21 September 2024

ਸੱਤ ਗ਼ਜ਼ਲਾਂ–ਮਨਿੰਦਰ ਸ਼ੌਕ, ਲੁਧਿਆਣਾ

ਗ਼ਜ਼ਲ-1

ਸਬਬ ਬਣਦਾ ਨਹੀਂ ਕੋਈ, ਤੇਰੇ ਅੰਦਰ ਉਤਰਨੇ ਦਾ।
ਬੜਾ ਜਜ਼ਬਾ ਮਚਲਦਾ ਹੈ, ਕਦੇ ਕੁਝ ਕਰ ਗੁਜ਼ਰਨੇ ਦਾ।

ਕੋਈ ਮਿਸਰਾ ਬਣਾ ਕੇ ਮੈਂ, ਕਦੋਂ ਦਾ ਭਾਲਦਾ ਤੈਨੂੰ,
ਲੁਤਫ਼ ਦਿਸਦਾ ਨਜ਼ਰ ਆਵੇ, ਲਬਾਂ ’ਤੇ ਵੀ ਲਰਜ਼ਨੇ ਦਾ।

ਬੜੇ ਮੌਸਮ ਬਹਾਰਾਂ ਤੇ, ਕਦੇ ਬਰਸਾਤ ਦੇ ਝਰਦੇ,
ਗ਼ਜ਼ਬ ਮੌਸਮ ਉਤਰਦਾ ਹੈ, ਤੇਰੇ ਗੇਸੂ ਢਲਕਨੇ ਦਾ।

ਗ਼ਜ਼ਲ ਦੀ ਬਹਿਰ ’ਤੇ ਜਦ ਵੀ, ਬਣਾਵਾਂ ਰੇਸ਼ਮੀ ਮਿਸਰਾ,
ਤੇਰੇ ਸਾਹਾਂ ਦੀ ਸਰਗਮ ’ਤੇ, ਕੋਈ ਖ਼ੁਸ਼ਬੂ ਮਹਿਕਨੇ ਦਾ।

ਲੁਤਫ਼ ਸੁਖ ਤੇ ਖ਼ੁਸ਼ੀ ਵਿਚ ਨਾ, ਕੋਈ ਦਿਸਦਾ ਜ਼ਰਾ ਵੀ ਹੁਣ,
ਸਕੂੰ ਮਿਲਦਾ ਨਜ਼ਰ ਆਵੇ, ਦਰਦ ਅੰਦਰ ਤੜਪਨੇ ਦਾ।

ਕਦੇ ਕੰਗਨ, ਕਦੇ ਝੁਮਕੇ, ਕਦੇ ਪਾਇਲ ਦੇ ਅੰਦਰ ਵੀ,
ਨਜ਼ਰ ਆਵੇ ਕੋਈ ਸੁਪਨਾ, ਵਜਦ ਅੰਦਰ ਝਣਕਨੇ ਦਾ।

ਘਟਾ ਬਣ ਕੇ ਮੈਂ ਲਫ਼ਜ਼ਾਂ ਦੀ, ਫ਼ਿਜ਼ਾ ਵਿਚ ਛਾ ਗਿਆ ਜਦ ਤੋਂ,
ਮਚਲਦਾ ‘ਸ਼ੌਕ’ ਹੈ ਮੇਰਾ, ਬਹਿਰ ਬਣ ਕੇ ਬਰਸਨੇ ਦਾ।
**

ਗ਼ਜ਼ਲ-2

ਕਰੀਂ ਰੌਸ਼ਨ ਖ਼ਿਆਲਾਂ ਨੂੰ, ਨਵੇਂ ਜਜ਼ਬੇ ਜਗਾਵੀਂ ਤੂੰ।
ਬੜੇ ਸੁਪਨੇ ਅਧੂਰੇ ਨੇ, ਕਦੇ ਸਚ ਕਰ ਦਿਖਾਵੀਂ ਤੂੰ।

ਉਦਾਸੇ ਨੇ ਲਫ਼ਜ਼ ਦਿਸਦੇ, ਉਦਾਸੇ ਦੌਰ ਕਲਮਾਂ ਦੇ,
ਉਚੇਰੀ ਸੋਚ ਦੇ ਨੁਕਤੇ, ਨਵੀਂ ਰਚਨਾ ਸਜਾਵੀਂ ਤੂੰ।

