9 October 2024
mai bashiran

ਹਲਾਤ ਬੜੇ ਬਲਵਾਨ ਹੁੰਦੇ ਹਨ, ਸੋਹਣਿਆ!—ਬਲਜੀਤ ਖ਼ਾਨ ਸਪੁੱਤਰ ਮਾਈ ਬਸ਼ੀਰਾਂ

 

ਚੇਤੇ ਦੀ ਚੰਗੇਰ ‘ਚੋਂ:
1. ਹਲਾਤ ਬੜੇ ਬਲਵਾਨ ਹੁੰਦੇ ਹਨ, ਸੋਹਣਿਆ!

ਜੇ ਸੂਰਜ ਇੱਕ ਈ ਏ ਫਿਰ ਕਨੇਡਾ ‘ਚ ਚੜ੍ਹਿਆ ਇਹ ਪਿੰਡ ਵਰਗਾ ਕਿਉਂ ਨਹੀਂ ਲੱਗਦਾ?

ਮੇਰੇ ਬੱਚਿਓ, ਮੈਂ ਵਸੀਅਤ ਵਿੱਚ ਚਾਰ ਸ਼ਬਦ ਥੋਨੂੰ ਸੌਂਪਦਾ ਆਂ, ਪੰਜਾਬੀ ਮਾਂ ਬੋਲੀ, ਬਾਬਾ ਬਿੱਲੂ ਖ਼ਾਨ, ਮਾਂ ਬਸ਼ੀਰਾਂ ਤੇ ਪਿੰਡ ਸਮਾਲਸਰ! ਮੈਨੂੰ ਬੇਸ਼ੱਕ ਭੁੱਲ ਜਾਇਓ ਪਰ ਇਹਨਾਂ ਨੂੰ ਯਾਦ ਰੱਖਿਓ!

ਦੁੱਖ ਹੁੰਦਾ ਏ ਸੋਚਕੇ, ਮੇਰੀਆਂ ਆਉਣ ਵਾਲ਼ੀਆਂ ਨਸਲਾਂ ਕਿਸੇ ਹੋਰ ਜ਼ਮੀਨ ‘ਤੇ ਪ੍ਰਵਾਨ ਚੜ੍ਹਣਗੀਆਂ ਤੇ ਪਿੰਡ ਸਮਾਲਸਰ ਅਤੇ ਪੰਜਾਬ ਨਾਲ਼ ਉਹਨਾਂ ਦਾ ਕੋਈ ਵਾਹ-ਵਾਸਤਾ ਵੀ ਨਹੀਂ ਰਹੇਗਾ!

ਚਿੱਟੇ ਝੱਗੇ ‘ਤੇ ਚਾਹ ਦਾ ਦਾਗ਼ ਪੈ ਗਿਆ ਏ। ਮੂੰਹ ਅੱਡਿਆ ਤੇ ਵਿੱਚ ਮੱਖੀਆਂ ਪਈਆਂ। ਸਾਡੀ ਮੌਤ ਦੇ ਭੋਗ ਨਿੱਤ ਪੈਂਦੇ ਨੇ, ਰੋਜ਼ ਸਾਡੇ ਕੁਲ ਪੜ੍ਹੇ ਜਾਂਦੇ ਨੇ! ਖੰਭ ਫੈਲਾਉਣ ਚੱਲੇ ਸੀ ਪਿੰਜਰੇ ਨਸੀਬ ਹੋ ਗਏ। ਸਾਡੇ ਕੋਲ਼ ਤਾਂ ਦਿਵਾਲ਼ੀ ਦੀ ਫ਼ੋਟੋਕਾਪੀ ਵੀ ਨਹੀਂ ਏ।

ਜੇ ਮੁਹਲਤ ਮਿਲੇ ਤਾਂ ਜ਼ਿੰਦਗੀ ਉਸੇ ਮੋੜ ‘ਤੋਂ ਜਿੱਥੇ ਪਿੱਛੇ ਛੱਡ ਕੇ ਆਇਆ ਸਾਂ ਜਿਉਣੀ ਚਹੁੰਦਾ ਆਂ, ਦਿਲ ਕਰਦੈ ਧਾਗਾ ਆਪਣੀ ਮੂਲ ਜਗ੍ਹਾ ‘ਤੇ ਇਉਂ ਜੁੜ ਜੇ ਕਿ ਗੰਢ ਵੀ ਨਾ ਪਵੇ।

