|
ਬਜ਼ੁਰਗ ਪਰਿਵਾਰ ਦਾ ਸੱਭ ਤੋਂ ਪ੍ਰਮੁੱਖ ਸਰਮਾਇਆ। ਜੇਕਰ ਔਲਾਦ ਹੀ ਇਸ ਸਰਮਾਏ ਨੂੰ ਅਣਗੋਲਿਆ ਕਰੇ, ਉਸਦੀ ਅਣਦੇਖੀ ਨੂੰ ਆਪਣਾ ਹੱਕ ਸਮਝੇ, ਉਸਦਾ ਅਦਬ ਕਰਨ ਦੀ ਬਜਾਏ ਉਸਦੀ ਹੇਠੀ ਕਰੇ ਅਤੇ ਘਰ ਵਾਲਾ ਬੇਘਰੇ ਦੀ ਜੂਨ ਹੰਢਾਵੇ ਤਾਂ ਘਰ ਵਾਲੇ ਦੇ ਨਾਲ-ਨਾਲ ਘਰ ਵੀ ਉਦਾਸ ਹੋ ਜਾਂਦਾ। ਨਿੱਜ ਦੇ ਚੱਕਰਵਿਊ ਵਿਚ ਜਕੜੀ ਔਲਾਦ ਨੂੰ ਇਹ ਯਾਦ ਹੀ ਨਹੀਂ ਕਿ ਉਸਦੇ ਬਜੁਰਗ ਨੂੰ ਤਾਂ ਕਦੇ ਨਿੱਜ ਦਾ ਖਿਆਲ ਹੀ ਨਹੀਂ ਸੀ ਆਇਆ। ਉਸਨੇ ਆਪਣੇ ਜੀਵਨ ਦੇ ਰਾਂਗਲੇ ਦਿਨਾਂ ਨੂੰ ਵੀ ਭੁਲਾਈ ਰੱਖਿਆ ਤਾਂ ਕਿ ਉਸਦੀ ਔਲਾਦ ਚਾਨਣ ਰੰਗੇ ਵੱਕਤਾਂ ਨੂੰ ਮਾਣੇ। ਉਸਨੇ ਆਪਣੇ ਸੁਪਨਿਆਂ ਨੂੰ ਕਦੇ ਤਰਜ਼ੀਹ ਨਾ ਦਿਤੀ ਕਿਉਂਕਿ ਉਸਦੀ ਪਹਿਲ ਆਪਣੇ ਲਾਡਲਿਆਂ ਦੇ ਸੁਪਨਿਆਂ ਦੀ ਤਾਮੀਰਦਾਰੀ ਸੀ। ਉਹ ਨਹੀਂ ਸੀ ਚਾਹੁੰਦਾ ਕਿ ਉਸਦੇ ਲਾਡਲੇ ਆਪਣੇ ਸੁਪਨਸਾਜੀ ਦੇ ਮਾਰਗ ਤੋਂ ਭਟਕ ਜਾਣ। ਉਹ ਆਪਣੇ ਬੱਚਿਆਂ ਦਾ ਪੇਟ ਪਾਲਣ ਲਈ ਫਾਕੇ ਕੱਟਦਾ ਰਿਹਾ। ਆਪਣੇ ਝੱਗੇ ਦੀ ਪਾਟੀ ਜੇਬ ਨੂੰ ਆਪਣੇ ਬੱਚਿਆਂ ਲਈ ਸਿਉਂਦਾ ਰਿਹਾ। ਉਸਨੇ ਸੱਖਣੀ ਜੇਬ ਦੇ ਹੁੰਦਿਆਂ ਵੀ ਖੁਦ ਨੂੰ ਗਹਿਣੇ ਰੱਖ ਕੇ ਆਪਣੇ ਬੱਚਿਆਂ ਨੂੰ ਪਤਾ ਨਾ ਲੱਗਣ ਦਿਤਾ। ਉਨ੍ਹਾਂ ਦੀਆਂ ਖੁਸ਼ੀਆਂ ਲਈ ਤੰਗੀਆਂ ਤੁਰਸ਼ੀਆਂ ਨੂੰ ਜਰਦਿਆਂ ਸੀਅ ਨਹੀਂ ਸੀ ਕਰਦਾ। ਖੁਦ ਅਣਪੜ ਹੁੰਦਿਆਂ ਵੀ ਆਪਣੇ ਬੱਚਿਆਂ ਨੂੰ ਉਚੇੇਰੀ ਸਿਖਿਆ ਦਾ ਦਾਨ ਕਰਨ ਵਾਲਾ ਬਾਪ ਜਦ ਅੱਖਰਾਂ ਦੀ ਗੱਲ ਨਾ ਸਮਝ ਸਕਦਾ ਤਾਂ ਉਹ ਮਖੌ਼ਲ ਦਾ ਪਾਤਰ ਬਣ ਜਾਂਦਾ। ਜਦ ਬੱਚੇ ਉਸਨੂੰ ਆਪਣੇ ਹਾਣੀਆਂ ਸਾਹਵੇਂ ਹੀਣਤਾ ਦਾ ਅਹਿਸਾਸ ਕਰਵਾਉਂਦੇ ਤਾਂ ਬਾਪ ਦਾ ਅੰਦਰ ਮਰਨਹਾਰਾ ਹੋ ਜਾਂਦਾ ਅਤੇ ਉਸਦੇ ਬੋਲਾਂ ਨੂੰ ਚੁੱਪ ਖਾ ਜਾਂਦੀ । ਬਜੁਰਗ ਮਾੜੀ-ਮੋਟੀ ਬਿਮਾਰੀ ਆਪਣੇ ਬੱਚਿਆਂ ਨੂੰ ਦੱਸਣ ਤੋਂ ਵੀ ਜਦ ਡਰਨ ਲੱਗ ਪਵੇ ਤਾਂ ਸਮਝੋ ਕਿ ਹੁਣ ਉਹ ਅੰਦਰੋਂ ਮਰ ਗਿਆ ਹੈ। ਬੁਢਾਪੇ ਦੀਆਂ ਅਲਾਮਤਾਂ ਦੀ ਅਣਦੇਖੀ ਕਰਨਾ ਅਤੇ ਬਹਾਨੇ ਲਾ ਕੇ ਉਸਦੇ ਇਲਾਜ ਤੋਂ ਆਨੀ-ਕਾਨੀ ਦਾ ਅਹਿਸਾਸ ਹੋਣ ਤੇ ਬਜ਼ੁਰਗ ਸਰੀਰਕ ਤਕਲੀਫਾਂ ਨਾਲ ਜਿਊਣਾ ਸਿੱਖ ਜਾਂਦਾ ਅਤੇ ਇਸ ਪੀੜਾ ਵਿਚ ਖੁਦ ਹੀ ਪੀੜ ਪੀੜ ਹੋ ਕੇ ਜੀਣ ਤੋਂ ਆਤੁਰ ਹੋ ਜਾਂਦਾ। ਬਜ਼ੁਰਗ ਚੁੱਪ ਹੀ ਹੋ ਜਾਂਦਾ ਜਦ ਉਸਨੂੰ ਦੋ ਡੰਗ ਦੀ ਰੋਟੀ ਬਾਰੇ ਚਿਤਾਰਿਆ ਜਾਂਦਾ। ਉਸਨੂੰ ਅਹਿਸਾਸ ਕਰਵਾਇਆ ਜਾਂਦਾ ਕਿ ਉਸਨੂੰ ਸਿਰ ਲੁਕਾਉਣ ਲਈ ਛੱਤ ਮਿਲੀ ਹੈ, ਰੋਟੀ ਪਾਣੀ ਦਾ ਕੋਈ ਫਿਕਰ ਨਹੀਂ, ਫਿਰ ਉਸਨੂੰ ਹੋਰ ਕੀ ਚਾਹੀਦਾ? ਪਰ ਜਦ ਉਸਦੇ ਢਿਡੋਂ ਜਾਏ ਇਹ ਸਮਝਣ ਤੋਂ ਕੋਰੇ ਹੋਣ ਕਿ ਬਜੁਰਗਾਂ ਲਈ ਪੇਟ ਦੀ ਭੁੱਖ ਕੋਈ ਅਹਿਮ ਨਹੀਂ ਹੁੰਦੀ। ਉਨ੍ਹਾਂ ਲਈ ਅਦਬ ਅਤੇ ਸਤਿਕਾਰ, ਅਹਿਮੀਅਤ ਤੇ ਆਪਣਾਪਣ, ਕੁਝ ਪਲ ਕੋਲ ਬਹਿ ਕੇ ਉਸਦੇ ਮਨ ਦੀਆਂ ਪਰਤਾਂ ਨੂੰ ਸੁਣਨਾ ਤੇ ਸਮਝਣਾ ਜ਼ਰੂਰੀ। ਇਸ ਨਾਲ ਉਨ੍ਹਾਂ ਦੇ ਪੱਲੇ ਵਿਚ ਸੁਖਨ ਅਤੇ ਸਕੂਨ ਧਰਨਾ, ਦਰਅਸਲ ਬਜੁਰਗਾਂ ਨੂੰ ਬਹੁਤ ਚੰਗਾ ਲੱਗਦਾ। ਮੈਂ ਇਕ ਨਿੱਕੀ ਜਹੀ ਨਜ਼ਮ ਵਿਚ ਆਪਣੇ ਮਨ ਦੀਆਂ ਬਰੂਹਾਂ ਵਿਚ ਬਹਿ ਕੇ ਖੁਦ ਨੂੰ ਮੁਖਾਤਬ ਹੋਇਆ ਸੀ; ਮੇਰੇ ਬੱਚੇ ਮੈਂਨੂੰ ਬਜ਼ੁਰਗ ਚੁੱਪ ਹੋ ਹੀ ਜਾਂਦੇ ਜਦ ਉਨ੍ਹਾਂ ਨੂੰ ਮਨਪਸੰਦ ਖਾਣੇ ਤੋਂ ਵਿਰਵਾ ਰੱਖਿਆ ਜਾਦਾ। ਉਨ੍ਹਾਂ ਦੇ ਮਨ ਭਾਉਂਦੇ ਸ਼ੌਕਾਂ ਨੂੰ ਦੁਰਕਾਰਿਆ ਜਾਂਦਾ। ਉਸਦੀ ਜੀਵਨ-ਜਾਚ ਤੇ ਹੀ ਪ੍ਰਸ਼ਨ ਪੈਦਾ ਹੋ ਜਾਂਦੇ। ਉਸਦੇ ਨਜ਼ਰੀਏ ਨੂੰ ਨਾਕਾਰਤਮਿਕ ਸਮਝਿਆ ਜਾਦਾ ਜਾਂ ਉਸਦੀ ਸੋਚ ਦੀ ਸਕਾਰਤਮਿਕਤਾ ਨੂੰ ਨਿੰਦਿਆ ਜਾਂਦਾ। ਬਜੁਰਗਾਂ ਦੀਆਂ ਰੁੱਚੀਆਂ ਤੇ ਰਵਾਇਤਾਂ ਨੂੰ ਦੁਰਕਾਰਿਆ ਜਾਂਦਾ। ਕਦੇ ਸੋਚਿਆ ਜੇ ਕਿ ਬਜੁਰਗਾਂ ਨੇ ਕਿੰਨੇ ਸੁਪਨਿਆਂ ਨੂੰ ਦਫ਼ਨਾਇਆ, ਕਿੰਨੀਆਂ ਰੀਝਾਂ ਦਾ ਸਿਵਾ ਸੇਕਿਆ, ਕਿੰਨੇ ਚਾਵਾਂ ਦੀ ਧੂਣੀ ਸੇਕੀ, ਕਿੰਨੀਆਂ ਆਸਾਂ ਨੂੰ ਬੇਆਸ ਕੀਤਾ, ਕਿੰਨੇ ਸੁਪਨ ਉਡਾਰੀਆਂ ਦੇ ਪਰ ਮਰੋੜੇ, ਕਿੰਨੀਆਂ ਸੱਧਰਾਂ ਨੂੰ ਪੈਰਾਂ ਹੇਠ ਮਧੋਲਿਆ, ਕਿੰਂਨੇ ਮਨੋਭਾਵਾਂ ਨੂੰ ਅੱਗ ਵਿਚ ਸਾੜਿਆ ਤਾਂ ਕਿ ਉਹ ਆਪਣੇ ਬਜਾਏ ਆਪਣੇ ਔਲਾਦ ਨੂੰ ਉਹ ਸਭ ਕੁਝ ਦੇ ਸਕਣ ਜਿਨ੍ਹਾਂ ਤੋਂ ਮਹਿਰੂਮੀਅਤ ਨੇ ਉਨ੍ਹਾਂ ਦੇ ਵਿਅਕਤੀਤੱਵ ਨੂੰ ਅਸਾਵਾਂ ਬਣਾਈ ਰੱਖਿਆ। ਸਦਾ ਸਿਰ ਉਚਾ ਰੱਖ ਕੇ ਜੀਵਨ ਨੂੰ ਮੁਖ਼ਾਤਬ ਹੋਣ ਵਾਲਾ, ਜਿ਼ੰਦਗੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਇਸਦੀਆਂ ਮੁਹਾਰਾਂ ਆਪਣੇ ਮਰਜ਼ੀ ਮੁਤਾਬਕ ਮੋੜਨ ਵਾਲਾ, ਜੀਵਨ ਦੇ ਆਖਰੀ ਪੜਾਅ ਤੇ ਬੇਜ਼ਾਰ, ਬੇਗਾਨਾ, ਨਿਤਾਣਾ ਅਤੇ ਨਿਕੰਮਾ ਹੋ ਜਾਂਦਾ ਕਿਉਂਕਿ ਆਪਣਿਆਂ ਦੀਆਂ ਨਜਰਾਂ ਵਿਚ ਉਹ ਹੁਣ ਕਿਸੇ ਕੰਮ ਦਾ ਨਹੀਂ ਰਿਹਾ। ਆਪਣੇ ਬੱਚਿਆਂ ਲਈ ਹਿੰਮਤ, ਹੌਂਸਲਾ, ਸਾਧਨਾ, ਸਿਰੜ, ਸਮਰਪਣ, ਸਾਦਗੀ ਅਤੇ ਸਹਿਜਤਾ ਦਾ ਸਿਰਨਾਵਾਂ ਬਣ ਕੇ ਮਾਰਗ-ਦਰਸ਼ਨ ਕਰਨ ਵਾਲੇ ਬਜੁ਼ਰਗ ਜਦ ਬੇਧਿਆਨਾ ਹੋਣ ਲੱਗਦਾ ਤਾਂ ਉਹ ਨਹੀਂ ਬੋਲਦਾ ਸਗੋਂ ਉਸਦੀ ਖਾਮੋਸ਼ੀ ਬੋਲਦੀ। ਆਪਣੇ ਬਜੁਰਗਾਂ ਨੂੰ ਨਜ਼ਰਅੰਦਾਜ਼ ਕਰਨ ਵਾਲੇ ਦਰਅਸਲ ਅਜੇਹੀ ਫ਼ਸਲ ਬੀਜ ਰਹੇ ਹੁੰਦੇ ਜਿਸਨੂੰ ਕੱਟਣ ਲੱਗਿਆਂ ਉਨ੍ਹਾਂ ਦੇ ਨੈਣਾਂ ਵਿਚ ਵਗੇਗਾ ਖ਼ਾਰਾ ਸਮੁੰਦਰ। ਉਨ੍ਹਾਂ ਦੀਆਂ ਚਾਨਣੀਆਂ ਰਾਤਾਂ `ਚ ਉਤਰਨੀ ਹੈ ਮੱਸਿਆ ਕਿਉਂਕਿ ਜੋ ਵੀ ਤੁਸੀਂ ਬੀਜਦੇ ਹੋ, ਉਹ ਵੱਢਣਾ ਤਾਂ ਖੁਦ ਨੂੰ ਹੀ ਪੈਣਾ। ਸਿਆਣੇ ਅਕਸਰ ਕਿਹਾ ਕਰਦੇ ਸਨ ਕਿ ਘਰ ਦੇ ਭਾਗ ਦੇਖਣੇ ਹੋਣ ਤਾਂ ਉਸ ਘਰ ਦੇ ਬਜੁਰਗਾਂ ਨੂੰ ਦੇਖਣਾ। ਤੁਹਾਨੂੰ ਘਰ ਦੇ ਨਸੀਬ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਕਿ ਉਸ ਘਰ ਦੀਆਂ ਨੀਹਾਂ ਮਜਬੂਤ ਨੇ ਜਾਂ ਜ਼ਰਜਰੀ ਨੇ। ਇਸਦੇ ਚੌਬਾਰੇ ਦੇ ਕਿੰਗਰੇ ਡਿੱਗਣ ਵਾਲੇ ਹਨ ਜਾਂ ਇਸਦੀ ਬੁਲਦੰਗੀ ਸਦੀਵ ਹੈ। ਇਸਦੇ ਬੰਨੇਰਿਆਂ ਤੇ ਮੋਮਬੱਤੀਆਂ ਜਗਣਗੀਆਂ ਜਾਂ ਉਲੂ ਬੋਲਣਗੇ। ਕੰਧਾਂ ਦੀ ਖੋੜ੍ਹਾਂ ਵਿਚ ਪਿੱਪਲ ਤੇ ਬੋਹੜ ਉਗਣਗੇ ਜਾਂ ਕੰਧਾਂ ਘਰ ਦੀ ਸਲਾਮਤੀ ਦਾ ਰਾਗ ਗਾਉਣਗੀਆਂ। ਬਹੁਤ ਕੁਝ ਦੱਸ ਦਿੰਦੀ ਹੈ ਬਜੁਰਗਾਂ ਦੀ ਦਸ਼ਾ। ਬਜ਼ੁਰਗ ਤਾਂ ਆਲ਼ੇ-ਵਿਚਲਾ ਉਹ ਚਿਰਾਗ ਜਿਸਨੇ ਵਿਹੜੇ ਨੂੰ ਰੌਸ਼ਨ ਕਰਨਾ ਹੁੰਦਾ। ਘਰ ਦੀ ਪਾਕੀਜਗੀ ਦਾ ਪ੍ਰਮਾਣ। ਸਿਆਣਪਾਂ ਅਤੇ ਸਮੁੱਤਾਂ ਦਾ ਅਣਮੋਲ ਖਜਾਨਾ। ਆਪਣੀ ਔਲਾਦ ਦੇ ਖ਼ੈਰਖਾਹ। ਆਪਣੇ ਬੱਚਿਆਂ ਦੀਆਂ ਸੱੁਖਾਂ ਮੰਗਦੇ। ਆਪਣੀ ਅਰਦਾਸ ਵਿਚ ਸ਼ਾਮਲ ਕਰਦੇ ਕੁੱਖੋਂ ਜਾਏ। ਪਰ ਜਦ ਕੁੱਖੋਂ ਜਾਏ ਹੀ ਮਾਪਿਆਂ ਦੀ ਅੰਤਮ ਅਰਦਾਸ ਕਰਨ ਲਈ ਕਾਹਲੇ ਹੋਣ ਤਾਂ ਬਜ਼ੁਰਗਾਂ ਦੀਆਂ ਅਸੀਸਾਂ ਵਿਚ ਪੈਦਾ ਹੋਇਆ ਰੁੱੱਦਨ ਘਰ ਨੂੰ ਰੁਆ ਦਿੰਦਾ। ਅੱਥਰੂਆਂ ਵਿਚ ਖੁਰ ਜਾਂਦੀ ਘਰ ਦੀ ਹੌਂਦ। ਬੇਗਾਨਗੀ ਹੰਢਾਉਂਦਾ ਘਰ ਕਿੰਨਾ ਕੁ ਚਿਰ ਆਪਣੀ ਸਥਿਰਤਾ ਨੂੰ ਕਿਆਸ ਸਕਦਾ? ਕਈ ਵਾਰ ਮਨ `ਚ ਆਉਂਦਾ ਕਿ ਅਸੀਂ ਆਪਣੇ ਬਜੁ਼ਰਗਾਂ ਦੀ ਅਣਦੇਖੀ ਕਿਉਂ ਕਰਦੇ? ਕੀ ਉਨ੍ਹਾਂ ਨੂੰ ਨਕਾਰਨਾ ਅਤੇ ਦੁਰਕਾਰਨਾ ਸ਼ੋਭਾ ਦਿੰਦਾ? ਅਸੀਂ ਉਨ੍ਹਾਂ ਵੱਲ ਧਿਆਨ ਕਿਉਂ ਨਹੀਂ ਦਿੰਦੇ ਜਦ ਕਿ ਨਿੱਕੇ ਹੁੰਦਿਆ ਤਾਂ ਸਾਡੇ ਮਾਪਿਆਂ ਦਾ ਸਾਹ ਹੀ ਸੁੱਕ ਜਾਂਦਾ ਸੀ। ਉਹ ਸਾਡੀ ਤਾਮੀਰਦਾਰੀ ਕਰਦੇ, ਸਾਡੀਆਂ ਭਾਵਨਾਵਾਂ ਦੀ ਤਰਜ਼ੀਹ। ਉਹ ਸਾਡੀ ਪ੍ਰੇਰਨਾ, ਮਾਣ ਅਤੇ ਸਨਮਾਨ। ਸਾਡੇ ਸੁਪਨਿਆਂ ਦਾ ਸੱਚ ਉਨ੍ਹਾਂ ਦੀ ਬਦੌਲਤ। ਜ਼ਰਾ ਸੋਚਣਾ! ਅਗਰ ਬਜ਼ੁਰਗ ਨਾ ਹੁੰਦੇ ਤਾਂ ਕੀ ਤੁਸੀ ਹੁੰਦੇ? ਤੁਸੀਂ ਜੋ ਹੁਣ ਹੋ, ਇਹ ਸਭ ਕੁਝ ਤਾਂ ਬਜ਼ੁਰਗਾਂ ਦੀ ਦੇਣ। ਆਪਣੇ ਬਜ਼ੁਰਗਾਂ ਤੋਂ ਬੇਮੁੱਖੀ, ਬੇਅਦਬੀ, ਬੇਧਿਆਨੀ, ਬੇਰੁਹਮਤੀ ਅਤੇ ਉਨ੍ਹਾਂ ਨੂੰ ਆਖਰੀ ਵਕਤ ਸੂਲੀ ਤੇ ਲਟਕਾਉਣ ਦਾ ਹਰਜ਼ਾਨਾ ਤੁਹਾਨੂੰ ਹੀ ਭੁੱਗਤਣਾ ਪੈਣਾ ਕਿਉਂਕਿ ਜੋ ਤੁਸੀਂ ਕਰ ਰਹੇ ਹੋ, ਤੁਹਾਡੀ ਔਲਾਦ ਸਭ ਕੁਝ ਦੇਖ ਰਹੀ ਹੈ। ਕਦੇ ਕਦਾਈਂ ਆਪਣੇ ਅੰਦਰ ਝਾਤੀ ਜ਼ਰੂਰ ਮਾਰਨਾ, ਆਪਣੇ ਆਪ ਦੇ ਰੁਬਰੂ ਜ਼ਰੂਰ ਹੋਣਾ। ਖੁਦ ਨੂੰ ਪ੍ਰਸ਼ਨ ਕਰਨਾ ਅਤੇ ਫਿਰ ਆਪਣੇ ਅੰਦਰੋਂ ਹੀ ਇਸਦਾ ਜੁਆਬ ਲੱਭਣਾ ਕਿ ਅਗਰ ਭਵਿੱਖ `ਚ ਮੇਰੀ ਔਲਾਦ ਨੇ ਮੇਰੇ ਨਾਲ ਇੰਝ ਕੀਤਾ ਤਾਂ ਮੈਂਨੂੰ ਕਿੰਝ ਮਹਿਸੂਸ ਹੋਵੇਗਾ। ਇਹੀ ਸਾਡੇ ਬਜੁਰਗ ਮਹਿਸੂਸਦੇ ਜਦ ਅਸੀਂ ਉਨ੍ਹਾਂ ਕੋਲੋਂ ਪਿੱਠ ਕਰਦੇ। ਕਦੇ ਉਨ੍ਹਾਂ ਦੀਆਂ ਅਧੂਰੀਆਂ ਇਛਾਵਾਂ ਨੂੰ ਪੂਰਾ ਕਰਨਾ। ਉਨ੍ਹਾਂ ਦੇ ਅਪੂਰਨ ਚਾਵਾਂ ਦੀ ਸਾਰ ਲੈਣੀ। ਮਨਚਾਹੀਆਂ ਵਸਤਾਂ ਨੂੰ ਪ੍ਰਾਪਤ ਕਰਨ ਦੀ ਲੋਚਾ ਪੂਰੀ ਕਰਨੀ। ਉਨ੍ਹਾਂ ਥਾਵਾਂ ਦੀ ਸੈਰ ਕਰਵਾਉਣੀ ਜਿਹੜੀਆਂ ਉਹ ਤੁਹਾਡੀ ਸੰਭਾਲ ਕਰਦਿਆਂ, ਚਾਹੁੰਦਿਆਂ ਵੀ ਨਾ ਜਾ ਸਕੇ। ਉਨ੍ਹਾਂ ਨਾਲ ਚਾਹ ਦਾ ਕੱਪ ਸਾਂਝਾ ਕਰਦਿਆਂ ਦਿੱਲਲੱਗੀ ਕਰਨੀ। ਉਨ੍ਹਾਂ ਦੀ ਜਿ਼ੰਦਗੀ ਦੀ ਕਿਤਾਬ ਦੇ ਵਰਕਿਆਂ ਨੂੰ ਪੜ੍ਹਨਾ। ਉਨ੍ਹਾਂ ਦੀ ਜਦੋਜਹਿਦ ਦਾ ਧਿਆਨ ਧਰਨਾ। ਆਪਣੇ ਬੱਚਿਆਂ ਲਈ ਉਨ੍ਹਾਂ ਦੇ ਮਨ ਵਿਚ ਪੈਦਾ ਹੋਏ ਵਲਵਲਿਆਂ ਦੀ ਦਾਸਤਾਨ ਤਾਂ ਸੁਣਨਾ, ਤੁਹਾਨੂੰ ਚੰਗਾ ਲਗੇਗਾ ਕਿ ਤੁਹਾਡੇ ਬਚਪਨੇ ਤੇ ਜਵਾਨੀ ਪਹਿਰ ਵਿਚ ਤਹਾਡੇ ਮਾਪਿਆਂ ਨੇ ਕਿੰਨਾ ਕੁਝ ਚਿੱਤਵਿਆ ਅਤੇ ਇਸਦੀ ਪੁਰਤੀ ਲਈ ਕਿੰਨੇ ਜੋਖ਼ਮ ਉਠਾਏ? ਬਜੁਰਗਾਂ ਦੀ ਸਿ਼ਕਾਇਤ ਕਰਨ ਦੀ ਬਜਾਏ ਕਦੇ ਮਨ ਵਿਚ ਸ਼ੁਕਰਗੁਜਾਰੀ ਦਾ ਅਹਿਸਾਸ ਉਪਜਾਉਣਾ। ਉਨ੍ਹਾਂ ਦੀਆਂ ਅੱਖਾਂ ਵਿਚ ਪੈਦਾ ਹੋਏ ਹੁਲਾਸ ਅਤੇ ਚਿਹਰੇ ਤੇ ਪੈਦਾ ਹੋਏ ਖੇੜੇ ਨੂੰ ਜਦ ਤੁਸੀਂ ਆਪਣੇ ਸਾਹਵੇਂ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਮਾਪਿਆਂ ਲਈ ਨਿੱਕੀਆਂ ਨਿੱਕੀਆਂ ਖੁਸ਼ੀਆਂ ਵਾਸਤੇ, ਉਨ੍ਹਾਂ ਨਾਲ ਬਿਤਾਏ ਕੁਝ ਕੁ ਪਲ ਕਿੰਨੇ ਅਰਥ ਭਰਪੂਰ ਅਤੇ ਅਹਿਮ ਹਨ। ਯਾਦ ਰਹੇ ਕਿ ਵਕਤ ਨਾਲ ਜਿ਼ੰਦਗੀ ਦੇ ਮਾਅਨੇ ਬਦਲਦੇ। ਜੀਵਨ ਦੀਆਂ ਤਰਜ਼ੀਹਾਂ ਬਦਲਦੀਆਂ। ਕਾਰ-ਵਿਹਾਰ ਅਤੇ ਜੀਵਨ-ਜਾਚ ਵੀ ਬਦਲਦੀ। ਸਰੋਕਾਰ ਅਤੇ ਸੰਵੇਦਨਾਵਾਂ ਵੀ ਬਦਲਦੀਆਂ ਤੇ ਸਮਾਜ ਵੀ ਬਦਲਦਾ। ਪਰ ਜੋ ਲੋਕ ਆਪਣੀਆਂ ਕਦਰਾਂ ਕੀਮਤਾਂ ਦਾ ਸੌਦਾ ਕਰਦੇ, ਮਾਨਵੀ ਮੁੱਲਾਂ ਨੂੰ ਨਿਲਾਮ ਕਰਦੇ, ਆਪਣੀ ਜ਼ਮੀਰ ਦੀ ਸੌਦੇਬਾਜੀ ਕਰਦੇ ਅਤੇ ਨਿੱਜੀ ਮੁਫਾਦ ਦੀ ਖ਼ਾਤਰ ਆਪਣੇ ਬਜੁਰਗਾਂ ਨੂੰ ਬੇਦਖ਼ਲੀ ,ਬੇਘਰੀ ਅਤੇ ਬੇਗਾਨਗੀ ਦੀ ਜਿ਼ੰਦਗੀ ਜਿਊਣ ਲਈ ਮਜਬੂਰ ਕਰਦੇ, ਉਹ ਸਮਾਜ ਲਈ ਸੱਭ ਤੋਂ ਵੱਡਾ ਕ਼ਲੰਕ। ਅਜੇਹੇ ਲੋਕ ਆਪਣੀ ਔਲਾਦ ਕੋਲੋਂ ਕੁਝ ਚੰਗੇਰਾ ਦੀ ਆਸ ਕਿਵੇਂ ਰੱਖਣਗੇ? ਅਜੇਹੇ ਲੋਕ ਬਜੁਰਗਾਂ ਦੇ ਪਿਆਰ ਦੀ ਲੋਚਾ ਦਾ ਸਿਵਾ ਆਪਣੇ ਹੱਥੀਂ ਸੇਕ, ਆਪਣਾ ਮਰਸੀਆ ਖੁਦ ਪੜ੍ਹਦੇ। ਬਜ਼ੁਰਗਾਂ ਦੀ ਨਿੱਕੀ ਮੋਟੀ ਗਲਤੀ ਨੂੰ ਨਜ਼ਰਅੰਦਾਜ ਕਰੋ। ਉਨ੍ਹਾਂ ਦੀ ਕੁਤਾਹੀ ਨੂੰ ਅਣਡਿੱਠ ਕਰੋ। ਉਨ੍ਹਾਂ ਦੀਆਂ ਝਿੜਕਾਂ ਦਾ ਬੁਰਾ ਨਾ ਮਨਾE। ਉਹ ਨਾ ਰਹੇ ਤਾਂ ਤੁਹਾਨੂੰ ਕਿਸੇ ਨੇ ਨਹੀਂ ਝਿੜਕਣਾ। ਉਨ੍ਹਾਂ ਦੀਆਂ ਸਲਾਹਾਂ ਨੂੰ ਵਲੋਂ ਬੇਧਿਆਨੇ ਨਾ ਹੋਵੋ। ਉਨ੍ਹਾਂ ਦੇ ਖਾਣ-ਪੀਣ, ਰਹਿਣ-ਸਹਿਣ ਅਤੇ ਕਪੜਿਆਂ ਵੱਲ ਤਵੱਜੋਂ ਦਿੋਓ। ਉਨ੍ਹਾਂ ਦੀਆਂ ਸਿ਼ਕਾਇਤਾਂ ਅਤੇ ਸਿ਼ਕਵਿਆਂ ਨੂੰ ਦੂਰ ਕਰੋ। ਉਨ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਲਈ ਉਚੇਚ ਕਰੋ। ਉਨ੍ਹਾਂ ਦੀਆਂ ਭਾਂਵਨਾਵਾਂ ਦੀ ਕਦਰ ਕਰੋ। ਉਨ੍ਹਾਂ ਨੂੰ ਅਹਿਸਾਸ ਕਰਾE ਕਿ ਉਹ ਤੁਹਾਡੇ ਸੱਭ ਤੋਂ ਕਰੀਬੀ ਹਨ। ਉਨ੍ਹਾਂ ਨੂੰ ਅਹਿਮਅਿਤ ਦਿਓ । ਉਨ੍ਹਾਂ ਨੂੰ ਇਹ ਦੱਸੋ ਕਿ ਤੁਸੀਂ ਉਨ੍ਹਾਂ ਦੇ ਸੱਭ ਤੋਂ ਪਿਆਰੇ ਹੋ ਅਤੇ ਇਹੀ ਪਿਆਰ ਤੁਹਾਨੂੰ ਕਈ ਗੁਣਾ ਹੋ ਕੇ ਮਿਲੇਗਾ। ਖਾਸ ਮੌਕਿਆਂ ਤੇ ਉਨ੍ਹਾਂ ਨੂੰ ਖਾਸ ਹੋਣ ਦਾ ਅਹਿਸਾਸ ਵੀ ਕਰਵਾE। ਕੀ ਤੁਹਾਨੂੰ ਪਤਾ ਹੈ ਕਿ ਕਿੰਨੀਆਂ ਖਾਹਸ਼ਾਂ, ਖ਼ਾਬ ਅਤੇ ਖਿ਼ਆਲ ਆਪਣੇ ਦਿਲ ਵਿਚ ਦਫ਼ਨਾ, ਬਜੁ਼ਰਗ ਇਸ ਜਹਾਨੋਂ ਰੁੱਖਸਤ ਹੋ ਜਾਂਦੇ। ਇਸ ਅਧੂਰੇਪਣ, ਅਪੂਰਨਤਾ ਅਤੇ ਅਮਾਨਵਤਾ ਨੂੰ ਆਪਣੇ ਅੰਦਰ ਲੈ ਕੇ ਅਤੇ ਆਪਣੇ ਬੱਚਿਆਂ ਦੀਆਂ ਨੋਕ-ਟੋਕ ਨੂੰ ਸਹੇੜ ਕੇ ਜਿਊਣਾ, ਬਜ਼ੁਰਗਾਂ ਲਈ ਕਿੰਨਾ ਵੱਡਾ ਅਜ਼ਾਬ। ਸਮਜਣਾ ਚਾਹੀਦਾ ਕਿ ਜਦ ਬਜ਼ੁਰਗ ਆਖ਼ਰੀ ਵਕਤ ਆਪਣਿਆਂ ਵਿਚ ਘਿਰਿਆ, ਆਪਣਿਆਂ ਨੂੰ ਆਖਰੀ ਅਲਵਿਦਾ ਕਹਿ ਕੇ ਅੱਖਾਂ ਮੀਟਦਾ ਤਾਂ ਘਰ ਦੀ ਫਿ਼ਜਾ ਵਿਚ ਮਾਣਮੱਤੀ ਜਿੰ਼ਦਗੀ ਦੀ ਸਰਗਮ ਛੇੜਦਾ ਜਿਹੜੀ ਸਰਗਮ ਅਗਲੀ ਪੀਹੜੀ ਨੇ ਸੁਣ ਕੇ ਆਪਣੇ ਮਾਪਿਆਂ ਦੇ ਨਾਮ ਸੁਖਨ ਕਰਨਾ ਹੁੰਦਾ। ਦਰਅਸਲ ਸੱਚ ਤਾਂ ਇਹ ਹੈ ਕਿ; ਮਾਪੇ ਹੁੰਦੇ ਰਹਿਮਤ ਰੱਬ ਦੀ, ਤੇ ਝੋਲੀ ਵਿਚ ਦੁਆਵਾਂ। ਜਦ ਮੈਂ ਆਪਣੇ ਜਿੰਦਗੀ ਦੇ ਪੰਨੇ ਪਲਟਦਾ ਤਾਂ ਚਾਰ ਵਾਰੀ ਆਪਣੇ ਬਾਪ ਦੇ ਦੀਦਿਆਂ ਵਿਚ ਆਏ ਹਾਵ-ਭਾਵ ਹੁਣ ਤੀਕ ਵੀ ਚੇਤੇ ਹਨ। ਇਹ ਪਲ੍ਹ ਮੈਂਨੂੰ ਅਪਣੱਤ ਦਾ ਅਹਿਸਾਸ ਕਰਵਾਉਂਦੇ, ਨਮੋਸ਼ੀ `ਚ ਪੀੜ ਪੀੜ ਵੀ ਕਰਦੇ ਅਤੇ ਮੈਂਂਨੂੰ ਅਸੀਮ ਅਸੀਸਾਂ ਨਾਲ ਵੀ ਨਿਵਾਜਦੇ। ਪਹਿਲੀ ਵਾਰ ਮੈਂ ਆਪਣੇ ਬਾਪ ਦੇ ਨੈਣਾਂ ਨੂੰ ਨੀਝ ਨਾਲ ਉਸ ਵੇਲੇ ਤੱਕਿਆ ਜਦ ਮੈਂ ਪ੍ਰੈਪ ਵਿਚੋਂ ਫੇਲ੍ਹ ਹੋ ਗਿਆ। ਉਸਦੀਆਂ ਅੱਖਾਂ ਵਿਚ ਉਤਰੀ ਉਦਾਸੀ ਅਤੇ ਹਤਾਸ਼ੀ ਨੇ ਮੈਂਨੂੰ ਇੰਨਾ ਬੇਚੈਨ ਅਤੇ ਸ਼ਰਮਿੰਦਾ ਕੀਤਾ ਕਿ ਉਸ ਪਲ ਨੇ ਮੇਰੇ ਲਈ ਜਿੰਦਗੀ ਦੇ ਅਰਥ ਹੀ ਬਦਲ ਦਿੱਤੇ। ਬਦਲ ਗਈਆਂ ਮੇਰੀਆਂ ਤਰਜ਼ੀਹਾਂ ਅਤੇ ਮੱਥੇ ਤੇ ਲਿਖੀਆਂ ਗਈਆਂ ਤਕਦੀਰਾਂ। ਦੂਸਰੀ ਵਾਰ ਬਾਪ ਦੇ ਮਾਣਮੱਤੇ ਨੈਣਾਂ ਨੂੰ ਨਿੱਠ ਕੇ ਦੇਖਿਆ ਜਦ ਪ੍ਰੈਪ ਵਿਚ ਫ਼ੇਲ੍ਹ ਹੋਣ ਵਾਲੇ ਉਸਦੇ ਪੁੱਤ ਨੇ ਨਿਊਕਲੀਅਰ ਫਿ਼ਜਿਕਸ ਵਿਚ ਪੀਐਚਡੀ ਕੀਤੀ। ਤੀਸਰੀ ਵਾਰ ਬਾਪ ਦੇ ਨੈਣਾਂ ਵਿਚ ਵਿਛੋੜੇ ਦਾ ਦਰਦ ਛੱਲਕਿਆ ਜਦ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਪੁੱਤ ਸ਼ਾਨਦਾਰ ਨੌਕਰੀ ਛੱਡ ਕੇ ਪ੍ਰਦੇਸ ਦੀਆਂ ਔਕੜਾਂ ਭਰੀ ਜਿ਼ੰਦਗੀ ਵਿਚੋਂ ਆਪਣੇ ਹਿੱਸੇ ਦਾ ਅਸਮਾਨ ਲੱਭਣ ਲਈ ਪਰਵਾਸੀ ਹੋਣ ਲੱਗਾ। ਪਰ ਮੇਰੇ ਲਈ ਸੱਭ ਤੋਂ ਮਹੱਤਵਪੂਰਨ ਅਤੇ ਅਣਮੋਲ ਸੀ ਉਹ ਪਲ ਜਦ ਬਾਪ ਨੇ ਆਖਰੀ ਸਾਹ ਲੈਣ ਤੋਂ ਪਹਿਲਾਂ ਮੰਜੇ ਦੀ ਬਾਹੀ ਤੇ ਬੈਠੇ ਆਪਣੇ ਪੁੱਤ ਨੂੰ ਅੱਖਾਂ ਭਰ ਕੇ ਦੇਖਿਆ। ਪਤਾ ਨਹੀਂ ਕਿੰਂਨੀਆਂ ਅਸੀਸਾਂ, ਦੁਆਵਾਂ ਅਤੇ ਰਹਿਮਤਾਂ ਨਾਲ ਨਿਵਾਜ, ਹੌਲੀ ਹੌਲੀ ਸਦਾ ਲਈ ਅੱਖਾਂ ਬੰਦ ਕਰ ਲਈਆਂ। ਉਨ੍ਹਾਂ ਅੱਖਾਂ ਦਾ ਤੁਸੱਵਰ ਮੇਰੇ ਲਈ ਸੱਭ ਤੋਂ ਵੱਡੀ ਅਮਾਨਤ ਤੇ ਵਿਰਾਸਤ ਹੈ ਜਿਸਨੇ ਮੇਰੀਆਂ ਝੋਲੀਆਂ ਭਰ ਦਿੱਤੀਆਂ ਸਨ। ਇਸ ਅਣਮੋਲ ਅਮਾਨਤ ਦੇ ਕੋਲ ਹੁੰਦਿਆਂ ਬਾਪ ਦੇ ਤੁੱਰ ਜਾਣ ਦਾ ਦਰਦ ਮੈਂ ਜ਼ੀਰ ਗਿਆ ਕਿਉਂਕਿ ਮੈਂ ਆਪਣੇ ਬਾਪ ਦੀਆਂ ਅੱਖਾਂ ਵਿਚ ਆਏ ਵਿਭਿੰਨ ਰੰਗਾਂ ਰਾਹੀਂ ਦੇਖਿਆ ਕਿ ਮੈਂ ਆਪਣੇ ਬਾਪ ਦਾ ਕੁਝ ਤਾਂ ਕਰਜ਼ ਉਤਾਰ ਸਕਿਆ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by
ਬੜੇ ਚਿਰ ਬਾਅਦ ਪਿੰਡ ਆਇਆ। ਗਲੀ ਵਿਚ ਦੀ ਲੰਘਦਿਆਂ ਜਾਣਕਾਰ ਬਜੁ਼ਰਗ ਬਰਾਂਡੇ `ਚ ਬੈਠਾ ਦਿਸਿਆ। ਧੁਆ-ਸਲਾਮ ਤੋਂ ਬਾਅਦ ਹਾਲ ਪੁੱਛਿਆ ਤਾਂ ਉਸਨੇ ਸਿਰਫ਼ ਇੰਨਾ ਹੀ ਕਿਹਾ, ‘ਹਾਂ, ਠੀਕ ਹਾਂ’। ਇਸ ‘ਠੀਕ ਹਾਂ’ ਵਿਚਲੀ ਅਸਲੀਅਤ ਅਤੇ ਇਸਦੀਆਂ ਪਰਤਾਂ ਫਰੋਲਣ ਲਈ ਕੀ ਕਿਸੇ ਨੂੰ ਸੋਝੀ ਹੈ ਕਿ ਉਹ ਖਾਮੋਸ਼ ਕਿਉਂ? ਇਕ ਚੁੱਪ ਚੌਗਿਰਦੇ ਵਿਚ ਤਾਰੀ। ਹਾਣੀਆਂ ਦੀ ਮਹਿਫ਼਼ਲ ਵਿਚ ਹਾਸਾ-ਠੱਠਾ ਕਰਨ ਵਾਲਾ, ਜੀਵਨ ਦੇ ਹਰ ਮੋੜ ਤੇ ਜਿ਼ੰਦਾਦਿਲੀ ਨਾਲ ਸਾਹਮਣਾ ਕਰਨ ਵਾਲਾ ਅਤੇ ਰੱਬ ਦੇ ਰੰਗਾਂ ਵਿਚ ਰਾਜ਼ੀ ਰਹਿਣ ਵਾਲਾ ਇਹ ਇਨਸਾਨ ਚੁੱਪ ਕਿਉਂ? ਕੀ ਕਾਰਨ ਹੈ ਇਸਦੀ ਉਦਾਸੀ ਦਾ? ਕਿਉਂ ਉਹ ਗੁੰਮਸੁੰਮ ਜਿਹਾ, ਜੀਵਨ ਦੇ ਆਖਰੀ ਪਹਿਰ ਵਿਚ ਸਿਵਿਆਂ ਵੱਲ ਜਾਣ ਦੀ ਕਾਹਲ ਵਿਚ? ਉਸਦਾ ਆਰ-ਪਰਿਵਾਰ ਤਾਂ ਸੁਖੀ ਵੱਸਦਾ। ਪਰ ਉਸਦੇ ਅੰਦਰ ਵੱਸੀ ਹੋਈ ਚੁੱਪ ਨੂੰ ਕੌਣ ਬੋਲ ਦੇਵੇ? ਉਸਦੀ ਅੰਦਰਲੀ ਘੁੰਢੀ ਨੂੰ ਕੌਣ ਖੋਲੇ ਕਿ ਉਸਦਾ ਸੁੰਗੜਿਆ ਆਪਾ ਵੀ ਪਰ ਤੋਲੇ? ਪਰ ਬਜ਼ੁਰਗ ਤਾਂ ਕਬਰ ਮੱਲਣ ਲਈ ਤਿਆਰ ਅਤੇ ਕਿਸੇ ਜੀਅ ਨੂੰ ਖਬਰ ਨਹੀਂ ਕਿ ਉਹ ਇੰਝ ਕਿਉਂ ਹੋ ਗਿਆ? ਉਸਦੀ ਮਾਨਸਿਕ ਤਿੱੜਕਣ, ਉਸਦੀ ਅੰਤਰੀਵੀ ਟੁੱਟ-ਭੱਜ ਲਈ ਕੌਣ ਜਿ਼ੰਮੇਵਾਰ?