|
ਸਾਕਾ ਨਨਕਾਣਾ ਸਾਹਿਬ—ਜਸਵਿੰਦਰ ਸਿੰਘ ਰੁਪਾਲ ਸ਼ਹੀਦ ਕਿਸੇ ਵੀ ਕੌਮ ਦੇ ਪ੍ਰੇਰਨਾ ਸਰੋਤ ਹੁੰਦੇ ਹਨ ਅਤੇ ਉਹਨਾਂ ਦੇ ਸ਼ਹੀਦੀ ਦਿਨ ਉਸ ਕੌਮ ਨੂੰ ਉਹਨਾਂ ਆਦਰਸ਼ਾਂ ਬਾਰੇ ਯਾਦ ਕਰਵਾਉਂਦੇ ਹਨ, ਜਿਹਨਾਂ ਖਾਤਰ ਉਹਨਾਂ ਆਪਣੀ ਜਾਨ ਦੀ ਅਹੂਤੀ ਦੇ ਦਿੱਤੀ ਸੀ। ਅਸੀਂ ਹਰ ਰੋਜ ਅਰਦਾਸ ਵਿੱਚ ਉਹਨਾਂ ਦਾ ਧਿਆਨ ਧਰਦੇ ਹਾਂ ਜਿਹਨਾਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਅਜਿਹੇ ਹੀ ਸ਼ਹੀਦਾਂ ਦੀ ਯਾਦ ਕਰਵਾਉਂਦਾ ਹੈ 20 ਫਰਵਰੀ 1921 ਨੂੰ ਵਾਪਰਿਆ ਸਾਕਾ ਨਨਕਾਣਾ ਸਾਹਿਬ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਮੁਗਲ ਹਕੂਮਤ ਵੱਲੋਂ ਸਿੱਖ ਪੰਥ ਉੱਤੇ ਜ਼ੁਲਮ ਵਧੇ ਤਾਂ ਗੁਰੂ ਕੇ ਸਿੰਘ ਆਪਣੇ ਘਰ ਘਾਟ ਤਿਆਗ ਕੇ ਪਹਾੜਾਂ ਅਤੇ ਜੰਗਲਾਂ ਵਰਗੀਆਂ ਸੁਰੱਖਿਅਤ ਥਾਵਾਂ ਤੇ ਜਾ ਕੇ ਆਪਣੀ ਦਿਨ ਕਟੀ ਕਰਨ ਲੱਗੇ। ਉਸ ਸਮੇਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਕੰਮ ਨਿਰਮਲੇ ਮਹੰਤਾਂ ਅਤੇ ਉਦਾਸੀ ਸੰਪਰਦਾਇ ਦੇ ਮਹੰਤਾਂ ਕੋਲ ਚਲਿਆ ਗਿਆ। ਆਰੰਭ ਵਿਚ ਤਾਂ ਇਹਨਾਂ ਮਹੰਤਾਂ ਨੇ ਬਹੁਤ ਵਧੀਆ ਤਰੀਕੇ ਨਾਲ ਇਹ ਜਿੰਮੇਵਾਰੀ ਨਿਭਾਈ ਪਰ ਵਕਤ ਨਾਲ ਇਸ ਪ੍ਰਬੰਧ ਵਿੱਚ ਬਹੁਤ ਖਾਮੀਆਂ ਪੈਦਾ ਹੋ ਗਈਆਂ। ਇਹਨਾਂ ਨੇ ਗੁਰਦੁਆਰਿਆਂ ਅੰਦਰ ਮੰਦਰਾਂ ਵਾਂਗ ਰਹੁ ਰੀਤੀਆਂ ਚਲਾ ਦਿੱਤੀਆਂ। ਗੁਰਦੁਆਰਿਆਂ ਵਿੱਚ ਮੂਰਤੀਆਂ ਸਥਾਪਿਤ ਕਰ ਦਿੱਤੀਆਂ। ਹੌਲੀ ਹੌਲੀ ਇਹਨਾਂ ਮਹੰਤਾਂ ਦੇ ਕਿਰਦਾਰ ਅੰਦਰ ਵੀ ਗਿਰਾਵਟ ਆਉਂਦੀ ਗਈ …. ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਿਆਂ ਦੇ ਨਾਮ ਕਾਫੀ ਜਗੀਰਾਂ ਲੁਵਾ ਦਿੱਤੀਆਂ ਸਨ। ਜਿਸ ਨਾਲ ਗੁਰਦੁਆਰਿਆਂ ਦੀ ਆਮਦਨ ਕਾਫੀ ਵਧ ਗਈ ਸੀ।ਅਤੇ ਬਹੁਤ ਸਾਰੀਆਂ ਨਵੀਆਂ ਇਮਾਰਤਾਂ ਵੀ ਬਣਵਾਈਆਂ ਗਈਆਂ ਸਨ। ਪਰ ਸਿੱਖ ਰਾਜ ਦੇ ਪਤਨ ਤੋਂ ਬਾਅਦ ਸਿੱਖ ਸਰਦਾਰਾਂ ਨੇ ਗੁਰਦੁਆਰਿਆਂ ਦੇ ਅੰਦਰੂਨੀ ਪ੍ਰਬੰਧ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਿਸ ਨਾਲ ਗੁਰਮਤਿ ਪ੍ਰਚਾਰ ਅਤੇ ਸਿੱਖ ਕਦਰਾਂ ਕੀਮਤਾਂ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ। ਪੁਜਾਰੀ ਸ਼੍ਰੇਣੀ ਹੌਲੀ ਹੌਲੀ ਗੁਰਦੁਆਰਿਆਂ ਨੂੰ ਆਪਣੀ ਨਿੱਜੀ ਜਾਇਦਾਦ ਸਮਝਣ ਲੱਗ ਗਈ। ਅੰਗਰੇਜਾਂ ਨੇ ਇਹਨਾਂ ਪੁਜਾਰੀਆਂ ਅਤੇ ਮਹੰਤਾਂ ਦੀ ਪਿੱਠ ਠੋਕੀ । ਜਦੋ ਮਾਇਆ ਅਤੇ ਸ਼ਕਤੀ ਦਾ ਮੇਲ ਹੋ ਜਾਵੇ, ਤਾਂ ਵਿਕਾਰਾਂ ਤੋਂ ਕੋਈ ਵਿਰਲਾ ਹੀ ਗੁਰੂ ਬਖਸ਼ਿਸ਼ ਨਾਲ ਬਚ ਸਕਦਾ ਹੈ। ਮਹੰਤਾਂ ਕੋਲ ਮਾਇਆ ਵੀ ਆ ਗਈ ਅਤੇ ਸਰਕਾਰੇ ਦਰਬਾਰੇ ਪੁੱਛ ਪ੍ਰਤੀਤ ਵੀ ਹੋ ਗਈ। ਉਸ ਨਾਲ ਇਹ ਮਹੰਤ ਆਪਣੀਆਂ ਮਨ ਆਈਆਂ ਕਰਨ ਲੱਗੇ। ਇਹ ਕਾਫੀ ਅਯਾਸ਼ ਹੋ ਗਏ ਅਤੇ ਗੁਰਦੁਆਰਿਆਂ ਅੰਦਰ ਸਿੱਖ ਵਿਰੋਧੀ ਕੰਮ ਵੀ ਕਰਵਾਉਣ ਲੱਗੇ। ਗੁਰਦੁਆਰਾ ਨਨਕਾਣਾ ਸਾਹਿਬ ਦੇ ਨਾਮ ਰਾਇ ਬੁਲਾਰ ਭੱਟੀ ਵੱਲੋਂ 19 ਹਜਾਰ ਏਕੜ ਦੀ ਜਗੀਰ ਤੋਂ ਇੱਕ ਲੱਖ ਰੁਪਏ ਤੋਂ ਵੱਧ ਜਮੀਨ ਦਾ ਠੇਕਾ ਆਉਂਦਾ ਸੀ ਅਤੇ ਲੱਖਾਂ ਰੁਪਏ ਦਾ ਚੜ੍ਹਾਵਾ ਵੀ ਸੀ । ਇਸੇ ਲਈ ਇਥੋਂ ਦਾ ਨਰੈਣੂ ਮਹੰਤ ਜਿਸ ਦਾ ਪੂਰਾ ਨਾਮ ਨਰਾਇਣ ਦਾਸ ਸੀ, ਇੰਨਾ ਡਿਗ ਚੁੱਕਿਆ ਸੀ ਕਿ ਉਸਨੇ ਗੁਰਦੁਆਰੇ ਅੰਦਰ ਸ਼ਰਾਬ ਅਤੇ ਤੰਬਾਕੂ ਵਰਗੇ ਹੋਰ ਨਸ਼ੇ ਵਰਤਣੇ ਵੀ ਸ਼ੁਰੂ ਕਰ ਦਿੱਤੇ ਸਨ। ਉਦੋਂ ਤਾਂ ਹੱਦ ਹੀ ਹੋ ਗਈ ਜਦੋਂ ਉਸ ਨੇ ਦਰਬਾਰ ਸਾਹਿਬ ਅੰਦਰ ਕੰਜਰੀਆਂ ਦਾ ਨਾਚ ਵੀ ਕਰਵਾਇਆ। ਉਸ ਦਾ ਵਿਰੋਧ ਅਖਬਾਰਾਂ ਰਾਹੀਂ ਵੀ ਹੋਇਆ। ਉਸ ਦੇ ਵਿਰੁੱਧ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਅਤੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ । 1918 ਈਸਵੀ ਨੂੰ ਸਿੰਧ ਦੇ ਰਹਿਣ ਵਾਲਾ ਇੱਕ ਰਿਟਾਇਰਡ ਅਫਸਰ ਨਨਕਾਣਾ ਸਾਹਿਬ ਆਪਣੇ ਪਰਿਵਾਰ ਨਾਲ ਆਇਆ, ਤਾਂ ਮਹੰਤ ਨੇ ਉਸਦੀ ਬੇਟੀ ਨਾਲ ਦੁਰਵਿਵਹਾਰ ਕੀਤਾ ਜਿਸ ਨਾਲ ਮਹੰਤ ਵਿਰੁੱਧ ਗੁੱਸੇ ਦੀ ਅੱਗ ਹੋਰ ਭੜਕ ਉੱਠੀ। ਅਕਤੂਬਰ 1920 ਵਿੱਚ ਸ਼ੇਖੂਪੁਰਾ ਦੇ ਪਿੰਡ ਧਾਰੋਵਾਲੀ ਵਿਖੇ ਇਕ ਸਜੇ ਦੀਵਾਨ ਵਿਚ ਸੰਗਤ ਦੇ ਇਕੱਠ ਵਿਚ ਨਨਕਾਣਾ ਸਾਹਿਬ ਦੇ ਪ੍ਰਬੰਧ ਦੇ ਸੁਧਾਰ ਦਾ ਮਤਾ ਪੇਸ਼ ਕੀਤਾ ਗਿਆ। ਜਿਸ ਦਾ ਪਤਾ ਉਸਨੂੰ ਲੱਗ ਗਿਆ। ਉਸਨੇ ਆਪਣੀ ਰਖਵਾਲੀ ਲਈ 400-500 ਦੇ ਕਰੀਬ ਭਾੜੇ ਤੇ ਗੁੰਡੇ ਵੀ ਰੱਖ ਲਏ ਅਤੇ ਹਥਿਆਰ ਵੀ ਇੱਕਠੇ ਕਰਨੇ ਸ਼ੁਰੂ ਕਰ ਦਿੱਤੇ। ਮਹੰਤ ਨਰੈਣੂ ਨੇ ਗੁਰਦੁਆਰੇ ਅੰਦਰ ਕਿਲਬੰਦੀ ਕਰ ਲਈ ਅਤੇ ਛਵੀਆਂ,ਕੁਹਾੜੇ,ਟਕੂਏ ਆਦਿ ਹਥਿਆਰ ਬਣਾਉਣ ਲਈ ਵੀ ਭੱਠੀਆ ਚਾਲੂ ਕਰ ਦਿੱਤੀਆਂ। ਕਿਉਂਕਿ ਸਿੱਖ ਪੰਥ ਹੌਲੀ ਹੌਲੀ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਆਪਣੇ ਹੱਥਾਂ ਵਿਚ ਲੈਣਾ ਸ਼ੁਰੂ ਕਰ ਚੁੱਕਾ ਸੀ, ਜਿਸ ਨੂੰ ਵਕਤ ਦੀ ਅੰਗਰੇਜ਼ੀ ਸਰਕਾਰ ਬਗਾਵਤ ਦਾ ਮੁੱਢ ਮੰਨਦੀ ਸੀ। ਲਾਹੌਰ ਡਵੀਜਨ ਦੇ ਕਮਿਸ਼ਨਰ ਸੀ ਐਮ ਕਿੰਗ ਨੇ ਨਰੈਣੂ ਮਹੰਤ ਨੂੰ ਭਰੋਸਾ ਦਿੱਤਾ ਕਿ ਜੇ ਸਿੰਘਾਂ ਨੇ ਗੁਰਦੁਆਰੇ ਤੇ ਧਾਵਾ ਬੋਲਿਆ, ਤਾਂ ਉਸਦੀ ਮੱਦਦ ਕੀਤੀ ਜਾਵੇਗੀ। ਨਰੈਣੂ ਦੇ ਸਾਥੀ ਮਹੰਤਾਂ ਨੇ ਵੀ ਉਸਨੂੰ ਸਲਾਹ ਦਿੱਤੀ ਕਿ ਜੇ ਸਿੰਘ ਗੁਰਦੁਆਰੇ ਦਾ ਕਬਜਾ ਲੈਣ ਆਉਣ ਤਾਂ ਬਿਨਾ ਝਿਜਕ ਉਹਨਾਂ ਨੂੰ ਮਾਰ ਮੁਕਾਇਆ ਜਾਵੇ। ਇੱਧਰ ਸਿੰਘਾਂ ਨੇ ਵੀ ਵਿਚਾਰਾਂ ਕੀਤੀਆਂ । ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਮਹੰਤ ਦੇ ਨਾਮ ਉਸਦੇ ਆਚਰਣ ਦੇ ਸੁਧਾਰ ਲਈ ਅਤੇ ਨਨਕਾਣਾ ਸਾਹਿਬ ਗੁਰਦੁਆਰੇ ਦੇ ਪ੍ਰਬੰਧ ਵਿਚ ਸੁਧਾਰ ਲਈ ਚਿੱਠੀ ਵੀ ਲਿਖੀ ਗਈ। ਨਨਕਾਣਾ ਸਾਹਿਬ ਵਿਖੇ ਦੀਵਾਨ ਅਤੇ ਲੰਗਰ ਦੇ ਪ੍ਰਬੰਧ ਲਈ ਭਾਈ ਲਛਮਣ ਸਿੰਘ, ਸ. ਦਲੀਪ ਸਿੰਘ, ਸ. ਤੇਜਾ ਸਿੰਘ ਸਮੁੰਦਰੀ, ਸ ਕਰਤਾਰ ਸਿੰਘ ਝੱਬਰ ਅਤੇ ਸ. ਬਖਸ਼ਿਸ਼ ਸਿੰਘ ਤੇ ਅਧਾਰਤ ਇੱਕ ਕਮੇਟੀ ਬਣਾ ਦਿੱਤੀ ਗਈ। ਸਿੱਖ ਸੰਗਤ ਦੇ ਮੁਖੀਆਂ ਨੇ ਫੈਸਲਾ ਕੀਤਾ ਕਿ ਕੋਈ ਪੱਕੀ ਤਾਰੀਖ ਨਿਸ਼ਚਿਤ ਕੀਤੇ ਬਿਨਾਂ ਕੋਈ ਜੱਥਾ ਲੈ ਕੇ ਨਨਕਾਣਾ ਸਾਹਿਬ ਨਾ ਜਾਵੇ ਪਰ ਭਾਈ ਲਛਮਣ ਸਿੰਘ ਧਾਰੋਵਾਲੀ ਅਤੇ ਸ.ਕਰਤਾਰ ਸਿੰਘ ਝੱਬਰ ਆਪਣੇ ਆਪਣੇ ਜੱਥੇ ਲੈ ਕੇ ਨਨਕਾਣਾ ਸਾਹਿਬ ਪੁੱਜਣਾ ਚਾਹੁੰਦੇ ਸਨ। ਦੋਹਾਂ ਜੱਥਿਆ ਨੂੰ ਰੋਕਣ ਦਾ ਯਤਨ ਕੀਤਾ ਗਿਆ। ਸ.ਕਰਤਾਰ ਸਿੰਘ ਝੱਬਰ ਦਾ ਜੱਥਿਆ ਰੋਕ ਲਿਆ ਗਿਆ, ਪਰ ਭਾਈ ਲਛਮਣ ਸਿੰਘ ਧਾਰੋਵਾਲੀ ਦੇ ਜੱਥੇ ਨੂੰ ਨਾ ਰੋਕਿਆ ਜਾ ਸਕਿਆ। ਲਛਮਣ ਸਿੰਘ ਦੇ ਸਾਥੀ ਭਾਈ ਟਹਿਲ ਸਿੰਘ ਜੀ ਨੇ ਕਿਹਾ ਕਿ ਅੱਜ ਗੁਰੂ ਹਰਿਰਾਇ ਜੀਂ ਦਾ ਪ੍ਰਕਾਸ਼ ਦਿਵਸ ਹੈ। ਗੁਰਦੁਆਰਾ ਸਾਹਿਬ ਮੱਥਾ ਟੇਕ ਲੈਂਦੇ ਹਾਂ। ਜਦੋਂ ਅਸੀਂ ਸਾਂਤਮਈ ਰਹਿਣਾ ਹੈ, ਫੇਰ ਕੋਈ ਝਗੜਾ ਨਹੀਂ ਪੈਂਦਾ। ਇਸ ਤਰਾਂ ਇਹ ਜੱਥਾ 20 ਫਰਬਰੀ 1921 ਨੂੰ ਨਨਕਾਣਾ ਸਾਹਿਬ ਪੁੱਜ ਗਿਆ। ਮਹੰਤ ਨਰੈਣੂ ਨੇ ਹਮਲੇ ਦੀ ਪਹਿਲਾਂ ਹੀ ਤਿਆਰੀ ਕਰ ਰੱਖੀ ਸੀ। ਜਿਉਂ ਹੀ ਭਾਈ ਲਛਮਣ ਸਿੰਘ ਜੀ ਜੱਥੇ ਸਮੇਤ ਗੁਰਦੁਆਰਾ ਸਾਹਿਬ ਵਿਚ ਦਾਖਿਲ ਹੋਏ, ਮਹੰਤ ਨੇ ਬਾਹਰਲੇ ਦਰਵਾਜੇ ਬੰਦ ਕਰਵਾ ਦਿੱਤੇ ਅਤੇ ਉਸਦੇ ਗੁੰਡਿਆਂ ਨੇ ਸਿੰਘਾਂ ਉੱਪਰ ਵਾਰ ਕਰ ਦਿੱਤਾ। ਛਤ ਤੋਂ ਗੋਲੀਆਂ ਚਲਾਈਆਂ ਗਈਆਂ । ਵਿਹੜੇ ਵਿਚ 25-26 ਸਿੰਘ ਸ਼ਹੀਦ ਹੋ ਗਏ। ਭਾਈ ਲਛਮਣ ਸਿੰਘ ਗੋਲੀਆਂ ਨਾਲ ਜ਼ਖਮੀ ਹੋ ਗਏ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਵੀ ਗੋਲੀਆਂ ਲੱਗੀਆਂ। ਕੋਈ 60 ਕੁ ਸਿੰਘ ਦਰਬਾਰ ਸਾਹਿਬ ਦੇ ਅੰਦਰ ਸ਼ਹੀਦ ਹੋ ਗਏ। ਜਿਹੜਾ ਵੀ ਫ਼ੱਟੜ ਜਿਉਂਦਾ ਨਜਰ ਆਇਆ, ਉਸਨੂੰ ਛਵੀਆਂ ਨਾਲ ਮਾਰ ਦਿੱਤਾ ਗਿਆ। ਜਖਮੀ ਭਾਈ ਲਛਮਣ ਸਿੰਘ ਨੂੰ ਜੰਡ ਦੇ ਦਰੱਖਤ ਨਾਲ ਪੁੱਠਾ ਬੰਨ੍ਹ ਕੇ ਥੱਲੇ ਅੱਗ ਲਾ ਕੇ ਸਾੜ ਦਿੱਤਾ ਗਿਆ। ਕੁਝ ਸਿੰਘਾਂ ਨੂੰ ਜਿਊਂਦਿਆਂ ਹੀ ਭੱਠੀਆ ਵਿਚ ਸੁੱਟ ਕੇ ਸਾੜ ਦਿੱਤਾ ਗਿਆ। ਨੌਂ ਸਾਲ ਦੇ ਦਰਬਾਰਾ ਸਿੰਘ ਨੂੰ ਪਹਿਲਾਂ ਅਲਮਾਰੀ ਵਿਚ ਬੰਦ ਕਰ ਦਿੱਤਾ, ਇਹ ਉਥੋਂ ਹੀ ਵੰਗਾਰਦਾ ਰਿਹਾ। ਫੇਰ ਇਸਨੂੰ ਬਲਦੀ ਚਿਖਾ ਵਿਚ ਸੁੱਟ ਦਿੱਤਾ ਗਿਆ। ਕਰਤਾਰ ਸਿੰਘ ਝੱਬਰ ਜੋ 2200 ਸਿੰਘਾਂ ਦਾ ਜੱਥਾ ਲੈ ਕੇ ਆ ਰਿਹਾ ਸੀ, ਉਸਨੂੰ 21 ਫਰਬਰੀ ਨੂੰ ਪਿੰਡ ਖਿਪਵਾੜਾ ਕੋਲ ਡਿਪਟੀ ਕਮਿਸ਼ਨਰ ਨੇ ਰੋਕ ਲਿਆ। ਅਤੇ ਸਲਾਹ ਮਸ਼ਵਰੇ ਪਿੱਛੋਂ ਝੱਬਰ ਨੂੰ ਨਨਕਾਣਾ ਸਾਹਿਬ ਦੀਆਂ ਚਾਬੀਆ ਇਸ ਸ਼ਰਤ ਤੇ ਦਿੱਤੀਆਂ ਕਿ ਪ੍ਰਬੰਧ ਲਈ ਇਕ ਕਮੇਟੀ ਬਣਾ ਦਿੱਤੀ ਜਾਵੇ। ਸ ਹਰਬੰਸ ਸਿੰਘ ਅਟਾਰੀ ਨੂੰ ਪ੍ਰਧਾਨ ਬਣਾ ਕੇ ਇਕ ਕਮੇਟੀ ਬਣਾ ਦਿੱਤੀ ਗਈ। ਅਤੇ ਅੱਧੀ ਦਰਜਨ ਤੋਂ ਵੱਧ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤਾ ਗਿਆ। ਮਹੰਤ ਨਰੈਣੂ ਤੇ ਸਾਥੀਆਂ ਖਿਲਾਫ ਮੁੱਕਦਮਾ ਦਾਇਰ ਹੋਇਆ। ਅਦਾਲਤ ਨੇ 12 ਅਕਤੂਬਰ 1921 ਨੂੰ ਨਰੈਣੂ ਤੇ 7 ਹੋਰ ਨੂੰ ਫਾਂਸੀ, 8 ਨੂੰ ਉਮਰ ਕੈਦ , 16 ਨੂੰ 7 ਸਾਲ ਦੀ ਕੈਦ ਅਤੇ ਬਾਕੀਆਂ ਨੂੰ ਰਿਹਾ ਕਰ ਦਿੱਤਾ। ਲਾਹੌਰ ਹਾਈ ਕੋਰਟ ਵਿਚ ਅਪੀਲ ਕਰਨ ਤੇ ਫਾਂਸੀ ਦੀ ਸਜਾ ਉਮਰ ਕੈਦ ਵਿਚ ਬਦਲ ਦਿੱਤੀ ਗਈ। ਸਿਰਫ 3 ਨੂੰ 7 ਸਾਲ ਦੀ ਸਜਾ ਹੋਈ ਤੇ ਬਾਕੀ ਸਭ ਬਰੀ ਕਰ ਦਿੱਤੇ ਗਏ। ਸਿੱਖ ਪੰਥ ਨੇ ਇਹਨਾਂ ਸ਼ਹੀਦਾਂ ਨੂੰ ਮਾਣ ਸਤਿਕਾਰ ਦਿੱਤਾ। ਇਹਨਾਂ ਦਾ ਜਿਕਰ ਅਰਦਾਸ ਵਿੱਚ ਸ਼ਾਮਲ ਕੀਤਾ। ਨਨਕਾਣਾ ਸਾਹਿਬ ਗੁਰਦੁਆਰਾ ਸਾਜਿਬ ਵਿਚ ਅੱਜ ਵੀ ਇਸ ਸਾਕੇ ਦੀਆਂ ਯਾਦਾਂ ਸੁਰੱਖਿਅਤ ਹਨ ਜਿਹੜੀਆਂ ਕੌਮ ਨੂੰ ਆਪਣੇ ਗੁਰਦੁਆਰਿਆਂ ਦੀ ਰਾਖੀ ਦੀ ਪ੍ਰੇਰਨਾ ਦਿੰਦੀਆਂ ਹਨ। ਪਾਤਸ਼ਾਹ ਬਖਸ਼ਿਸ਼ ਕਰਨ ਉਹਨਾਂ ਸ਼ਹੀਦਾਂ ਦਾ ਸਿਦਕ, ਉਹਨਾਂ ਦਾ ਗੁਰੂ ਪ੍ਰੇਮ ਅਤੇ ਉਹਨਾਂ ਦੀ ਗੁਰਦੁਆਰਿਆਂ ਵਿੱਚ ਨਿਰੋਲ ਗੁਰਮਤਿ ਦੇਖਣ ਦੀ ਇੱਛਾ ਨੂੰ ਪੂਰੀ ਕਰਨ। ਅਜੋਕੇ ਸਿੱਖ ਆਪਣੇ ਤਕਰਾਰ ਛੱਡ ਕੇ, ਗੁਰੂ ਗਿਆਨ ਤੋਂ ਸੋਝੀ ਲੈ ਕਰ ਆਪਣੇ ਜੀਵਨ ਨੂੰ ਗੁਰਮਤਿ ਰੰਗ ਵਿਚ ਰੰਗ ਸਕਣ ਅਤੇ ਸਾਡੇ ਗੁਰਦੁਆਰਿਆਂ ਵਿੱਚੋਂ ਸਿਰਫ ਅਤੇ ਸਿਰਫ ਗੁਰਮਤਿ ਦਾ ਹੀ ਪ੍ਰਚਾਰ ਹੋਵੇ। *** ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ-21 ਫਰਵਰੀ — ਜਸਵਿੰਦਰ ਸਿੰਘ ਰੁਪਾਲ ਸੰਸਾਰ ਭਰ ਵਿੱਚ 21 ਫਰਵਰੀ ਦਾ ਦਿਨ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਯੂਨੈਸਕੋ ਵੱਲੋਂ 17 ਨਵੰਬਰ 1999 ਦੇ ਦਿਨ ਇਸਦਾ ਐਲਾਨ ਕੀਤਾ ਗਿਆ ਸੀ। ਇਸ ਨੂੰ 2007 ਵਿੱਚ ਯੂਨਾਈਟਿਡ ਨੇਸ਼ਨਜ਼ ਦੀ ਜਨਰਲ ਅਸੈਂਬਲੀ ਵਿੱਚ ਵੀ ਮਾਣਤਾ ਮਿਲ ਗਈ ਸੀ। ਅਤੇ 2008 ਦਾ ਵਰ੍ਹਾ ਅੰਤਰਰਾਸ਼ਟਰੀ ਈਅਰ ਆਫ ਲੈਂਗੂਏਜ਼ਿਜ਼ ਵਜੋਂ ਐਲਾਨਿਆ ਗਿਆ ਸੀ। ਜਰਾ ਪਿੱਛੇ ਵੱਲ ਝਾਤੀ ਮਾਰੀਏ, ਤਾਂ ਇਸ ਦਾ ਧੁਰਾ 1952 ਤੋਂ ਚੱਲਦੇ ਆ ਰਹੇ ਬੰਗਲਾ ਦੇਸ਼(ਪੂਰਬੀ ਪਾਕਿਸਤਾਨ) ਦੇ ਭਾਸ਼ਾ ਅੰਦੋਲਨ ਦਿਵਸ ਨੂੰ ਅੰਤਰਰਾਸ਼ਟਰੀ ਤੌਰ ਤੇ ਮਾਣਤਾ ਮਿਲਣ ਨਾਲ ਜਾ ਜੁੜਦਾ ਹੈ। ਇਹ ਅੰਦੋਲਨ ਉਰਦੂ ਭਾਸ਼ਾ ਦੇ ਵਿਰੋਧ ਵਿੱਚ ਸੀ, ਕਿਉਂਕਿ ਘੱਟ ਗਿਣਤੀ ਸਰਮਾਏਦਾਰੀ ਜਮਾਤ ਉਰਦੂ ਬੋਲਦੀ ਸੀ, ਪਰ ਉਹ ਉਰਦੂ ਨੂੰ ਰਾਸ਼ਟਰੀ ਭਾਸ਼ਾ ਅਤੇ ਦਫ਼ਤਰੀ ਭਾਸ਼ਾ ਬਣਾ ਰਹੀ ਸੀ। ਇਸ ਤੇ ਬਹੁਗਿਣਤੀ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇੱਥੇ ਪਾਕਿਸਤਾਨੀ ਪੁਲਿਸ ਵੱਲੋਂ ਅਤੇ ਢਾਕੇ ਦੀ ਸੈਨਾ ਵੱਲੋਂ, ਢਾਕਾ ਯੂਨੀਵਰਸਿਟੀ ਦੇ ਅੰਦੋਲਨਕਾਰੀ ਵਿਦਿਆਰਥੀਆਂ ਤੇ ਸਖਤੀ ਕੀਤੇ ਜਾਣ ਕਾਰਨ ਕਾਫੀ ਵਿਦਿਆਰਥੀ ਮਾਰੇ ਗਏ ਸਨ।ਸੋ, ਇਸ ਦਾ ਮੁੱਢ ਉਦੋਂ ਹੀ ਬੱਝ ਗਿਆ ਸੀ, ਜਦੋਂ 21-03-1948 ਨੂੰ ਮਿਸਟਰ ਜਿਨਾਹ ਨੇ, ਜੋ ਉਦੋਂ ਪਾਕਿਸਤਾਨ ਦੇ ਗਵਰਨਰ ਜਨਰਲ ਸਨ, ਪੂਰਬੀ ਅਤੇ ਪੱਛਮੀ ਪਾਕਿਸਤਾਨ ਦੋਹਾਂ ਦੀ ਸਰਕਾਰੀ ਭਾਸ਼ਾ ਉਰਦੂ ਹੋਣ ਦਾ ਐਲਾਨ ਕਰ ਦਿੱਤਾ ਸੀ, ਜਦ ਕਿ ਪੂਰਬੀ ਪਾਕਿਸਤਾਨ ਦੀ ਬਹੁਗਿਣਤੀ ਬੰਗਲਾ ਭਾਸ਼ਾ ਬੋਲਦੀ ਸੀ।……. ਯੂਨੈਸਕੋ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਤੇ ਖਾਸ ਵਿਸ਼ਾ (Theme) ਨਿਸ਼ਚਿਤ ਕਰਦੀ ਹੈ ਅਤੇ ਉਹਨਾਂ ਵਿਸ਼ਿਆਂ ਨਾਲ ਕਿਰਿਆਵਾਂ ਯੂਨੈਸਕੋ ਦੇ ਮੁੱਖ ਦਫਤਰ ਪੈਰਿਸ ਵਿਖੇ ਕਰਵਾਈਆਂ ਜਾਂਦੀਆਂ ਹਨ। ਅੰਤਰਰਾਸ਼ਟਰੀ ਮਾਤਭਾਸ਼ਾ ਦਿਵਸ 2026 ਦਾ ਵਿਸ਼ਾ ਹੈ “ਬਹੁ ਭਾਸ਼ੀ ਸਿੱਖਿਆ ਤੇ ਨੌਜਵਾਨਾਂ ਦੀ ਆਵਾਜ” ਜੋ ਇਹ ਦਰਸਾਉਂਦਾ ਹੈ ਕਿ ਨੌਜਵਾਨ ਕਿਸ ਤਰਾਂ ਭਾਸ਼ਾਵਾਂ ਦੀ ਰੱਖਿਆ, ਪੁਨਰ ਜਾਗਰਣ ਅਤੇ ਤਕਨਾਲੋਜੀ ਦੇ ਜਰੀਏ ਭਾਸ਼ਾਈ ਵਿਭਿੰਨਤਾ ਨੂੰ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਇਹ ਦਿਵਸ 21 ਫਰਬਰੀ 2026 ਨੂੰ ਮਨਾਇਆ ਜਾਵੇਗਾ ਅਤੇ ਇਹ ਇਸ ਗੱਲ ਤੇ ਜੋਰ ਦਿੰਦਾ ਹੈ ਕਿ ਕਿਸ ਤਰਾਂ ਭਾਸ਼ਾ ਪਛਾਣ ਸਿੱਖਣ ਅਤੇ ਸ਼ਾਮਿਲਤਾ ਨੂੰ ਗਠਿਤ ਕਰਦੀ ਹੈ। 2026 ਲਈ ਮੁੱਖ ਕੇਂਦਰੀ ਖੇਤਰ : ਨੌਜਵਾਨ ਕੇਂਦਰਿਤ ਨਵੀਨਤਾ :– ਨੌਜਵਾਨ ਤਕਨਾਲੋਜੀ ਦੀ ਵਰਤੋਂ ਕਰਕੇ ਡਿਜੀਟਲ ਸਮੱਗਰੀ ਤਿਆਰ ਕਰ ਰਹੇ ਹਨ ਜਿਸ ਨਾਲ ਭਾਸ਼ਾਵਾਂ ਨੂੰ ਹੋਰ ਦਿਖਣਯੋਗ ਅਤੇ ਕੀਮਤੀ ਬਣਾਇਆ ਜਾ ਰਿਹਾ ਹੈ। ਬਹੁ ਭਾਸ਼ੀ ਸਿੱਖਿਆ ਇਹ ਦਿਵਸ ਉਹਨਾਂ ਸਿੱਖਿਆ ਪ੍ਰਣਾਲੀਆਂ ਦਾ ਸਮਰਥਨ ਕਰਦਾ ਹੈ ਜੋ ਸਿੱਖਿਅਰਥੀਆਂ ਦੀ ਮਾਤ ਭਾਸ਼ਾ ਨੂੰ ਮਾਣਤਾ ਅਤੇ ਸਹਾਰਾ ਦਿੰਦੀਆਂ ਹਨ , ਤਾਂ ਜੋ ਸਿੱਖਿਆ ਦੇ ਨਤੀਜੇ ਸੁਧਰ ਸਕਣ। ਚਾਂਦੀ ਜਿਲਦ ਸੰਦੇਸ਼ (ਸਿਲਵਰ ਜੁਬਲੀ ਸੰਦੇਸ਼):– ਯੂਨੈਸਕੋ ਭਾਸ਼ਾਈ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੇ 25+ ਸਾਲ ਮਨਾ ਰਿਹਾ ਹੈ। ਜਿਸਦਾ ਮਾਟੋ ਹੈ “ਭਾਸ਼ਾਵਾਂ ਮਹੱਤਵਪੂਰਨ ਹਨ। ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦਾ ਚਾਂਦੀ ਜੁਬਲੀ ਉਤਸਵ ।” ਟਿਕਾਊਪਣ ਅਤੇ ਸ਼ਾਮਿਲਤਾ:- ਭਾਸ਼ਾ ਨੂੰ ਸ਼ਾਂਤੀ ,ਟਿਕਾਊ ਵਿਕਾਸ ਅਤੇ ਸਮਾਜਿਕ ਏਕਤਾ ਦੇ ਸਾਧਨ ਵਜੋਂ ਉਤਸ਼ਾਹਿਤ ਕਰਨਾ। ਮੂਲ ਭਾਸ਼ਾਵਾ:– ਮੂਲ ਭਾਸ਼ਾਵਾਂ ਦੇ ਅੰਤਰਰਾਸ਼ਟਰੀ ਦਹਾਕੇ (2022-2032) ਲਈ ਜਾਰੀ ਸਮਰਥਨ । ਇਸ ਸਾਲ ਦਾ ਵਿਸ਼ਾ ਇਹ ਉਤਸ਼ਾਹਿਤ ਕਰਦਾ ਹੈ ਕਿ ਤਕਨਾਲੋਜੀ ਕਰਕੇ ਸੰਕਟ ਗ੍ਰਸਤ ਭਾਸ਼ਾਵਾਂ ਦਾ ਦਸਤਾਵੇਜ਼ੀਕਰਨ ਸੁਰੱਖਿਅਣ ਅਤੇ ਪੁਨਰ ਜੀਵਨ ਕੀਤਾ ਜਾਵੇ । ਮਹੱਤਤਾ:- ਇਸ ਤੋਂ ਬਿਨਾਂ ਭਾਸ਼ਾ-ਮੇਲਾ(Language Festival) ਵੀ ਲਗਵਾਇਆ ਜਾਂਦਾ ਹੈ ਅਤੇ ਹੁਣ ਵਿਸ਼ਵ ਦਾ ਭਾਸ਼ਾ-ਅਧਿਕਾਰ ਦਾ ਵੀ ਐਲਾਨ ਹੋ ਚੁੱਕਾ ਹੈ, ਜਿਸ ਅਨੁਸਾਰ ਕਿਸੇ ਵੀ ਵਿਅਕਤੀ ਨੂੰ ਦੂਜੀ ਭਾਸ਼ਾ ਬੋਲਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਅਤੇ ਉਹ ਆਪਣੀ ਮਾਤ-ਭਾਸ਼ਾ ਦੇ ਵਿਕਾਸ ਲਈ ਸਭ ਕੁਝ ਕਰ ਸਕਦਾ ਹੈ। ਹੁਣ 21 ਫਰਬਰੀ ਨੂੰ ਸਭ ਤੋਂ ਵੱਧ ਮਾਣਮੱਤਾ ਇਨਾਮ “ਦਾ ਲਿੰਗੂਆਪੈਕਸ ਪਰਾਈਜ”(The linguapax Prize)ਦਿੱਤਾ ਜਾਂਦਾ ਹੈ। ਇਹ ਇਨਾਮ ਸੰਸਾਰ ਦੇ ਭਾਸ਼ਾ ਵਿਗਿਆਨੀਆਂ, ਖੋਜੀਆਂ ਪ੍ਰੋਫੈਸਰਾਂ ਅਤੇ ਸਿਵਲ-ਸੰਸਥਾਵਾਂ ਦੇ ਉਹਨਾਂ ਮੈਂਬਰਾਂ ਚੋਂ ਕਿਸੇ ਇੱਕ ਨੂੰ ਦਿੱਤਾ ਜਾਂਦਾ ਹੈ, ਜਿਸ ਨੇ ਭਾਸ਼ਾਈ ਵਿਵਿਧਤਾ ਤੇ ਵੱਖਰਾ ਵਿਲੱਖਣਯੋਗ ਕੰਮ ਕੀਤਾ ਹੋਵੇ। ਇਹ ਪ੍ਰਾਈਜ਼ ਸੰਸਥਾ ਲਿੰਗੂਆਪੈਕਸ ਇੰਟਰਨੈਸ਼ਨਲ ਵੱਲੋਂ ਦਿੱਤਾ ਜਾਂਦਾ ਹੈ ਜੋ ਯੂਨੈਸਕੋ ਦੇ ਸਲਾਹਕਾਰ ਵਜੋਂ ਕੰਮ ਕਰਦੀ ਹੈ। ਇਸ ਵਿਚ 6000 ਯੂਰੋ (ਲੱਗਭੱਗ 6,40,000 ਰੁਪਏ) ਦੀ ਰਾਸ਼ੀ ਸੰਬੰਧਿਤ ਭਾਸ਼ਾ ਦੇ ਵਿਕਾਸ ਲਈ ਦਿੱਤੀ ਜਾਂਦੀ ਹੈ। ਸਾਲ 2023 ਵਿੱਚ ਇਹ ਇਨਾਮ ਅਬਦੁਵੇਲੀ ਅਯੁਪ ਨੂੰ ਦਿੱਤਾ ਗਿਆ, ਜੋ ਮੂਲ ਰੂਪ ਵਿੱਚ ਚੀਨ ਦੇ ਉਈਘੁਰ ਸਮੁਦਾਇ ਨਾਲ ਸੰਬੰਧਿਤ ਹਨ ਅਤੇ ਬਾਅਦ ਵਿੱਚ ਨਾਰਵੇ ਵੀ ਰਹੇ ਹਨ। ਉਹ ਉਈਘੁਰ ਭਾਸ਼ਾ ਦੀ ਰੱਖਿਆ ਅਤੇ ਉਈਘੁਰ ਲੋਕਾਂ ਦੇ ਭਾਸ਼ਾਈ- ਸਭਿਆਚਾਰਕ ਹੱਕਾਂ ਲਈ ਲਿਖਤਾਂ, ਸ਼ੋਧ ਅਤੇ ਐਕਟੀਵਿਜ਼ਮ ਰਾਹੀਂ ਆਵਾਜ ਉਠਾਉਂਦੇ ਰਹੇ ਹਨ। ਉਹਨਾਂ ਦਾ ਕੰਮ ਦਿਖਾਉਂਦਾ ਹੈ ਕਿ ਕਿਸ ਤਰਾਂ ਇੱਕ ਵਿਅਕਤੀ ਖਤਰੇ ਵਿੱਚ ਪਈ ਭਾਸ਼ਾ ਦੀ ਦਿੱਖ ,ਸਨਮਾਨ ਅਤੇ ਹੋਂਦ ਲਈ ਦੁਨੀਆ ਭਰ ਵਿੱਚ ਜਾਗਰੂਕਤਾ ਪੈਦਾ ਕਰ ਸਕਦਾ ਹੈ। 2024,2025 ਅਤੇ 2026 ਲਈ ਇਹ ਇਨਾਮ ਅਜੇ ਤੱਕ ਐਲਾਨ ਨਹੀਂ ਕੀਤੇ ਗਏ। ਸਾਡੇ ਲਈ ਇਹ ਖੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਭਾਰਤ ਦੇ ਗੁਜਰਾਤ ਦੇ ਸ਼੍ਰੀ ਗਨੇਸ਼. ਐਨ.ਦੇਵੀ ਨੂੰ 2011 ਵਿੱਚ ਇਹ ਮਾਣਮੱਤਾ ਇਨਾਮ ਮਿਲਿਆ ਸੀ।ਕੁਝ ਗੱਲਾਂ ਇਸ ਭਾਸ਼ਾ ਵਿਗਿਆਨੀ ਬਾਰੇ ਵੀ.. 1950 ਵਿੱਚ ਜਨਮੇ ਸ੍ਰੀ ਗਨੇਸ਼-ਦੇਵੀ,ਮਹਾਰਾਜਾ ਸਾਇਆਜੀਰਾਓ ਯੂਨੀਵਰਸਿਟੀ ਆਫ ਬਰੌਦਾ (ਗੁਜਰਾਤ) ਵਿਚ ਅੰਗਰੇਜ਼ੀ ਦੇ ਪ੍ਰੋਫੈਸਰ ਹਨ। ਉਹ ਤੇਜਗਧ ਯੂਨੀਵਰਸਿਟੀ ਦੇ ਫਾਊਂਡਰ ਅਤੇ ਡਾਇਰੈਕਟਰ ਵੀ ਹਨ। ਉਹ ਖਤਰੇ ਦੀ ਕਗਾਰ ਤੇ ਪੁੱਜੀਆਂ ਭਾਸ਼ਾਵਾਂ ਦੀ ਸੰਭਾਲ ਕਰਨ ਵਾਲੇ ਸਰਗਰਮ ਯੋਧੇ ਹਨ।ਉਹਨਾਂ ਨੇ ਲਤਾੜੇ ਅਤੇ ਬੇ-ਪਛਾਣ ਲੋਕਾਂ (ਆਦਿਵਾਸੀ) ਦੇ ਮਨੁੱਖੀ ਅਧਿਕਾਰਾਂ ਲਈ ਵੀ ਬਹੁਤ ਕੰਮ ਕੀਤਾ ਹੈ। ਉਹਨਾਂ ਨੇ ਤੇਜਗਧ ਵਿੱਚ ਆਦਿਵਾਸੀ ਅਕੈਡਮੀ ਅਤੇ ਹਿਮਾਲਿਆ ਦੇ ਹਿਮਲੋਕ ਇੰਸਟੀਚਿਊਟ ਦੀ ਸਥਾਪਨਾ ਵੀ ਕੀਤੀ ਹੈ। ਉਹਨਾਂ ਦਾ ਸਾਰਾ ਧਿਆਨ ਜਨ-ਜਾਤੀ ਸਿੱਖਿਆ ਅਤੇ ਉਹਨਾਂ ਦੀ ਭਾਸ਼ਾ ,ਸਭਿਆਚਾਰ ਅਤੇ ਕਲਾ ਦੀ ਸੰਭਾਲ ਵੱਲ ਰਿਹਾ ਹੈ। “ਭਾਸ਼ਾ” ਅਨੁਸਾਰ ਉਹਨਾਂ ਨੇ 23 ਕਿਤਾਬਾਂ ਗੈਰ-ਅਨੁਸੂਚਿਤ ਭਾਸ਼ਾਵਾਂ (Non-scheduled languages) ਤੇ ਵੀ ਲਿਖੀਆਂ, ਜਿਨ੍ਹਾਂ ਭਾਸ਼ਾਵਾਂ ਨੂੰ ਅਜੇ ਸਾਡੇ ਸੰਵਿਧਾਨ ਨੇ ਮਾਣਤਾ ਨਹੀਂ ਦਿੱਤੀ ਹੋਈ। ਜਨ-ਜਾਤੀ ਭਾਸ਼ਾਵਾਂ ਲਈ ਉਹ ਰਸਾਲਾ “ਢੋਲ” ਸੰਪਾਦਿਤ ਕਰਦੇ ਨੇ, ਜਿਸ ਵਿੱਚ ਘੱਟੋ ਘੱਟ 10 ਜਨ-ਜਾਤੀ ਭਾਸ਼ਾਵਾਂ ਦਾ ਸਾਹਿਤ ਛਪਦਾ ਹੈ।