5 December 2025

ਇਕ ਕਵਿਤਾ ਦਾ ਜਨਮ — ਗੁਰਨਾਮ ਢਿੱਲੋਂ

ਮੇਰੀ ਇਕ ਕਵਿਤਾ ਦਾ ਨਾਮ ਹੈ ‘ਮੇਰਾ ਰੱਬ’ ਜੋ ਮੇਰੀ ਕਿਸੇ ਵੀ ਕਿਤਾਬ ਵਿਚ ਸ਼ਾਮਲ ਨਹੀਂ। ਇਹ ਕਵਿਤਾ ਮੇਰੀ ਦਾਦੀ ਅੰਮਾਂ ਦੀ ਮ੍ਰਿਤੂ ਬਾਰੇ ਹੈ। ਸੰਨ 1953 ਵਿਚ ਮੇਰੀ ਦਾਦੀ ਅੰਮਾਂ ਪਰਲੋਕ ਸੁਧਾਰ ਗਈ। ਉਸ ਸਮੇਂ ਮੈਂ ਗਿਆਰਾਂ ਸਾਲ ਦੀ ਸੀ। ਦਾਦੀ ਮਾਂ ਦੀ ਖੱਬੀ ਬਾਂਹ ਉੱਤੇ ‘ਬੀਬੀ ਬੰਤੀ’ ਖੁਣਿਆ ਹੋਇਆ ਸੀ। ਦਾਦੀ ਅੰਮਾਂ ਮੈਨੂੰ ਅਥਾਹ ਪਿਆਰ ਕਰਦੀ ਸੀ। ਕਵਿਤਾ ਵੀ ਏਹੋ ਕੁੱਝ ਕਹਿਦੀ ਹੈ। ਉਸ ਦਾ ਪੇਕਾ ਪਿੰਡ ਸਰਹਾਲਾ ਜਿਲਾ ਹੁਸ਼ਿਆਰ ਪੁਰ ਹੈ। ਨਿਕਾ ਹੁੰਦਾ ਮੈਂ ਦਾਦੀ ਅੰਮਾਂ ਨਾਲ ਉਸ ਪਿੰਡ ਜਾਂਦਾ ਸਾਂ। ਉਨ੍ਹਾਂ ਦਾ ਇਕ ਬਾਗ ਹੁੰਦਾ ਸੀ। ਉਨ੍ਹਾਂ ਦੇ ਮਕਾਨ ਖੁਲ੍ਹੇ-ਪੱਕੇ ਸਨ। ਪੜ੍ਹਿਆਂ ਲਿਖਿਆਂ ਦਾ ਟੱਬਰ ਸੀ। ਇਹ ਸਾਰਾ ਦ੍ਰਿਸ਼ ਅੱਜ ਵੀ ਮੱਨ ਦੇ ਚਿਤਰ-ਪਟ ਉੱਤੇ ਸਾਕਾਰ ਹੋ ਜਾਂਦਾ ਹੈ।