ਨ ਸਿਰਜਣ ਸੋਚ ਰੁਕਦੀ ਹੈ, ਕਦੇ ਕਿਸਮਤ ਦੀ ਰੇਖਾ ’ਤੇ,
ਯਕੀਂ ਈਮਾਨ ਮਿਹਨਤ ਤੇ, ਸਬਰ, ਹਿੰਮਤ ਜੁਟਾਵੀਂ ਤੂੰ।

ਅਰਥ ਸਭ ਜ਼ਿੰਦਗੀ ਵਾਲੇ, ਅਨਰਥਾਂ ਵਿਚ ਗਵਾਚੇ ਨੇ,
ਹਯਾਤੀ ਦੇ ਅਰਥ ਸੱਚੇ, ਦੁਨੀਆ ਨੂੰ ਦਿਖਾਵੀਂ ਤੂੰ।

ਡਿਗਣ ਨਾ ਹੌਂਸਲੇ ਤੇਰੇ, ਸਿਰਜਣਾ ਦੇ ਸਿਖਰ ਉੱਤੇ,
ਦੁਨੀਆ ਦੇ ਬਗੀਚੇ ’ਤੇ, ਖ਼ੁਸ਼ੀਆਂ ਨੂੰ ਲਿਆਵੀਂ ਤੂੰ।

ਨਿਆਮਤ ਹੈ ਮਿਲੀ ਤੈਨੂੰ, ਸਵਾਂਤੀ ਬੂੰਦ ਸੁਰਤੀ ਦੀ,
ਨਿਯਮ ਅੰਦਰ ਸਦਾ ਢਲ ਕੇ, ਜਗਤ ਸੁੰਦਰ ਬਣਾਵੀਂ ਤੂੰ।

ਮਹਿਕ ਜਾਵਣ ਜ਼ਖ਼ਮ ਤੇਰੇ, ਸਚਾਈ ਦੇ ਸਫ਼ਰ ਉੱਤੇ,
ਕਦਮ ਸਭ ‘ਸ਼ੌਕ’ ਵਿਚ ਰੱਤੇ, ਸਦਾ ਅੱਗੇ ਵਧਾਵੀਂ ਤੂੰ।
**

ਗ਼ਜ਼ਲ-3

ਕਲਾ ਅੰਦਰ ਹਰਫ਼ ਬਣ ਕੇ, ਨਵੀਂ ਰਚਨਾ ਰਚਾਂਗਾ ਮੈਂ।
ਤੇਰੇ ਅੰਦਰ ਮੁਹੱਬਤ ਦਾ, ਲਫ਼ਜ਼ ਬਣ ਜਦ ਢਲਾਂਗਾ ਮੈਂ।

ਕਲਮ ਮੇਰੀ ਦੇ ਨਕਸ਼ਾਂ ’ਤੇ, ਮਹਿਕ ਜਾਵੇ ਨਕਸ਼ਕਾਰੀ,
ਤੇਰੀ ਕਾਪੀ ਦੇ ਪੰਨੇ ’ਤੇ, ਗ਼ਜ਼ਲ ਬਣ ਜਦ ਸਜਾਂਗਾ ਮੈਂ।

ਦਿਸਣਗੇ ਹਰ ਤਰਫ਼ ਮੌਸਮ, ਤੇਰੇ ਹੀ ਰੂਪ ਦੇ ਵਾਂਗੂੰ,
ਜਦੋਂ ਆਕਾਸ਼ ਦੇ ਉੱਤੇ, ਧਨਕ ਬਣ ਕੇ ਝਰਾਂਗਾ  ਮੈਂ।

ਢਲਕਦੀ ਹੈ ਜ਼ੁਲਫ਼ ਤੇਰੀ, ਉਤਰਦਾ ਸ਼ਾਮ ਦਾ ਸਾਇਆ,
ਮਹਿਕ ਬਣ ਜਦ ਤੇਰੇ ਮਨ ਦੀ, ਫ਼ਿਜ਼ਾ ਅੰਦਰ ਵਸਾਂਗਾ ਮੈਂ।

ਮੁਹੱਬਤ ਦੀ ਰਚਾਂ ਰਚਨਾ, ਮੁਸੱਵਰ ਦੀ ਤਰ੍ਹਾਂ ਤਦ ਹੀ,
ਸੁਹੱਪਣ ਦੀ ਤੇਰੀ ਚਿਤਵਨ, ਜਦੋਂ ਉਸ ਵਿਚ ਭਰਾਂਗਾ ਮੈਂ।

ਲਟਕ ਜਾਵੇ ਤੇਰੀ ਲਟ ਤੇ, ਅਦਾ ਵਿੱਚ ਝੂਲਦਾ ਝੁਮਕਾ,
ਤੇਰੇ ਰੁਖ਼ਸਾਰ ਦੇ ਉੱਤੇ, ਜਦੋਂ ਰੰਗਤ ਧਰਾਂਗਾ ਮੈਂ।

ਸਮੁੰਦਰ ਤੋਂ ਵੀ ਗਹਿਰੇ ਨੇ, ਉਨੀਂਦੇ ਨੈਣ ਜੋ ਤੇਰੇ,
ਮਚੇਗਾ ‘ਸ਼ੌਕ’ ਲਹਿਰਾਂ ਦਾ, ਵਜਦ ਬਣ ਜਦ ਤਰਾਂਗਾ ਮੈਂ।
**

ਗ਼ਜ਼ਲ-4

ਹੁਕਮ ਉਸ ਦਾ ਹਰਿਕ ਥਾਂ ’ਤੇ, ਨਿਯਮ ਬਣ ਕੇ ਵਰਤਦਾ ਹੈ।
ਨ ਥੋੜ੍ਹਾ ਹੈ, ਨ ਬਹੁਤਾ ਹੈ, ਬਰਾਬਰ ਹੀ ਬਰਸਦਾ ਹੈ।

ਨਿਯਮ ਨੂੰ ਜੋ ਸਮਝਦੇ ਨੇ, ਸਦਾਕਤ ਨਾਲ ਚਲਦੇ ਨੇ,
ਨਿਯਮ ਅੰਦਰ ਹੀ ਹਰ ਕੋਈ, ਵਿਗਸਦਾ ਤੇ ਵਿਣਸਦਾ ਹੈ।

ਗਤੀ ਦੇਵੇ ਹਰਿਕ ਸ਼ੈ ਨੂੰ, ਗਤੀ ਅੰਦਰ ਜਗਤ ਸਾਰਾ,
ਨਹੀਂ ਰੁਕਦਾ, ਸਦਾ ਚਲਦਾ, ਇਹੀ ਸਿਸਟਮ ਵਿਗਸਦਾ ਹੈ।

ਨ ਮਰਦਾ ਹੈ, ਨ ਮਿਟਦਾ ਹੈ, ਹਰਿਕ ਥਾਂ ’ਤੇ ਵਿਆਪਕ ਹੈ,
ਹਰਿਕ ਘਟਨਾ ਦੇ ਅੰਦਰ ਵੀ, ਅਲਗ ਨਿਰਛਲ ਦਮਕਦਾ ਹੈ।

ਜਿਸਮ ਅੰਦਰ ਵੀ ਉਹੀ ਹੈ, ਉਹੀ ਬਾਹਰ ਵਿਆਪਕ ਹੈ,
ਵਿਣਸਦਾ ਹੈ ਸਬਬ ਕੋਈ, ਨਿਯਮ ਤੋਂ ਜਦ ਥਿੜ੍ਹਕਦਾ ਹੈ।

ਨਿਆਮਤ ਹੈ ਮਿਲੀ ਸੁਰਤੀ, ਮਿਲੀ ਜੀਵਨ ਦੀ ਤਾਕਤ ਵੀ,
ਇਸੇ ਸੁਰਤੀ ਦੇ ਦਮ ਉੱਤੇ, ਤੇਰਾ ਹਰ ਪਲ ਬਦਲਦਾ ਹੈ।

ਜਦੋਂ ਚਾਹੇਂ ਤਾਂ ਸੁਰਤੀ ਨੂੰ, ਸਿਰਜਣਾ ਤੇ ਲਗਾ ਵੇਖੀਂ,
ਤੇਰਾ ਹਰ ‘ਸ਼ੌਕ’ ਸਿਰਜਣ ਦਾ ਸਫਲਤਾ ਨੂੰ ਸਿਰਜਦਾ ਹੈ।
**

ਗ਼ਜ਼ਲ-5

ਜਿਨ੍ਹਾਂ ਨੂੰ ਸ਼ੌਕ ਸਿਰਜਣ ਦਾ, ਕਲਾ ਅੰਦਰ ਵਿਚਰਦੇ ਨੇ।
ਸਦਾਕਤ ਦੇ ਭਰੇ ਹੋਏ, ਸਦਾ ਖ਼ੁਸ਼ੀਆਂ ਸਿਰਜਦੇ ਨੇ।

ਦਰਦ ਦੁਖ ਤੇ ਮੁਸੀਬਤ ਵਿਚ, ਸਬਰ ਸੰਤੋਖ ਬਣ ਜਾਂਦੇ,
ਸਮੇਂ ਅੱਗੇ ਸਦਾ ਖੜ੍ਹ ਕੇ, ਉਹੋ ਮੌਸਮ ਬਦਲਦੇ ਨੇ।

ਖ਼ੁਸ਼ੀ ਸੁਖ ਤੇ ਉਮੀਦਾਂ ਨੂੰ, ਮਨਾਂ ਅੰਦਰ ਸਜਾ ਜਾਂਦੇ,
ਇਰਾਦੇ ਸੁਰਗ ਸਿਰਜਣ ਦੇ, ਉਨ੍ਹਾਂ ਅੰਦਰ ਮਚਲਦੇ ਨੇ।

ਬੜੇ ਹੀ ਖ਼ੂਬਸੂਰਤ ਨੇ, ਦਿਲਾਂ ਵਿਚ ਮਹਿਕਣੇ ਵਾਲੇ,
ਉਨੀਂਦੇ ਨੈਣ ਪਰ ਅੰਦਰ, ਬੜੇ ਸੁਪਨੇ ਉਮਡਦੇ ਨੇ।

ਰਚਣ ਰਚਨਾ ਕਦੀ ਤਾਂ ਸੋਚ ਵਿੱਚ ਖ਼ੁਸ਼ਬੂ ਜਿਹੀ ਭਰਦੇ,
ਲਫ਼ਜ਼ ਅੰਦਾਜ਼ ਦੇ ਵਾਂਗੂੰ, ਉਹੋ ਬਣਦੇ ਸਵਰਦੇ ਨੇ।

ਵਿਚਰਦੇ ਨੇ ਜਗਤ ਅੰਦਰ, ਸਦਾ ਨਿਰਵੈਰ ਹੀ ਰਹਿ ਕੇ,
ਸਚਾਈ ਦੇ ਲਈ ਹਰਦਮ, ਨਿਡਰ ਹੋ ਕੇ ਨਿਤਰਦੇ ਨੇ।

ਫ਼ਰਜ਼ ਅੰਦਰ ਮਹਿਕਦੇ ਨੇ, ਅਗਮ ਰੌਸ਼ਨ ਖ਼ਿਆਲਾਂ ਦੇ,
ਦਿਲਾਂ ਦਾ ‘ਸ਼ੌਕ’ ਬਣ ਬਣ ਕੇ, ਉਹੋ ਅੰਦਰ ਉਤਰਦੇ ਨੇ।
**

ਗ਼ਜ਼ਲ-6

ਬਖ਼ਸ਼ੀ ਹੈ, ਖ਼ੁਦਾ ਨੇ ਜੋ, ਅਮਾਨਤ ਹੈ, ਇਹ ਕੁਦਰਤ ਦੀ,
ਕਰਮ ਅੰਦਰ, ਸਿਦਕ ਬਣ ਕੇ, ਸਫਲ ਇਸ ਨੂੰ, ਬਣਾ ਜਾਵੀਂ।

ਵਸੇ ਦਿਲ ਦੀ, ਧੜਕਣਾ ਵਿਚ, ਨਿਆਂਦਾਰੀ, ਸਮਝਦਾਰੀ,
ਫ਼ਰਜ਼ ਬਣ ਕੇ, ਦਿਲਾਂ ਅੰਦਰ, ਨਵਾਂ ਜਜ਼ਬਾ, ਜਗਾ ਜਾਵੀਂ।

ਰਚੇ ਰਚਨਾ ਸੁਰਤ ਤੇਰੀ, ਨਵੇਂ ਉੱਚੇ, ਖ਼ਿਆਲਾਂ ਦੀ,
ਨਵੇਂ ਕਿਰਦਾਰ ਘੜ ਘੜ ਕੇ, ਦੁਨੀਆ ਨੂੰ, ਸਜਾ ਜਾਵੀਂ।

ਵਸੇ ਸਿਰਜਣ, ਹਰਿਕ ਦਿਲ ਵਿਚ, ਤਬਾਹੀ ਨਾ, ਰਚੇ ਕੋਈ,
ਸਜਗ ਹਿੰਮਤ, ਨਿਯਮਦਾਰੀ, ਰਹਿਮਦਾਰੀ, ਸਿਖਾ ਜਾਵੀਂ।