….. ਭਾਰਤ ਸਰਕਾਰ ਨੇ ਭਾਸ਼ਾ ਕੇਂਦਰ(Bhasha Centre) ਨੂੰ ਕੁਸ਼ਲਤਾ ਦੇ ਕੇਂਦਰ ਵਜੋਂ ਮਾਣਤਾ ਦਿੱਤੀ ਹੈ ਅਤੇ ਇਸ ਭਾਸ਼ਾ ਨੇ ਪ੍ਰੋ ਦੇਵੀ ਨੂੰ “ਗਰੀਅਰਸਨ ਲਿੰਗੂਇਸਟਿਕ ਸਰਵੇ ਆਫ ਇੰਡੀਆ (1930-31) ਨੂੰ ਦੁਹਰਾਉਣ ਅਤੇ ਨਵੇਂ ਸਿਰਿਓਂ ਲਿਖਣ ਦਾ ਵੱਡਾ ਪ੍ਰੋਜੈਕਟ ਦਿੱਤਾ ਹੈ। ਪ੍ਰੋ ਗਨੇਸ਼ ਵੱਲੋਂ ਲਿਖੀਆਂ ਪੁਸਤਕਾਂ ਵਿੱਚੋਂ ਕ੍ਰਿਟੀਕਲ ਥਾਟਸ, ਆਫਟਰ ਐਮਨੇਸ਼ੀਆ, ਆਫ ਮੈਨੀ ਹੀਰੋਜ਼, ਇੰਡੀਆ ਬਿਟਵੀਨ ਟਰੈਡੀਸ਼ਨ ਐਂਡ ਮੌਡਰਿਨਟੀ, ਐਨ ਐਂਥੋਲੋਜੀ ਆਫ ਟਰਾਈਬਲ ਲਿਟਰੇਚਰ, ਦਾ ਨਾਰਮਲ ਕਾਲਡ ਥੀਫ ਪ੍ਰਮੁੱਖ ਹਨ। ਸਾਡੀ ਮਾਤ ਭਾਸ਼ਾ ਪੰਜਾਬੀ ਨੂੰ ਬੋਲਣ ਵਾਲੇ ਸੰਸਾਰ ਵਿੱਚ 151 ਮਿਲੀਅਨ ਦੇ ਕਰੀਬ ਹਨ, ਜਿਹਨਾਂ ਵਿੱਚੋਂ ਜਨ-ਸੰਖਿਆ ਮੁਤਾਬਕ ਪਾਕਿਸਤਾਨ ਪਹਿਲੇ ਸਥਾਨ ਤੇ, ਭਾਰਤ ਦੂਜੇ ਸਥਾਨ ਤੇ ਅਤੇ ਕੈਨੇਡਾ ਤੀਸਰੇ ਸਥਾਨ ਤੇ ਹੈ। ਕੀਂ ਅਸੀਂ ਆਸ ਕਰ ਸਕਦੇ ਹਾਂ ਕਿ ਸੰਸਾਰ ਦੀ ਗਿਆਰਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਮਾਤ-ਭਾਸ਼ਾ ਪੰਜਾਬੀ ਬਾਰੇ ਵੀ ਕੁਝ ਨਵੀਆਂ ਖੋਜਾਂ ਹੋਣਗੀਆਂ ???ਇਸ ਦੀਆਂ ਉਪ-ਬੋਲੀਆਂ ਦਾ ਵਿਕਾਸ, ਭਾਸ਼ਾ ਵਿਗਿਆਨ ਦੀਆਂ ਨਵੀਆਂ ਖੋਜਾਂ, ਨਵੇਂ ਸ਼ਬਦ, ਮੁਹਾਵਰੇ ,ਇਸ ਨੂੰ ਅੰਤਰਰਾਸ਼ਟਰੀ ਡਿਜੀਟਲ ਯੁੱਗ ਦੇ ਹਾਣ ਦੀ ਬਣਾਉਣ ਹਿਤ ਅਜੇ ਬਹੁਤ ਕੁਝ ਕਰਨ ਵਾਲਾ ਬਾਕੀ ਹੈ। ਜਿਵੇਂ ਇੱਕ ਲਿੱਪੀ ਹੋਵੇ, ਸਾਂਝ ਅਤੇ ਸਹਿਯੋਗ ਦੀ ਭਾਸ਼ਾ ਬਣੇ, ਅੰਤਰਰਾਸ਼ਟਰੀ ਪੱਧਰ ਤੇ ਲੋਕਾਂ ਨੂੰ ਜੋੜਨ ਵਾਲੀ ਹੋਵੇ, ਅੰਤਰਰਾਸ਼ਟਰੀ ਪੱਧਰ ਦਾ ਵਿਗਿਆਨ , ਤਕਨਾਲੌਜੀ ਆਦਿ ਦਾ ਗਿਆਨ ਇਸ ਭਾਸ਼ਾ ਵਿੱਚ ਮਿਲਦਾ ਹੋਵੇ ਆਦਿ ਆਦਿ। ਭਾਸ਼ਾ ਨੂੰ ਪਿਆਰ ਕਰਨ ਵਾਲੇ ਅਤੇ ਭਾਸ਼ਾ ਵਿਗਿਆਨੀ ਸੁਚੇਤ ਹੋਣ। ਦੁਆ ਕਰੀਏ ਕਿ ਐਸਾ ਲਿੰਗੂਆਪੈਕਸ ਪਰਾਈਜ ਕੋਈ ਪੰਜਾਬੀ ਦਾ ਪੁੱਤ ਜਾਂ ਪੰਜਾਬੀ ਲਈ ਕੰਮ ਕਰਨ ਵਾਲੀ ਸੰਸਥਾ ਵੀ ਲੈ ਸਕੇ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਜਸਵਿੰਦਰ ਸਿੰਘ 'ਰੁਪਾਲ'
ਐਮ.ਏ.(ਪੰਜਾਬੀ, ਅੰਗਰੇਜ਼ੀ, ਇਕਨਾਮਿਕਸ,
ਰਿਟਾਅਰਡ ਲੈਕਚਰਾਰ, ਅਰਥ-ਸ਼ਾਸ਼ਤਰ,
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ,
ਕਟਾਣੀ ਕਲਾਂ( ਲੁਧਿਆਣਾ)-141113
+91 9814715796
* 162,ਗਲੀ ਨੰਬਰ 3, ਸ਼ਹੀਦ ਜਸਦੇਵ ਸਿੰਘ ਨਗਰ
ਡਾਕ : ਗੁਰੂ ਨਾਨਕ ਇੰਜੀ.ਕਾਲਜ, ਲੁਧਿਆਣਾ-141006
ਵਟਸਐਪ ਨੰਬਰ .: 09814715796

by 