ਧਰਤੀ ਰੋਈ ਅੰਬਰ ਰੋਇਆ
ਚੁੱਪ ਵਰਤ ਗਈ ਸਾਰੇ…
ਤੱਤੀ ਤਵੀ ਤੇ ਬੈਠ ਗਏ
ਮੇਰੇ ਗੁਰੂ ਅਰਜਣ ਦੇਵ ਜੀ ਪਿਆਰੇ…
ਸੂਰਜ ਤੱਤਾ ਧਰਤੀ ਤੱਤੀ
ਰੱਬ ਦੇ ਖੇਲ ਨਿਰਾਲੇ
ਲੋਹ ਵੀ ਤੱਤੀ ਰੇਤ ਵੀ ਤੱਤਾ
ਮਾਰਦੀ ਦੇਗ ਉਬਾਲੇ
ਸਕੇ ਸਬੰਧੀ ਹੋਏ ਬੇਗਾਨੇ
ਬਣ ਗਏ ਸਭ ਹਤਿਆਰੇ…
ਤੱਤੀ ਤਵੀ ਤੇ ਬੈਠ ਗਏ
ਮੇਰੇ ਗੁਰੂ ਅਰਜਣ ਦੇਵ ਜੀ ਪਿਆਰੇ…
ਸੜਦੀ ਸੜਦੀ ਰੇਤ ਸੀਸ ਤੇ
ਜਲਾਦ ਗੁਰਾਂ ਦੇ ਪਾਵੇ
ਚੰਦੂ ਚੰਦਰਾ ਵਿੱਚ ਭੱਠੀ ਦੇ
ਅੱਗ ਦੇ ਲਾਂਬੂ ਲਾਵੇ
ਨੂੰਹ ਚੰਦੂ ਦੀ ਧਾਹੀਂ ਰੋਵੇ
ਮਾਰਦੀ ਹਾਅ ਦੇ ਨਾਰੇ…
ਤੱਤੀ ਤਵੀ ਤੇ ਬੈਠ ਗਏ
ਮੇਰੇ ਗੁਰੂ ਅਰਜਣ ਦੇਵ ਜੀ ਪਿਆਰੇ…
ਬੀਰਬਲ ਤੇ ਰਲਕੇ ਚੰਦੂ
ਨਾਲੇ ਸਕਿਆ ਭਾਈਆਂ
ਜਹਾਂਗੀਰ ਦੇ ਕੋਲ ਸੀ ਜਾਕੇ
ਇਹਨਾਂ ਲੂਤੀਆਂ ਲਾਈਆਂ
ਹਾਕਮ ਨੂੰ ਉਕਸਾਇਆ ਬੋਲਕੇ
ਝੂਠ ਗੁਰਾਂ ਦੇ ਬਾਰੇ…
ਤੱਤੀ ਤਵੀ ਤੇ ਬੈਠ ਗਏ
ਮੇਰੇ ਗੁਰੂ ਅਰਜਣ ਦੇਵ ਜੀ ਪਿਆਰੇ…
ਮੀਆਂ ਮੀਰ ਜੀ ਕਹਿਣ ਗੁਰਾਂ ਨੂੰ
ਹੁਕਮ ਕਰੋ ਇੱਕ ਵਾਰੀ
ਇੱਟ ਨਾਲ ਇੱਟ ਖੜਕਾ ਦੇਵਾਂ ਮੈਂ
ਸ਼ਹਿਰ ਲਾਹੌਰ ਦੀ ਸਾਰੀ
ਇਸ ਜ਼ਾਲਮ ਸਰਕਾਰ ਨੂੰ ਮੈਂ ਤਾਂ
ਦਿਨੇ ਦਿਖਾ ਦਿਆਂ ਤਾਰੇ…
ਤੱਤੀ ਤਵੀ ਤੇ ਬੈਠ ਗਏ
ਮੇਰੇ ਗੁਰੂ ਅਰਜਣ ਦੇਵ ਜੀ ਪਿਆਰੇ…
ਕਿਹਾ ਗੁਰਾਂ ਇਤਿਹਾਸ ਸਾਈਂਂ ਜੀ
ਨਵਾਂ ਸਿਰਜ ਕੇ ਜਾਣਾ
ਮਿੱਠਾ ਕਰਕੇ ਅਸਾਂ ਨੇ ਮੰਨਣਾ
ਅਕਾਲ ਪੁਰਖ ਦਾ ਭਾਣਾ
ਜਾਨ ਜਾਵੇ ਤਾਂ ਜਾਵੇ ਐਪਰ
ਸਿੱਖੀ ਸਿਦਕ ਨਾ ਹਾਰੇ…
ਤੱਤੀ ਤਵੀ ਤੇ ਬੈਠ ਗਏ
ਮੇਰੇ ਗੁਰੂ ਅਰਜਣ ਦੇਵ ਜੀ ਪਿਆਰੇ…
ਰੀਝ ਜ਼ਾਲਮ ਦੀ ਹੋਈ ਨਾ ਪੂਰੀ
ਡਾਢਾ ਕਹਿਰ ਕਮਾਇਆ
ਦੇਗ ਪਾਣੀ ਦੀ ਮਾਰੇ ਉਬਾਲੇ
ਵਿੱਚ ਗੁਰਾਂ ਨੂੰ ਪਾਇਆ
ਹੱਦ ਜ਼ੁਲਮ ਦੀ ਹੋ ਗਈ ਨੀ ਤੂੰ
ਗਰਕ ਜਾਵੇ ਸਰਕਾਰੇ…
ਤੱਤੀ ਤਵੀ ਤੇ ਬੈਠ ਗਏ
ਮੇਰੇ ਗੁਰੂ ਅਰਜਣ ਦੇਵ ਜੀ ਪਿਆਰੇ…
ਕਰਨ ਲਈ ਇਸ਼ਨਾਨ ਗੁਰੂ ਜੀ
ਵਿੱਚ ਰਾਵੀ ਦੇ ਆ ਗਏ
ਗੋਤੀ ਮਾਰੀ ਵਿੱਚ ਪਾਣੀ ਦੇ
ਜੋਤੀ ਜੋਤ ਸਮਾ ਗਏ
ਸ਼ਹੀਦਾਂ ਦੇ ਸਰਤਾਜ ਗੁਰੂ ਜੀ
ਤੇਰੇ ਰੰਗ ਨਿਆਰੇ…
ਤੱਤੀ ਤਵੀ ਤੇ ਬੈਠ ਗਏ
ਮੇਰੇ ਗੁਰੂ ਅਰਜਣ ਦੇਵ ਜੀ ਪਿਆਰੇ…
ਧੰਨ ਧੰਨ ਬਾਬਾ ਗੁਰੂ ਅਰਜਣ ਜੀ
ਧੰਨ ਕੁਰਬਾਨੀ ਤੇਰੀ
ਤੱਕ ਤਸੀਹੇ ਹੁੰਦੇ ਤੇਰੇ ਤੇ
ਰੂਹ ਕੰਬ ਜਾਂਦੀ ਮੇਰੀ
ਚੀਮਾਂ ਆਖੇ ਡੁੱਬਦੀ ਬੇੜੀ
ਹਿੰਦ ਦੀ ਲਾਈ ਕਿਨਾਰੇ…
ਤੱਤੀ ਤਵੀ ਤੇ ਬੈਠ ਗਏ
ਮੇਰੇ ਗੁਰੂ ਅਰਜਣ ਦੇਵ ਜੀ ਪਿਆਰੇ..
***
202
***
+1(716)908-3631 ✍️