ਮੈਂ ਬਹੁਤ ਪੜ੍ਹਦਾ ਹਾਂ। ਜਦ ਵੀ ਸਮਾਂ ਮਿਲਦਾ ਮੈਂ ਕੋਈ ਕਿਤਾਬ, ਰਸਾਲਾ ਜਾਂ ਅਖ਼ਬਾਰ ਜ਼ਰੂਰ ਪੜ੍ਹਦਾ ਹਾਂ। ਪਰ ਮੈਂ ਕਈ ਵਾਰ ਖ਼ੁਦ ਨੂੰ ਹੀ ਪੁੱਛਦਾ ਹਾਂ ਕਿ ਮੈਂ ਕਿਉਂ ਪੜ੍ਹਦਾ ਹਾਂ? ਕੀ ਪੜ੍ਹਦਾ ਹਾਂ? ਕਿਸ ਮਕਸਦ ਲਈ ਪੜ੍ਹਦਾ ਹਾਂ? ਪੜ੍ਹਨ ਨਾਲ ਮੇਰੇ ਵਿਚ ਕਿਹੜੀ ਤਬਦੀਲੀ ਆਈ ਅਤੇ ਕਿਉਂ ਆਈ? ਬਹੁਤ ਸਾਰੇ ਪ੍ਰਸ਼ਨ ਮਨ-ਜੂਹੇ ਖ਼ਰੂਦ ਪਾਉਂਦੇ।
ਮੈਂ ਪੜ੍ਹਦਾ ਹਾਂ ਤਾਂ ਕਿ ਮੈਂ ਆਪਣੇ ਆਪ ਨੂੰ ਮਿਲ ਸਕਾਂ। ਖੁਦ ਨੂੰ ਸਮਝ ਸਕਾਂ। ਆਪਣੇ ਆਪ ਦੀ ਲਿਖਤ ਵਿਚਲੇ ਪਾਤਰਾਂ ਨਾਲ ਤੁਲਨਾ ਕਰ ਸਕਾਂ ਕਿ ਮੈਂ ਕਿੱਥੇ ਖੜ੍ਹਾ ਹਾਂ? ਕੀ ਇਹ ਪਾਤਰ ਮੇਰੇ ਨਾਲੋਂ ਚੰਗੇ ਨੇ ਜਾਂ ਮਾੜੇ? ਕੀ ਪਾਤਰ ਨਰੋਏ ਸਮਾਜ ਦੀ ਸਿਰਜਣਾ ਕਰਦੇ ਜਾਂ ਆਪਣੇ ਕਿਹੜੇ ਕੰਮਾਂ ਕਰਕੇ ਸਮਾਜ ਲਈ ਨਮੋਸ਼ੀ? ਪੜ੍ਹਦਿਆਂ ਪੜ੍ਹਦਿਆਂ ਮੈਂ ਆਪਣੇ ਪੁਰਖ਼ਿਆਂ ਨੂੰ ਮਿਲਦਾ ਹਾਂ। ਉਨ੍ਹਾਂ ਦੀਆਂ ਕਥਾ-ਕਹਾਣੀਆਂ ਰਾਹੀਂ, ਉਨ੍ਹਾਂ ਦੇ ਕਾਰਨਾਮਿਆਂ ਅਤੇ ਕਰਾਮਾਤੀ ਵਰਤਾਰਿਆਂ ਦੇ ਰੂਬਰੂ ਹੁੰਦਾ ਹਾਂ। ਮੈਂ ਬਾਬਰ-ਬਾਣੀ ਰਾਹੀਂ ਬਾਬਾ ਨਾਨਕ ਦਾ ਬਾਬਰ ਨਾਲ ਹੋਇਆ ਸੰਵਾਦ ਥੀਂ ਗੁਜ਼ਰਦਾ ਹਾਂ। ਮੈਂ ਗੁਰਬਾਣੀ ਰਾਹੀਂ ਭਗਤਾਂ, ਭੱਟਾਂ ਅਤੇ ਸੂਫ਼ੀ ਫਕੀਰਾਂ ਨਾਲ ਰੂਹ ਦਾ ਰਿਸ਼ਤਾ ਗੰਢਦਾ ਹਾਂ ਅਤੇ ਗੁਰੂਆਂ ਦੀ ਦੂਰ-ਅੰਦੇਸ਼ੀ ਸੋਚ ਨੂੰ ਸਲਾਮ ਕਰਦਾ ਹਾਂ। ਫਿਰ ਮੈਂ ਆਪਣੇ ਆਪ ਦਾ ਵਿਸ਼ਲੇਸ਼ਣ ਵੀ ਕਰਦਾ ਹਾਂ ਕਿ ਗੁਰਬਾਣੀ ਕੀ ਕਹਿੰਦੀ ਹੈ ਅਤੇ ਮੈਂ ਕੀ ਕਰ ਰਿਹਾ ਹਾਂ? ਕੀ ਕਰਮ-ਕਾਂਡਾਂ ਵਿਚ ਤਾਂ ਨਹੀਂ ਉਲਝਿਆ ਜਿਸਦੀ ਗੁਰਬਾਣੀ ਵਿਚ ਮਨਾਹੀ ਹੈ? ਮੈਂ ਗੁਰਬਾਣੀ ਦੀ ਜੀਵਨ-ਜਾਚ ਨੂੰ ਕਿੰਨਾ ਕੁ ਅਪਣਾਇਆ ਅਤੇ ਅਜੇ ਕਿੰਨਾ ਕੁ ਊਣਾ ਹਾਂ? ਪੜ੍ਹਨ ਲੱਗਿਆ ਮੈਂ ਵਰਣ-ਵੰਡ ਨਹੀਂ ਕਰਦਾ ਅਤੇ ਨਾ ਹੀ ਬੋਲੀਆਂ ਤੇ ਖਿੱਤਿਆਂ ਦੀ ਵੰਡ ਵੰਡਾਈ ਵਿਚ ਪੈਂਦਾ ਹਾਂ। ਮੈਨੂੰ ਤਾਂ ਜਿਹੜੀ ਕਿਤਾਬ ਚੰਗੀ ਲੱਗਦੀ ਹੈ ਅਤੇ ਜੋ ਮਾਨਵੀ ਸੁਨੇਹਿਆਂ ਨਾਲ ਓਤਪੋਤ ਹੋਵੇ, ਉਸਨੂੰ ਪੜ੍ਹਨ ਵਿਚ ਇਕ ਸੁਖਨ ਮਿਲਦਾ ਅਤੇ ਫਿਰ ਇਹ ਕਿਤਾਬ ਮਿੱਤਰ-ਪਿਆਰਿਆਂ ਨੂੰ ਪੜ੍ਹਨ ਲਈ ਕਹਿੰਦਾ ਹਾਂ। ਮੈਂ ਇਤਿਹਾਸ, ਮਿਥਿਹਾਸ, ਗਿਆਨ-ਵਿਗਿਆਨ ਸਮੇਤ ਹਰ ਵਿਸ਼ਾ ਪੜ੍ਹਨ ਦੀ ਰੁਚੀ ਰੱਖਦਾ ਹਾਂ ਕਿਉਂਕਿ ਸੰਤੁਲਤ ਵਿਕਾਸ ਲਈ ਇਹ ਵੀ ਜਾਨਣਾ ਜ਼ਰੂਰੀ ਹੈ ਕਿ ਬੰਦਾ ਆਪਣੇ ਆਪ ਦੇ ਕਿੰਨਾ ਕੁ ਨੇੜੇ ਹੈ? ਆਪਣਿਆਂ ਤੋਂ ਕਿੰਨੀ ਕੁ ਵਿੱਥ `ਤੇ ਹੈ? ਕੁਦਰਤ ਨਾਲ ਭਾਈਵਾਲੀ ਕਿੰਨੀ ਕੁ ਪ੍ਰਪੱਕ ਹੈ? ਇਸਦਾ ਇਲਮ ਮੈਨੂੰ ਪੜ੍ਹਦਿਆਂ ਹੀ ਹੁੰਦਾ? ਪੜ੍ਹਦਿਆਂ ਪੜ੍ਹਦਿਆਂ ਮੈਂ ਕੁਝ ਅਜੇਹੇ ਸ਼ਬਦਾਂ ਨੂੰ ਮਿਲਦਾ ਹਾਂ ਜਿਨ੍ਹਾਂ ਨੂੰ ਮੈਂ ਕਈ ਚਿਰ ਤੋਂ ਲੱਭ ਰਿਹਾ ਸਾਂ। ਇਹ ਸ਼ਬਦ ਹੀ ਹੁੰਦੇ ਜੋ ਮੈਨੂੰ ਉਲਥਾਉਣ ਅਤੇ ਪਰਿਭਾਸ਼ਤ ਕਰਨ ਲਈ ਸਹਿਯੋਗੀ ਹੁੰਦੇ। ਸ਼ਬਦਾਂ ਦੀ ਵਿਭਿੰਨਤਾ ਮੈਨੂੰ ਬਹੁਤ ਹੀ ਅਚੰਭਤ ਕਰਦੀ। ਇਸਦੀ ਵੰਨ-ਸੁਵੰਨਤਾ ਲਈ ਕਦੇ ਕੋਈ ਪੋਠੋਹਾਰੀ ਲਿਖਤ, ਕਦੇ ਪੁਆਧੀ, ਕਦੇ ਮਲਵਈ, ਕਦੇ ਡੋਗਰੀ ਅਤੇ ਕਦੇ ਮਾਝੈਲੀ ਲਿਖਤ ਨੂੰ ਪੜ੍ਹਨ ਦਾ ਚਾਅ ਹੁੰਦਾ। ਤਾਂ ਹੀ ਮੇਰੀ ਲਿਖਤ ਵਿਚ ਅਕਸਰ ਹੀ ਅਜੇਹੇ ਸ਼ਬਦ ਚੁੱਪ-ਚੁਪੀਤੇ ਆ ਜਾਂਦੇ ਜਿਨ੍ਹਾਂ ਦੀ ਮਹਿਕ ਮੈਨੂੰ ਸ਼ਰਸ਼ਾਰ ਕਰਦੀ। ਉਰਦੂ ਦੀਆਂ ਲਿਖਤਾਂ ਜਦ ਮੈਂ ਪੰਜਾਬੀ ਰੂਪਾਂਤਰਨ ਵਿਚ ਪੜ੍ਹਦਾ ਤਾਂ ਇਨ੍ਹਾਂ ਦੀ ਖੁਸ਼ਬੂ ਮੇਰੀ ਲਿਖਤ ਨੂੰ ਸੁਗੰਧਤ ਕਰਦੀ। ਇਨ੍ਹਾਂ ਸ਼ਬਦਾਂ ਵਿਚੋਂ ਹੀ ਮੈਂ ਸਹੀ ਸ਼ਬਦ ਜੋੜ ਨੂੰ ਪਹਿਚਾਣਦਾ ਅਤੇ ਜਿਨ੍ਹਾਂ ਦੇ ਕਈ ਰੂਪ ਮੇਰੀ ਲਿਖਤ ਵਿਚ ਸੁੱਤੇ ਸਿੱਧ ਆ ਜਾਂਦੇ। ਮੈਂ ਪੜ੍ਹਦਾ ਹਾਂ ਤਾਂ ਕਿ ਮੈਨੂੰ ਆਪਣੇ ਬਜੁਰਗਾਂ ਦੀਆਂ ਕੀਰਤੀਆਂ ਦਾ ਅਹਿਸਾਸ ਹੋਵੇ। ਉਨ੍ਹਾਂ ਦੀਆਂ ਘਾਲਨਾਵਾਂ ਦੀ ਸੋਝੀ ਹੋਵੇ। ਕਿਵੇਂ ਉਨ੍ਹਾਂ ਨੇ ਰੱਕੜ ਅਤੇ ਮੰਡ ਨੂੰ ਵਾਹੀਯੋਗ ਬਣਾਇਆ? ਕਿਵੇਂ ਤਰਾਈ ਦੇ ਖੇਤਰ ਨੂੰ ਆਬਾਦ ਕਰ ਕੇ ਪੰਜਾਬੀਆਂ ਨੇ ਝੰਡੇ ਗੱਡੇ? ਕਿਵੇਂ ਉਨ੍ਹਾਂ ਨੇ ਬਾਰਾਂ ਨੂੰ ਆਬਾਦ ਕਰ ਕੇ ਬੰਦੇ ਜੰਮਣ ਵਾਲੀ ਜ਼ਮੀਨ ਬਣਾਇਆ? ਪਰ ਪੜ੍ਹਦਿਆਂ ਪੜ੍ਹਦਿਆਂ ਮੇਰੇ ਦੀਦਿਆਂ ਵਿਚ ਹੰਝੂਆਂ ਦੀ ਨੈਂਅ ਵੀ ਵਗ ਤੁਰਦੀ ਜਦ ਵੰਡ ਦੌਰਾਨ ਪੰਜਾਬੀਆਂ ਦੀ ਕਤਲੋਗਾਰਤ ਦਾ ਖ਼ੂਨੀ ਬਿਰਤਾਂਤ ਸਫ਼ਿਆਂ `ਤੇ ਫੈਲਦਾ। ਆਪਣਿਆਂ ਤੋਂ ਆਪਣਿਆਂ ਦਾ ਵਿਛੋੜਾ, ਸਾਹਾਂ ਵਰਗੀਆਂ ਸਾਂਝਾਂ ਦਾ ਸਿਵਾ ਸੇਕਣਾ ਅਤੇ ਅਕੀਦਤਯੋਗ ਅਸਥਾਨਾਂ ਨੂੰ ਖ਼ੁਦ ਤੋਂ ਵੱਖਰਾ ਕਰਨ ਦਾ ਸੰਤਾਪ ਅਤੇ ਆਪਣੇ ਇਤਿਹਾਸ ਤੋਂ ਵਿਰਵੇ ਹੋਣ ਦਾ ਦਰਦ ਵਰਕਿਆਂ `ਤੇ ਫੈਲ, ਅਣਆਈ ਮੌਤ ਲਈ ਕੀਰਨੇ ਬਣ ਜਾਂਦਾ। ਮੈਂ ਗੁੰਮਸੁੰਮ ਹੋਇਆ, ਬੀਤੇ ਦੀ ਤਰਾਸਦੀ ਨੂੰ ਕਈ ਦਿਨਾਂ ਤੀਕ ਭੋਗਦਾ ਅਤੇ ਪੀੜ ਵਿਚ ਕਰਾਹੁੰਦਾ। ਮੈਂ ਬਹੁਤ ਭਾਵੁਕ ਹਾਂ ਤਾਂ ਹੀ ਦਰਦ-ਗਾਥਾ ਨੂੰ ਪੜ੍ਹਦਿਆਂ ਜਾਂ ਕਿਸੇ ਦੀ ਵੇਦਨਾ ਦੇ ਵਿਖਿਆਨ ਵਿਚ ਮੈਂ ਘਰਾਲਾਂ ਵਿਚ ਭਿੱਜ ਜਾਂਦਾ ਅਤੇ ਇਹ ਘਰਾਲਾਂ ਪਾਕੀਜ਼ਗੀ ਦਾ ਪ੍ਰਮਾਣ ਬਣ, ਮੈਨੂੰ ਅੰਦਰ ਡੂੰਘਾ ਉਤਰਨ ਦੀ ਗੁੜ੍ਹਤੀ ਦੇ ਜਾਂਦੀਆਂ। ਪੜ੍ਹਨ `ਤੇ ਹੀ ਪਤਾ ਲੱਗਦਾ ਕਿ ਦੁਨੀਆਂ ਕੀ ਹੈ? ਇਹ ਕਿਹੜੀਆਂ ਚਾਲਾਂ ਨਾਲ ਤੁਹਾਨੂੰ ਧੋਖਾ ਦਿੰਦੀ? ਕਿਹੜੀਆਂ ਕਰਤੂਤਾਂ ਸਦਕਾ ਸਮਾਜ ਵਿਚ ਅੱਖੀਆਂ ਨੀਵੀਆਂ ਕਰਵਾਉਂਦੀ? ਕਿਹੜੀਆਂ ਸਾਜ਼ਿਸ਼ਾਂ ਘੜਦਿਆਂ ਆਪਣੇ ਕਤਲਾਂ ਦਾ ਇਲਜ਼ਾਮ ਨਿਰਦੋਸ਼ਿਆਂ ਸਿਰ ਮੜ੍ਹ ਕੇ ਆਪ ਦੁੱਧ ਧੋਤੀ ਹੋਣ ਦਾ ਪਾਖੰਡ ਕਰਦੀ? ਯਾਦ ਰਹੇ ਕਿ ਮੈਂ ਹੱਡ-ਮਾਸ ਦਾ ਪੁਤਲਾ ਅਤੇ ਅਹਿਸਾਸਾਂ ਤੇ ਭਾਵਨਾਵਾਂ ਨਾਲ ਭਰਪੂਰ ਹਾਂ। ਹਰ ਲਿਖਤ ਨੂੰ ਪੜ੍ਹਦਿਆਂ, ਮੈਂ ਅਸਰ-ਅੰਦਾਜ਼ ਹੁੰਦਾ। ਕਦੇ ਇਹ ਮੈਨੂੰ ਹਸਾਉਂਦੀ ਤੇ ਕਦੇ ਰੁਆਉਂਦੀ, ਕਦੇ ਜ਼ਖ਼ਮ ਦਿੰਦੀ ਤੇ ਕਦੇ ਮਰਹਮ ਲਗਾਉਂਦੀ, ਕਦੇ ਲਾਸਾਂ ਪਾਉਂਦੀ ਤੇ ਕਦੇ ਸਹਿਲਾਉਂਦੀ ਹੈ, ਕਦੇ ਮੋਹ ਕਰਦੀ ਤੇ ਕਦੇ ਅੱਖਾਂ ਦਿਖਾਉਂਦੀ, ਅਤੇ ਕਦੇ ਨਫ਼ਰਤ ਕਰਦੀ ਤੇ ਕਦੇ ਮੋਹ ਜਤਾਉਂਦੀ। ਇਹ ਸਾਰੇ ਰੰਗ ਪੜ੍ਹਦਿਆਂ-ਪੜ੍ਹਦਿਆਂ ਮੇਰੇ ਅੰਗ-ਸੰਗ ਰਹਿੰਦੇ। ਮੈਂ ਪੜ੍ਹਦਾ ਹਾਂ ਤਾਂ ਕਿ ਮੈਂ ਸਿਆਣਾ ਹੋ ਸਕਾਂ। ਆਪਣੀਆਂ, ਕਮੀਆਂ ਅਤੇ ਕੁਤਾਹੀਆਂ ਨੂੰ ਘਟਾ ਸਕਾਂ ਅਤੇ ਇਨਸਾਨੀਅਤ ਦਾ ਮਾਰਗੀ ਬਣ ਸਕਾਂ। ਮੈਂ ਆਪਣੇ ਆਪ `ਤੇ ਹੱਸਣ ਲਈ ਵੀ ਪੜ੍ਹਦਾ ਹਾਂ ਤੇ ਰੋਣ ਲਈ ਵੀ। ਖੁਦ ਨੂੰ ਉਤਸ਼ਾਹਿਤ ਕਰਨ ਲਈ ਵੀ ਪੜ੍ਹਨ ਦਾ ਸਹਾਰਾ ਲੈਂਦਾਂ ਜਦ ਕਦੇ ਵੀ ਮੈਂ ਢਹਿੰਦੀਆਂ ਕਲਾਂ ਵਿਚ ਹੋਵਾਂ ਕਿਤਾਬ ਪੜ੍ਹਨਾ ਮੇਰੇ ਲਈ ਆਪਣੇ ਆਪ ਨਾਲ ਇਕਸੁਰ ਹੋਣ ਦਾ ਸਭ ਤੋਂ ਵੱਡਾ ਸਬੱਬ। ਪੜ੍ਹਦਿਆਂ ਮੈਂ ਗਵਾਚ ਜਾਂਦਾ ਹਾਂ ਅਤੇ ਇਹ ਗਵਾਚਣਾ ਹੀ ਦਰਅਸਲ ਖ਼ੁਦ ਨਾਲ ਇਕਮਿਕ ਹੋਣ ਦਾ ਨਾਮ ਹੈ। ਪਰਤਵੀਂ ਨਜ਼ਰ ਨਾਲ ਪੜ੍ਹਦਿਆਂ ਤੁਸੀਂ ਕਿਸੇ ਲਿਖਤ ਵਿਚ ਕਿਵੇਂ ਉਤਰੋਗੇ? ਇਸਦੇ ਸੂਖਮ ਸੰਦੇਸ਼ ਅਤੇ ਵਿਭਿੰਨ ਪਰਤਾਂ ਦੀ ਕਿਵੇਂ ਥਾਹ ਪਾ ਸਕੋਗੇ? ਮੇਰੀ ਇਨਾਇਤ, ਬੰਦਗੀ ਅਤੇ ਬਰਕਤ ਦੀ ਬੰਦਿਆਈ ਵਿਚੋਂ ਹੀ ਮੈਨੂੰ ਜੀਵਨ ਦੇ ਮਜੀਠੀ ਰੰਗਾਂ ਦਾ ਅਹਿਸਾਸ ਹੁੰਦਾ ਜਿਹੜੇ ਜ਼ਿੰਦਗੀ ਦਾ ਸੁੱਚਾ ਹਾਸਲ ਹੁੰਦੇ। ਪੜ੍ਹਦਿਆਂ ਮੈਨੂੰ ਉਨ੍ਹਾਂ ਚੀਜ਼ਾਂ, ਲੋਕਾਂ, ਵਰਤਾਰਿਆਂ ਜਾਂ ਕਮੀਨਗੀਆਂ ਦੀ ਜਾਣਕਾਰੀ ਮਿਲਦੀ ਜਿਸ ਤੋਂ ਮੈਂ ਅਣਜਾਣ ਹਾਂ ਅਤੇ ਜਿਨ੍ਹਾਂ ਦਾ ਸਾਹਮਣਾ ਹਰੇਕ ਨੂੰ ਜ਼ਿੰਦਗੀ ਦੇ ਕਿਸੇ ਮੋੜ `ਤੇ ਜ਼ਰੂਰ ਹੀ ਕਰਨਾ ਪੈਂਦਾ। ਮੈਂ ਇਸ ਲਈ ਵੀ ਪੜ੍ਹਦਾ ਹਾਂ ਤਾਂ ਕਿ ਮੈਂ ਜਿਨ੍ਹਾਂ ਨੂੰ ਆਪਣੇ ਕਰੀਬੀ ਸਮਝਦਾ ਸਾਂ ਅਤੇ ਜਿਹੜੇ ਮੇਰੇ ਲਈ ਅੱਤ ਪਿਆਰੇ ਸਨ, ਉਨ੍ਹਾਂ ਨੇ ਮੇਰੇ ਨਾਲ ਇੰਝ ਕਿਉਂ ਕੀਤਾ? ਉਨ੍ਹਾਂ ਦੇ ਮਨ ਵਿਚ ਮਾੜਾ ਖ਼ਿਆਲ ਕਿਉਂ ਆਇਆ? ਅਜੇਹੀ ਮਾਨਸਿਕਤਾ ਲਈ ਕੌਣ ਏ ਕਸੂਰਵਾਰ? ਮੇਰੇ ਆਪਣੇ ਹੀ ਮੇਰੇ ਲਈ ਕਬਰਾਂ ਕਿਉਂ ਪੁੱਟਣ ਲੱਗ ਪਏ? ਪੜ੍ਹਦਿਆਂ ਪੜ੍ਹਦਿਆਂ ਮੈਨੂੰ ਇਹ ਵੀ ਪਤਾ ਲੱਗਦਾ ਕਿ ਅੱਜ-ਕੱਲ੍ਹ ਖੇਤਾਂ ਵਿਚ ਖੁਦਕੁਸ਼ੀਆਂ ਕਿਉਂ ਉਗਦੀਆਂ ਨੇ? ਆੜਾਂ ਦਾ ਪਾਣੀ ਨਾੜਾਂ ਵਿਚ ਜ਼ਹਿਰ ਕਿਉਂ ਘੋਲਦਾ? ਕਿਉਂ ਕਿਸਾਨ ਖੇਤਾਂ ਦੀ ਬਜਾਏ ਦਿੱਲੀ ਦੇ ਬਾਰਡਰ `ਤੇ ਧਰਨੇ ਲਾਉਣ ਲਈ ਮਜਬੂਰ ਹੁੰਦਾ? ਗਰੀਬ ਦੀ ਝੁੱਗੀ ਮਹਿਲਾਂ ਲਈ ਖ਼ਤਰਾ ਕਿਉਂ ਏ? ਸਿਆਸਤ ਕਦੋਂ ਦੀ ਵਪਾਰ ਬਣ ਗਈ? ਲਹੂ ਪੀਣੀਆਂ ਜੋਕਾਂ ਕਦੋਂ ਤੀਕ ਆਮ ਲੋਕਾਂ ਦੇ ਸਬਰ ਦੀ ਪਰਖ ਕਰਨਗੀਆਂ? ਕਦੋਂ ਤੀਕ ਜਵਾਨ ਪੁੱਤਾਂ ਦੀਆਂ ਅਰਥੀਆਂ ਨਾਲ ਨਸ਼ੇ ਦੇ ਸੁਦਾਗਰਾਂ ਦੇ ਮਹਿਲਾਂ ਦੀ ਤਾਮੀਰਦਾਰੀ ਹੋਣੀ ਏ? ਕਦੋਂ ਤੀਕ ਅਣਮਨੁੱਖੀ ਵਰਤਾਰਾ ਜਾਰੀ ਰਹਿਣਾ? ਪੜ੍ਹ ਕੇ ਹੀ ਪਤਾ ਲਗਾ ਕਿ ਕਿਵੇਂ ਪੰਜ ਦਰਿਆਵਾਂ ਨੂੰ ਢਾਈ ਆਬ ਬਣਾ ਕੇ ਬਰੇਤਿਆਂ ਵਿਚ ਤਬਦੀਲ ਕਰਨ ਦੀ ਸਾਜ਼ਿਸ਼ ਰਚੀ ਗਈ? ਪੰਜਾਬੀਆਂ ਤੋਂ ਪੰਜਾਬ ਕਿਵੇਂ ਖੋਹਿਆ ਜਾ ਰਿਹਾ? ਕਿਉਂ ਪੰਜਾਬੀ, ਪੰਜਾਬ ਨੂੰ ਸਦਾ ਲਈ ਅਲਵਿਦਾ ਕਹਿ ਰਹੇ? ਕੁਝ ਕੁ ਸਾਲਾਂ ਦੀ ਹੀ ਗੱਲ ਰਹਿ ਗਈ ਆ ਜਦ ਪੰਜਾਬ, ਇਤਿਹਾਸ ਦਾ ਹਿੱਸਾ ਬਣ ਕੇ ਰਹਿ ਜਾਵੇਗਾ। ਪੜ੍ਹ ਕੇ ਮੈਨੂੰ ਆਸ, ਧਰਵਾਸ ਅਤੇ ਵਿਸ਼ਵਾਸ ਮਿਲਦਾ ਜਦ ਮੈਂ ਥਿੜਕਿਆ ਹੋਵਾਂ, ਸਤਾਇਆ ਹੋਵਾਂ, ਹਾਰਿਆ ਹੋਵਾਂ ਜਾਂ ਅਣਗੌਲਿਆ ਹੋਵਾਂ। ਪੜ੍ਹਨ ਨਾਲ ਮੈਨੂੰ ਹੌਂਸਲਾ ਤੇ ਤਾਕਤ ਮਿਲਦੀ। ਮੈਂ ਫਿਰ ਨਵੇਂ ਜੋਸ਼ ਓ ਜਨੂੰਨ ਨਾਲ ਆਪਣੇ ਪੈਰਾਂ ਵਿਚ ਸਫ਼ਰ ਅਤੇ ਮੱਥੇ ਵਿਚ ਮੰਜ਼ਲ ਦਾ ਸਿਰਨਾਵਾਂ ਟਿਕਾਉਂਦਾ ਹਾਂ ਅਤੇ ਰਾਹਾਂ ਨੂੰ ਆੜੀ ਬਣਾਉਂਦਾ ਹਾਂ। ਮਹਾਨ ਸ਼ਖ਼ਸੀਅਤਾਂ ਦੀਆਂ ਜੀਵਨ-ਗਾਥਾਵਾਂ ਪੜ੍ਹਦਿਆਂ ਉਨ੍ਹਾਂ ਨੂੰ ਰੋਲ ਮਾਡਲ ਬਣਾਉਂਦਾ ਹਾਂ ਅਤੇ ਉਨ੍ਹਾਂ ਦੀਆਂ ਦੱਸੀਆਂ ਤਰਕੀਬਾਂ ਅਤੇ ਅਪਣਾਈਆਂ ਤਰਜੀਹਾਂ ਨੂੰ ਆਪਣਾ ਮਕਸਦ ਬਣਾਉਂਦਾ ਹਾਂ। ਪੜ੍ਹਦਿਆਂ ਪੜ੍ਹਦਿਆਂ ਮੈਨੂੰ ਇਹ ਜਾਣਕਾਰੀ ਮਿਲਦੀ ਕਿ ਅਕਾਸ਼ ਮੰਡਲ ਕੀ ਹੈ? ਇਹ ਚੰਨ ਤੇ ਤਾਰੇ ਕੀ ਹਨ? ਰੌਸ਼ਨੀ ਤੇ ਗਰਮੀ ਕਿਵੇਂ ਪੈਦਾ ਹੁੰਦੀ? ਕਿਵੇਂ ਇਹ ਲੰਬਾ ਪੰਧ ਤੈਅ ਕਰ ਧਰਤ ਦੇ ਜੀਵ ਲਈ ਸਹਾਈ ਹੁੰਦੀ? ਧਰਤੀ, ਸੂਰਜ ਦੁਆਲੇ ਕਿਵੇਂ ਘੁੰਮਦੀ ਹੈ? ਸਾਡੇ ਬ੍ਰਹਿਮੰਡ ਦੀ ਰਫ਼ਤਾਰ, ਬਣਤਰ ਅਤੇ ਵਰਤਾਰੇ `ਤੇ ਕਿਹੜੇ ਸਿਧਾਂਤ ਲਾਗੂ ਹੁੰਦੇ? ਇਨ੍ਹਾਂ ਸਾਹਵੇਂ ਮੈਂ ਕਿੰਨਾ ਛੋਟਾ ਹਾਂ? ਮੈਨੂੰ ਪਤਾ ਲੱਗਦਾ ਕਿ ਮੈਂ ਤਾਂ ਕੁਝ ਵੀ ਜਾਣਦਾ ਅਤੇ ਅਥਾਹ ਗਿਆਨ ਬਾਰੇ ਤਾਂ ਮੈਂ ਪੂਣੀ ਵੀ ਨਹੀਂ ਛੋਹੀ। ਪੜ੍ਹਨ `ਤੇ ਮੈਨੂੰ ਇਹ ਵੀ ਸਮਝ ਆਉਂਦੀ ਕਿ ਜ਼ਿੰਦਗੀ ਦਾ ਸਫ਼ਰ ਜਾਰੀ ਰਹਿਣਾ ਹੀ ਦਰਅਸਲ ਜੀਵਨ ਦਾ ਸਭ ਤੋਂ ਵੱਡਾ ਸੱਚ। ਕਿਉਂਕਿ ਖੜੋਤ ਬੰਦੇ ਨੂੰ ਜੰਗਾਲ ਦਿੰਦੀ ਅਤੇ ਜੰਗਾਲੀ ਸੋਚ ਅਤੇ ਵਰਤਾਰੇ ਸਮਾਜ ਲਈ ਜਾਨਲੇਵਾ ਸਾਬਤ ਹੁੰਦੇ। ਇਸ ਲਈ ਸਫ਼ਰ ਵਿਚ ਰਹੀਏ ਤਾਂ ਜਿਊਣਾ ਸਫ਼ਲ ਵਰਨਾ ਇਹ ਸਾਹਾਂ ਦੀ ਪੂਰਤੀ ਹੀ ਹੁੰਦੀ। ਪੜ੍ਹਨਾ ਇਸ ਲਈ ਚੰਗਾ ਲੱਗਦਾ ਜਦ ਮੈਂ ਕੁਝ ਬਹੁਤ ਹੀ ਅਚੰਭਤ ਅਤੇ ਅਜ਼ੀਮ ਖ਼ਿਆਲ ਪੜ੍ਹਦਾ ਅਤੇ ਇਸਨੂੰ ਕਮਰੇ ਦੀ ਕੰਧ ਦਾ ਸ਼ਿੰਗਾਰ ਬਣਾਉਂਦਾ ਤਾਂ ਕਿ ਮੈਂ ਇਸ ਖ਼ਿਆਲ ਤੋਂ ਪ੍ਰੇਰਨਾ ਲੈ ਕੇ ਕੁਝ ਚੰਗੇਰਾ ਕਰ ਸਕਾਂ। ਇਹ ਭਾਵੇਂ ਕਵਿਤਾ ਦੀਆਂ ਲਾਈਨਾਂ ਹੋਣ, ਸ਼ੇਅਰ ਹੋਵੇ ਜਾਂ ਕੋਈ ਵਾਕ ਹੋਵੇ। ਪੜ੍ਹਦਿਆਂ ਹੀ ਮੈਨੂੰ ਕੁਝ ਅਜੇਹੇ ਖ਼ਿਆਲ ਮਿਲਦੇ ਜਿਨ੍ਹਾਂ ਨਾਲ ਆਪਣੇ ਵਿਚਾਰਾਂ ਨੂੰ ਬਿਹਤਰ ਤਰੀਕੇ ਨਾਲ ਪ੍ਰਗਟਾਅ ਸਕਾਂ। ਦਰਅਸਲ ਪੜ੍ਹਨਾ ਤੁਹਾਨੂੰ ਉਹ ਕੁਝ ਦਿੰਦਾ ਜਿਹੜਾ ਬਹੁਤੀ ਵਾਰ ਤੁਹਾਨੂੰ ਸਮਾਜ ਵਿਚੋਂ ਨਹੀਂ ਮਿਲਦਾ। ਯਾਦ ਰਹੇ ਕਿ ਪੜ੍ਹਨਾ ਸਿਰਫ਼ ਕਿਤਾਬਾਂ ਹੀ ਨਹੀਂ ਹੁੰਦੀਆਂ, ਸਗੋਂ ਪੜ੍ਹਨਾ ਤਾਂ ਬੰਦਿਆਂ ਨੂੰ ਵੀ ਹੁੰਦਾ, ਵਰਤਾਰਿਆਂ ਤੇ ਘਟਨਾਵਾਂ ਨੂੰ ਵੀ ਅਤੇ ਰਿਸ਼ਤਿਆਂ ਨੂੰ ਜਿਨ੍ਹਾਂ ਨੇ ਤੁਹਾਡੇ ਜੀਵਨ ਨੂੰ ਕਈ ਰੂਪਾਂ ਨਾਲ ਪ੍ਰਭਾਵਿਤ ਕਰਨਾ ਹੁੰਦਾ। ਪੜ੍ਹਨ ਨਾਲ ਬੰਦੇ ਨੂੰ ਆਪਣੇ ਉਸ ਰੂਪ, ਗੁਣਾਂ ਅਤੇ ਪ੍ਰਤਿਭਾ ਦਾ ਪਤਾ ਲੱਗਦਾ ਜਿਨ੍ਹਾਂ ਤੋਂ ਕਈ ਵਾਰ ਬੰਦਾ ਖੁਦ ਵੀ ਅਣਜਾਣ ਹੁੰਦਾ। ਖੁਦ ਨੂੰ ਜਾਨਣ ਦੀ ਜਗਿਆਸਾ ਹੀ ਦਰਅਸਲ ਪੜ੍ਹਨ ਦਾ ਸਭ ਤੋਂ ਵੱਡਾ ਹਾਸਲ। ਕਈ ਵਾਰ ਜਦ ਤੁਸੀਂ ਕਿਸੇ ਲਿਖਤ ਨੂੰ ਪੜ੍ਹਦੇ ਹੋ ਤਾਂ ਤੁਸੀਂ ਲਿਖਤ ਵਿਚਲੇ ਪਾਤਰਾਂ ਅਤੇ ਵਰਤਾਰਿਆਂ ਵਿਚ ਖੁੱਭ ਕੇ ਇਸਦਾ ਹਿੱਸਾ ਬਣਦੇ ਹੋ ਤਾਂ ਤੁਹਾਨੂੰ ਬੰਦੇ ਦੇ ਬਹੁਤ ਸਾਰੇ ਰੂਪਾਂ ਦਾ ਗਿਆਨ ਹੁੰਦਾ ਕਿ ਇਹ ਪਾਤਰ ਕਿਵੇਂ ਗਿਰਗਿਟ ਵਾਂਗ ਰੰਗ ਬਦਲ, ਆਪਣਿਆਂ ਲਈ ਸਾੜਸੱਤੀ ਬਣਦੇ। ਪੜ੍ਹਨਾ ਪਿਆਰ ਕਰਨਾ ਵੀ ਸਿਖਾਉਂਦਾ ਅਤੇ ਨਫ਼ਰਤ ਕਰਨ ਦਾ ਸਲੀਕਾ ਵੀ। ਆਪਣੇ ਆਪ ਨੂੰ ਮਿਲਣ ਦਾ ਹੁਨਰ ਵੀ ਅਤੇ ਆਪਣੇ ਤੋਂ ਦੂਰੀ ਸਿਰਜਣ ਦਾ ਵਲ ਵੀ। ਆਪਣਿਆਂ ਪ੍ਰਤੀ ਬੇਗਾਨਗੀ ਦੀ ਭਾਵਨਾ ਦਾ ਵੀ ਪਤਾ ਲੱਗਦਾ ਅਤੇ ਆਪਣਿਆਂ ਪ੍ਰਤੀ ਲਗਾਅ ਦਾ ਗਿਆਨ ਵੀ ਹੁੰਦਾ। ਪੜ੍ਹਨਾ ਸਿਰਫ਼ ਪੜਨਾ ਹੀ ਨਹੀਂ ਹੁੰਦਾ ਸਗੋਂ ਲਿਖਤ ਦਾ ਅਨਿੱਖੜਵਾਂ ਅੰਗ ਵੀ ਬਣਨਾ ਹੁੰਦਾ। ਕਵਿਤਾ ਪੜ੍ਹਦਿਆਂ ਕਵਿਤਾ-ਕਵਿਤਾ ਹੋਣਾ ਜ਼ਰੂਰੀ ਹੁੰਦਾ। ਪੜ੍ਹਦਿਆਂ ਤੁਹਾਨੂੰ ਸ਼ਬਦ ਜਿਉਂਦੇ, ਜਾਗਦੇ, ਹੱਸਦੇ, ਰੋਂਦੇ, ਮੰਨਦੇ, ਮਨਾਉਂਦੇ, ਕੁਤਕੁਤਾਰੀਆਂ ਕੱਢਦੇ, ਪਿਆਰ ਜਤਾਉਂਦੇ ਅਤੇ ਆਪਣਾ ਬਣਾਉਣਾ ਲੋਚਦੇ। ਸ਼ਬਦ ਤੁਹਾਨੂੰ ਪਿਆਰ ਕਰਦੇ ਜਿਸ ਵਿਚ ਤੁਸੀਂ ਪਿਘਲ ਜਾਂਦੇ। ਇਹ ਪਿਘਲਣਾ ਹੀ ਕਿਸੇ ਪੜ੍ਹਤ ਦੀ ਸਭ ਤੋਂ ਵੱਡੀ ਪ੍ਰਾਪਤੀ। ਜਿਹੜੀ ਕਹਾਣੀ, ਲੇਖ ਜਾਂ ਕਵਿਤਾ ਚੰਗੀ ਲੱਗਦੀ, ਮੈਂ ਵਾਰ ਵਾਰ ਪੜ੍ਹਦਾ ਅਤੇ ਹਰ ਪੜ੍ਹਤ ਵਿਚੋਂ ਨਵੀਂ ਪਰਤ ਉਜਾਗਰ ਹੁੰਦੀ। ਪੜ੍ਹਦਿਆਂ ਮੈਨੂੰ ਇਉਂ ਲੱਗਦਾ ਜਿਵੇਂ ਮੈਂ ਇਨ੍ਹਾਂ ਸ਼ਬਦਾਂ ਦੇ ਮੋਢੇ `ਤੇ ਸਿਰ ਰੱਖ ਕੇ ਰੋ ਵੀ ਸਕਦਾਂ, ਆਪਣਾ ਦੁੱਖੜਾ ਫਰੋਲ ਵੀ ਸਕਦਾਂ ਅਤੇ ਪਿਆਰ ਵੀ ਕਰਦਾ ਹਾਂ। ਕਈ ਵਾਰ ਸ਼ਬਦ ਤੁਹਾਡੇ ਦਿਲ ਦੇ ਇੰਨੇ ਕਰੀਬ ਹੋ ਜਾਂਦੇ ਕਿ ਤੁਸੀਂ ਇਨ੍ਹਾਂ ਦੀ ਰਹਿਬਰੀ ਵਿਚੋਂ ਅਜੇਹੀ ਸਿਰਜਣਾ ਕਰਦੇ ਜਿਸਦਾ ਕਦੇ ਕਿਆਸ ਵੀ ਨਹੀਂ ਕੀਤਾ ਹੁੰਦਾ। ਪੜ੍ਹਦਿਆਂ ਪੜ੍ਹਦਿਆਂ ਮੈਂ ਉਨ੍ਹਾਂ ਲੋਕਾਂ, ਥਾਵਾਂ ਅਤੇ ਰਹੁਰੀਤਾਂ ਨੂੰ ਸ਼ਬਦਾਂ ਰਾਹੀਂ ਦੇਖਦਾ ਹਾਂ ਜਿਨ੍ਹਾਂ ਤੋਂ ਮੈਂ ਅਜੇ ਤੀਕ ਅਣਜਾਣ ਸਾਂ। ਵੱਖ-ਵੱਖ ਧਰਤੀਆਂ, ਖਿੱਤਿਆਂ, ਸ਼ਹਿਰਾਂ ਅਤੇ ਕਬੀਲਿਆਂ ਨੂੰ ਪੜ੍ਹ ਕੇ ਜਾਣ ਸਕਦੇ ਹਾਂ ਅਤੇ ਫਿਰ ਸਾਡੇ ਮਨ ਵਿਚ ਉਨ੍ਹਾਂ ਨੂੰ ਦੇਖਣ ਅਤੇ ਮਿਲਣ ਦੀ ਤਾਂਘ ਪੈਦਾ ਹੁੰਦੀ। ਪੜ੍ਹਨਾ ਮੇਰੇ ਲਈ ਤਾਜ਼ਾ ਹਵਾ ਦਾ ਬੁੱਲ੍ਹਾ, ਸੁਗੰਧਤ ਫ਼ਿਜ਼ਾ, ਪਿਆਸੇ ਲਈ ਬੁੱਕ ਭਰ ਪਾਣੀ, ਰੱਕੜ ਦੇ ਪਿੰਡੇ `ਤੇ ਬਾਰਸ਼-ਬੂੰਦਾਂ ਅਤੇ ਬਰੇਤਿਆਂ ਦਾ ਪਾਣੀ ਨਾਲ ਮਿਲਾਪ ਵਰਗਾ। ਕਈ ਵਾਰ ਪੜ੍ਹਦਿਆਂ ਇਹ ਵੀ ਪਤਾ ਲੱਗਦਾ ਕਿ ਨੇੜੇ ਰਹਿੰਦਿਆਂ ਵੀ ਸੱਤ ਸਮੁੰਦਰਾਂ ਦੀ ਦੂਰੀ ਕਿਵੇਂ ਪੈਦਾ ਹੁੰਦੀ ਅਤੇ ਸੱਤ-ਸਮੁੰਦਰ ਦੂਰ ਹੁੰਦਿਆਂ ਵੀ ਨੇੜਤਾ ਦਾ ਅਹਿਸਾਸ ਮਨ ਨੂੰ ਕਿਵੇਂ ਭਰਦਾ? ਕਿਵੇਂ ਸੱਜਣਾਂ ਦੀ ਮਹਿਕ, ਚੌਗਿਰਦੇ `ਚ ਫੈਲਦੀ ਅਤੇ ਸਾਹਾਂ ਦੀ ਸੁਗੰਧ ਵਿਚੋਂ ਜੀਵਨ ਦੀ ਸੁਗਾਤ ਮਿਲਦੀ? ਪੜ੍ਹਦਿਆਂ ਮੈਂ ਸਿਰਫ਼ ਸ਼ਬਦੀ ਅਰਥਾਂ ਤੀਕ ਹੀ ਸੀਮਤ ਨਹੀਂ ਰਹਿੰਦਾ ਸਗੋਂ ਇਸ ਦੀਆਂ ਅਦਿੱਖ ਪਰਤਾਂ ਨੂੰ ਫਰੋਲਦਾ ਹਾਂ। ਵੱਖਰੇ ਦ੍ਰਿਸ਼ਟੀਕੋਣ ਤੋਂ ਸ਼ਬਦੀ ਵਰਤਾਰੇ ਨੂੰ ਕਿਆਸਦਾ ਅਤੇ ਇਸ ਦੀਆਂ ਪਰਤਾਂ ਵਿਚੋਂ ਸੂਹੀ ਪਰਤ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦਾ। ਪੜ੍ਹਦਿਆਂ ਇੰਝ ਜਾਪਦਾ ਜਿਵੇਂ ਇਹ ਸ਼ਬਦ ਮੇਰੀ ਰੂਹ ਦੇ ਹਾਣੀ ਵਰਗੇ ਜਿਨ੍ਹਾਂ ਨਾਲ ਪਿਆਰ ਕਰ ਸਕਦਾਂ, ਮੇਰੇ ਬੱਚਿਆਂ ਵਰਗੇ ਜਿਨ੍ਹਾਂ ਨਾਲ ਲਾਡ ਲਡਾ ਸਕਦਾਂ, ਮੇਰੇ ਦੋਹਤਰੇ ਦੋਹਤਰੀਆਂ ਵਰਗੇ ਜਿਨ੍ਹਾਂ ਨਾਲ ਤੋਤਲੇ ਬੋਲ ਸਾਂਝੇ ਕਰ ਸਕਦਾਂ, ਮੇਰੇ ਮਿੱਤਰ ਵਰਗੇ ਜਿਨ੍ਹਾਂ ਨਾਲ ਗੁੱਝੇ ਭੇਤ ਸਾਂਝੇ ਕਰ ਸਕਦਾਂ ਜਾਂ ਰਹਿਬਰ ਵਰਗੇ ਜੋ ਮੇਰੀਆਂ ਰਮਜ਼ਾਂ ਨੂੰ ਜਾਣਦੇ। ਕਈ ਵਾਰ ਤਾਂ ਪੜ੍ਹਦਿਆਂ ਲੱਗਦਾ ਹੈ ਜਿਵੇਂ ਇਹ ਸ਼ਬਦ ਕਿਸੇ ਖਾਸ ਰਿਦਮ ਵਿਚ ਗਾ ਰਹੇ ਹੋਣ। ਇਨ੍ਹਾਂ ਦੀ ਸੰਗੀਤਕ ਸੁਰ ਵਿਚ ਮੈਂ ਆਪਣੀ ਸੁੱਧ-ਬੁੱਧ ਗਵਾ ਬਹਿੰਦਾ ਹਾਂ। ਆਵੇਸ਼ੀ ਅਲਹਾਮ ਵਿਚ ਆਪਣੇ ਆਪ ਦੇ ਸਭ ਤੋਂ ਕਰੀਬ ਹੁੰਦਾ, ਆਪਣਾ ਹੀ ਹਬੀਬ ਹੁੰਦਾ, ਖੁਦ ਦਾ ਅਦੀਬ ਹੁੰਦਾ ਅਤੇ ਸਭ ਕੁਝ ਹੁੰਦਿਆਂ ਵੀ ਮੈਂ ਬਹੁਤ ਗ਼ਰੀਬ ਹੁੰਦਾ। ਮੈਂ ਸਿਰਫ਼ ਪੜ੍ਹਦਾ ਨਹੀਂ ਸਗੋਂ ਲਿਖਤ ਵਿਚਲੇ ਹਉਕਿਆਂ ਵਿਚ ਹਉਕੇ ਬਣਦਾ, ਹਾਸਿਆਂ ਵਿਚ ਹੱਸਦਾ, ਸ਼ਬਦ ਰੋਣ ਲੱਗਦੇ ਤਾਂ ਰੋਣ ਲੱਗਦਾ, ਉਦਾਸ ਹੁੰਦੇ ਤਾਂ ਉਦਾਸ ਹੋ ਜਾਂਦਾ, ਖਾਮੋਸ਼ ਹੁੰਦੇ ਤਾਂ ਖਾਮੋਸ਼ ਅਤੇ ਪਰ ਹੱਲਾ-ਗੁੱਲਾ ਕਰਦੇ ਤਾਂ ਸ਼ੋਰ ਮਚਾਉਂਦਾ। ਦਰਅਸਲ ਮੈਂ ਵੀ ਸ਼ਬਦਾਂ ਦੀ ਸੰਗਤ ਵਿਚ ਸ਼ਬਦ-ਸੰਵਾਦ ਬਣ ਜਾਂਦਾ ਹਾਂ। ਮੇਰੇ ਲਈ ਪੜ੍ਹਨਾ, ਆਪਣੇ ਕਰੀਬੀ ਨੂੰ ਮਿਲਣਾ ਹੈ। ਨਿੱਘੀ ਸੰਗਤ ਮਾਨਣਾ ਹੈ ਜਿਹੜੀ ਸੁਮੱਤਾਂ ਨਾਲ ਲਬਰੇਜ਼ ਹੁੰਦੀ। ਦਿਲਲੱਗੀਆਂ ਕਰਨ ਵਾਂਗ ਹੈ ਜਿਹੜੀ ਆਪਣੇ ਪਿਆਰੇ ਨਾਲ ਕੀਤੀਆਂ ਜਾ ਸਕਦੀਆਂ। ਸੱਚੀ ਗੱਲ ਤਾਂ ਇਹ ਹੈ ਕਿ ਪੜ੍ਹਦਿਆਂ ਮੈਂ ਖੁਦ ਨੂੰ ਮਿਲਦਾਂ, ਖ਼ੁਦ ਨਾਲ ਸੰਵਾਦ ਰਚਾਉਂਦਾ ਹਾਂ। ਆਪਣੇ ਅੰਤਰੀਵ ਨੂੰ ਪਛਾਣਦਾ ਹਾਂ ਅਤੇ ਆਪਣੀ ਅੰਦਰਲੀ ਮੈਲ ਨੂੰ ਧੋ, ਆਪਣੀ ਦਿੱਖ ਨੂੰ ਨਿਖਾਰਨ ਲਈ ਉਦਮ ਕਰਦਾ ਹਾਂ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |