾਸ਼ ਕਿ ਮੈਂ ਇਸ ਕਾਬਲ ਹੁੰਦਾ ਪਰ…
– ਮੈਨੂੰ ਜਾਪਦਾ ਹੈ ਕਿ ਮੈਂ ਇਹ ਕੰਮ ਨਹੀਂ ਕਰ ਸਕਾਂਗਾ ਕਿਉਂਕਿ…
– ਮੁਆਫ਼ ਕਰਨਾ, ਮੈਂ ਸਮਝਦਾ ਹਾਂ ਕਿ ਇਹ ਕੰਮ ਕਰਨ ਲਈ ਮੈਂ ਸਮਾਂ ਨਹੀਂ ਕੱਢ ਸਕਾਂਗਾ, ਮੇਰੇ ਆਪਣੇ ਕੁਝ ਪਰਿਵਾਰਕ ਰੁਝੇਵੇਂ ਹਨ।
– ਮੈਂ ਪਰਿਵਾਰਕ ਰੁਝੇਵਿਆਂ ਵਿੱਚ ਵਿਅਸਤ ਹੋਣ ਕਰਕੇ ਥੋੜ੍ਹਾ ਸਮਾਂ ਸਮਾਜਿਕ ਕਾਰਜਾਂ ਤੋਂ ਛੁੱਟੀ ਲਈ ਹੋਈ ਹੈ। ਤੁਹਾਡੀ ਮੱਦਦ ਨਾ ਕਰ ਸਕਣ ਕਰਕੇ ਮੁਆਫ਼ੀ ਚਾਹੁੰਦਾ ਹਾਂ।
– ਮੈਂ ਲੰਬਾ ਸਮਾਂ ਕੰਮ ਵੱਲ ਧਿਆਨ ਨਹੀਂ ਦੇ ਸਕਿਆ। ਹੁਣ ਮੇਰਾ ਧਿਆਨ ਆਪਣੇ ਕੰਮ ਵੱਲ ਹੈ। ਕ੍ਰਿਪਾ ਕਰਕੇ ਇਸ ਵਾਰ ਮੈਨੂੰ ਮੁਆਫ਼ੀ ਦਿਓ।
– ਮੈਂ ਇਹ ਕੰਮ ਕਰਨ ਵਿੱਚ ਆਪਣੇ ਆਪ ਨੂੰ ਸਹਿਜ ਮਹਿਸੂਸ ਨਹੀਂ ਕਰ ਰਿਹਾ। ਇਸ ਲਈ ਮੇਰੇ ਕੁਝ ਨਿੱਜੀ ਕਾਰਣ ਹਨ, ਜੋ ਕਿ ਮੈਂ ਤੁਹਾਡੇ ਨਾਲ ਸਾਂਝੇ ਨਹੀਂ ਕਰ ਸਕਦਾ।
– ਪਹਿਲਾਂ ਮੈਂ ਇਸ ਪ੍ਰਕਾਰ ਦੀ ਮੱਦਦ ਕਰਦਾ ਸੀ, ਇਹ ਕੰਮ ਕਰਦਾ ਸੀ ਪਰ ਹੁਣ ਕੁਝ ਮਹੱਤਵਪੂਰਣ ਕਾਰਣਾਂ ਕਰਕੇ ਇਹ ਸਭ ਬੰਦ ਕਰ ਦਿੱਤਾ ਹੈ।

ਚੇਤੇ ਰਹੇ ਕਿ ਜੇਕਰ ਮੱਦਦ ਦੀ ਇੱਛਾ ਕਰਨ ਵਾਲਾ ਵਿਅਕਤੀ ਸੱਚਮੁੱਚ ਤੁਹਾਡੇ ਦੁਆਰਾ ਕੀਤੇ ਗਏ ਕਾਰਜਾਂ ਦੀ ਕਦਰ ਕਰਨ ਵਾਲਾ ਹੋਇਆ ਤਾਂ ਉਹ ਤੁਹਾਡੇ ਫੈਸਲੇ ਦਾ ਸਤਿਕਾਰ ਕਰੇਗਾ। ਜੇਕਰ ਉਸਦਾ ਮਕਸਦ ਹੀ ਤੁਹਾਡੇ ਕੋਲੋਂ ਕੁਝ ਨਾ ਕੁਝ ‘ਝਾੜਨਾ’ ਹੋਇਆ ਤਾਂ ਉਹ ਤੁਹਾਡੇ ਨਾਲ ਬਹਿਸ ਵੀ ਕਰ ਸਕਦਾ ਹੈ ਅਤੇ ਤੁਹਾਡੇ ਫੈਸਲੇ ਨਾਲ ਸਹਿਮਤ ਵੀ ਨਹੀਂ ਹੋਵੇਗਾ।

ਤੁਹਾਡੇ ਦੁਆਰਾ ਕਿਸੇ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿਚ ਨਾਂਹ ਕਹਿਣ ਦਾ ਨਤੀਜਾ ਭਾਵੇਂ ਕੁਝ ਵੀ ਹੋਵੇ, ਤੁਹਾਨੂੰ ਆਪਣੇ ਆਪ ‘ਤੇ ਹਮੇਸ਼ਾ ਮਾਣ ਹੋਣਾ ਚਾਹੀਦਾ ਹੈ ਕਿ ਜਿਨਾ ਸੰਭਵ ਹੋ ਸਕਿਆ ਤੁਸੀਂ ਲੋਕਾਂ ਦੀ ਮੱਦਦ ਹੀ ਕੀਤੀ ਹੈ। ਜੇਕਰ ਕਿਸੇ ਕਾਰਣ ਕਿਸੇ ਦੀ ਮੱਦਦ ਨਹੀਂ ਵੀ ਕਰ ਸਕੇ ਤਾਂ ਵੀ ਕੋਈ ਗੱਲ ਨਹੀਂ, ਦੁਨੀਆ ‘ਤੇ ਹੋਰ ਬਹੁਤ ਸਾਰੇ ਲੋਕ ਹਨ ਜੋ ਕਿ ਉਸਦੀ ਮੱਦਦ ਕਰ ਸਕਦੇ ਹਨ। ਤੁਹਾਨੂੰ ਆਪਣੇ ਆਪ ਪ੍ਰਤੀ ਇਮਾਨਦਾਰ ਰਹਿਣ ਦੀ ਲੋੜ ਹੈ, ਜੋ ਤੁਹਾਨੂੰ ਪਸੰਦ ਨਹੀਂ ਹੈ, ਆਪਣੇ ਆਪ ਨਾਲ ਜ਼ਬਰਦਸਤੀ ਨਾ ਕਰੋ। ਸਿਆਣੇ ਕਹਿੰਦੇ ਹਨ ਕਿ ਸਾਰੀ ਦੁਨੀਆ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ ਅਤੇ ਤੁਸੀਂ ਆਪਣੀ ਬਿਹਤਰ ਕੋਸ਼ਿਸ਼ ਪਹਿਲਾਂ ਹੀ ਕਰ ਰਹੇ ਹੋ। ਇਸ ਲਈ ਆਪਣੇ ਆਪ ‘ਤੇ ਮਾਣ ਅਤੇ ਮਾਣ ਬਖ਼ਸ਼ਣ ਵਾਲੇ ਦਾਤਾਰ ਦਾ ਸ਼ੁਕਰਾਨਾ ਲਾਜ਼ਿਮੀ ਕਰੋ!

***
523
***
Rich Gulati

ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)

View all posts by ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ) →