ਪੁਸਤਕ ਰੀਵਿਊ: ‘ਦਰਦ ਜਾਗਦਾ ਹੈ’ਸ਼ਬਦ ਹਰ ਅਹਿਸਾਸ, ਸੁੱਖ -ਦੁੱਖ, ਘਟਨਾ-ਦੁਰਘਟਨਾ ਨੂੰ ਜ਼ੁਬਾਨ ਦਿੰਦੇ ਨੇ। ਕਵਿਤਾ ਭਾਵ ਨੂੰ ਕੋਮਲ ਭਾਵੀ ਕਰ ਕੇ ਸਾਡੇ ਰੂਹ ਦੇ ਧੁਰ ਅੰਦਰ ਤੱਕ ਲਿਜਾ ਕੇ ਇਸ ਦਾ ਅਹਿਸਾਸ ਸਾਡੇ ਲਹੂ ਵਿਚ ਮੌਲਣ ਲਾ ਕੇ ਕੋਮਲ ਭਾਵੀ ਸੰਵੇਦਨਸ਼ੀਲਤਾ ਪ੍ਰਦਾਨ ਕਰਦੀ ਹੈ। ਜੋ ਕਿ ਇਨਸਾਨ ਹੋਣ ਲਈ ਅਤਿ ਲੋੜੀਂਦੀ ਹੈ। ਕਵਿਤਾ ਅਜਿਹੀ ਵਿਧਾ ਹੈ ਜਿਸ ਰਾਹੀਂ ਦੁੱਖ ਦਰਦ ਵੀ ਸੁਹਜ ਅਤੇ ਕੋਮਲਤਾ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਅਜਿਹੀ ਹੀ ਇੱਕ ਪੁਸਤਕ ਪਾਠਕਾਂ ਦੇ ਰੂ-ਬਰੂ 2020 ਜਿਹੇ ਔਕੜਾਂ ਭਰੇ ਸਾਲ ਵਿਚ ਹੋਈ ਹੈ। ਜਦੋਂ ਮਨੁੱਖ ਬੇਸ਼ੁਮਾਰ ਔਕੜਾਂ ਵਿਚ ਘਿਰਿਆ ਨਵੀਂ ਫ਼ਸੀਲ ਤੇ ਨਵਾਂ ਇਤਿਹਾਸ ਲਿਖ ਰਿਹਾ ਹੈ। ਇਹ ਪੁਸਤਕ ਬੀਤੇ ਸਮਿਆਂ ਦੇ ਦਰਦਾਂ ਦਾ ਸਫ਼ਰਨਾਮਾ ਹੈ। “ਭੂਪਿੰਦਰ ਸਿੰਘ ਸੱਗੂ” ਉਹਨਾਂ ਦੀ ਕਵਿਤਾ ਦੀ ਜ਼ੁਬਾਨ ਰਾਹੀਂ ਪਾਠਕਾਂ ਦੇ ਸਾਹਵੇਂ ਹੁੰਦੇ ਹਨ ਅਤੇ ਪਾਠਕ ਨੂੰ ਦਰਦ ਦੀਆਂ ਉਹਨਾਂ ਥਾਵਾਂ ਵੱਲ ਲੈ ਤੋਰਦੇ ਨੇ ਜਿਥੇ ਅਸੀਂ ਕਵੀ ਦੀਆਂ ਅੱਖਾਂ ਰਾਹੀਂ ਉਨ੍ਹਾਂ ਅਹਿਸਾਸਾਂ ਅਤੇ ਬਿਰਤਾਂਤਾਂ ਦੇ ਰੂ-ਬ-ਰੂ ਹੁੰਦੇ ਹਾਂ, ਜੋ ਕਵੀ ਆਪਣੀਆਂ ਅੱਖਾਂ ਮਨ ਅਤੇ ਕਲਮ ਰਾਹੀਂ ਸਾਨੂੰ ਦਿਖਾ ਰਿਹਾ ਹੈ। ਇਸ ਵਕਤ ਜਦੋਂ ਕਿਸਾਨੀ ਸੰਘਰਸ਼ ਜੋਬਨ ਉੱਤੇ ਹੈ, ਪੂਰੇ ਵਿਸ਼ਵ ਵਿੱਚ ਜੁਝਾਰੂ, ਹਿੰਮਤੀ ਇਤਿਹਾਸ ਦੁਬਾਰਾ ਲਿਖਿਆ ਜਾ ਰਿਹਾ ਹੈ। ਉਸ ਵੇਲੇ ਇਸ ਪੁਸਤਕ ਨੂੰ ਪੜ੍ਹਦਿਆਂ ਇਸ ਵਿਚਲੀਆਂ ਕਵਿਤਾਵਾਂ ਰਾਹੀਂ ਪੂਰੇ ਵਿਸ਼ਵ ਦੇ ਦਰਦ ਨੂੰ ਮਹਿਸੂਸ ਕਰ ਰਹੀ ਹਾਂ। ਵੱਖ ਵੱਖ ਸਮੇਂ, ਪੂਰੇ ਵਿਸ਼ਵ ਵਿਚ ਹੋਈਆਂ ਦਿਲ ਦਹਿਲਾਊ ਘਟਨਾਵਾਂ ਦਾ ਹਿਰਦੇ ਵੇਦਕ ਵਰਨਣ ਆਪਣੀਆਂ ਕਵਿਤਾਵਾਂ ਵਿਚ ਕਵੀ ਭੂਪਿੰਦਰ ਸਿੰਘ ਸੱਗੂ ਹੋਰਾਂ ਨੇ ਬਾਕਮਾਲ, ਸੁਚੱਜੇ ਢੰਗ ਨਾਲ ਅਤੇ ਬੜੀ ਸੁਚੇਤਤਾ ਨਾਲ ਕੀਤਾ ਹੈ। ਭੂਪਿੰਦਰ ਸਿੰਘ ਸੱਗੂ ਪ੍ਰਵਾਸੀ ਪੰਜਾਬੀ ਸਾਹਿਤ ਵਿੱਚ ਗ਼ਜ਼ਲ ਦਾ ਉੱਘਾ ਹਸਤਾਖ਼ਰ ਹਨ। ਇਹ ਖੁੱਲੀ ਕਵਿਤਾ ਦੀ ਪੁਸਤਕ ਵੀ ਪੰਜਾਬੀ ਸਾਹਿਤ ਦੀ ਝੋਲੀ ਵਿਚ ਉਹਨਾਂ ਵੱਲੋਂ ਪਾਇਆ ਇਕ ਨਾਯਾਬ ਤੋਹਫ਼ਾ ਹੈ।ਕਵੀ ਨੇ ਇਸ ਪੁਸਤਕ ਰਾਹੀਂ ਪੂਰੇ ਵਿਸ਼ਵ ਦਾ ਦਰਦ ਸਾਡੇ ਰੂਬਰੂ ਕੀਤਾ। ਪੁਸਤਕ ਦੀ ਪਹਿਲੀ ਕਵਿਤਾ ਹੀ ਇਸ ਦੇ ਨਾਮ ਦੀ ਤਰਜ਼ਮਾਨੀ ਕਰਦੀ ਹੈ ” ਦਰਦ ਜਾਗਦਾ ਹੈ” ਜਰਮਨੀ ਦੇ ਸ਼ਹਿਰ “ਵਾਇਮਾ” ਵਿਖੇ ਹਿਟਲਰ ਦੇ ਜੁਲਮਾਂ ਦੀ ਕਹਾਣੀ ਕਹਿੰਦੀ ਕਵਿਤਾ ਹੈ: ਮੌਤ ਦੀ ਗਹਿਰੀ ਨੀਂਦ ਜਾਂਦੇ ਵੇਖ ਕਵਿਤਾ ਦਰਦ ਸਾਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰਦੀ ਹੈ ਕਿ ਜੀਵਨ ਵਿੱਚ ਹਾਲੀ ਹੋਰ ਬਹੁਤ ਕੁਝ ਦੇਖਣਾ ਬਾਕੀ ਹੈ ਇਸ ਲਈ ਮਨ ਨੂੰ ਮਜ਼ਬੂਤ ਰੱਖਣ ਦੀ ਲੋੜ ਜੀਵਨ ਲਈ ਜ਼ਰੂਰੀ ਹੈ। ਅਜਿਹਾ ਬਿਰਤਾਂਤ ਸਿਰਜਣ ਲਈ ਕਵੀ ਵਧਾਈ ਦਾ ਪਾਤਰ ਹੈ। ਕਵੀ ਇਸ ਪੁਸਤਕ ਰਾਹੀਂ ਆਪਣੇ ਪੂਰੇ ਜੀਵਨ ਦੀ ਦਾਸਤਾਨ ਦਸ ਰਿਹਾ ਹੈ ਜਦ ਉਹ ਪੰਜਾਬ ਵਿਚ ਵਸਦਾ ਸੀ ਤਾਂ ਉਸ ਦਾ ਪਿੰਡ ਅਤੇ ਪਿੰਡ ਤੋਂ ਪਹਿਲਾਂ ਆਉਂਦਾ ਬੋਹੜ ਕਿਵੇਂ ਮਨੁੱਖ ਵਾਂਗ ਸਮੇ ਦੀਆਂ ‘ਵਾਵਾਂ ਝੱਲਦਾ ਆਪਣਾ ਮੂੰਹ ਮੁਹਾਂਦਰਾ ਬਦਲ ਬੈਠਾ ਹੈ। ਇਥੇ ਪੁੱਜਦਿਆਂ ਹੀ ਕਵੀ ਆਪਣੇ ਬਚਪਨ ਅਤੇ ਅੱਲ੍ਹੜਪੁਣੇ ਵੱਲ਼ ਤੁਰ ਪੈਂਦਾ ਹੈ। ਅਤੇ ਉਸ ਵੇਲੇ ਨੂੰ ਹੁਣ ਦੇ ਸਮੇਂ ਨਾਲ ਮੇਲਦਾ, ਵੇਲੇ ਦਾ ਦਰਦ ਬਿਆਨਦਾ ਹੈ: ਅੱਜ ਉਸ ਥਾਂ ਕਵੀ ਵਲੋਂ ਆਪਣਾ ਭਾਵ ਪ੍ਰਗਟਾਉਣ ਲਈ ਵਰਤੇ ਸੁਚੱਜੇ ਬਿੰਬ ਕਵਿਤਾ ਨੂੰ ਭਾਵ ਪੂਰਤ ਅਤੇ ਵਿਸ਼ੇ ਨੂੰ ਸਾਰਥਕਤਾ ਪ੍ਰਦਾਨ ਕਰਦੇ ਹਨ। ਇਹ ਸ਼ਬਦ ਪੜ੍ਹਦਿਆਂ ਹੀ ਮਨ ਵਿੱਚ ਹੌਲ ਪੈਂਦਾ ਹੈ। ਕਿੰਨੇ ਦਰਦ ਪਰੁੰਨੇ ਸ਼ਬਦ ਨੇ ਜੋ ਸਮੇਂ ਉਤੇ ਖੁਦਗਰਜ਼ੀ ਦੀ ਧੂੜ ਪਾਉਂਦੇ ਇਹਨੂੰ ਪਲਿੱਤਣ ਦੇ ਰਹੇ ਹਨ। ਸ਼ਨੀਲ ਦੀ ਨੀਲੀ ਫਰਾਕ, ਗੈਂਗ ਰੇਪ , ਮਾਂ ਖਾਮੋਸ਼ ਹੈ, ਮੈਂ ਅਤੇ ਪਿੰਡ, ਉਡੀਕ ਆਦਿਕ ਕਵਿਤਾਵਾਂ ਅੰਦਰਲੇ ਦਰਦ ਦੀ ਬਾਤ ਪਾਉਂਦੀਆਂ ਲਫ਼ਜ਼ ਬਣ ਸਫਿਆਂ ਦੇ ਉਪਰ ਉੱਤਰੀਆਂ ਨੇ। ਵੇਦਨਾ, ਵੈਰਾਗ ਬਣ ਇਹਨਾਂ ਦਾ ਅਹਿਸਾਸ ਪਾਠਕ ਦੀਆਂ ਅੱਖਾਂ ਵਿੱਚੋਂ ਹੰਝੂ ਬਣ ਕੇ ਵਹਿੰਦਾ ਹੈ। ਕਵੀ ਦੀ ਕਵਿਤਾ ਦਾ ਘੇਰਾ ਬੜਾ ਵਿਸ਼ਾਲ ਹੈ ਉਹ ਸਿਰਫ਼ ਕਵੀ ਦੇ ਬਚਪਨ, ਅੱਲੜ ਪੁਣੇ, ਪਿੰਡ ਨੂੰ ਹੀ ਕਲਾਵੇ ਵਿਚ ਨਹੀਂ ਲੈਂਦੀ ਹੈ ਬਲਕਿ ਵਿਰਾਟ ਰੂਪ ਧਾਰਦੀ ਪੂਰੇ ਵਿਸ਼ਵ ਦੀਆਂ ਸੰਵੇਦਨਾਵਾਂ ਨੂੰ ਆਪਣੇ ਅੰਦਰ ਸਮੇਟ ਕੇ ਪਾਠਕਾਂ ਦੇ ਰੂਬਰੂ ਹੁੰਦੀ ਹੈ। ਕਵੀ ਆਪਣੀਆਂ ਕਵਿਤਾਵਾਂ ਵਿਚ ਸਿਰਫ਼ ਆਰਥਿਕ ਮੰਦਹਾਲੀ ਦਾ ਦਰਦ ਨਹੀਂ ਲਿਖਦਾ, ਬਲਕਿ ਸੰਵੇਦਨਾਹੀਣ ਬੌਧਿਕ ਮੰਦਹਾਲੀ, ਕਵੀ ਨੂੰ ਵਧੇਰੇ ਤਕਲੀਫ ਦਿੰਦੀ ਹੈ ਜੋ ਉਸ ਦੀਆਂ ਕਵਿਤਾਵਾਂ: ਬੁੱਧੀਜੀਵੀ, ਸਫ਼ਰ ਦੌਰਾਨ, ਆਖਰੀ ਕਿੱਲ, ਨਦੀ ਕਿਨਾਰੇ, ਐਨ.ਐਚ. ਐਸ. ਦਾ ਕੱਟ, ਡਿਊਟੀ, ਕਰਫਿਊ ਆਦਿਕ ਕਵਿਤਾਵਾਂ ਵਿਚ ਸਾਡੇ ਤੀਕ ਪਹੁੰਚਦਾ ਹੈ। ਕਵੀ ਦਾ ਕੋਮਲ ਭਾਵੀ ਮਨ ਅਤੀਤ ਵਿੱਚਲੀ ਕੁਦਰਤ ਟੋਲਦਾ ਸੈਨ ਵਾਕੀਨ ਦਰਿਆ, ਰੁੱਖ, ਅਤੀਤ ਵੱਲ ਖੁੱਲ੍ਹਦਾ ਦਰਵਾਜ਼ਾ ਆਦਿ ਕਵਿਤਾਵਾਂ ਵਿਚ ਖੁੱਸ ਗਏ ਕੁਦਰਤੀ ਦ੍ਰਿਸ਼ਾਂ ਨੂੰ ਕਲਪਨਾਵਾਂ ਵਿੱਚ ਫਿਰ ਤੋਂ ਕਲਾਵੇ ਵਿਚ ਭਰਨਾ ਲੋਚਦਾ ਹੈ। ਕਵੀ ਦੀ ਪੁਸਤਕ ਦਾ ਸਾਰ ਦਰਦ, ਵਿਛੋੜਾ, ਵੈਰਾਗ ਹੈ। ਇਹ ਵੈਰਾਗ ਸਿਰਫ ਪ੍ਰੀਤਮ ਦਾ ਨਹੀਂ। ਜ਼ਾਲਮ ਦੇ ਜ਼ੁਲਮਾਂ ਕਾਰਨ ਕਿੰਨੇ ਹੀ ਲੋਕਾਂ ਦੇ ਸਦਾ ਲਈ ਦੂਰ ਹੋ ਗਏ ਆਪਣਿਆਂ ਦਾ ਹੈ। ਗੁਰਬਾਣੀ ਦਾ ਸਾਰ ‘ਸਰਬੱਤ ਦਾ ਭਲਾ’ ਇਸ ਪੁਸਤਕ ਦੀਆਂ ਕਵਿਤਾਵਾਂ ਦਾ ਭਾਵਪੂਰਤ ਧੁਰਾ ਬਣਦਾ ਹੈ। ਸ਼ਬਦਾਂ ਵਿਚ ਦਰਦ ਦਰਿਆ ਵਹਿ ਰਿਹਾ ਹੈ ਜੋ ਕਵੀ ਦੀ ਸੰਵੇਦਨਸ਼ੀਲਤਾ ਦੀ ਗਵਾਹੀ ਭਰਦਾ ਹੈ। ਆਪਣੇ ਸ਼ਾਇਰ ਹੋਣ ਦੇ ਵਜੂਦ ਨੂੰ ਵੀ ਆਪਣੀ ਕਵਿਤਾ ਰਾਹੀਂ ਬੜੇ ਸਾਰਥਕ ਸ਼ਬਦਾਂ ਵਿਚ ਕਵੀ ਇੰਝ ਬਿਆਨ ਕਰਦਾ ਹੈ। ਸ਼ਾਇਰ ਸੱਗੂ ਦੀ ਕਲਮ ਕੂਕ ਉੱਠੀ ਅਖੀਰ ਵਿੱਚ 2020 ਵਰਗੇ ਅਤਿ ਦਰਦੀਲੇ ਅਤੇ ਉਦਾਸੀਨ ਸਾਲ ਵਿੱਚ ਆਈ ਇਸ ਪੁਸਤਕ’ ਦਰਦ ਜਾਗਦਾ ਹੈ’ ਨੂੰ ਵਰ੍ਹੇ ਦੇ ਖ਼ਤਮ ਹੁੰਦਿਆਂ ਇਸ ਆਸ ਨਾਲ ਖੁਸ਼ ਆਮਦੀਦ ਕਹਿੰਦੀ ਹਾਂ ਕਿ ਆਉਣ ਵਾਲਾ ਵਰ੍ਹਾ ਸੋਹਣਾ, ਖੁਸ਼ਗਵਾਰ ਅਤੇ ਸਾਡੇ ਸਭ ਦੇ ਖੁਆਬਾਂ ਦੀ ਤਾਬੀਰ ਵਾਲਾ ਹੋਵੇ। ਦੁਆ ਹੈ ਕਿ ਕਵੀ ਦੀਆਂ ਸੰਵੇਦਨਾਵਾਂ ਦੇ ਰੰਗ ਹੋਰ ਗੂੜ੍ਹੇ ਹੁੰਦੇ ਰਹਿਣ ਅਤੇ ਸ਼ਬਦ,ਅਹਿਸਾਸ, ਕਵਿਤਾ ਦਾ ਕਾਫ਼ਲਾ ਪਾਠਕ ਨੂੰ ਸਰਸ਼ਾਰ ਕਰਦਾ ਹੋਰ ਲੰਮੇਰਾ ਹੁੰਦਾ ਰਹੇ। *** |
ਮਨ ਮਾਨ
(ਮਨਵਿੰਦਰ ਕੌਰ, ਕੋਟਕਪੂਰਾ)