ਜੇ ਟਾਈਮ ਟਰੈਵਲ ਮੁਮਕਿਨ ਹੋਵੇ ਤਾਂ ਉੰਨੀ ਸੌ ਅਠਾਨਵੇਂ-ਨੜਿਨ੍ਹਵੇਂ ‘ਚ ਅੱਪੜ ਜਾਵਾਂ, ਆਪਣੀਆਂ ਗ਼ਲਤੀਆਂ ਸੁਧਾਰ ਲਵਾਂ, ਜਿਸ ਦਿਨ ਬਾਪੂ ਹਾਦਸੇ ‘ਚ ਫ਼ੌਤ ਹੋਇਆ ਸੀ ਉਹ ਦਿਨ ਆਵੇ ਤਾਂ ਕਹਿ ਦੇਵਾਂ,”ਡੈਡੀ, ਤੁਸੀਂ ਅਰਾਮ ਕਰੋ, ਮੈਂ ਚਲਾ ਜਾਂਦਾ ਆਂ ਅੰਕਲ ਨਾਲ਼ ਭਾਅ ਨੂੰ ਏਅਰਪੋਰਟ ‘ਤੇ ਛੱਡਣ ਲਈ!” ਉਹ ਅੰਕਲ ਚਰਨ ਦੇ ਮੁੰਡੇ ਨੂੰ ਜਹਾਜ਼ ਚੜ੍ਹਾਉਣ ਗਏ ਈ ਤਾਂ ਮੁੜੇ ਨਹੀਂ ਸਨ ਤੇ ਜਿਸ ਦਿਨ ਮਾਂ ਨੂੰ ਦਿਲ ਦਾ ਦੌਰਾ ਪਿਆ ਸੀ ਉਹ ਆਵੇ ਤਾਂ ਪਹਿਲਾਂ ਹੀ ਹਸਪਤਾਲ ਲੈ ਵੰਙਾਂ। ਪਰ ਸਮਿਆਂ ਨੂੰ ਪੁੱਠੇ ਗੇੜ ਕਿੱਥੇ ਪੈਂਦੇ ਨੇ! ਗਿਆਂ ਨੂੰ ਮੋੜ ਲਿਆਉਣ ਵਾਲ਼ੇ ਨੂੰ ਐਵੇਂ ਤਾਂ ਨੀ ਵਾਰੇ ਸ਼ਾਹ ਨੇ ਆਪਣੇ ਚੰਮ ਦੀਆਂ ਜੁੱਤੀਆਂ ਸਵਾਕੇ ਪਵਾਉਣ ਦੀ ਜ਼ੁਬਾਨ ਦਿੱਤੀ ਸੀ।

ਪ੍ਰਦੇਸ ਨੂੰ ਤੁਰਨ ਲੱਗਿਆਂ ਬੰਦਾ ਸੋਚਦਾ ਏ,”ਪਿੰਡ ਗੇੜਾ ਮਾਰਦੇ ਰਹਾਂਗੇ, ਪਿੰਡ ਕਿਹੜਾ ਕਿਤੇ ਭੱਜ ਚੱਲਿਆ ਏ!’ ਪਰ ਪਤਾ ਉਦੋਂ ਲੱਗਦਾ ਜਦੋਂ ਏਥੇ ਨਵੇਂ ਰੁਝੇਵੇਂ ਜਕੜ ਲੈਂਦੇ ਨੇ। ਬੰਦਾ ਵੰਡਿਆ ਜਾਂਦਾ ਏ, ਧੋਬੀ ਦਾ ਕੁੱਤਾ ਨਾ ਘਰ ਦਾ ਰਹਿੰਦਾ ਏ, ਨਾ ਘਾਟ ਦਾ। ਨਾ ਪੰਜਾਬ ਪੂਰੀ ਤਰ੍ਹਾਂ ਤਿਆਗਿਆ ਜਾਂਦਾ ਏ ਨਾ ਕਨੇਡਾ ਪੂਰੀ ਤਰ੍ਹਾਂ ਅਪਣਾਇਆ ਜਾਂਦਾ ਏ।

