25 April 2024

ਪੰਜ ਕਵਿਤਾਵਾਂ—-ਰੂਪ ਲਾਲ ਰੂਪ

ਪੰਜ ਕਵਿਤਾਵਾਂ: 1. ਪ੍ਰਾਣ, 2. ਮਲ੍ਹਬਾ , 3. ਕੌਲ-ਕਰਾਰ ,4. ਪਿਆਰ ਦਾ ਮਹਿਲ, ਅਤੇ 5. ਈਵੀਐਮ
-ਰੂਪ ਲਾਲ ਰੂਪ-
1. ਪ੍ਰਾਣ
*
ਵਿਸ਼ਵ ਗੁਰੂ ਥਾਪੜਦਾ ਹਿੱਕ ਫਿਰਦੈ,
ਜੀਂਦੇ ਮੁਰਦੇ ਦੀ ਅਜੇ ਸਿਹਾਣ ਹੈ ਨਹੀਂ ।
ਗੱਡੇ ਲੱਦੀਏ ਪੜ੍ਹ ਪੜ੍ਹ ਮੰਤਰਾਂ ਦੇ,
ਪੈਣੇ ਪੱਥਰਾਂ ਦੇ ਵਿਚ ਪ੍ਰਾਣ ਹੈ ਨਹੀਂ ।
ਅੰਨ੍ਹੀ ਆਸਥਾ ਦਾ ਵੱਜਣਾ ਟੀਰ ਜਿੱਥੇ,
ਚੜ੍ਹਨੀ ਈਸਰੋ ਵਾਲੀ ਪਾਣ ਹੈ ਨਹੀਂ ।
‘ਰੂਪ ‘ ਸ਼ਾਇਰਾ ਕਦੇ ਨਾ ਤੀਰ ਚੱਲਦੇ,
ਜਿਨ੍ਹਾਂ ਦੇ ਵਿਚ ਤੜ੍ਹ ਤੇ ਤਾਣ ਹੈ ਨਹੀਂ ।
***2. ਮਲ੍ਹਬਾ
*
ਢਾਂਚਾ ਢੱਠਿਆ ਮਸਜਿਦ ਬਾਬਰੀ ਦਾ,
ਮਲ੍ਹਬਾ ਜੰਮਿਆਂ ਵਿਚ ਇਤਿਹਾਸ ਰਹਿਣਾ।
ਸਦਾ ਚੁੱਭਣਾ ਏ ਮੰਦਰ ਮੋਮਨਾ ਨੂੰ ,
ਮੁਕਾਮ ਹਿੰਦੂਆਂ ਵਾਸਤੇ ਖਾਸ ਰਹਿਣਾ।
ਟੀਰੀ ਅੱਖ ਨੇ ਤੋਲਿਆ ਤੱਕੜੀ ਨੂੰ,
ਦੇਸ਼ ਦੇ ਸੰਵਿਧਾਨ ਉਦਾਸ ਰਹਿਣਾ।
‘ਰੂਪ ‘ ਸ਼ਾਇਰਾ ਨਫ਼ਰਤ ਦਾ ਕਿੱਲ ਤਿੱਖਾ,
ਠੁਕਿਆ ਸਦਾ ਮੱਥੇ ਦੇ ਪਾਸ ਰਹਿਣਾ।
***

3. ਕੌਲ-ਕਰਾਰ
*
ਉਨ੍ਹਾਂ ਥਾਵਾਂ ਨੂੰ ਕੋਟਿਨ-ਕੋਟਿ ਸਿਜਦਾ,
ਜਿੱਥੇ ਜਿੱਥੇ ਨੇ ਜਿਗਰੀ ਯਾਰ ਬੈਠੇ।
ਕਈ ਕਰ ਗਏ ਕੂਚ ਜਹਾਨ ਵਿੱਚੋਂ,
ਕਈ ਜਾ ਸਮੁੰਦਰਾਂ ਤੋਂ ਪਾਰ ਬੈਠੇ।
ਕੁਝ ਮਾਰੇ ਗ੍ਰਹਿਸਥ ਮਜ਼ਬੂਰੀਆਂ ਨੇ,
ਹਾਰ ਉਮਰਾਂ ਦੇ ਕੌਲ-ਕਰਾਰ ਬੈਠੇ।
‘ਰੂਪ’ ਸ਼ਾਇਰ ਨੂੰ ਸੱਤਰਵਾਂ ਸਾਲ ਜਾਂਦਾ,
ਗੁੱਝੇ ਭੇਤ ਨੇ ਪੱਬਾਂ ਭਾਰ ਬੈਠੇ।
***

