25 April 2024

ਹਿੰਦੀ ਕਹਾਣੀ : ਤਰਪਾਈ—* ਮੂਲ : ਡਾ. ਰੰਜਨਾ ਜਾਯਸਵਾਲ/* ਅਨੁ : ਪ੍ਰੋ. ਨਵ ਸੰਗੀਤ ਸਿੰਘ 

ਤਰਪਾਈ

ਘਰ ਦ‍ਾ ਮਾਹੌਲ ਵਿਗੜਿਆ ਹੋਇਆ ਸੀ, ਸੋਨਲ ਸਿਰ ਝੁਕਾਈ ਅਪਰਾਧੀਆਂ ਵਾਂਗ ਖੜ੍ਹੀ ਸੀ। ਕਮਰੇ ਵਿੱਚ ਪੱਖੇ ਦੀ ਘੁਰਰ-ਘੁਰਰ ਦੀ ਆਵਾਜ਼ ਤੋਂ ਬਿਨਾਂ ਕੋਈ ਆਵਾਜ਼ ਸੁਣਾਈ ਨਹੀਂ ਸੀ ਦੇ ਰਹੀ। ਹਰ ਸਾਹ ਤੇ ਜਿਵੇਂ ਪਾਪਾ ਦੇ ਮੌਨ ਦਾ ਪਹਿਰਾ ਸੀ।

ਕਿਤਾਬਾਂ ਵਿੱਚ ਪਾਪਾ ਨੂੰ ਕਾਰਤਿਕ ਦੀ ਲਿਖੀ ਹੋਈ ਚਿੱਠੀ ਮਿਲ ਗਈ ਸੀ। ਇੱਕ ਲਾਲ ਸੁੱਕਿਆ ਗੁਲਾਬ ਉਸ ਚਿੱਠੀ ਦੇ ਨਾਲ ਮੁਸਕਰਾ ਰਿਹਾ ਸੀ, ਮੋਤੀ ਜਿਹੇ ਸੋਹਣੇ ਅੱਖਰ ਉਸ ਗੁਲਾਬੀ ਪੰਨੇ ਤੇ ਟਿਮਟਿਮਾ ਰਹੇ ਸਨ, ਇਕੱਠੇ ਜੀਣ-ਮਰਨ ਦੀਆਂ ਕਸਮਾਂ, ਇੱਕ ਸੁਨਹਿਰੀ ਭਵਿੱਖ ਦੇ ਸੁਪਨੇ ਸਿਰਫ਼ ਕਾਗਜ਼ ਤੇ ਹੀ ਨਹੀਂ, ਉਹਦੇ ਮਨ ਵਿੱਚ ਵੀ ਜਗਮਗਾ ਰਹੇ ਸਨ। ਪਰ ਕੀ ਪਤਾ ਸੀ ਕਿ ਉਨ੍ਹਾਂ ਸੁਪਨਿਆਂ ਦੀ ਉਮਰ ਬਸ ਇੰਨੀ ਹੀ ਸੀ। ਉਹਦੇ ਸੁਪਨੇ ਉਸ ਸੁਰਖ ਗੁਲਾਬ ਵਾਂਗ ਹੀ ਸੁੱਕਣ ਵਾਲੇ ਸਨ। ਉਹਨੂੰ ਹਮੇਸ਼ਾ ਲੱਗਦਾ ਸੀ ਕਿ ਪਾਪਾ ਸ਼ਾਇਦ ਕਾਰਤਿਕ ਨੂੰ ਸਵੀਕਾਰ ਕਰ ਲੈਣਗੇ। ਦੁਨੀਆਂ ਚੰਦ ਤੇ ਪਹੁੰਚ ਗਈ ਪਰ ਉਹਦਾ ‘ਚੰਦ’ ਪਤਾ ਨਹੀਂ ਕਿਉਂ ਰੁੱਸਿਆ ਹੋਇਆ ਸੀ।

ਸੁਪਨਿਆਂ ਦਾ ਭਾਰ ਬੱਦਲਾਂ ਵਾਂਗ ਹਲਕਾ ਹੁੰਦਾ ਹੈ ਪਰ ਜਦੋਂ ਉਹ ਟੁੱਟਦੇ ਹਨ ਤਾਂ ਉਹਦੀਆਂ ਨੋਕਾਂ ਦਾ ਭਾਰ ਕੋਈ ਮੋਢਾ ਨਹੀਂ ਚੁੱਕ ਸਕਦਾ। ਅੱਜ ਉਹਦੇ ਸੁਪਨਿਆਂ ਦੇ ਟੁੱਟਣ ਦਾ ਦਿਨ ਸੀ। ਪਰ ਇੱਕ ਉਮੀਦ ਸੀ ਕਿ ਸ਼ਾਇਦ ਪ੍ਰੇਮ ਵਿੱਚ ਡੁੱਬੀਆਂ ਔਰਤਾਂ ਸਿਰਫ਼ ਕਲਪਨਾਵਾਂ ਵਿੱਚ ਜਿਉਂਦੀਆਂ ਹਨ ਅਤੇ ਆਦਮੀ ਹਮੇਸ਼ਾ ਯਥਾਰਥ ਵਿੱਚ। ਔਰਤਾਂ ਨੂੰ ਹਮੇਸ਼ਾ ਇੱਕ ਚਮਤਕਾਰ ਦੀ ਉਮੀਦ ਰਹਿੰਦੀ ਹੈ। ਪਰ ਕੀ ਚਮਤਕਾਰ ਹੁੰਦੇ ਹਨ? ਸ਼ਾਇਦ ਨਹੀਂ। ਸ਼ਾਇਦ ਉਹ ਉਮਰ ਹੀ ਅਜਿਹੀ ਸੀ ਜੋ ਉਹਨੂੰ ਕਲਪਨਾ ਦੇ ਝੂਲੇ ਵਿੱਚ ਝੁਲਾ ਰਹੀ ਸੀ। ਉਹ ਕਾਰਤਿਕ ਨਾਲ ਜੀਵਨ ਬਿਤਾਉਣ ਦੇ ਸੁਪਨੇ ਵੇਖ ਰਹੀ ਸੀ ਅਤੇ ਸ਼ਾਇਦ ਕਾਰਤਿਕ ਵੀ…