ਸੁਖ਼ਨਵਰ ਦੀ, ਸੁਖ਼ਨਕਾਰੀ, ਦਿਲਾਂ ਤਾਈਂ, ਕਰੇ ਰੌਸ਼ਨ,
ਹਰਿਕ ਇਨਸਾਨ ਦੇ ਅੰਦਰ, ਵਫ਼ਾ ਬਣ ਕੇ, ਸਮਾ ਜਾਵੀਂ।

ਦਿਲਾਂ ਅੰਦਰ, ਵਸੇ ਸਿਰਜਣ, ਗੁਲਾਬਾਂ ਦੀ, ਮਹਿਕ ਵਾਂਗੂੰ,
ਤਿਤਲੀ ਦੀ, ਅਦਾ ਬਣ ਕੇ, ਦਿਲਾਂ ਤਾਈਂ, ਖਿੜਾ ਜਾਵੀਂ।

ਲਫ਼ਜ਼ ਬਣ ‘ਸ਼ੌਕ’ ਮਹਿਕਣ ਦਾ, ਅਜੇ ਤਕ ਜੋ ਅਧੂਰਾ ਹੈ,
ਉਹੀ ਜਜ਼ਬਾ ਦਿਲਾਂ ਅੰਦਰ, ਬੁਲੰਦੀ ਤਕ ਪੁਚਾ ਜਾਵੀਂ।
**

ਗ਼ਜ਼ਲ-7

ਗਤੀ ਬਣ ਕੇ ਫ਼ਿਜ਼ਾ ਅੰਦਰ, ਰਵਾਂ ਹੋ ਕੇ ਵਿਚਰਦੇ ਨੇ।
ਹਵਾ ਵਿਚ ਅਣਦਿਸੇ ਕਣ ਵੀ, ਦਿਲਾਂ ਵਾਂਗੂੰ ਧੜਕਦੇ ਨੇ।

ਬਦਲਣੇ ਦੇ ਲਈ ਆਤੁਰ, ਨਿਯਮ ਖ਼ਲਕਤ ਕਦੀਮਾਂ ਤੋਂ,
ਮਗਰ ਕੁਦਰਤ ਦੇ ਅੰਦਰ ਤਾਂ, ਨਿਯਮ ਨਿਰਛਲ ਵਰਤਦੇ ਨੇ।

ਖ਼ਤਮ ਹੁੰਦਾ ਨਹੀਂ ਕੁਝ ਵੀ, ਬਦਲਦਾ ਰੂਪ ਜੀਵਨ ਦਾ,
ਨਵੇਂ ਚੇਤਨ ਅਚੇਤਨ ਦੇ, ਨਵੇਂ ਰੂਪਕ ਬਦਲਦੇ ਨੇ।

ਬਲੇ ਜਦ ਆਕਸੀਜਨ ਤਾਂ, ਲੜੀ ਸਾਹਾਂ ਦੀ ਚਲਦੀ ਹੈ,
ਸਯੋਗਾਂ ਤੇ ਵਿਯੋਗਾਂ ਦੇ, ਕਈ ਵਿਣਸਣ ਵਿਗਸਦੇ ਨੇ।

ਜਟਿਲ ਬਣਿਆ ਹੈ ਜੀਵਨ ਤਾਂ, ਭਰਮ ਵਾਲੇ ਛਲਾਵੇ ਵਿਚ,
ਉਚੇਰੀ ਸੋਚ ਸਦਕੇ ਹੀ, ਸਫਲ ਜੀਵਨ ਚਿਤਰਦੇ ਨੇ।

ਸੁਪਨ ਅੰਦਰ, ਸੁਰਗ ਸਿਰਜੇ, ਰਹੇ ਫ਼ਰਜ਼ਾਂ ਤੋਂ ਕੋਰੇ ਹੀ,
ਸੁਰਤ ਜਾਗਣ ’ਤੇ ਸੁਰਗਾਂ ਦੇ, ਅਸਲ ਮਤਲਬ ਸਮਝਦੇ ਨੇ।

ਫ਼ਰਜ਼ ਜਦ ‘ਸ਼ੌਕ’ ਬਣ ਜਾਂਦੇ, ਨਿਯਮ ਬਣਦੇ ਨੇ ਜੀਵਨ ਦੇ,
ਉਨ੍ਹਾਂ ਕਾਰਨ ਜਗਤ ਅੰਦਰ, ਸਫਲ ਸਿਰਜਣ ਸਿਰਜਦੇ ਨੇ।
**
190
**

-ਮਨਿੰਦਰ ਸ਼ੌਕ, ਲੁਧਿਆਣਾ (ਪੰਜਾਬ) ਭਾਰਤ
+91 98882 11906