ਜਲੰਧਰ, 28 ਜਨਵਰੀ: ਤਰੱਕੀਪਸੰਦ ਤਹਿਰੀਕ ਦੇ ਹਸਤਾਖ਼ਰਾਂ ਦੇ ਰੇਖਾ ਚਿੱਤਰ, ਜੀਵਨੀਆਂ, ਸਾਹਿਤਕ ਦੇਣ ਹੱਦਾਂ, ਸਰਹੱਦਾਂ, ਬੋਲੀਆਂ ਦੀਆਂ ਰਵਾਇਤੀ ਬੰਦਸ਼ਾਂ ਪਾਰ ਕਰਕੇ ਸਾਂਝੀ ਪਰਵਾਜ਼ ਦਾ ਸਿਰਨਾਵਾਂ ਦੱਸਦੀ ‘ਤਪਦੀਆਂ ਰੁੱਤਾਂ ਦੇ ਸ਼ਾਇਰ’ ਪੁਸਤਕ, ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਲੋਕ ਅਰਪਣ ਕੀਤੀ ਗਈ। ਪੁਸਤਕ ਦੇ ਸੰਗ੍ਰਹਿਕਾਰ, ਅਨੁਵਾਦਕ, ਸੰਪਾਦਕ ਅਤੇ ਲੇਖਕ ਪੰਜਾਬੀ ਸਾਹਿਤ ਜਗਤ ਦੇ ਨਾਮਵਰ ਕਲਮਕਾਰ ਸਰਵਣ ਜ਼ਫ਼ਰ ਦੀ ਪੁਸਤਕ ‘ਤਪਦੀਆਂ ਰੁੱਤਾਂ ਦੇ ਸ਼ਾਇਰ’, ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਲੋਕ ਅਰਪਣ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਸਰਵਣ ਜ਼ਫ਼ਰ ਜਿਹੋ ਜਿਹੀ ਬਹੁਪੱਖੀ, ਕਲਾਵੰਤੀ, ਸੁਹਜ ਅਤੇ ਸਮਰਪਤ ਸਖਸ਼ੀਅਤ ਹੈ, ਉਸ ਤਰ੍ਹਾਂ ਦੀ ਪੁਸਤਕ ਪੰਜਾਬੀ ਸਾਹਿਤ ਦੀ ਝੋਲੀ ਪਾ ਕੇ ਗ਼ਦਰ ਲਹਿਰ ਦੀ ਵਿਰਾਸਤ ਦਾ ਸਿਰ ਉੱਚਾ ਕੀਤਾ ਹੈ। ਕਮੇਟੀ ਮੈਂਬਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਅੱਜ ਜਦੋਂ ਮੁਲਕ ਅੰਦਰ ਤੇਜ਼ ਫ਼ਿਰਕੂ ਹਨੇਰੀ ਵਗਾਉਣ, ਵੰਡੀਆਂ ਪਾਉਣ ਅਤੇ ਲੋਕਾਂ ਦੇ ਸਿਵਿਆਂ ’ਤੇ ਰੋਟੀਆਂ ਸੇਕਣ ਦੀ ਹੋਛੀ ਰਾਜਨੀਤੀ ਹੰਕਾਰੀ ਫਿਰਦੀ ਹੈ; ਅਜੇਹੇ ਮੌਕੇ ਪੰਜਾਬੀ, ਉਰਦੂ, ਹਿੰਦੀ, ਅੰਗਰੇਜ਼ੀ ਆਦਿ ਭਾਸ਼ਾਵਾਂ ਦੀਆਂ ਵਿਸ਼ਵ ਪ੍ਰਸਿੱਧ ਹਸਤੀਆਂ ਨੂੰ ਇੱਕੋ ਜਿਲਦ ਵਿੱਚ ਇਕੱਠਿਆਂ ਕਰਨਾ ਸਾਡੇ ਮੁਲਕ ਦੀ ਸਾਂਝੀ ਵਿਰਾਸਤ ਨੂੰ ਅੱਗੇ ਤੋਰਨ ਦਾ ਅਮੁੱਲਾ ਨਜ਼ਰਾਨਾ ਹੈ। ਕਮੇਟੀ ਦੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਅਤੇ ਕਮੇਟੀ ਮੈਂਬਰ ਚਰੰਜੀ ਲਾਲ ਕੰਗਣੀਵਾਲ ਨੇ ਕਿਹਾ ਕਿ ਜਦੋਂ ਬੁੱਧੀਜੀਵੀ ਜੇਲ੍ਹੀਂ ਡੱਕ ਰੱਖੇ ਹਨ, ਜਦੋਂ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਉਪਰ ਰੋਕਾਂ ਮੜ੍ਹੀਆਂ ਜਾ ਰਹੀਆਂ ਹਨ, ਅਜੇਹੀ ਰੁੱਤੇ ਇਹ ਪੁਸਤਕ ਸਾਂਝਾਂ ਦੀ ਖੁਸ਼ਬੋ ਵੰਡਦੀ ਪੌਣ ਦਾ ਬੁੱਲਾ ਸਿੱਧ ਹੋਏਗੀ। ਕਮੇਟੀ ਨੇ ਸਰਵਣ ਜ਼ਫ਼ਰ ਅਤੇ ਡਾ. ਸੁਖਦੇਵ ਸਿਰਸਾ ਨੂੰ ਇਸ ਮਾਣਮੱਤੇ ਉੱਦਮ ਲਈ ਮੁਬਾਰਕ ਦਿੱਤੀ। |
*** 562 *** |