“ਕੌਣ ਹੈ ਇਹ ਮੁੰਡਾ?” ਪਾਪਾ ਦੀ ਆਵਾਜ਼ ਗੂੰਜੀ।

“ਜੀ ਕਾਰਤਿਕ, ਮੇਰੇ ਨਾਲ ਹੀ ਪੜ੍ਹਦਾ ਹੈ।”

“ਕੀ ਕਾਲਜ ਵਿੱਚ ਅੱਜਕੱਲ੍ਹ ਇਹੋ ਪੜ੍ਹਾਇਆ ਜਾਂਦਾ ਹੈ?”

ਪਾਪਾ ਦੀਆਂ ਅੱਖਾਂ ‘ਚੋਂ ਅੰਗਾਰੇ ਵਰ੍ਹ ਰਹੇ ਸਨ, ਉਹ ਚੁੱਪਚਾਪ ਸਿਰ ਝੁਕਾਈ ਖੜ੍ਹੀ ਸੀ ਅਤੇ ਆਪਣੇ ਅੰਗੂਠੇ ਨਾਲ ਫ਼ਰਸ਼ ਨੂੰ ਖੁਰਚ ਰਹੀ ਸੀ। ਉਨ੍ਹਾਂ ਦੇ ਪ੍ਰਸ਼ਨਾਂ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ।

“ਤੂੰ ਸੋਚ ਵੀ ਕਿਵੇਂ ਸਕਦੀ ਹੈਂ ਉਸ ਨਾਲ ਸ਼ਾਦੀ ਕਰਨ ਬਾਰੇ? ਨਾ ਸਾਡੀ ਬਰਾਦਰੀ ਦਾ, ਨਾ ਸਾਡੇ ਸਮਾਜ ਦਾ, ਜ਼ਮੀਨ-ਅਸਮਾਨ ਦਾ ਕੀ ਮੇਲ? ਕੀ ਖੁਆਏਗਾ ਤੈਨੂੰ? ਜੀਹਦੇ ਖੁਦ ਦੇ ਰਹਿਣ-ਖਾਣ ਦਾ ਟਿਕਾਣਾ ਨਹੀਂ, ਉਹ ਤੈਨੂੰ ਕੀ ਆਸਰਾ ਦੇਵੇਗਾ? ਪਿਓ ਦੇ ਮੂਹਰੇ ਹੱਥ ਅੱਡਦਾ ਹੋਵੇਗਾ। ਅਜਿਹੇ ਮੁੰਡੇ ਨਾਲ ਤੇਰਾ ਕੀ ਭਵਿੱਖ?”

“ਪਾਪਾ, ਇੱਕ ਵਾਰ ਮਿਲ ਕੇ ਤਾਂ ਵੇਖ ਲਓ, ਬਹੁਤ ਚੰਗਾ ਮੁੰਡਾ ਹੈ ਉਹ।” ਉਹਨੇ ਕਾਰਤਿਕ ਦੇ ਪੱਖ ਵਿੱਚ ਆਪਣੀ ਦਲੀਲ ਦਿੱਤੀ।

“ਅੱਛਾ! ਜਿਹੜਾ ਪੜ੍ਹਾਈ-ਲਿਖਾਈ ਦੀ ਉਮਰ ਵਿੱਚ ਐਹੋ-ਜਿਹੇ ਕੰਮ ਕਰ ਰਿਹਾ ਹੈ, ਉਹ ਕਿੰਨਾ ਚੰਗਾ ਹੋਵੇਗਾ, ਮੈਨੂੰ ਚੰਗੀ ਤਰ੍ਹਾਂ ਪਤਾ ਹੈ। ਆਪਣਾ ਚੰਗਾ-ਮਾੜਾ ਸਮਝਣ ਦੀ ਤੇਰੀ ਅਜੇ ਉਮਰ ਹੀ ਕੀ ਹੈ!” ਪਾਪਾ ਨੇ ਬੜੀ ਬੇਰੁਖੀ ਨਾਲ ਕਿਹਾ। 

ਪਾਪਾ ਉਹਦੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸਨ, ਆਖ਼ਰ ਉਹਨੇ ਕਹਿ ਹੀ ਦਿੱਤਾ, “ਪਿਆਰ ਕਰਦਾ ਹੈ ਉਹ ਮੈਨੂੰ ਤੇ ਮੈਂ ਵੀ…!”

‘ਸੜਾਕ’

ਘਰ ਵਿੱਚ ਸੰਨਾਟਾ ਫੈਲ ਗਿਆ, ਪਾਪਾ ਨੂੰ ਇੰਨੇ ਗੁੱਸੇ ਵਿੱਚ ਪਹਿਲੀ ਵਾਰ ਵੇਖਿਆ। ਪਾਪਾ ਜਦੋਂ ਬਹੁਤ ਗੁੱਸੇ ਵਿੱਚ ਹੁੰਦੇ ਤਾਂ ਖੁਦ ਨੂੰ ਕਮਰੇ ਵਿੱਚ ਬੰਦ ਕਰ ਲੈਂਦੇ, ਖਾਣਾ-ਪੀਣਾ ਛੱਡ ਦਿੰਦੇ। ਪਾਪਾ ਦੇ ਗੁੱਸੇ ਨੂੰ ਹਮੇਸ਼ਾ ਮੌਨ ਹੀ ਵੇਖਿਆ ਸੀ। ਪਰ ਅੱਜ ਪਹਿਲੀ ਵਾਰ ਉਸ ਮੌਨ ਨੂੰ ਭਾਸ਼ਾ ਮਿਲਦੇ ਵੇਖਿਆ ਸੀ। ਪਾਪਾ ਘੰਟਿਆਂ-ਬੱਧੀ ਚੀਕਦੇ-ਚਿੱਲਾਉਂਦੇ ਰਹੇ, ਉਨ੍ਹਾਂ ਦੀ ਆਵਾਜ਼ ਨਾਲ ਘਰ ਦੀਆਂ ਕੰਧਾਂ ਹਿੱਲ ਗਈਆਂ। ਮੌਨ ਕਿਤੇ ਕੋਨੇ ਵਿੱਚ ਖੜ੍ਹਾ ਥਰਥਰ ਕੰਬ ਰਿਹਾ ਸੀ। ਉਹ ਸੋਚ ਰਹੀ ਸੀ ਕਿ ਪਿਆਰ ਨੇ ਤਾਂ ਇਸ ਸੰਸਾਰ ਨੂੰ ਜੋੜ ਕੇ ਰੱਖਿਆ ਹੈ। ਪਰ ਪਿਆਰ ਸਮਾਜ, ਜਾਤ, ਬਰਾਦਰੀ ਅਤੇ ਪੱਧਰ ਵੇਖ ਕੇ ਵੀ ਕੀਤਾ ਜਾਣਾ ਚਾਹੀਦਾ ਹੈ- ਇਹ ਪਹਿਲੀ ਵਾਰ ਸੋਚਿਆ ਸੀ। ਕੀ ਸੁਪਨਿਆਂ ਵਿੱਚ ਸਿਰਫ਼ ਰਾਜਕੁਮਾਰ ਹੀ ਆਉਣੇ ਚਾਹੀਦੇ ਹਨ? ਇੱਕ ਮਜ਼ਦੂਰ, ਚਾਹ ਵਾਲਾ, ਖੋਮਚੇ ਵਾਲਾ ਨਹੀਂ? ਅਸੀਂ ਕਿਉਂ ਆਪਣੀਆਂ ਬੇਟੀਆਂ ਨੂੰ ਇਹ ਕਹਿੰਦੇ ਹਾਂ ਕਿ ਉਨ੍ਹਾਂ ਨੂੰ ਕੋਈ ਰਾਜਕੁਮਾਰ ਵਿਆਹ ਕੇ ਲੈ ਜਾਵੇਗਾ। ਅਸੀਂ ਕਿਉਂ ਆਪਣੇ ਬੇਟਿਆਂ ਨੂੰ ਕਹਿੰਦੇ ਹਾਂ ਕਿ ਕੋਈ ਪਰੀ ਸੱਤ ਸਮੁੰਦਰ ਪਾਰ ਤੋਂ ਆਵੇਗੀ ਅਤੇ ਤੇਰੇ ਨਾਲ ਸ਼ਾਦੀ ਕਰੇਗੀ। ਅਸੀਂ ਕਿਉਂ ਨਹੀਂ ਕਹਿ ਸਕਦੇ ਕਿ ਐਸ਼ੋ-ਆਰਾਮ, ਧਨ-ਦੌਲਤ ਤੈਨੂੰ ਚਾਹੇ ਘੱਟ ਮਿਲੇ ਪਰ ਜਿਸਦੇ ਨਾਲ ਦਿਲ ਮਿਲੇ, ਜਿਸਦੇ ਨਾਲ ਮਾਨਸਿਕ ਪੱਧਰ ਮਿਲੇ, ਤੂੰ ਉਸ ਨਾਲ ਜੀਵਨ ਬਿਤਾਈਂ।

ਕੀ ਇਹ ਗੱਲ ਮਾਤਾ-ਪਿਤਾ ਅਤੇ ਸਮਾਜ ਲਈ ਕਾਫੀ ਨਹੀਂ ਕਿ ਉਹ ਲੜਕਾ ਉਨ੍ਹਾਂ ਦੀ ਲੜਕੀ ਨੂੰ ਪਿਆਰ ਕਰਦਾ ਹੈ, ਸਨਮਾਨ ਕਰਦਾ ਹੈ। ਇੱਕ ਅਣਦੇਖੇ, ਅਨਿਸ਼ਚਿਤ ਭਵਿੱਖ ਲਈ ਮਾਤਾ-ਪਿਤਾ ਦਾ ਡਰਨਾ ਸੁਭਾਵਕ ਜ਼ਰੂਰ ਸੀ। ਪਰ ਇਸ ਗੱਲ ਦੀ ਵੀ ਗਰੰਟੀ ਕੌਣ ਦੇਵੇਗਾ ਕਿ ਜਿਨ੍ਹਾਂ ਹੱਥਾਂ ਵਿੱਚ ਉਹ ਆਪਣੀ ਬੇਟੀ ਨੂੰ ਸੌਂਪ ਰਹੇ ਹਨ, ਉਸ ਨਾਲ ਉਹ ਹਮੇਸ਼ਾ ਖੁਸ਼ ਹੀ ਰਹੇਗੀ। ਇੱਕ ਪੀੜ੍ਹੀ ਦਾ ਪਖੰਡ ਅਗਲੀ ਪੀੜ੍ਹੀ ਦੀ ਪਰੰਪਰਾ ਬਣ ਜਾਂਦਾ ਹੈ ਅਤੇ ਹੋਇਆ ਵੀ ਉਹੀ। ਆਖ਼ਰ ਉਹ ਵੀ ਉਸ ਪਰੰਪਰਾ ਦੀ ਭੇਟ ਚੜ੍ਹ ਗਈ ਸੀ।