ਕਿੰਨੇ ਹਨ ਜੋ ਮਰ ਗਏ ਏਥੇ ਹੀ ਸੋਚਦੇ-ਸੋਚਦੇ ਕਿ ਲੱਖ ਡਾਲਰ ਕਮਾ ਕੇ ਮੁੜ ਜਾਵਾਂਗੇ।

ਕਨੇਡਾ ਨੂੰ ਆਉਣ ਵਾਲ਼ੇ ਰਸਤੇ ਵਾਪਸ ਨਹੀਂ ਮੁੜਦੇ, ਵੰਨ-ਵੇਅ ਹਨ, ਆਇਆ ਜਾਂਦਾ ਏ, ਮੁੜਿਆ ਨੀ ਜਾਂਦਾ। ਬੱਸ ਉਦੋਂ ਰਮ੍ਹਾਣ ਜਿਹਾ ਮਿਲਦਾ ਏ ਜਦੋਂ ਸੋਚਦੇ ਆਂ ਕਿ ਮੰਨ ਲਵੋ ਘੁੰਮਣ ਆਏ ਆਂ, ਮੁੜਾਂਗੇ ਇੱਕ ਦਿਨ।

“ਹਮ ਕੋ ਮਾਲੁਮ ਹੈ ਜੰਨਤ ਕੀ ਹਕੀਕਤ ਲੇਕਿਨ,

ਦਿਲ ਬਹਿਲਾਨੇ ਕੋ ਗ਼ਾਲਿਬ ਖ਼ਯਾਲ ਅੱਛਾ ਹੈ!”

ਇੱਕ ਵਾਰ ਡਾਕਟਰ ਨਾਸਿਰ ਵੜੈਚ ਜੋ ਕਿ ਪਾਕਿਸਤਾਨ ਤੋਂ ਹਨ ਨੂੰ ਕਹਿ ਬੈਠਾ,”ਜੇ ਮਾਈਂਡ ਨਾ ਕਰੋਂ ਤਾਂ ਅਗੇਤੀ ਮਾਫ਼ੀ ਮੰਗਦਾ ਇੱਕ ਸਵਾਲ ਪੁੱਛਣਾ ਚਾਹੁੰਦਾ ਆਂ।” 

“ਬੇਝਿਜਕ ਹੋ ਕੇ ਪੁੱਛੋ।”

“ਤੁਸੀਂ ਮਰ ਕੇ ਕਿੱਥੇ ਦਫ਼ਨ ਹੋਣਾ ਮੰਗਦੇ ਓਂ? ਕੀ ਤੁਹਾਨੂੰ ਸਵਾਲ ਭੈੜਾ ਤਾਂ ਨੀਂ ਲੱਗਿਆ?”

“ਨਹੀਂ, ਬਲਕਿ ਸਵਾਲ ਬੜਾ ਵਾਜ਼ਿਬ ਤੇ ਦਰੁਸਤ ਏ! ਇੱਕ ਮੁਸਲਮਾਨ ਲਈ ਲਾਜ਼ਮ ਏ ਕਿ ਉਹ ਸਦਾ ਮੌਤ ਨੂੰ ਯਾਦ ਰੱਖੇ।”

“ਫਿਰ ਦਿਉ ਜਵਾਬ!”

“ਮੇਰੀ ਖੁਸ਼ਕਿਸਮਤੀ ਹੋਵੇ ਜੇ ਮੱਕਾ ਮੁਕੱਰਮਾਂ ਵਿਖੇ ਦਫ਼ਨ ਹੋ ਸਕਾਂ!” ਪੰਜ ਵਕਤ ਦੇ ਨਮਾਜ਼ੀ ਤੋਂ ਅਜਿਹੇ ਜਵਾਬ ਦੀ ਆਸ ਰੱਖੀ ਜਾ ਸਕਦੀ ਸੀ।

“ਕੋਈ ਦੂਜੀ ਆਪਸ਼ਨ ਹੈ?”