4. ਪਿਆਰ ਦਾ ਮਹਿਲ
*
ਤੇਰੇ ਪਿਆਰ ਦਾ ਉਸਰਿਆ ਮਹਿਲ ਸੀਨੇ,
ਦਰਜਾ ਅਬਲ, ਸੋਮ ਜਾਂ ਦੋਮ ਨਾਹੀਂ।
ਕਦੇ ਸੱਜੇ ਤੇ ਜਾਵਣਾ ਪੱਖ ਖੱਬੇ ,
ਰਾਮਦੇਵ ਦਾ ਇਹ ਲੋਮ ਵਿਲੋਮ ਨਾਹੀਂ।
ਰੰਗ ਰੂਪ ਕੋਈ ਹੋਰ ਵਟਾ ਵੰਞੇ,
ਮਧੂ ਮੱਖੀਆਂ ਦਾ ਇਹ ਮੋਮ ਨਾਹੀਂ ।
‘ਰੂਪ’ ਸ਼ਾਇਰ ਨੇ ਜ਼ਿੰਦਗੀ ਲਾਈ ਲੇਖੇ,
ਰਾਤੋ ਰਾਤ ਉਸਰਿਆ ਰੋਮ ਨਾਹੀਂ ।
***
5. ਈਵੀਐਮ
*
ਈਵੀਐਮ ਦਾ ਸ਼ੋਰ ਹੈ ਗਲੀ ਗਲੀ,
ਵੋਟ ਵੋਟਰਾਂ ਦੇ ਪਾਏ ਜਾਣ ਖੱਸੀ।
ਹਾਰੇ ਨੇਤਾ ਮਲਾਈ ਛਕੀ ਜਾਂਦੇ,
ਕਦਰਾਂ ਕੀਮਤਾਂ ਕਰੀ ਜਾਣ ਲੱਸੀ।
ਦੇਸ਼ ਧਰੋਹ ਦਾ ਠੱਪਾ ਲਗ ਜਾਵੇ,
ਗੱਲ ਹੱਕ ਦੀ ਕਿਸੇ ਨੂੰ ਜਾਏ ਦੱਸੀ।
‘ਰੂਪ ‘ ਸ਼ਾਇਰਾ ਏਕੇ ਦਾ ਨੂੜ੍ਹ ਪਾ ਲੈ,
ਹੱਥੋਂ ਨਿਕਲ ਜਾਣਾ ਸਮੇਂ ਤੁੜਾ ਰੱਸੀ।
***
ਰੂਪ ਲਾਲ ਰੂਪ
ਪਿੰਡ ਭੇਲਾਂ ਡਾਕਖਾਨਾ ਨਾਜਕਾ
ਜਿਲ੍ਹਾ ਜਲੰਧਰ (ਪੰਜਾਬ)
+91 94652-25722

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1291
***

About the author

✍️ਰੂਪ ਲਾਲ ਰੂਪ
+94652-29722 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਰੂਪ ਲਾਲ ਰੂਪ
ਪ੍ਰਧਾਨ,
ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ)

ਪੁਸਤਕਾਂ:

ਕਾਵਿ ਰਿਸ਼ਮਾਂ (2020) ਸੰਪਾਦਨਾ
ਸਿਆੜ ਦਾ ਪੱਤਣ (2022) ਸੰਪਾਦਨਾ
ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ 

ਪਤਾ:
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722

✍️ਰੂਪ ਲਾਲ ਰੂਪ

ਰੂਪ ਲਾਲ ਰੂਪ ਪ੍ਰਧਾਨ, ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ) ਪੁਸਤਕਾਂ: ਕਾਵਿ ਰਿਸ਼ਮਾਂ (2020) ਸੰਪਾਦਨਾ ਸਿਆੜ ਦਾ ਪੱਤਣ (2022) ਸੰਪਾਦਨਾ ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ  ਪਤਾ: ਪਿੰਡ ਭੇਲਾਂ ਡਾਕਖਾਨਾ ਨਾਜਕਾ (ਜਲੰਧਰ) ਪੰਜਾਬ +94652-29722

View all posts by ✍️ਰੂਪ ਲਾਲ ਰੂਪ →