ਉਸ ਦਿਨ ਦ੍ਰਿੜਤਾ ਨਾਲ ਉਹਨੂੰ ਆਪਣੇ ਸਾਹਮਣੇ ਖੜ੍ਹਾ ਵੇਖ ਕੇ ਪਾਪਾ ਟੁੱਟ ਗਏ ਸਨ- “ਜੇ ਤੂੰ ਫ਼ੈਸਲਾ ਕਰ ਹੀ ਲਿਆ ਹੈ ਤਾਂ ਤੂੰ ਉਹਦੇ ਨਾਲ ਜਾ ਸਕਦੀ ਹੈਂ। ਪਰ ਇਸ ਘਰ ਦੇ ਦਰਵਾਜ਼ੇ ਤੇਰੇ ਲਈ ਹਮੇਸ਼ਾ ਵਾਸਤੇ ਬੰਦ ਹਨ। ਭੁੱਲ ਜਾਵੀਂ ਕਿ ਤੇਰਾ ਵੀ ਕੋਈ ਘਰ ਹੈ। ਭੁੱਲ ਜਾਵੀਂ ਕਿ ਤੇਰੇ ਕੋਈ ਮਾਂ-ਪਿਓ ਹਨ। ਭੁੱਲ ਜਾਵੀਂ ਕਿ ਤੇਰਾ ਸਾਡੇ ਨਾਲ ਕੋਈ ਸੰਬੰਧ ਹੈ…।”

ਪਾਪਾ ਇੱਥੇ ਹੀ ਗਲਤੀ ਕਰ ਬੈਠੇ ਸਨ, ਉਨ੍ਹਾਂ ਨੇ ਉਹਨੂੰ ਘਰ ਦੇ ਦਰਵਾਜ਼ੇ ਬੰਦ ਕਰਨ ਦੀ ਧਮਕੀ ਦਿੱਤੀ ਸੀ। ਚਾਹੁੰਦੀ ਤਾਂ ਇਹ ਦਰਵਾਜ਼ਾ ਉਹ ਵੀ ਬੰਦ ਕਰ ਸਕਦੀ ਸੀ, ਉਹ ਵੀ ਇਹ ਕੁੰਡੀ ਆਪਣੇ ਵਾਲੇ ਪਾਸਿਉਂ ਲਾ ਸਕਦੀ ਸੀ ਕਿਉਂਕਿ ਲੋਕ ਅਕਸਰ ਭੁੱਲ ਜਾਂਦੇ ਹਨ ਕਿ ਦਰਵਾਜ਼ੇ ਨੂੰ ਬੰਦ ਕਰਨ ਲਈ ਕੁੰਡੀ ਦੋਵੇਂ ਪਾਸੇ ਹੁੰਦੀ ਹੈ। ਉਹ ਦ੍ਰਿੜਤਾ ਨਾਲ ਆਪਣੇ ਪ੍ਰੇਮ ਲਈ ਖੜ੍ਹੀ ਸੀ। ਉਹਨੂੰ ਕਮਜ਼ੋਰ ਪੈਂਦਾ ਨਾ ਵੇਖ ਕੇ ਪਾਪਾ ਨੇ ਆਖਰੀ ਹਥਿਆਰ ਚਲਾਇਆ ਸੀ।

“ਇਹ ਦਿਨ ਵੇਖਣ ਨਾਲੋਂ ਤਾਂ ਚੰਗਾ ਹੈ ਕਿ ਮੈਂ ਨਦੀ ਵਿੱਚ ਛਾਲ ਮਾਰ ਕੇ ਮਰ ਜਾਵਾਂ ਜਾਂ ਗਲ ਵਿੱਚ ਫਾਹਾ ਲੈ ਕੇ ਜਾਨ ਦੇ ਦਿਆਂ।” ਮਾਂ ਪਾਪਾ ਦੇ ਸ਼ਬਦ ਸੁਣ ਕੇ ਡੁਸਕਣ ਲੱਗ ਪਈ।

“ਕਿਹੋ ਜਿਹੀ ਔਲਾਦ ਹੈਂ ਤੂੰ? ਕੀ ਆਪਣੇ ਪਿਓ ਦੀ ਅਰਥੀ ਤੇ ਸੁਹਾਗ ਦੀ ਸੇਜ ਸਜਾਉਣਾ ਚਾਹੁੰਦੀ ਹੈਂ?”

ਉਹ ਟੁੱਟ ਗਈ ਸੀ। ਅਜਿਹਾ ਤਾਂ ਉਹਨੇ ਕਦੇ ਨਹੀਂ ਚਾਹਿਆ ਸੀ। ਆਪਣਿਆਂ ਦਾ ਸਾਥ ਛੁੱਟ ਰਿਹਾ ਸੀ। ਜੋ ਪਰਿਵਾਰ ਉਹਦੀ ਸ਼ਕਤੀ ਸੀ, ਇੱਕ-ਇੱਕ ਕਰਕੇ ਸਾਰੇ ਉਸ ਤੋਂ ਆਪਣਾ ਹੱਥ ਛੁਡਾ ਰਹੇ ਸਨ। ਜਿਨ੍ਹਾਂ ਉਂਗਲਾਂ ਨੂੰ ਫੜ ਕੇ ਉਹਨੇ ਚੱਲਣਾ ਸਿੱਖਿਆ ਸੀ, ਉਹ ਉਂਗਲਾਂ ਅੱਜ ਉਹਨੂੰ ਅਜਨਬੀ ਲੱਗ ਰਹੀਆਂ ਸਨ। ਉਹ ਬਿਖਰ ਗਈ, ਉਹਨੇ ਗੋਡੇ ਟੇਕ ਦਿੱਤੇ।

“ਠੀਕ ਹੈ, ਜਿਵੇਂ ਤੁਸੀਂ ਕਹੋ!”

ਮਾਂ ਨੇ ਕਿਹਾ ਸੀ, “ਦੁਨੀਆਂ ਵੇਖੀ ਹੈ ਅਸੀਂ , ਅਸੀਂ ਤੇਰਾ ਬੁਰਾ ਨਹੀਂ ਚਾਹੁੰਦੇ। ਕੱਲ੍ਹ ਨੂੰ ਕੁਝ ਹੁੰਦਾ ਹੈ ਤਾਂ ਅਸੀਂ ਹਾਂ ਨਾ!”

ਪਰ ਕੀ ਸੱਚਮੁੱਚ ਸਭ ਉਨ੍ਹਾਂ ਦੇ ਸੋਚਣ ਮੁਤਾਬਕ ਹੋਇਆ! ਯਾਦ ਹੈ ਉਹਨੂੰ ਅੱਜ ਵੀ ਉਹ ਦਿਨ, ਜਦੋਂ ਪਹਿਲੀ ਵਾਰ ਉਹਦੇ ਪਤੀ ਅਭਿਨਵ ਨੇ ਉਸ ਤੇ ਹੱਥ ਚੁੱਕਿਆ ਸੀ। ਕੁਝ ਸਮੇਂ ਲਈ ਉਹ ਜੜ੍ਹ ਹੋ ਗਈ ਸੀ। ਕਈ ਦਿਨ ਉਹਨੂੰ ਇਹ ਸਮਝਣ ਵਿੱਚ ਲੱਗੇ ਕਿ ਆਖ਼ਰ ਇੰਨੀ ਛੋਟੀ ਜਿਹੀ ਗੱਲ ਤੇ ਅਭਿਨਵ ਨਾਰਾਜ਼ ਕਿਵੇਂ ਹੋ ਸਕਦੇ ਹਨ! ਸਬਜ਼ੀ ਵਿੱਚ ਨਮਕ ਹੀ ਤਾਂ ਵੱਧ ਪੈ ਗਿਆ ਸੀ! ਚੁੱਪ ਕਰ ਗਈ ਸੀ ਉਹ ਉਸ ਦਿਨ! ਉਹਦੇ ਮੌਨ ਨੇ ਪਤੀ ਨੂੰ ਖੁੱਲ੍ਹ ਦੇ ਦਿੱਤੀ ਸੀ। ਹੌਲੀ-ਹੌਲੀ ਉਨ੍ਹਾਂ ਦੀ ਭੜਕ ਖੁੱਲ੍ਹਦੀ ਗਈ ਅਤੇ ਉਹ ਹਰ ਨਿੱਕੀ-ਨਿੱਕੀ ਗੱਲ ਤੇ ਹੱਥ ਚੁੱਕਣ ਲੱਗ ਪਏ ਸਨ। ਉਹ ਕਈ-ਕਈ ਹਫ਼ਤੇ ਸੌਂ ਨਹੀਂ ਸੀ ਸਕਦੀ। ਮਾਂ ਨੇ ਕਿਹਾ ਸੀ ਕਿ ਉਹਦੇ ਨਾਲ ਕੁਝ ਵੀ ਹੋਵੇਗਾ ਤਾਂ ਉਹ ਵੇਖ ਲੈਣਗੇ। ਪਰ ਕੀ ਸੱਚਮੁੱਚ! ਬੜੀ ਉਮੀਦ ਨਾਲ ਇੱਕ ਦਿਨ ਉਹਨੇ ਮਾਂ ਨੂੰ ਫ਼ੋਨ ਕੀਤਾ ਅਤੇ ਆਪਣੇ ਦਿਲ ਦੀ ਹਾਲਤ ਦੱਸੀ। ਤਾਂ ਮਾਂ ਨੇ ਕਿਹਾ ਸੀ :

“ਪਤੀ-ਪਤਨੀ ਵਿੱਚ ਇਹ ਸਭ ਤਾਂ ਹੁੰਦਾ ਹੀ ਰਹਿੰਦਾ ਹੈ। ਇੰਨੀ ਨਿੱਕੀ-ਨਿੱਕੀ ਗੱਲ ਤੇ ਰੁੱਸਣ ਲੱਗੇਂਗੀ ਤਾਂ ਗ੍ਰਹਿਸਥੀ ਕਿਵੇਂ ਸੰਭਾਲੇਂਗੀ?। ਤੇਰੇ ਪਾਪਾ ਇੱਕ ਪਿਤਾ ਦੇ ਰੂਪ ਵਿੱਚ ਬੇਹਤਰ ਇਨਸਾਨ ਹਨ ਪਰ ਪਤੀ? ਤੁਸੀਂ ਸਭ ਨੇ ਉਨ੍ਹਾਂ ਦਾ ਮੌਨ ਵੇਖਿਆ ਹੈ ਪਰ ਮੈਂ ਉਨ੍ਹਾਂ ਦਾ ਮੌਨ ਭੋਗਿਆ ਹੈ। ਅੰਦਰ ਤੱਕ ਚੀਰ ਜਾਂਦਾ ਹੈ ਉਨ੍ਹਾਂ ਦਾ ਮੌਨ, ਦਿਲ ਨੂੰ ਛਲਣੀ ਕਰ ਜਾਂਦਾ ਹੈ, ਭਾਵਾਂ ਨੂੰ ਵਿੰਨ ਸੁੱਟਦਾ ਹੈ, ਤਾਂ ਕੀ ਮੈਂ ਘਰ ਛੱਡ ਕੇ ਚਲੀ ਗਈ? ਨਾਰਾਜ਼ ਹੁੰਦੇ ਨੇ ਤਾਂ ਪਿਆਰ ਵੀ ਕਰਦੇ ਨੇ! ਅਭਿਨਵ ਵੀ ਤਾਂ ਤੈਨੂੰ ਪਿਆਰ ਕਰਦਾ ਹੈ! ਤੂੰ ਹੀ ਦੱਸਿਆ ਸੀ ਕਿ ਤੇਰੇ ਪਿਛਲੇ ਜਨਮਦਿਨ ਤੇ ਹੀਰੇ ਦੀ ਮੁੰਦਰੀ ਦਿੱਤੀ ਸੀ ਅਤੇ ਇਸ ਦੀਵਾਲੀ ਤੇ ਇੱਕ ਮਕਾਨ ਦੀ ਰਜਿਸਟਰੀ ਕਰਵਾਈ ਹੈ! ਇਹ ਪਿਆਰ ਨਹੀਂ ਤਾਂ ਹੋਰ ਕੀ ਹੈ!”

ਉਹ ਮੁਸਕੁਰਾ ਪਈ ਸੀ। ਪਿਆਰ! ਪਿਆਰ ਦੀ ਇੰਨੀ ਵੱਡੀ ਕੀਮਤ ਉਹਨੂੰ ਆਪਣੇ ਸਰੀਰ ਤੇ ਪੈਂਦੇ ਨੀਲੇ ਨਿਸ਼ਾਨਾਂ ਨਾਲ ਚੁਕਾਉਣੀ ਪੈ ਰਹੀ ਸੀ।

ਉਹ ਮਾਂ ਨੂੰ ਚੀਕ-ਚੀਕ ਕੇ ਕਹਿਣਾ ਚਾਹੁੰਦੀ ਸੀ, “ਕਿਸ ਪਿਆਰ ਦੀ ਗੱਲ ਕਰਦੇ ਹੋ ਤੁਸੀਂ! ਆਓ, ਤੁਹਾਨੂੰ ਵਿਖਾਵਾਂ ਆਪਣੇ ਸਰੀਰ ਦੇ ਜ਼ਖ਼ਮਾਂ ਨੂੰ, ਮਨ ਦੇ ਛਾਲਿਆਂ ਨੂੰ। ਸ਼ਾਇਦ ਉਨ੍ਹਾਂ ਨੂੰ ਗਿਣਦੇ-ਗਿਣਦੇ ਤੁਹਾਡੇ ਹੱਥਾਂ ਦੇ ਪੋਟੇ ਵੀ ਘੱਟ ਪੈ ਜਾਣ! ਪੁਰਾਣੇ ਜ਼ਖ਼ਮ ਸੁੱਕਦੇ ਨਹੀਂ ਕਿ ਨਵੇਂ ਆਪਣੀ ਹਾਜ਼ਰੀ ਦਰਜ ਕਰਵਾ ਦਿੰਦੇ ਹਨ।”

ਉਹਦਾ ਸਾਹ ਘੁੱਟਦਾ ਜਾ ਰਿਹਾ ਸੀ, ਸ਼ਬਦ ਕਿਤੇ ਗੁੰਮ ਜਿਹੇ ਗਏ ਸਨ। ਉਹ ਕੁਝ ਪਲਾਂ ਲਈ ਖਾਮੋਸ਼ ਹੋ ਗਈ ਸੀ।

“ਹੈਲੋ-ਹੈਲੋ, ਸੁਣ ਰਹੇ ਹੋ ਨਾ ਮੇਰੀ ਗੱਲ! ਚੁੱਪ ਕਿਉਂ ਕਰ ਗਏ?”