ਦਾਦੀ ਅੰਮਾਂ ਦੀ ਮੌਤ ਰਾਤ ਦੇ ਸਮੇਂ ਹੋਈ। ਮੇਰੇ ਸਣੇ ਸਾਰੇ ਪਰਵਾਰ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਭਲੇ ਸਮੇਂ ਸਨ। ਆਂਢੀ-ਗਵਾਂਢੀ ਆ ਕੇ ਦਿਲਾਸਾ ਦੇਣ ਲਗ ਪਏ। ਅਗਲੇ ਦਿਨ ਸਸਕਾਰ ਕਰਨਾ ਤੈਅ ਹੋਇਆ। ਰਿਸ਼ਤੇਦਾਰਾਂ ਨੂੰ ਲਾਗੀਆਂ ਰਾਹੀਂ ਸੁਨੇਹੇ ਭੇਜ ਦਿੱਤੇ। ਕੋਈ ਆ ਗਿਆ, ਕੋਈ ਆਉਣੋਂ ਰਹਿ ਗਿਆ। ਜਦੋਂ ਅਰਥੀ ਨੂੰ ਚੁਕਣ ਲੱਗੇ, ਮੈਂ ਬਬਾਣ ਨੂੰ ਚਿੰਬੜ ਗਿਆ। ਜਦੋਂ ਖਿੱਚ ਕੇ ਦੂਰ ਕੀਤਾ ਮੈਂ ਬੇਹੋਸ਼ ਹੋ ਗਿਆ। ਪਰ ਜਲਦੀ ਹੋਸ਼ ਵਿਚ ਆ ਗਿਆ ਅਤੇ ਅਰਥੀ ਦੇ ਮਗਰ ਮਗਰ ਸਿਵਿਆਂ ਨੂੰ ਤੁਰ ਪਿਆ ਅਤੇ ਕਹਿ ਰਿਹਾ ਸਾਂ “ਮੈਨੂੰ ਰਾਤ ਨੂੰ ਨੀਂਦ ਕਿਵੇਂ ਆਇਆ ਕਰੂ ਗੀ”। ਜਦੋਂ ਲਕੜਾਂ ਨੂੰ ਅੱਗ ਲਾਈ, ਦਸਦੇ ਹਨ, ਮੈਂ ਫਿਰ ਬੇਹੋਸ਼ ਹੋ ਗਿਆ। ਮੈਂ ਸਕੂਲ ਜਾਣਾ ਛੱਡ ਦਿੱਤਾ। ਜਦੋਂ ਮੈਂ ਘਰੋਂ ਬਾਹਰ ਨਿਕਲਦਾ, ਘਰ ਦੇ ਮੇਰਾ ਉਚੇਚਾ ਧਿਆਨ ਰੱਖਦੇ। ਚਾਚਾ ਭਜਨ ਸਕੂਲੋਂ ਵਾਪਿਸ ਆ ਕੇ ਮੇਰੇ ਕੋਲ ਬੈਠ ਕੇ ਸਕੂਲ ਦੀਆਂ ਗੱਲਾਂ ਕਰਦਾ ਰਹਿੰਦਾ। ਸੱਤਾਂ ਦਿਨਾਂ ਬਾਦ ਮੈ ਚਾਚੇ ਨਾਲ ਸਕੂਲ ਜਾਣਾ ਸ਼ੁਰੂ ਕਰ ਦਿੱਤਾ। ਸਕੂਲ ਵਿਚ ਜਦੋਂ ਕੋਈ ਮੈਨੂੰ ਗੈਰ ਹਾਜ਼ਰੀ ਦਾ ਕਾਰਨ ਪੁੱਛਦਾ। ਮੈਂ ਦੱਸ ਨਾ ਸਕਦਾ। ਦਾਦੀ ਮਾਂ ਨੂੰ ਯਾਦ ਕਰਕੇ ਰੋਣ ਲੱਗ ਪੈਂਦਾ। ਹੁਣ ਵੀ ਮੈਂ ਕਿਸੇ ਤੋਂ ਵਿਛੜਨ ਲੱਗਾ ਭਾਵਕ ਹੋ ਜਾਂਦਾ ਹਾਂ। ਇਸ ਭਾਵਨਾ ਦੇ ਬੀਜ ਵੀ ਸ਼ਾਇਦ ਦਾਦੀ ਅੰਮਾਂ ਨਾਲੋਂ ਵਿਛੜਨ ਸਮੇਂ ਮੇਰੇ ਦਿਲ ਦੀ ਕਿਸੇ ਤਹਿ ਵਿਚ ਡੂੰਘੇ ਬੀਜੇ ਗਏ ਜੋ ਹੁਣ ਵੀ ਅਜਿਹੇ ਮੌਕੇ ਉੱਤੇ ਪੁੰਗਰ ਪੈਂਦੇ ਹਨ ਅਤੇ ਮੈਂ ਬੇਵਸ ਹੋ ਜਾਂਦਾ ਹਾਂ।

ਵਰ੍ਹਿਆਂ ਦੇ ਵਰ੍ਹੇ ਬੀਤ ਗਏ। ਦਾਦੀ ਮਾਂ ਕਦੀ ਕਦੀ ਸੁੱਪਨੇ ਵਿਚ ਆ ਜਾਂਦੀ। ਬਾਬਾ ਜੀ ਜਿਉਂਦੇ ਸਨ। ਉਹ ਮੈਨੂੰ ਬਹੁਤ ਮੋਹ ਕਰਦੇ ਪਰ ਦਾਦੀ ਮਾਂ ਵਾਲੀ ਥਾਂ ਨਾ ਲੈ ਸਕੇ।

1980ਵਿਆਂ ਵਿਚ ਜ਼ਿਹਨ ਵਿਚ ਕਵਿਤਾ ਬਣਨ ਲੱਗੀ। ਦੋ, ਚਾਰ ਤੁਕਾਂ ਜੁੜਨ ਪਰ ਗੱਲ ਨਾ ਬਣੇ। ਪਾੜ ਕੇ ਸੁੱਟ ਦਿੰਦਾ। ਕਈ ਸਾਲ ਇਹ ਪ੍ਰਕਿਰਿਆ ਚਲਦੀ ਰਹੀ। ਸੋਚਿਆ, ਖੁੱਲ੍ਹੀ ਕਵਿਤਾ ਲਿਖਣ ਦੀ ਕੋਸ਼ਿਸ਼ ਕਰਾਂ। ਇਕ ਦਿਨ ਜੋੜ ਲਈ ਪਰ ਲੱਗਾ ਜਿਵੇਂ ਇਹ ਮੈਂ ਨਹੀਂ ਲਿਖੀ। ਪਾੜ ਕੇ ਸੁੱਟ ਦਿੱਤੀ।

ਦਸ ਸਾਲ ਬਾਦ ਇਹ ਕਵਿਤਾ ਜ਼ਿਹਨ ਵਿਚ ਫਿਰ ਬਣਨੀ ਸ਼ੁਰੂ ਹੋ ਗਈ। ਇਕ ਰਾਤ ਇਹ ਜ਼ਿਹਨ ਵਿਚ ਬਣਦੀ ਰਹੀ। ਸਵੇਰੇ ਉੱਠ ਕੇ ਪੂਰੀ ਦੀ ਪੂਰੀ ਕਾਗਜ਼ ਉੱਤੇ ਉਤਾਰ ਲਈ ਜਿਸ ਨੂੰ ਨਾਮ ਦਿੱਤਾ ‘ਮੇਰਾ ਰੱਬ’। ਬਾਦ ਵਿਚ ਮਾਮੂਲੀ ਜਹੀ ਸੋਧ ਕੀਤੀ। ਕਵਿਤਾ, ਚੰਗੀ ਹੈ ਜਾਂ ਮਾੜੀ ਇਸ ਤੱਥ ਦਾ ਮੈਨੂੰ ਨਹੀਂ ਪਤਾ ਪਰ ਇਹ ਲਿਖੀ ਹੋਈ ਮੇਰੀ ਹੈ।

ਇਹ ਕਵਿਤਾ ਲਿਖ ਕੇ ਵੀ ਮੈਨੂੰ ਲੱਗਾ ਜਿਵੇਂ ਮੈਂ ਦਾਦੀ ਅੰਮਾਂ ਦੇ ਬਚਪਨ ਵਿਚ ਕੀਤੇ ਪਿਆਰ ਦਾ ਰਿਣ ਨਾ ਉਤਾਰ ਸਕਿਆ ਹੋਵਾਂ।

