7 December 2024

ਸੁਰਜੀਤ ਪਾਤਰ ਅਤੇ ਮੈਂ — ਪ੍ਰੋ. ਨਵ ਸੰਗੀਤ ਸਿੰਘ 

ਇਹ ਗੱਲ ਅੱਜ ਤੋਂ ਕਰੀਬ ਚਾਰ ਦਹਾਕੇ ਪੁਰਾਣੀ ਹੈ- 1978-79 ਦੀ। ਮੈਂ ਉਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੈਲੀਗ੍ਰਾਫਿਸਟ (1977-86) ਸਾਂ। ਕੈਲੀਗ੍ਰਾਫਿਸਟ, ਯਾਨੀ ਖ਼ੁਸ਼ਨਵੀਸ, ਅਰਥਾਤ ਵਧੀਆ ਲਿਖਾਈ ਕਰਨ ਵਾਲਾ/ ਖ਼ੁਸ਼ਖ਼ਤ ਲਿਖਣ ਵਾਲਾ। ਕਈ ਥਾਈਂ ਕੈਲੀਗ੍ਰਾਫਿਸਟ ਨੂੰ ਕੈਲੀਗ੍ਰਾਫਰ ਵੀ ਕਿਹਾ ਜਾਂਦਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਹਿਲਾਂ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਕੈਲੀਗ੍ਰਾਫਿਸਟ (1974-77) ਰਹਿ ਚੁੱਕਾ ਸਾਂ। 

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੁਣ ਤੱਕ ਤੇਰਾਂ ਵਾਈਸ ਚਾਂਸਲਰ ਰਹਿ ਚੁੱਕੇ ਹਨ : ਡਾ. ਜੋਧ ਸਿੰਘ ਸਭ ਤੋਂ ਪਹਿਲੇ ਵਾਈਸ ਚਾਂਸਲਰ ਸਨ (1962-66)। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਮੇਰੀ ਠਹਿਰ ਦੌਰਾਨ ਯੂਨੀਵਰਸਿਟੀ ਵਿੱਚ ਤਿੰਨ ਵਾਈਸ ਚਾਂਸਲਰ ਆਏ। ਜਿਨ੍ਹਾਂ ‘ਚੋਂ ਡਾ. ਅਮਰੀਕ ਸਿੰਘ ਨੂੰ ਉਦੋਂ ਤੱਕ ਦਾ ਸਭ ਤੋਂ ਸਖਤ ਅਤੇ ਅਨੁਸ਼ਾਸ਼ਿਤ ਵੀ. ਸੀ. ਮੰਨਿਆ ਜਾਂਦਾ ਸੀ। ਮੇਰੀ ਪ੍ਰਾਧਿਆਪਕ ਵਜੋਂ ਨੌਕਰੀ ਦੌਰਾਨ ਪੰਜ ਵਾਈਸ ਚਾਂਸਲਰਾਂ ਨਾਲ ਮੇਰਾ ਵਾਹ ਪਿਆ- ਡਾ. ਜੋਗਿੰਦਰ ਸਿੰਘ ਪੁਆਰ, ਡਾ. ਜਸਬੀਰ ਸਿੰਘ ਆਹਲੂਵਾਲੀਆ, ਸ਼੍ਰੀ ਸਵਰਨ ਸਿੰਘ ਬੋਪਾਰਾਏ, ਡਾ. ਜਸਪਾਲ ਸਿੰਘ ਤੇ ਡਾ. ਬੀ.ਐੱਸ. ਘੁੰਮਣ। ਡਾ. ਪੁਆਰ ਸਮੇਂ ਮੇਰੀ ਨਿਯੁਕਤੀ ਹੋਈ; ਡਾ. ਆਹਲੂਵਾਲੀਆ ਦੇ ਸਮੇਂ ਸਾਡਾ ਕਾਲਜ ਪੰਜਾਬੀ ਯੂਨੀਵਰਸਿਟੀ ਦਾ ਪਹਿਲਾ ਕਾਂਸਟੀਚੁਐਂਟ ਕਾਲਜ ਬਣਿਆ; ਸ਼੍ਰੀ ਬੋਪਾਰਾਏ ਦੇ ਸਮੇਂ ਮੇਰੀ ਸਿਲੈਕਸ਼ਨ ਗ੍ਰੇਡ ਲੈਕਚਰਾਰ ਵਜੋਂ ਪ੍ਰਮੋਸ਼ਨ ਹੋਈ; ਡਾ.ਜਸਪਾਲ ਸਿੰਘ ਦੇ ਸਮੇਂ ਮੈਂ ਐਸੋਸੀਏਟ ਪ੍ਰੋਫੈਸਰ ਬਣਿਆ ਤੇ ਡਾ. ਘੁੰਮਣ ਜਦੋਂ ਪਹਿਲੀ ਵਾਰੀ ਗੁਰੂ ਕਾਸ਼ੀ ਕਾਲਜ ਆਏ ਤਾਂ ਉਦੋਂ ਮੈਂ ਵਾਈਸ ਪ੍ਰਿੰਸੀਪਲ ਦੇ ਅਹੁਦੇ ਤੇ ਸਾਂ ਤੇ ਮੈਂ ਹੀ ਉਨ੍ਹਾਂ ਦਾ ਸਵਾਗਤ ਕੀਤਾ ਸੀ, ਕਿਉਂਕਿ ਕਾਲਜ ਪ੍ਰਿੰਸੀਪਲ ਉਦੋਂ ਛੁੱਟੀ ਤੇ ਸੀ।

