ਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ. ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ ‘ਅਦੀਬ ਸਮੁੰਦਰੋਂ ਪਾਰ ਦੇ’ ਦੀ (27 ਮਾਰਚ 2022 ਨੂੰ) 79ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ ਜੁਝਾਰਵਾਦੀ ਕਵਿਤਾ ਦਾ ਸਿਰਨਾਵਾਂ ਸੁਖਵਿੰਦਰ ਕੰਬੋਜ‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ ਸੁਖਵਿੰਦਰ ਕੰਬੋਜ‘ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ਨਿਰਪੱਖ ਆਲੋਚਕ ਸ. ਹਰਮੀਤ ਸਿੰਘ ਅਟਵਾਲ ਜੀ ਅਤੇ ‘ਸੁਖਵਿੰਦਰ ਕੰਬੋਜ’ ਨੂੰ ਹਾਰਦਿਕ ਵਧਾਈ ਹੋਵੇ। ਇਹ ਰਚਨਾ ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਆਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ |
ਮੁਕਾਮ ਸ਼ਬਦ ਫ਼ਾਰਸੀ ਭਾਸ਼ਾ ਦਾ ਹੈ ਜਿਸ ਦੇ ਕੋਸ਼ਗਤ ਅਰਥ ਹਨ: ਕਿਆਮ ਕਰਨਾ, ਮਰਤਬਾ, ਦਰਜਾ, ਰੁਤਬਾ, ਮੌਕਾ, ਵਕਤ, ਇਕ ਧੁਨੀ ਦਾ ਨਾਮ ਆਦਿ। ਇਥੇ ਸੰਦਰਭ ਮਰਤਬੇ, ਦਰਜੇ ਜਾਂ ਰੁਤਬੇ ਦਾ ਹੈ। ਅਮਰੀਕਾ ਦੀ ਕੈਲੇਫੋਰਨੀਆ ਸਟੇਟ ’ਚ ਵਸਦਾ ਪੰਜਾਬੀ ਦਾ ਪ੍ਰਸਿੱਧ ਕਵੀ ਸੁਖਵਿੰਦਰ ਕੰਬੋਜ ਦੇਸ਼-ਪ੍ਰਦੇਸ਼ ਦੀ ਪੰਜਾਬੀ ਕਵਿਤਾ ਵਿਚ ਇਕ ਵਿਸ਼ੇਸ਼ ਮਰਤਬੇ ਦਾ, ਇਕ ਅਹਿਮ ਤੇ ਕਾਬਿਲੇ-ਤਾਰੀਫ਼ ਕਾਵਿ-ਮੁਕਾਮ ਦਾ ਮਾਲਕ ਹੈ। ਭਾਵੇਂ ਉਸ ਨੇ ਹੁਣ ਤਕ ਕਈ ਗੀਤ ਤੇ ਗ਼ਜ਼ਲਾਂ ਵੀ ਲਿਖੀਆਂ ਹਨ ਪਰ ਉਹ ਮੁੱਖ ਤੌਰ ’ਤੇ ਖੁੱਲ੍ਹੀ ਕਵਿਤਾ ਦਾ ਰਚਣਹਾਰ ਹੈ ਜਿਸ ਦੀਆਂ ਕਾਵਿ-ਰਚਨਾਵਾਂ ਦੀ ਅੰਤਰਾਤਮਾ ਬਾਰੇ ਡਾ. ਰਾਜਿੰਦਰ ਪਾਲ ਸਿੰਘ ਦਾ ਇਹ ਕਥਨ ਬੜਾ ਮਹੱਤਵ ਰੱਖਦਾ ਹੈ
-‘‘ਸੁਖਵਿੰਦਰ ਕੰਬੋਜ ਦੀ ਕਵਿਤਾ ਇਕ ਤਰ੍ਹਾਂ ਨਾਲ ਜੁਝਾਰ ਕਾਵਿ ਦਾ ਪਰਵਾਸੀ ਚੇਤਨਾ ਨਾਲ ਸੁਮੇਲ ਹੈ।’’ ਇਸ ਜੁਝਾਰ ਕਾਵਿ ਨੂੰ ‘ਤੱਤੀ ਕਵਿਤਾ’ ਦੀ ਸੰਗਿਆ ਦੇਣ ਵਾਲੇ ਪੰਜਾਬੀ ਦੇ ਨਾਮੀ ਕਵੀ ਮੋਹਨਜੀਤ ਦੀਆਂ ਸੁਖਵਿੰਦਰ ਕੰਬੋਜ ਦੀ ਕਾਵਿ-ਬਿਰਤੀ ਬਾਰੇ ਲਿਖੀਆਂ ਇਹ ਕਾਵਿ-ਚਿੱਤਰੀ ਸਤਰਾਂ ਵੀ ਇਥੇ ਧਿਆਨ ਮੰਗਦੀਆਂ ਹਨ : –ਜਦੋਂ ਉਹਨੇ ਲਿਖਣਾ ਸ਼ੁਰੂ ਕੀਤਾ ਪੰਜਾਬੀ ਕਵਿਤਾ ਵਿਚ ਆਪਣਾ ਵਿਲੱਖਣ ਸਥਾਨ ਰੱਖਣ ਵਾਲੇ ਸਾਡੇ ਇਸ ਸਮਰੱਥ ਕਵੀ ਸੁਖਵਿੰਦਰ ਕੰਬੋਜ ਦਾ ਜਨਮ 11 ਦਸੰਬਰ 1952 ਈ: ਨੂੰ ਸੁਲਤਾਨਪੁਰ ਲੋਧੀ (ਕਪੂਰਥਲਾ) ਵਿਖੇ ਪਿਤਾ ਜਗੀਰ ਸਿੰਘ ਕੰਬੋਜ ਤੇ ਮਾਤਾ ਸਵਰਨ ਕੌਰ ਦੇ ਘਰ ਹੋਇਆ। ਉਸ ਵੇਲੇ ਦੀ ਗੱਲ ਕਰਦਿਆਂ ਸੁਖਵਿੰਦਰ ਕੰਬੋਜ ਦਾ ਆਖਣਾ ਹੈ ਕਿ :- ਅਸੀਂ ਬਾਰ (ਪਾਕਿਸਤਾਨ) 36 ਗ਼ਦਰਚੱਕ ਤੋਂ ਆਏ ਸਾਂ। ਉਦੋਂ ਮੈਂ ਅਜੇ 4 ਕੁ ਸਾਲ ਦਾ ਹੀ ਸੀ ਕਿ ਸਾਨੂੰ ਸ਼ਾਹਪੁਰ ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ ਵਿਚ ਜ਼ਮੀਨ ਅਲਾਟ ਹੋ ਗਈ। ਇਹ ਪਿੰਡ ਕੰਬੋਜ ਬਰਾਦਰੀ ਦਾ ਗੜ੍ਹ ਹੈ। ਮੈਟ੍ਰਿਕ ਮੈਂ ਹਾਈ ਸਕੂਲ ਝਬਾਲ (ਅੰਮ੍ਰਿਤਸਰ) ਤੋਂ 1969 ਵਿਚ ਪਾਸ ਕੀਤੀ ਕਿਉਕਿ ਮੇਰੇ ਚਾਚਾ ਜੀ ਉਥੇ ਬਿਜਲੀ ਬੋਰਡ ਵਿਚ ਐੱਸਡੀਓ ਲੱਗੇ ਹੋਏ ਸਨ। ਫਿਰ ਮੇਰਾ ਮੇਲ ਪਾਸ਼ ਨਾਲ ਹੋਇਆ, ਜੋ ਕਿ 20ਵੀਂ ਸਦੀ ਦਾ ਬਹੁਤ ਮਹਾਨ ਕਵੀ ਹੋਇਆ ਹੈ। ਉਸ ਨੇ ਮੈਨੂੰ ਵਿੱਦਿਆ ਦੇ ਮਹੱਤਵ ਤੇ ਜੀਵਨ ਵਿਚ ਇਸ ਦੇ ਰੋਲ ਬਾਰੇ ਸਮਝਾਇਆ। …ਕਬੱਡੀ ਦਾ ਮੈਂ ਚੰਗਾ ਖਿਡਾਰੀ ਸੀ। ਹਾਕੀ ਵੀ ਖੇਡਦਾ ਸੀ। ਕਾਲਜ ਵੇਲੇ ਬਾਕਸਿੰਗ ਵੀ ਕੀਤੀ ਤੇ ਸਟੇਟ ਜੇਤੂ ਰਿਹਾ। …ਪਾਸ਼ ਦੇ ਭੋਰੇ ਵਿਚ ਜੋ ਉਸ ਨੇ ਖੂਹ ’ਤੇ ਪੁੱਟਿਆ ਹੋਇਆ ਸੀ, ਅਸੀਂ ਵਿਸ਼ਵ ਸਾਹਿਤ ਦਾ ਬਹੁਤ ਅਧਿਐਨ ਕੀਤਾ। ਪੀਐੱਚਡੀ ਦੀ ਮੈਂ 1976-77 ਵਿਚ ਰਜਿਸਟ੍ਰੇਸ਼ਨ ਕਰਵਾਈ ਸੀ। …ਮੈਂ 1977 ’ਚ ਬੇਰਿੰਗ ਯੂਨੀਵਰਸਿਟੀ ਕ੍ਰਿਸਚੀਅਨ ਕਾਲਜ ਬਟਾਲੇ ਬਤੌਰ ਲੈਕਚਰਾਰ ਬਣ ਕੇ ਚਲਾ ਗਿਆ ਤੇ ਉੱਥੋਂ 1984 ਤਕ ਸ਼ਿਵਾਲਿਕ ਸਰਕਾਰੀ ਕਾਲਜ ਨਯਾ ਨੰਗਲ ਵਿਖੇ ਰਿਹਾ। ਖੱਬੇ ਪੱਖੀ ਲੇਖਕਾਂ ਨੂੰ ਧਮਕੀ ਪੱਤਰ ਆਉਣੇ ਸ਼ੁਰੂ ਹੋ ਗਏ। 1984 ’ਚ ਮੈਂ ਬਤੌਰ ਲੈਕਚਰਾਰ ਪੱਕੀ ਨੌਕਰੀ ਛੱਡ ਕੇ ਅਮਰੀਕਾ ਆ ਗਿਆ। ਭਾਵੇਂ ਮੈਂ ਅਮਰੀਕਾ ਆ ਗਿਆ ਸੀ ਪਰ ਮਨ ਦੀ ਚਾਹ ਸੀ ਕਿ ਪੀਐੱਚਡੀ ਪੂਰੀ ਕਰਾਂ। ਸੋ ਹੌਲੀ-ਹੌਲੀ ਲੱਗਾ ਰਿਹਾ ਤੇ ਅੰਤ ਨੂੰ ਪੂਰੀ ਕਰ ਲਈ। ਸੁਖਵਿੰਦਰ ਕੰਬੋਜ ਦੇ ਹੁਣ ਤਕ 4 ਕਾਵਿ-ਸੰਗ੍ਰਹਿ ਛਪ ਚੱੁਕੇ ਹਨ ਜਿਨ੍ਹਾਂ ਦੇ ਨਾਂ ਹਨ : ‘ਨਵੇਂ ਸੂਰਜ’, ‘ਜਾਗਦੇ ਅੱਖਰ’, ‘ਇੱਕੋ ਜਿਹਾ ਦੁੱਖ’ ਤੇ ‘ਜੰਗ, ਜਸ਼ਨ ਤੇ ਜੁਗਨੂੰ’। ‘ਉਮਰ ਦੇ ਇਸ ਮੋੜ ਤੀਕ’ (ਸੁਰਜੀਤ ਜੱਜ ਵਲੋਂ ਸੰਪਾਦਿਤ) ਉਸ ਦੀਆਂ 2005 ਤਕ ਛਪੀਆਂ ਕਵਿਤਾਵਾਂ ਦੀ ਕਿਤਾਬ ਹੈ। ਉਸ ਨੇ ਰਵਿੰਦਰ ਸਹਿਰਾਅ ਨਾਲ ਰਲ ਕੇ ਅਮਰੀਕੀ ਪੰਜਾਬੀ ਕਵਿਤਾ (ਦੋ ਭਾਗਾਂ ’ਚ) ਦੀਆਂ ਦੋ ਪੁਸਤਕਾਂ ਵੀ ਸੰਪਾਦਿਤ ਕੀਤੀਆਂ ਹਨ। ਸਾਹਿਤ ਦੇ ਗਿਆਤਾਵਾਂ ਦਾ ਗੂੜ੍ਹ ਕਥਨ ਹੈ ਕਿ ਸਥਾਨਕ ਸਮੱਸਿਆਵਾਂ ਤੇ ਸਥਿਤੀਆਂ ਨੂੰ ਆਪਣੇ ਚਿੰਤਨ ਵਿਚ ਜਜ਼ਬ ਕਰ ਕੇ ਇਕ ਵਿਸ਼ੇਸ਼ ਆਧੁਨਿਕ ਚਿੰਤਨ ਵਾਲੀ ਕਾਵਿ-ਰਚਨਾ ਨੂੰ ਜਨਮ ਦੇਣਾ ਕਿਸੇ ਕਾਬਲ ਕਲਮ ਦਾ ਹੀ ਕਰਮ ਹੁੰਦਾ ਹੈ। ਸੁਖਵਿੰਦਰ ਕੰਬੋਜ ਦੀ ਕਵਿਤਾ ਵਿਚ ਇਹ ਗੁਣ ਬੜੇ ਸਿਰਜਣਾਤਮਕ ਸੰਜਮ ਤੇ ਸੰਤੁਲਨ ਵਾਲੇ ਸੁਹਜ ਨਾਲ ਭਰਿਆ ਪਿਆ ਹੈ। ਇਸੇ ਕਰਕੇ ਹੀ ਉਸ ਦਾ ਆਪਣਾ ਇਕ ਅਹਿਮ ਮੁਕਾਮ ਹੈ। ਉਸ ਦੀ ਕਵਿਤਾ ‘ਦੁਬਿਧਾ’ ਵਿੱਚੋਂ ਕੁਝ ਅੰਸ਼ ਇਥੇ ਸਾਂਝੇ ਕਰਦੇ ਹਾਂ :- ਲੋਕ ਤਾਂ ਅਜੇ ਵੀ ਨਿਰਸੰਦੇਹ ਕੰਬੋਜ-ਕਾਵਿ ਨੂੰ ਪੜ੍ਹਨ ਦਾ ਇਕ ਆਪਣਾ ਹੀ ਅਦਬੀ ਆਨੰਦ ਹੈ। ਇਸ ਵਿਚ ਤਲਖ਼ ਹਕੀਕਤਾਂ ਵੀ ਹਨ, ਵਿਅੰਗ ਵੀ ਹੈ, ਗੰਭੀਰ ਪੱਧਰ ਦੀ ਪਰਵਾਸੀ ਚੇਤਨਾ ਤੇ ਆਧੁਨਿਕ ਸੰਵੇਦਨਾ ਵੀ ਹੈ। ਸੁਖਵਿੰਦਰ ਕੰਬੋਜ ਦੀ ਹੁਣ ਤਕ ਦੀ ਸਾਰੀ ਕਾਵਿ-ਰਚਨਾ ਬਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਵਾਨ ਡਾ. ਜਸਵਿੰਦਰ ਸਿੰਘ ਨੇ 369 ਪੰਨਿਆਂ ਦੀ ਇਕ ਵੱਡਆਕਾਰੀ ਪੁਸਤਕ ਸੰਪਾਦਿਤ ਕੀਤੀ ਹੈ ਜਿਸ ਨੂੰ ਸਮੂਹ ਕਾਵਿ-ਪ੍ਰੇਮੀਆਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਇਸ ਪੁਸਤਕ ਵਿਚ 45 ਸੂਝਵਾਨ ਆਲੋਚਕਾਂ/ਸਾਹਿਤਕਾਰਾਂ ਨੇ ਸੁਖਵਿੰਦਰ ਕੰਬੋਜ ਦੀ ਕਵਿਤਾ ਬਾਰੇ ਆਪਣੇ ਸਮੀਖਿਆਤਮਕ ਵਿਚਾਰ ਪ੍ਰਗਟਾਏ ਹਨ। ਅੰਤ ’ਚ ਡਾ. ਮੁਹੰਮਦ ਇਦਰੀਸ ਵੱਲੋਂ ਸੁਖਵਿੰਦਰ ਨਾਲ ਕੀਤੀ ਲੰਬੀ ਮੁਲਾਕਾਤ ਵੀ ਹੈ। ਇਸ ਪੁਸਤਕ ’ਚੋਂ ਕੁਝ ਅਰਕ ਨੁਮਾ ਅੰਸ਼ ਵੀ ਆਪ ਦੀ ਨਜ਼ਰ ਹਨ :- * ਸੁਖਵਿੰਦਰ ਦੀ ਸ਼ਾਇਰੀ ਲੋਕ ਹਿੱਤਾਂ ’ਤੇ ਪਹਿਰੇਦਾਰੀ ਦੀ ਸ਼ਾਇਰੀ ਹੈ। ਉਸ ਦੀਆਂ ਨਜ਼ਮਾਂ, ਗੱਲਾਂ ਤੇ ਬੇਬਾਕੀ ਉਹਦੇ ਵਰਗੀ ਹੀ ਭਾਰੀ ਹੈ। ਉਹ ਵਿਰਾਸਤੀ ਰੁੱਖ ਜੰਡ ਵਰਗਾ ਆਦਮੀ ਹੈ। ਸੁਖਵਿੰਦਰ ਕੰਬੋਜ ਦਾ ਕਾਵਿ-ਚਿੰਤਨ ਗੁਰੂ ਨਾਨਕ ਦੇਵ ਜੀ ਦੇ ਸ਼ਬਦ ‘ਰਾਜੇ ਸ਼ੀਂਹ ਮੁਕਦਮ ਕੁੱਤੇ’ ’ਤੇ ਖੜ੍ਹਾ ਹੈ। ਉਹ ਮਨੁੱਖਤਾ ਦਾ ਭਲਾ ਸਮਾਜਵਾਦ ਵਿੱਚੋਂ ਵੇਖਦਾ ਹੈ। ਕੰਬੋਜ ਮੂਲ ਰੂਪ ਵਿਚ ਸੰਵੇਦਨਸ਼ੀਲ ਸ਼ਾਇਰ ਹੈ। ਉਹ ਇਨਕਲਾਬੀ ਲਹਿਰ ਅਤੇ ਜੁਝਾਰਵਾਦੀ ਕਾਵਿਧਾਰਾ ਦਾ ਪ੍ਰਤਿਬੱਧ ਸਮਰਥਕ ਹੈ। ਕੰਬੋਜ ਦੀ ਕਵਿਤਾ ਵਿੱਚੋਂ ਕਿਧਰੇ-ਕਿਧਰੇ ਛਾਇਆਵਾਦੀ ਰੰਗ ਵੀ ਉਘੜਦਾ ਹੈ। ਸੁਖਵਿੰਦਰ ਕੰਬੋਜ ਦੀ ਸ਼ਾਇਰੀ ਅਣਖ-ਮੜਕ ਭਰੀ ਜ਼ਿੰਦਗੀ ਦੇ ਹੱਕ ਵਿਚ ਅੜ-ਡਟ ਕੇ ਖੜ੍ਹਦੀ ਹੈ। ਉਸ ਦੀ ਕਵਿਤਾ ਦੀ ਮੁੱਖ ਸੁਰਤੀ-ਬਿਰਤੀ ਰਾਜਸੀ ਹੈ। * ਉਹ ਫ਼ਿਕਰਮੰਦੀ ਤੇ ਆਸਵੰਦੀ ਦਾ ਕਵੀ ਹੈ। ਕੰਬੋਜ ਦੀ ਕਵਿਤਾ ਸਾਮਰਾਜਵਾਦ ਦੀ ਭੱਠੀ ਦਾ ਬਾਲਣ ਬਣੇ ਰੂਹਾਂ ਤੋਂ ਮਹਿਰੂਮ ਕਰ ਦਿੱਤੇ ਗਏ ਮਨੁੱਖਾਂ ਦੇ ਸੰਤਾਪ ਦੀ ਗਾਥਾ ਹੈ। ਉਹ ਇਨਸਾਨੀ ਜ਼ਿੰਦਗੀ ਦੇ ਪਿਆਰ ਦਾ ਗੀਤ ਹੈ। * ਕੰਬੋਜ ਦੀ ਸਮੁੱਚੀ ਸ਼ਾਇਰੀ ਗੌਲਣਯੋਗ, ਪੜ੍ਹਨਯੋਗ, ਸਮਝਣਯੋਗ ਤੇ ਵਿਚਾਰਨਯੋਗ ਹੈ। ਸੁਖਵਿੰਦਰ ਕੰਬੋਜ ਨਾਲ ਹੁੰਦੇ ਰਹਿੰਦੇ ਅਦਬੀ ਵਿਚਾਰ ਵਟਾਂਦਰੇ ’ਚੋਂ ਵੀ ਉਸ ਵਲੋਂ ਕੁਝ ਅੰਸ਼ ਹਾਜ਼ਰ ਹਨ :- * ਪੰਜਾਬ ਹਮੇਸ਼ਾ ਤੋਂ ਹੀ ਮਿਸ਼ਰਤ ਸੱਭਿਆਚਾਰ ਤੇ ਸੰਸਿਤੀ ਤੋਂ ਪ੍ਰਭਾਵਿਤ ਰਿਹਾ ਹੈ। * ਅਮਰੀਕਾ ਵਿਚ ਅਜੇ ਵੀ ਕਈ ਪੰਜਾਬੀ ਲੇਖਕ ਹਨ, ਜੋ ਕੇਵਲ ਪੰਜਾਬ ਦੇ ਭੂ-ਹੇਰਵੇ ਵਿਚ ਹੀ ਤੁਰੇ ਫਿਰਦੇ ਹਨ। ਅਜਿਹੇ ਲੇਖਕ ਭੌਤਿਕ ਤੌਰ ’ਤੇ ਅਮਰੀਕਾ ਰਹਿੰਦੇ ਹਨ ਪਰ ਦਿਮਾਗ਼ੀ ਤੌਰ ’ਤੇ ਅਜੇ ਵੀ 50 ਸਾਲ ਪੁਰਾਣੇ ਪੰਜਾਬ ਤੇ ਇਹਦੇ ਪਿੰਡਾਂ ਦੀ ਸੰਸਿਤੀ ਨਾਲ ਹੀ ਜੁੜੇ ਹੋਏ ਹਨ। * ਹਰ ਭਾਸ਼ਾ ਵਿਚ ਹੀ ਸਾਹਿਤਕ ਘੇਰਾਬੰਦੀਆਂ ਹੁੰਦੀਆਂ ਨੇ। * ਮੈਂ ਜਗਤਾਰ, ਲਾਲ ਸਿੰਘ ਦਿਲ, ਪਾਸ਼ ਤੇ ਦਰਸ਼ਨ ਖਟਕੜ ਤੋਂ ਪ੍ਰਭਾਵਿਤ ਹਾਂ। * ਪਾਠਕਾਂ ਦੀ ਕਮੀ ਦਾ ਰੌਲ਼ਾ ਅੰਗਰੇਜ਼ੀ ਨੂੰ ਛੱਡਕੇ ਹਰ ਭਾਸ਼ਾ ਵਿਚ ਹੀ ਪਾਇਆ ਜਾਂਦਾ ਹੈ। ਇਹ ਘਾਟ ਰੜਕਦੀ ਜ਼ਰੂਰ ਹੈ ਪਰ ਯੋਗ ਕਿਤਾਬ ਚਾਹੇ ਉਹ ਕਿਸੇ ਵੀ ਵਿਧਾ ਵਿਚ ਹੋਵੇ ਉਸ ਦਾ ਨੋਟਿਸ ਲਿਆ ਜਾਂਦਾ ਹੈ। …ਚੰਗੀ ਰਚਨਾ ਨੂੰ ਪਾਠਕ ਆਪ ਲੱਭ ਲੈਂਦੇ ਹਨ। * ਪਿਛਲੇ ਕੁਝ ਅਰਸੇ ਤੋਂ ਪੰਜਾਬੀ ਵਿਚ ਸ਼ਾਹਕਾਰ ਰਚਨਾਵਾਂ ਦੀ ਘਾਟ ਦੇ ਕਈ ਕਾਰਨ ਹਨ। ਪਹਿਲਾ ਕਾਰਨ ਹੈ ਲੇਖਕ ਦਾ ਸਮੇਂ ਦੇ ਯਥਾਰਥ ਤੋਂ ਟੁੱਟਣਾ। ਦੂਜਾ ਲੇਖਕ ਖ਼ੁਦ ਚੰਗੀਆਂ ਲਿਖਤਾਂ ਪੜ੍ਹਦੇ ਨਹੀਂ। ਤੀਜਾ ਸਰਕਾਰਾਂ ਦਾ ਪੰਜਾਬੀ ਮਾਂ ਬੋਲੀ ਪ੍ਰਤੀ ਨਾਂਹ ਪੱਖੀ ਰਵੱਈਆ। * ਮੈਂ ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆਂ ਦੇ ਮੁਢਲੇ ਮੈਂਬਰਾਂ ਵਿੱਚੋਂ ਹਾਂ। ਬਲਕਿ ਸੁਰਿੰਦਰ ਸੀਰਤ ਨਾਲ ਰਲ਼ਕੇ ਸਭ ਤੋਂ ਪਹਿਲਾਂ ਇਸ ਦਾ ਗਠਨ ਅਸੀਂ ਹੀ ਕੀਤਾ ਸੀ। ਫਿਰ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੇਫੋਰਨੀਆ ਦੀ ਸਥਾਪਨਾ ਵੀ ਮੈਂ ਡਾ. ਗੁਰੂਮੇਲ ਸਿੱਧੂ ਹੋਰਾਂ ਨਾਲ ਰਲ਼ਕੇ ਕੀਤੀ ਸੀ ਤੇ ਕਈ ਸਾਲਾਂ ਤੋਂ ਇਸ ਦੇ ਅਹੁਦੇਦਾਰਾਂ ਵਿਚ ਵੀ ਸ਼ਾਮਲ ਰਿਹਾ ਹਾਂ। ਅੱਜ ਕੱਲ੍ਹ ਮੈਂ ਇਸ ਦਾ ਪ੍ਰਧਾਨ ਤੇ ਪ੍ਰਸਿੱਧ ਗ਼ਜ਼ਲਗੋ ਕੁਲਵਿੰਦਰ ਇਸ ਦਾ ਜਨਰਲ ਸਕੱਤਰ ਹੈ। * ਕਹਾਣੀ ਤੇ ਨਾਵਲ ਦੇ ਮੁਕਾਬਲੇ ਕਵਿਤਾ ਦੇ ਵੱਧ ਲਿਖੇ ਜਾਣ ਦਾ ਕਾਰਨ ਮੇਰੀ ਜਾਚੇ ਪੰਜਾਬੀ ਲੇਖਕਾਂ ਦਾ ਆਲਸੀ ਹੋਣਾ ਹੈ। ਸਮੇਂ ਨੇ ਪੂੰਜੀ ਵਧਾ ਦਿੱਤੀ ਹੈ। ਸੁੱਖ ਸਾਧਨ ਵਧ ਗਏ ਨੇ। ਨਾਵਲ ਜਾਂ ਕਹਾਣੀ ਲਿਖਣ ਲਈ ਜਿਸ ਗਿਆਨ-ਪ੍ਰਬੰਧ ਤੇ ਸਵੈ-ਅਨੁਸ਼ਾਸਨ ਦੀ ਲੋੜ ਹੈ ਉਹ ਅੱਜ ਦੇ ਲੇਖਕਾਂ ਵਿਚ ਘਟ ਰਿਹਾ ਹੈ। ਕਵਿਤਾ ਲਿਖਣੀ ਥੋੜ੍ਹੀ ਸੌਖੀ ਹੈ। ਲੇਖਕ ਵੀ ਬਾਕੀ ਸਮਾਜ ਵਾਂਗ ਲਥਾਰਜਕ ਹੋ ਰਹੇ ਹਨ। ਬਲਕਿ ਹੋ ਗਏ ਹਨ। ਨਿਰਸੰਦੇਹ ਸੁਖਵਿੰਦਰ ਕੰਬੋਜ ਦੀਆਂ ਗੱਲਾਂ ਵੀ ਉਸ ਦੀਆਂ ਨਜ਼ਮਾਂ ਵਾਂਗ ਨਰੋਈਆਂ ਹਨ। ਇੱਥੇ ਇਹ ਗੱਲ ਯਕੀਕਨ ਆਖੀ ਜਾ ਸਕਦੀ ਹੈ ਕਿ ਉਸ ਦਾ ਪੰਜਾਬੀ ਕਵਿਤਾ ਵਿਚ ਅਹਿਮ ਮੁਕਾਮ ਸਦਾ ਕਾਇਮ ਰਹੇਗਾ। |
*** 708 ** |