ਇਕ ਵਾਰ ਭਾਰਤ ਫੇਰੀ ਦੌਰਾਨ ਜੀਅ ਕੀਤਾ ਕਿ ਦਾਦੀ ਅੰਮਾਂ ਨੂੰ ਅਕੀਦਤ ਪੇਸ਼ ਕਰਨ ਉਸ ਦੇ ਪੇਕੇ ਪਿੰਡ ਜਾ ਆਵਾਂ ਪਰ ਮੈਨੂੰ ਦੱਸਿਆ ਗਿਆ ਕਿ ਉਸ ਦੇ ਪੇਕਿਆਂ ਦਾ ਸਾਰਾ ਪਰਵਾਰ ਕਨੇਡਾ ਜਾ ਚੁੱਕਾ ਹੈ ਅਤੇ ਉਨ੍ਹਾਂ ਦੇ ਪਰਵਾਰ ਦੀਆਂ ਅਗਲੀਆਂ ਪੀੜ੍ਹੀਆਂ ਵਿਚੋਂ ਪਿੰਡ ਵਿਚ ਹੁਣ ਕੋਈ ਨਹੀਂ ਰਹਿੰਦਾ। ਮਿਲਣ ਕਿਸ ਨੂੰ ਜਾਣਾ ਸੀ! ਘਰ ਦੀਆਂ ਕੰਧਾਂ ਗੱਲਾਂ ਤਾਂ ਕਰਦੀਆਂ ਹਨ ਪਰ ਖਾਮੋਸ਼ !! ਸ਼ਾਇਦ ਸਮਝਣ ਦੀ ਕੋਸ਼ਿਸ਼ ਵਿਚ ਹੋਰ ਉਦਾਸ ਹੋ ਜਾਂਦਾ!!!

ਮੈਂ ਆਪਣੀ ਕਿਤਾਬ ‘ਦਰਦ ਦੀ ਲਾਟ’ ਹੇਠ ਲਿਖੇ ਸ਼ਬਦਾਂ ਨਾਲ ਦਾਦੀ ਅੰਮਾਂ ਨੂੰ ਸਮਰਪਿਤ ਕੀਤੀ:

ਦਾਦੀ ਮਾਂ
ਬੀਬੀ ਬੰਤੀ ਦੇ ਨਾਂ।

ਕਵਿਤਾ ਚੰਗੀ ਹੈ ਜਾਂ ਮਾੜੀ ਇਸ ਤੱਥ ਦਾ ਮੈਨੂੰ ਨਹੀਂ ਪਤਾ ਪਰ ਇਹ ਲਿਖੀ ਹੋਈ ਮੇਰੀ ਹੈ ਜੋ ਪਾਠਕਾਂ ਦੀ ਪੇਸ਼-ਇ-ਨਜ਼ਰ ਕਰ ਰਿਹਾ ਹਾਂ:

ਮੇਰਾ ਰੱਬ 

ਦਾਦੀ ਅੰਮਾਂ ਬੀਬੀ ਬੰਤੀ ਸੰਘਣੇ ਰੁੱਖ ਦੀ ਛਾਂ ਵਰਗੀ ਸੀ
ਮਾਰੂਥਲ ਵਿਚ ਮੋਹ ਮਮਤਾ ਦੀ ਠੰਡੀ ਠਾਰ ਸਰਾਂ ਵਰਗੀ ਸੀ
ਪੜ੍ਹਦੀ ਬਾਣੀ ਸਤਿਗੁਰ ਦਾ ਸੀ ਨਾਮ ਧਿਆਉਂਦੀ
ਔਖੇ ਡੰਗ ਵੀ ਸਾਧੂ ਸੰਤ ਨੂੰ ਭੋਜ ਛਕਾਉਂਦੀ
ਦਰ ਆਏ ਹਮਸਾਇਆਂ ਉੱਤੇ ਜਾਨ ਲੁਟਾਉਂਦੀ
ਸੱਭ ਕੁਝ ਅਰਪਨ ਕਰਕੇ ਦਿਲ ਵਿਚ ਖੁਸ਼ੀ ਮਨਾਉਂਦੀ
ਭਾਣਾ ਰੱਬ ਦਾ ਮੰਨਦੀ ਕਦੀ ਵੀ ਥੱਕਦੀ ਨਾ ਉਹ
ਰੁੱਖੀ-ਮਿੱਸੀ ਖਾਂਦੀ ਕਦੀ ਵੀ ਅੱਕਦੀ ਨਾ ਉਹ
ਦਿਨ ਵਿਚ ਕਈ ਕਈ ਵਾਰ ਉਹ ਮੈਨੂੰ ਪਿਆਰ ਸੀ ਦਿੰਦੀ
ਪੁੱਤ ਆਪਣੇ ਤੋਂ ਬਹੁਤਾ ਲਾਡ-ਮਲ੍ਹਾਰ ਸੀ ਦਿੰਦੀ
ਮੈਨੂੰ ਚੂਰੀ ਦੇ ਕੇ ਪਿੱਛੋਂ ਖਾਂਦੀ ਸੀ ਉਹ
ਤਕ ਤਕ ਮੈਨੂੰ ਮੇਰੀ ਸੁੱਖ ਮਨਾਉਂਦੀ ਸੀ ਉਹ
ਢਿੱਲਾ-ਮੱਠਾ ਜੇ ਹੁੰਦਾ ਉਹ ਜਾਨ ਸੀ ਦਿੰਦੀ
ਝੱਟ ਨਿਛਾਵਰ ਕਰ ਸੁੱਚੇ ਅਰਮਾਨ ਸੀ ਦਿੰਦੀ 

ਇਕ ਅਚਾਨਕ ਰਾਤ ਕੁਲਿਹਣੀ ਐਸੀ ਆਈ
ਦਾਦੀ ਅੰਮਾਂ ਤੜਪੇ ਪਾਵੇ ਹਾਲ ਦੁਹਾਈ
ਦਿਲ ਦਾ ਦੌਰਾ ਜਾਂ ਸੀ ਕੋਈ ਹੋਰ ਬਿਮਾਰੀ
ਦਾਦੀ ਅੰਮਾਂ ਪਿੰਜ ਸੁੱਟੀ ਸਾਰੀ ਦੀ ਸਾਰੀ 

ਯਾਰਾਂ ਵਰ੍ਹਿਆਂ ਦਾ ਸੀ ਮੈਂ ਛੇਵੀਂ ਵਿਚ ਪੜ੍ਹਦਾ
ਦਾਦੀ ਹੂੰਗੇ ਜਦੋਂ ਮੈਂ ਜਾਵਾਂ ਅੰਦਰੋਂ ਮਰਦਾ
ਹੱਥ ਮੈਂ ਚੁੰਮਾਂ ਉਹਦੇ ਕਦੀ ਮੈਂ ‘ਵਾਜਾਂ ਮਾਰਾਂ
“ਉੱਠੋ ਮੇਰੀ ਅੰਮੀ ਮਾਂ ਮੈਂ ਖੜਾ ਪੁਕਾਰਾਂ”
ਸੋਚ ਸੋਚ ਕੇ ਮੈਂ ਫਿਰ ਗਲ਼ ਵਿਚ ਪੱਲਾ ਪਾਇਆ
ਰੱਬ ਚਿਤਵ ਕੇ ਆਖਰ ਉਸ ਨੂੰ ਆਖ ਸੁਣਾਇਆ 

“ਜੇ ਤੂੰ ਸੱਚਾ ਰੱਬ ਤਾਂ ਅੰਮਾਂ ਰਾਜ਼ੀ ਕਰ ਦੇ
ਪਹਿਲਾਂ ਵਰਗੀ ਤੰਦਰੁਸਤ ਤੇ ਤਾਜ਼ੀ ਕਰ ਦੇ
ਜੇ ਅੰਮਾਂ ਨਾ ਬਚੀ ਤਾਂ ਫਿਰ ਤੂੰ ਰੱਬ ਨਹੀਂ ਮੇਰਾ
ਅੱਗੇ ਤੋਂ ਇਤਬਾਰ ਕਰੂੰ ਮੈਂ ਰਤਾ ਨਾ ਤੇਰਾ”
ਐਪਰ ਵੈਦ ਸਿਆਣੇ ਬੈਠੇ ਰਹਿ ਗਏ ਲਾਗੇ
ਦੋ ਹਟਕੋਰੇ ਲੈ ਕੇ ਦਾਦੀ ਪ੍ਰਾਣ ਤਿਆਗੇ
ਕਲ੍ਹ ਵਾਂਙੂ ਹੈ ਯਾਦ ਇਹ ਮੈਨੂੰ ਦਰਦ ਕਹਾਣੀ
ਕਿਸੇ ਰੱਬ ਨਾ ਮੇਰੇ ਦਿਲ ਦੀ ਪੀੜ ਪਛਾਣੀ
ਸਿਵਾ ਦਾਦੀ ਦਾ ਜਿਹੜੇ ਦਿਨ ਸੀ ਠੰਡਾ ਹੋਇਆ
ਮੇਰਾ ਰੱਬ ਵੀ ਸਮਝੋ! ਓਸੇ ਦਿਨ ਦਾ ਮੋਇਆ।

ਇਹ ਕਵਿਤਾ ਲਿਖ ਕੇ ਵੀ ਮੈਂਨੂੰ ਲੱਗਾ ਜਿਵੇਂ ਮੈਂ ਦਾਦੀ ਅੰਮਾਂ ਦੇ ਬਚਪਨ ਵਿਚ ਕੀਤੇ ਪਿਆਰ ਦਾ ਰਿਣ ਨਾ ਉਤਾਰ ਸਕਿਆ ਹੋਵਾਂ।

ਇਕ ਵਾਰ ਭਾਰਤ ਫੇਰੀ ਦੌਰਾਨ ਜੀਅ ਕੀਤਾ ਕਿ ਦਾਦੀ ਅੰਮਾਂ ਨੂੰ ਅਕੀਦਤ ਪੇਸ਼ ਕਰਨ ਉਸ ਦੇ ਪੇਕੇ ਪਿੰਡ ਜਾ ਆਵਾਂ ਪਰ ਮੈਂਨੂੰ ਦੱਸਿਆ ਗਿਆ ਕਿ ਉਸ ਦੇ ਪੇਕਿਆਂ ਦਾ ਸਾਰਾ ਪਰਵਾਰ ਕਨੇਡਾ ਜਾ ਚੁੱਕਾ ਹੈ ਅਤੇ ਉਨ੍ਹਾਂ ਦੇ ਪਰਵਾਰ ਦੀਆਂ ਅਗਲੀਆਂ ਪੀੜ੍ਹੀਆਂ ਵਿਚੋਂ ਪਿੰਡ ਵਿਚ ਹੁਣ ਕੋਈ ਨਹੀਂ ਰਹਿੰਦਾ। ਮਿਲਣ ਕਿਸ ਨੂੰ ਜਾਣਾ ਹੈ ! ਘਰ ਦੀਆਂ ਕੰਧਾਂ ਗੱਲਾਂ ਤਾਂ ਕਰਦੀਆਂ ਹਨ ਪਰ ਖਾਮੋਸ਼ !! ਸ਼ਾਇਦ ਮੈਂ ਸਮਝਣ ਦੀ ਕੋਸ਼ਿਸ਼ ਵਿਚ ਹੋਰ ਉਦਾਸ ਹੋ ਜਾਂਵਾਂ!!!
***
(‘ਓੜਕਿ ਸਚਿ ਰਹੀ’ ਵਿੱਚੋਂ)

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1665
***

gurnam dhillon
+44 7787059333 | gdhillon4@hotmail.com |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਨਾਮ ਢਿੱਲੋਂ
gdhillon4@hotmail.com
+44 7787059333