ਜੋ ਸ਼ਬਦਾਂ ਦੇ ਅਰਥ ਨੂੰ ਨਹੀਂ ਸਮਝਦੇ, ਉਹ ਉਹਦੀ ਖਾਮੋਸ਼ੀ ਨੂੰ ਕੀ ਸਮਝਣਗੇ। ਉਹ ਕਹਿਣਾ ਚਾਹੁੰਦੀ ਸੀ, ਮੇਰੀਆਂ ਖਾਮੋਸ਼ੀਆਂ ਦਾ ਲਿਹਾਜ਼ ਕਰੋ। ਜਿਸ ਦਿਨ ਮੈਂ ਮੂੰਹ ਖੋਲ੍ਹਿਆ, ਲਫ਼ਜ਼ ਤੁਹਾਥੋਂ ਬਰਦਾਸ਼ਤ ਨਹੀਂ ਹੋਣਗੇ। ਉਹਨੇ ਕਈ ਵਾਰ ਫ਼ੋਨ ਚੁੱਕਿਆ ਅਤੇ ਕਾਨਟੈਕਟ ਲਿਸਟ ਤੇ ਆਪਣੇ ਨਿੱਘੇ ਮਿੱਤਰਾਂ ਦੇ ਨਾਂਵਾਂ ਨੂੰ ਵੇਖਿਆ। ਨਿੱਘੇ ਮਿੱਤਰਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਪਰ ਜੋ ਉਹਦੇ ਦਰਦ ਨੂੰ ਸਮਝ ਸਕੇ, ਇੱਕ ਵੀ ਨਿੱਘਾ ਮਿੱਤਰ ਨਹੀਂ ਸੀ, ਜੋ ਕਹਿ ਸਕੇ – ਹਾਂ, ਮੈਂ ਤੇਰੇ ਨਾਲ ਹਾਂ! ਕੋਈ ਅਜਿਹਾ ਨਹੀਂ ਸੀ ਜੋ ਮੇਰੇ ਬੋਲਣ ਤੋਂ ਪਹਿਲਾਂ ਹੀ ਮੇਰੇ ਦਰਦ ਨੂੰ ਸਮਝ ਸਕੇ। ਜੋ ਮੇਰੇ ਦਰਦ ਦੀ ਕਹਾਣੀ ਨੂੰ ਅਲਫ਼ਾਜ਼ਾਂ ਵਿੱਚ ਨਹੀਂ, ਮੇਰੀਆਂ ਅੱਖਾਂ ਵਿੱਚੋਂ ਪੜ੍ਹ ਸਕੇ। ਇੱਕ ਸ਼ੋਰ ਭਰਿਆ ਸੀ ਉਹਦੇ ਸੀਨੇ ਵਿੱਚ, ਪਰ ਉਹਨੂੰ ਹੁਣ ਸਿਰਫ਼ ਖਾਮੋਸ਼ੀ ਪਸੰਦ ਸੀ। ਕਿੰਨਾ ਖੌਫ਼ ਰਿਹਾ ਹੋਵੇਗਾ ਉਸ ਦਰਦ ਦਾ, ਉਹਨੇ ਚੀਕਣ-ਚਿਲਾਉਣ ਦੀ ਥਾਂ ਖਾਮੋਸ਼ੀ ਨੂੰ ਚੁਣਿਆ। ਕੋਈ ਅਜਿਹਾ ਨਹੀਂ ਸੀ ਜੋ ਉਸ ਤੋਂ ਪੁੱਛੇ, ਤੂੰ ਠੀਕ ਹੈਂ ਨਾ! ਅਤੇ ਉਹ ਉਸਨੂੰ ਖੁੱਲ੍ਹ ਕੇ ਬੇਝਿਜਕ ਕਹਿ ਸਕੇ, ਠੀਕ ਨਹੀਂ… ਪ੍ਰੇਸ਼ਾਨ ਹਾਂ ਮੈਂ!

ਉਹ ਇਸ ਭਰੇ-ਪੂਰੇ ਪਰਿਵਾਰ ਵਿੱਚ ਇਕੱਲੀ ਰਹਿ ਗਈ ਸੀ, ਬਿਲਕੁਲ ਇਕੱਲੀ। ਅੱਜ ਉਹਨੂੰ ਆਪਣੀ ਦਾਦੀ ਦੀ ਬਹੁਤ ਯਾਦ ਆ ਰਹੀ ਸੀ। ਦਾਦਾ ਦੇ ਇਸ ਸੰਸਾਰ ਤੋਂ ਜਾਣ ਪਿੱਛੋਂ ਭਰੇ-ਪੂਰੇ ਪਰਿਵਾਰ ਵਿੱਚ ਉਹ ਇਕੱਲੀ ਰਹਿ ਗਈ ਸੀ। ਦਾਦਾ ਦੇ ਇਸ ਸੰਸਾਰ ਤੋਂ ਚਲੇ ਜਾਣ ਪਿੱਛੋਂ ਭਰੇ-ਪੂਰੇ ਪਰਿਵਾਰ ਵਿੱਚ ਵੀ ਉਹ ਇਕੱਲੀ ਰਹਿ ਗਈ ਸੀ। ਦਾਦਾ ਕਈ ਸਾਲਾਂ ਤੋਂ ਮੰਜੇ ਤੇ ਸਨ, ਪਰ ਉਨ੍ਹਾਂ ਦਾ ਹੋਣਾ ਹੀ ਦਾਦੀ ਲਈ ਕਾਫ਼ੀ ਸੀ। ਦਾਦੀ ਦੀ ਸਵੇਰ ਦਾਦਾ ਦੀ ਚਾਹ ਨਾਲ ਹੁੰਦੀ ਸੀ ਅਤੇ ਰਾਤ ਉਨ੍ਹਾਂ ਦੇ ਪੈਰ ਦਬਾਉਣ ਨਾਲ। ਦਾਦਾ ਦੇ ਜਾਣ ਪਿੱਛੋਂ ਉਹ ਟੁੱਟ ਗਈ ਸੀ। ਜਿਵੇਂ ਕੋਈ ਕੰਮ ਹੀ ਨਾ ਰਹਿ ਗਿਆ ਹੋਵੇ। ਸਾਰਾ ਦਿਨ ਕੰਮ ਨਾਲ ਜੂਝਣ ਵਾਲੀ ਦਾਦੀ ਨੂੰ ਲੱਭਣ ਤੇ ਵੀ ਕੰਮ ਨਾ ਮਿਲਦਾ। ਉਹ ਝੁੰਜਲਾ ਕੇ ਬੈਠ ਜਾਂਦੀ। ਉਨ੍ਹਾਂ ਦੀ ਇਸ ਝੁੰਜਲਾਹਟ ਨੂੰ ਕੋਈ ਸਮਝ ਨਹੀਂ ਸਕਿਆ। ਇਕੱਲਤਾ ਸਿਰਫ਼ ਇਕੱਲਿਆਂ ਰਹਿਣ ਵਾਲਿਆਂ ਨੂੰ ਹੀ ਮਹਿਸੂਸ ਨਹੀਂ ਹੁੰਦੀ, ਕਦੇ-ਕਦੇ ਭੀੜ ਵਿੱਚ ਵਿੱਚ ਰਹਿੰਦੇ ਹੋਏ ਵੀ ਇਨਸਾਨ ਪੂਰੀ ਤਰ੍ਹਾਂ ਇਕੱਲਾ ਹੁੰਦਾ ਹੈ। ਕਾਸ਼! ਕਾਸ਼ ਉਸ ਦਿਨ ਪਾਪਾ ਨੇ ਉਹਨੂੰ ਅਤੇ ਉਹਦੇ ਮਨ ਨੂੰ ਸਮਝਿਆ ਹੁੰਦਾ!

“ਮਾਤਾ-ਪਿਤਾ ਬੱਚਿਆਂ ਦਾ ਭਲਾ ਹੀ ਚਾਹੁੰਦੇ ਹਨ।” ਮਾਂ ਦੀ ਕਹੀ ਗੱਲ ਉਹਦੇ ਕੰਨਾਂ ਵਿੱਚ ਗੂੰਜ ਰਹੀ ਸੀ। ਉਹਨੇ ਆਦਮਕੱਦ ਸ਼ੀਸ਼ੇ ਵਿੱਚ ਆਪਣੇ ਵਜੂਦ ਨੂੰ ਤਲਾਸ਼ਣ ਦੀ ਕੋਸ਼ਿਸ਼ ਕੀਤੀ। ਚਿਹਰੇ ਉੱਤੇ ਕਾਲੇ ਅਤੇ ਨੀਲੇ ਨਿਸ਼ਾਨ ਪਏ ਸਨ। ਉਹ ਮੁਸਕਰਾ ਰਹੀ ਸੀ – ‘ਅਜਿਹਾ “ਭਲਾ” ਵੀ ਕਿਸ ਕੰਮ ਦਾ?’

ਪਾਪਾ ਕਾਰਤਿਕ ਨਾਲ ਉਹਦੀ ਸ਼ਾਦੀ ਲਈ ਨਹੀਂ ਮੰਨੇ’ ਕਿਉਂਕਿ ਉਹਦੀ ਜਾਤ ਹੋਰ ਸੀ। ਉਹਨੇ ਸ਼ੀਸ਼ੇ ਵਿੱਚ ਵੇਖ ਕੇ ਕਿਹਾ, “ਪਾਪਾ, ਅੱਜ ਤੁਸੀਂ ਖੁਸ਼ ਹੋ ਨਾ! ਕਿ ਤੁਹਾਡੀ ਬੇਟੀ ‘ਆਪਣੀ’ ਜਾਤ ਦੇ ਮੁੰਡੇ ਤੋਂ ਕੁੱਟੀ ਜਾ ਰਹੀ ਹੈ!”

 ਰਿਸ਼ਤਿਆਂ ਦੀ ਸੀਣ ਇੱਕ-ਇੱਕ ਕਰਕੇ ਉਧੜੀ ਜਾ ਰਹੀ ਸੀ, ਉਧੜੀ ਹੋਈ ਸੀਣ ਨੂੰ ਚਾਹੇ ਕਿੰਨੀ ਵੀ ਚੰਗੀ ਤਰ੍ਹਾਂ ਤਰਪਾਈ ਕਰੋ, ਉਸ ਵਿੱਚ ਪਹਿਲਾਂ ਵਰਗੀ ਗੱਲ ਨਹੀਂ ਬਣਦੀ। ਉਹ ਦਿਨ ਸੀ ਅਤੇ ਅੱਜ ਦਾ ਦਿਨ! ਮਾਂ, ਤੁਸੀਂ ਤਾਂ ਕਿਹਾ ਸੀ, “ਅਸੀਂ ਹਾਂ ਨਾ ਤੇਰੇ ਨਾਲ”, ਪਰ ਕਿੱਥੇ ਹੈ ਕੋਈ…?
                          ******
# ਮੂਲ : ਡਾ. ਰੰਜਨਾ ਜਾਯਸਵਾਲ, ਮਿਰਜ਼ਾਪੁਰ- 231001 (ਉੱਤਰਪ੍ਰਦੇਸ਼) 9415479796

 

 

 

 


# ਅਨੁ : ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ, ਪੰਜਾਬ) 9417692015.

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1120
***

About the author

ਡਾ. ਰੰਜਨਾ ਜਾਯਸਵਾਲ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਰੰਜਨਾ ਜਾਯਸਵਾਲ,
ਮਿਰਜ਼ਾਪੁਰ- 231001
(ਉੱਤਰਪ੍ਰਦੇਸ਼)
9415479796

ਡਾ. ਰੰਜਨਾ ਜਾਯਸਵਾਲ

ਡਾ. ਰੰਜਨਾ ਜਾਯਸਵਾਲ, ਮਿਰਜ਼ਾਪੁਰ- 231001 (ਉੱਤਰਪ੍ਰਦੇਸ਼) 9415479796

View all posts by ਡਾ. ਰੰਜਨਾ ਜਾਯਸਵਾਲ →