ਜਦੋਂ ਦੀ ਇਹ ਘਟਨਾ ਹੈ, ਉਨ੍ਹੀਂ ਦਿਨੀਂ ਗੈਰ ਅਧਿਆਪਨ ਕਰਮਚਾਰੀ ਸੰਘ ਦੇ ਪ੍ਰਧਾਨ ਵਜੋਂ ਹਰਨਾਮ ਸਿੰਘ ਤੇ ਕੌਰ ਸਿੰਘ ਸੇਖੋਂ ਦਰਮਿਆਨ ਟੱਕਰ ਚੱਲਦੀ ਰਹਿੰਦੀ ਸੀ ਤੇ ਦੋਵੇਂ ਹੀ ਆਪਣੇ ਸਮੇਂ ਦੇ ਕਹਿੰਦੇ- ਕਹਾਉਂਦੇ ਆਗੂ ਰਹੇ। ਹੁਣ ਇਹ ਦੋਵੇਂ ਇਸ ਸੰਸਾਰ ਵਿੱਚ ਨਹੀਂ।

ਮੈਂ ਪਹਿਲੀ ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਰਮਚਾਰੀਆਂ ਵੱਲੋਂ ਕਰਵਾਏ ਦੋ ਰੋਜ਼ਾ ਸਮਾਗਮ ਵਿੱਚ ਸ਼ਾਮਿਲ ਹੋਣਾ ਸੀ ਤੇ ਮੇਰੀ ਪਹਿਲੀ ਪਸੰਦ ਕਵਿਤਾ ਸੀ। ਮੈਂ ਖ਼ੁਦ ਕਵਿਤਾ ਨਹੀਂ ਸਾਂ ਲਿਖਦਾ ਉਦੋਂ। ਹੋਰਨਾਂ ਕਵੀਆਂ ਦੀਆਂ ਕਵਿਤਾਵਾਂ ਪੜ੍ਹਨੀਆਂ/ਯਾਦ ਕਰਨੀਆਂ ਮੈਨੂੰ ਚੰਗੀਆਂ ਲੱਗਦੀਆਂ ਤੇ ਗਾਹੇ-ਬਗਾਹੇ ਕਿਤੇ ਸੁਣਾਉਣੀ ਚੰਗੀ ਲੱਗਦੀ। ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਸ਼ਾਲ ਲਾਇਬ੍ਰੇਰੀ ‘ਚ ਗਿਆ, ਜਿੱਥੇ ਪਹਿਲੀ ਨਜ਼ਰੇ ‘ਕੋਲਾਜ ਕਿਤਾਬ’ ਤੇ ਇਸਦੇ ਖ਼ੂਬਸੂਰਤ ਨਾਂ ਨੇ ਮੈਨੂੰ ਆਕਰਸ਼ਿਤ ਕਰ ਲਿਆ। ਮੈਂ ਕਿਤਾਬ ਫਰੋਲ਼ੀ ਤਾਂ ਪਤਾ ਲੱਗਿਆ ਕਿ ਇਹ ਤਿੰਨ ਕਵੀਆਂ ਦੀ ਸਾਂਝੀ ਕਿਤਾਬ ਹੈ, ਪ੍ਰਮਿੰਦਰਜੀਤ (1.1.1946-23.3.2015) ਜੋਗਿੰਦਰ ਕੈਰੋਂ (12.4.1941) ਅਤੇ ਸੁਰਜੀਤ ਪਾਤਰ (14.1.1945-11.5.2024) ਦੀ, ਜੋ 1973 ਵਿੱਚ ਛਪੀ ਸੀ। ਤਿੰਨੇ ਲੇਖਕਾਂ ਦੀ ਇਹ ਪਹਿਲੀ ਕਿਤਾਬ ਹੈ। ਇਨ੍ਹਾਂ ਲੇਖਕਾਂ ਨੇ ਹੋਰ ਕਿਤਾਬਾਂ ਇਸ ਕਿਤਾਬ ਤੋਂ ਪਿੱਛੋਂ ਹੀ ਲਿਖੀਆਂ। (ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਾਤਰ ਨੇ ਡਾ. ਜੋਗਿੰਦਰ ਕੈਰੋਂ ਦੇ ਨਿਰਦੇਸ਼ਨ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ ਸੀ।) ਮੈਨੂੰ ਜਿਸ ਕਵਿਤਾ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ, ਉਹ ਸੁਰਜੀਤ ਪਾਤਰ ਦੀ ਕਵਿਤਾ ‘ਹੁਣ ਘਰਾਂ ਨੂੰ ਪਰਤਣਾ’ ਸੀ। ਮੈਂ ਕਿਤਾਬ ਘਰ ਲਿਆਂਦੀ, ਇੱਕ ਕਾਗਜ਼ ਤੇ ਕਵਿਤਾ ਲਿਖੀ ਤੇ ਫਿਰ ਯਾਦ ਕਰ ਲਈ। ਹਫ਼ਤਾ ਕੁ ਇਹਨੂੰ ਦੁਹਰਾਉਂਦਾ ਰਿਹਾ, ਚਿਹਰੇ ਤੇ ਹਾਵ-ਭਾਵ ਲਿਆ ਕੇ ਵਿਸ਼ੇਸ਼ ਸੰਕੇਤਾਂ ਤੇ ਇਸ਼ਾਰਿਆਂ ਨਾਲ ਕਈ ਵਾਰ ਆਪੇ ਪੜ੍ਹੀ ਆਪ ਹੀ ਸੁਣੀ ਤੇ ਜਦੋਂ ਮੈਨੂੰ ਯਕੀਨ ਹੋ ਗਿਆ ਕਿ ਮੈਂ ਇਹੋ ਕਵਿਤਾ ਸੁਣਾਵਾਂਗਾ ਤਾਂ ਆਪਣਾ ਨਾਂ ਸਮਾਗਮ ਵਿੱਚ ਲਿਖਾ ਦਿੱਤਾ। ਇਸ ਸਮੇਂ ਡਾ. ਅਮਰੀਕ ਸਿੰਘ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ। ਪਹਿਲੇ ਦਿਨ ਕਰਮਚਾਰੀਆਂ ਦੇ ਖੇਡ ਮੁਕਾਬਲੇ ਹੋਏ, ਜਿਸ ਵਿੱਚ ਮੇਰੀ ਕੋਈ ਰੁਚੀ ਨਹੀਂ ਸੀ। ਦੂਜੇ ਦਿਨ ਸੱਭਿਆਚਾਰਕ ਗਤੀਵਿਧੀਆਂ ਦੇ ਮੁਕਾਬਲੇ ਸਨ, ਜੋ ਗੁਰੂ ਤੇਗ ਬਹਾਦਰ ਹਾਲ ਵਿੱਚ ਹੋਏ। ਇਹ ਮੁਕਾਬਲੇ ਸ਼ਾਮ ਕਰੀਬ ਪੰਜ ਵਜੇ ਸ਼ੁਰੂ ਹੋਏ ਸਨ ਤੇ ਰਾਤੀਂ ਨੌਂ ਕੁ ਵਜੇ ਤੱਕ ਚੱਲਦੇ ਰਹੇ। ਕਵਿਤਾ ਤੋਂ ਇਲਾਵਾ ਗੀਤ-ਸੰਗੀਤ ਅਤੇ ਗਿੱਧਾ -ਭੰਗੜਾ ਦੀ ਪੇਸ਼ਕਾਰੀ ਵੀ ਸੀ। ਮੈਂ ਇਸ ਮੌਕੇ ਕਾਵਿ-ਉਚਾਰਣ ਵਿੱਚ ਹਿੱਸਾ ਲਿਆ ਸੀ। ਉਸ ਮੁਕਾਬਲੇ ਵਿੱਚ ਕਿੰਨੇ ਜਣੇ ਸਨ, ਮੈਨੂੰ ਯਾਦ ਨਹੀਂ। ਪਰ ਮੇਰੇ ਸਮੇਤ ਉਸ ਵਿੱਚ ਕਰਮਚਾਰੀ ਸੰਘ ਦੇ ਪ੍ਰਧਾਨ ਨੇ ਵੀ ਹਿੱਸਾ ਲਿਆ ਸੀ, ਜਿਸ ਨੇ ਸੰਤ ਰਾਮ ਉਦਾਸੀ ਦੀ ਇੱਕ ਕਵਿਤਾ ਸੁਣਾਈ ਸੀ ਤੇ ਮੈਂ ਸੁਰਜੀਤ ਪਾਤਰ ਦੀ – ‘ਹੁਣ ਘਰਾਂ ਨੂੰ ਪਰਤਣਾ…’ 