ਗੁਰਨਾਮ ਢਿੱਲੋਂ ਦਾ ਰਚਨਾ ਸੰਸਾਰ:
ਕਾਵਿ-ਸੰਗ੍ਰਹਿ:
* ਲਹਿੰਦੇ ਸੂਰਜ ਦੀ ਸੁਰਖੀ (2025)
* ਜੂਝਦੇ ਸੂਰਜ (2024)
* ਨਗਾਰਾ (2022)
* ਦਰਦ ਉਜੜੇ ਖੇਤਾਂ ਦਾ (2022)
* ਦਰਦ ਦੀ ਲਾਟ (2020)
* ਦਰਦ ਦੀ ਗੂੰਜ (2019)
* ਦਰਦ ਦਾ ਦਰਿਆ (2019
* ਲੋਕ ਸ਼ਕਤੀ (2019)
* ਦਰਦ ਦਾ ਰੰਗ (2017)
* ਤੇਰੀ ਮੁਹੱਬਤ (2016)
* ਸਮਰਪਿਤ (2007)
* ਤੂੰ ਕੀ ਜਾਣੇ (2002)
* ਤੇਰੇ ਨਾਂ ਦਾ ਮੌਸਮ (1997)
* ਹੱਥ ਤੇ ਹਥਿਆਰ (1974)
* ਅੱਗ ਦੇ ਬੀਜ (1970)

ਸਮਾਲੋਚਨਾ/ਵਾਰਤਕ ਦੀਆਂ ਦੋ ਸ਼ਾਹਕਾਰ ਪੁਸਤਕਾਂ:
* ਸਮਕਾਲੀ ਪੰਜਾਬੀ ਕਾਵਿ ਸਿਧਾਂਤਿਕ-ਪਰਿਪੇਖ (2011)
* ਸਵੈ-ਜੀਵਨੀ ਮੂਲਕ ਲੇਖਾਂ ਦੀ ਪੁਸਤਕ ‘ਓੜਕਿ ਸਚਿ ਰਹੀ’ (2021)

ਗੁਰਨਾਮ ਢਿੱਲੋਂ

ਗੁਰਨਾਮ ਢਿੱਲੋਂ gdhillon4@hotmail.com +44 7787059333 ਗੁਰਨਾਮ ਢਿੱਲੋਂ ਦਾ ਰਚਨਾ ਸੰਸਾਰ: ਕਾਵਿ-ਸੰਗ੍ਰਹਿ: * ਲਹਿੰਦੇ ਸੂਰਜ ਦੀ ਸੁਰਖੀ (2025) * ਜੂਝਦੇ ਸੂਰਜ (2024) * ਨਗਾਰਾ (2022) * ਦਰਦ ਉਜੜੇ ਖੇਤਾਂ ਦਾ (2022) * ਦਰਦ ਦੀ ਲਾਟ (2020) * ਦਰਦ ਦੀ ਗੂੰਜ (2019) * ਦਰਦ ਦਾ ਦਰਿਆ (2019 * ਲੋਕ ਸ਼ਕਤੀ (2019) * ਦਰਦ ਦਾ ਰੰਗ (2017) * ਤੇਰੀ ਮੁਹੱਬਤ (2016) * ਸਮਰਪਿਤ (2007) * ਤੂੰ ਕੀ ਜਾਣੇ (2002) * ਤੇਰੇ ਨਾਂ ਦਾ ਮੌਸਮ (1997) * ਹੱਥ ਤੇ ਹਥਿਆਰ (1974) * ਅੱਗ ਦੇ ਬੀਜ (1970) ਸਮਾਲੋਚਨਾ/ਵਾਰਤਕ ਦੀਆਂ ਦੋ ਸ਼ਾਹਕਾਰ ਪੁਸਤਕਾਂ: * ਸਮਕਾਲੀ ਪੰਜਾਬੀ ਕਾਵਿ ਸਿਧਾਂਤਿਕ-ਪਰਿਪੇਖ (2011) * ਸਵੈ-ਜੀਵਨੀ ਮੂਲਕ ਲੇਖਾਂ ਦੀ ਪੁਸਤਕ ‘ਓੜਕਿ ਸਚਿ ਰਹੀ’ (2021)

View all posts by ਗੁਰਨਾਮ ਢਿੱਲੋਂ →