“ਮਦੀਨਾ ਮੁਨੱਵਰਾ, ਨਬੀ ਦੇ ਕਦਮਾਂ ਵਿੱਚ!”

“ਕੋਈ ਤੀਜਾ ਆਪਸ਼ਨ ਵੀ ਹੈ?”

“ਨਹੀਂ, ਫਿਰ ਭਾਵੇਂ ਦੁਨੀਆਂ ‘ਚ ਕਿਤੇ ਵੀ ਜਗ੍ਹਾ ਮਿਲ ਜਾਵੇ! ਚਲੋ, ਹੁਣ ਆਪਣੇ ਬਾਰੇ ਵੀ ਦੱਸੋ!”

“ਜੀ, ਮੇਰੀ ਪਹਿਲੀ ਤੇ ਆਖ਼ਰੀ ਖ਼ਾਹਿਸ਼ ਆਪਣੇ ਪਿੰਡ ਸਮਾਲਸਰ ਆਪਣੇ ਮਾਪਿਆਂ ਦੇ ਕੋਲ਼ ਮਰ ਕੇ ਦਫ਼ਨ ਹੋਣ ਦੀ ਏ!”

ਬੇਸ਼ੱਕ ਹੁਣ ਇਸ ਖਾਹਿਸ਼ ਨੂੰ ਲਗਾਮ ਪੈ ਗਈ ਏ ਪਰ ਕਦੇ ਤਾਂ ਇਹ ਦੁਪਹਿਰੀ-ਖਿੜੀ ਵਾਂਗ ਦਿਲ ਦੇ ਵਿਹੜੇ ਟਹਿਕੀ ਸੀ। ਹਲਾਤ ਬੜੇ ਬਲਵਾਨ ਹੁੰਦੇ ਹਨ, ਸੋਹਣਿਆ!
*
(ਗਿਆਰਾਂ ਜਨਵਰੀ, ਵੀਹ ਸੌ ਇੱਕੀ।)
*

2. ਤੂੰ ਸੈਕਲਾਂ ‘ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ!—ਬਲਜੀਤ ਖ਼ਾਨ ਸਪੁੱਤਰ ਮਾਈ ਬਸ਼ੀਰਾਂ

ਬੇਬੇ ਅੱਸੀਆਂ ਨੂੰ ਟੱਪ ਗਈ ਸੀ, ਹੱਥ-ਪੈਰ ਕੰਬਣ ਲੱਗ ਪਏ, ਨਿਗ੍ਹਾ ਵੀ ਬਹੁਤ ਘਟ ਗਈ ਸੀ। ਮੈਂ ਕਾਨੂੰਨ ਦੀ ਪੜ੍ਹਾਈ ਕਰਨ ਇੰਗਲੈਂਡ ਜਾਣਾ ਸੀ। ਲੱਗਦਾ ਨਹੀਂ ਸੀ ਬੇਬੇ ਨੂੰ ਦੁਬਾਰਾ ਜਿਉਂਦੀ ਨੂੰ ਮਿਲਣ ਦਾ ਮੌਕਾ ਮਿਲੂਗਾ। ਤੁਰਨ ਲੱਗੇ ਨੂੰ ਬੇਬੇ ਨੇ ਘੁੱਟ ਕੇ ਜੱਫੀ ‘ਚ ਲੈ ਲਿਆ, ਮੱਥਾ ਚੁੰਮਿਆ ਤੇ ਅਸੀਸਾਂ ਦੀ ਝੜੀ ਲਾ ਦਿੱਤੀ, “ਜੁੱਗ-ਜੁੱਗ ਜੀਵੇਂ, ਜਵਾਨੀਆਂ ਮਾਣੇਂ, ਰੱਖ-ਰੱਖ ਭੁੱਲੇਂ, ਜੱਗ ਤੇਰੇ ਨਾਂ ਦੀ ਸੋਭਾ ਗਾਵੇ, ਕਿਸੇ ਮੂਹਰੇ ਹੱਥ ਨਾ ਅੱਡਣੇ ਪੈਣ, ਗੁਰੂ-ਮਾਰਾਜ ਅੰਗ-ਸੰਗ ਸਹਾਈ ਹੋਏ, ਮਿਹਰ-ਭਰਿਆ ਹੱਥ ਬਣਾਈ ਰੱਖੇ ਮੇਰੇ ਲਾਲ਼ ‘ਤੇ!”

ਵਕੀਲ ਬਣਕੇ ਪੰਜਾਂ ਸਾਲਾਂ ਬਾਅਦ ਜਦੋਂ ਮੁੜਿਆ ਤਾਂ ਬੇਬੇ ਨੌਂ-ਬਰ-ਨੌਂ ਸੀ। ਸੁਬ੍ਹਾ ਸਾਜ੍ਹਰੇ ਉੱਠਦੀ ਤੇ ਨਿੱਤਨੇਮ ਕਰਦੀ, ਵਿਹੜੇ ‘ਚ ਚਿੜੀਆਂ ਨੂੰ ਦਾਣਾ ਪਾਉਣਾ ਅਤੇ ਦੌਰੇ ‘ਚ ਪਾਣੀ ਰੱਖਣਾ ਨਾ ਭੁੱਲਦੀ। ਚਿੜੀਆਂ ਆ ਕੇ ਉਹਦੇ ਸਿਰ, ਮੋਢਿਆਂ, ਹੱਥਾਂ-ਬਾਹਾਂ ‘ਤੇ ਬਹਿ ਜਾਂਦੀਆਂ ਜਿਵੇਂ ਬਚਪਨ ਦੀਆਂ ਸਹੇਲੀਆਂ ਹੋਣ। 

ਬੇਬੇ ਜਿਸ ਦਿਨ ਪੂਰੀ ਹੋਈ ਬਿਲਕੁਲ ਦਰੁਸਤ ਸੀ, ਭੌਰ ਔਹ ਗਿਆ, ਔਹ ਗਿਆ ਵਾਲ਼ੀ ਗੱਲ ਈ ਹੋ ਗਈ। ਬਾਪੂ ਹੁਰਾਂ ਨੇ ਅੰਤਿਮ ਦਰਸ਼ਨਾਂ ਲਈ ਬੇਬੇ ਦੀ ਦੇਹ ਵਾਲ਼ਾ ਮੰਜਾ ਬਰਾਂਡੇ ‘ਚ ਡਾਹ ਦਿੱਤਾ। 

ਰੋਜ਼ ਵਾਂਗ ਸੈਂਕੜੇ ਚਿੜੀਆਂ ਆਈਆਂ, ਆਮ ਨਾਲ਼ੋਂ ਕਿਤੇ ਵੱਧ ਤੇ ਵਿਹੜੇ ‘ਚ ਇੱਕ ਪਾਸੇ ਚੁੱਪ-ਚਾਪ ਬੈਠੀਆਂ ਰਹੀਆਂ, ਨਾ ਕੋਈ ਉੱਛਲ-ਕੂਦ, ਨਾ ਕੋਈ ਖੜਮਸਤੀ ਕੀਤੀ। ਮਾਂ ਕਹਿੰਦੀ,”ਜਾਹ, ਚਿੜੀਆਂ ਨੂੰ ਦਾਣਾ ਪਾ ਦੇ, ਭੁੱਖੀਆਂ ਹੋਣਗੀਆਂ।”

ਮੈਂ ਬੁੱਕ ਭਰ-ਭਰ ਕੇ ਚੋਗਾ ਖਿਲਾਰਿਆ ਪਰ ਮਜ਼ਾਲ ਕੀ ਇੱਕ ਵੀ ਚਿੜੀ ਨੇ ਦਾਣੇ ਨੂੰ ਚੁੰਝ ਲਾਈ ਹੋਵੇ!