ਮੈਂ ਆਪਣੇ ਆਪ ਨੂੰ ਇਸ ਮੁਕਾਬਲੇ ਦੇ ਪਹਿਲੇ ਤਿੰਨ ਸਥਾਨਾਂ ਵਿੱਚ ਵੇਖ ਰਿਹਾ ਸਾਂ। ਮੈਨੂੰ ਲੱਗਦਾ ਸੀ ਕਿ ਮੇਰੀ ਕਵਿਤਾ ਦੂਜਾ ਜਾਂ ਤੀਜਾ ਇਨਾਮ ਹਾਸਲ ਕਰ ਸਕੇਗੀ। ਕਿਉਂਕਿ ਪਹਿਲੇ ਨੰਬਰ ਤੇ ਮੈਂ ਸੰਘ ਦੇ ਪ੍ਰਧਾਨ ਨੂੰ ਵੇਖ ਰਿਹਾ ਸਾਂ। ਇਸ ਲਈ ਨਹੀਂ ਕਿ ਉਸ ਦੀ ਪੇਸ਼ਕਾਰੀ ਮੇਰੇ ਨਾਲੋਂ ਕੋਈ ਵਧੀਆ ਸੀ, ਸਿਰਫ ਇਸ ਲਈ ਕਿ ਉਹ ਯੂਨੀਅਨ ਦਾ ਪ੍ਰਧਾਨ ਸੀ ਤੇ ਉਸਨੂੰ ਕਿਵੇਂ ‘ਇਗਨੋਰ’ ਕੀਤਾ ਜਾ ਸਕੇਗਾ!

ਪਰ ਮੈਂ ਉਦੋਂ ਬਹੁਤ ਹੈਰਾਨ ਹੋਇਆ, ਜਦੋਂ ਮੇਰੀ ਪੇਸ਼ਕਾਰੀ ਲਈ ਪਹਿਲੇ ਸਥਾਨ ਦੀ ਘੋਸ਼ਣਾ ਹੋਈ ਅਤੇ ਪ੍ਰਧਾਨ ਨੂੰ ਦੂਜੇ ਇਨਾਮ ਨਾਲ ਸਬਰ ਕਰਨਾ ਪਿਆ। ਇਹ ਘੋਸ਼ਣਾ ਕਰਨ ਵਾਲਾ ਯੂਨੀਵਰਸਿਟੀ ਦਾ ਹੀ ਇੱਕ ਅਧਿਆਪਕ ਸੀ, ਜੋ ਜੱਜਮੈਂਟ ਦੀ ਕੁਰਸੀ ਤੇ ਬਿਰਾਜਮਾਨ ਸੀ। ਜਿਹੜੇ ਹੋਰ ਦਰਸ਼ਕ ਪ੍ਰੋਗਰਾਮ ਨੂੰ ਮਾਣ ਰਹੇ ਸਨ, ਉਨ੍ਹਾਂ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਰਜਿਸਟਰਾਰ, ਉਪ ਰਜਿਸਟਰਾਰ ਤੇ ਬਹੁ- ਗਿਣਤੀ ਵਿੱਚ ਕਰਮਚਾਰੀ ਸ਼ਾਮਲ ਸਨ। 

ਇਸ ਪਿੱਛੋਂ ਮੈਂ ਚਾਰ ਵਾਰ ਪਾਤਰ ਨੂੰ ਮਿਲਿਆ ਹਾਂ। ਤਿੰਨ ਵਾਰ ਸਰੋਤੇ ਵਜੋਂ ਤੇ ਇੱਕ ਵਾਰ ਮੰਚ-ਸੰਚਾਲਕ ਵਜੋਂ, ਪਾਤਰ ਦੀ ਜਾਣ-ਪਛਾਣ ਕਰਵਾਉਣ ਲਈ, ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ, ਮਿਤੀ 29 ਮਾਰਚ 2018 ਨੂੰ। ਇੱਥੇ ਮੈਂ ਇੱਕ ਵਾਰ ਫੇਰ ਪਾਤਰ ਨਾਲ ਆਪਣੀ ਪਹਿਲੀ ਮੁਲਾਕਾਤ ਇੱਕ ਪਾਠਕ ਵਜੋਂ ਕਰਵਾਈ, ਉਸੇ ਕਵਿਤਾ ਦਾ ਹਵਾਲਾ ਦਿੰਦਿਆਂ, ਜਿਸ ਵਿੱਚ ਮੈਨੂੰ ਪਹਿਲਾ ਪੁਰਸਕਾਰ ਮਿਲਿਆ ਸੀ। ਸਾਰੀ ਯੂਨੀਵਰਸਿਟੀ ਇਸ ਸਮਾਗਮ ਵਿੱਚ ਮੌਜੂਦ ਸੀ, ਸਮੇਤ ਵਾਈਸ ਚਾਂਸਲਰ ਦੇ। ਉਨ੍ਹਾਂ ਨਾਲ ਉਨ੍ਹਾਂ ਦੇ ਛੋਟੇ ਭਰਾ ਉਪਕਾਰ ਸਿੰਘ ਵੀ ਆਏ ਸਨ। ਵਿਦਿਆਰਥੀਆਂ, ਅਧਿਆਪਕਾਂ, ਕਰਮਚਾਰੀਆਂ ਨੇ ਉਨ੍ਹਾਂ ਨਾਲ ਫੋਟੋਆਂ ਖਿਚਵਾਈਆਂ। ਛੁੱਟੀ ਹੋਣ ਤੋਂ ਬਾਦ ਵੀ ਅਸੀਂ ਕਾਫੀ ਸਮਾਂ ਉਨ੍ਹਾਂ ਨਾਲ ਬੈਠੇ ਰਹੇ, ਉਨ੍ਹਾਂ ਦੀਆਂ ਗੱਲਾਂ ਸੁਣਦੇ ਰਹੇ। ਅੱਜ ਜਦੋਂ ਸਰੀਰਕ ਤੌਰ ਇਹ ਮਹਾਨ ਸ਼ਾਇਰ ਸਾਡੇ ਵਿੱਚ ਮੌਜੂਦ ਨਹੀਂ ਤਾਂ ਮਨ ਭਾਵਕ ਹੋ ਰਿਹਾ ਹੈ। 

ਅੱਜ ਮੈਂ ਐਵੇਂ ਹੀ ਪ੍ਰੋ. ਪ੍ਰੀਤਮ ਸਿੰਘ ਵੱਲੋਂ ਸੰਪਾਦਿਤ ‘ਪੰਜਾਬੀ ਲੇਖਕ ਕੋਸ਼’ (2003) ਵੇਖਣ ਲੱਗਾ ਹਾਂ। ਸੁਰਜੀਤ ਦੇ ਨਾਵਾਂ ਨੂੰ ਵੇਖਦਿਆਂ ਹੈਰਾਨੀ ਹੋਈ ਕਿ ਇਸ ਨਾਂ ਵਾਲੇ 29 ਲੇਖਕ ਹਨ, ਜਿਨ੍ਹਾਂ ਵਿੱਚ 4 ਲੇਖਕਾਵਾਂ ਵੀ ਹਨ। ਇਨ੍ਹਾਂ ਵਿੱਚ ਸਭ ਤੋਂ ਵੱਡੀ ਐਂਟਰੀ ਵਾਲੇ ਚਾਰ ਲੇਖਕ ਹਨ- ਸੁਰਜੀਤ ਸਿੰਘ ਸੇਠੀ, ਸੁਰਜੀਤ ਸਿੰਘ ਗਾਂਧੀ, ਸੁਰਜੀਤ ਸਿੰਘ ਭਾਟੀਆ ਅਤੇ ਸੁਰਜੀਤ ਪਾਤਰ। ਅੱਜ ਦੀ ਤਰੀਕ ਵਿੱਚ ਜੋ ਲੇਖਕ ਧਰੂ ਤਾਰੇ ਵਾਂਗ ਗਗਨ-ਮੰਡਲ ਤੇ ਚਮਕਦਾ ਵਿਖਾਈ ਦਿੰਦਾ ਹੈ, ਉਹ ਹੈ ਸੁਰਜੀਤ ਪਾਤਰ।
***
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ)   9417692015

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1133
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ, ਪੰਜਾਬ, ਭਾਰਤ +91 9417692015

View all posts by ਪ੍ਰੋ. ਨਵ ਸੰਗੀਤ ਸਿੰਘ →