22 July 2024
mai bashiran

ਬਾਪੂ ਕਹਿੰਦਾ ਹੁੰਦਾ ਸੀ—ਬਲਜੀਤ ਖ਼ਾਨ ਪੁੱਤਰ ਮਾਂ ਬਸ਼ੀਰਾਂ

ਬਾਪੂ ਕਹਿੰਦਾ ਹੁੰਦਾ ਸੀ:

“ਅੱਖ ‘ਚੋਂ ਵਗੇ ਹੰਝੂ, ਦੁਆ ਲਈ ਉੱਠੇ ਹੱਥਾਂ ਤੋਂ ਕਿਤੇ ਉੱਚਾ ਮਰਤਬਾ ਰੱਖਦੇ ਨੇ!”

ਜਾਨ ਮੁੱਠੀ ‘ਚ ਆ ਜਾਂਦੀ ਸੀ ਜਦੋਂ ਉਹਦਾ ਸਕੂਟਰ ਛੂੰ ਕਰਕੇ ਕੋਲ਼ੋਂ ਦੀ ਲੰਘਦਾ ਸੀ। ਆਖਦੇ ਹੁੰਦੇ ਸੀ,”ਇਹ ਨੀਂ ਮੁੜਦਾ ਵੰਨ-ਪੀਸ ਕਿਸੇ ਦਿਨ ਘਰੇ! ਖੁਰਚ ਕੇ ਲਾਹੁਣਾ ਪੈਣਾ ਸੜਕ ‘ਤੋਂ!”

ਤਾਏ ਦੀ ਮੌਤ ਮਗਰੋਂ ਬਿੰਦਰ ਐਸਾ ਸੁਧਰਿਆ, ਲੋਕ ਉਹਦੇ ਨਾਂ ਦੀਆਂ ਸੁੰਹਾਂ ਖਾਣ ਲੱਗੇ। ਫੌਜ ‘ਚ ਭਰਤੀ ਹੋ ਗਿਆ ਤੇ ਅੰਤ ਉਹ ਸ਼ਹੀਦ ਹੋ ਕੇ ਤਰੰਗੇ ‘ਚ ਢਕੇ ਤਾਬੂਤ ‘ਚ ਬੰਦ ਹੋ ਕੇ ਪਿੰਡ ਪਰਤਿਆ। ਸਾਰਾ ਪਿੰਡ ਉਦਾਸ-ਪਰੇਸ਼ਾਨ ਸੜਕ ਦੇ ਦੋਹੇਂ ਕੰਢੀਂ ਕਤਾਰ ਬੰਨ੍ਹ ਕੇ ਖੜ੍ਹ ਗਿਆ,”ਯਾਰ, ਇਉਂ ਆਉਣਾ ਤਾਂ ਜੈਜ਼ ਨਈਂ ਸੀ!” ਬੰਦੂਕਾਂ ਦੀ ਸਲਾਮੀ ‘ਚ ਸਸਕਾਰ ਹੋਇਆ। ਓਸ ਰਾਤ ਪਤਾ ਨੀਂ ਕਿੰਨੇ ਘਰਾਂ ‘ਚ ਚੱਜ ਨਾਲ਼ ਰੋਟੀ ਨੀਂ ਪੱਕੀ। ਬਿੰਦਰ ਦੀ ਘਰਆਲ਼ੀ ਦਾ ਨਿੱਕਾ ਜਿਆ ਮੂੰਹ ਸੀ ਜਦੋਂ ਵਿਧਵਾ ਹੋ ਗਈ, ਵਿਆਹ ਨੂੰ ਮਸਾਂ ਡੇਢ ਕੁ ਸਾਲ਼ ਈ ਤਾਂ ਹੋਇਆ ਸੀ ਅਜੇ। ਮਸਾਂ-ਮਸਾਂ ਟੱਬਰ ਦੇ ਦਿਨ ਫਿਰਨ ਲੱਗੇ ਸਨ, ਮਸਾਂ ਆਸ ਦੀ ਕਿਰਨ ਫੁੱਟੀ ਸੀ ਪਰ ਫੇਰ ਘੁੱਪ ਹਨੇਰਾ ਛਾ ਗਿਆ।

ਤਾਈ ਕੱਖੋਂ ਹੌਲ਼ੀ ਹੋ ਗਈ, ਦਿਨ-ਰਾਤ ਰੋਂਦੀ ਨੇ ਦੀਦੇ ਗਾਲ਼ ਛੱਡੇ, ਸੁੱਤੀ ਪਈ ਦੇ ਮੂੰਹੋਂ ਨਿੱਕਲ ਜਾਂਦਾ,”ਬਿੰਦਰਾ, ਤੂੰ ਚੰਗੀ ਨੀਂ ਕੀਤੀ! ਮੈਨੂੰ ਮਾਰ ਕੇ ਸੁੱਟ ਗਿਐਂ! ਤੇਰੀ ਆਈ ਮੈਂ ਕਿਉਂ ਨੀਂ ਮਰਗੀ?”

ਤਾਈ ਨੇ ਰੋਕਿਆ ਨੀਂ ਪਰ ਨੂੰਹ ਪੇਕੇ ਨਾ ਗਈ। ਉਹਦੇ ਵਧਦੇ ਢਿੱਡ ਨੇ ਤਾਈ ਨੂੰ ਕੁਝ ਸੁਰਤ ‘ਚ ਲਿਆਂਦਾ, ਮੋਏ ਕਲਬੂਤ ‘ਚ ਜਾਨ ਫੂਕ ਦਿੱਤੀ। ਉਹਦੇ ਬੁੱਢੇ ਹੱਡਾਂ ‘ਚ ਅਸਮਾਨੀ ਬਿਜਲੀ ਵਾਲ਼ੀ ਫੁਰਤੀ ਤੇ ਅੱਖਾਂ ‘ਚ ਲਿਸ਼ਕ ਆ ਗਈ। ਇੱਕ ਮਾਂ ਜੀਹਦਾ ਜਵਾਨ-ਜਹਾਨ ਪੁੱਤ ਤੁਰ ਗਿਆ ਸੀ, ਆਪਣੀ ਨੂੰਹ ਦੇ ਪੇਟੋਂ ਪੋਤੇ ਦੇ ਰੂਪ ‘ਚ ਪੁੱਤ ਦੀ ਉਡੀਕ ਕਰਨ ਲੱਗੀ। ਉਹਨੇਂ ਲੁਕ-ਲੁਕ ਅਰਦਾਸਾਂ ਕੀਤੀਆਂ,”ਹੇ ਵਾਗਰੂ, ਜਿਵੇਂ ਖੋਹਿਆ ਏ, ਮੋੜ ਦੇ ਮੈਨੂੰ!” ਤਾਈ ਨੇ ਨੂੰਹ ਦੀ ਸੇਵਾ ‘ਚ ਕੋਈ ਕਸਰ ਨਾ ਛੱਡੀ। ਨੂੰਹ ਵੀ ਮਾਂ ਨੂੰ ਉਹਦਾ ਮੋਇਆ ਪੁੱਤ ਮੋੜਣਾ ਧਾਰ ਬੈਠੀ!

ਛੇ ਮਹੀਨਿਆਂ ਬਾਅਦ ਪੋਤਾ ਹੋਇਆ। ਤਾਈ ਨੂੰ ਖ਼ੁਸ਼ੀ, ਵੈਰਾਗ ਨੇ ਇੱਕੋ ਵੇਲ਼ੇ ਆਣ ਘੇਰ ਲਿਆ। ਮੂੰਹੋਂ ਸੌ ਵਾਰ ਨਹੀਂ, ਹਜ਼ਾਰਾਂ-ਲੱਖਾਂ ਵਾਰ ‘ਸ਼ੁਕਰ ਆ, ਸ਼ੁਕਰ ਆ’ ਕਹਿੰਦੀ ਮੁਸਕਰਾਉਂਦੀ ਦੇ ਹੰਝੂ ਕਿਰੀ ਜਾਣ।

ਨੂੰਹ ਦੇ ਮੰਜੇ ਨੇੜੇ ਬਹਿਕੇ ਪੋਤੇ ਨੂੰ ਬੁੱਕਲ ‘ਚ ਲੈਂਦੀ ਕਹਿੰਦੀ “ਉਹੀ ਅੱਖਾਂ, ਉਹੀ ਨੱਕ, ਮੂੰਹ, ਬੁੱਲ੍ਹ! ਮੈਂ ਦੇਣਦਾਰ ਆਂ ਤੇਰੀ! ਤੂੰ ਧੀਏ, ਬੁੱਢੜੀ ਨੂੰ ਜਿਉਣ ਦਾ ਵਸੀਲਾ, ਬੁਢਾਪੇ ਦੀ ਡੰਗੋਰੀ ਦਿੱਤੀ ਏ! ਮੇਰੀ ਕੁੱਖ ਸੱਖਣੀ ਹੋ ਗਈ ਸੀ, ਤੂੰ ਮੁੜ ਭਾਗ ਲਾ ਦਿੱਤੇ ਨੇ! ਤੈਂ ਉੱਜੜੇ ਬਨੇਰਿਆਂ ‘ਤੇ ਦੀਵੇ ਬਾਲ਼ ਧਰੇ ਨੇ। ਮੈਂ ਉਹਨੂੰ ਢਿੱਡੋਂ ਜੰਮਿਆ ਸੀ, ਤੂੰ ਉਹਦੇ ਲੜ ਲੱਗ ਕੇ ਆਈ ਸੈਂ! ਧੀਏ, ਸਿਰ ਦੇ ਸਾਈਂ ਦੇ ਤੁਰ ਜਾਣ ਤੇ ਢਿੱਡੋਂ ਜਣੇ ਦੇ ਤੁਰ ਜਾਣ ਦੀ ਪੀੜ ਇੱਕ ਬਰੋਬਰ ਏ! ਨਾਲ਼ੇ ਮੇਰਾ ਪੁੱਤ ਤਾਂ ਹੈ ਈ ਲੱਖਾਂ ‘ਚੋਂ ਇੱਕ ਸੀ! ਤੂੰ ਨੀਂ ਜਾਣਦੀ ਧੀਏ, ਤੂੰ ਮੇਰਾ ਰੱਬ ਬਣ ਬਹੁੜੀ ਏਂ! ਮੈਂ ਮੰਦੜੇ ਭਾਗਾਂ ਵਾਲ਼ੀ ਤੈਨੂੰ, ਬੁੱਢ ਸੁਹਾਗਣ ਦੀ ‘ਸੀਸ ਵੀ ਨੀਂ ਦੇ ਸਕਦੀ!” ਤੇ ਦੋਵੇਂ ਜਣੀਆਂ ਇੱਕ-ਦੂਜੇ ਦੇ ਗਲ਼ ਲੱਗ ਕੇ ਚੀਕਾਂ ਮਾਰ ਰੋਣ ਲੱਗ ਪਈਆਂ।

ਇੱਕ ਗੱਲ ਦੱਸਾਂ, ਬਾਪੂ ਕਹਿੰਦਾ ਹੁੰਦਾ ਸੀ, “ਅੱਖ ‘ਚੋਂ ਵਗੇ ਹੰਝੂ, ਦੁਆ ਲਈ ਉੱਠੇ ਹੱਥਾਂ ਤੋਂ ਕਿਤੇ ਉੱਚਾ ਮਰਤਬਾ ਰੱਖਦੇ ਨੇ!”
**
ਬਲਜੀਤ ਖ਼ਾਨ ਪੁੱਤਰ ਮਾਂ ਬਸ਼ੀਰਾਂ
(ਛੇ ਜਨਵਰੀ, ਵੀਹ ਸੌ ਬਾਈ)

10 ਜਨਵਰੀ 2022

***
576
***

balji_khan

Smalsar, Moga, Punjab, India

ਬਲਜੀਤ ਖਾਨ, ਮੋਗਾ

Smalsar, Moga, Punjab, India

View all posts by ਬਲਜੀਤ ਖਾਨ, ਮੋਗਾ →