ਬੇਬੇ ਦੀ ਅਰਥੀ ਨੂੰ ਜਦੋਂ ਸਸਕਾਰ ਲਈ ਚੁੱਕ ਕੇ ਤੁਰੇ, ਚਿੜੀਆਂ ਵੀ ਉੱਡ ਗਈਆਂ, ਚੋਗਾ ਭੁੰਜੇ ਖਿਲਾਰਿਆ ਰਹਿ ਗਿਆ।

ਇਨਸਾਨੀ ਲੋਥਾਂ ਨੂੰ ਤਾਂ ਦੁਸ਼ਮਨ ਵੀ ਤਨ-ਪੱਤਣ ਲਾ ਦਿੰਦੇ ਨੇ, ਜੇਕਰ ਕਿਸੇ ਬੰਦੇ ਦੀ ਮਈਅਤ ‘ਤੇ ਬੇਜ਼ੁਬਾਨ ਜਾਨਵਰ ਤੇ ਪੰਛੀ ਵੀ ਮਾਤਮ ਕਰਨ ਤਾਂ ਜ਼ਰੂਰ ਉਹਦਾ ਜਿਉਣਾ-ਮਰਨਾ ਸਫ਼ਲ ਹੋ ਗਿਆ ਏ।

ਡੈਡੀ ਹੁਰੀਂ ਜਦੋਂ ਆਪਣੇ ਮੁਰਸ਼ਦ ਦੀ ਸੰਗਤ ਕਰਨ ਪਿਰਾਨ ਕਲੀਅਰ ਦੋ-ਤਿੰਨ ਦਿਨ ਲਈ ਚਲੇ ਜਾਂਦੇ ਸਨ ਤਾਂ ਮਗਰ ਪਸੂ ਓਦਰ ਜਾਂਦੇ ਸਨ। ਮੱਝਾਂ ਨੇ ‘ੜਿੰਗਣਾ, ਧਾਰਾਂ ਮਸਾਂ ਚੋਣੀਆਂ! ਬੀਬੀ ਨੇ ਅੱਕੀ ਹੋਈ ਨੇ ਕਹਿਣਾ,”ਆਵਦੇ ਪਿਉ ਨੂੰ ਆਖਿਓ ਇਹਨਾਂ ਕਜਾਤਾਂ ਨੂੰ ਵੀ ਨਾਲ਼ ਲੈ ਜਿਆ ਕਰੇ!” ਡੈਡੀ ਦੇ ਮੁੜਣ ‘ਤੇ ਡੰਗਰਾਂ ਤੋਂ ਖ਼ੁਸ਼ੀ ਸਾਂਭੀ ਨਾ ਜਾਣੀ, ਸੰਗਲ ਤੁੜਾਉਣ ਤਾਈਂਂ ਜਾਣਾ, ਬੂਥੀਆਂ ਡੈਡੀ ਦੇ ਮੋਢੇ ‘ਤੇ ਰੱਖਕੇ ਹੰਝੂ ਕੇਰਨੇ। ਸਮਝਿਆ ਜਾ ਸਕਦਾ ਏ ਡੈਡੀ ਹੁਰਾਂ ਦੇ ਸਦਾ ਲਈ ਤੁਰ ਜਾਣ ‘ਤੇ ਸਾਡਾ ਵੈਰਾਗ ‘ਚ ਵਹਿ ਜਾਣਾ ਸੁਭਾਵਿਕ ਸੀ।
ਬਹੁਤ ਸੋਹਣਾ ਗੀਤ ਏ: 

“ਬਾਪੂ ਤੇਰੇ ਕਰਕੇ ਮੈਂ ਪੈਰਾਂ ‘ਤੇ ਖਲੋ ਗਿਆ,
ਤੂੰ ਸੈਕਲਾਂ ‘ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ!”
**
-ਬਲਜੀਤ ਖ਼ਾਨ ਸਪੁੱਤਰ ਮਾਈ ਬਸ਼ੀਰਾਂ। ਚੌਦਾਂ ਅਪ੍ਰੈਲ, ਵੀਹ ਸੌ ਇੱਕੀ-
(ਖੁਸ਼ਵੰਤ ਸਿੰਘ ਦੀ ਇੱਕ ਕਹਾਣੀ ‘ਤੇ ਅਧਾਰਿਤ)
***
165
***

balji_khan

Smalsar, Moga, Punjab, India

ਬਲਜੀਤ ਖਾਨ, ਮੋਗਾ

Smalsar, Moga, Punjab, India

View all posts by ਬਲਜੀਤ ਖਾਨ, ਮੋਗਾ →